ਸ਼੍ਰੋਮਣੀ ਕਮੇਟੀ ਗਤੀ ਵਿਧੀਆਂ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਤੋਂ ਸ੍ਰੀ ਹਰਿਮੰਦਰ ਸਾਹਿਬ ਤੱਕ ਅਲੌਕਿਕ ਨਗਰ ਕੀਰਤਨ ਆਯੋਜਿਤ
.jpg)
ਅੰਮ੍ਰਿਤਸਰ 1 ਸਤੰਬਰ:- ਮਨੁੱਖਤਾ ਦੇ ਰਹਿਬਰ, ਜੁਗੋ ਜੁਗ ਅਟੱਲ ਸ੍ਰੀ ਗੁਰੂ
ਗ੍ਰੰਥ ਸਾਹਿਬ ਜੀ ਦੇ 406ਵੇਂ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਲੌਕਿਕ ਨਗਰ ਕੀਰਤਨ ਅੱਜ ਸਵੇਰੇ
7.30 ਵਜੇ ਅਰਦਾਸ ਉਪਰੰਤ ਗੁਰਦੁਆਰਾ ਰਾਮਸਰ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ
ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਆਰੰਭ ਹੋਇਆ। ਜਿਸ ਵਿਚ ਧਾਰਮਿਕ ਸਭਾ-ਸੁਸਾਇਟੀਆਂ, ਸ਼ਬਦੀ
ਜਥਿਆਂ, ਗਤਕਾ ਪਾਰਟੀਆਂ, ਸਕੂਲਾਂ/ਕਾਲਜਾਂ ਦੇ ਵਿਦਿਆਰਥੀ ਅਤੇ ਸ਼ਹਿਰ ਦੀਆਂ ਨਾਮਵਰ ਬੈਂਡ ਪਾਰਟੀਆਂ
ਤੇ ਭਾਰੀ ਗਿਣਤੀ 'ਚ ਗੁਰੂ ਜੱਸ ਗਾਇਨ ਕਰਦੀਆਂ ਸੰਗਤਾਂ ਨੇ ਸ਼ਮੂਲੀਅਤ ਕੀਤੀ। ਨਗਰ ਕੀਰਤਨ ਦਾ ਰਸਤਾ
ਬਹੁਤ ਹੀ ਸੋਹਣੀ ਤਰ੍ਹਾਂ ਸਜਾਇਆ ਹੋਇਆ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਤਿਕਾਰ ਭੇਟ ਕਰਨ ਲਈ
ਥਾਂ-ਥਾਂ ਖੜ੍ਹੀਆਂ ਸੰਗਤਾਂ ਗੁਰੂ ਸਾਹਿਬ ਦੀ ਸਵਾਰੀ 'ਤੇ ਫੁੱਲਾਂ ਦੀ ਵਰਖਾ ਕਰ ਰਹੀਆਂ ਸਨ।
ਥਾਂ-ਥਾਂ 'ਤੇ ਗੁਰੂ-ਘਰ ਦੇ ਪ੍ਰੇਮੀ ਬੜੀ ਸ਼ਰਧਾ ਨਾਲ ਨਗਰ ਕੀਰਤਨ 'ਚ ਸ਼ਾਮਲ ਸੰਗਤਾਂ ਦੀ ਜਲ, ਫਲਾਂ,
ਮਠਿਆਈਆਂ ਤੇ ਲੰਗਰ ਦੀ ਸੇਵਾ ਕਰ ਰਹੀਆਂ ਸਨ। ਗੁਰਦੁਆਰਾ ਰਾਮਸਰ ਸਾਹਿਬ ਬਹੁਤ ਹੀ ਸੋਹਣੀ ਤਰਾਂ
ਸਜਾਇਆ ਹੋਇਆ ਸੀ। ਨਗਰ ਕੀਰਤਨ ਦੀ ਆਰੰਭਤਾ ਤੋਂ ਪਹਿਲਾਂ ਭਾਈ ਧਰਮ ਸਿੰਘ ਨੇ ਆਰੰਭਤਾ ਦੀ ਅਰਦਾਸ
ਕੀਤੀ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ
ਜੀ ਨੇ ਪੰਜ ਪਿਆਰਿਆਂ ਨੂੰ ਸਿਰੋਪਾਓ ਨਾਲ ਸਨਮਾਨਤ ਕੀਤਾ। ਨਗਰ ਕੀਰਤਨ ਦੋਰਾਨ ਸੁਨਹਿਰੀ ਪਾਲਕੀ ਵਿਚ
ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ ਜੀ ਨੇ
ਚੌਰ ਸਾਹਿਬ ਦੀ ਸੇਵਾ ਨਿਭਾਈ। ਇਹ ਨਗਰ ਕੀਰਤਨ ਰਾਮਸਰ ਰੋਡ, ਚੌਂਕ ਕਰੋੜੀ, ਚੌਂਕ ਬਾਬਾ ਸਾਹਿਬ ਤੇ
ਗੁਰਦੁਆਰਾ ਬਾਬਾ ਅਟੱਲ ਰਾਹੀਂ ਹੁੰਦਾ ਹੋਇਆ ਤਕਰੀਬਨ 10 ਵਜੇ ਸ੍ਰੀ ਹਰਿਮੰਦਰ ਸਾਹਿਬ ਪੁੱਜਾ ਜਿਥੇ
ਪਹਿਲਾਂ ਤੋਂ ਹੀ ਸ਼ਰਧਾਲੂ ਸੁਆਗਤ ਲਈ ਅੱਖਾਂ ਵਿਛਾਈ ਖੜ੍ਹੇ ਸਨ। ਸ੍ਰੀ ਅਕਾਲ ਤਖ਼ਤ ਸਾਹਿਬ ਤੇ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਫੁੱਲਾਂ ਨਾਲ ਬਹੁਤ ਹੀ ਸੋਹਣੀ ਤਰ੍ਹਾਂ ਸਜਾਇਆ ਹੋਇਆ ਸੀ,
ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ ਵਿਖੇ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ ਜੀ ਨੇ ਸ੍ਰੀ
ਹਰਿਮੰਦਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਆਏ ਵਾਕ ਦੀ ਕਥਾ ਕੀਤੀ। ਸਵੇਰੇ 10 ਤੋਂ 12 ਵਜੇ ਤੀਕ ਸ੍ਰੀ
ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਗੁਰਦੁਆਰਾ ਅਟੱਲ ਰਾਏ ਸਾਹਿਬ ਵਿਖੇ ਜਲੋਅ ਸਜਾਏ ਗਏ।
ਨਗਰ ਕੀਰਤਨ 'ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਮੱਲ ਸਿੰਘ ਜੀ ਤੇ ਸ.
ਸੁਖਜਿੰਦਰ ਸਿੰਘ ਜੀ, ਅਰਦਾਸੀਆ ਭਾਈ ਕੁਲਵਿੰਦਰ ਸਿੰਘ, ਸ਼੍ਰੋਮਣੀ ਕਮੇਟੀ ਦੇ ਮੈਂਬਰ ਸ. ਰਾਜਿੰਦਰ
ਸਿੰਘ ਮਹਿਤਾ, ਸ. ਅਮਰਜੀਤ ਸਿੰਘ ਭਲਾਈਪੁਰ ਤੇ ਸ. ਸਵਿੰਦਰ ਸਿੰਘ ਦੋਬਲੀਆ, ਧਰਮ ਪ੍ਰਚਾਰ ਕਮੇਟੀ ਦੇ
ਮੈਂਬਰ ਸ. ਹਰਦਲਬੀਰ ਸਿੰਘ ਸ਼ਾਹ, ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਦਲਮੇਘ ਸਿੰਘ ਖਟੜਾ ਤੇ ਸ.
ਜੋਗਿੰਦਰ ਸਿੰਘ ਅਦਲੀਵਾਲ, ਐਡੀ: ਸਕੱਤਰ ਸ. ਸਤਬੀਰ ਸਿੰਘ, ਸ. ਰੂਪ ਸਿੰਘ ਤੇ ਸ. ਰਣਵੀਰ ਸਿੰਘ,
ਮੀਤ ਸਕੱਤਰ ਸ. ਮਨਜੀਤ ਸਿੰਘ, ਸ. ਹਰਭਜਨ ਸਿੰਘ, ਸ. ਜਸਪਾਲ ਸਿੰਘ, ਸ. ਕੁਲਦੀਪ ਸਿੰਘ, ਸ. ਰਣਜੀਤ
ਸਿੰਘ, ਸ. ਗੁਰਚਰਨ ਸਿੰਘ ਘਰਿੰਡਾ ਤੇ ਸ. ਬਲਬੀਰ ਸਿੰਘ, ਪੱਤਰ ਵਿਹਾਰ ਕੋਰਸ ਦੇ ਡਾਇਰੈਕਟਰ ਡਾ:
ਜਸਬੀਰ ਸਿੰਘ ਸਾਬਰ ਤੇ ਡਾ: ਜੋਗੇਸ਼ਵਰ ਸਿੰਘ, ਪਬਲੀਸਿਟੀ ਵਿਭਾਗ ਦੇ ਇੰਚਾਰਜ ਸ. ਰਾਮ ਸਿੰਘ, ਸੈਕਸ਼ਨ
85 ਦੇ ਇੰਚਾਰਜ ਸ. ਸੁਖਦੇਵ ਸਿੰਘ ਭੂਰਾ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਹਰਬੰਸ ਸਿੰਘ,
ਮੈਨੇਜਰ ਜਾਇਦਾਦ ਸ. ਕੇਵਲ ਸਿੰਘ, ਐਡੀ: ਮੈਨੇਜਰ ਸ. ਸੁਖਦੇਵ ਸਿੰਘ, ਤੇ ਸ. ਪ੍ਰਤਾਪ ਸਿੰਘ,
ਕਾਰਸੇਵਾ ਕਿਲ੍ਹਾ ਅਨੰਦਗੜ੍ਹ ਵਾਲੇ ਬਾਬਾ ਹਰਭਜਨ ਸਿੰਘ ਭਲਵਾਨ ਤੇ ਭਾਈ ਨੰਦ ਸਿੰਘ, ਪ੍ਰਿੰਸੀਪਲ
ਕੁਲਵਿੰਦਰ ਸਿੰਘ, ਪ੍ਰਿੰਸੀਪਲ ਮੋਹਨ ਸਿੰਘ, ਸੰਤ ਹਰੀਦੇਵ ਸਿੰਘ ਈਸਾਪੁਰ, ਬਾਬਾ ਕਸ਼ਮੀਰ ਸਿੰਘ ਜੀ
ਭੂਰੀਵਾਲੇ, ਬਾਬਾ ਮੇਜਰ ਸਿੰਘ ਜੀ ਵਾਂ, ਸ. ਅਵਤਾਰ ਸਿੰਘ ਹਲਦੀ ਵਾਲੇ, ਸ. ਅਮਰਜੀਤ ਸਿੰਘ (ਵਾਲੀਆ),
ਸ. ਦਲਜੀਤ ਸਿੰਘ, ਸ. ਹਰਜਿੰਦਰ ਸਿੰਘ (ਪ੍ਰਧਾਨ), ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਅੰਮ੍ਰਿਤਸਰ ਦੇ
ਭਾਈ ਦਵਿੰਦਰ ਸਿੰਘ, ਭਾਈ ਜਸਬੀਰ ਸਿੰਘ ਬੈਂਕ ਵਾਲੇ, ਸ. ਸਤਿੰਦਰ ਸਿੰਘ ਤੇ ਸ. ਹਰਜਿੰਦਰ ਸਿੰਘ,
ਅੰਮ੍ਰਿਤਸਰ ਸੰਗੀਤ ਸਭਾ ਦੇ ਪ੍ਰਧਾਨ ਸ. ਤੇਜਿੰਦਰ ਸਿੰਘ, ਸ. ਗੁਰਬਚਨ ਸਿੰਘ ਚਾਂਦ, ਸ. ਅਜਾਇਬ
ਸਿੰਘ, ਸ. ਇੰਦਰਪਾਲ ਸਿੰਘ (ਗਰੋਵਰ), ਸ. ਦਵਿੰਦਰ ਸਿੰਘ (ਚਾਵਲਾ), ਸ. ਹਰਜਿੰਦਰ ਸਿੰਘ ਮੱਤੇਵਾਲ
ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਸ਼ਹਿਰ ਦੀਆਂ ਪ੍ਰਮੁੱਖ ਸਖਸ਼ੀਅਤਾਂ ਤੇ ਸ਼੍ਰੋਮਣੀ ਕਮੇਟੀ, ਧਰਮ
ਪ੍ਰਚਾਰ ਕਮੇਟੀ ਤੇ ਸ੍ਰੀ ਦਰਬਾਰ ਸਾਹਿਬ ਦਾ ਸਮੁੱਚਾ ਸਟਾਫ਼ ਸ਼ਾਮਿਲ ਸੀ। ਸ਼ਾਮ ਨੂੰ ਦੀਪਮਾਲਾ ਅਤੇ
ਰਹਰਾਸਿ ਸਾਹਿਬ ਦੇ ਪਾਠ ਉਪਰੰਤ ਅਲੌਕਿਕ ਆਤਿਸ਼ਬਾਜ਼ੀ ਕੀਤੀ ਗਈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਛਪਾਈ ਵਿਦੇਸ਼ਾਂ 'ਚ ਵੀ ਕੀਤੀ ਜਾਵੇਗੀ-ਜਥੇ: ਅਵਤਾਰ ਸਿੰਘ, ਨਿਊਯਾਰਕ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨਾਲ ਦੁਰਵਿਵਹਾਰ, ਕੀਤੇ ਜਾਣ ਦੀ ਨਿੰਦਾ ਦਾ ਮਤਾ ਪਾਸ
.jpg)
ਕੁਰੂਕਸ਼ੇਤਰ (ਹਰਿਆਣਾ) 29 ਅਗਸਤ: ਵਿਦੇਸ਼ਾਂ ਤੋਂ ਸੰਗਤਾਂ ਦੀ ਭਾਰੀ ਮੰਗ ਨੂੰ ਮੁੱਖ
ਰੱਖਦਿਆਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਤੇ ਹੋਰ ਗੁਰਮਤਿ ਲਿਟਰੇਚਰ ਦੀ
ਛਪਾਈ ਕਨੇਡਾ ਜਾਂ ਅਮਰੀਕਾ ਵਿਖੇ ਕੀਤੇ ਜਾਣ ਲਈ ਢੁਕਵੀਂ ਜਗ੍ਹਾ ਦਾ ਪ੍ਰਬੰਧ ਕੀਤੇ ਜਾਣ ਦਾ ਫੈਸਲਾ
ਕੀਤਾ ਗਿਆ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ
ਜਥੇਦਾਰ ਅਵਤਾਰ ਸਿੰਘ ਨੇ ੳਨ੍ਹਾਂ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ
ਕੁਰੂਕਸ਼ੇਤਰ (ਹਰਿਆਣਾ) ਵਿਖੇ ਹੋਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ
ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਇਕੱਤਰਤਾ 'ਚ ਬੀਤੇ ਦਿਨੀਂ ਨਿਊਯਾਰਕ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ
ਸਾਹਿਬ ਨਾਲ ਕੁਝ ਪੰਥ ਦੋਖੀਆਂ ਵਲੋਂ ਦੁਰ ਵਿਵਹਾਰ ਕੀਤੇ ਜਾਣ ਦੀ ਜ਼ੋਰਦਾਰ ਨਿੰਦਾ ਦਾ ਮਤਾ ਪਾਸ
ਕਰਦਿਆਂ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੇ ਪੰਥ ਦੋਖੀਆਂ ਨੂੰ ਮੂੰਹ ਨਾ ਲਾਉਣ। ਉਨ੍ਹਾਂ
ਦੱਸਿਆ ਕਿ ਕਸ਼ਮੀਰ 'ਚ ਸਿੱਖਾਂ ਨੂੰ ਇਸਲਾਮ ਕਬੂਲ ਕਰਨ ਜਾਂ ਕਸ਼ਮੀਰ ਛੱਡ ਦੇਣ ਵਰਗੀਆਂ ਮਿਲ ਰਹੀਆਂ
ਧਮਕੀਆਂ ਕਾਰਨ ਸਿੱਖ ਭਾਈਚਾਰੇ 'ਚ ਪੈਦਾ ਹੋਏ ਚਿੰਤਾਜਨਕ ਹਾਲਾਤਾਂ ਨੂੰ ਮੁੱਖ ਰੱਖਦਿਆਂ ਕਸ਼ਮੀਰੀ
ਸਿੱਖਾਂ ਦੇ ਵਿੱਦਿਆ ਪ੍ਰਾਪਤ ਕਰ ਰਹੇ ਬੱਚਿਆਂ ਨੂੰ ਉਚੇਰੀ ਸਿੱਖਿਆ ਲਈ ਦਾਖਲਾ ਆਦਿ ਲੈਣ ਲਈ
ਸ਼੍ਰੋਮਣੀ ਕਮੇਟੀ ਵਲੋਂ ਵਿੱਤੀ ਸਹਾਇਤਾ ਦਿੱਤੇ ਜਾਣ ਅਤੇ ਪਾਕਿਸਤਾਨ 'ਚ ਆਏ ਹੜਾਂ ਤੋਂ ਪੀੜਤ
ਮਨੁੱਖਤਾ ਦੀ ਸਹਾਇਤਾ ਲਈ ਰਾਹਤ ਸਮੱਗਰੀ ਭੇਜੇ ਜਾਣ ਦੀ ਪ੍ਰਵਾਨਗੀ ਦਿੱਤੀ ਹੈ।ਕੁਝ ਲੋਕਾਂ ਵਲੋਂ
ਸ਼੍ਰੋਮਣੀ ਕਮੇਟੀ ਦੇ ਪ੍ਰਬੰਧ 'ਚ ਦਖਲ ਅੰਦਾਜ਼ੀ ਕੀਤੇ ਜਾਣ ਦੇ ਸਬੰਧੀ ਪੱਤਰਕਾਰਾਂ ਵਲੋਂ ਕੀਤੇ ਸਵਾਲ
ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਜਗਤ ਦੀ ਸਿਰਮੌਰ
ਧਾਰਮਿਕ ਸੰਸਥਾ ਹੈ ਅਤੇ ਇਸ ਦੇ ਪ੍ਰਬੰਧ 'ਚ ਕਿਸੇ ਵਲੋਂ ਦਖਲ ਦੇਣਾ ਕਦਾਚਿਤ ਵੀ ਬਰਦਾਸ਼ਤ ਨਹੀਂ ਕੀਤਾ
ਜਾ ਸਕਦਾ।
ਅੱਜ ਦੀ ਇਕੱਤਰਤਾ 'ਚ ਪਾਸ ਕੀਤੇ ਮਤਿਆਂ ਦਾ ਵੇਰਵਾ ਦਿੰਦਿਆਂ ਉਨ੍ਹਾਂ ਦੱਸਿਆ ਕਿ ਸ੍ਰੀ ਦਰਬਾਰ
ਸਾਹਿਬ ਤਰਨ ਤਾਰਨ ਵਿਖੇ 320 ਕੇ.ਵੀ. ਦਾ ਜਨਰੇਟਰ ਖਰੀਦ ਕੀਤੇ ਜਾਣ, ਗੁਰਦੁਆਰਾ ਬੀੜ ਸਾਹਿਬ ਠੱਠਾ
ਵਿਖੇ ਡਿਜ਼ੀਟਲ ਇਲੈਕਟ੍ਰੀਸਿਟੀ ਪੈਨਲ ਤਿਆਰ ਕਰਨ, ਕੇਂਦਰੀ ਸਿੱਖ ਅਜਾਇਬ ਘਰ ਵਿਖੇ ਸੁਸ਼ੋਭਿਤ ਕੁਝ
ਤਸਵੀਰਾਂ ਨੂੰ ਤੁਰੰਤ ਠੀਕ ਕੀਤੇ ਜਾਣ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਲ ਲਗਦੇ ਅਖੰਡ ਪਾਠਾਂ ਵਾਲੇ
ਕਮਰਿਆਂ ਦੀ ਰੈਨੋਵੇਸ਼ਨ ਕਰਾਏ ਜਾਣ, ਗੁਰਦਆਰਾ ਬਾਬਾ ਗਾਂਧਾ ਸਿੰਘ ਜੀ ਬਰਨਾਲਾ ਦੀ ਮਲਕੀਅਤੀ ਜਮੀਨ
ਸਬੰਧੀ ਹੋਈਆਂ ਬੇਨਿਯਮੀਆਂ ਦੀ ਨਿੰਦਾ ਅਤੇ ਇਸ ਸਬੰਧੀ ਕੀਤੀ ਪੜਤਾਲ ਦੀ ਰਿਪੋਰਟ ਪ੍ਰਵਾਨ ਕਰਦਿਆਂ
ਵਧੇਰੇ ਜਾਂਚ ਲਈ ਹਾਈ ਪਾਵਰ ਕਮੇਟੀ ਗਠਤ, ਅੰਮ੍ਰਿਤਸਰ 'ਚ ਗਲੀ ਛੱਤ ਵਾਲੀ ਵਿਖੇ ਨਵੇਂ ਸਟਾਫ
ਕੁਆਰਟਰ ਬਨਾਉਣ ਪੁਰ ਹੋਣ ਵਾਲੇ ਖਰਚਾਂ ਦੀ ਪ੍ਰਵਾਨਗੀ ਤੋਂ ਇਲਾਵਾ, ਬਾਬਾ ਬੁੱਢਾ ਜੀ ਰਮਦਾਸ ਵਿਖੇ
ਸਲਾਨਾ ਜੋੜ ਮੇਲੇ ਸਮੇਂ ਸਿੱਖ ਬੱਚਿਆਂ ਦਾ ਟੂਰਨਾਮੈਂਟ ਕਰਾਇਆ ਜਾਵੇਗਾ, ਗੁਰਦੁਆਰਾ ਸਰਕੜਾ ਫਾਰਮ
ਲਈ 50-50 ਕਿਲੋਵਾਟ ਦੇ ਤਿੰਨ ਜਰਨੇਟਰ, ਗੁਰਦੁਆਰਾ ਤੇਜਾ ਕਲਾਂ ਤੇ ਗੁਰਦੁਆਰਾ ਭਦੌੜ ਲਈ ਨਵੇਂ
ਟਰੈਕਟਰ ਖਰੀਦ ਕਰਨ ਲਈ ਪ੍ਰਵਾਨਗੀ ਅਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਪ੍ਰਬੰਧ 'ਤੇ ਨਜ਼ਰ
ਰੱਖਣ ਲਈ ਲਗਾਏ ਜਾ ਰਹੇ ਸੀ.ਸੀ.ਟੀ.ਵੀ ਕੈਮਰਿਆਂ ਪੁਰ ਬਜ਼ਟ 'ਚ ਰੱਖੀ ਰਕਮ ਤੋਂ ਵੱਧ ਹੋਣ ਵਾਲੇ 50
ਲੱਖ ਰੁਪਏ ਦੇ ਖਰਚਿਆਂ ਨੂੰ ਜਨਰਲ ਹਾਊਸ ਦੀ ਪ੍ਰਵਾਨਗੀ ਦੀ ਆਸਪੁਰ ਪ੍ਰਵਾਨਗੀ, ਸ਼੍ਰੋਮਣੀ ਕਮੇਟੀ ਦੇ
ਸਕੱਤਰ, ਐਡੀ: ਸਕੱਤਰ ਤੇ ਮੀਤ ਸਕੱਤਰਾਂ ਦੇ ਰੁਟੀਨ ਦੇ ਕਾਰਜਾਂ ਲਈ ਖਰਚਿਆਂ ਦੇ ਅਧਿਕਾਰਾਂ 'ਚ ਵਾਧਾ
ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ. ਕਾਬਲ ਸਿੰਘ ਠੀਂਡਾ ਤੇ ਸ਼ਹੀਦ
ਬਾਬਾ ਜੈ ਸਿੰਘ ਖਲਕੋਟ ਦੇ ਚਿਤਰ ਕੇਂਦਰੀ ਸਿੱਖ ਅਜਾਇਬਘਰ ਵਿਖੇ ਲਗਾਉਣ ਵਰਗੇ ਅਹਿਮ ਫੈਸਲੇ ਕੀਤੇ
ਗਏ ਹਨ।
ਉਨ੍ਹਾਂ ਦੱਸਿਆ ਕਿ ਅੱਜ ਦੀ ਇਕੱਤਰਤਾ 'ਚ ਸੈਕਸ਼ਨ 85 ਦੀਆਂ 228, ਸੈਕਸ਼ਨ 87 ਦੀਆਂ 60 ਅਤੇ ਟ੍ਰਸਟ
ਵਿਭਾਗ ਦੀਆਂ 72 ਮੱਦਾਂ ਤੋਂ ਇਲਾਵਾ ਹੋਰ ਕਈ ਫੁਟਕਲ ਮੱਦਾਂ ਵੀ ਵਿਚਾਰੀਆਂ ਗਈਆਂ ਅਤੇ ਪ੍ਰਵਾਨਗੀ
ਦੀ ਆਸ ਪੁਰ ਕੀਤੇ ਕਾਰਜਾਂ ਦੀ ਪੁਸ਼ਟੀ ਕੀਤੀ ਗਈ।
ਅੱਜ ਦੀ ਇਕੱਤਰਤਾ 'ਚ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਰਘੂਜੀਤ ਸਿੰਘ ਕਰਨਾਲ,
ਜੂਨੀਅਰ ਮੀਤ ਪ੍ਰਧਾਨ ਸ. ਕੇਵਲ ਸਿੰਘ ਬਾਦਲ, ਜਨਰਲ ਸਕੱਤਰ ਸ. ਸੁਖਦੇਵ ਸਿੰਘ ਭੌਰ, ਅੰਤ੍ਰਿੰਗ
ਮੈਂਬਰਾਨ ਸ. ਦਿਆਲ ਸਿੰਘ ਕੋਲਿਆਂਵਾਲੀ, ਸ. ਰਾਜਿੰਦਰ ਸਿੰਘ ਮਹਿਤਾ, ਸੰਤ ਟੇਕ ਸਿੰਘ ਧਨੌਲਾ, ਸ.
ਮੋਹਨ ਸਿੰਘ ਬੰਗੀ, ਸ. ਗੁਰਬਚਨ ਸਿੰਘ ਕਰਮੂੰਵਾਲਾ, ਸ. ਨਿਰਮੈਲ ਸਿੰਘ ਜੌਲਾ ਕਲਾਂ, ਬੀਬੀ ਰਵਿੰਦਰ
ਕੌਰ, ਸ. ਸੁਰਜੀਤ ਸਿੰਘ ਗੜ੍ਹੀ, ਸ. ਕਰਨੈਲ ਸਿੰਘ ਪੰਜੋਲੀ, ਬੀਬੀ ਭਜਨ ਕੌਰ ਡੋਗਰਾਂਵਾਲਾ, ਸਕੱਤਰ
ਸ. ਦਲਮੇਘ ਸਿੰਘ ਖਟੜਾ, ਡਾਇਰੈਕਟਰ ਐਜ਼ੂਕੇਸ਼ਨ ਡਾ: ਗੁਰਮੋਹਨ ਸਿੰਘ (ਵਾਲੀਆ) ਐਡੀ: ਸਕੱਤਰ ਸ.
ਤਰਲੋਚਨ ਸਿੰਘ, ਮੀਤ ਸਕੱਤਰ ਸ. ਮਨਜੀਤ ਸਿੰਘ ਤੇ ਸ. ਬਲਬੀਰ ਸਿੰਘ, ਪਬਲੀਸਿਟੀ ਵਿਭਾਗ ਦੇ ਇੰਚਾਰਜ
ਸ. ਰਾਮ ਸਿੰਘ, ਸ. ਪ੍ਰਮਜੀਤ ਸਿੰਘ ਸਰੋਆ, ਸੈਕਸ਼ਨ 85 ਦੇ ਇੰਚਾਰਜ ਸ. ਸੁਖਦੇਵ ਸਿੰਘ ਭੂਰਾ, ਅਮਲਾ
ਵਿਭਾਗ ਦੇ ਇੰਚਾਰਜ ਸ. ਗੁਰਦਿਤ ਸਿੰਘ, ਟ੍ਰਸਟ ਵਿਭਾਗ ਦੇ ਇੰਚਾਰਜ ਸ. ਸੁਖਬੀਰ ਸਿੰਘ ਮੂਲੇਚੱਕ,
ਸੁਪਰਵਾਈਜ਼ਰ ਸ. ਸੁਖਬੀਰ ਸਿੰਘ, ਸ. ਗੁਰਿੰਦਰਪਾਲ ਸਿੰਘ ਠਰੂ, ਸ. ਕਰਮਬੀਰ ਸਿੰਘ ਤੇ ਸ. ਗੁਰਚਰਨ
ਸਿੰਘ, ਜੇ.ਈ. ਸ. ਮਨਪ੍ਰੀਤ ਸਿੰਘ, ਸਹਾਇਕ ਸੁਪਰਵਾਈਜ਼ਰ ਸ. ਪ੍ਰਮਦੀਪ ਸਿੰਘ ਖਟੜਾ ਤੇ ਸ. ਹਰਜਿੰਦਰ
ਸਿੰਘ ਆਦਿ ਮੌਜੂਦ ਸਨ।
ਸ੍ਰੀ ਗੁਰੂ ਗ੍ਰੰਥ
ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 31 ਅਗਸਤ ઠਤੇ 1 ਸਤੰਬਰ ਨੂੰ ਮਹਾਨ
ਗੁਰਮਤਿ ਸਮਾਗਮ ਹੋਵੇਗਾ ਕੀਰਤਨ ਸਮਾਗਮ ਦਾ ਪੀ.ਟੀ.ਸੀ. ਚੈਨਲ 'ਤੇ ਹੋਵੇਗਾ ਸਿੱਧਾ
ਪ੍ਰਸਾਰਨ
ਅੰਮ੍ਰਿਤਸਰ-28 ਅਗਸਤ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸ. ਹਰਬੰਸ
ਸਿੰਘ (ਮੱਲੀ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੁਗੋ-ਜੁਗ ਅਟੱਲ ਸ੍ਰੀ ਗੁਰੂ ਗ੍ਰੰਥ
ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 31 ਅਗਸਤ ਤੇ ਪਹਿਲੀ ਸਤੰਬਰ ਨੂੰ
ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਮਹਾਨ ਗੁਰਮਤਿ ਸਮਾਗਮ ਹੋਣਗੇ, ਜਿਥੇ ਸ਼ਾਮ ਪੰਜ ਵਜੇ
ਤੋਂ ਰਾਤ 11 ਵਜੇ ਤੱਕ ਪੰਥ ਪ੍ਰਸਿੱਧ ਵਿਦਵਾਨ ਗਿਆਨੀ ਪਿੰਦਰਪਾਲ ਸਿੰਘ ਜੀ ਲੁਧਿਆਣੇ ਵਾਲੇ,
ਭਾਈ ਕ੍ਰਿਸ਼ਨ ਸਿੰਘ ਜੀ ਸੰਤਨ ਕੀ ਕੁਟੀਆ ਵਾਲੇ, ਭਾਈ ਗੁਰਇਕਬਾਲ ਸਿੰਘ ਜੀ ਗੁਰਦੁਆਰਾ ਮਾਤਾ
ਕੌਲਾਂ ਜੀ, ਬਾਬਾ ਦਰਸ਼ਨ ਸਿੰਘ ਜੀ ਗੁੰਮਟਾਲੇ ਵਾਲੇ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ
ਹਜ਼ੂਰੀ ਰਾਗੀ ਭਾਈ ਤਾਜਵਿੰਦਰ ਸਿੰਘ, ਭਾਈ ਗੁਰਪ੍ਰੀਤ ਸਿੰਘ ਸ਼ਿਮਲੇ ਵਾਲੇ, ਕੀਰਤਨ ਕੌਂਸਲ
ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਸਭਾ ਅਤੇ ਭਾਈ ਜਸਬੀਰ ਸਿੰਘ ਪੰਜਾਬ ਐਂਡ ਸਿੰਧ ਬੈਂਕ
ਵਾਲੇ ਕਥਾ ਵਿਖਿਆਨ ਅਤੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਗੁਰਦੁਆਰਾ ਰਾਮਸਰ
ਸਾਹਿਬ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਾਹਿਬਾਨ ਵਲੋਂ 23 ਤੋਂ 31
ਅਗਸਤ ਤੱਕ ਸ਼ਾਮ 5 ਤੋਂ 6 ਵਜੇ ਤੱਕ ਅਰੰਭ ਗੁਰ-ਇਤਿਹਾਸ ਦੀ ਕਥਾ ਦਾ ਪ੍ਰਵਾਹ ਨਿਰੰਤਰ ਜਾਰੀ
ਰਹੇਗਾ। ਉਨ੍ਹਾਂ ਦੱਸਿਆ ਕਿ ਪਹਿਲੀ ਸਤੰਬਰ ਨੂੰ ਸਵੇਰੇ 7 ਵਜੇ ਗੁਰਦੁਆਰਾ ਸ੍ਰੀ ਰਾਮਸਰ
ਸਾਹਿਬ ਤੋਂ ਸ੍ਰੀ ਹਰਿਮੰਦਰ ਸਾਹਿਬ ਤੀਕ ਅਲੌਕਿਕ ਨਗਰ ਕੀਰਤਨ ਆਯੋਜਿਤ ਕੀਤਾ ਜਾਵੇਗਾ,
ਜਿਸ ਵਿਚ ਧਾਰਮਿਕ ਸਭਾ-ਸੁਸਾਇਟੀਆਂ, ਸ਼ਬਦੀ ਜਥੇ, ਵੱਖ-ਵੱਖ ਗਤਕਾ ਤੇ ਬੈਂਡ ਪਾਰਟੀਆਂ,
ਸਕੂਲਾਂ, ਕਾਲਜਾਂ ਦੇ ਵਿਦਿਆਰਥੀ ਤੇ ਭਾਰੀ ਗਿਣਤੀ 'ਚ ਗੁਰੂ ਜੱਸ ਗਾਇਨ ਕਰਦੀਆਂ ਸੰਗਤਾਂ
ਸ਼ਾਮਲ ਹੋਣਗੀਆਂ। ਉਨ੍ਹਾਂ ਦੱਸਿਆ ਕਿ ਨਗਰ ਕੀਰਤਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ
ਪੁੱਜਣ ਉਪਰੰਤ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ ਜੀ ਗੁਰਦੁਆਰਾ ਮੰਜੀ
ਸਾਹਿਬ ਦੀਵਾਨ ਹਾਲ ਵਿਖੇ ਅੰਮ੍ਰਿਤ ਵੇਲੇ ਸ੍ਰੀ ਹਰਿਮੰਦਰ ਸਾਹਿਬ ਤੋਂ ਆਏ ਮੁੱਖਵਾਕ ਦੀ
ਕਥਾ ਕਰਨਗੇ ਅਤੇ ਇਸੇ ਦਿਨ ਸਵੇਰੇ 10 ਤੋਂ 12 ਵਜੇ ਤੀਕ ਸ੍ਰੀ ਹਰਿਮੰਦਰ ਸਾਹਿਬ, ਸ੍ਰੀ
ਅਕਾਲ ਤਖ਼ਤ ਸਾਹਿਬ ਅਤੇ ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਵਿਖੇ ਜਲੌ ਸਜਾਏ ਜਾਣਗੇ, ਸ੍ਰੀ
ਹਰਿਮੰਦਰ ਸਾਹਿਬ ਸਮੂੰਹ 'ਚ ਰਾਤ ਦੀਪਮਾਲਾ ਹੋਵੇਗੀ ਅਤੇ ਰਹਿਰਾਸ ਉਪਰੰਤ ਆਤਿਸ਼ਬਾਜ਼ੀ ਚਲਾਈ
ਜਾਵੇਗੀ।
ਉਨ੍ਹਾਂ ਦੱਸਿਆ ਕਿ ਇਸੇ ਦਿਨ ਸ਼ਾਮ 7 ਵਜੇ ਤੋਂ ਦੇਰ ਰਾਤ ਤੀਕ ਗੁਰਦੁਆਰਾ ਮੰਜੀ ਸਾਹਿਬ
ਦੀਵਾਨ ਹਾਲ ਵਿਖੇ ਵਿਸ਼ੇਸ਼ ਕੀਰਤਨ ਸਮਾਗਮ ਹੋਵੇਗਾ ਜਿਥੇ ਨਾਮਵਰ ਰਾਗੀ ਭਾਈ ਅਮਰੀਕ ਸਿੰਘ
ਜੀ ਗੁਰਦਾਸਪੁਰੀ, ਭਾਈ ਕੰਵਰਪਾਲ ਸਿੰਘ ਜੀ ਦੇਹਰਾਦੂਨ, ਭਾਈ ਗੁਰਮੀਤ ਸਿੰਘ ਜੀ ਸ਼ਾਂਤ
ਜਲੰਧਰ, ਬੀਬੀ ਆਸ਼ੂਪ੍ਰੀਤ ਕੌਰ ਜੀ ਜਲੰਧਰ ਵਾਲੇ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ
ਹਜ਼ੂਰੀ ਰਾਗੀ ਭਾਈ ਸਰਬਜੀਤ ਸਿੰਘ, ਭਾਈ ਗਗਨਦੀਪ ਸਿੰਘ, ਭਾਈ ਗੁਰਦੇਵ ਸਿੰਘ, ਭਾਈ
ਸਤਿੰਦਰਬੀਰ ਸਿੰਘ, ਭਾਈ ਮਨਿੰਦਰ ਸਿੰਘ ਅਤੇ ਭਾਈ ਹਰਪਿੰਦਰ ਸਿੰਘ ਸੰਗਤਾਂ ਨੂੰ ਇਲਾਹੀ
ਬਾਣੀ ਦਾ ਕੀਰਤਨ ਸਰਵਣ ਕਰਾਉਣਗੇ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ
ਗਿਆਨੀ ਗੁਰਬਚਨ ਸਿੰਘ ਜੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ
ਅਵਤਾਰ ਸਿੰਘ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਕਰਨਗੇ ਅਤੇ ਪੀ.ਟੀ.ਸੀ. ਚੈਨਲ
ਤੋਂ ਕੀਰਤਨ ਸਮਾਗਮ ਦੇ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਨ ਕੀਤਾ ਜਾਵੇਗਾ। ਉਨ੍ਹਾਂ ਸਮੂੰਹ
ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਸਜੇ ਦੀਵਾਨਾਂ 'ਚ ਹਾਜ਼ਰੀਆਂ
ਭਰ ਕੇ ਅਤੇ ਨਗਰ ਕੀਰਤਨ 'ਚ ਸ਼ਾਮਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਦੇ ਪਾਤਰ ਬਣਨ।
ਜੰਮੂ ਕਸ਼ਮੀਰ 'ਚ ਜਨਾਬ ਮੀਰਵਾਇਜ਼ ਦੇ ਆਦੇਸ਼ਾਂ ਅਨੁਸਾਰ ਮੁਸਲਿਮ ਤੇ ਸਿੱਖ ਭਾਈਚਾਰੇ ਦੀਆਂ ਸਿੱਖ ਕਮੇਟੀਆਂ ਗਠਤ
.jpg)
ਅੰਮ੍ਰਿਤਸਰ-28 ਅਗਸਤ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ
ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਇਥੋਂ ਜਾਰੀ ਇਕ ਪ੍ਰੈਸ ਰੀਲੀਜ਼ 'ਚ ਜਾਣਕਾਰੀ ਦਿੰਦਿਆਂ
ਦੱਸਿਆ ਕਿ ਜੰਮੂ ਕਸ਼ਮੀਰ 'ਚ ਹੁਰੀਅਤ ਕਾਨਫਰੰਸ (ਐਮ) ਦੇ ਨੇਤਾ ਤੇ ਧਾਰਮਿਕ ਮੁਖੀ ਜਨਾਬ ਉਮਰ ਫਾਰੂਕ
ਮੀਰਵਾਇਜ਼ ਨੇ ਸ੍ਰੀ ਨਗਰ ਵਿਖੇ ਜੁੰਮੇ ਦੀ ਨਮਾਜ ਉਪਰੰਤ ਸਿੱਖ ਭਾਈਚਾਰੇ ਨੂੰ ਮਿਲ ਰਹੀਆਂ ਧਮਕੀਆਂ
ਦੀ ਨਿੰਦਾ ਦਾ ਮਤਾ ਪਾਸ ਕਰਦਿਆਂ ਮੁਸਲਿਮ ਅਤੇ ਸਿੱਖ ਭਾਈਚਾਰੇ ਦੀਆਂ ਤਾਲਮੇਲ ਕਮੇਟੀਆਂ ਗਠਤ ਕਰਨ
ਦਾ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਜਨਾਬ ਮੀਰਵਾਇਜ਼ ਕਸ਼ਮੀਰ ਦੇ ਸਮੂੰਹ ਮੌਲਵੀਆਂ ਨੂੰ ਆਦੇਸ਼
ਕੀਤੇ ਹਨ ਕਿ ਕਸ਼ਮੀਰ 'ਚ ਪੈਦਾ ਹੋਏ ਚਿੰਤਾਜਨਕ ਹਾਲਾਤਾਂ ਦੇ ਮੱਦੇ ਨਜ਼ਰ ਸਿੱਖ ਭਾਈਚਾਰੇ ਨਾਲ ਆਪਸੀ
ਸਦਭਾਵਨਾਵਾਂ ਬਨਾਈ ਰੱਖਣ ਅਤੇ ਕਿਸੇ ਵੀ ਪ੍ਰਕਾਰ ਦੀ ਗਲਤ ਫਹਿਮੀ ਦੂਰ ਕਰਨ ਲਈ ਆਪਣੇ-ਆਪਣੇ ਇਲਾਕੇ
'ਚ ਵੱਸਦੇ ਸਿੱਖ ਭਾਈਚਾਰੇ ਦੇ ਨੁਮਾਇੰਦਿਆਂ ਨਾਲ ਸੰਪਰਕ ਕਰਕੇ ਤਾਲਮੇਲ ਕਮੇਟੀਆਂ ਗਠਤ ਕਰਨ।
ਜਥੇਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਕਸ਼ਮੀਰ 'ਚ ਸਿੱਖ ਭਾਈਚਾਰੇ ਨੂੰ ਇਸਲਾਮ ਕਬੂਲ ਕਰਨ ਜਾਂ ਕਸ਼ਮੀਰ
ਛੱਡ ਜਾਣ ਵਰਗੀਆਂ ਮਿਲ ਰਹੀਆਂ ਧਮਕੀਆਂ ਕਾਰਨ ਸਿੱਖ ਭਾਈਚਾਰੇ 'ਚ ਪੈਦਾ ਹੋਏ ਚਿੰਤਾਜਨਕ ਹਾਲਾਤਾਂ
ਸਬੰਧੀ ਬੀਤੀ 25 ਅਗਸਤ ਨੂੰ ਉਨ੍ਹਾਂ ਦੀ ਅਗਵਾਈ 'ਚ ਪੰਜ ਮੈਂਬਰੀ ਵਫਦ ਨੇ ਜੰਮੂ ਕਸ਼ਮੀਰ ਦੇ ਮੁੱਖ
ਮੰਤਰੀ ਤੋਂ ਇਲਾਵਾ ਹੁਰੀਅਤ ਕਾਨਫਰੰਸ ਦੇ ਨੇਤਾਵਾਂ ਨਾਲ ਵੀ ਗਲੱਬਾਤ ਕੀਤੀ ਸੀ, ਜਿਸ ਦੋਰਾਨ
ਹੁਰੀਅਤ ਕਾਨਫਰੰਸ (ਐਮ) ਦੇ ਮੁਖੀ ਤੇ ਧਾਰਮਿਕ ਨੇਤਾ ਜਨਾਬ ਉਮਰ ਫਾਰੂਕ ਮੀਰਵਾਇਜ਼ ਨੇ ਭਰੋਸਾ ਦਿੱਤਾ
ਸੀ ਕਿ ਸਿੱਖ ਭਾਈਚਾਰੇ 'ਚ ਮੁੜ ਵਿਸ਼ਵਾਸ ਬਹਾਲ ਕਰਨ ਲਈ ਉਹ ਜੁੰਮੇ ਦੀ ਨਮਾਜ ਤੋਂ ਬਾਅਦ ਮੁਸਲਿਮ ਤੇ
ਸਿੱਖ ਭਾਈਚਾਰੇ 'ਚ ਆਪਸੀ ਤਾਲਮੇਲ ਅਤੇ ਕਿਸੇ ਵੀ ਪ੍ਰਕਾਰ ਦੇ ਭਰਮ ਭੁਲੇਖੇ ਦੂਰ ਕਰਨ ਲਈ ਮੁਸਲਿਮ
ਤੇ ਸਿੱਖ ਭਾਈਚਾਰੇ ਦੇ ਨੁਮਾਇੰਦਿਆਂ ਦੀਆਂ ਤਾਲਮੇਲ ਕਮੇਟੀਆਂ ਗਠਤ ਕੀਤੇ ਜਾਣ ਦਾ ਭਰੋਸਾ ਦਿੱਤਾ,
ਜਿਸ 'ਤੇ ਉਹ ਪੂਰੇ ਉਤਰੇ ਹਨ ਅਤੇ ਕਸ਼ਮੀਰ 'ਚ ਮੌਜੂਦ ਹਾਲਾਤਾਂ ਨੂੰ ਠੀਕ ਕਰਨ ਲਈ ਇਹ ਇਕ ਅਹਿਮ ਕਦਮ
ਹੈ।