ਮੁੱਖ ਸੰਪਾਦਕ : ਮਨਪ੍ਰੀਤ ਸਿੰਘ ਬੱਧਨੀ ਕਲਾਂ
Email: badhni_com@yahoo.co.uk
Ph. +44(0)7899798363
Fax: +44(0)2080900819
Skype ID: manpreetsinghbadhnikalan

ਨੌਜਵਾਨਾਂ ਨੂੰ ਅਮੀਰ ਵਿਰਾਸਤ ਤੇ ਸੱਭਿਆਚਾਰ ਨਾਲ ਜੋੜਨ ਲਈ ਦੇਸ਼ ਭਰ ਵਿੱਚ ਵਿਰਸਾ ਸੰਭਾਲ ਗੱਤਕਾ ਮੁਕਾਬਲੇ ਕਰਵਾਏ ਜਾਣਗੇ-ਗਰੇਵਾਲ

ਚੰਡੀਗੜ੍ਹ 2 ਅਗਸਤ-ਗੱਤਕਾ ਫ਼ੈਡਰੇਸ਼ਨ ਆਫ਼ ਇੰਡੀਆ (ਰਜ਼ਿ.) ਵੱਲੋਂ ਪੁਰਾਤਨ ਸ਼ਸ਼ਤਰ ਵਿੱਦਿਆ ਗੱਤਕੇ ਨੂੰ ਵਿਰਾਸਤ ਅਤੇ ਸੱਭਿਆਚਾਰ ਵਜੋਂ ਦੇਸ਼ ਭਰ ਵਿੱਚ ਪ੍ਰਫੁੱਲਤ ਕਰਨ ਲਈ ਆਰੰਭੇ ਵਿਆਪਕ ਯਤਨਾਂ ਤਹਿਤ ਹਰਿਆਣਾ ਗੱਤਕਾ ਐਸੋਸੀਏਸ਼ਨ ਵੱਲੋਂ ਵੀ ਰਾਜ ਵਿੱਚ ਗੱਤਕਾ ਟਰੇਨਿੰਗ ਕੈਂਪ, ਵਿਰਸਾ ਸੰਭਾਲ ਗੱਤਕਾ ਪ੍ਰੋਗਰਾਮ ਅਤੇ ਖੇਡ ਟੂਰਨਾਮੈਂਟ ਕਰਵਾਏ ਜਾਣਗੇ ਤਾਂ ਜੋ ਗੱਤਕੇ ਦੇ ਅਮੀਰ ਵਿਰਸੇ ਅਤੇ ਸੱਭਿਆਚਾਰ ਪੱਖ ਨੂੰ ਵਿਕਸਤ ਕੀਤਾ ਜਾ ਸਕੇ ਅਤੇ ਇਸ ਦੀ ਮਕਬੂਲੀਅਤ ਵਿੱਚ ਹੋਰ ਵਾਧਾ ਕੀਤਾ ਜਾ ਸਕੇ।
ਇਸ ਸਬੰਧੀ ਫੈਸਲਾ ਗੱਤਕਾ ਫ਼ੈਡਰੇਸ਼ਨ ਅਤੇ ਹਰਿਆਣਾ ਗੱਤਕਾ ਐਸੋਸੀਏਸ਼ਨ ਦੀ ਅੱਜ ਇੱਥੇ ਹੋਈ ਵਿਸ਼ੇਸ਼ ਮੀਟਿੰਗ ਦੌਰਾਨ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਗੱਤਕਾ ਫ਼ੈਡਰੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਸ: ਹਰਜੀਤ ਸਿੰਘ ਗਰੇਵਾਲ ਚੇਅਰਮੈਨ ਪੰਜਾਬ ਇੰਨਫੋਟੈਕ ਅਤੇ ਫ਼ੈਡਰੇਸ਼ਨ ਦੇ ਜਨਰਲ ਸਕੱਤਰ ਤੇ ਸਟੇਟ ਐਵਾਰਡੀ ਸ: ਹਰਜੀਤ ਸਿੰਘ ਗਰੇਵਾਲ ਡਿਪਟੀ ਡਾਇਰੈਕਟਰ ਨੇ ਸਾਂਝੇ ਤੌਰ 'ਤੇ ਕੀਤੀ। ਇਸ ਮੀਟਿੰਗ ਦੌਰਾਨ ਹਰਿਆਣਾ ਰਾਜ ਵਿੱਚ ਗੱਤਕੇ ਦੀ ਸਦੀਵੀਂ ਵਿਰਾਸਤੀ ਸੰਭਾਲ ਤੇ ਗੱਤਕਾ ਖੇਡ ਦੇ ਵਧੇਰੇ ਪ੍ਰਚਾਰ-ਪਸਾਰ ਲਈ ਵਿਰਾਸਤੀ ਵਿੰਗ ਨੂੰ ਹੋਰ ਮਜ਼ਬੂਤ ਕਰਨ ਅਤੇ ਸਰਗਰਮ ਕਰਨ ਦੀ ਯੋਜਨਾ ਸਮੇਤ ਭਵਿੱਖਤ ਪ੍ਰੋਗਰਾਮਾਂ ਦੀ ਰੂਪ-ਰੇਖਾ ਵੀ ਉਲੀਕੀ ਗਈ।
ਚੇਅਰਮੈਨ ਸ. ਗਰੇਵਾਲ ਨੇ ਕਿਹਾ ਕਿ ਗੱਤਕਾ ਸਿਰਫ ਧਾਰਮਿਕ ਸਮਾਗਮਾਂ ਅਤੇ ਨਗਰ ਕੀਰਤਨਾਂ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਸੀ ਪਰ ਗੱਤਕਾ ਫ਼ੈਡਰੇਸ਼ਨ ਆਫ ਇੰਡੀਆ ਦੇ ਯਤਨਾਂ ਤਹਿਤ ਇਸ ਜੰਗਜੂ ਕਲਾ ਨੂੰ ਮੁੜ੍ਹ ਸੁਰਜੀਤ ਕਰਦਿਆਂ ਇਸ ਨੂੰ ਅੱਜ ਰਾਸ਼ਟਰੀ ਪੱਧਰ 'ਤੇ ਸਕੂਲਾਂ-ਕਾਲਜਾਂ ਵਿੱਚ ਮਾਨਤਾਪ੍ਰਾਪਤ ਖੇਡ ਵਜੋਂ ਪ੍ਰਵਾਨ ਕਰਵਾ ਕੇ ਦੇਸ਼ ਦੀਆਂ ਸਥਾਪਤ ਖੇਡਾਂ ਦੀ ਮੁੱਖ ਧਾਰਾ ਵਿੱਚ ਸ਼ਾਮਲ ਕਰਵਾਇਆ ਹੈ ਜਿਸ ਕਰਕੇ ਗੱਤਕਾ ਖਿਡਾਰੀਆਂ ਦਾ ਭਵਿੱਖ ਹੁਣ ਸੁਰੱਖਿਅਤ ਹੋ ਗਿਆ ਹੈ। ਉਨਾਂ ਦਾਅਵਾ ਕੀਤਾ ਕਿ ਦੇਸ਼ ਵਿੱਚ ਅੱਜ ਜਿਸ ਮੁਕਾਮ 'ਤੇ ਗੱਤਕਾ ਖੇਡ ਪਹੁੰਚ ਚੁੱਕੀ ਹੈ ਉਸ ਤੋਂ ਇਹ ਯਕੀਨ ਪੱਕਾ ਹੋ ਗਿਆ ਹੈ ਕਿ ਇਹ ਮਾਣਮੱਤੀ ਖੇਡ ਕੌਮਾਂਤਰੀ ਪੱਧਰ 'ਤੇ ਜ਼ਰੂਰ ਵੱਡੀ ਮਕਬੂਲੀਅਤ ਹਾਸਲ ਕਰੇਗੀ। ਇਸ ਮੌਕੇ ਜਨਰਲ ਸਕੱਤਰ ਸ. ਗਰੇਵਾਲ ਨੇ ਮਾਰਸ਼ਲ ਕਲਾ ਗੱਤਕਾ ਦੀ ਪ੍ਰਦਰਸ਼ਨੀ ਦੌਰਾਨ ਗੱਤਕਾ ਖੇਡ ਦੇ ਨਾਮ ਹੇਠ ਟੀ.ਵੀ. ਚੈਨਲਾਂ ਜਾਂ ਸਟੇਜੀ ਪ੍ਰੋਗਰਾਮਾਂ ਦੌਰਾਨ ਕੱਚ ਖਾਣਾ, ਇੱਟਾਂ ਤੋੜਨਾ, ਲੋਹੇ ਦੇ ਕਿੱਲਾਂ 'ਤੇ ਸੌਣਾ, ਸਰੀਏ ਮੋੜਨੇ, ਨਾਰੀਅਲ ਤੋੜਨਾ, ਤੇਲ ਪੀ ਕੇ ਮੂੰਹ ਵਿਚੋਂ ਅੱਗ ਕੱਢਣੀ ਜਾਂ ਸਰੀਰ ਉਪਰੋਂ ਮੋਟਰਸਾਈਕਲ ਲੰਘਾਉਣ ਆਦਿ ਵਰਗੇ ਬਾਜ਼ੀਗਿਰੀ ਕਰਤੱਵਾਂ ਰਾਹੀਂ ਗੱਤਕੇ ਦੇ ਮੂਲ ਸਰੂਪ ਨੂੰ ਵਿਗਾੜਕੇ ਗਲਤ ਰੂਪ ਵਿੱਚ ਸਟੇਜੀ ਪੇਸ਼ਕਾਰੀ ਦਾ ਸਖਤ ਨੋਟਿਸ ਲੈਂਦਿਆਂ ਸਮੂਹ ਗੱਤਕਾ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਉਹ ਇਨਾਂ ਵਿਰਸਾ ਵਿਗਾੜੂ ਪ੍ਰੋਗਰਾਮਾਂ ਦਾ ਡੱਟ ਕੇ ਵਿਰੋਧ ਕਰਨ ਅਤੇ ਅਜਿਹੇ ਬਾਜ਼ੀਗਿਰੀ ਕਰਤੱਵ ਦਿਖਾਉਣ ਵਾਲਿਆਂ ਦੀਆਂ ਸੂਚੀਆਂ ਗੱਤਕਾ ਫੈਡਰੇਸ਼ਨ ਨੂੰ ਭੇਜਣ ਤਾਂ ਜੋਂ ਇਨ੍ਹਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਸਮੂਹ ਗੱਤਕੇਬਾਜ਼ਾਂ, ਸੰਗਤਾਂ, ਸਮਾਗਮਾਂ ਦੇ ਪ੍ਰਬੰਧਕਾਂ ਅਤੇ ਗੁਰੂ ਘਰਾਂ ਦੇ ਮੁਖੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੇ ਨਾਟਕ-ਚੇਟਕ ਕਰਨ ਵਾਲੇ ਗੱਤਕੇਬਾਜਾਂ ਨੂੰ ਸਖਤੀ ਨਾਲ ਰੋਕਣ ਅਤੇ ਇਸ ਪੁਰਾਤਨ ਵਿਰਸੇ ਦੀ ਰਾਖੀ ਕਰਨ ਲਈ ਪਹਿਰਾ ਦੇਣ।
ਇਸ ਮੌਕੇ ਗੱਤਕਾ ਫ਼ੈਡਰੇਸ਼ਨ ਦੇ ਸੰਯੁਕਤ ਸਕੱਤਰ ਡਾ. ਦੀਪ ਸਿੰਘ ਚੰਡੀਗੜ੍ਹ ਨੇ ਦੱਸਿਆ ਕਿ ਵੱਖ-ਵੱਖ ਰਾਜਾਂ ਦੀਆਂ ਗੱਤਕਾ ਐਸੋਸੀਏਸ਼ਨਾਂ ਦੇ ਸਹਿਯੋਗ ਨਾਲ ਸਮੂਹ ਰਾਜਾਂ ਵਿੱਚ ਰਾਜ ਪੱਧਰੀ ਵਿਰਸਾ ਸੰਭਾਲ ਗੱਤਕਾ ਪ੍ਰੋਗਰਾਮ ਆਯੋਜਿਤ ਕਰਵਾਏ ਜਾ ਰਹੇ ਹਨ ਤਾਂ ਜੋ ਨੌਜਵਾਨਾਂ ਦੀ ਸ਼ਕਤੀ ਨੂੰ ਲਾਮਬੰਦ ਕਰਕੇ ਉਨਾਂ ਨੂੰ ਆਪਣੀ ਅਮੀਰ ਵਿਰਾਸਤ ਤੇ ਸੱਭਿਆਚਾਰ ਨਾਲ ਜੋੜਦੇ ਹੋਏ ਸਮਾਜਿਕ ਕੁਰੀਤੀਆਂ ਅਤੇ ਨਸ਼ਿਆਂ ਵਰਗੀਆਂ ਮਾੜੀਆਂ ਅਲਾਮਤਾਂ ਤੋਂ ਦੂਰ ਰੱਖਿਆ ਜਾ ਸਕੇ। ਉਨਾਂ ਦੱਸਿਆ ਕਿ ਰਾਜ ਪੱਧਰੀ ਗੱਤਕਾ ਮੁਕਾਬਲਿਆਂ ਤੋਂ ਬਾਅਦ ਰਾਸ਼ਟਰ ਪੱਧਰ ਦਾ ਵਿਰਸਾ ਸੰਭਾਲ ਗੱਤਕਾ ਮੁਕਾਬਲਾ ਵੱਡੀ ਪੱਧਰ 'ਤੇ ਆਯੋਜਿਤ ਕੀਤਾ ਜਾਵੇਗਾ।
ਇਸ ਮੌਕੇ ਹਰਿਆਣਾ ਗੱਤਕਾ ਐਸੋਸੀਏਸ਼ਨ ਦਾ ਗਠਨ ਕੀਤਾ ਗਿਆ ਜਿਸ ਦੇ ਚੇਅਰਮੈਨ ਸ. ਰਵੀਇੰਦਰ ਸਿੰਘ ਵਿਰਕ, ਪ੍ਰਧਾਨ ਸ: ਤੇਜਿੰਦਰ ਸਿੰਘ ਚੱਠਾ ਤੇ ਸਕੱਤਰ ਸ. ਧਨਵੰਤ ਸਿੰਘ ਯਮੁਨਾਨਗਰ ਨੂੰ ਚੁਣਿਆ ਗਿਆ। Îਹਮਾਚਲ ਪ੍ਰਦੇਸ ਗੱਤਕਾ ਵਿਰਸਾ ਸੰਭਾਲ ਵਿੰਗ ਲਈ ਸ. ਧਰਮ ਸਿੰਘ ਪਾਉਂਟਾ ਸਾਹਿਬ ਨੂੰ ਇਸ ਵਿੰਗ ਦਾ ਸੀਨੀਅਰ ਵਾਈਸ ਚੇਅਰਮੈਨ ਥਾਪਿਆ ਗਿਆ। ਇਸ ਮੌਕੇ ਸ. ਵਿਰਕ ਨੇ ਦੱਸਿਆ ਕਿ ਗੱਤਕਾ ਖਿਡਾਰੀਆਂ ਦੇ ਹੁਨਰ ਨੂੰ ਹੋਰ ਤਰਾਸ਼ਣ ਅਤੇ ਗੱਤਕਾ ਫ਼ੈਡਰੇਸ਼ਨ ਦੀ ਨਿਯਮਾਂਵਲੀ ਤਹਿਤ ਸਿਖਲਾਈ ਦੇਣ ਲਈ ਗੱਤਕਾ ਐਸੋਸੀਏਸ਼ਨ ਵੱਲੋਂ ਹਰਿਆਣਾ ਰਾਜ ਵਿੱਚ ਤਿੰਨ ਰੋਜਾ ਮੁਫ਼ਤ ਗੱਤਕਾ ਟਰੇਨਿੰਗ-ਕਮ-ਰਿਫਰੈਸ਼ਰ ਕੋਰਸ 24 ਤੋਂ 26 ਜੁਲਾਈ ਤੱਕ ਯਮੁਨਾਨਗਰ ਵਿਖੇ ਲਾਇਆ ਜਾਵੇਗਾ ਜਿਸ ਦੌਰਾਨ ਗੱਤਕਾ ਫ਼ੈਡਰੇਸ਼ਨ ਦੇ ਨੈਸ਼ਨਲ ਕੋਚ ਗੱਤਕੇ ਦੀ ਸਿਖਲਾਈ ਅਤੇ ਲੈਕਚਰ ਦੇਣਗੇ। ਉਨਾਂ ਕਿਹਾ ਕਿ ਹਰਿਆਣਾ ਵਿੱਚ ਵਿੱਚ ਅੰਤਰ-ਸਕੂਲ ਅਤੇ ਅੰਤਰ-ਕਾਲਜ ਗੱਤਕਾ ਖੇਡ ਟੂਰਨਾਮੈਂਟ ਵੀ ਆਯੋਜਿਤ ਕੀਤੇ ਜਾਣਗੇ ਤਾਂ ਜੋ ਇਹ ਟੀਮਾਂ ਰਾਸ਼ਟਰੀ ਸਕੂਲ ਖੇਡਾਂ ਅਤੇ ਆਲ ਇੰਡੀਆ ਅੰਤਰ-ਯੂਨੀਵਰਸਿਟੀ ਗੱਤਕਾ ਚੈਂਪੀਅਨਸ਼ਿਪ ਵਿੱਚ ਭਾਗ ਲੈ ਸਕਣ। ਇਸ ਤੋਂ ਇਲਾਵਾ ਹਰਿਆਣਾ ਗੱਤਕਾ ਐਸੋਸੀਏਸ਼ਨ ਵੱਲੋਂ ਹਰਿਆਣਾ ਸਟੇਟ ਗੱਤਕਾ ਓਪਨ ਚੈਂਪੀਅਨਸ਼ਿਪ ਵੀ ਕਰਵਾਈ ਜਾਵੇਗੀ ਅਤੇ ਇਸ ਚੈਂਪੀਅਨਸ਼ਿਪ ਵਿਚੋਂ ਚੁਣੀ ਹੋਈ ਗੱਤਕਾ ਟੀਮ ਰਾਸ਼ਟਰੀ ਗੱਤਕਾ ਚੈਂਪੀਅਨਸ਼ਿਪ ਵਿੱਚ ਭਾਗ ਲਵੇਗੀ।
ਇਸ ਮੌਕੇ ਸ. ਗਰੇਵਾਲ ਅਤੇ ਸ. ਚੱਠਾ ਨੇ ਹਰਿਆਣਾ ਗੱਤਕਾ ਐਸੋਸੀਏਸ਼ਨ ਵਿੱਚ ਸ਼ਾਮਲ ਹੋਣ ਵਾਲੇ ਹਰਿਆਣੇ ਦੇ ਵੱਖ-ਵੱਖ ਗੱਤਕਾ ਅਖਾੜਿਆਂ ਦੇ ਮੁਖੀਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਸ. ਚੱਠਾ ਨੇ ਆਪਣੇ ਸੰਬੋਧਨ ਵਿੱਚ ਅਖਿਆ ਕਿ ਹਰਿਆਣਾ ਐਸੋਸੀਏਸ਼ਨ ਨੇ ਗੱਤਕੇ ਦੀ ਪ੍ਰਫੁੱਲਤਾ ਲਈ ਹਮੇਸ਼ਾਂ ਵੱਡੇ ਯਤਨ ਕੀਤੇ ਹਨ ਜੋ ਅੱਗੋਂ ਵੀ ਜਾਰੀ ਰਹਿਣਗੇ। ਉਨਾਂ ਰਾਜ ਦੇ ਸਮੂਹ ਗੱਤਕਾ ਅਖਾੜਿਆਂ ਅਤੇ ਗੱਤਕਾ ਟਰੇਨਿੰਗ ਕੇਂਦਰਾਂ ਦੇ ਮੁਖੀਆਂ ਨੂੰ ਆਖਿਆ ਕਿ ਉਹ ਹਰਿਆਣਾ ਗੱਤਕਾ ਐਸੋਸੀਏਸ਼ਨ ਦੇ ਵਿਰਸਾ ਸੰਭਾਲ ਗੱਤਕਾ ਮੁਕਾਬਲਿਆਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣ ਅਤੇ ਗੱਤਕਾ ਐਸੋਸੀਏਸ਼ਨ ਨੂੰ ਅਰਜ਼ੀ ਦੇ ਕੇ ਐਫੀਲੀਏਸ਼ਨ ਪ੍ਰਾਪਤ ਕਰਨ ਤਾਂ ਜੋ ਉਨਾਂ ਦੇ ਅਖਾੜਿਆਂ ਅਤੇ ਸਿਖਲਾਈ ਕੇਂਦਰਾਂ ਨੂੰ ਮਾਨਤਾ ਦਿੱਤੀ ਜਾ ਸਕੇ। ਇਸ ਮੌਕੇ ਸ. ਜਗਦੀਸ਼ ਸਿੰਘ ਬਰਾੜ ਸੀਨੀਅਰ ਵਾਈਸ ਚੇਅਰਮੈਨ ਵਿਰਸਾ ਸੰਭਾਲ ਵਿੰਗ ਪੰਜਾਬ ਨੇ ਸਮੂਹ ਗੱਤਕਾ ਖਿਡਾਰੀਆਂ ਤੇ ਗੱਤਕਾ ਅਖਾੜਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਵਿਰਾਸਤੀ ਖੇਡ ਗੱਤਕੇ ਦੀ ਪ੍ਰਫੁੱਲਤਾ ਲਈ ਪੰਜਾਬ ਤੇ ਹਰਿਆਣਾ ਗੱਤਕਾ ਐਸੋਸੀਏਸ਼ਨ ਸਮੇਤੇ ਗੱਤਕਾ ਫੈਡਰੇਸ਼ਨ ਆਫ ਇੰਡੀਆ ਵੱਲੋਂ ਕੀਤੇ ਜਾ ਰਹੇ ਵੱਡੇ ਕਾਰਜਾਂ ਨੂੰ ਜਲਦ ਨੇਪਰੇ ਚਾੜਨ ਅਤੇ ਕਾਮਯਾਬੀ ਬਖਸ਼ਣ ਲਈ ਏਕੇ ਦਾ ਸਬੂਤ ਦਿੰਦਿਆਂ ਪੂਰਨ ਸਹਿਯੋਗ ਦੇਣ ਤੇ ਭਰਵੀਂ ਸ਼ਮੂਲੀਅਤ ਕਰਨ। ਅਜਿਹੇ ਉਦਮ ਲਈ ਉਨਾਂ ਸਮੂਹ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਉਲੰਪਿਕ ਐਸੋਸੀਏਸ਼ਨ ਤੋਂ ਮਾਨਤਾਪ੍ਰਾਪਤ ਇਨਾਂ ਖੇਡ ਸੰਸਥਾਵਾਂ ਨੂੰ ਭਰਵਾਂ ਸਹਿਯੋਗ ਦੇਣ।
ਇਸ ਮੌਕੇ ਹਾਜ਼ਰ ਗੱਤਕਾ ਅਖਾੜਿਆਂ ਦੇ ਆਗੂਆਂ ਨੇ ਭਰੋਸਾ ਦਿਵਾਇਆ ਕਿ ਚਿਰਾਂ ਤੋਂ ਗੱਤਕੇ ਨੂੰ ਮਾਨਤਾ ਮਿਲਣ ਦੀ ਆਸ ਵਿੱਚ ਬੈਠੇ ਗੱਤਕਾ ਖਿਡਾਰੀ ਹਰਿਆਣਾ ਗੱਤਕਾ ਐਸੋਸੀਏਸ਼ਨ ਤੇ ਗੱਤਕਾ ਫੈਡਰੇਸ਼ਨ ਆਫ਼ ਇੰਡੀਆ ਵੱਲੋਂ ਚਲਾਈ ਵਿਰਸਾ ਸੰਭਾਲ ਗੱਤਕਾ ਮਕਾਬਲਿਆਂ ਦੀ ਲੜੀ ਤੋਂ ਬਹੁਤ ਪ੍ਰਭਾਵਿਤ ਹੋਏ ਹਨ ਜਿਸ ਕਰਕੇ ਗੱਤਕੇ ਪ੍ਰਤੀ ਆਮ ਲੋਕਾਂ ਵਿੱਚ ਜਾਗਰੂਕਤਾ ਵਧੀ ਹੈ ਤੇ ਉਹ ਇਸ ਮੁਹਿੰਮ ਨੂੰ ਹੋਰ ਕਾਮਯਾਬੀ ਬਖਸ਼ਣ ਲਈ ਉਹ ਦਿਨ-ਰਾਤ ਇੱਕ ਕਰ ਦੇਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਗੱਤਕਾ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਸ. ਜਸਵੰਤ ਸਿੰਘ ਭੁੱਲਰ, ਇੰਦਰਪਾਲ ਸਿੰਘ ਅੰਬਾਲਾ, ਸੁਖਚੈਨ ਸਿੰਘ ਸ਼ਾਹਬਾਦ ਮਾਰਕੰਡਾ, ਭੁਪਿੰਦਰ ਸਿੰਘ ਪਾਉਂਟਾ ਸਾਹਿਬ, ਜਗਦੀਸ਼ ਸਿੰਘ ਕੁਰਾਲੀ, ਜ਼ਸਬੀਰ ਸਿੰਘ ਬੇਗਪੁਰ ਕੈਥਲ, ਨਵਨੀਤ ਸਿੰਘ ਵਿਰਕ ਤੇ ਹਰਭਜਨ ਸਿੰਘ ਕਰੁਕਸ਼ੇਤਰ ਆਦਿ ਵੀ ਹਾਜ਼ਰ ਸਨ।

London
ਹਫਤੇ ਦੀ ਤਸਵੀਰ
Old Website

Old Web Site
Currency Convertor

Currency Converter
© Copyright 2011 Badhni.com. All rights reserved. |