ਮੁੰਬਈ - ਰੁਸਤਮ-ਏ-ਪੰਜਾਬ ਅਤੇ ਰੁਸਤਮ-ਏ-ਹਿੰਦ ਦਾਰਾ ਸਿੰਘ ਅੱਜ ਸਵੇਰੇ ਆਪਣੀ ਜੁਹੂ ਸਥਿਤ ਰਿਹਾਇਸ਼ਗਾਹ 'ਤੇ ਪ੍ਰਾਣ ਤਿਆਗ ਗਏ ਅਤੇ ਮੁੰਬਈ 'ਚ ਵਿਲੇ ਪਾਰਲੇ ਸ਼ਮਸ਼ਾਨ ਘਾਟ ਵਿਖੇ ਉਨ੍ਹਾਂ ਦਾ ਸਸਕਾਰ ਕਰ ਦਿੱਤਾ ਗਿਆ। ਉਹ ਬੀਤੇ 5 ਦਿਨਾਂ ਤੋਂ ਕੋਕਿਲਾਬੇਨ ਹਸਪਤਾਲ 'ਚ ਜ਼ਿੰਦਗੀ ਅਤੇ ਮੌਤ ਨਾਲ ਜੂਝ ਰਹੇ ਸਨ। ਉਨ੍ਹਾਂ ਨੂੰ ਦਿਲ ਦਾ ਦੌਰਾ ਪੈਣ ਕਾਰਨ ਬੀਤੇ ਸਨਿਚਰਵਾਰ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਬੀਤੀ ਰਾਤ ਦਾਰਾ ਸਿੰਘ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰ ਘਰ ਲੈ ਗਏ ਸਨ ਤਾਂ ਜੋ ਜ਼ਿੰਦਗੀ ਦੇ ਅੰਤਿਮ ਪਲ ਉਹ ਪਰਿਵਾਰ 'ਚ ਗੁਜ਼ਾਰ ਸਕਣ। ਉਹ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਤਿੰਨ ਬੇਟੇ ਅਤੇ ਤਿੰਨ ਬੇਟੀਆਂ ਛੱਡ ਗਏ ਹਨ। ਫਿਲਮ 'ਭਗਤ ਧੰਨਾ ਜੱਟ' ਅਤੇ ਰਾਮਾਨੰਦ ਦੇ ਟੀ. ਵੀ. ਲੜੀਵਾਰ 'ਰਮਾਇਣ' 'ਚ ਉਨ੍ਹਾਂ ਵੱਲੋਂ ਨਿਭਾਈ ਗਈ ਭੂਮਿਕਾ ਕਦੇ ਨਹੀਂ ਭੁਲਾਈ ਜਾ ਸਕਦੀ। 84 ਸਾਲਾਂ ਦਾਰਾ ਸਿੰਘ ਨੇ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਧਰਮੂਚੱਕ 'ਚ 19 ਨਵੰਬਰ, 1928 ਨੂੰ ਬਲਵੰਤ ਕੌਰ ਅਤੇ ਸੂਰਤ ਸਿੰਘ ਰੰਧਾਵਾ ਦੇ ਘਰ ਜਨਮ ਲਿਆ ਸੀ। ਉਨ੍ਹਾਂ ਦਾ ਪੂਰਾ ਨਾਂਅ ਦੀਦਾਰ ਸਿੰਘ ਰੰਧਾਵਾ ਸੀ।
ਨਹੀਂ ਰਹੇ ਰੁਸਤਮ-ਏ-ਹਿੰਦ ਦਾਰਾ ਸਿੰਘ



