ਮੁੱਖ ਸੰਪਾਦਕ : ਮਨਪ੍ਰੀਤ ਸਿੰਘ ਬੱਧਨੀ ਕਲਾਂ
Email: badhni_com@yahoo.co.uk
Ph. +44(0)7899798363
Fax: +44(0)2080900819
Skype ID: manpreetsinghbadhnikalan

ਸੰਘੇ ਖ਼ਾਲਸਾ ਸਕੂਲ ਦੇ ਸਲਾਨਾ ਦਿਵਸ ਮੌਕੇ ਪੁਸਤਕ ਰਿਲੀਜ਼ ਅਤੇ ਕਵੀ ਦਰਬਾਰ

ਡਾ. ਰਾਮ ਮੂਰਤੀ ਦੀ ਪੁਸਤਕ ਜਸਵੰਤ ਸਿੰਘ ਨੇਕੀ ਕਾਵਿ: ਵਿਚਾਰਧਾਰਕ ਅਧਿਐਨ ਲੋਕ-ਅਰਪਣ

ਸੰਘੇ ਖ਼ਾਲਸਾ ਓਵਰਸੀਜ਼ ਵੈਲਫੇਅਰ ਕਮੇਟੀ ( ਰਜਿ:) ਵਲੋਂ ਉਸਾਰੇ ਗਏ ਸਰਕਾਰੀ ਪ੍ਰਾਇਮਰੀ ਸਕੂਲ ਦਾ ਸਲਾਨਾ ਦਿਵਸ ਮਨਾਇਆ ਗਿਆ। ਇਸ ਮੌਕੇ 'ਤੇ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ ਅਤੇ ਚੰਗੀ ਕਾਰਗੁਜ਼ਾਰੀ ਵਾਲੇ  ਸਕੂਲ ਦੇ ਬੱਚਿਆਂ ਅਤੇ ਸਟਾਫ ਮੈਂਬਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਸਮੇਂ 'ਤੇ ਡਾ.ਰਾਮ ਮੂਰਤੀ ਦੁਆਰਾ ਲਿਖਿਤ ਆਲੋਚਨਾ ਦੀ ਪੁਸਤਕ 'ਡਾ. ਜਸਵੰਤ ਸਿੰਘ ਨੇਕੀ ਕਾਵਿ:ਵਿਚਾਰਧਾਰਕ ਅਧਿਐਨ' ਰਿਲੀਜ਼ ਕੀਤੀ ਗਈ । ਵਿਸ਼ਵ ਪ੍ਰਸਿੱਧ ਪੰਜਾਬੀ  ਭਾਸ਼ਾ ਅਤੇ ਸੱਭਿਆਚਾਰ ਦੇ  ਪ੍ਰਚਾਰਕ ਸ. ਮੋਤਾ ਸਿੰਘ ਸਰਾਏ ਨੇ ਪੁਸਤਕ ਨੂੰ ਰਿਲੀਜ਼ ਕਰਨ ਦੀ ਰਸਮ ਅਦਾ ਕੀਤੀ। ਉਨ੍ਹਾਂ ਦੇ ਨਾਲ ਪ੍ਰਸਿੱਧ ਸ਼ਾਇਰ ਸੰਤ ਸੰਧੂ, ਪ੍ਰਿੰਸੀਪਲ ਕੁਲਵਿੰਦਰ ਸਿੰਘ ਸਰਾਏ (ਸੰਚਾਲਕ ਮੰਜਕੀ ਪੰਜਾਬੀ ਸੱਥ ਭੰਗਾਲਾ ), ਰਤਨ ਸਿੰਘ ਸੰਘਾ (ਸਾਬਕਾ ਸਰਪੰਚ) ਤੇ ਡਾ.ਰਾਮ ਮੂਰਤੀ ਪ੍ਰਧਾਨਗੀ ਮੰਡਲ ਵਿਚ ਸ਼ਾਮਿਲ ਸਨ। ਸ. ਮੋਤਾ ਸਿੰਘ ਸਰਾਏ ਨੇ ਡਾ.ਰਾਮ ਮੂਰਤੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਭਾਵੇਂ ਇਹ ਪੁਸਤਕ ਵਿਦਵਾਨਾਂ ਦੇ ਘੇਰੇ ਦੀ ਵਸਤ ਹੈ ਪਰ ਅੱਜ ਇਸ ਪਿੰਡ ਵਿਚ ਇਸ ਦਾ ਰਿਲੀਜ਼ ਹੋਣਾ ਮੈਨੂੰ ਚੰਗਾ ਲੱਗਾ ਹੈ। ਉਨਾਂ ਕਿਹਾ ਕਿ ਜੇਕਰ ਅਸੀਂ ਆਪਣੇ ਲੋਕਾਂ ਨੂੰ ਪੁਸਤਕਾਂ ਪੜ੍ਹਨ ਦੀ ਚੇਟਕ ਲਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਏਸੇ ਤਰ੍ਹਾਂ ਪਿੰਡਾਂ ਵਿਚ ਜਾ ਕੇ ਆਮ ਲੋਕਾਂ ਤੱਕ ਪਹੁੰਚ ਕਰਨੀ ਹੋਵੇਗੀ। ਉਨ੍ਹਾਂ ਸੰਘੇ ਖ਼ਾਲਸਾ ਓਵਰਸੀਜ਼ ਕਮੇਟੀ ਨੂੰ ਅਜਿਹਾ ਸਮਾਗਮ ਰਚਾਉਣ ਲਈ ਵਧਾਈ ਵੀ ਦਿੱਤੀ। ਉਨ੍ਹਾਂ ਕਿਹਾ ਕਿ ਸ.ਨਿਰਮਲ ਸਿੰਘ ਸੰਘਾ ਮੇਰੀ ਸ਼ਰਧਾ ਅਤੇ ਸਤਿਕਾਰ ਦੇ ਪਾਤਰ ਹਨ ਜਿਨ੍ਹਾ ਨੇ ਮੋਹਰੀ  ਭੂਮਿਕਾ ਅਦਾ ਕਰਕੇ  ਸੰਘੇ ਖਾਲਸਾ ਪਿੰਡ ਦੀ ਜੂਨ ਸਵਾਰ ਦਿੱਤੀ ਹੈ । ਪ੍ਰਿੰਸੀਪਲ ਕੁਲਵਿੰਦਰ ਸਿੰਘ ਸਰਾਏ ਨੇ ਦੱਸਿਆ ਕਿ ਮੰਜਕੀ ਪੰਜਾਬੀ ਸੱਥ ਭੰਗਾਲਾ ਅਤੇ ਸੁੰਦਰ ਬੁੱਕ ਡਿਪੋ ਵਲੋਂ ਇਹ ਪੁਸਤਕ ਸਾਂਝੇ ਤੌਰ 'ਤੇ ਛਾਪੀ ਗਈ ਹੈ। ਉਨ੍ਹਾਂ ਕਿਹਾ ਕਿ ਡਾ.ਰਾਮ ਮੂਰਤੀ ਇਕ ਅਣਥੱਕ ਕਾਮਾ ਹੈ ਅਤੇ ਸਾਨੂੰ  ਇਸ ਨੌਜਵਾਨ 'ਤੇ ਬੜਾ ਮਾਣ ਹੈ। ਉਨ੍ਹਾਂ ਸਵਰਗੀ ਸਤਨਾਮ ਸਿੰਘ ਰੰਧਾਵਾ ਦੇ ਪਰਿਵਾਰਕ ਮੈਂਬਰਾਂ ਦਾ ਅਤੇ ਵਿਸ਼ੇਸ਼ ਤੌਰ ਤੇ ਸ.ਗੁਰਦਾਵਰ ਸਿੰਘ ਹੁਰਾਂ ਦਾ ਧੰਨਵਾਦ ਵੀ ਕੀਤਾ ਜਿਹੜੇ ਸੰਘੇ ਖ਼ਾਲਸਾ ਓਵਰਸੀਜ਼ ਕਮੇਟੀ ਨਾਲ ਪੂਰਨ ਸਹਿਯੋਗ ਕਰ ਰਹੇ ਹਨ। ਪ੍ਰਸਿੱਧ ਸ਼ਾਇਰ ਸ. ਸੰਤੋਖ ਸਿੰਘ ਕੁਲਾਰ ਨੇ  ਵੀ ਡਾ. ਰਾਮ ਮੂਰਤੀ ਨੂੰ ਵਧਾਈ ਦਿੱਤੀ  ਅਤੇ ਦੱਸਿਆ ਕਿ ਕਿਤਾਬ  ਲਿਖਣੀ ਤੇ  ਛਪਵਾਉਣੀ ਮਾਂ ਦੇ ਬੱਚੇ ਨੂੰ ਜਨਮ ਦੇਣ ਦੇ ਬਰਾਬਰ ਹੈ । ਉਨ੍ਹਾਂ ਨੇ ਇਕ ਕਵਿਤਾ ਨਾਲ ਵੀ ਆਪਣੀ ਹਾਜ਼ਰੀ ਲਗਵਾਈ।

ਸਮਾਗਮ ਦੇ ਦੂਸਰੇ ਦੌਰ ਵਿਚ ਇਕ ਗ਼ੈਰ-ਰਸਮੀ ਕਵੀ-ਦਰਬਾਰ ਵੀ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਸ਼੍ਰੀ ਸੰਤ ਸੰਧੂ ਨੇ ਕੀਤੀ। ਸ.ਨਿਰਮਲ ਸਿੰਘ ਸੰਘਾ ਨੇ ਆਏ ਕਵੀਆਂ ਅਤੇ ਸਰੋਤਿਆਂ ਨੂੰ ਜੀ ਆਇਆਂ ਆਖਣ ਦੀ ਰਸਮ ਨਿਭਾਈ। ਇਸ ਕਵੀ ਦਰਬਾਰ ਵਿਚ ਸਰਵ ਸ਼੍ਰੀ ਸੰਤੋਖ ਕੁਲਾਰ, ਸੰਤ ਸੰਧੂ, ਜਸਪਾਲ ਨਕੋਦਰ, ਨਿਰਮਲ ਸਿੰਘ ਸੰਘਾ, ਕੁਲਬੀਰ ਕੰਵਲ, ਡਾ. ਰਾਮ ਮੂਰਤੀ, ਕੁਮਾਰੀ ਅਲਕਾ, ਕੁਮਾਰੀ ਅੰਮ੍ਰਿਤਾ ਅਤੇ ਕਾਕਾ ਗੁਰਜੀਤ ਸਿੰਘ ਨੇ ਆਪੋ ਆਪਣੀਆਂ ਕਵਿਤਾਵਾਂ ਸੁਣਾ ਕੇ ਸਰੋਤਿਆਂ ਨੂੰ ਮੰਤਰ-ਮੁਗਧ ਕਰ ਦਿੱਤਾ। ਇਸ ਸਮਾਗਮ ਵਿਚ ਖ਼ਾਲਸਾ ਕਾਲਜ ਸੰਗ ਢੇਸੀਆਂ ਤੋਂ ਆਈਆਂ ਵਿਦਿਆਰਥਣਾਂ ਅਲਕਾ, ਅੰਮ੍ਰਿਤਾ ਅਤੇ ਸਟਾਫ ਮੈਂਬਰਾਨ ਨੂੰ ਇਨਾਮ ૶ਸਨਮਾਨ ਵੀ ਦਿੱਤੇ ਗਏ। ਸੰਘੇ ਖਾਲਸਾ ਓਵਰਸੀਜ਼ ਵੈਲਫੇਅਰ ਕਮੇਟੀ ਵਲੋਂ ਸ. ਮੋਤਾ ਸਿੰਘ ਸਰਾਏ ਦਾ ਸਨਮਾਨ ਵੀ ਕੀਤਾ ਗਿਆ। ਇਸ ਸਮਾਗਮ ਵਿਚ ਕਮੇਟੀ ਦੇ ਸਰਵ ਸ਼੍ਰੀ ਸੋਹਣ  ਸਿੰਘ ਸੰਘਾ, ਦਰਸ਼ਨ ਸਿੰਘ ਰੰਧਾਵਾ, ਸਤਨਾਮ ਸਿੰਘ, ਜੀਤਾ, ਸ਼੍ਰੀਮਤੀ ਰੇਨੂੰ, ਚਰਨਜੀਤ ਕੌਰ,ਏਕਤਾ, ਕਮਲਜੀਤ ਕੌਰ ਆਦਿ ਨੇ ਵੀ ਸ਼ਿਰਕਤ ਕੀਤੀ। ਮੰਚ ਦਾ ਸੰਚਾਲਨ ਸ਼੍ਰੀ ਸੁਰਿੰਦਰ ਖੀਵਾ ਨੇ ਬੜੇ ਖ਼ੂਬਸੂਰਤ ਅੰਦਾਜ਼ ਵਿਚ ਕੀਤਾ।

ਜਾਰੀ ਕਰਤਾ:ਸੁਰਿੰਦਰ ਖੀਵਾ

London
ਹਫਤੇ ਦੀ ਤਸਵੀਰ
Old Website

Old Web Site
Currency Convertor

Currency Converter
© Copyright 2011 Badhni.com. All rights reserved. |