ਟੈਲਫੋਰਡ ਦੇ ਕਬੱਡੀ ਟੂਰਨਾਮੈਂਟ ਮੌਕੇ ਖਿਡਾਰੀਆਂ ਨੇ ਕਰਵਾਈ ਧੰਨ ਧੰਨ, ਮੇਲੇ ਦਾ ਮੁੱਲ ਫਾਈਨਲ ਮੈਚ ਨੇ ਮੋੜਿਆ, ਜੇਤੂ ਕੱਪ ਸਿੰਘ ਸਭਾ ਸਲੋਹ ਅਤੇ ਰਨਰ ਅੱਪ ਦਾ ਕੱਪ ਪੰਜਾਬ ਯੁਨਾਇਟਡ ਟਿਲਫੋਰਡ ਵੁਲਵਰਹੈਂਪਟਨ ਨੇ ਚੁੱਕਿਆ

ਮੇਲਿਆਂ ਦੇ ਵਿੱਚ ਮੇਲੀ ਮਿਲਦੇ, ਖੇਡਾਂ ਦੇ ਵਿੱਚ ਹਾਣੀ
ਕੁੰਢੀਆਂ ਦੇ ਸਿੰਗ ਫਸ ਗਏ, ਕੋਈ ਨਿਕਲੂ ਵੜੇਵੇਂ ਖਾਣੀ

 

ਰਿਪੋਰਟ ਮਨਪ੍ਰੀਤ ਸਿੰਘ ਬੱਧਨੀ ਕਲਾਂ

ਫੋਟੋ: 1) ਟਿਲਫੋਰਡ ਕਬੱਡੀ ਕਲੱਬ ਦੇ ਖਿਡਾਰੀ ਅਤੇ ਪ੍ਰਬੰਧਕ, 2) ਪੰਜਾਬ ਯੁਨਾਇਟਡ ਸਪੋਰਟਸ ਕਲੱਬ ਟਿਲਫੋਰਡ ਵੁਲਵਰਹੈਂਪਟਨ ਦੇ ਖਿਡਾਰੀ ਅਤੇ ਪ੍ਰਬੰਧਕ, 3) ਜੇਤੂ ਕੱਪ ਨਾਲ ਸਿੰਘ ਸਭਾ ਸਲੋਹ ਦੇ ਖਿਡਾਰੀ. 4) ਰਨਰ ਅੱਪ ਦੇ ਕੱਪ ਨਾਲ ਪੰਜਾਬ ਯੁਨਾਇਟਡ ਟਿਲਫੋਰਡ ਵੁਲਵਰਹੈਂਪਟਨ, 5) ਪੰਜਾਬ ਯੁਨਾਇਟਡ ਟਿਲਫੋਰਡ ਵੁਲਵਰਹੈਂਪਟਨ ਦੇ ਖਿਡਾਰੀ ਜੱਫਾ ਲਾਉਣ ਦੀ ਤਾਕ ਵਿੱਚ, 6) ਟਿਲਫੋਰਡ ਕਬੱਡੀ ਕਲੱਬ ਦੇ ਖਿਡਾਰੀ ਜੱਫਾ ਲਾਉਣ ਦੀ ਤਾਕ ਵਿੱਚ, 7) ਬੱਚੇ ਕਬੱਡੀ ਦੀ ਮੁਹਾਰਨੀ ਸਿੱਖਦੇ ਹੋਏ, 8) ਸੰਦੀਪ ਨੰਗਲ ਅੰਬੀਆਂ ਧਾਵੀ ਨੂੰ ਕਲਾਵੇ ਵਿੱਚ ਲੈ ਕੇ ਬੈਠਾ ਹੋਇਆ, 9) ਪ੍ਰਬੰਧਕ ਰੈਫਰੀ ਚੁੰਨੀ ਪੱਤੜ ਦਾ ਸਨਮਾਨ ਕਰਦੇ ਹੋਏ, 10) ਮਿਡਵੇ ਦੇ ਪ੍ਰਬੰਧਕਾਂ ਦਾ ਸਨਮਾਨ ਕਰਦੇ ਹੋਏ ਸੂਰਜ, ਮਹਿੰਦਰ ਸਿੰਘ ਮੌੜ, ਨਛੱਤਰ ਸਿੰਘ ਥਿਆੜਾ, ਪ੍ਰਬੰਧਕ ਕਮੇਟੀ ਦਾ ਨੁਮਾਇੰਦਾ ਅਤੇ ਬਲਵਿੰਦਰ ਸਿੰਘ ਚੱਠਾ




ਇੰਗਲੈਂਡ ਦੇ ਵੱਖ ਵੱਖ ਸ਼ਹਿਰਾਂ ਵਿੱਚ ਹੋਣ ਵਾਲੇ ਕਬੱਡੀ ਟੂਰਨਾਮੈਂਟਾਂ ਦਾ ਸਿਲਸਲਾ ਅਜੇ ਜਾਰੀ ਹੈ। ਇਸ ਲੜੀ ਨੂੰ ਇੰਗਲੈਂਡ ਕਬੱਡੀ ਫੈਡਰੇਸ਼ਨ ਨੇ ਮੇਲਿਆਂ ਦੇ ਪ੍ਰਬੰਧਕਾਂ ਦੇ ਸਹਿਯੋਗ ਨਾਲ ਅੱਧ ਤੱਕ ਬੜੀ ਸਫਲਤਾ ਨਾਲ ਲੈ ਆਂਦਾ ਹੈ। ਤਕਰੀਬਨ ਅੱਧੇ ਟੂਰਨਾਮੈਂਟ ਹੋਣੇ ਬਾਕੀ ਹਨ ਸਾਨੂੰ ਪੂਰਨ ਆਸ ਹੈ ਰਹਿੰਦੇ ਟੂਰਨਾਮੈਂਟ ਚੜ੍ਹਦੀ ਕਲ੍ਹਾ ਵਿੱਚ ਨੇਪਰੇ ਚੜ੍ਹ ਜਾਣਗੇ। ਇਸ ਹਫਤੇ ਟੈਲਫੋਰਡ ਵਿਖੇ ਛੇਵਾਂ ਕਬੱਡੀ ਟੂਰਨਾਮੈਂਟ ਗੁਰੂ ਨਾਨਕ ਸਿੱਖ ਟੈਂਪਲ ਹੈਡਲੀ, ਗੁਰੂ ਨਾਨਕ ਦਰਬਾਰ ਓਕਨਗੇਟਸ, ਕਮਿਉਨਿਟੀ ਸੈਂਟਰ ਹੈਡਲੀ, ਪੰਜਾਬ ਯੁਨਾਇਟਡ ਸਪੋਰਟਸ ਕਲੱਬ ਅਤੇ ਟੈਲਫੋਰਡ ਕਬੱਡੀ ਕਲੱਬ ਵੱਲੋਂ ਬੜੇ ਵਧੀਆ ਪ੍ਰਬੰਧਾਂ ਹੇਠ ਖੁੱਲ੍ਹੇ ਡੁੱਲੇ ਸਟੇਡੀਅਮ ਵਿੱਚ ਕਰਵਾਇਆ ਗਿਆ। ਭਾਵੇਂ ਇੰਦਰ ਦੇਵਤਾ ਨੇ ਟੂਰਨਾਮੈਂਟ ਕਮੇਟੀ ਦਾ ਸਾਥ ਦਿੰਦਿਆਂ ਮੈਚਾਂ ਵਿੱਚ ਕੋਈ ਵੱਡਾ ਵਿਘਨ ਨਾ ਪਾਇਆ, ਲੇਕਨ ਇੰਗਲੈਂਡ ਦੇ ਵੱਖ ਵੱਖ ਸ਼ਹਿਰਾਂ ਵਿੱਚ ਮੁਰਲੇਧਾਰ ਵਰਖਾ ਕਰਕੇ ਕਬੱਡੀ ਪ੍ਰੇਮੀਆਂ ਅੰਦਰ ਸ਼ੱਕ ਪੈਦਾ ਕਰ ਦਿੱਤੀ ਕਿ ਟੂਰਨਾਮੈਂਟ ਪਤਾ ਨਹੀਂ ਸਿਰੇ ਚੜ੍ਹੇਗਾ ਜਾਂ ਨਹੀਂ ਜਿਸ ਕਰਕੇ ਦਰਸ਼ਕਾਂ ਦੀ ਘਾਟ ਰੜਕਦੀ ਰਹੀ ਫਿਰ ਵੀ ਦਿਨ ਢਲਦੇ ਤੱਕ ਸਟੇਡੀਅਮ ਵਿੱਚ ਕਾਫੀ ਰੌਣਕ ਹੋ ਗਈ ਸੀ। ਪ੍ਰਬੰਧਕਾਂ ਵੱਲੋਂ ਕੀਤਾ ਪ੍ਰਬੰਧ ਮੂੰਹੋ ਬੋਲ ਰਿਹਾ ਸੀ ਕਿ ਚੰਗੇ ਪ੍ਰਬੰਧ ਲਈ ਟੈਲਫੋਰਡ ਵਾਲਿਆਂ ਨੇ ਦਿਲ ਖੋਲ ਕੇ ਪੌਂਡ ਖਰਚੇ ਸਨ।
ਮੀਂਹ ਵਰਦੇ ਵਿੱਚ ਜਦ ਟੈਲਫੋਰਡ ਪਹੁੰਚੇ ਤਾਂ ਹੈਰਾਨ ਹੋਏ ਸਟੇਡੀਅਮ ਵਿੱਚ ਮੈਚ ਚੱਲ ਰਿਹਾ ਸੀ, ਥੋੜੀ ਠੰਡ ਜਿਹੀ ਮਹਿਸੂਸ ਹੁੰਦੀ ਸੀ ਚਾਹ ਪਾਣੀ ਛਕ ਕੇ ਮੈਂ ਕਮਰ ਕਸੇ ਕਰ ਲਏ। ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸ੍ਰ. ਮਹਿੰਦਰ ਸਿੰਘ ਮੌੜ ਅਤੇ ਜਨਰਲ ਸਕੱਤਰ ਸ੍ਰ. ਕੁੰਦਨ ਸਿੰਘ ਖੈੜਾ ਦੀਆਂ ਟੀਮਾਂ ਦਾ ਮੈਚ ਚੱਲ ਰਿਹਾ ਸੀ। ਹਾਫ ਟਾਈਮ ਤੋਂ ਬਾਅਦ ਦਾ ਹਿੱਸਾ ਵੇਖਣਾ ਸਾਡੇ ਨਸੀਬ ਹੋਇਆ ਸੀ। ਮੈਚ ਪੰਜਾਬ ਯੁਨਾਇਟਡ ਟਿਲਫੋਰਡ ਵੁਲਵਰਹੈਂਪਟਨ ਦੇ ਹੱਕ ਗਿਆ। ਸਾਊਥਾਲ ਅਤੇ ਬ੍ਰਮਿੰਘਮ ਵਿਚਕਾਰ ਹਇਆ ਮੈਚ ਇਕਪਾਸੜ ਹੀ ਰਿਹਾ ਰਾਜਾ, ਅਮਨ, ਮਨਪ੍ਰੀਤ, ਅਮਰਜੀਤ ਇਥੋਂ ਦੇ ਜੰਮਪਲ ਸਾਥੀਆਂ ਨਾਲ ਵਧੀਆ ਖੇਡਦੇ ਹਨ। ਸਿੱਖ ਟੈਂਪਲ ਵੁਲਵਰਹੈਂਪਟਨ ਅਤੇ ਲੈਸਟਰ ਵਿਚਕਾਰ ਹੋਇਆ ਅਗਲਾ ਮੈਚ ਵੀ ਦਿਲਚਸਪ ਸੀ ਅਮਲੀ ਖਿਡਾਰੀਆਂ ਤੇ ਪੂਰਾ ਵਰਦਾ ਸੀ ਭਜਾ ਮਿੰਦੀ, ਪੰਮਾਂ ਨੂੰ ਜੱਫੇ ਲਾ ਗਿਆ ਪਿਆਰਾ ਰੰਧਾਵਾ ਅਤੇ ਛਿੰਦਾ ਅਮਲੀ ਖੁਦ ਵੀ ਆਹਮੋਸਾਹਮਣੇ ਹੋਏ। ਬੀਰੂ ਜੱਜਿਆਂ ਵਾਲਾ ਨੇ ਚੜ੍ਹਦੀ ਉਮਰ ਦੇ ਧਾਵੀ ਮੱਲ੍ਹ ਵਰਗੇ ਨੂੰ ਵਾਹਨੀ ਪਾਈ ਰੱਖਿਆ, ਰਾਜੂ ਸੂਰੇਵਾਲ, ਰਿੰਪੀ ਅੱਚਰਵਾਲ ਰਾਜਿੰਦਰ ਢੁੱਟ ਅਤੇ ਮੌਂਟੀ ਤੋਂ ਹੱਲਾਸ਼ੇਰੀ ਲੈਂਦੇ ਖੇਡ ਰਹੇ ਸੀ। ਬਲਕਾਰਾ, ਜੱਗਾ ਸੁੱਖਾ ਫਰੀਦਕੋਟੀਆ ਦੀ ਮਦਦ ਨਾਲ ਮੈਚ ਸਿੱਖ ਟੈਂਪਲ ਵੁਲਵਰਹੈਂਪਟਨ ਦੀ ਟੀਮ ਨੇ ਸੱਤ ਨੰਬਰਾਂ ਦੇ ਫਰਕ ਨਾਲ ਜਿੱਤ ਲਿਆ। ਹੇਜ਼ ਵਾਲਾ ਬਬਲੀ ਚੜਿੱਕ ਟੀਮ ਨੂੰ ਲੈ ਕੇ ਆਇਆ ਸੀ ਲੇਕਨ ਸਿਰਫ ਦੋ ਸੌ ਪੌਂਡ ਹਾਜ਼ਰੀ ਜੁਰਮਾਨਾ ਬਚਾਉਣ ਲਈ ਬਸ ਜਲਦੀ ਹੀ ਵੁਲਵਰਹੈਂਪਟਨ ਜੱਸਾ ਨੂੰ ਜੇਤੂ ਕਹਿ ਕੇ ਗਰਾਉਂਡ ਚੋਂ ਬਾਹਰ ਹੋ ਗਏ। ਟਿਲਫੋਰਡ ਕਬੱਡੀ ਕਲੱਬ ਨੇ ਇਲਫੋਰਡ ਨੂੰ ਹਰਾ ਕੇ ਅਗਲਾ ਮੈਚ ਜਿੱਤਿਆ। ਕਵੈਂਟਰੀ ਨੇ ਈਰਥ ਵੂਲਿਚ ਨੂੰ ਹਰਾਇਆ। ਗ੍ਰੇਵਜ਼ੈਂਡ ਵਾਲੇ ਵੀ ਦੋ ਸੌ ਪੌਂਡ ਜੁਰਮਾਨਾ ਮਨਜ਼ੂਰ ਕਰ ਗਏ ਹਾਜ਼ਰੀ ਨਾ ਭਰ ਸਕੇ ਬਾਰਕਿੰਗ ਬਿੰਨਾ ਖੇਡੇ ਜਿੱਤ ਗਈ। ਡਰਬੀ ਅਤੇ ਮਿਡਵੇ ਦਾ ਮੈਚ ਠੀਕ ਸੀ ਸਰਵਣ ਵਰਨਾਲੀਆ ਆਪਣਾ ਮੁੱਲ੍ਹ ਮੋੜ ਹੀ ਜਾਂਦਾ ਹੈ ਪਾਲਾ ਪੰਡੋਰੀ ਹਿੱਕ ਨਾਲ ਲਾਇਆ, ਗੋਪੀ ਨੇ ਕਾਲਾ, ਹੀਰਾ, ਕਮਲ ਵਧੀਆ ਖੇਡੇ। ਟਿਲਫੋਡਰ ਕਬੱਡੀ ਕਲੱਬ ਦਾ ਅਗਲਾ ਮੈਚ ਹੁੱਲ ਨਾਲ ਸੀ ਮੁਕਾਬਲਾ ਖੂਬ ਹੋਇਆ ਹਰਦੀਪ ਨੇ ਇੰਦਰਪਾਲ ਨੂੰ ਜੱਫਾ ਕੱਢਿਆ ਤਾਂ ਸੰਦੀਪ ਨੰਗਲ ਅੰਬੀਆਂ ਨੇ ਰਾਜਾ, ਸ਼ੇਰਾ ਨੂੰ ਰੋਬ ਮਾਰਿਆ, ਗੋਰਾ ਖੀਰਾਂ ਵਾਲੀ ਵੀ ਹੱਥ ਗਰਮ ਕਰਗਿਆ ਸੱਤਾ, ਘੋਗੜ, ਤੇਜ਼ੀ ਦੀ ਵਧੀਆ ਖੇਡ ਨੇ ਅਖਤਰ ਅਤੇ ਘੁੱਦੇ ਦੀ ਟੀਮ ਨੂੰ ਹਰਾ ਦਿੱਤਾ ਨਾਣੂ ਹੁਣ ਖੁੰਡਾ ਹੋਗਿਆ ਲਗਦਾ ਸੀ। ਕਾਲੂ ਕਾਲੇ ਸੰਘਿਆਂ ਵਾਲਾ ਵਧੀਆ ਰੇਡਰ ਹੈ। ਬਿੰਦਾ ਫਰਾਲਾ ਵੀ ਤੇਜ਼ੀ ਨੂੰ ਤੇਜ਼ ਦੇ ਗਿਆ। ਬਲਵਿੰਦਰ ਚੱਠਾ, ਰਣਜੀਤ ਚੱਠਾ, ਸਤਵੀਰ, ਸੋਖਾ ਢਿਲੋਂ ਅੱਜ ਟੀਮ ਤੋਂ ਤਕੜੀ ਆਸ ਪੂਰੀ ਹੋਣ ਦੀ ਸੰਭਾਵਨਾ ਰੱਖ ਰਹੇ ਸੀ। ਘਰ ਦਾ ਟੂਰਨਾਮੈਂਟ ਹੋਣ ਕਰਕੇ ਪੂਰੇ ਭੰਗੜੇ ਪਾਉਂਦੇ ਰਹੇ।
''ਹਰੇ ਹਰੇ ਘਾਹ ਉੱਤੇ ਸੱਪ ਫੂਕਾਂ ਮਾਰਦਾ ਭੱਜੋ ਵੇ ਵੀਰੋ ਬਾਪੂ ਕੱਲ੍ਹਾ ਮੱਝਾਂ ਚਾਰਦਾ",
ਸਟੇਡੀਅਮ ਦੀ ਹਰਿਆਲੀ ਵੇਖ ਕੇ ਪੁਰਾਣੀਆਂ ਲੋਕ ਬੋਲੀਆਂ ਯਾਦ ਆ ਰਹੀਆਂ ਸਨ, ਹਰਾ ਹਰਾ ਘਾਹ ਮਨ ਮੋਂਹਦਾ ਸੀ। ਦਰਸ਼ਕਾਂ ਨੂੰ ਵੇਖ ਵੇਖ ਪ੍ਰਬੰਧਕ ਮਹਿਸੂਸ ਕਰ ਰਹੇ ਸਨ ਜੇ ਆਉਂਦੇ ਵਰ੍ਹੇ ਟੂਰਨਾਮੈਂਟਾਂ ਵਿੱਚ ਤਬਦੀਲੀ ਹੋ ਜਾਵੇ ਤਾਂ ਚੰਗੀ ਗੱਲ ਹੈ ਇੱਕ ਟੂਰਨਾਮੈਂਟ ਲੰਡਨ ਅਤੇ ਇੱਕ ਮਿਡਲੈਂਡ ਵਿੱਚ ਹੋਇਆ ਕਰੇ ਤਾਂ ਦਰਸ਼ਕਾਂ ਦੀ ਗਿਣਤੀ ਹੋਰ ਵੀ ਵੱਧ ਸਕਦੀ ਹੈ। ਗੁਰੂ ਕਾ ਲੰਗਰ ਵੀ ਅਤੁੱਟ ਵਰਤ ਰਿਹਾ ਸੀ। ਅੱਜ ਦਾ ਦਸਵਾਂ ਮੈਚ ਵੁਲਵਰਹੈਂਪਟਨ ਜੱਸਾ ਅਤੇ ਸਲੋਹ ਵਿਚਕਾਰ ਵੀ ਇੱਕ ਤਰਫਾ ਹੀ ਰਿਹਾ ਪ੍ਰਗਟ ਜੋਗੀ ਨੂੰ ਜੱਫਾ ਲਾਗਿਆ, ਨਾਨਕ, ਬਾਗੀ, ਕਾਲਾ ਦੀ ਪੇਸ਼ ਨਾ ਗਈ, ਦਰਸ਼ਨ ਘੜਾਚੋਂ ਵੀ ਸ਼ੌਕਤ ਦੇ ਮੋਡਿਆਂ ਤੇ ਚੜ੍ਹਨ ਦੀ ਕੋਸ਼ਿਸ਼ ਕਰਦਾ ਰਿਹਾ। ਸਿੱਖ ਟੈਂਪਲ ਵੁਲਵਰਹੈਂਪਟਨ ਅਤੇ ਪੰਜਾਬ ਯੁਨਾਇਟਡ ਟਿਲਫੋਰਡ ਵੁਲਵਰਹੈਂਪਟਨ ਦਾ ਮੈਚ ਕੁਝ ਅਨੁਸ਼ਾਸ਼ਨਤਾ ਦੀ ਕਮੀ ਵਿਖਾਉਂਦਾ ਰਿਹਾ ਬਲਕਾਰੇ ਨੇ ਗੁਰਲਾਲ ਨੂੰ ਲਲਕਾਰ ਕੇ ਨੰਬਰ ਸਾਂਝਾ ਕਰ ਲਿਆ ਅਤੇ ਬਚਿੱਤਰ ਨੂੰ ਜੱਫਾ ਠੋਕ ਦਿੱਤਾ, ਜਤਿੰਦਰ ਚੱਠਾ, ਦੀਪਾ, ਸੀਤਾ, ਮਨਜਿੰਦਰ ਨੇ ਜੱਫਿਆਂ ਦਾ ਜਾਣੀ ਮੀਂਹ ਲੈ ਆਂਦਾ, ਗੁਰਲਾਲ, ਗੱਬਰ ਅਤੇ ਬਚਿੱਤਰ ਦੀ ਵਧੀਆ ਕੌਡੀ ਨੇ 21 ਦੇ ਮੁਕਾਬਲੇ 42 ਅੰਕਾਂ ਦੇ ਭਾਰੀ ਫਰਕ ਨਾਲ ਮੈਚ ਜਿੱਤ ਲਿਆ। ਸਾਊਥਾਲ ਦਾ ਅਮਲਾ ਫੈਲਾ ਅੱਜ ਵਿਖਾਈ ਨਹੀਂ ਦਿੱਤਾ ਪਾਲੀ ਢਿਲੋਂ, ਅਵਤਾਰ ਬਾਬਾ ਆਪਣੇ ਥੋੜੇ ਜੇਹੇ ਸਾਥੀਆਂ ਨਾਲ ਕਵੈਂਟਰੀ ਦੇ ਮੁਕਾਬਲੇ ਮੈਦਾਨ ਅੰਦਰ ਨਿੱਤਰੇ ਰੱਭੋ ਨੇ ਆਪਣੀ ਚੜ੍ਹਤ ਬਰਕਰਾਰ ਰੱਖੀ ਤੋਚੀ, ਅਜਮੇਰ ਜਲਾਲ, ਮਨਜੀਤ ਸੋਹੇੜੇ ਨੇ ਤੋਚੀ, ਸੋਨੀ ਨੂੰ ਜੱਫੇ ਲਾਏ ਕੁਲਜੀਤ, ਜੀਤਾ ਸਾਦਕ ਵਧੀਆ ਖੇਡੇ, ਗੋਲੂ, ਸਾਬੀ ਚਕਰ, ਹਰਜੀਤ ਪੱਤੜ ਵਧੀਆ ਖਿਡਾਰੀ ਹੋਣ ਦੇ ਬਾਵਜੂਦ ਪ੍ਰਬੰਧਕਾਂ ਨੂੰ ਕੋਈ ਆਸ ਦੀ ਕਿਰਨ ਨਹੀਂ ਵਿਖਾ ਰਹੇ। ਲੱਡੂ ਕਿਸੇ ਦੇ ਹੱਥ ਨਾ ਲੱਗਾ। ਦੀਪਾ ਮੌਲੀ ਟੀਮ ਤੋਂ ਖੁਸ਼ ਹੈ ਸਤਨਾਮ ਸਿੰਘ ਚੁੱਪ ਵੱਟ ਕੇ ਕਦੇ ਕਦੇ ਕੱਪ ਨੂੰ ਹੱਥ ਪਾ ਕੇ ਲੈ ਹੀ ਜਾਂਦੈ।
ਸਿੰਘ ਸਭਾ ਬਾਰਕਿੰਗ ਅਤੇ ਟਿਲਫੋਰਡ ਕਬੱਡੀ ਕਲੱਬ ਦਾ ਮੈਚ ਦਿਲਾਂ ਤੇ ਹੱਥ ਧਰ ਕੇ ਵੇਖਣ ਵਾਲਾ ਸੀ ਅੱਧੇ ਅੱਧੇ ਨੰਬਰ ਤੇ ਸ਼ਵੀਆਂ ਖੜਕਦੀਆਂ, ਜਾਣੋਂ ਵੱਡ ਖਾਣਾ ਮੁਕਾਬਲਾ ਹੁੰਦਾ ਸੀ ਅਜਮੇਰ ਸਿੰਘ ਮੇਲਾ ਕਾਲੀਆਂ ਐਨਕਾਂ ਵਿੱਚਦੀ ਜਾਫੀਆਂ ਧਾਵੀਆਂ ਨੂੰ ਪਾਣੀ ਪਿਉਂਦਾ ਪਿਾਉਂਦਾ ਆਖ ਰਿਹਾ ਸੀ ਪੁੱਤ ਇੱਕ ਕੱਪ ਹੋਰ ਚੁੱਕੋ, ਉਧਰੋਂ ਬਲਵਿੰਦਰ ਚੱਠਾ ਪੌਂਡਾਂ ਦੀ ਜੇਬ ਖਾਲੀ ਕਰਨ ਨੂੰ ਤਿਆਰ ਸੀ ਸ਼ੇਰੋ ਕੱਪ ਵੇਖ ਕੇ ਖੇਡੋ ਅੱਜ ਪਿੰਡ ਦਾ ਮੇਲਾ ਐ ਵੇਖਿਓ ਕਿਤੇ૴૴? ਹਾਫ ਟਾਈਮ ਤੱਕ ਬਾਰਕਿੰਗ ਡੇਢ ਅੰਕ ਤੇ ਅੱਗੇ ਸੀ, ਸੰਦੀਪ ਨੰਗਲ ਅੰਬੀਆਂ ਨੇ ਜੱਫਿਆਂ ਦੀ ਧੂਹ ਵਰਾ ਦਿੱਤੀ, ਦੀਪਾ, ਨਾਗਰਾ ਸਭ ਨੂੰ ਹੱਥ ਪਾ ਗਿਆ, ਗੋਗੀ ਜਰਗੜੀ ਕਹਿੰਦਾ ਰਿਹਾ ਭਾਜੀ ਵੇਖ ਕੇ, ਗੋਰਾ ਗੋਲੇਵਾਲ ਇੰਦਰਪਾਲ ਨੂੰ ਫਤਹਿ ਬੁਲਾ ਗਿਆ। ਬਿੰਦੂ ਬੱਜਵਾਂ, ਘੋਗੜ, ਤੇਜ਼ੀ ਲੱਖਣ ਕੇ ਪੱਡੇ, ਗੋਰਾ ਖੀਰਾਂਵਾਲੀ ਨੇ ਰਾਜੂ ਕੌਂਕੇ, ਕਾਲਾ ਮਹੇੜੂ ਨਾਲ ਭਿੜੇ ਤਾਂ ਪੂਰਾ, ਖੇਡ ਨੇ ਦਰਸ਼ਕਾਂ ਨੂੰ ਠੰਡ ਵਿੱਚ ਤਰੇਲੀਆਂ ਲਿਆ ਦਿੱਤੀਆਂ ਲੇਕਨ ਅੱਧੇ ਨੰਬਰ ਦੇ ਫਰਕ ਨਾਲ ਅਮਰੀਕ ਬੋਪਾਰਾਏ ਅਤੇ ਗੁਰਮੀਤ ਅੜਕ ਨੂੰ ਜਿੱਤਣੋਂ ਅੜਕਾ ਨਾ ਸਕੇ ਅਤੇ ਮੁਕਾਬਲੇ 'ਚੋਂ ਬਾਹਰ ਹੋ ਗਏ। ਸਲੋਹ ਅਤੇ ਡਰਬੀ ਵਿਚਕਾਰ ਹੋਇਆ ਮੁਕਾਬਲਾ ਵੀ ਅੱਧੋ ਅੱਧ ਹੀ ਰਿਹਾ ਜੱਸਾ, ਜੈਲ੍ਹਾ, ਰੂਬੀ, ਸਰਵਣ, ਪੂਰਨ ਪੰਨੂੰ ਅਤੇ ਲੰਬੜ ਗੁਰਨਾਮ ਸਿੰਘ ਛੋਕਰ, ਨਛੱਤਰ ਸਿੰਘ, ਹਰਚਰਨ ਸਿੰਘ ਅਤੇ ਸਾਥੀਆਂ ਦਾ ਹੱਥ ਕੱਪ ਤੋਂ ਕਾਫੀ ਦੂਰ ਹੀ ਰੱਖਦੇ ਆ ਰਹੇ ਹਨ। ਪੰਜਾਬ ਯੁਨਾਇਟਡ ਟਿਲਫੋਰਡ ਵੁਲਵਰਹੈਂਪਟਨ ਅਤੇ ਬਾਰਕਿੰਗ ਵਿਚਕਾਰ ਹੋਏ ਪਹਿਲੇ ਸੈਮੀਫਾਈਨਲ ਮੈਚ ਨੇ ਨਛੱਤਰ ਸਿੰਘ ਥਿਆੜਾ, ਗੁਰਪਾਲ ਸਿੰਘ ਚੱਠਾ, ਬਹਾਦਰ ਸਿੰਘ ਸ਼ੇਰਗਿੱਲ, ਜਸਵਿੰਦਰ ਸੂਰਜ ਦੀਆਂ ਚਿਰਾਂ ਤੋਂ ਅਧੂਰੀਆਂ ਆਸਾਂ ਨੂੰ ਘਰ ਦੇ ਟੂਰਨਾਮੈਂਟ ਤੇ ਪੂਰੀਆਂ ਹੁੰਦੀਆਂ ਵਿਖਾਈ ਦਿੱਤੀਆਂ। ਹੁਣ ਸੂਰਜ ਦੇਵਤਾ ਅੱਖ ਮਟੱਕਾ ਕਰਨ ਲੱਗ ਪਿਆ ਸੀ ਢਲਦੀਆਂ ਸ਼ਾਮਾਂ ਵਿੱਚ ਧੁੱਪ ਸ਼ਾਇਦ ਪੰਜਾਬ ਯੁਨਾਇਟਡ ਟਿਲਫੋਰਡ ਵੁਲਵਰਹੈਂਪਟਨ ਨੂੰ ਇਸ ਵਰ੍ਹੇ ਦੇ ਪਹਿਲੇ ਕੱਪ ਵੱਲ ਵੱਧਦੇ ਕਦਮ ਦੀ ਮੁਬਾਰਕਬਾਦ ਦੇਣ ਆਇਆ ਸੀ। ਕਵੈਂਟਰੀ ਅਤੇ ਸਲੋਹ ਦਾ ਮੁਕਾਬਲਾ ਵੀ ਅੱਧੋ ਅੱਧ ਦਾ ਫਰਕ ਦਿਰਸਾ ਰਿਹਾ ਸੀ, ਲੇਕਨ ਕੁਲਜੀਤੇ ਖਾੜਕੂ ਨੇ ਸਲੋਹ ਦੇ ਵਧੀਆ ਧਾਵੀ ਕਾਕਾ ਕਾਰੀਸਾਰੀ ਨੂੰ ਕਲਾਵੇ ਵਿੱਚ ਲੈ ਕੇ ਆਖਿਆ ਕਿ ''ਅਸੀਂ ਚਾਦਰਾਂ ਵਿਛਾਉਂਦੇ ਰਹੇ ਚਾੜ ਕੇ, ਸੱਜਣ ਗੁਆਂਡੋਂ ਮੁੜ ਗਏ" ਵਾਲੀ ਗੱਲ ਨਾ ਕਰਿਆ ਕਰ, ਬੈਠ ਦੋ ਗੱਲਾਂ ਕਰੀਏ। ਪੱਪੀ ਨੇ ਭਿੰਦਰ ਚਾਂਗਲੀ ਅਤੇ ਗੋਲਡੀ ਨੇ ਭਿੰਦਰ, ਕਾਲਾ ਹਮੀਦੀ ਨੂੰ ਗੁੱਕ ਅਤੇ ਪ੍ਰੇਮ ਦੀ ਵਧੀਆ ਪ੍ਰੇਮ ਭਾਵਨਾ ਨੇ ਰੇਸ਼ਮ ਸਿੰਘ ਡੇਲ, ਸ਼ੀਰਾ ਸੰਮੀਪੁਰੀਆ, ਸਤਿੰਦਰਪਾਲ ਗੋਲਡੀ, ਦਰਬਾਰਾ ਧਾਲੀਵਾਲ, ਗੁਰਮੇਲ ਸਹੋਤਾ, ਬਿੰਦਰ ਦੇ ਵਾਰੇ ਪੌਂਡਾਂ ਦਾ ਮੁੱਲ ਮੋੜਦਿਆਂ ਫਾਈਨਲ ਵਿੱਚ ਦਾਖਿਲ ਹੋ ਗਏ। ਸੱਬਾ ਗੁਰਦਾਸਪੁਰੀਆ ਅਤੇ ਪੱਪੂ ਗੁਰਦਾਸਪੁਰੀਆ ਕਬੱਡੀ ਨਾਲ ਮੋਹ ਪਿਆਰ ਕਰਕੇ ਇੰਗਲੈਂਡ ਦੇ ਗਰਾਉਂਡਾ ਦਾ ਗੇੜਾ ਮਾਰਨ ਤੋਂ ਰਹਿ ਨਹੀਂ ਸਕੇ।
ਅੱਜ ਦੇ ਕੱਪ ਦਾ ਫੈਸਲਾ ਹੋਣ ਲਈ ਪੰਜਾਬ ਯੁਨਾਇਟਡ ਟਿਲਫੋਰਡ ਵੁਲਵਰਹੈਂਪਟਨ ਅਤੇ ਸਿੰਘ ਸਭਾ ਸਲੋਹ ਦੀ ਟੀਮ ਆਹਮੋ ਸਾਹਮਣੇ ਹੋਈ। ਇਸ ਮੈਚ ਦੀ ਖੁਬੀ ਇਹ ਸੀ ਕਿ ਦਰਸ਼ਕਾਂ ਨੇ ਪੂਰਾ ਮੈਚ ਪ੍ਰਸੰਨ ਚਿੱਤ ਹੋ ਕੇ ਵੇਖਿਆ। ਚੁੰਨੀ ਪੱਤੜ ਅਤੇ ਅਖਤਰ ਨੂੰ ਰੈਫਰੀ ਅਤੇ ਭਜੀ ਖੀਰਾਂਵਾਲੀ ਅਤੇ ਭੀਮਾ ਸੁਹੇੜੀ ਵਾਲੇ ਨੂੰ ਲਾਇਨ ਮੈਨ ਦੀ ਸੇਵਾ ਸੌਂਪੀ ਗਈ। ਗੋਲਡੀ ਨੇ ਜੇ ਗੁਰਲਾਲ ਨੂੰ ਜੱਫਾ ਠੋਕਿਆ ਤਾਂ ਸੀਤੇ ਨੇ ਕਾਕੇ ਕਾਰੀਸਾਰੀ ਦੇ ਹੱਥ ਖੜੇ ਕਰਵਾ ਦਿੱਤੇ, ਗੁੱਕ ਗੁਰਲਾਲ ਅਤੇ ਗੱਬਰ ਦੇ ਵਾਰੀ ਵਾਰੀ ਵੱਟ ਕੱਢ ਗਿਆ, ਦੀਪਾ ਅਤੇ ਜਤਿੰਦਰ ਚੱਠਾ ਨੇ ਜੋਗੀ ਨੂੰ ਪਹਾੜੋਂ ਥੱਲੇ ਲਾਇਆ, ਗੁੱਸੇ ਵਿੱਚ ਆਇਆ ਜੀਤਾ ਮੌੜ ਵੀ ਤੇਜ਼ੀ ਨੂੰ ਜੱਫਾ ਲਾ ਗਿਆ, ਪੱਪੀ ਖਹਿਰਾ, ਪ੍ਰੇਮ ਝਨੇਰ, ਸ਼ੌਕਤ ਦੀ ਵਧੀਆ ਖੇਡ ਨੇ ਕੱਪ ਸਲੋਹ ਵਾਲਿਆਂ ਨੂੰ ਦਿਵਾ ਕੇ ਜੇਤੂ ਕੱਪਾਂ ਦੀ ਗਿਣਤੀ ਵਧਾ ਦਿੱਤੀ। ਨਛੱਤਰ ਸਿੰਘ ਥਿਆੜਾ, ਗੁਰਪਾਲ ਸਿੰਘ ਪਾਲੀ ਚੱਠਾ, ਜਸਵਿੰਦਰ ਸੂਰਜ ਅਤੇ ਪ੍ਰਬੰਧਕ ਕਮੇਟੀ ਖੁਸ਼ ਸੀ ਕੇ ਘਰਦੇ ਟੂਰਨਾਮੈਂਟ ਤੇ ਟੀਮ ਨੇ ਜੇਤੂ ਟੀਮਾਂ ਵਿੱਚ ਸ਼ਾਮਿਲ ਹੇ ਕੇ ਪਿੰਡ ਦਾ ਨਾਮ ਰੌਸ਼ਨ ਕੀਤੈ, ਬਹਾਦਰ ਸ਼ੇਰਗਿੱਲ, ਮਹਿੰਦਰ ਸਿੰਘ ਮੌੜ ਵੀ ਫੁੱਲੇ ਨਹੀਂ ਸੀ ਸਮਾਉਂਦੇ। ਜੇਤੂ ਕੱਪ ਸਲੋਹ ਅਤੇ ਰਨਰ ਅੱਪ ਦਾ ਕੱਪ ਪੰਜਾਬ ਯੁਨਾਇਟਡ ਟਿਲਫੋਰਡ ਵੁਲਵਰਹੈਂਪਟਨ ਨੂੰ ਪ੍ਰਬੰਧ ਕਮੇਟੀ ਨੇ ਤਕਸੀਮ ਕੀਤੇ। ਬਿਸਟ ਧਾਵੀ ਜੋਗੀ ਅਤੇ ਬਿਸਟ ਜਾਫੀ ਦਾ ਖਿਤਾਬ ਗੁੱਕ ਸ਼ੇਰਪੁਰੀਏ ਨੂੰ ਦਿੱਤਾ ਗਿਆ ਲੇਕਨ ਇਤਰਾਜ਼ ਹੋਣ ਤੇ ਬਿਸਟ ਜਾਫੀ ਦਾ ਖਿਤਾਬ ਦੀਪੇ ਘੁਰਲੀ ਨੂੰ ਵੀ ਦੇ ਦਿੱਤਾ ਗਿਆ। ਇਥੇ ਵਰਨਣਯੋਗ ਹੈ ਕਿ ਸੀਤਾ, ਦੀਪਾ ਅਤੇ ਜਤਿੰਦਰ ਤਿੰਨੇ ਇੰਗਲੈਂਡ ਦੇ ਜੰਮਪਲ ਖਿਡਾਰੀ ਹਨ ਜਿਹੜੇ ਇਸ ਸੀਜਨ ਵਿੱਚ ਵਧੀਆ ਖੇਡ ਦਾ ਪ੍ਰਦਰਸ਼ਨ ਕਰ ਰਹੇ ਹਨ। ਨਿੱਕੇ ਨਿੱਕੇ ਬੱਚਿਆਂ ਦਾ ਸ਼ੋਅ ਮੈਚ ਵੀ ਹੋਇਆ। ਇਸ ਮੇਲੇ ਵਿੱਚ ਪੰਜਾਬ ਯੁਨਾਇਟਡ ਟਿਲਫੋਰਡ ਵੱਲੋਂ ਗੁਰਪਾਲ ਸਿੰਘ ਪਾਲੀ ਚੱਠਾ ਨੇ ਜੀਤੇ ਮੌੜ ਨੂੰ ਗੋਲਡ ਮੈਡਲ ਪਾਇਆ। ਮੈਚਾਂ ਦੀ ਕੁਮੈਂਟਰੀ ਸੋਖਾ ਢੇਸੀ, ਰਵਿੰਦਰ ਕੋਛੜ ਅਤੇ ਮਾਸਟਰ ਗੁਰਪਾਲ ਸਿੰਘ ਨੇ ਬਾਖੂਬੀ ਕੀਤੀ। ਸਟੇਜ ਦੀ ਕਾਰਵਾਈ ਜਸਵਿੰਦਰ ਸੂਰਜ ਨੇ ਨਿਭਾਈ। ਮੀਂਹ ਨੇ ਦਰਸ਼ਕਾਂ ਨੂੰ ਰੋਕਿਆ ਲੇਕਨ ਪ੍ਰਬੰਧਕਾਂ ਦੇ ਬੁਲੰਦ ਹੌਂਸਲੇ ਮੇਲੇ ਨੂੰ ਕਾਮਯਾਬੀ ਦੀਆਂ ਮੰਝਲਾਂ ਤੱਕ ਲੈ ਗਏ। ਇਸ ਮੇਲੇ ਦੀ ਰੌਣਕ ਨੂੰ ਵਧਾਉਣ ਲਈ ਹਰਭਜਨ ਸਿੰਘ ਸਿੱਧੂ ਯੂ ਟੀ ਫੋਰਿਸਟ ਅਫੀਸਰ ਚੰਡੀਗੜ੍ਹ, ਸੈਬੇਦਾਰ ਤ੍ਰਿਲੋਕ ਸਿੰਘ ਚੱਠਾ ਟਰਾਂਟੋ, ਸ੍ਰ. ਚੈਨਣ ਸਿੰਘ ਚੱਠਾ, ਬਲਕਾਰ ਸਿੰਘ ਚੱਠਾ ਫਰਾਂਸ, ਜਗਤੇਜ ਸਿੰਘ ਢੰਡੋਵਾਲ ਪੰਜਾਬ, ਬਾਬਾ ਫੋਜਾ ਸਿੰਘ, ਝਲਮਣ ਸਿੰਘ ਭਾਰੂਵਾਲ, ਰਘਬੀਰ ਸਿੰਘ ਬੈਂਸ, ਜੋੁਗਿੰਦਰ ਸਿੰਘ, ਮਹਿੰਦਰ ਸਿੰਘ ਮਿਡਵੇ, ਕੁਲਦੀਪ ਸਿੰਘ ਮੱਲ੍ਹਾ, ਮੇਜਰ ਗਾਖਲ, ਮੋਹਣਾ ਕਾਲੇ ਸੰਘਿਆਂ ਵਾਲਾ, ਮਨਜੀਤ ਔਲਖ, ਜਸਵੀਰ ਸਿੰਘ ਖਾਲਸਾ ਡਰਬੀ, ਜਸਵੀਰ ਸਿੰਘ ਘੁੱਗੀ ਸਮੇਤ ਬਹੁਤ ਸਾਰੇ ਖੇਡ ਪ੍ਰੇਮੀ ਪਹੁੰਚੇ ਹੋਏ ਸਨ। ਕੁੱਲ ਮਿਲਾ ਕੇ ਸ੍ਰ. ਲਹਿੰਬਰ ਸਿੰਘ ਕੰਦੋਲਾ, ਅਮਰੀਕ ਸਿੰਘ ਝਾਵਰ, ਤਰਲੋਚਨ ਸਿੰਘ ਔਜਲਾ, ਬਲਵਿੰਦਰ ਸਿੰਘ ਚੱਠਾ, ਨਛੱਤਰ ਸਿੰਘ ਥਿਆੜਾ, ਗੁਰਪਾਲ ਸਿੰਘ ਚੱਠਾ, ਸਤਬੀਰ ਸਿੰਘ ਸਮਰਾ, ਪਰਮਜੀਤ ਸਿੰਘ ਚਾਹਲ, ਜਸਵਿੰਦਰ ਸਿੰਘ ਸੂਰਜ, ਸੁਖਦੀਪ ਸਿੰਘ ਘੁੰਮਣ, ਜਸਵਿੰਦਰ ਸਿੰਘ ਸਹੋਤਾ, ਵੀਰ ਸਿੰਘ ਸੋਖਾ, ਬਲਵੀਰ ਸਿੰਘ ਧਾਲੀਵਾਲ, ਮੱਖਣ ਸਿੰਘ ਬੈਂਸ, ਪਿਆਰਾ ਸਿੰਘ ਸੇਖੋਂ, ਜੋਗੰਦਰ ਸਿੰਘ ਗਿੱਲ, ਸੁੱਚਾ ਸਿੰਘ ਖੇਹਰਾ ਅਤੇ ਹਰਮੇਲ ਸਿੰਘ ਛੋਕਰ ਅਤੇ ਸਮੂੰਹ ਗੁਰੂ ਘਰ ਦੇ ਪ੍ਰਬੰਧਕ ਅਤੇ ਨਗਰ ਨਿਵਾਸੀ ਵਧਾਈ ਦੇ ਪਾਤਰ ਹਨ।

ਜੀਤਾ ਮੌੜ ਨੂੰ ਟਿਲਫੋਰਡ ਟੂਰਨਾਮੈਂਟ ਤੇ ਗੋਲਡ ਮੈਡਲ ਨਾਲ ਸਨਮਾਨਿਤ


ਦੁਨੀਆਂ ਭਰ ਵਿੱਚ ਕਬੱਡੀ ਖੇਡ ਮੈਦਾਨ ਅੰਦਰ ਵੱਡੀਆਂ ਵੱਡੀਆਂ ਮੱਲ੍ਹਾਂ ਮਾਰਨ ਵਾਲ ਰਣਜੀਤ ਸਿੰਘ ਜੀਤਾ ਮੌੜ ਨੂੰ ਟਿਲਫੋਰਡ ਦੇ ਖੇਡ ਮੇਲੇ ਤੇ ਪੰਜਾਬ ਯੁਨਾਇਟਡ ਟਿਲਫੋਰਡ ਵੱਲੋਂ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਉੱਪਰ ਤਸਵੀਰ ਵਿੱਚ ਗੁਰਪਾਲ ਸਿੰਘ ਚੱਠਾ ਜੀਤੇ ਮੌੜ ਨੂੰ ਗੋਲਡ ਮੈਡਲ ਪਾਉਂਦੇ ਹੋਏ ਨਾਲ ਖੜ੍ਹੇ ਹਨ ਸ੍ਰ. ਮਹਿੰਦਰ ਸਿੰਘ ਮੌੜ, ਲਹਿੰਬਰ ਸਿੰਘ ਕੰਦੋਲਾ, ਨਛੱਤਰ ਸਿੰਘ ਥਿਆੜਾ, ਜਸਵਿੰਦਰ ਸਿੰਘ ਸੂਰਜ ਅਤੇ ਕੁਮੈਂਟੇਟਰ ਰਵਿੰਦਰ ਕੋਛੜ
 


ਹਰਭਜਨ ਸਿੰਘ ਸਿੱਧੂ ਯੂ ਟੀ ਫੋਰਿਸਟ ਅਫੀਸਰ ਚੰਡੀਗੜ੍ਹ ਨੂੰ ਟਿਲਫੋਰਡ ਦੇ ਮੇਲੇ ਤੇ ਯਾਦਗਰੀ ਚਿੰਨ ਭੇਂਟ ਕਰਦੇ ਹੋਏ ਸ੍ਰ.ਗੁਰਪਾਲ ਸਿੰਘ ਚੱਠਾ, ਨਛੱਤਰ ਸਿੰਘ ਥਿਆੜਾ, ਜਸਵਿੰਦਰ ਸਿੰਘ ਸੂਰਜ, ਦਰਬਾਰਾ ਸਿੰਘ ਧਾਲੀਵਾਲ, ਬਲਵਿੰਦਰ ਸਿੰਘ ਚੱਠਾ ਅਤੇ ਹੋਰ