ਪੰਜਾਬੀਆਂ ਦੀ ਕਬੱਡੀ ਵਿੱਚ ਇੰਦਰ ਦੇਵਤੇ ਨੇ ਵੀ ਸਾਰਾ ਦਿਨ ਕਬੱਡੀ ਖੇਡੀ, ਵਰ੍ਹਦੇ ਮੀਂਹ ਵਿੱਚ ਵੀ ਕਮਾਲਾਂ ਕੀਤੀਆਂ ਖਿਡਾਰੀਆਂ ਨੇ, ਕੱਪ ਸਿੰਘ ਸਭਾ ਸਲੋਹ ਦੇ ਹੱਥ ਦੂਜੇ ਨੰਬਰ 'ਤੇ ਸਿੰਘ ਸਭਾ ਬਾਰਕਿੰਗ ਰਹੀ

ਮਨਪ੍ਰੀਤ ਸਿੰਘ ਬੱਧਨੀ ਕਲਾਂ

ਮੌਸਮ ਵਿਭਾਗ ਨੇ ਭਾਰੀ ਮੀਂਹ ਦੀ ਚਿਤਾਵਣੀ ਦਿੱਤੀ ਹੋਈ ਸੀ ਲੇਕਨ ਗ੍ਰੇਵਜ਼ੈਂਡ ਦੇ ਗੁਰੂ ਨਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਟੂਰਨਾਮੈਂਟ ਪ੍ਰਬੰਧਕ ਕਮੇਟੀ ਵਾਹਿਗੁਰੂ ਆਸਰੇ ਟੂਰਨਾਮੈਂਟ ਕਰਵਾਉਣ ਦੀ ਪੂਰੀ ਕੋਸ਼ਿਸ਼ ਵਿੱਚ ਸਨ। ਮੀਂਹ ਤਾਂ ਕੀ ਸਿੰਘਾਂ ਅੱਗੇ ਤਾਂ ਅਟਕ ਵੀ ਅਟਕ ਗਿਆ ਸੀ ਜੇ ਮਨਸੂਬੇ ਚੰਗੇ ਹੋਣ ਤਾਂ ਸਫਲਤਾ ਕਦਮ ਚੁੰਮਦੀ ਹੈ। ਨਵੇਂ ਗੁਰੂ ਘਰ ਦੀ ਇਮਾਰਤ ਲਈ ਇਸ ਟੂਰਨਾਮੈਂਟ ਤੋਂ ਹੋਣ ਵਾਲੀ ਸਾਰੀ ਆਮਦਨ ਵਰਤੀ ਜਾਣੀ ਸੀ ਭਲਾ ਚੰਗੇ ਕੰਮ ਲਈ ਰੱਬ ਮੇਹਰਵਾਨ ਕਿਉਂ ਨਾ ਹੁੰਦਾ ਭਾਵੇਂ ਦੇਰ ਨਾਲ ਹੀ ਸਹੀ ਲੇਕਨ ਕਬੱਡੀ ਪ੍ਰੇਮੀਆਂ ਨੂੰ ਖਿਡਾਰੀਆਂ ਨੇ ਖੁਸ਼ ਕਰਕੇ ਘਰੇ ਤੋਰਿਆ। ਗੁਰੂ ਘਰ ਦੇ ਪ੍ਰਧਾਨ ਸ੍ਰ. ਜਸਪਾਲ ਸਿੰਘ ਢੇਸੀ ਕਿਸੇ ਕੰਮ ਇੰਡੀਆ ਗਏ ਹੋਣ ਕਰਕੇ ਬਾਕੀ ਦੀ ਪ੍ਰਬੰਧਕ ਕਮੇਟੀ ਨੇ ਟੂਰਨਾਮੈਂਟ ਦੀ ਸਫਲਤਾ ਲਈ ਅੱਡੀ ਚੋਟੀ ਦਾ ਜੋਰ ਲਾਇਆ ਹੋਇਆ ਸੀ। ਮੇਨ ਗਰਾਉਂਡਾਂ ਵਿੱਚ ਕੁਰਸੀਆਂ ਲੱਗੀਆਂ ਹੋਈਆਂ ਸਨ। ਦੋ ਦੋ ਬੈਰੀਅਰ ਲਗਾ ਕੇ ਬੈਠਣ ਲਈ ਵੀ ਜਗ੍ਹਾ ਬਣਾਈ ਹੋਈ ਸੀ। ਉਚੀ ਸਟੇਜ ਦੁਲਹਨ ਵਾਂਗ ਸ਼ਿੰਗਾਰੀ ਹੋਈ ਸੀ ਲੇਕਨ ਮੀਂਹ ਨੇ ਪੇਸ਼ ਨਾ ਜਾਣ ਦਿੱਤੀ। ਅਜੀਤ ਸਿੰਘ ਖਹਿਰਾ, ਜਰਨੈਲ ਸਿੰਘ ਬਾਹੜਮਜਾਰਾ, ਨਰਿੰਦਰਜੀਤ ਸਿੰਘ, ਦਵਿੰਦਰ ਸਿੰਘ ਭਿੰਦਾ ਮੁਠੱਡਾ, ਨਿਰਮਲ ਸਿੰਘ ਮੱਲ੍ਹੀ, ਲਛਮਣ ਸਿੰਘ, ਸੱਤਾ, ਸਵਰਨਾ ਮੁੜ ਮੁੜ ਇੰਗਲੈਂਡ ਕਬੱਡੀ ਫੈਡਰੇਸ਼ਨ ਨਾਲ ਸਲਾਹ ਮਸ਼ਵਰਾ ਕਰ ਰਹੇ ਸਨ, ਕਿ ਹੁਣ ਕੀ ਕੀਤਾ ਜਾਵੇ। ਗ੍ਰੇਵਜੈਂਡ ਵਾਲਿਆਂ ਨੇ ਹਰ ਟੂਰਨਾਮੈਂਟ ਕਮੇਟੀ ਨੂੰ ਸਦਾ ਹੀ ਸਾਥ ਦਿੱਤਾ ਅਤੇ ਹਰ ਟੂਰਨਾਮੈਂਟ ਤੇ ਹਾਜ਼ਰੀ ਭਰੀ ਇਸੇ ਕਰਕੇ ਉਹਨਾਂ ਦਾ ਹਰ ਕਲੱਬ ਨੇ ਸਾਥ ਦਿੱਤਾ ਭਾਵੇਂ ਮੇਨ ਗਰਾਊਂਡ ਨੂੰ ਮੀਂਹ ਨੇ ਖਰਾਬ ਕਰ ਦਿੱਤਾ ਸੀ ਲੇਕਨ ਨਾਲ ਲੱਗਦੀ ਨਵੀਂ ਗਰਾਉਂਡ ਨੂੰ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਮੁਖੀਆਂ ਨੇ ਹਰੀ ਝੰਡੀ ਦੇ ਦਿੱਤੀ ਅਤੇ ਮੀਂਹ ਕੁਝ ਦੇਰ ਲਈ ਇੰਦਰ ਦੇਵਤਾ ਨੇ ਥੰਮ ਲਿਆ।
ਬੈਠਣ ਨੂੰ ਥਾਂ ਦੇਵੋ ਪੈਣ ਨੂੰ ਆਪੇ ਬਣਾ ਲਵਾਂਗੇ ਵਾਲੀ ਗੱਲ ਕਰਦਿਆਂ ਥੋੜਾ ਥੋੜਾ ਕਰਦਿਆਂ ਗ੍ਰੇਵਜ਼ੈਂਡ ਵਾਲਿਆਂ ਨੇ ਟੂਰਨਾਮੈਂਟ ਹੀ ਸਿਰੇ ਨਹੀਂ ਚਾੜਿਆ ਬਲ ਕੇ ਕਬੱਡੀ ਚੋਬਨ ਰੁੱਤੇ ਉਮਰ ਵਾਂਗ ਕਰਵਾ ਕੇ ਮੋਰਚਾ ਫਤਹਿ ਕਰ ਗਏ। ਸੱਚਮੁੱਚ ਪੰਜ ਪੰਜ ਪੌਂਡ ਦੀ ਲੱਗੀ ਟਿਕਟ ਦਾ ਕਿਸੇ ਨੂੰ ਗਿਲ੍ਹਾ ਨਹੀਂ ਹੋਇਆ ਸਭ ਗੁਰੂ ਘਰ ਦੀ ਨਵੀਂ ਇਮਾਰਤ ਨੂੰ ਸਿਜਦਾ ਕਰਦੇ ਖੁਸ਼ ਖੁਸ਼ ਹੀ ਘਰ ਨੂੰ ਗਏ। ਉੱਘੇ ਗੀਤਕਾਰ ਝਲਮਣ ਸਿੰਘ ਢੰਡਾ ਨੇ ਜਾਂਦਿਆਂ ਨੂੰ ਚਾਹ ਪਿਆ ਕੇ ਗਰਮ ਕੀਤਾ ਨਾਲ ਹੀ ਗੁਰੂ ਕਾ ਲੰਗਰ ਅਤੁੱਟ ਵਰਤਦਾ ਰਿਹਾ ਪਕੌੜੇ ਵਰਤਦੇ ਰਹੇ।
ਦੁਪਹਿਰ ਦੇ 1 ਵੱਜ ਕੇ 10 ਮਿੰਟ ਤੇ ਟੂਰਨਾਮੈਂਟ ਦੀ ਅਰੰਭਤਾ ਲਈ ਅਰਦਾਸ ਹੋਈ, ਭਿੰਦੇ ਮੁਠੱਡੇ ਨੇ ਮੈਕ ਸੰਭਾਲਿਆ, ਤਾਰਾ ਅਤੇ ਭਜੀ ਵਿਸਲਾਂ ਦਾ ਮੋਰਚਾ ਸੰਭਾਲ ਕੇ ਬੈਂਠ ਗਏ, 1 ਵੱਜ ਕੇ 20 ਮਿੰਟ ਤੇ ਪਹਿਲੀ ਕੌਡੀ ਸਲੋਹ ਦੇ ਖਿਡਾਰੀ ਕਾਕਾ ਕਾਰੀਸਾਰੀ ਵਾਲੇ ਨੇ ਈਰਥ ਵੂਲਿਚ ਤੇ ਪਾ ਕੇ ਦਰਸ਼ਕਾਂ ਤੋਂ ਅਸ਼ੀਰਵਾਦ ਲਿਆ। ਸੱਤਾ ਨੇ ਤੇਜੀ ਅਤੇ ਗੋਗੇ ਨੇ ਜੋਗੀ ਨੂੰ ਕੀਲਿਆ ਲੇਕਨ ਗੁਰੁਸਰੀਏ ਮੇਹਰ ਅਤੇ ਮੰਦਰ ਦੀ ਪੇਸ਼ ਨਾ ਗਈ। ਸਵਰਨਾ ਅਤੇ ਸ਼ਿੰਦਾ ਬਾਠ ਲਾਇਨ ਤੇ ਇਸ ਤਰ੍ਹਾਂ ਅੱਖ ਰੱਖਦੇ ਸੀ ਜਿਵੇਂ ਇੰਡੀਆ ਪਾਕਿਸਤਾਨ ਦੀ ਕੰਟਰੋਲ ਰੇਖਾ ਤੇ ਫੌਜੀ ਜਵਾਨ ਰੱਖਦੇ ਹੋਣ। ਮਿਡਵੇਅ ਵਾਲੇ ਵੀ ਹਾਜ਼ਰੀ ਲਵਾਉਣ ਪਹੁੰਚ ਗਏ। ਗ੍ਰੇਵਜ਼ੈਂਡ ਵਾਲਿਆਂ ਨੇ ਅੱਧੋ ਅੱਧੀ ਨੰਬਰਾਂ ਦੇ ਫਰਕ ਨਾਲ ਕਿਣਮਿਣ ਕਿਣਮਿਣ ਕਰ ਦਿੱਤੀ। ਬਿੱਟੂ ਮੋਹੀ ਕਮਲਜੀਤ ਖੰਘੂੜਾ ਨੇ ਲੱਡੂ ਗੋਲੂ ਅਤੇ ਸਾਥੀਆਂ ਨੂੰ ਲੈ ਕੇ ਗਰਾਉਂਡ ਨੂੰ ਮੱਥਾ ਟੇਕਿਆ ਉਧਰੋਂ ਪਿਆਰਾ ਰੰਧਾਵਾ, ਮੌਂਟੀ ਆਪਣੇ ਸਾਥੀਆਂ ਨਾਲ ਸਿਰਫ ਹਾਜ਼ਰੀ ਜਿਹੀ ਹੀ ਲਵਾਉਣ ਆਏ ਅਜੇ ਇੰਡੀਆਂ ਤੋਂ ਆਉਣ ਵਾਲੀਆਂ ਫਲਾਈਟਾਂ ਨੂੰ ਮੱਥੇ ਤੇ ਹੱਥ ਰੱਖ ਰੱਖ ਉਡੀਕ ਰਹੇ ਹਨ। ਡਰਬੀ ਦੇ ਗੁਰਨਾਮ ਸਿੰਘ ਛੋਕਰ ਜਸਵੀਰ ਸਿੰਘ, ਗੁਰਚਰਨ ਸਿੰਘ ਬੋਲਾ ਦੀ ਟੀਮ ਨੂੰ ਪੰਜਾਬ ਯੁਨਾਇਟਡ ਟਿਲਫੋਰਡ + ਵੁਲਵਰਹੈਂਪਟਨ ਨੇ 34-25 ਦੇ ਫਰਕ ਨਾਲ ਹਰਾ ਦਿੱਤਾ। ਦਵਿੰਦਰ ਪਤਾਰਾ ਵੀ ਘਰ ਦੇ ਟੂਰਨਾਮੈਂਟ ਤੇ ਜਰੂਰ ਪਹੁੰਚਿਆ ਲੇਕਨ ਬਾਕੀ ਟੂਰਨਾਮੈਂਟਾਂ ਵਿੱਚੋਂ ਉਸ ਦੀ ਹਾਜ਼ਰੀ ਕੁਝ ਘਟੀ ਹੋਈ ਹੈ। ਇਲਫੋਰਡ ਨੇ ਖਿਡਾਰੀ ਲੱਕੀ ਚਟਾਲਾ, ਗੀਤਾ ਪਾਲਾਂ ਅਤੇ ਗਗਨ ਸੋਹਣੇ ਧਾਵੀ ਹਨ ਅਤੇ ਜਾਫੀ ਵੀ ਨਵੇਂ ਹੀ ਲਿਆਂਦੇ ਹਨ ਜਿਹਨਾਂ ਨੂੰ ਵਾਲਸਾਲ ਦੀ ਟੀਮ ਨੇ ਚਾਰ ਅੰਕਾਂ ਨਾਲ ਪਿਛਾੜ ਦਿੱਤਾ।
ਇਸ ਮੈਚ ਤੋਂ ਬਾਅਦ ਗ੍ਰੇਵਜ਼ੈਂਡ ਦੇ ਸੱਜਣ ਪੁਰਸ਼ ਸ੍ਰੀ ਗਿਆਨ ਚੰਦ ਪਟਵਾਰੀ ਜਿਹਨਾਂ ਦੀ ਬੀਤੇ ਦਿਨੀ ਮੌਤ ਹੋ ਗਈ ਸੀ ਨੂੰ ਇੱਕ ਮਿੰਟ ਦਾ ਮੋਨ ਰੱਖ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਬਾਰਕਿੰਗ ਦੇ ਲਹਿੰਬਰ ਸਿੰਘ ਲਿਧੜ ਵਿਸ਼ੇਸ਼ ਤੌਰ ਤੇ ਅੱਜ ਆਪਣੀ ਟੀਮ ਚੰਗੀ ਤਰ੍ਹਾਂ ਚੰਡ ਕੇ ਲਿਆਏ ਸਨ। ਸਤਨਾਮ ਸਿੰਘ ਦੀ ਟੀਮ ਕਵੈਂਟਰੀ ਨਾਲ ਫਸਵੇਂ ਮੈਚ ਵਿੱਚ ਉਹ ਡੇਢ ਨੰਬਰ ਦੇ ਫਰਕ ਨਾਲ ਮੈਚ ਜਿੱਤੇ। ਟਿਲਫੋਰਡ ਕਬੱਡੀ ਕਲੱਬ ਅਤੇ ਪੰਜਾਬ ਯੁਨਾਇਟਡ ਟਿਲਫੋਰਡ ਵੁਲਵਰਹੈਂਪਟਨ ਦਾ ਮੈਚ ਵੀ ਵੇਖਣਯੋਗ ਸੀ ਅੱਧੇ ਅੱਧੇ ਨੰਬਰ ਤੇ ਪੱਲੜਾ ਡਾਵਾਂਡੋਲ ਹੁੰਦਾ ਸੀ ਕਦੇ ਉਧਰ ਕਦੇ ਉਧਰ ਉੱਚੇ ਲੰਮੇ ਗੱਭਰੂ ਨਿੱਕੂ ਪੰਡੋਰੀ, ਜੀਤੀ ਕੂਨਰ, ਸੰਦੀਪ ਨੰਗਲ ਅੰਬੀਆਂ, ਮਾਨੀ ਗਾਖਲ, ਬਿੰਦੂ ਬੱਜਵਾਂ ਅਤੇ ਇੰਦਰਪਾਲ ਬਲਵਿੰਦਰ ਚੱਠਾ ਦੀ ਟੀਮ ਦੇ ਭਜੀ ਖੀਰਾਂਵਾਲੀ ਦੀ ਰਹਿਨੁਮਾਈ ਹੇਠ ਮੈਦਾਨ ਵਿੱਚ ਖੁਰਦਰੂ ਪਾਈ ਫਿਰਦੇ ਸੀ, ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਮਹਿੰਦਰ ਸਿੰਘ ਮੌੜ, ਬਹਾਦਰ ਸ਼ੇਰਗਿੱਲ, ਨਛੱਤਰ ਸਿੰਘ ਥਿਆੜਾ, ਗੁਰਪਾਲ ਚੱਠਾ ਦੀ ਟੀਮ ਦੇ ਸਿਰਮੌਰ ਖਿਡਾਰੀ ਜੀਤਾ ਮੌੜ ਨੇ ਨਿੱਕੂ ਪੰਡੋਰੀ ਨੂੰ ਦੋ, ਅਤੇ ਵਲੈਤੀ ਮੁੰਡੇ ਸੀਤੇ ਨੇ ਇੰਦਰਪਾਲ ਨੂੰ ਹੰਦਿਆਂ ਦੇ ਕੋਲੋਂ ਹੱਟ ਪਿਛੇ ਕਹਿ ਕੇ ਖਿਚ ਲਿਆ ਮਨਜਿੰਦਰ ਨੇ ਬਿੰਦੂ ਤੇ ਹੱਥ ਗਰਮ ਕੀਤਾ। ਹਾਫ ਟਾਈਮ ਤੱਕ ਟਿਲਫੋਰਡ ਕਬੱਡੀ ਕਲੱਬ ਅੱਧੇ ਨੰਬਰ ਦੇ ਫਰਕ ਨਾਲ ਅੱਗੇ ਸੀ ਲੇਕਨ ਬਾਅਦ ਵਿੱਚ ਅੱਧੇ ਨੰਬਰ ਦੇ ਫਰਕ ਨਾਲ ਹਾਰ ਗਈ। ਹੇਜ਼ ਅਤੇ ਸਲੋਹ ਮੈਚ ਵੀ ਕਾਫੀ ਰੌਚਕ ਹੋਇਆ ਸਰਪੰਚ ਇਸ ਵਰ੍ਹੇ ਬਹੁਤੀ ਕਮਾਲ ਨਹੀਂ ਵਿਖਾ ਰਿਹਾ, ਜੀਤ ਤੂਤ ਪਿੰਡੀਆਂ, ਬਿਟੂ ਸੈਂਟੀ ਵੀ ਜੱਫੇ ਖਾ ਗਏ, ਗੁਰਸੇਵਕ, ਗੀਤਾ ਕੋਟਕਰੋੜ, ਬਾਜ਼ਾ ਮੱਲਣ ਵੱਡੇ ਅੰਕਾਂ ਦੇ ਫਰਕ ਨਾਲ ਹਾਰ ਗਏ। ਕੇਵਲ ਪੁਲਸੀਆ, ਜੰਡੀ, ਚਰਨੀ, ਕੱਕੀ ਸ਼ਾਇਦ ਮੱਖਣ ਅਤੇ ਗੁਰਜੀਤ ਤੂਤਪਿੰਡੀਏ ਦੀ ਘਾਟ ਮਹਿਸੂਸ ਕਰ ਰਹੇ ਹਨ। ਬ੍ਰਮਿੰਘਮ ਦੀ ਟੀਮ ਦਾ ਅਗਲਾ ਮੈਚ ਸਿੰਘ ਸਭਾ ਬਾਰਕਿੰਗ ਨੂੰ ਨਿੰਨੀ ਸਹੋਤਾ ਨੇ ਛੱਡ ਦਿੱਤਾ। ਵਾਲਸਾਲ ਅਤੇ ਗ੍ਰੇਵਜ਼ੈਂਡ ਦਾ ਮੈਚ ਵੀ ਇਕਪਾਸੜ ਹੀ ਰਿਹਾ ਅੱਜ ਮੱਤਾ, ਭਿੰਦਰ ਨਵਾਂ ਪਿੰਡ, ਹੈਪੀ ਚਮਿਆਰਾ, ਰਿੰਕੂ, ਫਿੰਦੀ ਰੁੜਕੀ, ਬਾਲਾ ਖਾਈ, ਲਾਡਾ ਸੰਧਵਾਂ ਅਤੇ ਤਾਰ ਲੰਡੇ ਕੇ ਵਧੀਆ ਖੇਡੇ ਬਾਲਾ ਖਾਈ ਨੇ ਬਾਲੇ ਕੱਢੇ। ਇੰਦਰ ਦੇਵਤਾ ਨੇ ਮੁੜ ਕਿਣਮਿਣ ਕਰਕੇ ਡਰਾਵਾ ਦਿੱਤਾ ਕੇ ਜਲਦੀ ਕਰੋ। ਸਮੇਂ ਦੀ ਨਿਯਾਕਤ ਨੂੰ ਵੇਖਦਿਆਂ ਪੰਜਾਬ ਯੁਨਾਇਟਡ ਟਿਲਫੋਰਡ + ਵੁਲਵਰਹੈਂਪਟਨ ਨੇ ਸਿੰਘ ਸਭਾ ਬਾਰਕਿੰਗ ਨੂੰ ਸੈਮੀਫਾਈਨਲ ਹੀ ਛੱਡ ਦਿੱਤਾ। ਅਤੇ ਇੱਕੋ ਸੈਮੀਫਾਈਨਲ ਮੈਚ ਹੋਇਆ ਜੀ ਐਨ ਜੀ ਗ੍ਰੇਵਜ਼ੈਂਡ ਅਤੇ ਸਿੰਘ ਸਭਾ ਸਲੋਹ ਵਿਚਕਾਰ ਪ੍ਰੇਮ ਝਨੇਰ ਨੇ ਹੈਪੀ ਮੱਤਾ ਗੁਰਦਾਸਪੁਰੀਆ ਅਤੇ ਰਿੰਕੂ ਨੂੰ ਪ੍ਰੇਮ ਜੱਫੀਆਂ ਪਾਈਆਂ, ਅਤੇ ਪੱਪੀ ਨੇ ਮੱਤੇ ਨੂੰ ਗੋਲਡੀ ਨੇ ਰਿੰਕੂ ਦਾ ਟੇਵਾ ਲਾਇਆ। ਬਾਲਾ ਖਾਈ ਦੀ ਖੇਡ ਕਮਾਲਾਂ ਦੀ ਰਹੀ ਤੇਜ਼ੀ ਨੂੰ ਰੋਕਿਆ ਤੇ ਤਾਰ ਲੰਡੇ ਕੇ ਨੇ ਜੋਗੀ ਦੀ ਬੀਨ ਵਜਾ ਦਿੱਤੀ। ਹੈਪੀ ਚਮਿਆਰਾ ਨੇ ਜਦ ਪੱਪੀ ਖਹਿਰਾ ਨੂੰ ਚੁੱਕ ਕੇ ਬਾਹਰ ਕੱਢ ਕੇ ਨੰਬਰ ਸਾਂਝਾ ਕੀਤਾ। ਤੇ ਉਧਰੋਂ ਫਿੰਦੀ ਰੁੜਕੀ ਨੇ ਜੋਗੀ ਨੂੰ ਨਾਗਵਲ ਪਾ ਲਿਆ। ਰੇਸ਼ਮ ਸਿੰਘ ਡੇਲ, ਸ਼ੀਰਾ ਸ਼ੰਮੀਪੁਰੀਆ, ਸਤਿੰਦਰਪਾਲ ਸਿੰਘ ਗੋਲਡੀ, ਗੁਰਮੇਲ ਸਹੋਤਾ ਦੀ ਟੀਮ ਨੇ ਅੱਜ ਦਾ ਕੱਪ ਚੁੰਮਣ ਲਈ ਵੀ ਰਾਹ ਪੱਧਰਾ ਕਰ ਲਿਆ। ਬਲਬੀਰ ਸਿੰਘ ਕੰਵਲ ਖੇਡ ਜਗਤ ਦੀ ਜਾਣੀ ਪਹਿਚਾਣੀ ਸ਼ਖ਼ਸ਼ੀਅਤ ਵੀ ਪਹੁੰਚੀ ਹੋਈ ਸੀ। ਬਾਰਕਿੰਗ ਅਤੇ ਸਿੰਘ ਸਭਾ ਸਲੋਹ ਦਾ ਫਾਈਨਲ ਮੈਚ ਵਰਦੇ ਮੀਂਹ ਵਿੱਚ ਹੋਇਆ ਅਤੇ ਉਧਰੋਂ ਮੰਦਭਾਗੀ ਘਟਨਾ ਵਾਪਰ ਗਈ। ਲੇਕਨ ਪੁਲਿਸ ਦੇ ਰੋਕਦੇ ਰੋਕਦੇ ਵੀ ਫਾਈਨਲ ਮੈਚ ਹੋ ਗਿਆ ਅਤੇ ਸਿੰਘ ਸਭਾ ਸਲੋਹ ਦੀ ਟੀਮ ਨੇ ਸ਼ੀਜਨ ਦਾ ਦੂਜਾ ਕੱਪ ਚੁੱਕ ਕੇ ਦੱਸ ਦਿੱਤਾ ਕੇ ਡੋਲਿਆਂ ਪੱਟਾਂ ਵਿੱਚ ਜਾਨਾਂ ਹੈਨ ਅਤੇ ਸਿੰਘ ਸਭਾ ਬਾਰਕਿੰਗ ਰਨਰ ਅੱਪ ਦਾ ਕੱਪ ਚੁੱਕ ਕੇ ਲਹਿੰਬਰ ਸਿੰਘ ਲਿਧੜ, ਅਜਮੇਰ ਸਿੰਘ ਮੇਲਾ, ਅਮਰੀਕ ਸਿੰਘ ਬੋਪਾਰਾਏ, ਗੁਰਮੀਤ ਸਿੰਘ ਅੜਕ ਦੇ ਖਿਡਾਰੀ ਦੀਪਾ ਕੌਂਕੇ, ਗੋਗੀ ਜਰਗੜੀ, ਦੀਪਾ ਸੈਦੋਵਾਲ, ਨਿਰਮਲ ਅਤੇ ਸਾਥੀਆਂ ਨੇ ਪ੍ਰਬੰਧਕਾਂ ਤੋਂ ਖੂਬ ਪਿੱਠ ਥਪਥਪਾਈ। ਕੁੱਲ ਮਿਲਾ ਕੇ ਗ੍ਰੇਵਜ਼ੈਂਡ ਮੇਲੇ ਦੇ ਪ੍ਰਬੰਧਕਾਂ ਨੇ ਮਾੜੇ ਮੌਸਮ ਵਿੱਚ ਵੀ ਵਧੀਆ ਮੇਲਾ ਕਰਵਾ ਕੇ ਸਭ ਤੋਂ ਵਧਾਈਆਂ ਲਈਆਂ। ਸ੍ਰ. ਅਵਤਾਰ ਸਿੰਘ ਭਾਊ ਨੇ ਬੋਰੀ ਚੁੱਕੀ ਅਤੇ ਇਕੱਤਰ ਮਾਇਆ ਗੁਰੂ ਘਰ ਨੂੰ ਭੇਂਟ ਕੀਤੀ। ਭਿੰਦਾ ਮੁਠੱਡਾ ਅਤੇ ਸੋਖਾ ਢੇਸੀ ਨੇ ਬਾਖੂਬੀ ਕੁਮੈਂਟਰੀ ਦੀ ਸੇਵਾ ਨਿਭਾਈ। ਮੀਤਾ ਢੇਸੀ ਨੂੰ ਗੋਲਡ ਮੈਡਲ ਦੇਵ ਤਲਵਾੜ ਬਲਵੰਤ ਹੇਅਰ ਅਤੁ ਤਾਰਾ ਭਲਵਾਨ ਅਤੇ ਅਜੀਤ ਖਹਿਰਾ, ਛੋਟਾ ਜੀਤੀ ਤੋਚੀ, ਟਹਿਲਾ ਸੰਧਵਾਂ ਨੂੰ ਜੁਗਨੂੰ ਭੰਗੜਾ ਗਰੁੱਪ ਵੱਲੋਂ ਸੋਨੇ ਦੇ ਕੜਿਆਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੇਲੇ ਵਿੱਚ ਸ੍ਰ. ਲਹਿੰਬਰ ਸਿੰਘ ਕੰਗ, ਮਨਜੀਤ ਸਿੰਘ ਔਲਖ, ਸੁਰਿੰਦਰ ਸਿੰਘ ਭਾਊ, ਸੁਰਿੰਦਰ ਮਾਣਕ, ਅਮਰੀਕ ਸਿੰਘ ਘੁੱਦਾ, ਅਖਤਰ, ਮੱਖਣ ਸਿੰਘ ਕੌਂਸਲਰ, ਤੇਜ਼ੀ, ਟਹਿਲਾ ਸੰਧਵਾਂ, ਮੀਤਾ ਢੇਸੀ, ਚੁੰਨੀ ਪੱਤੜ, ਹਰਪਾਲ ਸਿੰਘ ਵਕੀਲ, ਹਰਜਾਪ ਸਿੰਘ ਵਕੀਲ, ਬਲਦੇਵ ਸਿੰਘ ਬੁਲਟ ਤੋਂ ਇਲਾਵਾ ਇੰਗਲੈਂਡ ਭਰ 'ਚੋਂ ਉਘੀਆਂ ਸ਼ਖਸ਼ੀਅਤਾ ਪਹੁੰਚੀਆਂ ਹੋਈਆਂ ਸਨ। ਮੇਲੇ ਦੀ ਕਾਮਯਾਬੀ ਲਈ ਜਸਪਾਲ ਸਿੰਘ ਢੇਸੀ, ਨਰਿੰਦਰਜੀਤ ਸਿੰਘ, ਗੁਰਦੇਵ ਸਿੰਘ, ਸਵਰਨ ਸਿੰਘ, ਭਿੰਦਾ ਮੁਠੱਡਾ, ਸੱਤਾ ਮੁਠੱਡਾ, ਜਰਨੈਲ ਸਿੰਘ ਬਾਹੜਮਜਾਰਾ, ਅਜੀਤ ਸਿੰਘ ਖਹਿਰਾ, ਲਛਮਣ ਸਿੰਘ, ਨਿਰਮਲ ਸਿੰਘ ਮੱਲ੍ਹੀ, ਦਵਿੰਦਰ ਸਿੰਘ ਪਤਾਰਾ, ਅਵਤਾਰ ਸਿੰਘ ਤਾਰਾ, ਗੁਰਦੇਵ ਸਿੰਘ ਤਲਵਾੜ, ਕਰਨੈਲ ਸਿੰਘ ਖਹਿਰਾ, ਸਵਰਨਾ, ਬਿਟੂ ਭਰੋਲੀ, ਰਸ਼ਪਾਲ ਸਿੰਘ, ਗੁਰਮੇਲ ਸਿੰਘ ਗੇਲੀ, ਕੁਲਵੰਤ ਸਿੰਘ ਕਾਂਤਾ, ਗੁਰੂ ਘਰ ਦੀ ਸਾਰੀ ਪ੍ਰਬੰਧਕ ਕਮੇਟੀ ਅਤੇ ਇਲਾਕਾ ਨਿਵਾਸੀ ਵਧਾਈ ਦੇ ਪਾਤਰ ਹਨ।