ਸ਼ਹੀਦਾਂ ਦੀ ਯਾਦ ਵਿੱਚ ਡਰਬੀ ਵਿਖੇ ਹੋਏ ਇਸ ਵਰ੍ਹੇ ਦੇ ਪਹਿਲੇ ਕਬੱਡੀ ਟੂਰਨਾਮੈਂਟ ਮੌਕੇ ਚੋਬਰਾਂ ਨੇ ਧੰਨ ਧੰਨ ਕਰਵਾਈ, ਸਿੰਘ ਸਭਾ ਸਲੋਹ ਪਹਿਲੇ ਅਤੇ ਕਵੈਂਟਰੀ ਦੂਜੇ ਨੰਬਰ 'ਤੇ, ਤੇਜ਼ੀ ਬਿਸਟ ਧਾਵੀ ਅਤੇ ਗੋਲਡੀ ਬਿਸਟ ਜਾਫੀ ਚੁਣਿਆ ਗਿਆ

ਰਿਪੋਰਟ ਮਨਪ੍ਰੀਤ ਸਿੰਘ ਬੱਧਨੀ ਕਲਾਂ

 

ਸਲੋਹ ਦੀ ਜੇਤੂ ਟੀਮ ਕੱਪ ਨਾਲ

ਇੰਗਲੈਂਡ ਦਾ ਕਬੱਡੀ ਸੀਜ਼ਨ ਮੌਨਸੂਨ ਪੌਣਾਂ ਵਾਂਗ ਥੋੜਾ ਲੇਟ ਹੋ ਗਿਆ। ਸ੍ਰ. ਲਹਿੰਬਰ ਸਿੰਘ ਕੰਗ ਦੇ ਪਿੰਡ ਈਰਥ ਵੂਲਿਚ ਦਾ ਖੇਡ ਮੇਲਾ ਖਿਡਾਰੀਆਂ ਦੇ ਵੀਜ਼ਿਆਂ ਕਰਕੇ ਕੈਂਸਲ ਕਰਨਾ ਪਿਆ। ਡਰਬੀ ਦੇ ਖੇਡ ਮੇਲੇ ਤੇ ਸੋਚ ਰਹੇ ਸਨ ਸ਼ਾਇਦ ਘੱਟ ਹੀ ਟੀਮਾਂ ਹੋਣਗੀਆਂ ਲੇਕਨ ਜਦ ਮੈਚ ਸ਼ੁਰੂ ਹੋਏ ਤਾਂ ਇੰਗਲੈਂਡ ਕਬੱਡੀ ਫੇਡਰੇਸ਼ਨ ਦੀ ਪਟਾਰੀ ਵਿੱਚ ਬੰਦ ਏਹੋ ਜੇਹੇ ਗੱਭਰੂ ਨਿਕਲੇ ਜਿਹਨਾਂ ਦੇ ਦਰਸ਼ਨ ਕਰਕੇ ਮਨ ਵਾਗੋ ਵਾਗ ਹੋ ਗਿਆ। ਜਿਵੇਂ ਸੁਣਦੇ ਸੀ ਕਿ ਇਸ ਵਰ੍ਹੇ ਕਈ ਪੁਰਾਣੇ ਖਿਡਾਰੀਆਂ ਨੇ ਰੁਖ ਕੈਨੇਡਾ ਵੱਲ ਕਰ ਲਿਆ, ਲੇਕਨ ਇੰਗਲੈਂਡ ਦੇ ਕਬੱਡੀ ਪ੍ਰਮੋਟਰਾਂ ਵੱਲੋਂ ਨਵੇਂ ਖਿਡਾਰੀਆਂ ਦੀ ਖੋਜ ਦੀ ਦਾਦ ਦੇਣੀ ਬਣਦੀ ਹੈ। ਸ੍ਰ. ਗੁਰਨਾਮ ਸਿੰਘ ਛੋਕਰ, ਜਸਵੀਰ ਸਿੰਘ, ਨਛੱਤਰ ਸਿੰਘ ਛੋਕਰ, ਮਾਸਟਰ ਅਵਤਾਰ ਸਿੰਘ, ਹਰਦਿਆਲ ਸਿੰਘ ਧੜਮੈਤ, ਹਰਚਰਨ ਸਿੰਘ ਬੋਲਾ ਅਤੇ ਰੇਸ਼ਮ ਸਿੰਘ, ਸੋਖਾ ਓੁਦੇਪੁਰ ਆਪਣੇ ਸਾਥੀਆਂ ਨਾਲ ਮਹਿਮਾਨਾਂ ਨੂੰ ਜੀਓ ਆਇਆਂ ਆਖਦੇ ਟਿਕਟਾਂ ਕੱਟੀ ਜਾਂਦੇ ਸਨ।
ਸਵੇਰ ਤੋਂ ਹੀ ਕਬੱਡੀ ਪ੍ਰੇਮੀਆਂ ਦਾ ਆਉਣਾ ਸ਼ੁਰੂ ਹੋ ਗਿਆ। ਕੁਝ ਟੀਮਾਂ ਜਿਵੇਂ ਇਲਫੋਰਡ, ਵੁਲਵਰਹੈਂਪਟਨ ਜੱਸਾ, ਮਿਡਵੇਅ, ਲੈਸਟਰ, ਸਾਊਥਾਲ, ਬ੍ਰਮਿੰਘਮ, ਸਿੱਖ ਟੈਂਪਲ ਵੁਲਵਰਹੈਂਪਟਨ ਅਤੇ ਹੁੱਲ ਖਿਡਾਰੀਆਂ ਦੇ ਆਉਣ ਦੀ ਉਡੀਕ ਵਿੱਚ ਹਨ। ਜਿਹਨਾਂ ਕਰਕੇ ਕੁਝ ਮੈਚ ਕੈਂਸਲ ਕਰਨੇ ਪਏ। ਕਬੱਡੀ ਫੇਡਰੇਸ਼ਨ ਦੇ ਪ੍ਰਧਾਨ ਬਾਬਾ ਬੋਹੜ ਸ੍ਰ. ਮਹਿੰਦਰ ਸਿੰਘ ਮੌੜ ਦੀ ਦੇਖ ਰੇਖ ਹੇਠ ਕਬੱਡੀ ਮੇਲਾ ਸ਼ੁਰੂ ਹੋ ਗਿਆ ਕੁੰਦਨ ਸਿੰਘ ਖੈੜਾ ਨੇ ਸਭ ਨੂੰ ਇੰਗਲੈਂਡ ਕਬੱਡੀ ਫੇਡਰੇਸ਼ਨ ਵੱਲੋਂ ਜੀ ਆਇਆਂ ਆਖਿਆ ਅਤੇ ਨਿਯਮਾਂ ਬਾਰੇ ਚਾਨਣਾ ਪਾਇਆ।

ਕਵੈਂਟਰੀ ਦੀ ਟੀਮ ਰਨਰ ਅੱਪ ਦੇ ਕੱਪ ਨਾਲ

ਪਹਿਲਾ ਮੈਚ ਹੇਜ਼ ਕਲੱਬ ਅਤੇ ਬਾਰਕਿੰਗ ਵਿਚਕਾਰ ਸੀ, ਕੇਵਲ ਪੁਲਸੀਆ, ਜੰਡੀ, ਚਰਨੀ, ਕੁੱਕੀ ਆਪਣੇ ਰੇਡਰਾਂ ਬਿੱਕੀ, ਸੁਖਵਿੰਦਰ, ਮੋਠਾ, ਜੀਤ, ਜਾਫੀ ਪਾਲਾ, ਗੀਤਾ ਕੋਟਕਰੋੜ ਆਦਿ ਨੂੰ ਲੈ ਮੈਦਾਨ ਵਿੱਚ ਗੱਜੇ, ਬਾਰਕਿੰਗ ਵੱਲੋਂ ਗੋਲਡੀ, ਸੁਖਚੈਨ ਨਾਗਰਾ, ਗੋਗੀ ਜਰਗੜੀ, ਹਰਦੀਪ ਕੌਂਕੇ, ਰਾਜੂ ਕੌਂਕੇ, ਨਿੰਮਾ ਨੂੰ ਖਿਡਾਉਣ ਲਈ ਅਜਮੇਰ ਮੇਲਾ, ਅਮਰੀਕ ਬੋਪਾਰਾਏ ਅਤੇ ਗੁਰਮੀਤ ਅੜਕ ਗਰਾਉਂਡ ਵਿੱਚ ਨਿਤਰੇ ਭਜੀ ਖੀਰਾਂਵਾਲੀ ਅਤੇ ਜਸਵੀਰ ਘੁੱਗੀ ਦੀ ਵਿਸਲ ਵੱਜੀ ਮੈਚ ਪੂਰਾ ਫਸਿਆ, ਦੋਵੇਂ ਪਾਸੇ ਪਟਾਕੇ ਪੈਂਦੇ ਰਹੇ ਇੱਕ ਅੱਧੇ ਨੰਬਰ ਦਾ ਫਰਕ ਦਰਸ਼ਕਾਂ ਨੂੰ ਸਵਾਦੋ ਸਵਾਦ ਕਰ ਰਿਹਾ ਸੀ, ਗੀਤੇ ਕੋਟਕਰੋੜ ਨੇ ਨਾਗਰਾ ਨੂੰ ਨਾਗ ਵਲ ਪਾਇਆ ਤਾਂ ਲੱਗਦਾ ਸੀ ਹੁਣ ਬੱਚੂ ਕਿਥੇ, ਲੇਕਨ ਨਾਗਰਾ ਗੀਤੇ ਨੂੰ ਮੋਢਿਆਂ ਤੇ ਚੁੱਕ ਹੰਦਿਆਂ ਤੱਕ ਲੈ ਆਇਆ ਸੱਚ ਜਾਣੋਂ ਘਰਦੀ ਸ਼ਰਾਬ ਵਰਗਾ ਨਸ਼ਾ ਚੜ੍ਹ ਗਿਆ ਦਰਸ਼ਕਾਂ ਨੂੰ ਤਾੜੀਆਂ ਤੇ ਤਾੜੀਆਂ ਵੱਜੀਆਂ। ਮੈਚ ਹੇਜ਼ ਦੇ ਹੱਕ ਗਿਆ। ਦੂਜਾ ਮੈਚ ਗ੍ਰੇਵਜ਼ੈਂਡ ਅਤੇ ਵਾਲਸਾਲ ਦੀਆਂ ਟੀਮਾਂ ਵਿਚਕਾਰ ਸੀ ਹੁਣ ਭਿੰਦੇ ਮੁਠੱਡੇ ਨੇ ਮੈਕ ਦੀ ਕਮਾਨ ਵੀ ਸੰਭਾਲ ਲਈ ਸੋਖਾ ਸਾਹ ਲੈਣ ਲੱਗ ਪਿਆ, ਜਰਨੈਲ ਬਾਹੜਮਜਾਰਾ, ਸੱਤਾ ਮੁਠੱਡਾ ਪੂਰੀਆਂ ਆਰਾ ਲਾ ਕੇ ਲਿਆਏ ਆਪਣੇ ਵੈਹੜਿਆਂ ਨੂੰ ਲੇਕਨ ਨਾਲ ਹੀ ਕਹਿੰਦੇ ਸੀ ਅਜੇ ਇੱਕ ਫਲਾਈਟ ਹੋਰ ਉਤਰਨੀ ਹੈ। ਛਿੰਦਾ ਬਾਠ ਵਿਸਲ ਤੇ ਸੀ। ਕੁੰਦਨ ਸਿੰਘ ਖੈੜਾ ਵੀ ਪੂਰਾ ਖੁਸ਼ ਸੀ ਸਾਹਬ, ਚਰਨਜੀਤ, ਪੰਮਾ, ਸੱਤਾ ਖੈੜਾ, ਨਾਣੂ, ਜੱਗਾ, ਗੋਗਾ ਉਸ ਦੇ ਸ਼ਿੰਗਾਰ ਸਨ। ਇੰਦਰਜੀਤ ਰੁੜਕੀ, ਤਾਰਾ ਲੰਡੇ ਕੇ, ਲਾਡਾ ਸੰਧਵਾਂ, ਬਾਲਾ ਖਾਈ ਵਾਲਾ, ਹੈਪੀ ਚਮਿਆਰਾ, ਭਿੰਦਰ ਨਵਾਂ ਪਿੰਡ ਅਤੇ ਰਿੰਕੂ ਗ੍ਰੇਵਜ਼ੈਂਡ ਇਹ ਮੈਚ ਗ੍ਰੇਵਜ਼ੈਂਡ ਨੇ ਜਿੱਤਿਆ। ਗੁਰਮੇਲ ਸਿੰਘ ਪਹਿਲਵਾਨ ਅਤੇ ਬਲਵਿੰਦਰ ਸਿੰਘ ਫਿੱਡਾ ਵਿਸ਼ੇਸ਼ ਤੌਰ ਤੇ ਕਬੱਡੀ ਦਾ ਅਨੰਦ ਲੈਣ ਪੰਜਾਬ ਤੋਂ ਆਏ ਹੋਏ ਸਨ।
ਸ਼ੀਰਾ ਸੰਮੀਪੁਰੀਆ ਗੋਲਡੀ, ਰੇਸ਼ਮ ਡੇਲ ਇਸ ਵਰ੍ਹੇ ਆਪਣੀ ਟੀਮ ਤੋਂ ਕਾਫੀ ਆਸਾਂ ਲਾਈ ਬੈਠੇ ਹਨ ਟੀਮ ਵੀ ਸਿਰੇ ਦੀ ਹੈ ਤੇਜ਼ੀ ਵਰਗਾ ਧਾਵੀ ਹਨੇਰੀ ਲਿਆਉਂਦਾ, ਗੁਰਮੇਲ ਸਹੋਤਾ ਧਰਤੀ ਤੇ ਪੈਰ ਨ੍ਹੀ ਲਾਉਂਦਾ, ਰੇਡਰ ਸ਼ੌਕਤ, ਜੋਗੀ, ਕਾਕਾ ਕਾਰੀਸਾਰੀ ਕਬੱਡੀ ਜਗਤ ਵਿੱਚ ਚੰਗਾ ਨਮਾਣਾਂ ਖੱਟ ਚੁੱਕੇ ਹਨ, ਗੁੱਕ ਸ਼ੇਰਪੁਰੀਆ, ਪ੍ਰੇਮ ਝਨੇਰ, ਪੱਪੀ ਖਹਿਰਾ, ਗੋਲਡੀ ਕੂੰਮਕਲਾਂ, ਜੱਸਾ ਜਾਫ ਲਾਇਨ ਤੱਕੜੀ ਬਣਾਈ ਹੋਈ ਹੈ। ਹੇਜ਼ ਦੀ ਟੀਮ ਨਾਲ ਹੋਏ ਅਗਲੇ ਮੈਚ ਵਿੱਚ ਬਾਜ਼ਾ ਨੇ ਜੋਗੀ ਨੂੰ ਪਟਾਰੀ ਵਿੱਚ ਪਾਇਆ ਤਾਂ ਗੁੱਕ ਨੇ ਸਰਪੰਚ ਨੂੰ, ਪ੍ਰੇਮ ਝਨੇਰ ਨੇ ਬਿੱਕਾ ਜੀਤਾ, ਗੋਲਡੀ ਨੇ ਜੀਤੇ ਨੂੰ ਹੰਦਿਆਂ ਤੋਂ ਪਿਛੇ ਧੱਕ ਲਿਆਂਦਾ। ਮੈਚ ਸਲੋਹ ਨੇ ਅੱਠ ਨੰਬਰਾਂ ਦੇ ਫਰਕ ਨਾਲ ਜਿੱਤ ਲਿਆ।

ਡਰਬੀ ਦੀ ਟੀਮ ਅਤੇ ਪ੍ਰਬੰਧਕ

 ਟਿਲਫੋਰਡ ਕਬੱਡੀ ਕਲੱਬ ਅਤੇ ਪੰਜਾਬ ਯੁਨਾਇਟਡ ਟਿਲਫੋਰਡ + ਵੁਲਵਰਹੈਂਪਟਨ ਵਿਚਕਾਰ ਹੋਏ ਅਗਲੇ ਮੈਚ ਵਿੱਚ ਵੀ ਖੁਬ ਪਟਾਕੇ ਪਏ ਦੋਵੇਂ ਟੀਮਾਂ ਦੇ ਖਿਡਾਰੀ ਅਜੇ ਲੈਂਡ ਹੋਣੇ ਬਾਕੀ ਹਨ ਫਿਰ ਵੀ ਮੈਚ ਪੂਰਾ ਖੜਕਿਆ, ਬਲਵਿੰਦਰ ਚੱਠਾ ਅਤੇ ਭਜੀ ਦੇ ਵੈਹੜੇ ਨਿੱਕੂ ਪੰਡੋਰੀ, ਇੰਦਰਪਾਲ ਰੇਡ ਪਾਉਂਦੀ ਤਾਂ ਸੰਦੀਪ ਨੰਗਲ ਅੰਬੀਆਂ ਮਾਨੀ ਆਪਣੇ ਸਾਥੀਆਂ ਨਾਲ ਜੱਫੇ ਕੱਢ ਰਹੇ ਸੀ, ਮਨਜਿੰਦਰ ਅਤੇ ਦੀਪੇ ਨੇ ਨਿੱਕੂ ਦਾ ਕੱਦ ਨਾਪਿਆ ਤਾਂ ਸੰਦੀਪ ਨੇ ਗੱਬਰ ਨੂੰ ਹਿੱਕ ਨਾਲ ਲਾ ਲਿਆ, ਸੱਖੀ, ਜਿੰਦਾ ਭੇਟਾਂਵਾਲਾ, ਬਚਿੱਤਰ, ਸੁੱਖਾ ਬਹਾਦਰ ਸ਼ੇਰਗਿੱਲ, ਮੌੜ, ਨਛੱਤਰ ਥਿਆੜਾ ਤੋਂ ਸ਼ਾਬਾਸ਼ ਲੈਂਦੇ ਹੋਏ ਦੋ ਨੰਬਰਾਂ ਦੇ ਫਰਕ ਨਾਲ ਜਿੱਤ ਕੇ ਦਰਸ਼ਕਾਂ ਨੂੰ ਵੀ ਮੋੜਕੋ ਮੁੜਕੀ ਕਰ ਦਿੱਤਾ।
ਸੂਰਜ ਦੇਵਤਾ ਵੀ ਝੁਕ ਝੁਕ ਕੇ ਸਲਾਮਾਂ ਕਰਦਾ ਸੀ, ਗੱਭਰੂਆਂ ਦੇ ਲਿਸ਼ਕੇ ਪਿੰਡਿਆਂ ਤੋਂ ਮੱਖੀ ਤਿਲਕਦੀ, ਡਰਬੀ ਮੇਜ਼ਬਾਨ ਟੀਮ ਦੇ ਸਿੰਗ ਕਵੈਂਟਰੀ ਨਾਲ ਫਸੇ, ਅਵਨਿੰਦਰ ਨੇ ਕੁਮੈਂਟਰੀ ਕੀਤੀ, ਕਵੈਨਟਰੀ ਦੇ ਜਾਫੀਆਂ ਨੇ ਲਗਾਤਾਰ ਚਾਰ ਜੱਫੇ ਠੋਕੇ ਮੈਚ ਇੱਕਪਾਸੜ ਜਿਹਾ ਹੀ ਰਿਹਾ, ਭਿੰਦਰ ਚਾਂਗਲੀ, ਗੁੱਗੂ ਹਿੰਮਤਪੁਰੀਆ, ਮਨਜੀਤ ਸੁਹੇੜਾ, ਰਵਿੰਦਰ ਰੱਭੋ, ਕੁਲਜੀਤ ਖਾੜਕੂ ਸਤਨਾਮ ਸਿੰਘ ਨੂੰ ਪੂਰਾ ਖੁਸ਼ ਕਰ ਰਹੇ ਸੀ, ਸਰਵਣ, ਮੀਕਾ, ਲੰਬੜ, ਜ਼ੈਲਾ, ਜੱਸਾ ਡਰਬੀ ਵੱਲੋਂ ਖੇਡੇ। ਸ੍ਰ. ਲਹਿੰਬਰ ਸਿੰਘ ਕੰਗ, ਬਿੰਦਰ, ਮਨਜੀਤ ਔਲਖ ਆਪਣੀ ਟੀਮ ਈਰਥ ਵੂਲਿਚ ਦੀ ਲੈ ਕੇ ਸਲੋਹ ਸਾਹਮਣੇ ਆ ਡਟੇ, ਹਰਮੀਤ, ਮੇਹਰ, ਮੰਦਰ ਨੇ ਰੇਡਾਂ ਪਾਈਆਂ ਲੇਕਨ ਅੱਜ ਦਿਨ ਸਲੋਹ ਦਾ ਸੀ। ਪੰਜਾਬ ਟਾਈਮਜ਼ ਦੇ ਕਰਤਾ ਧਰਤਾ ਸ੍ਰ. ਰਾਜਿੰਦਰ ਸਿੰਘ ਪੁਰੇਵਾਲ ਵੀ ਹੁਣ ਕਬੱਡੀ ਵੇਖਣ ਲਈ ਪਹੁੰਚ ਚੁੱਕੇ ਸੀ, ਗ੍ਰੇਵਜ਼ੈਂਡ ਅਤੇ ਕਵੈਂਟਰੀ ਵਿਚਕਾਰ ਹੋਏ ਪਹਿਲੇ ਸੈਮੀਫਾਈਨਲ ਮੈਚ ਵਿੱਚ ਭਿੰਦਾ ਗਿੱਠ ਗਿੱਠ ਉੱਚਾ ਹੋ ਕੇ ਕੁਮੈਂਟਰੀ ਕਰਦਾ ਸੀ, ''ਗੱਡੀਆਂ 'ਚ ਗੱਡੀਆਂ ਵੱਜੀਆਂ ਬਿੱਲੋ ਨੀ ਤੇਰੀ ਤੋਰ ਵੇਖ ਕੇ'' ਟੋਟਕੇ ਤੇ ਟੋਟਕਾ ਧਰਦਾ ਸੀ, ਅਜੈਬ ਸਿੰਘ ਨੰਬਰਾਂ ਵਾਲੀ ਕਾਪੀ ਨੂੰ ਸੰਭਾਲ ਕੇ ਰੱਖ ਰਿਹਾ ਸੀ ਅੱਧੇ ਸਮੇਂ ਤੱਕ ਕਵੈਂਟਰੀ 16 - 19 ਦੇ ਫਰਕ ਨਾਲ ਅੱਗੇ ਸੀ, ਭਿੰਦਰ ਨਵਾਂ ਪਿੰਡ ਰਵਿੰਦਰ ਰੱਭੋ ਅਤੇ ਮਨਜੀਤ ਸੁਹੇੜੇ ਤੋਂ ਤਾਂ ਜੱਫਾ ਖਾ ਗਿਆ ਲੇਕਨ ਕੁਲਜੀਤ ਦੇ ਹੱਥ ਨਾ ਆਇਆ ਇੱਕ ਵਾਰ ਤਾਂ ਕਾਫੀ ਜਦੋ ਜਹਿਦ ਕਰਕੇ ਹੰਦਿਆਂ ਨੂੰ ਹੱਥ ਲਾਇਆ। ਦੂਜਾ ਸੈਮੀਫਾਈਨਲ ਸਲੋਹ ਅਤੇ ਪੰਜਾਬ ਯੁਨਾਇਟਡ ਟਿਲਫੋਰਡ + ਵੁਲਵਰਹੈਂਪਟਨ ਵਿਚਕਾਰ ਸੀ ਇੰਗਲੈਂਡ ਦਾ ਜੰਮਪਲ ਦੀਪਾ ਘੁਰਲੀ ਇਸ ਵਰ੍ਹੇ ਕੁਝ ਜਰੂਰ ਕਰੇਗਾ ਸ਼ੌਕਤ ਵਰਗੇ ਧਾਵੀ ਨੂੰ ਜੱਫਾ ਭਰ ਕੇ ਬਾਹਰ ਕੱਢ ਲਿਆ ਕਹਿੰਦਾ ਜੇ ਨੰਬਰ ਲੈਣ ਨਹੀਂ ਦੇਣਾ ਤਾਂ ਮੈਂ ਦੇਣਾ ਵੀ ਨਹੀਂ, ਉਡਣੇ ਸੱਪ ਵਾਂਗੂ ਧਾਵੀਆਂ ਦੀ ਹਿੱਕ ਵਿੱਚ ਵੱਜਦਾ, ਉਧਰੋਂ ਜੱਸਾ ਸਲੋਹ ਵਾਲਾ ਕਿਸੇ ਤੋਂ ਘੱਟ ਨਹੀਂ ਬਚਿੱਤਰ ਵਰਗੇ ਤੇਜ਼ ਤਰਾਰ ਧਾਵੀ ਦੀਆਂ ਗੋਡਣੀਆ ਲਵਾ ਗਿਆ। ਸ਼ੇਰਗਿੱਲ, ਮੌੜ, ਥਿਆੜੇ ਨੂੰ ਅਜੇ ਅਗਲੇ ਹਫਤੇ ਆ ਰਹੇ ਗੁਰਲਾਲ ਦੀ ਬੜੀ ਬੇਸਬਰੀ ਨਾਲ ਉਡੀਕ ਐ।
 

ਪ੍ਰਬੰਧਕ ਕਮੇਟੀ

ਵੇਲਜ਼ ਤੋਂ ਸੁਖਦੇਵ ਸਿੰਘ ਬੁਧੂ ਸ਼ੰਕਰੀਆ, ਵਾਹਿਗੁਰੂ ਪਾਲ, ਕੁਲਵੰਤ ਜੌਹਲ, ਪਾਲਾ ਨਕੋਦਰ ਆਏ ਹੋਏ ਸੀ, ਕੇਵਲ ਰਨਦੇਵਾ ਵੀ ਪੂਰੀਆਂ ਤਲ ਤਲ ਖਵਾਉਂਦਾ, ਜਸਵੀਰ ਘੱਦਾ, ਅਖਤਰ ਵੀ ਖਿਡਾਰੀਆਂ ਦੀ ਉਡੀਕ ਵਿੱਚ ਬੈਠੇ ਹਨ। ਜਰਨੈਲ ਸਿੰਘ ਲੋਹ ਪੁਰਸ਼, ਗੁਰਵਿੰਦਰ ਸਿੰਘ ਅਤੇ ਸਾਥੀਆਂ ਨੇ ਵੇਟਲਿਫਟਿੰਗ ਦੇ ਜੌਹਰ ਵਿਖਾਏ। ਖੁਸ਼ਤੀ ਮੁਾਕਬਲਿਆਂ ਤੋਂ ਬਾਅਦ ਅੱਜ ਦੇ ਫਾਈਨਲ ਮੈਚ ਲਈ ਦਰਸ਼ਕ ਮੁੜ ਗਰਾਉਂਡ ਦੇ ਦੁਆਲੇ ਜੁੜ ਗਏ। ਇੱਕ ਦੂਜੇ ਦੇ ਮੋਢਿਆਂ ਉੱਤੋਂ ਅੱਡੀਆਂ ਚੁੱਕ ਚੁੱਕ ਵੇਖਦੇ ਸੀ, ਉਹ ਨੱਪ ਲਿਆ ਪ੍ਰੇਮ ਝਨੇਰ ਨੇ ਚਾਂਗਲੀ, ਬੱਲੇ ਮਨਜੀਤ ਸੁਹੇੜੀ ਵਾਲਿਆ ਜੱਗੀ ਦੀ ਵਜਾਤੀ ਬੀਨ ਦਰਸ਼ਕ ਕਬੱਡੀ ਦੇ ਨਸ਼ੇ ਵਿੱਚ ਚੂਰ ਹੋਏ ਪਏ ਸੀ, ਇਹ ਮੈਚ ਫਾਈਨਲ ਕਵੈਂਟਰੀ ਅਤੇ ਸਲੋਹ ਵਿਚਕਾਰ ਚੱਲ ਰਿਹਾ ਸੀ ਤੇਜ਼ੀ ਭਾਵੇਂ ਜੀਤਾ ਸਦਾਕ ਪੁਰੀਆ ਅਤੇ ਮਨਜੀਤ ਤੋਂ ਜੱਫੇ ਖਾ ਗਿਆ ਲੇਕਨ ਉੱਚੀਆਂ ਛਲਾਂਘਾਂ ਲਾ ਕੇ ਦੱਸਦਾ ਸੀ ਖੇਡ ਪ੍ਰੇਮੀਓ ਆਉਂਦੇ ਮੈਚਾਂ ਵਿੱਚ ਵੇਖਿਓ ਮੇਰੀ ਕਬੱਡੀ, ਕਾਕਾ ਕਾਰੀਸਾਰੀ ਵਾਲਾ ਰਵਿੰਦਰ ਰੱਭੋ ਨੇ ਦਬੋਚਿਆ, ਪੱਪੀ ਖਹਿਰਾ ਨੇ ਬਿੰਦਰ, ਗੋਲਡੀ ਨੇ ਕਾਲਾ, ਗੁੱਗੂ, ਗੁੱਕ ਨੇ ਵੀ ਗੁੱਗੂ ਅਤੇ ਕਾਲੇ ਨੂੰ ਹਿੱਕ ਨਾਲ ਲਾਇਆ ਜੱਸਾ ਵੀ ਕਮਾਲ ਦਾ ਖੇਡਿਆ ਇਸ ਵਰ੍ਹੇ ਦਾ ਪਹਿਲਾ ਕੱਪ ਸਲੋਹ ਦੇ ਜਾਂਬਾਜ਼ਾਂ ਨੇ ਰੇਸ਼ਮ ਸਿੰਘ ਡੇਲ, ਸਤਿੰਦਰਪਾਲ ਸਿੰਘ ਗੋਲਡੀ, ਸ਼ੀਰਾ ਸੰਮੀਪੁਰੀਆ, ਗੁਰਮੇਲ ਸਹੋਤਾ ਦੇ ਹਵਾਲੇ ਕਰ ਦਿੱਤਾ ਗੋਲਡੀ ਬਿਸਟ ਜਾਫੀ ਅਤੇ ਤੇਜ਼ੀ ਬਿਸਟ ਧਾਵੀ ਐਲਾਨੇ ਗਏ। ਕਵੈਂਟਰੀ ਵਾਲੇ ਸਤਨਾਮ ਸਿੰਘ ਦੀ ਟੀਮ ਰਨਰ ਅੱਪ ਰਹੀ।
ਅਖੀਰ ਵਿੱਚ ਗੁਰੂ ਅਰਜਨ ਦੇਵ ਗੁਰਦੁਆਰਾ ਅਤੇ ਜੀ ਏ ਡੀ ਜੀ ਖਾਲਸਾ ਕਬੱਡੀ ਕਲੱਬ ਡਰਬੀ ਦੇ ਪ੍ਰਬੰਧਕਾਂ ਸ੍ਰ. ਗੁਰਨਾਮ ਸਿੰਘ ਛੋਕਰ, ਰਾਜਿੰਦਰ ਸਿੰਘ ਪੁਰੇਵਾਲ, ਮਾਸਟਰ ਅਵਤਾਰ ਸਿੰਘ, ਰੇਸ਼ਮ ਸਿੰਘ ਅਤੇ ਸਾਥੀਆਂ ਨੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ ਅਤੇ ਆਏ ਮਹਿਮਾਨਾਂ ਨੂੰ ਸਨਮਾਨ ਚਿੰਨ ਭੇਂਟ ਕੀਤੇ।
 

ਬਿਸਟ ਧਾਵੀ ਤੇਜ਼ੀ ਨੰਬਰ ਲੈ ਕੇ ਆਉਂਦਾ ਹੋਇਆ

ਭਾਰ ਤੋਲਕ ਇਨਾਮਾਂ ਨਾਲ