ਬਾਰਕਿੰਗ ਦੇ ਖੇਡ ਮੇਲੇ ਤੇ ਪੰਜਾਬੀਆਂ ਹੋਈ ਬੱਲੇ ਬੱਲੇ, ਮੇਲਾ ਕਵੈਂਟਰੀ ਨੇ ਲੁਟਿਆ ਦੂਜੇ ਨੰਬਰ ਤੇ ਰਹੀ ਜੀ ਐਨ ਜੀ ਗ੍ਰੇਵਜ਼ੈਂਡ, ਸੂਰਜ ਦੇਵਤੇ ਨੇ ਝੁਕ ਝੁਕ ਕੇ ਗੱਭਰੂਆਂ ਨੂੰ ਦਿੱਤੀਆਂ ਥਾਪੀਆਂ


ਰਿਪੋਰਟ: ਮਨਪ੍ਰੀਤ ਸਿੰਘ ਬੱਧਨੀ ਕਲਾਂ

ਗੁਰਦੁਆਰਾ ਸਿੰਘ ਸਭਾ ਲੰਡਨ ਈਸਟ (ਬਾਰਕਿੰਗ ਅਤੇ ਸੈਵਨ ਕਿੰਗਜ਼) ਵੱਲੋਂ ਕਰਵਾਇਆ ਗਿਆ 29ਵਾਂ ਸ਼ਹੀਦੀ ਟੂਰਨਾਮੈਂਟ ਸੱਚਮੁੱਚ ਵੇਖਣ ਵਾਲਾ ਸੀ। ਸ਼ਨੀਵਾਰ ਨੂੰ ਫੁਟਬਾਲ ਅਤੇ 10 ਜੂਨ ਦਿਨ ਐਤਵਾਰ ਨੂੰ ਕਬੱਡੀ, ਘੋਲ, ਰੇਸਾਂ ਦੇ ਮੁਕਾਬਲੇ ਚਮਕਦੀ ਧੁੱਪ ਵਿੱਚ ਚੋਂਦੇ ਮੁੜਕੇ ਪੰਜਾਬ ਦੀ ਪੈਂਦੀ ਗਰਮੀ ਦਾ ਚੇਤਾ ਕਰਵਾ ਰਹੇ ਸੀ। ਸਕਿਊਰਿਟੀ ਵਾਲਿਆਂ ਨੇ ਪ੍ਰੈਸ ਦਾ ਕਾਰਡ ਵੇਖਦਿਆਂ ਹੀ ਬਿਨ੍ਹਾਂ ਪੰਜ ਪੌਂਡ ਲਿਆ ਸਾਡੀ ਕਾਰ ਨੂੰ ਸਿੱਧਾ ਗਰਾਉਂਡ ਕੋਲ ਲਿਜਾਣ ਦੀ ਇਜ਼ਾਜ਼ਤ ਦੇ ਦਿੱਤੀ। ਮੈਂ ਤੇ ਮੇਰਾ ਸਾਥੀ ਪੱਤਰਕਾਰ ਸੋਖਾ ਢੇਸੀ ਕਾਲੀਆਂ ਐਨਕਾਂ ਲਾ ਕੇ ਗਰਾਉਂਡ ਨੂੰ ਮੱਥਾ ਟੇਕ ਟੂਰਨਾਮੈਂਟ ਦਾ ਜ਼ਾਇਜ਼ਾ ਲੈਣ ਲੱਗੇ। ਗੁਰੂ ਘਰ ਦੇ ਪ੍ਰਧਾਨ ਸ੍ਰ. ਲਹਿੰਬਰ ਸਿੰਘ ਲੇਹਲ, ਲਹਿੰਬਰ ਸਿੰਘ ਲਿਧੜ, ਅਜਮੇਰ ਸਿੰਘ ਮੇਲਾ ਅਮਰੀਕ ਸਿੰਘ ਬੋਪਾਰਾਏ ਸਮੇਤ ਸਮੁੱਚੀ ਕਮੇਟੀ ਨਾਲ ਫਤਹਿ ਸਾਂਝੀ ਕਰਕੇ ਸ਼ੀਰੇ ਦੇ ਹੋਟਲ ਤੋਂ ਚਾਹ ਪੀਣ ਚਲੇ ਗਏ। ਟੈਂਕੀਆਂ ਫੁੱਲ ਕਰਕੇ ਕਾਪੀ ਕੁੱਛੜ ਲੈ ਕੇ ਕੈਮਰੇ ਚੁੱਕ ਲਏ। ਸਵੇਰ ਤੋਂ ਸ਼ਾਮ ਤੱਕ ਸਾਨੂੰ ਬਹੁਤਾ ਬੈਠਣ ਨਹੀਂ ਮਿਲਦਾ ਕਦੇ ਉਧਰ ਕਦੇ ਇਧਰ ਤੁਰ ਫਿਰ ਕੇ ਰਿਪੋਰਟ ਕੱਠੀ ਕਰਨੀ ਪੈਂਦੀ ਹੈ। ਜਦ ਪ੍ਰਬੰਧਕਾਂ ਦਾ ਪੂਰਾ ਜ਼ੋਰ ਲੱਗਿਆ ਹੋਵੇ ਖਿਡਾਰੀਆਂ ਨੇ ਖੁਬ ਦਰਸ਼ਕਾਂ ਨੂੰ ਨਸ਼ਾਂ ਚਾੜਿਆ ਹੋਵੇ ਤਾਂ ਸਾਨੂੰ ਵੀ ਰਿਪੋਰਟ ਲਿਖਣ ਦਾ ਸੱਜਰੇ ਮੁਕਲਾਵੇ ਵਰਗਾ ਸਰੂਰ ਚੜਿਆ ਹੁੰਦਾ ਹੈ। ਪੰਜਾਬੀ ਦਾ ਉੱਘਾ ਨਾਵਲਕਾਰ ਜੱਗੀ ਕੁੱਸਾ ਵੀ ਘਰ ਦੇ ਟੂਰਨਾਮੈਂਟ ਤੇ ਪਹੁੰਚਿਆ ਹੋਇਆ ਸੀ ਅਤੇ ਗ੍ਰੇਵਜ਼ੈਂਡ ਤੋਂ ਧਾਰਮਿਕ ਗੀਤਕਾਰੀ ਦਾ ਮਸੀਹਾ ਝਲਮਣ ਸਿੰਘ ਢੰਡਾ ਵੀ, ਇੰਗਲੈਂਡ ਦੇ ਪੱਤਰਕਾਰੀ ਖੇਤਰ ਦੀ ਜਾਣੀ ਪਹਿਚਾਣੀ ਸ਼ਖ਼ਸ਼ੀਅਤ ਸ੍ਰ. ਗੁਰਦੀਪ ਸਿੰਘ ਪੰਜਾਬ ਮੇਲ ਵਾਲੇ ਦੀ ਦਰਸ਼ਨ ਦੇ ਗਏ ਅਤੇ ਖੇਡ ਲੇਖਕ ਬਲਬੀਰ ਸਿੰਘ ਕੰਵਲ ਵੀ ਮੇਲੇ ਦਾ ਅਨੰਦ ਲੈਂਦੇ ਵੇਖੇ ਗਏ। ਮੈਰਾਥਨ ਦੌੜਾਕ ਦੁਨੀਆਂ ਭਰ ਵਿੱਚ ਸਿੱਖਾਂ ਦਾ ਨਾਮ ਰੌਸ਼ਨ ਕਰਨ ਵਾਲਾ ਬਾਬਾ ਫੋਜਾ ਸਿੰਘ ਵੀ ਗੇੜਾ ਮਾਰਨ ਆ ਗਿਆ ਸੀ।
ਸ੍ਰ. ਲਹਿੰਬਰ ਸਿੰਘ ਲੇਹਲ, ਸਵਰਨ ਸਿੰਘ ਕੰਦੋਲਾ, ਸੰਸਾਰ ਸਿੰਘ ਨਰਵਾਲ, ਰਸ਼ਪਾਲ ਸਿੰਘ ਪਵਾਰ ਜਿਥੇ ਸਟੇਜ ਤੋਂ ਖੇਡ ਮੇਲੇ ਦੀ ਨਿਗਰਾਨ ਕਰ ਰਹੇ ਸਨ ਉਥੇ ਗੁਰਦੀਪ ਸਿੰਘ ਹੁੰਦਲ ਸਟੇਜ ਸਕੱਤਰ ਦੀ ਭੁਮਿਕਾ ਬਾਖੂਬੀ ਨਿਭਾ ਰਹੇ ਸਨ। ਸ੍ਰ. ਲਹਿੰਬਰ ਸਿੰਘ ਲਿਧੜ, ਅਜਮੇਰ ਸਿੰਘ ਮੇਲਾ ਆਪਣੇ ਸਾਥੀਆਂ ਸਮੇਤ ਗਰਾਉਂਡ ਵਿੱਚ ਹੀ ਰਹੇ। ਮੇਰਾ ਹਮ ਵਰਕਰ ਸ੍ਰ. ਨਿਰਮਲ ਸਿੰਘ ਲਿਧੜ ਵੀ ਖੱਟੀ ਝੱਗੀ ਪਾਈ ਦੱਸਦਾ ਸੀ ਕਿ ਬਾਰਕਿੰਗ ਅਤੇ ਸਾਊਥਾਲ ਦੇ ਟੂਰਨਾਮੈਂਟ 'ਤੇ ਮੈਂ ਖਾਸ ਤੌਰ ਡਿਊਟੀ ਦਿੰਦਾ ਹੀ ਹਾਂ।
ਦੋ ਪਿਚਾਂ ਵਿੱਚ ਸ਼ੁਰੂਆਤੀ ਮੈਚ ਕਰਵਾ ਕੇ ਕਮੇਟੀ ਨੇ ਵੇਲੇ ਸਿਰ ਟੂਰਨਾਮੈਂਟ ਦੀ ਸਮਾਪਤੀ ਕਰਵਾਉਣ ਲਈ ਜੋ ਹੁੰਭਲਾ ਮਾਰਿਆ ਅਤਿ ਸਲਾਹੁਣਯੋਗ ਉਦਮ ਸੀ। ਪਹਿਲਾ ਮੈਚ ਈਰਥ ਵੂਲਿਚ ਅਤੇ ਲੈਸਟਰ ਵਿਚਕਾਰ ਹੋਇਆ ਮਨਜੀਤ ਔਲਖ ਅਤੇ ਸੁੱਚਾ ਥਿੰਦ ਨੇ ਮੇਹਰ, ਮੰਦਰ, ਹਰਮੀਤ, ਸੱਤਾ, ਸੋਨੀ, ਬਿੰਦਾ, ਗੱਗਾ ਨੂੰ ਬਥੇਰੀਆਂ ਆਰਾਂ ਲਾਈਆਂ ਲੇਕਨ ਸਫਲਤਾ ਲੈਸਟਰ ਨੂੰ ਮਿਲੀ। ਦੂਜੀ ਪਿਚ ਵਿੱਚ ਬ੍ਰਮਿੰਘਮ ਅਤੇ ਇਲਫੋਰਡ ਆਹਮੋ ਸਾਹਮਣੇ ਹੋਈਆਂ। ਹੇਜ਼ ਅਤੇ ਸਾਊਥਾਲ ਦੇ ਮੈਚ ਤੱਕ ਦਰਸ਼ਕ ਕਾਫੀ ਜੁੜ ਚੁੱਕੇ ਸਨ ਹਾਫ ਟਾਈਮ ਤੱਕ ਸਾਊਥਾਲ ਢਾਈ ਅੰਕਾਂ ਤੇ ਅੱਗੇ ਜਾ ਰਹੀ ਸੀ ਗੋਲੂ ਪਮਾਲ ਨੇ ਸਰਪੰਚ ਨੂੰ ਅਤੇ ਜੀਤ ਤੂਤ ਪਿੰਡੀਏ ਨੂੰ ਜੱਫਾ ਲਾ ਕੇ ਕਹਿੰਦਾ ਪਿਛਲੇ ਵਰ੍ਹੇ ਮੌਕੇ ਨਹੀਂ ਸੀ ਮਿਲਦਾ ਐਤਕੀਂ ਘਰ ਪੂਰਾ ਕਰੂੰ, ਗੋਲੂ ਗੱਜਣਵਾਲ ਨੇ ਲੱਡੂ ਵਰਗੇ ਧਾਵੀ ਨੂੰ ਰੋਕਿਆ, ਪਾਲਾ ਨੇ ਤੋਚੀ ਨੂੰ ਬਾਜ਼ਾ ਵੀ ਲੱਡੂ ਅਤੇ ਅਜਮੇਰ ਨੂੰ ਨਿਹਾਲ ਕਰ ਗਿਆ ਗੀਤਾ ਕੋਟਕਰੋੜ, ਸ਼ੈਂਟੀ ਛੋਕਰਾਂ ਵਧੀਆ ਖੇਡੇ ਮਾੜੀ ਕਿਸਮਤ ਨਾਲ ਗੁਲਜ਼ਾਰ ਦੀ ਅਣਗਹਿਲੀ ਨੇ ਹੇਜ਼ ਦੇ ਧਾਵੀ ਬਿੱਕੀ ਨੂੰ ਅਜੇਹਾ ਫੱਟੜ ਕੀਤਾ ਕੇ ਅੱਖ ਤੇ ਚਾਰ ਟੰਕੇ ਲਾਉਣੇ ਪਏ। ਦਾਨਾ ਮੱਲ੍ਹੀਆਂ, ਸੇਬੀ ਚਕਰ, ਸੋਨੀ ਕੌਂਕੇ ਨੇ ਕੇਵਲ, ਪ੍ਰਭਜੋਤ ਸਿੰਘ ਬਿਟੂ, ਬਲਜੀਤ ਮੱਲ੍ਹੀ, ਪਾਲੀ ਢਿਲੋਂ ਨੂੰ ਕਹਿ ਦਿੱਤਾ ਭਰੋਸਾ ਰੱਖੋ ਸਾਡੇ 'ਤੇ। ਅਖ਼ਤਰ ਨੇ ਰੈਫਰੀ ਦੀ ਰੂਲਿੰਗ ਨੂੰ ਪੂਰਾ ਟਾਈਟ ਰੱਖਿਆ ਫਾਊਲ ਖੇਡਦੇ ਖਿਡਾਰੀ ਦਾ ਨੰਬਰ ਬਿਨ੍ਹਾ ਝਿਜਕ ਦੂਜੇ ਖਿਡਾਰੀ ਦੇ ਹੱਕ ਦਿੱਤਾ। ਇਲਫੋਰਡ ਨੂੰ ਡਰਬੀ ਨੇ ਦੂਜੀ ਪਿਚ ਤੇ ਢੇਰ ਕਰ ਦਿੱਤਾ। ਗ੍ਰੇਵਜ਼ੈਂਡ ਅਤੇ ਪੰਜਾਬ ਯੁਨਾਇਟਡ ਟਿਲਫੋਰਡ ਵੁਲਵਰਹੈਂਪਟਨ ਦਾ ਮੈਚ ਪੂਰਾ ਫਸਿਆ ਮਹਿੰਦਰ ਸਿੰਘ ਮੌੜ, ਬਹਾਦਰ ਸ਼ੇਰਗਿੱਲ, ਨਛੱਤਰ ਥਿਆੜਾ, ਪਾਲੀ ਚੱਠਾ ਇੱਕ ਹੋਰ ਜਾਫੀ ਨੂੰ ਬੇਸਬਰੀ ਨਾਲ ਉਡੀਕਦੇ ਹੋਣ ਕਰਕੇ ਅੱਜ ਦੀ ਹਾਰ ਨੂੰ ਦਿਲ ਤੇ ਨਹੀਂ ਸੀ ਲਾ ਰਹੇ। ਸੂਰਜ ਵੀ ਅੱਜ ਟਿਲਫੋਰਡ ਤੋਂ ਚੜਿਆ ਸੀ। ਸਲੋਹ ਵਾਲੇ ਅੱਜ ਸੁਸਤ ਸਨ ਖਿਡਾਰੀ ਬਿਮਾਰ ਸਨ ਬਾਰਕਿੰਗ ਵਾਲਿਆਂ ਨੇ ਅੱਧੋ ਅੱਧੀ ਨੰਬਰਾਂ ਦੇ ਫਰਕ ਨਾਲ ਮੈਚ ਜਿੱਤ ਲਿਆ। ਕਾਲਾ ਮਹੇੜੂ ਨੇ ਜੋਗੀ, ਰਾਜੂ ਕੌਂਕੇ ਨੇ ਸ਼ੌਕਤ ਨੂੰ ਠੱਲਿਆ ਨਿਰਮਲ ਚਾਂਗਲੀ ਦੀਆਂ ਅੱਜ ਚੜ ਮੱਚੀਆਂ ਸਨ, ਬਾਰਕਿੰਗ ਵਾਲੇ ਖੁਸ਼ ਸਨ ਕਿ ਟੂਰਨਾਮੈਂਟ ਹੀ ਵਧੀਆ ਨਹੀਂ ਚੱਲ ਰਿਹਾ ਖਿਡਾਰੀ ਵੀ ਪੂਰਾ 440 ਵੋਲਟ ਵਰਗਾ ਕੰਮ ਕਰਦੇ ਹਨ। ਗੋਗੀ ਜਰਗੜੀ, ਸੁਖਚੈਨ ਨਾਗਰਾ, ਹਰਦੀਪ ਕੌਂਕੇ ਦੀ ਖੇਡ ਪਿਆਰੀ ਨਿਆਰੀ ਸੀ। ਸ਼ੀਰਾ, ਗੋਲਡੀ, ਰੇਸ਼ਮ ਸਿੰਘ ਡੇਲ ਖਿਡਾਰੀਆਂ ਨੂੰ ਅਗਲੇ ਟੂਰਨਾਮੈਂਟ ਵਿੱਚ ਕੁਝ ਕਰਨਾ ਪਊ ਕਹਿ ਗਏ ਸਨ।
ਕਵੈਂਟਰੀ ਨੇ ਘੁੱਦਾ ਅਖਥਰ ਦੀ ਹੁੱਲ ਨੂੰ ਹਰਾ ਕੇ ਜੇਤੂ ਸਿਲਸਲਾ ਸ਼ੁਰੂ ਕੀਤਾ।ਸ੍ਰ. ਕੁੰਦਨ ਸਿੰਘ ਖੈੜਾ ਦੀ ਵਾਲਸਾਲ ਨੂੰ ਮਿਡਵੇ ਨੇ ਹਰਾ ਦਿੱਤਾ। ਸਿੱਖ ਟੈਂਪਲ ਵੁਲਵਰਹੈਂਪਟਨ ਦੇ ਬਲਕਾਰਾ ਨੇ ਖੁਬ ਲਲਕਾਰੇ ਮਾਰੇ, ਮੱਲ੍ਹ ਦੀ ਫੁਕ ਸੰਦੀਪ ਨੰਗਲ ਅੰਬੀਆਂ ਨੇ ਕੱਢੀ, ਜੀਤੀ ਕੂਨਰ ਨੇ ਸੁੱਖ ਨੂੰ ਗੋਰਾ ਖੀਰਾਂਵਾਲੀ ਕਹਿੰਦਾ ਭਜੀ ਖੀਰਾਂਵਾਲੀ ਦਾ ਪੇਂਡੂ ਹਾਂ ਕੁਝ ਤਾ ਕਰੂੰਗਾ, ਛਿੰਦਾ ਬਾਠ ਵੀ ਮੇਜਰ ਗਾਖਲ ਨੂੰ ਕਹਿ ਰਿਹਾ ਸੀ ਜੋਸ਼ ਨਹੀਂ ਮਰਦਾ ਕੀ ਕਰਾਂ ਜਾਫੀਆ ਵਿੱਚ ਖੜੋ ਲੈਣ ਦੋ ਜੱਫਾ ਨਹੀਂ ਲੱਗਦਾ ਤਾਂ ਨਾ ਸਹੀ। ਬਲਵਿੰਦਰ ਚੱਠਾ ਦੀ ਟੀਮ ਜੇਤੂ ਰਹੀ। ਵੁਲਵਰਹੈਂਪਟਨ ਜੱਸਾ ਦੇ ਖਿਡਾਰੀ ਦਰਸ਼ਨ ਘੜਾਚੋਂ, ਬਾਗੀ, ਨਾਨਕ ਵਧੀਆ ਖੇਡਦੇ ਹਨ ਲੇਕਨ ਲੈਸਟਰ ਦੇ ਜੇਤੂ ਅੰਦਾਜ਼ ਨੂੰ ਨਹੀਂ ਰੋਕ ਸਕੇ। ਸਾਊਥਾਲ ਅਤੇ ਕਵੈਂਟਰੀ ਦੇ ਮੈਚ ਦੇ ਸ਼ੁਰੂ ਵਿੱਚ ਲੱਗਦਾ ਸੀ ਕੇ ਕੁਝ ਵੱਖਰਾ ਹੋਵੇਗਾ, ਅੱਧ ਤੱਕ ਚਾਰ ਨੰਬਰਾਂ ਦੇ ਫਰਕ ਨਾਲ ਕਵੈਂਟਰੀ ਅੱਗੇ ਸੀ, ਗੁਲਜ਼ਾਰ ਅਜੇ ਚੱਲ ਨਹੀਂ ਰਿਹਾ, ਗੋਲੂ ਕਾਲੇ ਨੂੰ ਜੱਫਾ ਮਾਰ ਗਿਆ, ਹਰਜੀਤ ਪੱਤੜ, ਦਾਲਾ ਮੱਲ੍ਹੀਆਂ ਠੀਕ ਹਨ। ਰਣਜੀਤ ਸੈਮੀ, ਬਾਬਾ, ਰਾਜਾ ਜੰਡੀ ਦੀ ਟੀਮ ਅਜੇ ਸਰਵਿਸ ਮੰਗਦੀ ਐ। ਡਰਬੀ ਨੂੰ ਗ੍ਰੇਵਜ਼ੈਂਡ ਨੇ ਹਰਾ ਦਿੱਤਾ, ਗੁਰਨਾਮ ਸਿੰਘ ਛੋਕਰ ਆਪਣੇ ਸੰਗੀ ਸਾਥੀਆਂ ਨਾਲ ਮੇਲੇ ਦੀ ਹਾਜ਼ਰੀ ਭਰਦੇ ਰਹੇ। ਬਾਰਕਿੰਗ ਨੇ ਟਿਲਫੋਰਡ ਨੂੰ ਪੰਜ ਅੰਕਾਂ ਦੇ ਫਰਕ ਨਾਲ ਹਰਾਇਆ, ਗੋਰਾ ਖੀਰਾਂਵਾਲੀ, ਅਤੇ ਨਿਰਮਲ ਚਾਂਗਲੀ ਦੇ ਜੱਫੇ ਦਰਸ਼ਕਾਂ ਨੂੰ ਸੁਆਦ ਦੇ ਗਏ, ਜੀਤੀ ਕੂਨਰ ਅਜੇ ਆਸਾਂ ਤੇ ਖਰਾ ਨਹੀਂ ਉਤਰ ਰਿਹਾ। ਅੱਜ ਮਿਡਵੇ ਵਾਲੇ ਵੀ ਕਿਸੇ ਤੋਂ ਘੱਟ ਨਹੀਂ ਸੀ ਬਾਰਕਿੰਗ ਵਾਲਿਆਂ ਦੇ ਸਜਾਏ ਕੱਪ ਤੇ ਸਭ ਨਿਗ੍ਹਾਵਾਂ ਮੱਲੋ ਮੱਲੀ ਜਾ ਟਿਕਦੀਆ ਸਨ। ਲੈਸਟਰ ਨੂੰ ਮਿਡਵੇ ਨੇ ਚਾਰ ਨੰਬਰਾਂ ਦੇ ਫਰਕ ਨਾਲ ਹਰਾ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕਰ ਲਿਆ। ਪਹਿਲੇ ਸੈਮੀਫਾਈਨਲ ਦਾ ਮੁਕਾਬਲਾ ਸਿੰਘ ਸਭਾ ਬਾਰਕਿੰਗ ਅਤੇ ਕਵੈਂਟਰੀ ਵਿਚਕਾਰ ਸੀ ਦਰਸ਼ਕ ਕੁਰਸੀਆ ਤੇ ਬੈਠੇ ਹੇਠ ਜ਼ਮੀਨ ਤੇ ਬੈਠੇ ਇੱਕ ਦੂਜੇ ਦੇ ਮੋਢਿਆਂ ਤੋਂ ਹੋ ਹੋ ਮੈਚ ਵੇਖ ਰਹੇ ਸਨ। ਅੱਜ ਰਾਜ ਪਲਟਾ ਹੋਣਾ ਸੀ ''ਕਿਹੜੀ ਨਿਤਰੋ ਵੜੇਵੇਂ ਖਾਣੀ" ਸੋਚ ਰਹੇ ਸੀ। ਨਿਰਮਲ ਚਾਂਗਲੀ ਨੇ ਭਿੰਦਰ ਚਾਂਗਲੀ ਦਾ ਹਾਲਚਾਲ ਪੁਛਿਆ, ਰੱਭੋ ਨੇ ਅੱਜ ਸਤਨਾਮ ਸਿਉਂ ਨੂੰ ਪਹਿਲਾਂ ਕਿਹਾ ਲੱਗਦਾ ਸੀ ਅੰਕਲ ਗੱਡੀ ਵੱਡੀ ਲੈ ਕੇ ਚੱਲੀਂ, ਕੱਪ ਲਿਆਉਣੈ, ਸੁੱਚਮੁੱਚ ਜਾਨ ਵਾਰ ਵਾਰ ਜੱਫੇ ਲਾਏ ਮਾ ਦੇ ਸ਼ੇਰ ਪੁੱਤ ਨੇ ਨਗਰਾ, ਗੋਗੀ, ਤਾਰੀ ਸਭ ਨੂੰ ਹੱਥ ਪਾਇਆ। ਮਨਜੀਤ ਸੁਹੇੜਾ, ਖਾੜਕੂ ਪੂਰੇ ਖੜਕੇ। ਲਹਿੰਬਰ ਸਿੰਘ ਲਿਧੜ, ਮੇਲਾ ਨੋਟ ਤਾਂ ਵਾਰ ਦੇ ਰਹੇ ਸਨ ਜੱਫਿਆਂ ਤੋਂ ਲੇਕਨ ਜਿੱਤ ਕਵੈਂਟਰੀ ਦੀ ਝੋਲੀ ਪਈ। ਸਰਦਾਰਾ ਸਿੰਘ ਧਾਲੀਵਾਲ ਦੀ ਦੇਖਰੇਖ ਹੇਠ ਹੀਰਾ ਮਿੱਠਾਪੁਰ ਅਤੇ ਬਿੱਲਾ ਸਿੰਘ ਨੇ ਕੁਸ਼ਤੀ ਲੜੀ, ਅਵਤਾਰ ਭਾਊ, ਅਕਾਲ ਸਿੰਘ ਨੇ ਬੋਰੀ ਅਤੇ ਪਲਵਿੰਦਰ ਸਿੰਘ ਢੰਡਾ ਨੇ ਆਇਰਨ ਚੁੱਕੀ। ਇਥੋਂ ਦੇ ਕਬੱਡੀ ਪ੍ਰੇਮੀ ਸ੍ਰ. ਰਾਜਿੰਦਰ ਸਿੰਘ ਜੌਹਲ ਦੀ ਯਾਦ ਅੰਦਰ ਇੱਕ ਮਿੰਟ ਦਾ ਮੌਨ ਰੱਖਿਆ ਅਤੇ ਉਹਨਾਂ ਦੇ ਬੇਟੇ ਨੂੰ ਸਨਮਾਨਿਤ ਵੀ ਕੀਤਾ ਗਿਆ। ਸੁੱਖੇ ਦੇ ਮੋਢੇ ਤੇ ਸੱਟ ਲੱਗਣ ਕਾਰਨ ਕਬੱਡੀ ਪ੍ਰੇਮੀਆਂ ਵੱਲੋਂ ਉਸ ਦੀ ਮਦਦ ਲਈ ਮਾਇਆ ਇਕੱਤਰ ਵੀ ਕੀਤੀ ਤਾ ਕਿ ਖਿਡਾਰੀ ਦੀ ਹੌਂਸਲਾ ਅਫਜ਼ਾਈ ਹੋ ਸਕੇ।
ਦੂਜਾ ਸੈਮੀਫਾਈਨਲ ਮੈਚ ਮਿਡਵੇ ਅਤੇ ਗ੍ਰੇਵਜ਼ੈਂਡ ਵਿਚਕਾਰ ਸੀ ਸੁਖਬੀਰ ਬਾਸੀ, ਪਾਲਾ ਪੰਡੋਰੀ, ਤਿੰਦਾ, ਮਾਣਕ, ਗੋਪੀ, ਕਾਲਾ, ਨਿੰਦੀ, ਹੀਰਾ ਰੂਹ ਨਾਲ ਖੇਡਣ ਵਾਲੇ ਖਿਡਾਰੀ ਹਨ ਜਿਹਨਾਂ ਨੂੰ ਹਰਾ ਕੇ ਗ੍ਰੇਵਜ਼ੈਂਡ ਫਾਈਨਲ ਲਈ ਜੇਤੂ ਬਣੀ। ਬੱਚਿਆਂ ਦਾ ਮੈਚ ਕਰਵਾ ਕੇ ਖਿਡਾਰੀਆਂ ਨੂੰ ਕੁਝ ਰਿਸਟ ਦਵਾਈ। ਫਾਈਨਲ ਮੈਚ ਵੇਲੇ ਭਿੰਦੇ ਮੁਠੱਡੇ ਨੇ ਤਾਰਾਂ ਕਸ ਲਈਆਂ ਸਨ ਤੂੰਬੀ ਟਣਕ ਟਣਕ ਕਰਦੀ ਸੀ ਵੈਸੇ ਮਾਣ ਵਾਲੀ ਗੱਲ ਹੈ ਕਿ ਇੰਗਲੈਂਡ ਦੇ ਰਹਿਣ ਵਾਲੇ ਦੋ ਕੁਮੈਂਟੇਟਰ ਸਾਡੇ ਕੋਲ ਭਿੰਦਾ ਮੁਠੱਡਾ ਅਤੇ ਸੋਖਾ ਢੇਸੀ ਸੱਚਮੁੱਚ ਕਬੱਡੀ ਵਿੱਚ ਜਾਨ ਪਾ ਦਿੰਦੇ ਹਨ। ਅੱਜ ਦੇ ਕੱਪ ਦਾ ਫੈਸਲਾ ਹੋਣ ਲਈ ਦੋਵੇਂ ਟੀਮਾਂ ਮੈਦਾਨ ਨਿੱਤਰੀਆਂ ਸੱਤਾ ਮੁਠੱਡਾ, ਜਰਨੈਲ ਸਿੰਘ ਬਾਹੜਮਜਾਰਾ, ਦਵਿੰਦਰ ਪਤਾਰਾ ਟੀਮ ਨੂੰ ਹੱਲਾ ਸ਼ੇਰੀ ਦਿੰਦੇ ਸਨ ਸਵਰਨਾ ਦਾਅ ਪੇਚ ਦੱਸ ਰਿਹਾ ਸੀ, ਸਤਨਾਮ ਸਿੰਘ ਨੂੰ ਖਿਡਾਰੀ ਕਹਿ ਰਹੇ ਸਨ ਅੰਕਲ ਜੀ ਅੱਜ ਕੱਪ ਤੁਹਾਡਾ ਹੀ ਐ ਲਾਡਾ ਸੰਧਵਾਂ, ਬਾਲਾ ਖਾਈ, ਤਾਰ ਲੰਡੇ ਕੇ, ਫਿੰਦੀ ਰੁੜਕੀ, ਹੈਪੀ ਚਮਿਆਰਾ ਦੀ ਪੇਸ਼ ਨਹੀਂ ਗਈ, ਮੱਤਾ ਗੁਰਦਾਸਪੁਰੀਆ ਮਨਜੀਤ ਸੁਹੇੜੇ ਦੇ ਜੱਫੇ ਵੇਲੇ ਸੱਟ ਖਾ ਬੈਠਾ। ਕੱਪ ਕਵੈਂਟਰੀ ਨੇ ਹੱਸ ਕੇ ਚੁੰਮਿਆਂ। ਗ੍ਰੇਵਜ਼ੈਂਡ ਵਾਲੇ ਰਨਰ ਅੱਪ ਦਾ ਕੱਪ ਚੁੱਕ ਕੇ ਛਾਲਾਂ ਮਾਰ ਰਹੇ ਸਨ ਸ਼ਾਬਾਸ਼ ਚੋਬਰੋ ਪਿੰਡ ਦਾ ਨਾਮ ਕੀਤੈ। ਉਧਰੋਂ ਸ੍ਰ. ਲਹਿੰਬਰ ਸਿੰਘ ਕੰਗ ਨੇ ਭਿੰਦੇ ਦੇ ਮਿੱਠੇ ਬੋਲਾਂ ਤੋਂ ਪ੍ਰਭਾਵਿਤ ਹੋ ਕੇ ਪੰਜ ਤੋਲੇ ਦੇ ਸੋਨੇ ਦੇ ਕੜੇ ਨਾਲ ਸਨਮਾਨਿਤ ਕੀਤਾ।
ਅਖੀਰ ਵਿੱਚ ਸ੍ਰ. ਲਹਿੰਬਰ ਸਿੰਘ ਲੇਹਲ ਅਤੇ ਟੂਰਨਾਮੈਂਟ ਕਮੇਟੀ ਵੱਲੋਂ ਆਏ ਮਹਿਮਾਨਾਂ ਨੂੰ ਯਾਦ ਗਰੀ ਚਿੰਨ ਭੇਂਟ ਕੀਤੇ ਗਏ ਅਤੇ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕੀਤੇ। ਕਬੱਡੀ ਖਿਡਾਰੀ ਪ੍ਰੀਤੇ ਨੂੰ ਵੀ ਸਨਮਾਨਿਤ ਕੀਤਾ ਗਿਆ। ਅੱਜ ਦੇ ਟੂਰਨਾਮੈਂਟ ਦੇ ਬਿਸਟ ਜਾਫੀ ਰਵਿੰਦਰ ਰੱਭੋ ਅਤੇ ਬਿਸਟ ਧਾਵੀ ਦਾ ਖਿਤਾਬ ਹੈਪੀ ਚਮਿਆਰਾ ਵਾਲੇ ਨੂੰ ਦਿੱਤਾ ਗਿਆ। ਗੁਰੂ ਕਾ ਲੰਗਰ ਅਤੁੱਟ ਵਰਤਿਆ। ਆਉਂਦੇ ਵਰ੍ਹੇ ਨੂੰ ਮੁੜ ਮਿਲਣ ਦਾ ਵਾਇਦਾ ਕਰਦਿਆਂ ਟੂਰਨਾਮੈਂਟ ਕਮੇਟੀ ਨੇ ਸਮੂੰਹ ਦਰਸ਼ਕਾਂ, ਇੰਗਲੈਂਡ ਕਬੱਡੀ ਫੈਡਰੇਸ਼ਨ, ਸਮੂੰਹ ਕਲੱਬਾਂ, ਪ੍ਰਮੋਟਰਾਂ, ਖਿਡਾਰੀਆਂ, ਸਹਿਯੋਗੀਆਂ, ਦਾਨੀਆਂ, ਪੁਲੀਸ ਅਤੇ ਐੰਬੂਲੈਂਸ ਸੇਵਾਵਾਂ ਪ੍ਰਧਾਨ ਕਰਨ ਵਾਲਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਹਨਾਂ ਨੇ ਟੂਰਨਾਮੈਂਟ ਨੂੰ ਕਾਮਯਾਬ ਬਣਾਉਣ ਲਈ ਹਰ ਸੰਭਵ ਮੱਦਦ ਕੀਤੀ। ਕਰਨੈਲ ਸਿੰਘ ਖਹਿਰਾ, ਕੁਲਦੀਪ ਮੱਟੂ, ਹਰਪਾਲ ਸਿੰਘ ਬਰਾੜ, ਸੁਰਿੰਦਰ ਸਿੰਘ ਭਾਊ, ਸੁਰਿੰਦਰ ਮਾਣਕ ਖੇਡ ਸੰਸਾਰ ਦੇ ਸੰਪਾਦਕ ਸੰਤੋਖ ਸਿੰਘ ਮੰਡੇਰ ਸਮੇਤ ਬਹੁਤ ਸਾਰੇ ਕਬੱਡੀ ਪ੍ਰੇਮੀ ਪਹੁੰਚੇ ਹੋਏ ਸਨ। ਕੁੱਲ ਮਿਲਾ ਕੇ ਮੇਲੇ ਦੀ ਕਾਮਯਾਬੀ ਲਈ ਸਮੁੱਚੀ ਪ੍ਰਬੰਧਕ ਕਮੇਟੀ ਅਤੇ ਇਲਾਕਾ ਨਿਵਾਸੀ ਵਧਾਈ ਦੇ ਪਾਤਰ ਹਨ।

ਫੋਟੋ:
ਹੀਰਾ ਅਤੇ ਬਿਲੂ ਮੱਲ੍ਹ ਘੁਲਦੇ ਹੋਏ
ਟਿਲਫੋਰਡ ਕਬੱਡੀ ਕਲੱਬ ਦੀ ਟੀਮ
ਮੇਲੇ ਦਾ ਅਨੰਦ ਲੈਂਦੇ ਹੋਏ ਬਾਬਾ ਫੋਜਾ ਸਿੰਘ, ਅਜਮੇਰ ਸਿੰਘ ਮੇਲਾ, ਲਹਿੰਬਰ ਸਿੰਘ ਲਿਧੜ, ਗੀਤਕਾਰ ਝਲਮਣ ਸਿੰਘ ਢੰਡਾ ਅਤੇ ਨਾਵਲਕਾਰ ਜੱਗੀ ਕੁੱਸਾ
ਸਿੰਘ ਸਭਾ ਬਾਰਕਿੰਗ ਦੀ ਟੀਮ