....ਗਾਵੇ ਆਲ ਪਤਾਲ
ਸਿਮਰਨਜੀਤ ਸਿੰਘ ਮਾਨ ਦੀ ਪੰਥਕ ਸਿਆਸਤ 'ਤੇ ਪ੍ਰਸ਼ਨਚਿੰਨ ?

ਹਰਜਿੰਦਰ ਸਿੰਘ ਭੰਗੂਖੇੜ੍ਹਾ

ਸਰਦਾਰ ਸਿਮਰਨਜੀਤ ਸਿੰਘ ਮਾਨ ਜੇ ਸੱਚਮੁੱਚ ਹੀ ਸਿੱਖ ਕੌਮ ਦੇ ਹਮਦਰਦ ਹਨ ਤਾਂ ਉਹਨਾਂ ਨੂੰ ਬਿਨਾ ਦੇਰੀ ਕਾਂਗਰਸ ਪਾਰਟੀ 'ਚ ਸ਼ਾਮਲ ਹੋ ਕੇ ਬਿਲਕੁਲ ਉਸੇ ਤਰ੍ਹਾਂ ਕਾਂਗਰਸ ਨੂੰ ਖੇਰੂ-ਖੇਰੂ ਕਰ ਦੇਣਾ ਚਾਹੀਦਾ ਹੈ ਜਿਵੇਂ ਉਹਨਾਂ ਨੇ ਹੁਣ ਤੱਕ ਪੰਥ ਨੂੰ ਕੀਤਾ ਹੈ। ਇਹ ਟਿੱਪਣੀ ਇਕ ਉੱਘੇ ਸਿੱਖ ਵਿਦਵਾਨ ਪਲਸ ਧਾਰਮਿਕ ਤੇ ਸਿਆਸੀ ਆਗੂ ਨੇ ਉਸ ਸਮੇਂ ਕੀਤੀ ਜਦੋਂ ਉਸ ਨੂੰ ਮਾਨ ਅਤੇ ਦਲਜੀਤ ਸਿੰਘ ਬਿੱਟੂ ਦਰਮਿਆਨ ਛਿੜੇ ਵਿਵਾਦ 'ਤੇ ਸੰਖੇਪ ਪ੍ਰੰਤੂ ਮੁਕੰਮਲ ਟਿੱਪਣੀ ਕਰਨ ਲਈ ਕਿਹਾ ਗਿਆ।
ਸਿਮਰਨਜੀਤ ਸਿੰਘ ਮਾਨ ਅੱਜ ਅਜਿਹੇ ਮੋੜ 'ਤੇ ਪਹੁੰਚ ਚੁੱਕੇ ਹਨ ਕਿ ਉਹਨਾਂ ਨਾਲ ਚਟਾਨ ਵਾਂਗ ਖੜ੍ਹੇ ਸੁਹਿਰਦ ਸੱਚੇ ਸੁੱਚੇ ਇਮਾਨਦਾਰ ਟਕਸਾਲੀ ਅਕਾਲੀ ਵਰਕਰਾਂ ਨੂੰ ਗੰਭੀਰਤਾ ਨਾਲ ਨਿੱਠ ਕੇ ਸੋਚਣਾ ਚਾਹੀਦਾ ਹੈ ਕੀ ਕੌਮ ਸਰਦਾਰ ਮਾਨ ਨੂੰ ਹੋਰ ਕਿੰਨਾ ਸਮਾਂ ਦੇਵੇ? ਸ. ਮਾਨ ਦੀ ਪਿਛਲੇ ਲਗਭਗ ਦੋ ਦਹਾਕੇ ਦੀ ਕਾਰਗੁਜ਼ਾਰੀ ਨੂੰ ਧਿਆਨ 'ਚ ਰੱਖ ਕੇ ਆਪਣੇ ਆਪ ਨੂੰ ਸਵਾਲ ਕਰਨ ਕਿ ਸ. ਮਾਨ 'ਚ ਪੂਰੀ ਸਿੱਖ ਕੌਮ ਦੇ ਨਿਰਵਿਵਾਦ ਨੇਤਾ ਬਣ ਸਕਦੇ ਹਨ? ਸਿੱਖ ਕੌਮ ਸ. ਪ੍ਰਕਾਸ਼ ਸਿੰਘ ਬਾਦਲ ਦੇ ਮੁਕਾਬਲੇ ਸ. ਮਾਨ 'ਤੇ ਵਿਸ਼ਵਾਸ ਭਰੋਸਾ ਕਰ ਸਕਦੀ ਹੈ? ਆਖਰ ਕਿਨਾ ਚਿਰ ਇਹ ਅਣਖੀ, ਗੈਰਤਮੰਦ, ਸਿਰੜੀ ਸੱਚੇ ਸਿੱਖ ਲੱਖਾਂ ਵੋਟਾਂ 'ਚੋਂ ਸੈਂਕੜਿਆਂ ਦੀ ਗਿਣਤੀ ਵਿਚ ਆਪਣੀ ਝੋਲੀ ਪਵਾ ਕੇ ਜ਼ਲੀਲ ਹੁੰਦੇ ਰਹਿਣਗੇ? ਕਿਉਂ ਇਹ ਫੈਸਲਾ ਸ. ਮਾਨ ਅਤੇ ਉਹਨਾਂ ਦੇ ਸ਼ਰਧਾਲੂ ਲੈਣ 'ਚ ਦੇਰੀ ਕਰੀ ਜਾ ਰਹੇ ਹਨ ਕਿ ਸਰਦਾਰ ਮਾਨ ਸਿਆਸੀ ਅਖਾੜੇ ਵਿਚ ਪੂਰੀ ਤਰ੍ਹਾਂ ਫਿੱਟ ਵੀ ਹਨ ਜਾਂ ਨਹੀਂ ਜੇ ਉਹ ਰਾਜਸੀ ਅਖਾੜੇ ਲਈ ਫਿੱਟ ਨਹੀਂ ਤਾਂ ਕਿਉਂ ਨਹੀਂ ਨਿਰੋਲ ਧਾਰਮਿਕ ਮੋਰਚਾ ਸੰਭਾਲ ਲੈਂਦੇ।
ਸਿਮਰਨਜੀਤ ਸਿੰਘ ਮਾਨ ਆਮ ਇਨਸਾਨ ਤੋਂ ਉੱਤੇ ਹਨ, ਪੂਰੀ ਕੌਮ ਉਹਨਾਂ 'ਤੇ ਮਾਣ ਫਖ਼ਰ ਕਰਦੀ ਹੈ ਅਸੀਂ ਇਹ ਵੀ ਬਿਨਾ ਝਿਜਕ ਕਹਿ ਸਕਦੇ ਹਾਂ ਕਿ ਕਰਦੀ ਹੀ ਰਹੇਗੀ। ਇਹੀ ਕਾਰਨ ਹੈ ਕਿ ਸ. ਮਾਨ ਜਿਥੋਂ ਵੀ ਚੋਣ ਦੰਗਲ 'ਚ ਕੁੱਦਦੇ ਹਨ ਹਲਕੇ ਦੇ ਸਿਆਸੀ ਸਮੀਕਰਨ ਬਦਲ ਜਾਂਦੇ ਹਨ, ਉਹ ਪੰਜਾਬ ਦੇ ਕਈ ਹਿੱਸਿਆਂ 'ਚੋਂ ਕਿਸਮਤ ਅਜ਼ਮਾ ਚੁੱਕੇ ਹਨ। ਤਰਨ ਤਾਰਨ ਦੀ ਲੋਕ ਸਭਾ ਸੀਟ ਉਹਨਾਂ ਜੇਲ੍ਹ 'ਚ ਬੈਠਿਆਂ ਜਿੱਤੀ। ਤਰਨ ਤਾਰਨ ਹਲਕੇ ਦੇ ਲੋਕਾਂ ਨੇ ਸ. ਮਾਨ ਦੀ ਕੁਰਬਾਨੀ ਤੋਂ ਸਭ ਕੁਝ ਵਾਰ ਦਿੱਤਾ। ਸ. ਮਾਨ ਦੇ ਰਿਕਾਰਡ ਦੀ ਬਰਾਬਰੀ ਕਰਨ ਦੀ ਹੁਣ ਤੱਕ ਕੋਈ ਹਿੰਮਤ ਨਹੀਂ ਕਰ ਸਕਿਆ।
ਦੂਜੀ ਵਾਰ ਸ. ਮਾਨ ਨੇ ਸੰਗਰੂਰ ਤੋਂ ਅਕਾਲੀ ਦਿਗਜ ਸੁਰਜੀਤ ਸਿੰਘ ਬਰਨਾਲਾ ਨੂੰ ਪਟਕਣੀ ਦਿੱਤੀ। ਸ. ਮਾਨ ਹਾਰੇ ਵੀ ਤੇ ਜਿੱਤੇ ਵੀ ਪ੍ਰੰਤੂ ਇਕ ਗੱਲ ਸਾਫ ਤੌਰ 'ਤੇ ਸਭ ਨੂੰ ਮੰਨ ਲੈਣੀ ਚਾਹੀਦੀ ਹੈ ਕਿ ਨਿੱਜੀ ਤੌਰ 'ਤੇ ਸ. ਮਾਨ ਪੰਜਾਬ 'ਚੋਂ ਕਿਸੇ ਵੀ ਕੋਨੇ 'ਚੋਂ ਚੋਣ ਲੜਨ ਸਿੱਖ ਉਹਨਾਂ ਨੂੰ ਵੋਟਾਂ ਪਾਉਂਦੇ ਹਨ। ਦੂਜੇ ਪਾਸੇ ਸ. ਮਾਨ ਦੇ ਹਮਾਇਤੀਆਂ ਦੀਆਂ ਲੋਕ ਜ਼ਮਾਨਤਾਂ ਜ਼ਬਤ ਕਰਵਾ ਦਿੰਦੇ ਹਨ। ਇਸ ਦਾ ਕਾਰਨ ਸਾਫ ਹੈ ਕਿ ਲੋਕ ਸ. ਮਾਨ ਨੂੰ ਪ੍ਰਵਾਨ ਕਰਦੇ ਹਨ, ਪਰੰਤੂ ਸ. ਮਾਨ ਦੀ ਲੀਡਰਸ਼ਿਪ ਨੂੰ ਰੱਦ ਕਰਦੇ ਹਨ। ਸ. ਮਾਨ ਨੂੰ ਵੋਟਾਂ ਸਿਆਸੀ ਸੂਝ ਬੂਝ ਕਰਕੇ ਨਹੀਂ ਪੈਂਦੀਆਂ, ਸਗੋਂ ਉਹਨਾਂ ਦੀ ਕੁਰਬਾਨੀ ਕਰਕੇ ਪੈਂਦੀਆਂ ਹਨ ਤੇ ਇਹ ਕੌੜੀ ਸਚਾਈ ਹੁਣ ਸ. ਮਾਨ ਨੂੰ, ਉਹਨਾਂ ਦੇ ਪਰਿਵਾਰ ਤੇ ਸ਼ਰਧਾਲੂਆਂ ਨੂੰ ਮੰਨ ਲੈਣੀ ਚਾਹੀਦੀ ਹੈ। ਸ. ਮਾਨ ਇਥੋਂ ਤੱਕ ਫੇਲ੍ਹ ਸਾਬਤ ਹੋ ਚੁੱਕੇ ਹਨ ਕਿ ਉਹ ਪੂਰੀ ਸਿੱਖ ਕੌਮ ਦੇ ਨਿਰਵਿਵਾਦ ਆਗੂ ਵਜੋਂ ਉਭਰਨਾ ਤਾਂ ਦੂਰ ਦੀ ਗੱਲ ਹੈ, ਉਹ ਤਾਂ ਗਰਮ ਖਿਆਲੀ ਸਿੱਖਾਂ ਦੇ ਆਗੂ ਵੀ ਨਹੀਂ ਬਣ ਸਕੇ। ਸਾਨੂੰ ਉਹਨਾਂ ਵਿਅਕਤੀਆਂ 'ਤੇ ਹਾਸਾ ਆਉਂਦਾ ਹੈ ਜਿਹੜੇ ਸਰਦਾਰ ਮਾਨ ਤੇ ਕਿਸੇ ਏਜੰਸੀ ਦਾ ਏਜੈਂਟ ਹੋਣ ਵਰਗੇ ਬੇਤੁਕੇ ਇਲਜ਼ਾਮ ਲਾਉਣ ਦੀ ਹਿਮਾਕਤ ਕਰਦੇ ਹਨ, ਪ੍ਰੰਤੂ ਸਾਨੂੰ ਉਹਨਾਂ ਵਿਅਕਤੀਆਂ 'ਤੇ ਗੁੱਸਾ ਵੀ ਆਉਂਦਾ ਹੈ ਤੇ ਹਾਸਾ ਵੀ ਜਿਹੜੇ ਹਰ ਉਸ ਵਿਅਕਤੀ ਨੂੰ ਗਦਾਰ ਦਾ ਖਿਤਾਬ ਦੇ ਦਿੰਦੇ ਹਨ, ਜਿਹੜਾ ਸਰਦਾਰ ਮਾਨ ਨੂੰ ਛੱਡ ਜਾਂਦਾ ਹੈ ਜਾਂ ਸ. ਮਾਨ ਦੇ ਨਾਲ ਨਹੀਂ ਹੈ। ਸਰਦਾਰ ਮਾਨ ਨੂੰ ਇਕ ਦੋ ਨੇ ਨਹੀਂ ਲੱਖਾਂ ਸਿੱਖਾਂ ਤੇ ਸੈਂਕੜੇ ਆਗੂਆਂ ਨੇ ਛੱਡਿਆ ਹੈ। ਜ਼ਰੂਰੀ ਨਹੀਂ ਸਭ ਛੱਡਣ ਵਾਲੇ ਗਦਾਰ ਹੋਣ।
ਸ. ਮਾਨ ਦੀ ਕੁਰਬਾਨੀ 'ਤੇ ਕੋਈ ਸ਼ੱਕ ਨਹੀਂ ਪ੍ਰੰਤੂ ਸ. ਮਾਨ 'ਚ ਵੀ ਤਾਂ ਕੋਈ ਨੁਕਸ ਹੋ ਸਕਦਾ ਹੈ, ਜਿਹੜਾ ਇਕ ਇਕ ਕਰਕੇ ਸੈਂਕੜੇ ਆਗੂ ਉਹਨਾਂ ਤੋਂ ਵੱਖ ਹੋ ਗਏ। ਜੇ ਪੰਜਾਬ 'ਚ ਗਰਮ ਤੇ ਨਰਮ ਖਿਆਲੀ ਸਿਖਾਂ ਦੇ ਸਿਰਫ ਦੋ ਧੜੇ ਹੁੰਦੇ ਤਾਂ ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਨੌਜਵਾਨ ਬਹੁਗਿਣਤੀ ਗਰਮ ਖਿਆਲੀਆਂ ਦੇ ਨਾਲ ਹੀ ਖੜ੍ਹਦੇ ਤੇ ਗਰਮ ਖਿਆਲੀ ਸਿੱਖ ਪੰਜਾਬ ਦੇ ਰਾਜਸੀ ਦ੍ਰਿਸ਼ 'ਤੇ ਆਪਣਾ ਅਹਿਮ ਰੋਲ ਅਦਾ ਕਰਦੇ ਗਰਮ ਖਿਆਲੀ ਸੋਚ ਵਾਲਿਆਂ ਦਾ ਇਕ ਮਜ਼ਬੂਤ ਧੜਾ ਪੰਜਾਬ 'ਚ ਹੁਣ ਤੱਕ ਜੇ ਉਭਰ ਨਹੀਂ ਸਕਿਆ ਤੇ ਇਸ ਲਈ ਕੇਵਲ ਤੇ ਕੇਵਲ ਸਿਮਰਨਜੀਤ ਸਿੰਘ ਮਾਨ ਨੇ ਆਪਣੀ ਅੜੀ ਨਹੀਂ ਛੱਡੀ ਤੇ ਸ. ਮਾਨ ਨੂੰ ਛੱਡ ਕੇ ਗਰਮ ਖਿਆਲੀਆਂ ਦਾ ਧੜਾ ਨੀ ਬਣ ਸਕਿਆ ਤੇ ਨਾ ਹੀ ਬਣਨਾ ਸੰਭਵ ਸੀ, ਜਿਸ ਧੜੇ 'ਚੋਂ ਸ. ਮਾਨ ਬਾਹਰ ਹੋਣ ਉਸ ਨੂੰ ਗਰਮ ਖਿਆਲੀਆਂ ਦਾ ਮੁਕੰਮਲ ਧੜਾ ਕਿਹਾ ਹੀ ਨਹੀਂ ਜਾ ਸਕਦਾ। ਸ਼ਾਇਦ ਇਹ ਗੱਲ ਸ. ਮਾਨ ਅਤੇ ਉਹਨਾਂ ਦੇ ਸ਼ਰਧਾਲੂ ਵੀ ਚੰਗੀ ਤਰ੍ਹਾਂ ਜਾਣਦੇ ਹਨ ਤਾਂ ਹੀ ਉਹ ਬੇਹੂਦਾ ਅੜੀਆਂ ਖਾਹਮਖਾਹ ਦੇ ਨਖ਼ਰੇ, ਹੰਕਾਰ ਤੇ ਛੋਟੀਆਂ ਛੋਟੀਆਂ ਖੁੰਦਕਾਂ ਦੀ ਪੰਡ ਸਿਰ ਤੋਂ ਨਹੀਂ ਲਾਹ ਰਹੇ।
ਜੇ ਅੱਜ ਭਾਈ ਮਨਜੀਤ ਸਿੰਘ, ਰਜਿੰਦਰ ਸਿੰਘ ਮਹਿਤਾ, ਵਿਰਸਾ ਸਿੰਘ ਵਲਟੋਹਾ ਵਰਗੇ ਨੇਤਾ ਸ. ਬਾਦਲ ਨਾਲ ਚਲ ਸਕਦੇ ਹਨ, ਬੀਰਦਵਿੰਦਰ ਸਿੰਘ, ਜਗਮੀਤ ਸਿੰਘ ਬਰਾੜ ਅਤੇ ਹਰਮਿੰਦਰ ਸਿੰਘ ਗਿੱਲ ਵਰਗੇ ਪੁਰਾਣੇ ਫੈਡਰੇਸ਼ਨੀਏ ਕਾਂਗਰਸ ਨਾਲ ਚੱਲ ਸਕਦੇ ਹਨ ਤਾਂ ਗਰਮ ਖਿਆਲੀਆਂ ਕੋਲ ਪਾਏਦਾਰ ਨੇਤਾ ਹੋਣ ਦੀ ਸੂਰਤ ਵਿਚ ਕੁਝ ਰਸੂਖ ਵਾਲੇ ਨਰਮ ਖਿਆਲੀ ਵੀ ਗਰਮ ਖਿਆਲੀਆਂ ਦੇ ਨਾਲ ਚੱਲ ਸਕਦੇ ਸਨ। ਅਜੀਤਇੰਦਰ ਸਿੰਘ ਮੋਫਰ, ਸੁੱਚਾ ਸਿੰਘ ਛੋਟੇਪੁਰ, ਜਸਵੀਰ ਸਿੰਘ ਰੋਡੇ, ਭਾਈ ਮਨਜੀਤ ਸਿੰਘ, ਰਣਜੀਤ ਸਿੰਘ ਬ੍ਰਹਮਪੁਰਾ, ਹਰਮਿੰਦਰ ਸਿੰਘ ਗਿੱਲ, ਬੀਬੀ ਜਗੀਰ ਕੌਰ ਵਰਗੇ ਸਮੂਹ ਆਗੂ ਸ. ਮਾਨ ਦੇ ਨਾਲ ਰਹੇ ਹਨ।
ਦਲਜੀਤ ਸਿੰਘ ਬਿੱਟੂ ਵੱਲ ਸ. ਮਾਨ ਨੇ ਉਂਗਲ ਚੁੱਕੀ ਹੈ, ਕਿਸੇ ਸਿਆਣੇ ਸੱਜਣ ਦੀ ਆਖੀ ਹੋਈ ਗੱਲ ਮੈਂ ਇੱਥੇ ਪਾਠਕਾਂ ਦੀ ਕਚਹਿਰੀ 'ਚ ਰੱਖਣ ਲੱਗਿਆਂ ਹਾਂ ਕਿ ''ਜਦੋਂ ਕੋਈ ਵਿਅਕਤੀ ਕਿਸੇ ਵੱਲ ਉਂਗਲ ਕਰਦਾ ਹੈ ਤਾਂ ਹੱਥ ਦੀਆਂ ਤਿੰਨ ਉਂਗਲਾਂ ਆਪਣੇ ਆਪ ਉਹਦੇ ਆਪਣੇ ਵੱਲ ਹੋ ਜਾਂਦੀਆਂ ਹਨ।'' ਕਹਿਣ ਤੋਂ ਭਾਵ ਸ. ਮਾਨ ਨੂੰ ਚਾਹੀਦਾ ਸੀ ਕਿ ਉਹ ਦਲਜੀਤ ਸਿਘ 'ਤੇ ਇਲਜ਼ਾਮ ਲਾਉਣ ਤੋਂ ਪਹਿਲਾਂ ਠਰੰਮੇ ਨਾਲ ਸੋਚਦੇ ਵਿਚਾਰਦੇ ਪਰ ਨਹੀਂ ਇਹ ਤਾਂ ਸ. ਮਾਨ ਦੀ ਪ੍ਰਸਨੈਲਟੀ ਦਾ ਹਿੱਸਾ ਹੀ ਨਹੀਂ। ਉਹ ਸਿਰਫ ਬੋਲਦੇ ਹਨ ਤੋਲਣ ਦਾ ਕੰਮ ਪੰਥ ਖਾਲਸਾ ਕਰਦਾ ਹੈ, ਸਭ ਨੂੰ ਪਤਾ ਹੈ ਕਿ ਸ. ਮਾਨ ਦੇ ਵਿਚਾਰ ਪਿਛਲੇ ਸਮੇਂ ਤੋਂ ਕਿਵੇਂ ਤੁਲਦੇ ਆ ਰਹੇ ਹਨ।
ਜਿਵੇਂ ਸ. ਮਾਨ ਦੀ ਕੁਰਬਾਨੀ 'ਤੇ ਸ਼ੱਕ ਨਹੀਂ ਕੀਤਾ ਜਾ ਸਕਦਾ ਬਿਲਕੁਲ ਉਵੇਂ ਹੀ ਸ.ਦਲਜੀਤ ਸਿੰਘ ਬਿੱਟੂ ਦੀ ਕੁਰਬਾਨੀ ਕਾਬਲੀਅਤ ਅਤੇ ਕਿਰਦਾਰ 'ਤੇ ਭੋਰਾ ਵੀ ਸ਼ੱਕ ਨਹੀਂ ਕੀਤਾ ਜਾ ਸਕਦਾ। ਉਸ ਦੇ ਅੰਦਰ ਕੌਮ ਦਾ ਦਰਦ, ਅੱਜ ਵੀ ਮਹਿਸੂਸ ਕੀਤਾ ਜਾ ਸਕਦਾ ਹੈ। ਉਹ ਆਪਣੇ ਪੁਰਾਣੇ ਸਮੇਂ 'ਤੇ ਪਛਤਾਵਾ ਨਹੀਂ ਕਰਦਾ, ਫਖ਼ਰ ਕਰਦਾ ਹੈ ਹਰ ਮੁੱਦੇ 'ਤੇ ਦਲੀਲ ਨਾਲ ਸਾਹਮਣੇ ਵਾਲੇ ਦੀ ਤਸੱਲੀ ਕਰਾਉਣ ਦੀ ਕਾਬਲੀਅਤ ਅਤੇ ਕੌਮ ਦੀ ਅਗਵਾਈ ਕਰਨ ਦੀ ਸਮਰੱਥਾ ਉਸ ਵਿਚ ਮੌਜੂਦ ਹੈ। ਦਲਜੀਤ ਜਿਹੜੇ ਮੁੱਦਿਆਂ ਨੂੰ ਲੈ ਕੇ ਸੰਘਰਸ਼ ਦੇ ਰਾਹ ਤੁਰ ਗਿਆ ਸੀ ਅੱਜ ਵੀ ਉਹਨਾਂ 'ਤੇ ਦ੍ਰਿੜ੍ਹਤਾ ਦਲੇਰੀ ਨਾਲ ਪਹਿਰਾ ਦੇ ਰਿਹਾ ਹੈ ਪ੍ਰੰਤੂ ਸਿੱਖ ਸਮੱਸਿਆਵਾਂ ਦੇ ਹੱਲ ਲਈ ਉਹ ਗੱਲਬਾਤ ਲਈ ਕਿਸੇ ਵੀ ਸੁਹਿਰਦ ਧਿਰ ਨਾਲ ਬੈਠ ਸਕਦਾ ਹੈ ਤੇ ਸ. ਮਾਨ ਇਸ ਲਚਕ ਤੋਂ ਕੋਰੇ ਹਨ, ਜਿਹੜੀ ਕਿਸੇ ਵੀ ਸਫਲ ਸਿਆਸੀ ਨੇਤਾ 'ਚ ਹੋਣੀ ਜ਼ਰੂਰੀ ਹੈ ਤੇ ਇਸ ਗੱਲ ਨਾਲ ਸ. ਮਾਨ ਵੀ ਸਹਿਮਤ ਹਨ। ਸਹਿਮਤ ਸ਼ਬਦ ਇਸ ਲਈ ਵਰਤਿਆ ਗਿਆ ਹੈ ਕਿਉਂਕਿ ਸ. ਮਾਨ ਨੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਭੋਗ 'ਤੇ ਆਪਣੇ ਅਤੇ ਟੌਹੜਾ ਸਾਹਿਬ 'ਚ ਫਰਕ ਦੱਸਦਿਆਂ ਜਨਤਕ ਤੌਰ 'ਤੇ ਮੰਨਿਆ ਸੀ ਕਿ ਮੇਰੇ ਮੁਕਾਬਲੇ ਜਥੇਦਾਰ ਟੌਹੜਾ ਦਾ ਜਨ ਅਧਾਰ ਵੱਧ ਰਿਹਾ ਹੈ । ਸ. ਮਾਨ ਨੇ ਇਸ ਦੀ ਮਿਸਾਲ ਦਿੰਦਿਆਂ ਕਣਕ ਅਤੇ ਝੋਨੇ ਦੀ ਫਸਲ ਦਾ ਜ਼ਿਕਰ ਕੀਤਾ ਤੇ ਦੱਸਿਆ ਝੋਨਾ, ਕਣਕ ਦੇ ਮੁਕਾਬਲੇ ਇਸ ਕਰਕੇ ਵੱਧ ਝਾੜ ਦਿੰਦਾ ਹੈ ਕਿ ਬੂਟਾ ਜਿਉਂ ਜਿਊਂ ਦਾਣੇ ਵਧਦੇ ਹਨ ਨੀਵਾਂ ਹੋਈ ਜਾਂਦਾ ਹੈ। ਜਦੋਂ ਕਿ ਕਣਕ ਦਾ ਬੂਟਾ ਨੀਵਾਂ ਨਹੀਂ ਹੁੰਦਾ ਭਾਵੇਂ ਟੁੱਟ ਜਾਵੇ। ਇਸੇ ਕਰਕੇ ਕਣਕ ਝਾੜ ਘੱਟ ਦਿੰਦੀ ਤੇ ਜਨਤਕ ਤੌਰ 'ਤੇ ਸ. ਮਾਨ ਨੇ ਆਪਣੀ ਤੁਲਨਾ ਕਣਕ ਨਾਲ ਤੇ ਜਥੇਦਾਰ ਟੌਹੜਾ ਦੀ ਤੁਲਨਾ ਝੋਨੇ ਨਾਲ ਕਰਦਿਆਂ ਜਥੇਦਾਰ ਟੌਹੜਾ ਅੰਦਰਲੀ ਲਚਕ ਦੀ ਸਿਫਤ ਕੀਤੀ ਸੀ ਕਿ ਉਹ ਨਿਵ ਕੇ ਧਰਤੀ ਨੂੰ ਲੱਗਣ ਦੇ ਸਮਰੱਥ ਸੀ। ਸ. ਮਾਨ, ਪ੍ਰਕਾਸ਼ ਸਿੰਘ ਬਾਦਲ ਦੇ ਮੁਕਾਬਲੇ ਸਿੱਖਾਂ ਨੂੰ ਇਕ ਮਜ਼ਬੂਤ ਬਦਲ ਦੇਣ ਲਈ ਲੰਮੇ ਸਮੇਂ ਤੋਂ ਯਤਨ ਕਰ ਰਹੇ ਹਨ, ਪਰੰਤੂ ਜੇ ਪਿਛਲੀਆਂ ਸਿਆਸੀ ਘਟਨਾਵਾਂ 'ਤੇ ਸਰਸਰੀ ਨਜ਼ਰ ਮਾਰੀ ਜਾਵੇ ਤਾਂ ਇੰਝ ਲੱਗਦਾ ਹੈ ਕਿ ਅਜਿਹੇ ਮੌਕੇ ਆਏ ਸਨ ਜਦੋਂ ਸਿੱਖ ਸੰਗਤਾਂ ਸ. ਬਾਦਲ ਦੀ ਅਗਵਾਈ ਵਾਲੀ ਲੀਡਰਸ਼ਿਪ ਨੂੰ ਛੱਡ ਕੇ ਕਿਸੇ ਦੂਜੇ ਅਕਾਲੀ ਧੜੇ 'ਤੇ ਵਿਸ਼ਵਾਸ ਕਰਨ ਦਾ ਮਨ ਵੀ ਬਣਾਇਆ ਤੇ ਉਹਨਾਂ ਨੂੰ ਸਾਥ ਵੀ ਦਿੱਤਾ। ਅਜਿਹੀਆਂ ਕੁਝ ਅੱਖੀਂ ਵੇਖੀਆਂ ਸਿਆਸੀ ਘਟਨਾਵਾਂ ਦੀ ਚਰਚਾ ਇੱਕੇ ਕਰਨ ਦੀ ਇਜਾਜ਼ਤ ਚਾਹੁੰਦਾ ਹਾਂ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਪ੍ਰੋ. ਮਨਜੀਤ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਕਾਲੀਆਂ ਨੂੰ ਏਕਤਾ ਲਈ ਅਵਾਜ਼ ਮਾਰੀ ਤਾਂ ਅਕਾਲੀਆਂ ਦੇ ਵੱਖ ਵੱਖ ਵਿਚਰ ਰਹੇ ਸੱਤ ਧੜੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਜਾ ਪਹੁੰਚੇ ਤੇ ਸ. ਬਾਦਲ ਅਤੇ ਉਹਨਾਂ ਦੇ ਸਾਥੀ ਗੈਰ ਹਾਜ਼ਰ ਹੋ ਗਏ। ਸਿੰਘ ਸਾਹਿਬ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸ਼ਰਨ 'ਚ ਆਏ ਸੱਤ ਅਕਾਲੀਆਂ ਨੂੰ ਇਕ ਪਲੇਟ ਫਾਰਮ 'ਤੇ ਇਕੱਠੇ ਕਰ ਦਿੱਤਾ। ਅੰਮ੍ਰਿਤਸਰ ਐਲਾਨਨਾਮਾ 'ਤੇ ਸਭ ਦੀ ਸਹਿਮਤੀ ਮਗਰੋਂ ਅੰਮ੍ਰਿਤਸਰ ਅਕਾਲੀ ਦਲ ਵੀ ਹੋਂਦ ਵਿਚ ਆ ਗਿਆ। ਇਸ ਅਕਾਲੀ ਦਲ ਵਿਚ ਸ. ਮਾਨ ਤੋਂ ਇਲਾਵਾ ਜਥੇਦਾਰ ਗੁਰਚਰਨ ਸਿੰਘ ਟੌਹੜਾ, ਕੈਪਟਨ ਅਮਰਿੰਦਰ ਸਿੰਘ, ਜਥੇਦਾਰ ਜਗਦੇਵ ਸਿੰਘ ਤਲਵੰਡੀ, ਸੁਰਜੀਤ ਸਿੰਘ ਬਰਨਾਲਾ, ਭਾਈ ਮਨਜੀਤ ਸਿੰਘ ਤੇ ਅਕਾਲੀ ਦਲ (ਬੱਬਰ) ਵਲੋਂ ਕਰਨਲ ਜਸਮੇਰ ਸਿੰਘ ਬਾਲਾ ਸ਼ਾਮਲ ਸਨ। ਨੇਤਾਵਾਂ ਦੇ ਨਾਵਾਂ ਤੋਂ ਹੀ ਸਪੱਸ਼ਟ ਹੋ ਜਾਂਦਾ ਹੈ ਕਿ ਇਹ ਧੜਾ ਗਰਮ ਤੇ ਨਰਮ ਵਿਚਾਰਧਾਰਾ ਦਾ ਸੁਮੇਲ ਸੀ। ਸਹਿਮਤੀ ਵੀ ਇਹੀ ਸੀ ਕਿ ਗਰਮ ਥੋੜ੍ਹਾ ਥੱਲੇ ਆਉਣ ਤੇ ਨਰਮ ਕੁਝ ਉੱਤੇ। ਨਰਮ ਤਾਂ ਗਰਮ ਹੋਣਾ ਮੰਨ ਰਹੇ ਸਨ ਪ੍ਰੰਤੂ ਸ. ਮਾਨ ਕੁਝ ਨਰਮ ਹੋਣ ਦੀ ਥਾਂ ਜਿੰਨਾ ਵੱਧ ਤੋਂ ਵੱਧ ਗਰਮ ਹੋ ਸਕਦੇ ਸੀ, ਉਨਾ ਗਰਮ ਹੋਏ ਜੇ ਆਮ ਤੌਰ 'ਤੇ ਖਾਲਿਸਤਾਨ ਦਾ ਜ਼ਿਕਰ ਆਪਣੇ ਭਾਸ਼ਣ ਵਿਚ ਇਕ ਵਾਰ ਸਕਦੇ ਸਨ ਤਾਂ ਉਹਨਾਂ ਨੇ ਹੁਣ ਦਸ ਦਸ ਵਾਰ ਕਰਨਾ ਸ਼ੁਰੂ ਕਰ ਦਿੱਤਾ ਸੀ। ਉਹ ਵੀ ਉਸ ਸਮੇਂ ਜਦੋਂ ਦੂਜੇ ਆਗੂ ਸਾਂਝੀ ਸਟੇਜ 'ਤੇ ਉਹਨਾਂ ਦੇ ਨਾਲ ਬੈਠੇ ਹੋਣ ਨਰਮ ਖਿਆਲੀਆਂ ਦੇ ਸਬਰ ਦਾ ਪਿਆਲਾ ਤਾਂ ਪਹਿਲੇ ਦਿਨ ਸ੍ਰੀ ਅਕਾਲ ਤਖਤ ਸਾਹਿਬ 'ਤੇ ਸੱਦੀ ਪਹਿਲੀ ਸਾਂਝੀ ਸਟੇਜ 'ਤੇ ਹੀ ਛਲਕਣ ਲੱਗਿਆ ਸੀ, ਜਦੋਂ ਸ. ਮਾਨ ਨੇ ਬਿਨਾ ਕਿਸੇ ਜ਼ਰੂਰਤ ਤੋਂ ਆਪਣੇ ਭਾਸ਼ਣ 'ਚ ਕਈ ਵਾਰ ਸ੍ਰੀਮਤੀ ਇੰਦਰਾ ਗਾਂਧੀ ਦੇ ਨਾਂ ਨਾਲ ਬਾਮਣੀ ਸ਼ਬਦ ਦੀ ਵਰਤੋਂ ਕੀਤੀ ਤੇ ਗਰਮ ਜੈਕਾਰਿਆਂ ਨਾਲ ਆਪਣਾ ਭਾਸ਼ਣ ਚੁਰਚੁਰਾ ਕਰ ਦਿੱਤਾ। ਦੂਜੀ ਘਟਨਾ ਸੁਨਾਮ ਵਿਖੇ ਅੰਮ੍ਰਿਤਸਰ ਅਕਾਲੀ ਦਲ ਦੀ ਪਹਿਲੀ ਵਿਸ਼ਾਲ ਸਿਆਸੀ ਕਾਨਫਰੰਸ 'ਚ ਵਾਪਰੀ। ਸਮੂਹ ਆਗੂ ਸਹਿਬਾਨ ਸਟੇਜ 'ਤੇ ਸੁਸ਼ੋਭਿਤ ਸਨ, ਸ. ਮਾਨ ਨੇ ਆਪਣਾ ਭਾਸ਼ਨ ਇਉਂ ਸ਼ੁਰੂ ਕਤਾ ''ਪਿਆਰੇ ਖਾਲਸਾ ਜੀਓ ਕਿਉਂ ਕਰਕੇ ਸੁਨਾਮ ਦੀ ਧਰਤੀ ਯੋਧਿਆਂ ਦੀ ਧਰਤੀ ਹੇ, ਸੂਰਮਿਆਂ ਦੀ ਧਰਤੀ ਹੈ, ਇਸ ਧਰਤੀ ਦੇ ਯੋਧੇ ਸ. ਊਧਮ ਸਿੰਘ ਨੇ ਸੱਤ ਸਮੁੰਦਰ ਪਾਰ ਜਾ ਕੇ ਜਨਰਲ ਅਡਵਾਇਰ ਤੋਂ ਜ਼ਲਿਆਂਵਾਲੇ ਬਾਗ ਦਾ ਬਦਲਾ ਲਿਆ ਤੇ ਅਡਵਾਇਰ ਨੂੰ ਜਹਾਜ਼ੇ ਚਾੜ੍ਹਿਆ।
ਇਸ ਧਰਤੀ ਦੇ ਯੋਧੇ ਭਾਈ ਕਰਮਜੀਤ ਸਿੰਘ ਸੁਨਾਮ ਨੇ ਰਾਜੀਵ ਗਾਂਧੀ 'ਤੇ ਹਮਲਾ ਕੀਤਾ ਭਾਵੇਂ ਸੇਹਰਾ ਲਿੱਟੇ ਲੈ ਗਏ ਤੇ ਹੁਣ ਇਸ ਧਰਤੀ ਦਾ ਕੋਈ ਯੋਧਾ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਾਉਣ ਵਾਲੇ ਹੰਕਾਰੀ ਪ੍ਰਕਾਸ਼ ਸਿੰਘ ਬਾਦਲ ਦਾ ਸਿਰ ਵੱਢ ਕੇ ਲਿਆਵੇਗੀ।'' ਸੰਗਤਾਂ ਨੇ ਜੈਕਾਰੇ ਛੱਡ ਦਿੱਤੇ। ਖਾਲਸਾ ਪੰਥ ਦੀ ਇਹ ਬਦਕਿਸਮਤੀ ਰਹੀ ਹੈ ਕਿ ਇਹ ਕਈ ਵਾਰ ਬਿਨਾ ਸੋਚੇ ਵਿਚਾਰੇ ਤੋਂ ਵੀ ਜੈਕਾਰੇ ਛੱਡ ਦਿੰਦਾ ਹੈ, ਜਿਹੜੇ ਗੰਭੀਰ ਦੂਰ ਅੰਦੇਸ਼ ਸਿਆਸਤਦਾਨ ਸਨ ਜਾਂ ਦੂਰ ਦੀ ਸੋਚਣ ਵਾਲੇ ਸਿਆਣੇ ਵਰਕਰ ਉੱਥੇ ਹਾਜ਼ਰ ਸਨ, ਉਹਨਾਂ ਨੇ ਤਾਂ ਉੱਥੇ ਹੀ ਕਹਿ ਦਿੱਤਾ ਸੀ, ਮਾਨ ਕੈਪਟਨ ਅਮਰਿੰਦਰ, ਤਲਵੰਡੀ, ਬਰਨਾਲਾ ਅਤੇ ਟੌਹੜਾ ਨੂੰ ਹਰ ਕੀਮਤ ਤੇ ਭਜਾਉਣ ਵਾਲੀਆਂ ਹਰਕਤਾਂ ਕਰ ਰਿਹਾ ਹੈ ਤੇ ਇਹੀ ਹੋਇਆ, ਸਮੂਹ ਆਗੂ ਮਾਨ ਨਾਲ ਚੱਲਣ ਤੋਂ ਪਿੱਛੇ ਹਟ ਗਏ, ਹੁਣ ਸ. ਮਾਨ ਕਹਿੰਦੇ ਹਨ ਦੂਜੇ ਗਲਤ ਹਨ ਤੇ ਮੈਂ ਇਕੱਲਾ ਬਿਲਕੁਲ ਠੀਕ।
ਇਕ ਹੋਰ ਇਤਿਹਾਸਕ ਘਟਨਾ ਸਿੱਖਾਂ ਦੇ 300 ਸਾਲਾ ਸਾਜਨਾ ਦਿਵਸ ਮੌਕੇ ਅਕਾਲੀ ਦਲ ਦੀ ਫੁੱਟ ਮੌਕੇ ਵਾਪਰੀ। ਹੁਣ ਫਿਰ ਤੋਂ ਸ. ਬਾਦਲ ਇਕ ਪਾਸੇ ਰਹਿ ਗਏ ਸਨ। ਜਥੇਦਾਰ ਟੌਹੜਾ, ਭਾਈ ਰਣਜੀਤ ਸਿੰਘ ਦੂਜੇ ਪਾਸੇ ਬਾਦਲ ਵਿਰੋਧੀ ਸਮੂਹ ਧੜੇ ਇਹਨਾਂ ਦੇ ਨਾਲ ਸਨ। ਬਾਦਲਕਿਆਂ 'ਚੋਂ ਸੁਰਜੀਤ ਸਿੰਘ ਬਰਨਾਲਾ ਨੇ ਦੋਵਾਂ ਧੜਿਆਂ ਦੀਆਂ ਸਟੇਜਾਂ 'ਤੇ ਹਾਜ਼ਰੀ ਲਵਾ ਕੇ ਸਪੱਸ਼ਟ ਸੰਕੇਤ ਦਿੱਤਾ, ਸੰਤ ਸਮਾਜ ਬਾਬਾ ਬੇਦੀ ਦੀ ਅਗਵਾਈ 'ਚ ਪੂਰੇ ਦਾ ਪੂਰਾ ਧੜਾ ਇਸ ਦੇ ਨਾਲ ਹੋ ਤੁਰਿਆ। ਬਾਦਲ ਸਾਹਿਬ ਨੂੰ ਇਕੱਠ ਦਿਖਾਉਣ ਲਈ ਵੀ ਸੰਤ ਨਹੀਂ ਸੀ ਲੱਭ ਰਿਹਾ। ਦੋਵੇਂ ਪਾਸੇ ਸਟੇਜਾਂ ਲੱਗੀਆਂ। ਇਕ ਪਾਸੇ ਸ. ਬਾਦਲ ਦੀ ਅਗਵਾਈ ਹੇਠ ਸਰਕਾਰੀ ਸਟੇਜ ਸੀ। ਸਰਕਾਰੀ ਅਧਿਕਾਰੀ, ਮੁਲਾਜ਼ਮ ਇਕੱਠ ਵਧਾਉਣ ਲਈ ਜੂਝ ਰਹੇ ਸਨ। ਪੰਡਾਲ ਵਿਚ ਏ ਸੀ ਲੱਗੇ ਹੋਏ ਸਨ। ਦੂਜੇ ਪਾਸੇ ਕੜਕਦੀ ਧੁੱਪ ਵਿਚ ਪੀਣ ਵਾਲੇ ਪਾਣੀ ਦਾ ਵੀ ਸਹੀ ਪ੍ਰਬੰਧ ਨਹੀਂ ਸੀ ਪਰ ਸੰਗਤਾਂ ਦਾ ਇਕੱਠ ਠਾਠਾਂ ਮਾਰ ਰਿਹਾ ਸੀ। ਕਿਸੇ ਪੱਖੋਂ ਵੀ ਬਾਦਲਕਿਆਂ ਤੋਂ ਇਧਰਲੇ ਭੰਡਾਲ ਵਿਚ ਇਕੱਠ ਘੱਟ ਨਹੀਂ ਸੀ ਦਿਸਦਾ। ਬੁਲਾਰੇ ਬੋਲ ਰਹੇ ਸਨ, ਕੌਮ ਨੂੰ ਇਕ ਵਾਰ ਫਿਰ ਪ੍ਰਕਾਸ਼ ਸਿੰਘ ਬਾਦਲ ਦੇ ਮੁਕਾਬਲੇ ਵਿਸ਼ਵਾਸ ਅਤੇ ਭਰੋਸੇਵਾਲਾ ਬਦਲ ਦੇਣ ਦੇ ਯਤਨ ਹੋ ਰਹੇ ਸਨ ਕਿ ਸ. ਮਾਨ ਨੂੰ ਵਾਰੀ ਸਿਰ ਬੋਲਣ ਦਾ ਮੌਕਾ ਦੇ ਦਿੱਤਾ ਗਿਆ। ਸ. ਮਾਨ ਨੇ ਆਪਣੇ ਵਿਚਾਰ ਇੰਝ ਪੇਸ਼ ਕੀਤੇ ''ਗੁਰੂ ਪਿਆਰੇ ਖਾਲਸਾ ਜੀਓ ਕਿਉਂ ਕਰਕੇ ਅੱਜ ਦਾ ਇਕੱਠ ਵਿਸ਼ਾਲ ਹੈ, ਸਿੱਖਾਂ ਦਾ ਠਾਠਾਂ ਮਾਰਦਾ ਸਮੁੰਦਰ ਸਾਹਮਣੇ ਨਜ਼ਰ ਆ ਰਿਹਾ ਹੈ। ਮੈਂ ਹੁਣ ਪੂਰੇ ਵਿਸ਼ਵਾਸ ਨਾਲ ਇਹ ਕਹਿ ਸਕਦਾ ਹਾਂ ਕਿ ਹੁਣ ਖਾਲਿਸਤਾਨ ਛੇਤੀ ਹੀ ਬਣ ਜਾਵੇਗਾ।'' ਮਾਨ ਦੇ ਭਾਸ਼ਣ ਨੇ ਫਿਰ ਤੋਂ ਜੈਕਾਰੇ ਮਰਵਾ ਦਿੱਤੇ। ਸਟੇਜ 'ਤੇ ਵਿਰੋਧੀ ਤਾਂ ਪਹਿਲਾਂ ਹੀ ਇਸ ਧੜੇ ਤੇ ਖਾਲਿਸਤਾਨੀ ਹੋਣ ਦਾ ਦੋਸ਼ ਲਾ ਰਹੇ ਸਨ ਤੇ ਮਾਨ ਨੇ ਸਿਰੇ ਹੀ ਲਾ ਦਿੱਤਾ। ਜਿਹੜੇ ਭਾਈ ਰਣਜੀਤ ਸਿੰਘ ਪੂਰੀ ਕੌਮ ਦੀ ਅਗਵਾਈ ਆਪਣੇ ਹੱਥ ਵਿਚ ਲੈਣ ਦੇ ਨੇੜੇ ਸਨ। ਸੰਗਤਾਂ ਉਹਨਾਂ 'ਤੇ ਵਿਸ਼ਵਾਸ ਵੀ ਕਰ ਰਹੀਆਂ ਸਨ, ਉਹਨਾਂ ਦੇ ਨਾਂ 'ਤੇ ਸਿੱਖ ਵਹੀਰਾਂ ਘੱਤ ਕੇ ਆਨੰਦਪੁਰ ਸਾਹਿਬ ਪਹੁੰਚੇ ਸਨ। ਮਾਨ ਸਾਹਿਬ ਦੇ ਭਾਸ਼ਣ ਤੋਂ ਬਾਅਦ ਇਸ ਸਟੇਜ 'ਤੇ ਸਨ ਕਿ ਹੁਣ ਭਾਵੇਂ ਆਪਣੇ ਨਾਲ ਗਰਮ ਖਿਆਲੀਆਂ ਨੂੰ ਰੱਖ ਲੈ ਭਾਵੇਂ ਨਰਮ ਖਿਆਲੀਆਂ ਨੂੰ ਰੱਖ ਲੈ, ਸਟੇਜ 'ਤੇ ਖੜਦੁਮ ਪਿਆ। ਵਾਰ ਵਾਰ ਬੁਲਾਰਿਆਂ ਨੇ ਕਿਹਾ ਸਾਧ ਸੰਗਤ ਜੀ ਇਹ ਮਾਨ ਸਾਹਿਬ ਦੇ ਆਪਣੇ ਵਿਚਾਰ ਹਨ ਤੇ ਮਾਨ ਸਾਹਿਬ ਮੁੱਛਾਂ ਹੇਠਾਂ ਹੱਸਦੇ ਗੱਡੀ 'ਚ ਬੈਠ ਆਪਣੇ ਪਿੰਡ ਤਲਾਣੀਆਂ ਨੂੰ ਛੂਤ ਆਏ। ਅੱਜ ਸੋਚਣ ਤੇ ਵਿਚਾਰਨ ਵਾਲੀ ਗੱਲ ਇਹ ਹੈ ਕਿ ਸ. ਮਾਨ ਸਿਆਸਤ ਲਈ ਫਿਟ ਹਨ ਜਾਂ ਨਹੀਂ।