ਤਬਦੀਲੀ, ਵਿਕਾਸ, ਸੰਪੂਰਨਤਾ ਤੇ ਅਨੰਤਤਾ
(Evolution, Perfection and Infinity)

ਪਰਮਜੀਤ ਸਿੰਘ ਰਤਨਪਾਲ

ਤਬਦੀਲੀ ਕੁਦਰਤ ਦਾ ਨਿਯਮ ਹੈ। ਸਮੇਂ ਅਨੂਸਾਰ ਸਭ ਕੁਝ ਬਦਲਦਾ ਰਹਿੰਦਾ ਹੈ। ਇਸੇ ਕਰਕੇ ਕੋਈ ਵੀ ਸਿਧਾਂਤ, ਫਲਸਫਾ, ਸਮਾਜ, ਕਲਚਰ. ਧਰਮ ਆਦਿ ਸੰਪੂਰਨ ਨਹੀ ਹੋ ਪਾਉੰਦੇ ਅਤੇ ਤਬਦੀਲੀ ਦੇ ਅਟੱਲ ਨਿਯਮ ਸਦਾ ਹੀ ਕੋਈ ਸੱਚ ਅੰਤਮ ਸੱਚ ਨਹੀ ਬਣ ਪਾਉਂਦਾ। ਹਰ ਸੱਚ ਆਪਣੇ ਸਮੇਂ ਤੇ ਪ੍ਰਸਥਿਤੀ ਦੇ ਪਰਪੇਖ ਵਿਚ ਸੱਚ ਪਰਤੀਤ ਹੁੰਦਾ ਹੈ। ਸਮਾਂ ਸੱਭ ਕਾਸੇ ਨੂੰ ਪੈਦਾ ਕਰਦਾ ਹੈ ਅਤੇ ਸਮਾਪਤ ਵੀ। ਤਬਦੀਲੀ ਤੋਂ ਬਿਨਾ ਹੋਰ ਕੁਝ ਵੀ ਜੁਗੋ ਜੁਗ ਅਟੱਲ ਨਹੀ ਹੈ।

ਹਰ ਵਾਰ ਨਵੀਂ ਬਹਾਰ ਆਉਂਦੀ ਹੈ। ਨਵੇਂ ਅੰਕੁਰ ਫੁੱਟਦੇ ਹਨ। ਬਿਲਕੁਲ ਨਵੇਂ ਨਵੇਂ ਗੁਲਾਬ। ਪਹਿਲਾਂ ਤੋਂ ਵੱਧ ਸੁੰਦਰ, ਸੂਖਮ, ਖੁਬਸੂਰਤ, ਖੁਸ਼ਬੂਦਾਰ। ਅੱਜ ਦਾ ਗੁਲਾਬ ਹਜਾਰਾਂ ਸਾਲਾਂ ਪੁਰਾਣੇ ਗੁਲਾਬ ਵਰਗਾ ਨਹੀ ਹੈ। ਸਭ ਕੁਝ ਵਿਕਸਤ ਹੋ ਰਿਹਾ ਹੈ। ਤਿਤਲੀ ਦੇ ਖੰਭਾਂ ਵਿਚ ਵੀ ਨਵੇਂ ਨਵੇਂ ਰੰਗ ਭਰ ਰਹੇ ਹਨ।

ਲੱਖਾਂ ਸਾਲਾਂ ਦੀ (Evolution) ਕਰਕੇ ਮਨੁੱਖ ਅੱਜ ਵਰਗਾ ਬਣਿਆ ਹੈ। ਅੱਜ ਵੀ ਇਹ ਸੰਪੂਰਨ ਮਨੁੱਖ ਨਹੀ ਹੈ, ਨਾ ਹੀ ਕਦੇ ਹੋਵੇਗਾ।ਸੰਪੂਰਨਤਾ ਦਾ ਕਿਆਸ ਅਹੰਕਾਰ ਦੀ ਪੁਸ਼ਟੀ ਜਾਂ ਮਨ ਦੀ ਤਸੱਲੀ ਤੋਂ ਵੱਧ ਹੁਰ ਕੁਝ ਵੀ ਨਹੀ ਹੈ।

ਮਨੁੱਖ ਤੇ ਕੁਦਰਤ ਦੋ ਵਿਰੋਧੀ ਗੱਲਾਂ ਨਹੀ ਹਨ। ਮਨੁੱਖ ਤੇ ਮਨੁੱਖੀ ਸੋਝੀ ਕੁਦਰਤ ਦਾ ਹਿੱਸਾ ਹਨ। ਕੁਦਰਤ ਵੱਲੋਂ ਮਿਲਿਆ ਵਡਮੁੱਲਾ ਤੋਹਫਾ ਹਨ। ਕੁਦਰਤ ਨੇ ਮਨੁੱਖ ਨੂੰ ਚੇਤਨਾ ਦੇ ਪੱਧਰ ਤੇ ਲੈ ਆਂਦਾ ਹੈ। ਏਸੇ ਚੇਤਨਾ /ਸੋਝੀ ਸਦਕਾ ਮਨੁੱਖ ਕੁਦਰਤ ਨੂੰ ਸਮਝਣ ਦੇ ਕਾਬਲ ਹੋ ਗਿਆ ਹੈ। ਏਸੇ ਚੇਤਨਾ/ਸੋਝੀ ਸਦਕਾ ਮਨੁੱਖ ਉਸ ਉਸ ਮੁਕਾਮ ਤੱਕ ਪਹੁੰਚ ਚੁੱਕਾ ਹੈ, ਜਿਥੇ ਕੁਦਰਤੀ ਆਫਤਾਂ ਨੂੰ ਕੰਟਰੋਲ ਕਰਨ ਦਾ ਯਤਨ ਕਰ ਰਿਹਾ ਹੈ। ਇਸ ਯਤਨ ਵਿਚ ਸਫਲਤਾ ਵੀ ਹਾਸਲ ਕਰ ਰਿਹਾ ਹੈ। ਚੰਗੇ ਮੰਦੇ ਦੀ ਚੋਣ ਕਰਨ ਦੇ ਕਾਬਲ ਹੋ ਗਿਆ ਹੈ। ਕਿਸੇ ਦਿਨ ਮਨੁਖੀ ਸੂਝ ਬੂਝ (ਧੀਮੀ ਕੁਦਰਤੀ) Evolution ਨੂੰ ਵੀ ਨਵੀਂ, ਚੰਗੇਰੀ ਦਿਸ਼ਾ ਦੇ ਸਕੇਗੀ।

ਅਜੇ ਤਕ ਦਾ ਕੋਈ ਵੀ ਗਿਆਨ, ਫਲਸਫਾ, ਧਰਮ ਸੰਪੂਰਨ ਸੱਚ ਨਹੀ ਹੈ। ਅਤੇ ਭਵਿੱਖ ਸਦਾ ਅਗਿਆਤ (Unknown) ਹੈ। ਅਤੀਤ ਰਾਖ ਹੋ ਚੁਕੀ ਚੀਜ ਦਾ ਨਾਂਅ ਹੁੰਦਾ ਹੈ। ਇਤਹਾਸ ਜਾਂ ਅਤੀਤ ਨੂੰ ਸਮਝਣਾਂ, ਵਾਚਣਾਂ ਤੇ ਉਸ ਤੋਂ ਸਬਕ ਸਿੱਖਣਾਂ ਸਮਝਦਾਰੀ ਹੈ। ਪਰ ਅਤੀਤ/ਇਤਹਾਸ ਨੂੰ ਜੀਣ ਦਾ ਯਤਨ ਕਰਨਾ ਬੇਕਾਰ, ਵਿਅਰਥ ਤੇ ਬੁਜਦਿਲੀ ਵਾਲੀ ਗੱਲ ਹੈ। ਚਾਹ ਚਾਹ ਕੇ ਨਵੀ ਅਤੀਤ ਨੂੰ ਜੀਵਿਆ ਨਹੀ ਜਾ ਸਕਦਾ। ਰਾਮ ਲੀਲਾਵਾਂ, ਹੱਜਾਂ, ਈਦਾਂ ਤੇ ਨਗਰ ਕੀਰਤਨਾਂ ਨੇ ਵਰਤਮਾਨ ਨੂੰ ਅਤੀਤ ਵਲ ਨੂੰ ਨਹੀ ਧਕੇਲ ਸਕਣਾਂ । ਜਦ ਵੀ ਮਨੁੱਖ, ਧਰਮ, ਕਲਚਰ ਖਾਤਿਰ ਅਤੀਤ ਨੂੰ ਜੀਣ ਦਾ ਜਤਨ ਕਰਦਾ ਹੈ ਤਾਂ ਉਸ ਦੀ ਚੇਤਨਾ ਮਸ਼ੀਨ ਵਿਚ ਵਟ ਜਾਂਦੀ ਹੈ। ਮਾਨਸਿਕਤਾ ਬੰਜਰ ਹੋ ਜਾਂਦੀ ਹੈ।ਬੰਜਰ ਹੋਈ ਮਾਨਸਿਕਤਾ ਵਿਚ ਸਾਹਸ ਤੇ ਵਿਵੇਕ ਦੇ ਅੰਕੁਰ ਨਹੀ ਫੁਟਦੇ ਕਿਉਂਕਿ ਸਾਹਸ, ਹਿੰਮਤ, ਵਿਵੇਕ ਵਲਗਣਾਂ ਜਾਂ ਸੀਮਾਵਾਂ ਦੇ ਗੁਲਾਂਮ ਨਹੀ ਹੋ ਪਾਉਂਦੇ। ਅਤੀਤ ਦੀ ਸੜਾਂਦ ਵਿਚ ਜੀਣ ਵਾਲਿਆਂ ਦਾ ਨੱਕ ਮਰ ਜਾਂਦਾ ਹੈ ਤੇ ਇਕ ਦਿਨ ਸੜਾਂਦ ਨਾਲ ਹੀ ਮੋਹ ਪੈ ਜਾਂਦਾ ਹੈ।

ਅਧੂਨਿਕ ਸਾਇੰਸ ਨੇ ਮਨੁਖ ਨੂੰ ਨਵੀ ਦਿਸ਼ਾ/ ਸੋਝੀ੍ਹ ਦਿਤੀ ਹੈ। ਜਿਹੜਾ ਮਨੁੱਖ ਕਿਸੇ ਖਿਆਲ ਨੂੰ ਅੰਤਮ ਮੰਨ ਕੇ ਜਾਂ ਸੰਪੂਰਨ ਸਮਝ ਕੇ ਚਲਦਾ ਹੈ ਉਹ ਖੋਜੀ ਜਾਂ ਵਿਗਿਅਨਕ ਮਾਨਸਿਕਤਾ ਵਾਲਾ ਨਹੀ ਹੁੰਦਾ। ਵਿਗਿਆਨੀ ਕਿਸੇ ਦਾਹਵੇਦਾਰੀ ਦਾ ਸ਼ਿਕਾਰ ਨਹੀ ਹੁੰਦਾ ਜਦ ਕਿ ਧਰਮੀ ਆਪੋ ਆਪਣੀਆਂ ਦਾਅਵੇਦਾਰੀਆਂ ਦੇ ਗੁਣ ਗਾਉਂਦੇ ਨਹੀ ਥੱਕਦੇ। ਵਿਗਿਆਨੀ/ ਖੋਜੀ ਨਿਮਰ ਰਹਿੰਦਾ ਹੈ।ਦਾਅਵੇਦਾਰੀਆਂ ਵਾਲੇ ਅਹੰਕਾਰੀ। ਈਸਾ ਰੱਬ ਦਾ ਇਕਲੋਤਾ/ ਲਾਡਲਾ /ਪਿਆਰਾ ਪੁਤਰ ਹੈ, ਇਸੇ ਤਰਾਂ ਕੋਈ ਆਖਰੀ ਪੈਗੰਬਰ ਹੈ ਤੇ ਕੋਈ ਪੂਰਨ ਸਤਿਗੁਰੂ। ਇਸ ਦੀ ਜਸਟੀਫੀਕੇਸ਼ਨ ਕੌਣ ਕਰੇਗਾ?

ਜੋ ਸੰਪੂਰਨ ਹੈ ਉਸ ਦੇ ਵਿਕਾਸ ਦੀ ਸੰਭਾਵਨਾ ਦਾ ਅੰਤ ਹੋ ਜਾਂਦਾ ਹੈ। ਸੰਪੂਰਨਤਾ ਦਾ ਅਹਿਸਾਸ ਵਿਕਾਸ ਦੀ ਸੰਭਾਵਨਾ ਦਾ ਭੋਗ ਪਾਉਣ ਤੋਂ ਬਾਅਦ ਹੀ ਕੀਤਾ ਜਾ ਸਕਦਾ ਹੈ। ਕੁਦਰਤ ਨਿਰੰਤਰ ਵਿਕਸਤ ਹੋ ਰਹੀ ਹੈ। ਈਵੋਲੀਸ਼ਨ (Evolution) ਹੋ ਰਹੀ ਹੈ ਤਦ ਕੋਈ ਸਰਵਗਿਆਤਾ (ਸਭ ਕੁਝ ਜਾਂਨਣ ਵਾਲਾ) ਨਹੀ ਰਹਿ ਜਾਂਦਾ ਅਤੇ ਨਾ ਕੋਈ ਆਖੀਰੀ ਪੈਗੰਬਰ ਸਿਧ ਹੁੰਦਾ ਹੈ ਅਤੇ ਨਾ ਹੀ ਕੋਈ ਸੰਪੂਰਨ ਵਾਹਿਗੁਰੂ।ਰੱਬ ਦੀ ਧਾਰਨਾ/ਸੰਕਲਪ ਵੀ ਵਿਕਸਤ ਹੁੰਦਾ ਆਇਆ ਹੈ। ਰੱਬ ਦੀ ਧਾਰਨਾ ਦੇ ਵਿਕਾਸ ਦਾ ਆਪਣਾ ਇਤਿਹਾਸ ਹੈ।

ਲੱਖਾਂ ਸਾਲ ਪਹਿਲਾਂ ਦੇਵਤਿਆਂ ਦਾ ਸੰਕਲਪ ਹੋਂਦ ਵਿਚ ਆਇਆ। ਅੱਗ, ਪਾਣੀ, ਅਸਮਾਨੀ ਬਿਜਲੀ ਅਤੇ ਹੋਰਨਾਂ ਨੂੰ ਦੇਵਤੇ ਬਣਾ ਲਿਆ ਗਿਆ। ਹਰੇਕ ਦੇਵੀ ਦੇਵਤਾ ਭਗਤਾਂ ਲਈ ਰੱਬ ਵਾਂਗ ਸੀ। ਦੇਵੀ ਅਤੇ ਦੇਵਤਿਆਂ ਦੀ ਪੂਜਾ ਅਰਾਧਨਾ ਸ਼ੁਰੂ ਹੋ ਗਈ। ਅਜੇ ਵੀ ਜਿਨਾਂ ਮਨੁਖਾਂ ਦੀ ਬੁੱਧੀ ਲੱਖਾਂ ਸਾਲ ਪਿੱਛੇ ਅਟਕੀ ਪਈ ਹੈ, ਉਹ ਅੱਜ ਵੀ ਦੇਵਤਿਆਂ ਨੂੰ ਧਿਆਉਂਦੇ ਹਨ। ਯੱਗ ਕਰਦੇ ਹਨ। ਬੱਲੀਆਂ ਦੇਂਦੇ ਹਨ। ਹੌਲੀ ਹੌਲੀ ਬ੍ਰਹਮਾਂ, ਬਿਸ਼ਂਨੁ ਅਤੇ ਮਹੇਸ਼ ਪ੍ਰਮੁੱਖ ਦੇਵਤੇ ਬਣ ਬੈਠੇ। ਮਨੁੱਖ, ਰੱਬ ਦੀ ਧਾਰਨਾ ਨੂੰ ਸਿਰਜਦਾ ਸਿਰਜਦਾ ਤਿੱਨੇ ਪ੍ਰਮੁਖ ਦੇਵਤਿਆਂ ਨੂੰ ਇੱਕੋ ਸ਼ਕਤੀ ਪ੍ਰਮਾਤਮਾਂ ਦੇ ਤਿਨ ਰੂਪ ਖਿਆਲਣ ਲੱਗਾ।

ਇੱਕੋ ਰੱਬ ਦੀ ਤਾਨਾਸ਼ਾਹੀ ਦਾ ਸੰਕਲਪ ਵਜ਼ੂਦ ਵਿਚ ਆ ਗਿਆ। ਇਸ ਇਕ ਰੱਬ ਨੇ ਵੀ ਅਨੇਕਾਂ ਰੂਪ ਬਦਲੇ। ਜਿਹੜਾ ਰੱਬ ਕਿਤੇ ਅਸਮਾਨ ਤੇ ਬੈਠਾ ਹੋਇਆ ਥੱਕ ਚੁਕਾ ਸੀ, ਧਰਤੀ ਤੇ ਉਤਾਰ ਲਿਆ ਗਿਆ। ਧਰਤੀ ਤੇ ਉਤਰਨ ਤੋਂ ਬਾਅਦ ਵੀ ਉਸ ਦੀ ਭਟਕਣ ਖਤਮ ਨਹੀ ਹੋਈ। ਸਰਬ ਸੰਪੂਰਨ ਸ਼ਕਤੀ ਭਰਪੂਰ ਰੱਬ ਨੂੰ ਅਜੇ ਵੀ ਚੈਨ ਨਹੀ ਮਿਲਿਆ ਸੀ। ਸਮਾਂ, ਤਬਦੀਲ਼ੀ, ਵਿਕਾਸ, ਕੁਦਰਤ ਬੜੀ ਬਲਵਾਨ ਤੇ ਬੇਅੰਤ ਹੈ ਇਕ ਰੱਬ ਦੀ ਧਾਰਨਾ ਨੂੰ ਵੀ ਚਨੌਤੀ ਮਿਲਨੀ ਸ਼ੁਰੂ ਹੋ ਗਈ। ਜਿਸ ਚਨੌਤੀ ਦਾ ਹੱਲ ਅਦਵੈਤਵਾਦੀਆਂ ਲਈ ਅਸੰਭਵ ਹੋ ਗਿਆ ਅਤੇ ਅੱਜ ਵੀ ਅਸੰਭਵ ਹੈ।

ਬ੍ਰਹਿਮੰਡ ਦਾ ਕਰਤਾ ਧਰਤਾ ਕੁਦਰਤ/ਬ੍ਰਹਮੰਡ ਵਿਚ ਹੀ ਕਿਧਰੇ ਵਸਿਆ / ਰਮਿਆ ਹੈ ਜਾਂ ਫਿਰ ਕੁਦਰਤ ਬ੍ਰਹਿਮੰਡ ਤੋਂ ਪਰੇ ਬਾਹਰ ਨਿਰਲੇਪ ਕੋਈ ਸ਼ਕਤੀ ਹੈ। ਜੇ ਕਰਤਾ ਕੁਦਰਤ ਨੂੰ ਰਚਦਾ ਹੈ ਤੇ ਉਸ ਵਿਚ ਵੱਸ ਜਾਂਦਾ ਹੈ ਤਾਂ ਵੀ ਦੋ ਦਾ ਸੰਕਲਪ ਹੋਂਦ ਵਿਚ ਰਹਿੰਦਾ ਹੈ। ਇਕ ਕਰਤਾ ਅਤੇ ਦੂਜੀ ਉਸ ਦੀ ਕੁਦਰਤ ਜਿਸ ਵਿਚ ਉਹ ਵੱਸਦਾ ਹੈ ਅਦਵੈਤਵਾਦੀਆਂ ਨੂੰ ਜੋ ਰੱਬ ਨੂੰ ਇਕ ਮੰਂਨਦੇ ਸਨ, ਉਨ੍ਹਾਂ ਵਾਸਤੇ ਇਨ੍ਹਾਂ ਗੱਲਾਂ ਦੇ ਜੁਵਾਬ ਲੱਭਣੇ ਮੁਸ਼ਕਲ ਹੋ ਗਏ। ਇਸ ਮੁਸ਼ਕਲ ਦਾ ਹੱਲ ਲੱਭਦਿਆਂ ਕਈਆਂ ਨੇ ਕੁਦਰਤ ਨੂੰ ਹੀ ਰੱਬ ਮੰਨ ਲਿਆ ਅਤੇ ਕੁਝ ਨੇ ਕੁਦਰਤ ਤੇ ਸੰਸਾਰ ਨੂੰ ਭਰਮ (illusion), ਮਾਇਆ ਸਮਝ ਲਿਆ। ਰੱਬ ਦੀ ਏਕਤਾ ਨੂੰ ਸਾਬਤ ਕਰਨ ਲਈ ਸੰਸਾਰ, ਕੁਦਰਤ ਨੂੰ ਝੂਠ ਆਖਣਾ ਸ਼ੁਰੂ ਕਰ ਦਿਤਾ। ਸੰਸਾਰ ਨੂੰ ਮਾਇਆ ਦਾ ਰੂਪ ਮੰਨਦਿਆਂ ਹੀ ਮਨੁੱਖ ਦੀਆਂ ਕੁਦਰਤੀ ਪ੍ਰਵਿਰਤੀਆਂ ਦੀ ਨਿੰਦਾ ਸ਼ੁਰੂ ਹੋ ਗਈ। ਕੁਦਰਤੀ ਪ੍ਰਵਿਰਤੀਆਂ (Natural Instincts) ਦੇ ਨਕਾਰਨ ਨਾਲ ਮਨੁਖ ਅੰਦਰਲਾ ਵਿਅਕਤੀਤਵ ਖੰਡਤ ਹੋ ਗਿਆ। ਖੰਡਤ ਵਿਅਕਤੀਤਵ ਵਿਰੋਧਾਭਾਸ ਦਾ ਸ਼ਿਕਾਰ ਹੋ ਗਿਆ। ''ਜੱਗ ਰਚਨਾ ਸਭ ਝੂਠ ਹੈ'' ਵਾਲੀ ਗੱਲ ਸੱਚੀ ਹੈ ਜਾਂ ''ਜੱਗ ਸੱਚੇ ਕੀ ਹੈ ਕੋਠੜੀ''ਵਾਲੀ ਗੱਲ ਸੱਚੀ ਹੈ। ਸੰਸਾਰ ਉਹੀ ਹੈ ਜਿਵੇਂ ਤੁਸੀਂ ਇਸ ਨੂੰ ਵੇਖਦੇ ਹੋ? ਜਿਸ ਮਨੁੱਖ ਦੀ ਦ੍ਰਿਸ਼ਟੀ ਮੌਲਿਕ ਨਹੀ, ਸਮਝੌ ਉਹ ਪਰਾਣੇ ਕਿਸੇ ਸੰਮੋਹਣ ਨਾਲ ਜੀ ਰਿਹਾ ਹੁੰਦਾ ਹੈ। ਇਹ ਸਦੀਆਂ ਪੁਰਾਣਾ ਸੰਮੋਹਣ ਹੈ। ਉਂਝ ਭੰਗੀ ਨੂੰ ਵੀ ਸੰਸਾਰ ਦੀ ਵਾਸਵਿਕਤਾ ਦਾ ਪਤਾ ਨਹੀ ਚਲਦਾ। ਸਾਧਾਂ ਤੇ ਭੰਗੀਆਂ ਦੀ ਬਿਰਤੀ ਚ ਬਹੁਤਾ ਫਰਕ ਨਹੀ ਹੁੰਦਾ।

ਇਹ ਜੱਗ ਜੋ ਹੈ, ਸੋ ਹੈ।ਇਹ ਕਿਸੇ ਦੇ ਕਹਿਣ ਨਾਲ ਝੂਠ ਨਹੀ ਬਣ ਜਾਣਾਂ ।Reality/ ਅਸਲੀਅਤ/ ਵਾਸਤਵਿਕਤਾ ਮਾਨਸਿਕ ਭਰਮਾਂ/ ਸਮੋਹਣਾਂ ਦੀ ਮੁਹਤਾਜ ਨਹੀ ਹੁੰਦੀ। ਜਦੋਂ ਤਲਵਾਰ ਚਲਦੀ ਹੈ ਤਾਂ ਗਰਦਨ ਕੱਟ ਹੁੰਦੀ ਹੈ। ਜੇ ਕੱਟੀ ਹੋਈ ਗਰਦਨ ਵੀ ਭਰਮ ਭਲੇਖਾ ਹੈ ਤਾਂ ਦੁਨੀਆਂ ਦੀਆਂ ਸੱਭ ਅਦਾਲਤਾਂ,ਨਿਆਂ ਪ੍ਰਬੰਧਾਂ ਨੂੰ ਵੀ ਭਰਮ ਆਖ ਕੇ ਖਾਰਜ ਕਿਉ ਨਾ ਕਰ ਦਿਉ ?

ਬੰਦੇ ਦਾ ਜੀਵਨ ਥੋੜਾ ਚਿਰ ਹੈ। ਇਸ ਦਾ ਮਤਲਬ ਇਹ ਨਹੀ ਕਿ ਜੱਗ ਰਚਨਾ ਝੂਠ ਮੱਨ ਲਈ ਜਾਵੇ। ਬੰਦੇ ਜੰਮਦੇ ਵੀ ਹਨ। ਮਰਦੇ ਵੀ ਹਨ। ਜੀਵਨ ਕਦੇ ਨਹੀ ਮਰਦਾ। ਜੀਵਨ ਕੁਦਰਤ ਦੇ ਅੰਦਰ ਹੀ ਮੌਜੂਦ ਹੈ। ਕੁਦਰਤ ਹੀ ਜੀਵਨ ਹੈ। ਇਹ ਅਨਾਦੀ ਹੈ ਇਸ ਦਾ ਆਦ ਅੰਤ ਕੋਈ ਨਹੀ ਹੈ। ਜੇ ਜੀਵਨ ਭਰਮ ਹੁੰਦਾ ਤਾਂ ਅਜ ਮੌਜੂਦ ਨਾ ਹੁੰਦਾ। ਪਰ ਜੀਵਨ ਹਰ ਪਲ ਵਿਕਸਤ ਹੋ ਰਿਹਾ ਹੈ। ਸੂਖਮ ਤੇ ਸੁੰਦਰ ਹੋ ਰਿਹਾ ਹੈ। ਬੰਦੇ ਦੇ ਨਿੱਜੀ ਜੀਵਨ ਦੀ ਛਿਨ ਭੰਗਰਤਾ ਨੂੰ ਲੈਕੇ ਜੀਵਨ ਨੂੰ ਝੂਠ/ ਭਰਮ ਦਿਖਲਾਉਣਾ ਅਕਲਮੰਦੀ ਨਹੀ ਹੈ। ਤੱਦ ਲੱਖ ਚਰਾਸੀ ਦਾ ਡਰ ਵੀ ਕਿਉਂ ਦਿਤਾ ਜਾਵੇ ਕਿਉਂਕਿ ਫੇਰ ਲੱਖ ਚਰਾਸੀ ਵੀ ਝੂਠ ਤੇ ਭਰਮ ਹੋਵੇਗੀ। ਮਾਇਆ ਰੂਪੀ ਸੰਸਾਰ ਵਿਚ, ਲਿਖਤ, ਬੰਦੇ ਲਈ ਚਰਾਸੀ ਲੱਖ ਜੂਨਾਂ ਤਿਆਰ ਜਿਵੇਂ ਗਿਣ ਕੇ ਰੱਖੀਆਂ ਹੋਣ। ਇਸ ਤੋਂ ਬਚਣ ਲਈ ਇਕੋ ਰਾਹ ਪ੍ਰਮਾਤਮਾਂ ਦੀ ਭਗਤੀ ਤੇ ਕੁਦਰਤੀ ਪ੍ਰਕਿਰਤੀਆਂ ਦਾ ਨਕਾਰ ਕਰਨਾ।

ਪਰ ਉਹ ਪ੍ਰਮਾਤਮਾਂ ਸੰਪੂਰਨ ਨਾ ਹੋ ਸਕਿਆ, ਜਿਸ ਨੇ ਅਨੇਕਾਂ ਪੂਰਨ ਸਤਿਗੁਰਾਂ ਨੂੰ ਪੈਦਾ ਕੀਤਾ ਤੇ ਅਨੇਕਾਂ ਪੈਗੰਬਰਾਂ ਨੂੰ ਆਖਰੀ ਬਣਾਕੇ ਭੇਜਦਾ ਰਿਹਾ। ਉਹ ਪ੍ਰਮਾਤਮਾਂ ਖੁਦ ਸੰਪੂਰਨ ਨਾ ਹੋ ਸਕਿਆ।
ਪ੍ਰਮਾਤਮਾਂ ਦਾ ਸੰਕਲਪ ਅਨੰਤ ਅਤੇ ਅਸੀਮ ਹੋ ਗਿਆ। ਜੋ ਅੰਨਤ ਅਤੇ ਅਸੀਮ ਹੈ ਉਹ ਸੰਪੂਰਨ ਕਿਵੇਂ ਹੋਇਆ ? ਸੰਪੂਰਨਤਾ ਦੀ ਸੀਮਾਂ ਕਿਥੌਂ ਸੁਰੂ ਕਰੋਗੇ? ਤੇ ਕਿੱਥੇ ਖਤਮ? ਜਿਥੇ ਸੀਮਾਂ ਨਹੀ ਹੁੰਦੀ ਉਥੇ ਸੰਪੂਰਨਤਾ ਨਹੀ ਹੋ ਸਕਦੀ। ਹੱਦ ਬੰਦੀ ਤੋਂ ਬਿਨਾਂ ਸੰਪੂਰਨਤਾ ਦਾ ਕਿਆਸ ਅਸੰਭਵ ਹੈ। ਤਦ ਸੰਪੂਰਨਤਾ ਦੇ ਦਾਹਵੇ ਕਰਨ ਵਾਲੇ ਕੌਣ ਹਨ? ਗਿਆਨ ਦੀਆਂ ਸੀਮਾਂ ਨਿਸਚਤ ਕਰਨ ਵਾਲੇ ਕੌਣ ਹਨ? ਵੇਦਾਂਤ ਦਾ ਭਾਵ ਹੁੰਦਾ ਹੈ ਗਿਆਨ ਦਾ ਅੰਤ। ਗਿਆਨ ਦਾ ਕਦੇ ਅੰਤ ਨਹੀ ਹੋ ਸਕਦਾ। ਤੱਦ ਚਾਰਵਿਕ ਤੇ ਨਾਸਤਿਕਤਾ ਦਾ ਗਿਆਨ ਹੋਂਦ ਵਿਚ ਲੈ ਆਂਦਾ।

ਸਦੀਆਂ ਦਰ ਸਦੀਆਂ ਦੇ ਰੱਬੀ ਧਾਰਨਾਵਾਂ ਦੇ ਰੌਲੇ ਰੱਪੇ ਨੂੰ ਠੱਪ ਕਰਨ ਦਾ ਜਤਨ ਪਹਿਲੀ ਵਾਰ ਮਹਾਤਮਾਂ ਬੁੱਧ ਨੇ ਕੀਤਾ। ਬੁੱਧ ਦਾ ਆਗਮਨ ਇਕ ਵਚਿੱਤਰ ਘਟਨਾ ਸੀ। ਇਕ ਮੌਲਿਕ। ਉਸ ਨੇ ਇਲਾਹੀ ਪੈਗਾਮਾਂ ਦੇ ਦਾਅਵਿਆਂ ਨੂੰ ਪਾਸੇ ਰੱਖ ਕੇ (Realisation) ਵਾਸਤਵਿਕਤਾ ਦੀ ਗੱਲ ਤੋਰੀ। ਮਨੁੱਖੀ ਨੈਤਿਕ ਕੱਦਰਾਂ ਕੀਮਤਾਂ ਤੇ ਧਿਆਨ ਕੇਂਦਰਤ ਕੀਤਾ। ਪ੍ਰੇਮ ਤੇ ਸ਼ਾਂਤੀ ਦੀ ਠੰਡ ਵਰਤਾਈ। ਮਨੁੱਖੀ ਗੌਰਵਤਾ ਦੀ ਇਹ ਇਕ ਇਨਲਾਈਟਨਮੈਂਟ (Enlightenment) ਸੀ, ਵਾਦਾਂ ਵਿਵਾਦਾਂ ਤੇ ਰੱਬੀ ਕਲਪਨਾਵਾਂ ਤੋਂ ਬਗੈਰ। ਉਸ ਦਾ ਪ੍ਰੱਪਕ ਤੇ ਹੋਸ਼ੋ ਹਵਾਸ ਵਾਲਾ ਮਨ ਆਸਤਿਕਤਾ ਤੇ ਨਾਸਤਿਕਤਾ ਦੇ ਵਾਦਾਂ ਵਿਵਾਦਾਂ ਤੋਂ ਮੁਕਤ ਹੋ ਗਿਆ। ਬੁੱਧ ਵਿਵੇਕ, ਹੋਸ਼ੋ-ਹਵਾਸ, ਪ੍ਰੇਮ, ਸ਼ਾਂਤੀ, ਮਿਤਰਤਾ, ਨੈਤਿਕਤਾ ਦੀ ਸੁੰਦਰਤਾ/ ਸੂਖਮਤਤਾ ਨੂੰ ਜਲਦੀ ਹੀ ਅੱਲ੍ਹਾ ਦੇ ਬੰਦਿਆਂ, ਧਾੜਵੀਆਂ ਨੇ ਆਣ ਦਬੋਚ ਲਿਆ। ਤਲਵਾਰਾਂ ਤ੍ਰਿਸੁਲ਼ਾਂ ਦੇ ਟਾਕਰੇ ਹੋਏ।ਕ੍ਰਿਪਾਂਨਾ ਲਿਸ਼ਕੀਆਂ।ਜੰਗਾਂ ਯੁੱਧਾਂ ਦੇ ਇਸ ਆਪੋ-ਧਾਪੀ ਦੇ ਯੁੱਗ ਵਿਚ ਬੁੱਧ ਦਾ ਪ੍ਰੇਮ,ਸ਼ਾਂਤੀ, ਨੈਤਿਕਤਾ, ਬੁੱਧ ਵਿਵੇਕ, ਹੋਸ਼ੋ ਹਵਾਸ਼ ਵਾਲਾ ਸਨੇਹਾਂ ਮੁੜ ਉਹੀ ਪੁਰਾਣੀਆਂ ਮਸਤੀਆਂ, ਭਗਤੀਆਂ,ਨਾਮ ਖੁਮਾਰੀਆਂ, ਸਮਾਧੀਆਂ ਦੇ ਹਨੇਰੇ ਵਿਚ ਗੁੰਮ ਹੋ ਗਿਆ। ਇਕ ਹੱਥ ਮਾਲਾ ਤੇ ਦੂਜੇ ਹੱਥ ਕ੍ਰਿਪਾਨ ਕੋਈ ਨਵੀਂ ਅਲੋਕਾਰੀ ਘਟਨਾ ਨਹੀ ਸੀ। ਇਹ ਮਹਾਂ ਭਾਰਤਾਂ ਤੇ ਰਾਮਾਇਣਾਂ ਦੀ ਵਿਥਿੱਆ ਦਾ ਦੁਹਰਾਉ ਸੀ। ਇਹ ਮਨੁੱਖ ਦਾ ਅਤੀਤ ਵੱਲ ਮੂੰਹ ਮੋੜਨ ਦਾ ਤਰਲਾ ਮਾਤਰ ਸੀ ਜਿਹੜਾ ਕਿ ਸਫਲ ਨਾ ਹੋ ਸਕਿਆ।

ਜਲਦੀ ਹੀ ਤ੍ਰਿਸ਼ੂਲਾਂ, ਤਲਵਾਰਾਂ, ਕ੍ਰਿਪਾਨਾਂ ਨੂੰ ਅੰਗਰੇਜੀ ਬੰਦੂਕਾਂ ਤੇ ਤੋਪਾਂ ਨੇ ਦਬੋਚ ਲਿਆ। ਲਾਲਚ ਆਪੋਧਾਪੀ, ਖੁਦਗਰਜੀ, ਨਸਲੀ-ਭੇਦ ਭਾਵਾਂ, ਨਫਰਤਾਂ ਨੇ ਦੋ ਵਿਸ਼ਵ ਯੁੱਧਾਂ ਨੂੰ ਸੱਦਾ ਦੇ ਦਿੱਤਾ। ਵੀਹਵੀ ਸਦੀ ਤਕ ਅਪੜਦਿਆਂ ਸੰਸਾਰ ਖਤਰਨਾਕ ਪ੍ਰਮਾਣੂ ਤੇ ਗੈਸੀ ਹਥਿਆਰਾਂ ਨਾਲ ਨੱਕੋ ਨੱਕ ਭਰ ਗਿਆ। ਅੱਜ ਦੇ ਇਸ ਯੁੱਗ ਵਿੱਚ ਤੀਜੇ ਮਹਾਂ ਯੁੱਧ ਦਾ ਮਤਲਬ ਸਮੂਹਿਕ ਆਤਮਘਾਤ ਹੋਵੇਗਾ। ਪ੍ਰਮਾਣੂ ਖਤਰਨਾਕ ਹਥਿਆਰਾਂ ਦੇ ਭੰਡਾਰਾਂ ਵਿਚ ਬੈਠ ਕੇ ਪ੍ਰਿੱਥਮ ਭਗੌਤੀਆਂ ਸਿਮਰਨੀਆਂ ਹਾਸੋ ਹੀਣੀਆਂ ਅਤੇ ਗੈਰ ਮਨੁੱਖੀ ਹਨ। ਜਦੋਂ ਕਿ ਧਰਤੀ ਮਿੰਟਾਂ ਸਕਿੰਟਾਂ ਵਿਚ ਨਸ਼ਟ ਕੀਤੀ ਜਾ ਸਕਦੀ ਹੈ।
ਫਿਰ ਵੀ ਉਮੀਦ ਹੈ Educational & Enlightenment ਦੇ ਆਧਾਰ ਤੇ ਫਿਰਕਾ ਪ੍ਰਸਤੀ (Fanatacism & Extremism) ਨੂੰ ਪ੍ਰੇਮ ਤੇ ਤਰਕਪੂਰਣ ਢੰਗਾਂ ਨਾਲ ਹੱਲ ਕੀਤਾ ਜਾਵੇਗਾ।ਜਾਰਜ ਬੁਸ਼ੀ ਧਮਕੀਆਂ ਨੁਕਸਾਨਦਾਇਕ ਹਨ। ਰੰਗਾਂ, ਫਿਰਕਿਆਂ, ਵਰਗ-ਵੰਡਾਂ, ਹੱਦਾਂ, ਸਰਹੱਦਾਂ ਨੂੰ ਉਲਾਂਗ ਕੇ ਇਨਸਾਨ ਇਕ ਦਿਨ ਇਨਸਾਨੀਅਤ ਦੀ ਗੌਰਵਤਾ ਤੇ ਸਨਮਾਨਤਾ ਨੂੰ ਸਿਖਰਾਂ ਤੇ ਲੈ ਜਾਵੇਗਾ। ਤਦ ਮਨੁੱਖ ਸਹੀ ਅਰਥਾਂ ਵਿਚ ਆਪਣੇ ਅੰਦਰਲੀ ਮਨੁਖਤਾ/ ਵਿਅਕਤੀਤਵ ਦਾ ਸੁੱਖ ਤੇ ਆਨੰਦ ਮਾਣੇਗਾ। ਸਮਾਂ, ਤਬਦੀਲ਼ੀ,ਕੁਦਰਤ ਬੜੀ ਬਲਵਾਨ ਤੇ ਬੇਅੰਤ ਹੈ। ਮਨੁੱਖ ਜਿਉਂ ਜਿਉਂ ਵੱਧ ਸੂਖਮ, ਬੌਧਕ, ਹੋਸ਼ਮਈ, ਸ਼ਾਂਤ, ਖੁਸ਼, ਖੋਜੀ, ਵਿਵੇਕੀ ਹੁੰਦਾ ਜਾਵੇਗਾ/ ਤਾਂ ਰੱਬ ਵੀ ( ਜੇ ਕਿਧਰੇ ਹੋਇਆ ) ਅਜੇਹੇ ਮਨੁੱਖ ਨੂੰ ਭਾਲਦਾ, ਉਸ ਦੇ ਪਿੱਛੇ ਘੁੰਮਦਾ ਵਿਕਸਤ ਹੁੰਦਾ ਜਾਵੇਗਾ। ਰੱਬ ਦੀ ਧਾਰਨਾ ਬਾਬਤ ਤਾਂ ਪਹਿਲਾਂ ਤੋਂ ਹੀ ਇੰਜ ਹੀ ਹੁੰਦਾ ਆਇਆ ਹੈ।