ਵਲੈਤ ਫੇਰੀ
ਸੁਖਵੀਰ ਸਿੰਘ ਸੰਧੂ ਪੈਰਿਸ
ਕ੍ਰਿਸਮਿਸ ਦੀਆਂ ਛੁੱਟੀਆਂ ਵਿੱਚ ਬੱਚਿਆਂ ਦਾ ਖੁਸ਼ ਹੋਣਾ
ਸੁਭਾਅਕ ਹੀ ਹੈ। ਹੋਣ ਵੀ ਕਿਉ ਨਾ ਨਾਲੇ ਛੁੱਟੀਆਂ ਨਾਲੇ ਤੋਹਫੇ ਮਿਲ ਜਾਦੇ ਹਨ।ਸੋਨੇ ਤੇ ਸੁਹਾਗੇ
ਵਾਲੀ ਗੱਲ ਬਣ ਜਾਦੀ ਹੈ।ਪਰ ਜਦੋਂ ਗਭਰੂ ਬੱਚਾ ਮਾਂ ਪਿਉ ਨੂੰ ਕਹੇ ਕਿ ਮੈ ਤਹਾਨੂੰ ਛੁੱਟੀਆ ਵਿੱਚ
ਘੁਮਾਉਣਾ ਚਾਹੁੰਦਾ ਹਾਂ।ਇਸ ਤੋਂ ਵੱਧ ਮਾਪਿਆਂ ਲਈ ਹੋਰ ਖੁਸ਼ੀ ਦੀ ਕੀ ਗੱਲ ਹੋ ਸਕਦੀ ਹੈ।ਪਿਛਲੇ ਸਾਲ
ਵਿੱਚ ਕੁਝ ਮਹੀਨੇ ਪਹਿਲਾਂ ਹੀ ਸਾਡੇ ਬੱਚੇ ਨੇ ਨਵਾਂ ਕੰਮ ਸੁਰੂ ਕੀਤਾ ਸੀ। ਇਸ ਖੁਸੀ ਵਿੱਚ ਹੀ ਉਸ
ਨੇ ਸਾਨੂੰ ਕਿਹਾ ਕਿ ਮੈਂ ਤਹਾਨੂੰ ਦੋਵਾਂ ਨੂੰ ਕੁਝ ਦਿਨਾਂ ਵਾਸਤੇ ਵਲੈਤ ਵਖਾਉਣੀ ਚਾਹੁੰਦਾ ਹਾਂ।ਇਹ
ਸੁਣ ਕੇ ਸਾਡੀ ਵੀ ਖੁਸ਼ੀ ਦੀ ਕੋਈ ਹੱਦ ਨਾ ਰਹੀ।ਅਸੀ ਓਸ ਵਾਹਿਗੁਰੂ ਦਾ ਸ਼ੁਕਰਗੁਜਾਰ ਕੀਤਾ।ਕਿਉ ਕਿ
ਅਸੀ ਤਾਂ ਪੈਰਿਸ ਤੋਂ ਲੰਡਨ ਬੱਚਿਆਂ ਨੂੰ ਗੋਦੀ ਚੁੱਕ ਕੇ ਹੀ ਬੱਸ ਵਿੱਚ ਹੀ ਘੁਮਾਇਆ ਕਰਦੇ ਸੀ।ਅੱਜ
ਅਸੀ ਪੁੱਤ ਨਾਲ ਕਾਰ ਰਾਹੀ ਜਾਣਾ ਸੀ।ਅਸੀ ਵੀ ਝੱਟ ਹਾਂ ਕਰ ਦਿੱਤੀ।ਬੇਟੇ ਨੇ ਆਪ ਦੀ ਕਾਰ ਨੂੰ ਸਵੇਰੇ
ਹੀ ਨੁਹਾ ਧੁਹਾ ਲਿਆ। ਵਲੈਤ ਵਿਚ ਦੋਸਤਾਂ ਨੂੰ ਘੰਟੀਆਂ ਖੜਕਾ ਦਿੱਤੀਆਂ।ਵੀਰ ਮੇਜਰ ਸੰਧੂ ਨੇ ਮੇਰੇ
ਆਉਣ ਦੀ ਗੱਲ ਨੂੰ ਮੂੰਹ ਵਿਚੋਂ ਨਹੀ ਕੱਡਣ ਦਿੱਤਾ।ਆਦਤ ਮੁਤਾਬਕ ਇੱਕੋ ਹੀ ਸਾਹ ਝੱਟ ਬੋਲਿਆ। ਸੰਧੂ
ਸਾਹਿਬ ਫਿਰ ਕਦੋਂ ਆ ਰਹੇ ਹੋ?
ਸਿੱਧਾ ਮੇਰੇ ਕੋਲ ਆਉਣਾ,ਕਿੰਨੇ ਜਾਣੇ ਹੋ, ਕਿਉ ਕਿ 31 ਦਸੰਬਰ ਦੀ ਰਾਤ ਨੂੰ ਪੰਜਾਬੀ ਟੱਚ ਵਿੱਚ
ਕੋਈ ਪ੍ਰੋਗ੍ਰਾਮ ਹੈ।ਉਥੇ ਜਾਣਾ ਹੈ।ਵੀਰ ਮੇਜਰ ਸੰਧੂ ਦਾ ਸੱਦਾ ਹੀ ਇਸ ਤਰਾਂ ਦਾ ਸੀ,ਹੋ ਕੁਝ ਕਹਿਣ
ਦਾ ਮੌਕਾ ਹੀ ਨਹੀ ਮਿਲਿਆ, ਮੁੰਡਾ ਸਾਉਥਾਲ ਦਾ ਪ੍ਰੋਗ੍ਰਾਮ ਪੇਸ਼ ਕਰਨ ਵਾਲੇ ਨੂੰ ਜੇ ਮੈ ਮੁੰਡਾ
ਪੰਜਾਬ ਦਾ ਕਹਾਂ ਤਾਂ ਕੋਈ ਅਤਕਥਨੀ ਨਹੀ ਹੈ।ਇਸ ਵਿੱਚ ਪੰਜਾਬੀਆਂ ਵਾਲਾ ਹੌਸਲਾ, ਦਲੇਰੀ ਮਹਿਮਾਨ
ਨਿਵਾਜ਼ੀ ਪੰਜਾਬੀਅਤ ਪ੍ਰਤੀ ਵਫਦਾਰੀ ਝਲਕਾਂ ਮਾਰਦੀ ਹੈ।ਅਖੀਰ ਅਸੀ ਵੀ ਲਿਪੜ ਚੋਪੜ ਕੇ ਕਾਰ ਵਿੱਚ
ਬੈਠ ਗਏ।ਪੈਰਿਸ, ਕਾਅਲੇ, ਡੋਵਰ ਹੁੰਦੇ ਹੋਏ ਸ਼ਾਮ ਦੇ 4 ਵਜੇ ਦੇ ਕਰੀਬ ਲੰਡਨ ਪਹੁੰਚ ਗਏ। ਨਿੱਤ
ਸਾਇੰਸ ਦੀਆਂ ਨਵੀਆਂ ਕਾਢਾਂ ਨੇ ਘਰ ਲੱਭਣ ਲਈ ਪੰਜਾਬੀ ਗਾਣੇ ਵਾਂਗ ਮੌਜਾਂ ਹੀ ਮੌਜਾਂ ਲਾ ਦਿੱਤੀਆਂ
ਹਨ।ਸਿੱਧਾ ਹੀ ਨੇਵੀਗੇਸ਼ਨ ਗਾਈਡ ਰਾਹੀ ਵੀਰ ਮੇਜਰ ਸੰਧੂ ਦਾ ਕੁੰਡਾ ਜਾ ਖੜਕਾਇਆ।ਜੱਫੀਆਂ ਪਾ ਮਿਲੇ
ਚਾਹ ਪਾਣੀ ਤੋਂ ਬਾਅਦ ਉਹਨਾਂ ਦੱਸਿਆ ਕਿ ਬੀਬਾ ਰਣਜੀਤ ਕੌਰ ਜੀ ਜਿਹਨਾਂ ਦੀ ਮੈਂ ਬਹੁਤ ਕਦਰ ਕਰਦਾ
ਹਾਂ, ਆਏ ਹੋਏ ਹਨ।ਆਉਣ ਵਾਲੇ ਹੀ ਹਨ, ਤਹਾਨੂੰ ਉਹ ਵੀ ਮਿਲਾ ਦੇਵਾਂਗਾ।ਮੈਂ ਵੀ ਝੱਟ ਕਹਿ
ਦਿੱਤਾ,ਉਹਨਾਂ ਨੂੰ ਤਾਂ ਮੈ ਜਰੂਰ ਮਿਲਣਾ, ਕਿਉ ਕਿ ਮੈ 6 ਵੀ ਕਲਾਸ ਵਿੱਚ ਹੁੰਦੇ ਨੇ ਉਹਨਾਂ ਦੇ
ਕਾਰਨ ਹੀ ਦਿਹਾੜੀ ਵਿੱਚ ਦੋ ਵਾਰ ਕੁੱਟ ਖਾਧੀ ਸੀ।ਉਹ ਕਿਵੇਂ, ਜਦੋਂ ਮੈ ਭਦੌੜ ਹਾਈ ਸਕੂਲ ਵਿੱਚ
ਪੜ੍ਹਦਾ ਸੀ,ਇਹਨਾਂ ਦਾ ਸਾਡੇ ਸਕੂਲ ਦੇ ਨਾਲ ਹੀ ਪਸ਼ੂਆਂ ਦੇ ਹਸਪਤਾਲ ਵਿੱਚ ਮਹੁੰਮਦ ਸਦੀਕ ਨਾਲ ਅਖਾੜਾ
ਲਾਇਆ ਸੀ।ਅਸੀ ਬਿਨਾ ਦੱਸੇ ਕਲਾਸ ਦੇ ਮੁੰਡੇ ਕੰਧ ਟੱਪ ਕੇ ਭੱਜ ਗਏ ਸੀ।ਬਾਅਦ ਵਿੱਚ ਡਰਾਇੰਗ ਮਾਸਟਰ
ਨੇ ਸਾਨੂੰ ਧੁੱਪੇ ਕੁੱਕੜ ਬਣਾਇਆ, ਨਾਲੇ ਹੱਥਾਂ ਉਪਰ ਡੰਡੇ ਵੀ ਪਏ।ਜਦੋਂ ਸ਼ਾਮ ਨੂੰ ਛੁੱਟੀ ਤੋਂ
ਬਾਅਦ ਘਰ ਗਏ, ਇਹ ਸੁਆਹਵਣੀ ਖਬਰ ਘਰ ਵੀ ਪਹੁੰਚੀ ਹੋਈ ਸੀ।ਅੱਗੇ ਛਿੱਤਰ ਪਰੇਡ ਘਰਦਿਆਂ ਨੇ ਕਰ ਦਿੱਤੀ।ਜਿਸ
ਕਰਕੇ ਇਹ ਦਿੱਨ ਮੇਰੇ ਲਈ ਭੁਲਣਾ ਨਾ ਮੁਮਕਨ ਹੈ।ਮੇਰੀ ਗੱਲ ਦੇ ਨਾਲ ਹੀ ਮੇਜਰ ਸੰਧੂ ਜੀ ਨੇ ਕਿਹਾ,
ਮੈ ਇਹਨਾਂ ਦੇ ਇੱਕ ਦਿੱਨ ਵਿੱਚ ਤਿੰਨ ਅਖਾੜੇ ਸੁਣੇ ਸਨ।ਅਖੀਰਲੇ ਅਖਾੜੇ ਮੌਕੇ ਪਟਿਆਲੇ ਦੇ ਕੋਲ
ਸਾਈਕਲ ਲਈ ਜਾਦੇ ਵਕਤ ਚਿੱਕੜ ਭਰੇ ਨਾਲੇ ਵਿੱਚ ਡਿੱਗ ਪਿਆ ਸੀ।ਗੰਦੇ ਚਿੱਕੜ ਵਿੱਚ ਸਾਰਾ ਧਸ ਗਿਆ
ਸਿਰਫ ਮੇਰਾ ਗਲ ਹੀ ਬਾਹਰ ਸੀ।ਮੈ ਇਤਨਾਂ ਬੇਪਛਾਣ ਹੋ ਗਿਆ ਸੀ ਲੋਕਾਂ ਨੂੰ ਇਹ ਨਹੀ ਸੀ ਪਤਾ ਲੱਗ
ਰਿਹਾ, ਕਿ ਚਿੱਕੜ ਵਿੱਚ ਕੋਈ ਲੜਕਾ ਹੈ, ਜਾਂ ਸੂਰ।ਉਹਨਾਂ ਦੀ ਗੱਲ ਸੁਣ ਕੇ ਸਾਰੇ ਖਿੜ ਖੜਾ ਕੇ ਹੱਸ
ਪਏ।ਇਤਨੇ ਵਿੱਚ ਬੀਬਾ ਰਣਜੀਤ ਕੌਰ ਜੀ ਪਹੁੰਚ ਗਏ।ਉਹਨਾਂ ਆਉਦਿਆ ਹੀ ਸਾਨੂੰ ਸਾਰਿਆ ਨੂੰ ਵਾਰੋ ਵਾਰੀ
ਗਲ ਨਾਲ ਲਾਕੇ ਵੱਡੀ ਮਾਂ ਭੈਣ ਵਾਂਗ ਪਿਆਰ ਦਿੱਤਾ।ਜਿਸ ਨੂੰ ਮੈਂ ਲਿਖ ਨਹੀ ਸਕਦਾ ਮਹਿਸੂਸ ਹੀ ਕਰ
ਸਕਦਾ ਹਾਂ। ਮੈ ਕਦੇ ਸਚਿਆ ਵੀ ਨਹੀ ਸੀ, ਜਦੋ ਕਦੇ ਉਹਨਾਂ ਨਾਲ ਮੇਲ ਹੋਇਆ ਇਸ ਤਰਾਂ ਦਾ ਹੋਵੇਗਾ।ਸ਼ਾਮ
ਨੂੰ ਪੰਜਾਬੀ ਟੱਚ ਰੈਸਟੋਰੈਂਟ ਵਿੱਚ ਜਾਣ ਦਾ ਪ੍ਰੋਗ੍ਰਾਮ ਸੀ।ਸਾਰਆ ਨੇ ਤਿਆਰੀ ਖਿਚਣੀ ਸੁਰੂ ਕਰ
ਦਿੱਤੀ।ਮੇਜਰ ਸੰਧੂ ਜੀ ਅਤੇ ਉਹਨਾਂ ਦੀ ਧਰਮ ਪਤਨੀ ਅਤੇ ਦੋਵੇਂ ਬੱਚੇ ਵੀ ਤਿਆਰ ਹੋ ਗਏ। ਉਹਨਾਂ ਦੀ
ਛੋਟੀ ਜਿਹੀ ਬਹੁਤ ਹੀ ਪਿਆਰੀ ਬੱਚੀ ਸੁਖਰਾਜ ਕੌਰ(ਮਾਣੋ) ਸ਼ੀਸ਼ਿਆ ਵਾਲੇ ਪੰਜਾਬੀ ਸੂਟ ਨਾਲ ਅਰਸ਼ ਤੋਂ
ਉਤਰੀ ਪਰੀ ਲੱਗ ਰਹੀ ਸੀ।ਉਹਨਾਂ ਦੇ ਲੜਕੇ ਦਿਲਰਾਜ ਸਿੰਘ ਦੀਆ ਮਿੱਠੀਆਂ ਭੋਲੀਆਂ ਗੱਲਾਂ ਵਾਰ ਵਾਰ
ਸੁਣਨ ਨੂੰ ਦਿੱਲ ਕਰਦਾ ਸੀ।ਜਿਹੜੀ ਮੈਨੂੰ ਸਭ ਤੋਂ ਵੱਧ ਖੁਸੀ ਹੋਈ ਇਹ ਸੀ ਕਿ ਉਹਨਾਂ ਦੇ ਦੋਵੇਂ
ਬੱਚੇ ਅੱਛੀ ਤਰਾਂ ਪੰਜਾਬੀ ਬੋਲਦੇ ਸਨ।ਨਹੀ ਤਾਂ ਵਲੈਤ ਦੇ ਜੰਮਪਲ ਬੱਚਿਆਂ ਨਾਲ ਪੰਜਾਬੀ ਬੋਲਣ ਮੌਕੇ
ਆਪਣੀ ਪੰਜਾਬੀ ਵੀ ਵਿਗਾੜ ਲਈ ਦੀਆ।ਇਸ ਕਰਕੇ ਪੰਜਾਬੀ ਬੋਲਦੇ ਬੱਚਿਆ ਨੂੰ ਸੁਣ ਕੇ ਹੈਰਾਨ ਤਾਂ ਹੋਣਾ
ਹੀ ਸੀ।ਮੇਜਰ ਸੰਧੂ ਜੀ ਯਾਰਾਂ ਦੇ ਯਾਰ, ਹਸਮੁੱਖ ਗਭਰੂ ਜੁਆਨ ਤਾਂ ਹਨ ਹੀ। ਸਿਰ ਉਪਰ ਲਾਲ ਪੱਗ ਵੀ
ਠੋਕ ,ਕੇ ਬੰਨ ਲਈ।ਜਿਹੜੀ ਕਿ ਉਹਨਾਂ ਦੀ ਵੱਖਰੀ ਨਿਰਾਲੀ ਟੌਹਰ ਸੀ।ਸਾਨੂੰ ਵੀ ਉਹਨਾਂ ਨਾਲ ਤੁਰਨ
ਵਿੱਚ ਮਾਣ ਮਹਿਸੂਸ ਹੋ ਰਿਹਾ ਸੀ। ਅਸੀ ਦੋ ਕਾਰਾਂ ਵਿੱਚ ਸਜੇ ਧਜੇ ਪੰਜਾਬੀ ਟੱਚ ਰੈਸਟੋਰੈਂਟ ਜਾ
ਪਹੁੰਚੇ ।ਸ਼ਾਹੀ ਦਰਵਾਜਿਆਾਂ ਵਾਲੇ ਰੈਸਰੋਰੈਂਟ ਦੀ ਦਿੱਖ ਹੱਦੋਂ ਬਾਹਰੀ ਸੀ।ਪੰਜਾਬੀਆ ਦੇ ਸੁਭਾਅ
ਮੁਤਾਬਕ ਡੀ. ਜੇ.ਕੰਨਾਂ ਨੂੰ ਦੱਸ ਰਿਹਾ ਸੀ ਕਿ ਮੈਂ ਇਥੇ ਹਾਂ।
ਵੀਰ ਮੇਜਰ ਸੰਧੂ ਜੀ ਦੇ ਚਹੇਤੇ
ਜੱਫੀਆਂ ਪਾ ਕੇ ਮਿਲੇ ।ਉਹਨਾਂ ਦੇ ਫੈਨ ਮਿਲਣ ਲਈ ਦੂਰ ਨੇੜਿਉ ਸ਼ਹਿਰਾਂ ਵਿਚੋਂ ਵੀ ਪਹੁੰਚੇ ਹੋਏ ਸਨ।ਇੰਦਰਜੀਤ
ਲੰਡਨ ਨੇ ਆਪਣੇ ਗਾਣਿਆਂ ਨਾਲ ਚੋਖਾ ਰੰਗ ਭਰਿਆ।ਵੀਰ ਮੇਜਰ ਸੰਧੂ ਜੀ ਨੇ ਲਗਾਤਾਰ ਕਈ ਗਾਣੇ ਗਾ ਕੇ
ਸਭ ਨੂੰ ਨੱਚਣ ਲਾ ਦਿੱਤਾ।ਜਦੋਂ ਉਹਨਾਂ ਮਾਈਕ ਫੜਕੇ ਬੋਲਿਆ ਕਿ ਹੁਣ ਉਹ ਮਹਾਨ ਹਸਤੀ ਜਿਹੜੀ ਕਿ 40
ਸਾਲ ਪੰਜਾਬੀਆਂ ਦੇ ਦਿਲਾਂ ਉਪਰ ਰਾਜ ਕਰਨ ਵਾਲੀ ਬੀਬਾ ਰਣਜੀਤ ਕੌਰ ਜੀ ਸਾਡੇ ਵਿੱਚ ਮੌਜੂਦ ਹਨ।ਤਾਂ
ਲੋਕਾਂ ਨੇ ਤਾੜੀਆਂ ਨਾਲ ਸਵਾਗਤ ਕੀਤਾ।ਜਦੋਂ ਉਹਨਾਂ ਨੂੰ ਕੁਝ ਮਿੰਟਾਂ ਲਈ ਮਾਈਕ ਉਪਰ ਆਉਣ ਲਈ ਬੇਨਤੀ
ਕੀਤੀ ਗਈ, ਤਾਂ ਬੀਬਾ ਰਣਜੀਤ ਕੌਰ ਜੀ ਨੇ ਨਵੇ ਸਾਲ ਦੀਆਂ ਮੁਬਾਰਕਾਂ ਦੇ ਨਾਲ ਉਹਨਾਂ ਦਾ ਬਹੁਤ ਹੀ
ਮਕਬੂਲ ਗੀਤ* ਮੇਰਾ ਕੱਲ ਦਾ ਕਾਲਜਾ ਦੁੱਖਦਾ ਵੇ* ਸੁਣਦਿਆ ਹੀ ਲੋਕਾਂ ਨੇ ਪੌਡਾਂ ਦੀ ਵਰਖਾ ਕਰ ਦਿੱਤੀ।
ਜਿਸ ਦੀ ਮਿਸਾਲ ਅੱਜ ਵੀ ਲੋਕਾਂ ਦਾ ਉਹਨਾਂ ਪ੍ਰਤੀ ਪਿਆਰ ਸਤਿਕਾਰ ਮੌਜੂਦ ਹੈ ਜਿਹੜਾ ਕਈ ਦਹਾਕੇ
ਪਹਿਲਾਂ ਸੀ॥ਖੁਸੀਆਂ ਭਰੇ ਮਹੌਲ ਵਿੱਚ ਸਭ ਨੇ ਇੱਕ ਦੂਸਰੇ ਨੂੰ ਗਲਵਕੜੀਆਂ ਪਾਕੇ ਨਵੇ ਸਾਲ ਨੂੰ ਜੀ
ਆਇਆਂ ਕਿਹਾ।ਮੇਜਰ ਸੰਧੂ ਪ੍ਰਤੀ ਲੋਕਾਂ ਦਾ ਕਿਤਨਾ ਪਿਆਰ ਹੈ, ਇਸ ਦਾ ਅੰਦਾਜਾ ਉਸ ਵਕਤ ਲੱਗਿਆ ਜਦੋਂ
ਸੰਧੂ ਕਾਰ ਵਿੱਚ ਬੈਠਣ ਲੱਗੇ ਤਿੰਨ ਪੰਜਾਬੀ ਲੜਕੇ ਜੋ ਕਾਰ ਵਿੱਚ ਜਾ ਰਹੇ ਸਨ। ਵਾਪਸ ਮੁੜ ਕੇ ਸੰਧੂ
ਜੀ ਨੂੰ ਨਵੇ ਸਾਲ ਦੀ ਵਧਾਈ ਦੇ ਨਾਲ ਫੋਟੋ ਖਿਚਵਾਉਣ ਦੀ ਇੱਛਾ ਜਾਹਰ ਕੀਤੀ।ਬੀਬੀ ਰਣਜੀਤ ਕੌਰ ਜੀ
ਨੂੰ ਵੀ ਵਧਾਈਆਂ ਦਿੱਤੀਆਂ।ਕੋਈ ਫੋਨ ਉਪਰ ਕਹਿ ਰਿਹਾ ਸੀ,ਕੀ ਗੱਲ ਆਪ ਅੱਜ ਕੱਲ ਐਮ. ਏ. ਟੀ. ਵੀ.
ਤੇ ਨਹੀ ਆ ਰਹੇ। ਉਹਨਾਂ ਦੱਸਿਆ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਡੀ.ਡੀ. ਇੰਡੀਆ ਟੀ ਵੀ ਤੇ ਮੁੰਡਾ
ਸਾਉਥਾਲ ਦਾ ਪ੍ਰੋਗ੍ਰਾਮ ਪੇਸ਼ ਕਰਨਗੇ।ਆਪਣੇ ਚਹੇਤਿਆ ਲਈ ਪੰਜਾਬੀਆਂ ਦੇ ਪਿਆਰ ਦੀ ਵਫਾਦਾਰੀ ਉਮੜ ਉਮੜ
ਪੈਦੀ ਸੀ।ਰਾਤ ਦੇ ਥੱਕੇ ਹੋਏ ਸੁਤੇ ਹੋਇਆ ਨੂੰ ਪਤਾ ਹੀ ਨਹੀ ਲੱਗਿਆ ਕਿ ਦਿੱਨ ਕਦੋਂ ਚੜ ਗਿਆ।ਅਸੀ
ਮੇਜਰ ਸੰਧੂ ਜੀ ਤੋਂ ਮਸਾਂ ਜਾਣ ਦੀ ਇਜਾਜਤ ਲਈ , ਉਹਨਾਂ ਦੀ ਮਹਿਮਾਨ ਨਿਵਾਜੀ ਸਾਡੇ ਦਿਲਾਂ ਉਪਰ
ਇੱਕ ਛਾਪ ਛੱਡ ਗਈ।ਇਥੇ ਇਹ ਵੀ ਦੱਸਣ ਯੋਗ ਹੈ ਕਿ ਵਲੈਤ ਖੁਸ਼ੀਆਂ ਖੇੜਿਆਂ ਦਾ ਦੇਸ ਹੀ ਨਹੀ ਉਥੇ
ਪੰਜਾਬੀ ਬਜ਼ੁਰਗ ਜੋੜੇ ਮਹੱਲ ਜੈਸੇ ਘਰਾਂ ਵਿੱਚ ਧੀਆਂ ਪੁੱਤ ਪੋਤਿਆ ਨੂੰ ਮਿਲਣ ਦੀ ਤਾਂਘ ਲਈ ਤਰਸਦੇ
ਵੀ ਵੇਖੇ, ਜਿਹੜੇ ਇਕੋ ਸ਼ਹਿਰ ਵਿੱਚ ਹੀ ਰਹਿ ਰਹੇ ਹਨ।ਖੈਰ, ਬਰੈਡਫੋਰਡ ਸਹਿਰ ਵਿੱਚ ਮੇਰੇ ਬਹੁਤ ਹੀ
ਪੁਰਾਣੇ ਦੋਸਤ ਜਗਤਾਰ ਸਿੰਘ( ਸਾਗਰ ਗਰੁੱਪ ਵਾਲੇ) ਜੋ ਦੋ ਦਿਨਾਂ ਤੋਂ ਉਡੀਕ ਰਹੇ ਸਨ ਕਾਰ ਦਾ ਰੁੱਖ
ਉਹਨਾਂ ਦੇ ਸਹਿਰ ਵੱਲ ਨੂੰ ਕਰ ਲਿਆ।ਜਿਵੇ ਮੈ ਪਹਿਲਾਂ ਹੀ ਕਿਹਾ ਹੈ, ਕਿ ਨੇਵੀਗੇਸ਼ਨ ਗਾਈਡ ਦੀਆਂ
ਮੌਜਾਂ ਹੀ ਮੌਜਾਂ ਪੁਛਣ ਦੀ ਲੋੜ ਹੀ ਨਹੀ ਪਈ।ਮੀਹ ਪੈਦੇ ਵਿੱਚ 4-5 ਘੰਟੇ ਦਾ ਸਫਰ ਕਰਕੇ ਜਗਤਾਰ
ਕੋਲ ਜਾ ਪਧਾਰੇ।ਉਸ ਨੂੰ ਇਹ ਫਿਕਰ ਜਿਆਦਾ ਵੱਡ ਵੱਡ ਖਾਦਾ ਸੀ ਕੇ ਕਿਤੇ ਮਹਿਮਾਨ ਨਿਵਾਜੀ ਵਿੱਚ ਕਸਰ
ਨਾ ਰਹਿ ਜਾਵੇ।*ਜਿਵੇ ਸਿਆਣੇ ਬੰਦੇ ਪਤੇ ਦੀ ,ਅਤੇ ਅਮਲੀ ਨਸ਼ੇ ਦੀ।ਮਲੰਗ ਲੜਨ ਦੀ,ਕਲਮਾਂ ਵਾਲੇ
ਪੜ੍ਹਨ ਦੀ *ਗੱਲ ਕਰਦੇ ਹਨ। ਉਸ ਨੂੰ ਪੁਛਿਆ ਤੂੰ ਕਿਸੇ ਵਕਤ ਵੜੇ ਅੱਛੇ ਗੀਤ ਲਿਖਦਾ ਤੇ ਗਾਉਦਾ
ਸੀ।ਤੇ ਕਈ ਸਾਲਾਂ ਤੋਂ ਚੁੱਪ ਧਾਰੀ ਹੋਈ ਇਹ ਬਦਲਾਅ ਕਿਸ ਤ੍ਹਰਾਂ ਆਗਿਆ।ਤਾਂ ਟੁੱਟੇ ਹੋਏ ਹੋਸਲੇ
ਨਾਲ ਬੋਲਿਆ।ਬੁਰੇ ਵਕਤ ਨਾਲ ਕਈ ਵਾਰੀ ਦਿੱਲ ਦੀਆਂ ਉਮੰਗਾਂ ਕੁਚਲੀਆਂ ਜਾਦੀਆਂ ਨੇ। ਮੇਰੇ ਨਾਲ ਵੀ
ਕੁਝ ਇਸ ਤਰ੍ਹਾਂ ਹੀ ਹੋਇਆ ਹੈ।ਮੈ ਉਸ ਨੂੰ ਕਿਹਾ ਬੁਰਾ ਵਕਤ ਸਦਾ ਨਹੀ ਰਹਿੰਦਾ ਪਰ ਤੂੰ ਲਿਖਣਾਂ ਨਹੀ
ਸੀ ਛੱਡਣਾਂ।ਇਹ ਓਸ ਦੀ ਦੇਣ ਹੈ।ਉਸ ਨੇ 10- 12 ਸਾਲਾਂ ਤੋਂ ਕਿਸੇ ਖੂੰਝੇ ਵਿੱਚ ਰੱਖੀ ਹੋਈ, ਇੱਕ
ਗੀਤਾਂ ਗਜ਼ਲਾਂ ਦੀ ਭਰੀ ਹੋਈ ਕਿਤਾਬ ਲਿਆ ਕੇ ਮੇਰੇ ਅੱਗੇ ਰੱਖ ਦਿੱਤੀ।ਜਿਸ ਦੇ ਪਹਿਲੇ ਸਫੇ ਦੇ ਬੋਲ
ਸਨ।
ਓ ਮਾਂ
''ਪੁੱਤ ਪ੍ਰਦੇਸੀ ਹੋਏ ਜਿਹਨਾਂ ਦੇ, ਨੀਦ ਨਾ ਆਉਦੀ ਮਾਵਾਂ ਨੂੰ।
ਧੁੱਪ ਦੇ ਨਾਲੋਂ ਸੇਕ ਵਿਛੋੜਾ, ਦੇ ਗਿਆ ਬੋਹੜ ਦੀਆਂ ਛਾਵਾਂ ਨੂੰ।
ਕਿਸ ਕੰਮ ਆਈਆਂ ਮਾਂ ਤੱਤੜੀ ਦੀਆਂ, ਚੂਰੀਆਂ ਪਾਈਆਂ ਕਾਵਾਂ ਨੂੰ।
ਤੱਕ ਦੀਆਂ ਅੱਖਾਂ ਹੋ ਗਈਆਂ ਬੁੱਢੀਆਂ, ਗਏ ਜਗਤਾਰ ਦੀਆਂ ਰਾਹਾਂ ਨੂੰ।''
ਕਿਤਾਬ ਵਿੱਚ ਹੋਰ ਬਹੁਤ ਸਾਰੇ ਗੀਤਾਂ ਗਜ਼ਲਾਂ ਦੇ ਬੋਲ ਬਹੁਤ ਅੱਛੇ ਸਨ।ਪਰ ਕਈਆਂ ਨੂੰ ਸਮਾਂ ਮਜਬੂਰੀ
ਥੱਲੇ ਦੱਬ ਕੇ ਅੱਗੇ ਨਿੱਕਲ ਗਿਆ ਸੀ ।ਉਸ ਨੂੰ ਲਿਖਣ ਲਈ ਹੌਸਲਾ ਦਿੱਤਾ ਨਾਲ ਇਹ ਵੀ ਕਿਹਾ ਕਿ ਕਿਸੇ
ਵੀ ਗੁਣ,ਕਲਾ ਨੂੰ ਦਬਾ ਕੇ ਰੱਖਣ ਵਾਲਾ ਗੁਨਾਹਗਾਰ ਹੁੰਦਾ ਹੈ।ਬਾਕੀ ਰੱਬ ਉਪਰ ਛੱਡ ਦੇਵੋ ।ਮੈਂ ਉਸ
ਨੂੰ ਕਈ ਪੰਜਾਬੀ ਅਖਬਾਰਾਂ ਦੇ ਈ ਮੇਲ ਦਿੱਤੇ ਉਥੇ ਲਿਖਤਾਂ ਭੇਜਣ ਲਈ ਪ੍ਰੇਰਿਆ।ਮੇਰੇ ਲਾਈਕ ਕੋਈ
ਸੇਵਾ ਹੋਵੇ ਤਾਂ ਦੱਸਣਾ।ਉਸ ਨੇ ਲਿਖਦੇ ਰਹਿਣ ਦਾ ਵਾਅਦਾ ਕੀਤਾ ।ਸਾਡਾ ਵਾਪਸੀ ਦਾ ਟਾਈਮ ਹੋ ਗਿਆ
ਸੀ। ਡੋਵਰ ਤੋਂ ਰਾਤੀ ਪੌਣੇ 9 ਵਜੇ ਵਾਲੀ ਫੈਅਰੀ(ਸ਼ਿੱਪ)ਫਰਾਂਸ ਲਈ ਬੁੱਕ ਕੀਤੀ ਹੋਈ ਸੀ।ਟਾਈਮ ਵੀ
ਪੂਰਾ ਜਿਹਾ ਸੀ।ਬੇਟੇ ਦਾ ਜੁਆਨੀ ਵਾਲਾ ਜ਼ੋਰ ਗੱਡੀ ਦੀ ਸਪੀਡ ਤੇ ਲੱਗਿਆ ਹੋਇਆ ਸੀ।ਜਿਸ ਵਜ੍ਹਾ ਕਰਕੇ
ਅਸੀ ਉਸ ਨੂੰ ਵਾਰ ਵਾਰ ਟੋਕ ਰਹੇ ਸੀ।ਹੌਲੀ ਚੱਲ ਦੂਸਰੀ ਫੈਅਰੀ ਫੜ ਲਵਾਗੇ।ਪਰ ਉਸ ਦੀ ਸਪੀਡ ਵਾਲੀ
ਡਰਾਇਵਰੀ ਕੋਈ ਕੰਮ ਨਾ ਆਈ । ਜਦੋਂ ਅਸੀ ਡੋਵਰ ਪਹੁੰਚੇ ਤਾਂ ਫੈਅਰੀ 5 ਮਿੰਟ ਪਹਿਲਾਂ ਫਰਾਂਸ ਲਈ
ਰਵਾਨਾ ਹੋ ਗਈ ਸੀ।ਸਾਨੂੰ ਸਮੁੰਦਰ ਦੀਆ ਠੰਡੀਆਂ ਹਵਾਵਾਂ ਵਿੱਚ ਇੱਕ ਘੰਟਾ ਰੁਕਣਾ ਪਿਆ।ਮੋਬਾਈਲ ਦੀ
ਘੰਟੀ ਵੱਜੀ ਜਗਤਾਰ ਬੋਲਿਆ,ਕਿਥੇ ਪਹੁੰਚ ਗਏ ਮੈਂ ਕਿਹਾ ਡੋਵਰ ਹਾਂ। ਮੈ ਤੁਹਾਡੇ ਜਾਣ ਤੋਂ ਬਾਅਦ ਦੋ
ਕਵਿਤਾਵਾਂ ਲਿਖ ਲਈਆਂ ਹਨ। ਤੈਨੂੰ ਹੁਣੇ ਸੁਣਾ ਦੇਵਾਂ, ਦੋ ਸਮਾਜ ਦੀਆਂ ਕੁਰੀਤੀਆਂ ਨੂੰ ਬਿਆਨ
ਕਰਦੀਆਂ ਕਵਿਤਾਵਾਂ ਨੂੰ ਸੁਣਾ ਕੇ ਉਹ ਬੋਲਿਆ, ਪਏ ਹਲਾਂ ਨੂੰ ਜੰਗ ਲੱਗੀ ਹੋਈ ਆ ਲਗਦਾ ਤਿੱਖੇ ਕਰਨੇ
ਪੈਣ ਗੇ।ਇਤਨੇ ਨੂੰ ਫੈਅਰੀ ਵਾਲਿਆਂ ਨੇ ਕਾਰ ਨੂੰ ਫਰਾਂਸ ਵੱਲ ਜਾਣ ਦਾ ਇਸ਼ਾਰਾ ਕਰ ਦਿੱਤਾ।ਤੇ ਅਸੀ
ਪੰਛੀਆਂ ਦੀ ਚੀਅ ਚੀਅ ਸਮੁੰਦਰ ਦੀਆਂ ਛੱਲਾਂ ਵੇਖਦੇ,ਫੈਅਰੀ ਦੇ ਇਜ਼ਣ ਦੀ ਗ੍ਹੜ ਗ੍ਹੜ ਦੀ ਅਵਾਜ਼ ਵਿੱਚ
ਅੰਦਰ ਵੜ ਗਏ। ਟੈਲੀਫੋਨ ਬੰਦ ਹੋ ਗਿਆ ਸੀ।ਮੈਂ ਕਾਰ ਵਿੱਚ ਬੈਠੇ ਨੇ ਓਸ ਪ੍ਰਮਾਤਮਾ ਦਾ ਸ਼ੁਕਰਾਨਾ
ਕੀਤਾ ਜਿਸ ਨੇ ਉਸ ਦੀ ਸੁੱਤੀ ਹੋਈ ਕਲਾ ਨੂੰ ਹਲੁਣਾ ਦਿੱਤਾ।