ਸਿਕਲੀਗਰਾਂ ਤੇ ਵਣਜਾਰਿਆਂ ਨੂੰ ਪੰਥ ਦੀ ਮੁਖ ਧਾਰਾ ਵਿਚ ਲਿਆਂਦਾ
ਜਾਏ - ਹਰਬੀਰ ਸਿੰਘ ਭੰਵਰ
ਸ੍ਰੀ ਗੁਰੂ ਨਾਨਕ ਦੇਵ ਜੀ ਨੇ 'ਜਗਤ ਜਲੰਦੇ' ਨੂੰ ਤਾਰਨ ਲਈ ਆਪਣੀਆਂ ਚਾਰ ਉਦਾਸੀਆਂ ਦੌਰਾਨ
ਹਿੰਦੁਸਤਾਨ ਅਤੇ ਕਈ ਦੇਸ਼ਾਂ ਦਾ ਭਰੱਮਨ ਕੀਤਾ।ਇਲਾਹੀ ਬਾਣੀ ਤੇ ਆਪਣੇ ਉਪਦੇਸ਼ਾ ਨਾਲ ਮਲਕ ਭਾਗੋ ਦੀ
ਲੁਟ ਖਸੁਟ ਦੀ ਕਮਾਈ ਨਾਲ ਬਣੀਆਂ ਪੂੜੀਆਂ ਚੋਂ ਲਹੂ ਅਤੇ ਦਸਾਂ ਨੌਹਾਂ ਦੀ ਸਚੀ ਸੁਚੀ ਕਿਰਤ ਕਰਨ
ਵਾਲੇ ਗਰੀਬ ਭਾਈ ਲਾਲੋ ਦੇ ਘਰ ਕੋਧਰੇ ਦੀ ਰੋਟੀ ਚੋਂ ਦੁੱਧ ਕੱਢਿਆ, ਠੱਗਾਂ ਨੂੰ ਸੱਜਣ ਬਣਾਇਆ, ਕੌਡੇ
ਰਾਖਸ਼ਿਸ਼ ਵਰਗੇ ਭੁਲੜਾਂ ਨੂੰ ਸਿੱਧੇ ਰਸਤੇ ਪਾਇਆ।ਉਹ ਜਿਥੇ ਵੀ ਗਏ, ਉਥੋਂ ਦੇ ਅਨੇਕਾਂ ਲੋਕ ਉਨ੍ਹਾਂ
ਦੇ ਸ਼ਰਧਾਲੂ ਬਣ ਗਏ ਅਤੇ ਉਨ੍ਹਾਂ ਵਲੋਂ ਦਰਸਾਏ ਗਏ ਮਾਰਗ ਤੇ ਚਲਣ ਲਗੇ।ਦੂਸਰੇ ਗੁਰੂ ਸਾਹਿਬਾਨ ਵੀ
ਗੁਰੂ ਨਾਨਕ ਦੇਵ ਜੀ ਦੇ ਮਿਸ਼ਨ ਨੂੰ ਅਗੇ ਤੋਰਦੇ ਰਹੇ।ਸਿਕਲੀਗਰਾਂ ਤੇ ਵਣਜਾਰਿਆ ਸਮੇਤ ਭਾਰਤੀ
ਉਪ-ਮਹਾਂਦੀਪ ਦੇ ਲਗਭਗ ਹਰ ਖੇਤਰ ਵਿਚ ਗੁਰੂ ਸਾਹਿਬਾਨ ਦੇ ਸ਼ਰਧਾਲੂ ਆਪਣੀ ਸੱਚੀ ਸੁਚੀ ਕਿਰਤ ਕਰਨ ਦੇ
ਨਾਲ ਨਾਲ ਪਰਮਾਤਮਾਂ ਦੇ ਨਾਂ ਜਪ ਕੇ ਵੀ ਅਪਣਾ ਜੀਵਨ ਸਫਲਾ ਕਰਦੇ ਰਹੇ।
ਗਰੂ ਸਹਿਬਾਨ ਦੀ ਮੁਖ ਕਰਮ ਭੁਮੀ ਅਣਵੰਡਿਆ ਪੰਜਾਬ ਸੀ।ਗੁਰੂ ਸਾਹਿਬਾਨ ਤੋਂ ਬਾਅਦ ਦੇਸ਼ ਵਿਚ ਅਫਰਾ
ਤਫਰੀ ਰਹੀ ਜਿਸ ਕਾਰਨ ਪੰਜਾਬ ਵਿਚ ਵੀ ਕਾਫੀ ਉੱਥਲ ਪੁੱਥਲ ਰਹੀ।ਪੱਛਮ ਵਲੋਂ ਹਮਲਾਵਰ ਤੇ ਧਾੜਵੀ
ਆਉਂਦੇ,ਪੰਜਾਬ ਨੂੰ ਰੌਂਦਦੇ ਹੋਏ ਦਿੱਲੀ ਵਲ ਵੱਧਦੇ।ਕਤਲੋ ਗਾਰਤ ਤੇ ਲੁਟ ਮਾਰ ਕਰ ਕੇ ਵਾਪਸ ਮੁੜਦੇ
ਤਾਂ ਸਿੰਘ ਉਨ੍ਹਾ ਤੋਂ ਹਿੰਦੁਸਤਾਨੀ ਬੀਬੀਆਂ ਛੁਡਵਾ ਕੇ ਘਰੋ ਘਰ ਪਹੁੰਚਾਊਂਦੇ ਅਤੇ ਲੁਟ ਖਸੁਟ ਦਾ
ਮਾਲ ਖੋਹ ਲੈਂਦੇ।ਸਿੱਖਾਂ ਦਾ ਨਾਂ ਨਿਸ਼ਾਨ ਮਿਟਾਉਣ ਲਈ ਉਨ੍ਹਾਂ ਦੇ ਸਿਰਾਂ ਦੇ ਮੁਲ ਪੈਣ ਲਗੇ।ਸ਼ਿੰਘ
ਜੰਗਲਾਂ ਵਿਚ ਜਾ ਕੇ ਰਹਿਣ ਲਗੇ ਅਤੇ ਅਗਲੀ ਰਣਨੀਤੀ ਘੜਦੇ।ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ ਤਾ
ਪੰਜਾਬ ਤੋਂ ਬਿਨਾ ਸਾਰਾ ਹਿੰਦੁਸਤਾਨ ਅੰਗਰੇਜ਼ਾਂ ਦੇ ਅਧੀਨ ਹੋ ਚੁਕਾ ਸੀ।ਮਹਾਰਾਜੇ ਦੀ ਮੌਤ ਤੋਂ ਥੋੜੇ
ਸਾਲਾਂ ਬਾਅਦ ਹੀ ਸਿੱਖ ਸਰਦਾਰਾਂ ਦੀ ਆਪਸੀ ਫੁੱਟ, ਡੋਗਰਿਆ ਦੀ ਗੱਦਾਰੀ ਅਤੇ ਅੰਗਰੇਜ਼ ਦੀ ਮੱਕਾਰੀ
ਕਾਰਨ ਪੰਜਾਬ ਵੀ ਅੰਗਰੇਜ਼ੀ ਸਾਮਰਾਜ ਦੇ ਅਧੀਨ ਆ ਗਿਆ।ਇਸ ਪਿਛੋਂ ਇਸਾਈ ਮਿਸ਼ਨਰੀਆਂ ਦਾ ਮੁਕਾਬਲਾ ਕਰਨ
ਲਈ ਸਿੰਘ ਸ਼ਭਾ ਲਹਿਰ, ਗੁਰਦੁਆਰੇ ਆਜ਼ਾਦ ਕਰਵਾਉਣ ਲਈ ਗੁਰਦੁਆਰਾ ਸੁਧਾਰ ਲਹਿਰ ਅਤੇ ਫਿਰ ਹਿੰਦੁਸਤਾਨ
ਦੀ ਆਜ਼ਾਦੀ ਲਈ ਸੰਘੱਰਸ਼ ਸ਼ੁਰੂ ਹੋ ਗਿਆ। ਇਸ ਸਾਰੇ ਸਮੇਂ ਦੌਰਾਨ ਪੰਜਾਬ ਤੋਂ ਬਾਹਰਲੇ ਸਿੱਖਾਂ ਤੇ
ਗੁਰੂ ਨਾਨਕ ਨਾਮ ਲੇਵਾ ਲੋਕਾਂ ਵਲ ਕਿਸੇ ਵਲੋਂ ਧਿਆਨ ਨਾ ਦਿਤਾ ਜਾ ਸਕਿਆ।ਇਸ ਦੇ ਬਾਵਜੂਦ ਇਹ ਨਾਨਕ
ਨਾਮ ਲੇਵਾ ਸ਼ਰਧਾਲੂ ਗੁਰੂ ਨਾਲ ਜੁੜੇ ਰਹੇ।ਸਮੇਂ ਦੇ ਫੇਰ ਨਾਲ ਭਾਵੇਂ ਉਹ ਗਰੀਬ ਹੋ ਗਏ ਅਤੇ ਅਨੇਕਾਂ
ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ,ਪਰ ਉਨ੍ਹਾਂ ਦਾ ਸਿੱਦਕ ਕਾਇਮ ਰਿਹਾ।ਸਮਾਜਿਕ ਤੌਰ 'ਤੇ ਅਨੇਕਾਂ
ਕਰੀਤੀਆਂ ਨੇ ਵੀ ਆ ਘੇਰਿਆ।ਇਨ੍ਹਾਂ ਲੋਕਾਂ ਵਿਚ ਵਿਸ਼ੇਸ਼ ਤੌਰ 'ਤੇ ਵਣਜਾਰੇ ਅਤੇ ਸਿਕਲੀਗਰ ਕਬੀਲੇ ਦੇ
ਲੋਕ ਹਨ,ਜੋ ਦੇਸ਼ ਦੇ ਲਗਭਗ ਹਰ ਸੂਬੇ ਵਿਸ਼ੇਸ਼ ਕਰਕ ਕੇ ਮੱਧ ਭਾਰਤ ਤੇ ਦਖਣੀ ਭਾਰਤ ਦੇ ਸਾਰੇ ਖੇਤਰਾਂ
ਵਿਚ ਕਈ ਕਰੋੜ ਦੀ ਗਿਣਤੀ ਵਿਚ ਰਹਿ ਰਹੇ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਡੀਆ ਸਲਾਹਕਾਰ ਵਜੋਂ ਸੇਵਾ ਕਰਦਿਆਂ ਦਾਸ ਤਤਕਾਲੀ
ਪ੍ਰਧਾਨ ਬੀਬੀ ਜਗੀਰ ਕੌਰ ਨਾਲ ਇਕ ਵਾਰੀ ਚਾਰ ਕੁ ਦਿਨ ਲਈ ਨਾਗਪੁਰ ਅਤੇ ਇਕ ਹਫ਼ਤੇ ਲਈ ਹੈਦਰਾਬਾਦ ਤੇ
ਨਾਂਦੇੜ ਜਾਣ ਦਾ ਮੌਕਾ ਮਿਲਿਆ ਤਾਂ ਸਿਕਲੀਗਰਾਂ ਤੇ ਵਣਜਾਰਿਆਂ ਨੂੰ ਨੇੜਿਓਂ ਦੇਖਣ ਦਾ ਮੌਕਾ ਲਗਾ।ਬੀਬੀ
ਜਗੀਰ ਕੌਰ ਨੂੰ ਉਨ੍ਹਾਂ ''ਵਣਜਾਰਾ ਮਾਂ'' ਦੀ ਉਪਾਧੀ ਨਾਲ ਸਨਮਾਨਿਤ ਕੀਤਾ ਸੀ।ਪਿਛਲੇ ਦਿਨੀਂ ਸ੍ਰੀ
ਗੁਰੂ ਅੰਗਦ ਦੇਵ ਵਿਦਿਅਕ ਤੇ ਭਲਾਈ ਕੌਂਸਲ ਲੁਧਿਆਣਾ ਨਾਲ ਨਾਗਪੁਰ ਤੇ ਛਤੀਸਗੜ੍ਹ ਦੇ ਪੇਂਡੂ ਖੇਤਰਾਂ
ਵਿਚ ਜਾ ਕੇ ਇਨ੍ਹਾਂ ਭੁਲੇ ਵਿਸਰੇ,ਅਣਗੌਲੇ ਤੇ ਪਛੜੇ ਹੋਏ ਸਿਕਲੀਗਰਾਂ, ਵਣਜਾਰਿਆਂ ਤੇ ਸਤਿਨਾਮੀਆਂ
ਦੇ ਜਨਜੀਵਨ ਤੇ ਉਨ੍ਹਾਂ ਦੀਆਂ ਸਮਸਿਆਵਾਂ ਨੂੰ ਬਹੁਤ ਨੇੜਿਓਂ ਦੇਖਣ ਦਾ ਮੌਕਾ ਲਗਾ।ਉਹ ਪੰਥ ਦੀ ਮੁਖ
ਧਾਰਾ ਵਿਚ ਆਉਣ ਲਈ ਤੜਪ ਰਹੇ ਹਨ।ਕਈ ਸਿੱਖ ਸੰਸਥਾਵਾਂ ਤੇ ਜੱਥੇਬੰਦੀਆਂ ਨੇ ਆਪਣੀ ਆਪਣੀ ਸਮਰੱਥਾ
ਮੁਤਾਬਕ ਹੁਣ ਉਨ੍ਹਾਂ ਨੂੰ ਪੰਥ ਦੀ ਮੁਖ ਧਾਰਾ ਵਿਚ ਲਿਆਉਣ ਦਾ ਕਾਰਜ ਆਰੰਭਿਆ ਵੀ ਹੈ।ਇਹ ਕਾਰਜ ਇਤਨਾ
ਵੱਡਾ ਹੈ ਕਿ ਸ਼੍ਰੋਮਣੀ ਕਮੇਟੀ, ਦਿੱਲੀ ਗੁਰਦੁਆਰਾ ਕਮੇਟੀ,ਤਖ਼ਤ ਪਟਨਾ ਸਾਹਿਬ ਤੇ ਤਖ਼ਤ ਸੱਚਖੰਡ ਸ੍ਰੀ
ਹਜ਼ੂਰ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਦੇ ਵੀ ਵੱਸ ਦਾ ਨਹੀਂ, ਸਗੋਂ ਸਮੁਚੇ ਸਿੱਖ-ਪੰਥ ਦਾ ਸਾਂਝਾ
ਕਾਰਜ ਹੈ।ਇਹਨਾਂ ਦੀ ਗਰੀਬੀ,ਅਨਪੜ੍ਹਤਾ ,ਬੇਰੋਜ਼ਗਾਰੀ ਤੇ ਪਛੜੇਪਨ ਦਾ ਫਾਇਦਾ ਉਠਾ ਕੇ ਇਸਾਈ
ਮਿਸ਼ਨਰੀਆਂ ਨੇ ਆਪਣੇ ਵਲ ਖਿੱਚਣ ਦਾ ਯਤਨ ਕੀਤਾ ਹੈ। ਆਰ.ਐਸ.ਐਸ. ਤੇ ਬਜਰੰਗ ਦਲ ਵੀ ਹਿੰਦੂ ਧਰਮ ਦੀ
ਮੁਖ ਧਾਰਾ ਵਿਚ ਸ਼ਾਮਿਲ ਕਰਨ ਲਈ ਸਰਗਰਮ ਹਨ। ਸਿੱਖ ਸੰਸਥਾਵਾਂ ਆਪਣੇ ਇਨ੍ਹਾ ਭੁਲੇ ਵਿਸਰੇ,ਅਣਗੌਲੇ
ਤੇ ਪਛੜੇ ਵੀਰਾਂ ਨੂੰ ਪੰਥ ਦੀ ਮੁਖ ਧਾਰਾ ਵਿਚ ਲਿਆਉਣ ਲਈ ਬਹੁਤ ਪਛੜ ਗਏ ਹਨ, ਹੁਣ ਵੀ ਯਤਨ ਆਰੰਭੇ
ਜਾਣ ਤਾਂ ਇਹਨਾਂ ਨੂੰ ਛਾਤੀ ਨਾਲ ਲਗਾਇਆ ਜਾ ਸਕਦਾ ਹੈ।ਇਕ ਪੱਤਰਕਾਰ ਦੇ ਨਾਤੇ ਦਾਸ ਨੇ ਜੋ ਹੁਣ ਤਕ
ਅਧਿਐਨ ਕੀਤਾ ਹੈ,ਉਹ ਇਸ ਤਰ੍ਹਾਂ ਹੈ:-
ਵਣਜਾਰੇ:
ਭਾਵ ਵਣਿਜ ਕਰਨ ਵਾਲਾ,ਵਪਾਰੀ,ਸੌਦਾਗਰ।ਨਾਮਵਰ ਸਿੱਖ ਵਿਦਵਾਨ ਡਾ. ਰਤਨ ਸਿੰਘ ਜੱਗੀ ਰਚਿਤ ਸਿੱਖ ਪੰਥ
ਵਿਸ਼ਵਕੋਸ਼ ਅਨੁਸਾਰ ''ਮੱਧ ਯੁਗ ਵਿਚ ਵਣਜ-ਵਪਾਰ ਵਿਚ ਇਨ੍ਹਾ ਦੀ ਪੁਰੀ ਸਰਦਾਰੀ ਸੀ।ਮੱਧ ਭਾਰਤ,
ਦੱਖਣ,ਉਤਰ ਪ੍ਰਦੇਸ਼, ਰਾਜਸਥਾਨ ਅਤੇ ਪੰਜਾਬ ਵਿਚ ਥਾਂ ਥਾਂ ਪਸਰੇ ਹੋਏ ਸਨ ਅਤੇ ਸਮਾਜ ਵਿਚ ਆਦਰ ਦਾ
ਸਥਾਨ ਰਖਦੇ ਸਨ।ਅੰਗਰੇਜ਼ਾਂ ਦੇ ਹਿੰਦੁਸਤਾਨ ਵਿਚ ਆਉਣ ਤੋਂ ਬਾਅਦ ਆਵਾਜਾਈ ਅਤੇ ਢੋ-ਢੁਆਈ ਦੀਆਂ
ਸੁਵਿਧਾਵਾਂ ਵੱਧ ਜਾਣ ਕਾਰਨ ਇਨ੍ਹਾਂ ਦੇ ਕੰਮ ਕਾਜ ਅਤੇ ਵਪਾਰ-ਪੱਧਤੀ ਨੂੰ ਕਾਫੀ ਧੱਕਾ ਲਗਾ। ਇਨ੍ਹਾਂ
ਦਾ ਵਪਾਰਕ ਖੇਤਰ ਸੁੰਗੜ ਗਿਆ।ਹੁਣ 'ਵਣਜਾਰਾ' ਸ਼ਬਦ ਫਿਰ ਤੁਰ ਕੇ ਘਰ ਘਰ ਜਾ ਕੇ ਚੀਜ਼ਾਂ ਵੇਚਣ ਵਾਲਿਆ
ਲਈ ਰੂੜ੍ਹ ਹੋ ਚੁਕਿਆ ਹੈ।'' ਇਸ ਤਰ੍ਹਾਂ ਇਹ ਇਕ ਰਮਤੀ-ਵਣਿਕ ਜਾਤਿ ਹੈ ਜੋ ਅਪਣੀਆਂ ਵੱਖਰੀਆਂ
ਬਸਤੀਆਂ ਬਣਾ ਕੇ ਰਹਿੰਦੀ ਹੈ, ਹਰ ਬਸਤੀ ਦਾ ਨਾਂ 'ਟਾਂਡਾ'' ਹੁੰਦਾ ਹੈ।ਇਕ ਅਨੁਮਾਨ ਅਨੁਸਾਰ ਭਾਰਤ
ਵਿਚ ਤਕਰੀਬਨ ਤਿੰਨ ਹਜ਼ਾਰ(ਇਕ ਹੋਰ ਵਿਦਵਾਨ ਅਨੁਸਾਰ 20 ਹਜ਼ਾਰ) ਟਾਂਡੇ ਹਨ ਜੋ ਆਪਣੇ ਲਾਗਲੇ ਨਗਰ ਦੇ
ਨਾਂਅ ਨਾਲ ਜਾਣੇ ਜਾਂਦੇ ਹਨ।ਬਹੁਤੇ ਵਣਜਾਰਿਆਂ ਪਾਸ ਜ਼ਮੀਨ ਹੈ,ਪਰ ਸਿੰਜਾਈ ਲਈ ਖੁਹ, ਟਿਊਬਵੈਲ,ਜਾਂ
ਨਹਿਰਾਂ ਦੀ ਅਣਹੋਂਦ ਕਾਰਨ ਖੇਤੀ ਕੇਵਲ ਬਾਰਿਸ਼ ਉਤੇ ਹੀ ਨਿਰਭਰ ਹੈ।
ਗਿਆਨੀ ਬਚਿਤਰ ਸਿੰਘ ਐਡਵੋਕੇਟ ਨੇ ਇਕ ਲੇਖ ਵਿਚ ਲਿਖਿਆ ਹੈ ਕਿ ਇਨ੍ਹਾ ਵਿਚ ਇਕ ਪੁਰਾਤਨ ਰਿਵਾਇਤ ਚਲੀ
ਆ ਰਹੀ ਹੈ ਕਿ ਕਿਸੇ ਸਮੇਂ ਇਨ੍ਹਾਂ ਦਾ ਗੁਰੂ ਗੋਸਵਾਮੀ ਵਿਭਚਾਰੀ ਹੋ ਗਿਆ ਤਾਂ ਵਣਜਾਰਿਆਂ ਨੇ ਉਸ
ਨੂੰ ਕੱਤਲ ਕਰ ਦਿਤਾ।ਗੁਰੂ ਹੱਤਿਆ ਕਾਰਨ ਕੋਈ ਵੀ ਮੱਤ ਇਨ੍ਹਾਂ ਨੂੰ ਗਲੇ ਲਗਾਉਣ ਲਈ ਤਿਆਰ ਨਹੀਂ
ਸੀ।ਗੁਰੂ ਨਾਨਕ ਸਾਹਿਬ ਨੇ ਇਨ੍ਹਾਂ ਨੂੰ ਆਪਣੇ ਸਿੱਖ ਸਵੀਕਾਰ ਕੀਤਾ ਅਤੇ ਧਾਰਮਿਕ ਜੀਵਨ ਜਿਉਣ ਦੀ
ਜਾਚ ਸਿਖਾਈ ਤਦੋਂ ਤੋਂ ਇਨ੍ਹਾਂ ਦਾ ਇਹ ਨਾਅਰਾ ਬਣ ਗਿਆ:-
''ਜਿਸ ਘਰ ਨਾਨਕ ਪੂਜਾ, ਤਿਸ ਘਰ ਦੇਊ ਨਾ ਦੂਜਾ।''
ਹਰ ਟਾਂਡੇ ਵਿਚ ਇਕ ਅਰਦਾਸੀਆ ਹੁੰਦਾ ਹੈ।ਦੋ ਧੜਿਆਂ ਵਿਚਕਾਰ ਲੜਾਈ ਹੋ ਰਹੀ ਹੋਵੇ ਅਤੇ ਅਰਦਾਸੀਆ
ਗੁਰੂ ਨਾਨਕ ਸਾਹਿਬ ਦੀ ਅਰਦਾਸ ਕਰ ਦੇਵੇ ਤਾਂ ਦੋਵੇਂ ਧੜੇ ਲੜਾਈ ਅੱਧਵਾਟੇ ਛੱਡ ਕੇ ਆਪੋ ਆਪਣੇ ਘਰਾਂ
ਨੂੰ ਤੁਰ ਜਾਂਦੇ ਹਨ।ਲੜਕੇ ਦੇ ਵਿਆਹ ਸਮੇਂ ਪਗੜੀ ਵਿਚ ਗੁਰੂ ਨਾਨਕ ਸਾਹਿਬ ਦੇ ਨਾਮ ਦਾ ਰੁਪੱਈਆ
ਬੰਨ੍ਹੇ ਵਗੈਰ ਸ਼ਾਦੀ ਨਹੀਂ ਹੋ ਸਕਦੀ।ਇਹ ਰੁਪੱਈਆ ਸ਼ਾਦੀ ਵਿਚ ਸਭ ਤੋਂ ਕੀਮਤੀ ਤੇ ਜ਼ਰੂਰੀ ਵਸਤੂ
ਮੰਨਿਆ ਜਾਂਦਾ ਹੈ।ਵਿਆਂਹੁੰਦੜ ਲੜਕੀ ਗੁਰੂ ਨਾਨਕ ਸਾਹਿਬ ਦੇ ਨਾਮ ਦਾ ਚੂੜਾ ਪਹਿਨਦੀ ਹੈ।ਜੇਕਰ ਨੇੜੇ
ਗੁਰਦੁਆਰਾ ਨਾ ਹੋਵੇ,ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਥਾਂ ਨਿਤਨੇਮ ਦੇ ਗੁਟਕੇ ਦੁਆਲੇ ਹੀ ਲਾਵਾਂ
ਲੈ ਲੈਂਦੇ ਹਨ।
ਗੁਰੂ-ਕਾਲ ਦੌਰਾਨ ਗੁਰਮਤਿ-ਭਗਤੀ ਤੋਂ ਪ੍ਰਭਾਵਿਤ ਹੋ ਕੇ ਅਨੇਕਾਂ ਵਣਜਾਰੇ ਗੁਰੂ ਸਾਹਿਬਾਨ ਦੇ
ਸ਼ਰਧਾਲੂ ਬਣ ਗਏ।ਭਾਈ ਮੱਖਣ ਸ਼ਾਹ ਲੁਬਾਣਾ, ਭਾਈ ਲੱਖੀ ਸ਼ਾਹ ਵਣਜਾਰਾ,ਬੰਦ ਬੰਦ ਕਟਵਾਉਣ ਵਾਲੇ ਭਾਈ ਮਨੀ
ਸਿੰਘ ਸ਼ਹੀਦ ਅਤੇ ਅਨੇਕਾਂ ਹੋਰ ਸ਼ਹੀਦਾਂ ਨੇ ਸਿੱਖ-ਪੰਥ ਲਈ ਮਹੱਤਵਪੂਰਨ ਕਾਰਜ ਕੀਤੇ ਹਨ ਤੇ
ਕੁਰਬਾਨੀਆਂ ਕੀਤੀਆਂ,ਜੋ ਇਤਿਹਾਸ ਦਾ ਸ਼ਾਨਦਾਰ ਹਿੱਸਾ ਹਨ।ਗੁਰਦੁਆਰਾ ਰਕਾਬਗੰਜ ਸਮੇਤ ਨਵੀਂ ਦਿਲੀ
ਵਿਖੇ ਰਾਸ਼ਟ੍ਰਪਤੀ ਭਵਨ ਤੇ ਪਾਰਲੀਮੈਂਟ ਲਾਗਲੇ ਖੇਤਰ ਵਾਲੀ ਬਹੁਤੀ ਜ਼ਮੀਨ ਕਦੀ ਇਨ੍ਹਾਂ ਵਣਜਾਰਿਆਂ
ਦੀ ਮਲਕੀਅਤ ਹੁੰਦੀ ਸੀ।ਪੰਜਾਬ ਤੋਂ ਬਾਹਰਲੇ ਪ੍ਰਦੇਸ਼ਾਂ ਵਿਚ ਵੀ ਬਹੁਤੇ ਵਣਜਾਰੇ ਸਿੱਖੀ ਸਰੂਪ ਵਿਚ
ਰਹਿੰਦੇ ਹਨ ਅਤੇ ਲਾਗਲੇ ਗੁਰਦੁਆਰਿਆਂ ਦੇ ਦਰਸ਼ਨ ਕਰਨ ਜਾਂਦੇ ਹਨ।ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ
ਨਾਂਦੇੜ ਨਾਲ ਬਹੁਤ ਜੁੜੇ ਹੋਏ ਹਨ।ਇਸ ਸਮੇਂ ਇਹ ਵਣਜਾਰੇ ਆਂਧਰਾ ਪ੍ਰਦੇਸ਼, ਮਹਾਂਰਾਸ਼ਟਰ,ਮੱਧ
ਪ੍ਰਦੇਸ਼,ਛਤੀਸਗੜ੍ਹ ਵਰਗੇ ਸੂਬਿਆਂ ਵਿਚ ਰਹਿ ਰਹੇ ਹਨ।ਇਨ੍ਹਾਂ ਦੇ ਸਰਦਾਰ ਨੂੰ ''ਨਾਇਕ; ਕਿਹਾ ਜਾਂਦਾ
ਹੈ।ਮਹਾਂਰਾਸ਼ਟਰ ਦੇ ਸਾਬਕਾ ਮੁਖ ਮੰਤਰੀ ਵੀ.ਪੀ.ਨਾਇਕ ਅਤੇ ਸੁਧਾਕਰ ਰਾਓ ਨਾਇਕ ਇਸੇ ਭਾਈਚਾਰੇ ਵਿਚੋਂ
ਸਨ।ਉਨ੍ਹਾਂ ਆਪਣੇ ਆਪ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਰਧਾਲੂ ਤਾਂ ਨਹੀਂ ਕਹਾਇਆ,ਪਰ ਆਪਣੇ
ਹਲਕਿਆਂ ਵਿਚ ਟਾਂਡਾ ਨਾਂਅ ਵਾਲੇ ਪਿੰਡਾਂ ਦੀ ਦਸ਼ਾ ਜ਼ਰੂਰ ਕੁਝ ਸੁਧਾਰੀ।ਇਸ ਸਮੇਂ ਮਹਾਰਾਸਟਰ ਵਿਚ
ਅਨੇਕ ਵਣਜਾਰੇ ਉਚ ਸਰਕਾਰੀ ਅਹੁਦਿਆਂ ਉਤੇ ਤੈਨਾਤ ਹਨ,ਕਈ ਰਾਜਸੀ ਪਾਰਟੀਆਂ ਦੇ ਪ੍ਰਮੁਖ ਅਹੁਦੇਦਾਰ
ਹਨ, ਇਕ ਮੈਂਬਰ ਪਾਰਲੀਮੈਂਟ ਵੀ ਹੈ।
ਸਿੱਕਲੀਗਰ :
ਸਿੱਕਲੀਗਰ ਦਾ ਅਰਥ ਹੈ- ਸਾਫ਼ ਕਰਨ ਵਾਲਾ,ਜ਼ੰਗ ਉਤਾਰਨ ਵਾਲਾ।ਮੱਧ ਯੁਗ ਵਿਚ ਤਲਵਾਰਾਂ, ਬਰਛਿਆਂ, ਤੀਰਾਂ,
ਢਾਲਾਂ ਆਦਿ ਤੋਂ ਜ਼ੰਗ ਉਤਾਰ ਕੇ ਉਨ੍ਹਾ ਨੂੰ ਲਿਸ਼ਕਾਉਣ ਦਾ ਇਕ ਵਿਸੇਸ਼ ਕਿੱਤਾ ਵਿਕਸਿਤ ਹੋ ਗਿਆ ਸੀ
ਅਤੇ ਇਸ ਕਿੱਤੇ ਦੇ ਕਰਮੀਆਂ ਨੂੰ ''ਸਿਕਲੀਗਰ'' ਕਿਹਾ ਜਾਣ ਲਗਾ।ਇਹ ਹੱਥਿਅਰ ਬਣਾਉਣ ਦੇ ਵੀ ਬਹੁਤ
ਮਾਹਰ ਹਨ।
ਡਾ ਵਣਜਾਰਾ ਬੇਦੀ ਅਨੁਸਾਰ ਸਿਕਲੀਗਰ ਆਪਣਾ ਮੁੱਢ ਰਾਜਪੂਤਾਂ ਨਾਲ ਜੋੜਦੇ ਹਨ।ਰਵਾਇਤਾਂ ਅਨੁਸਾਰ
ਉਨ੍ਹਾ ਦੇ ਵੱਡਿੱਕੇ ਮਾਰਵਾੜ ਤੋਂ ਆ ਕੁੇ ਪੰਜਾਬ ਤੇ ਹਰਿਆਣਾ ਵਿਚ ਵਸੇ।ਤਖ਼ਤ ਸ੍ਰੀ ਕੇਸ਼ਗੜ੍ਹ ਸਾਹਿਬ
ਦੇ ਸਾਬਕਾ ਜੱਥੇਦਾਰ ਗਿਆਨੀ ਫੌਜਾ ਸਿੰਘ ਅਨੁਸਾਰ ਜਦੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਸਿੱਖ
ਸਿਪਾਹੀਆਂ ਲਈ ਵੱਧੀਅ ਕੁਆਲਟੀ ਦੇ ਹਥਿਆਰ ਬਣਾਉਣ ਲਈ ਲਾਹੌਰ ਦੇ ਪ੍ਰਸਿੱਧ ਲੋਹਾਰ ਮੌਲਾ ਬਖ਼ਸ਼,ਜੋ
ਵੱਧੀਆ ਹੱਥਿਆਰ ਬਣਾਉਣ ਵਾਲਾ ਕਾਰੀਗਰ ਸੀ, ਨੂੰ ਮੂੰਹ ਮੰਗੀ ਕੀਮਤ ਦਿਤੀ ਜਾਂਦੀ ਸੀ।ਇਸ ਦੀ ਸੂਹ
ਮਿਲਣ 'ਤੇ ਮੁਗ਼ਲਾਂ ਨੇ ਉਸ ਨੂੰ ਡਰਾਇਆ ਧਮਕਾਇਆ ਜਿਸ ਕਰ ਕੇ ਉਸ ਨੇ ਸਿੱਖ ਫੌਜਾਂ ਵਾਸਤੇ ਘਟੀਆਂ
ਹੱਥਿਆਰ ਬਣਾਉਣੇ ਸ਼ੁਰੂ ਕਰ ਦਿਤੇ।ਹੁਣ ਚੰਗੇ ਹੱਥਿਆਰ ਬਣਾਉਣ ਲਈ ਚੰਗੇ ਕਾਰੀਗਰਾਂ ਦੀ ਲੋੜ ਦਾ ਸਵਾਲ
ਪੈਦਾ ਹੋਇਆ।ਲੰਬੀ ਸੋਚ ਵਿਚਾਰ ਪਿਛੋਂ ਗੁਰੂ ਹਰਿਗੋਬਿੰਦ ਸਾਹਿਬ ਨੇ ਗੁਰੂ ਦਰਬਾਰ ਦੀ ਸਿੱਧੀ
ਨਿਗਰਾਨੀ ਹੇਠ ਹੁੱਥਿਆਰ ਤਿਆਰ ਕਰਵਾਉਣ ਦਾ ਨਿਰਨਾ ਲਿਆ।ਉਨ੍ਹਾਂ ਭਾਈ ਜੇਠਾ ਅਤੇ ਭਾਈ ਬਿੱਧੀ ਚੰਦ
ਨੂੰ ਬੁਲਾ ਕੇ ਮਾਰਵਾੜ ਤੋਂ ਰਾਜਪੂਤ ਲੋਹਾਰ ਲੈ ਕੇ ਆਉਣ ਦਾ ਆਦੇਸ਼ ਦਿਤਾ।
ਗੁਰੂ ਜੀ ਦੀ ਆਗਿਆ ਨਾਲ ਮਾਰਵਾੜ ਤੋਂ ਕੁਝ ਲੋਹਾਰ ਪਰਿਵਾਰ ਪੰਜਾਬ ਲਿਆਂਦੇ ਗਏ।ਮਾਰਵਾੜ ਤੋਂ ਆਏ ਇਹ
ਪਰਿਵਾਰ ਕੇਹਰ ਸਿੰਘ ਦੀ ਅਗਵਾਈ ਹੇਠ ਗੁਰੂ ਦਰਬਾਰ ਵਿਚ ਹਾਜ਼ਰ ਹੋਏ ਅਤੇ ਆਪਣੇ ਬਣਾਏ ਹੱਥਿਆਂਰਾਂ
ਨੂੰ ਪ੍ਰਦਰਸ਼ਤ ਕੀਤਾ।ਜਾਂਚ ਪਰਖ ਉਪਰੰਤ ਗੁਰੂ ਜੀ ਨੇ ਉਨ੍ਹਾਂ ਦੇ ਹੱਥਿਆਂਰਾ ਦੀ ਪੁਖਤਗੀ ਅਤੇ
ਕਾਰੀਗਰੀ ਦੀ ਖੁਬ ਪ੍ਰਸਸਾ ਕੀਤੀ।ਗੁਰੂ ਜੀ ਨੇ ਕੇਹਰ ਸਿੰਘ ਨੂੰ ਮਾਰਵਾੜ ਤੋਂ ਹੋਰ ਲੋਹਾਰ ਲਿਆਉਣ
ਲਈ ਆਖਿਆ,ਜਿਸ ਨੂੰ ਉਸ ਨੇ ਖਿੜੇ ਮੱਥੇ ਪਰਵਾਨ ਕਰ ਲਿਆ।ਇਸ ਤੋਂ ਬਾਅਦ ਬਹੁਤ ਸਾਰੇ ਮਾਰਵਾੜੀ ਲੋਹਾਰ
ਗੁਰੂ ਦਰਬਾਰ ਵਿਚ ਹਾਜ਼ਰ ਹੋਣ ਲਗੇ ਅਤੇ ਹੱਥਿਆਰ ਬਣਾਉਣ ਦੇ ਕੰਮ ਵਿਚ ਜੁਟ ਗਏ ਅਤੇ ਨਾਲ ਨਾਲ
ਮੈਦਾਨੇ-ਜੰਗ ਵਿਚ ਵੀ ਜੂਝਣ ਲਗ ਪਏ।ਛੇਵੀਂ ਪਾਤਸ਼ਾਹੀ ਤੋਂ ਬਾਅਦ ਇਹਨਾਂ ਦਾ ਸਬੰਧ ਸਿੱਖਾਂ ਨਾਲ ਦਿਨੋ
ਦਿਨ ਵੱਧਦਾ ਗਿਆ ਅਤੇ ਕਈ ਸਿੱਖ ਬਣਦੇ ਗਏ।ਡਾ. ਰਤਨ ਸਿੰਘ ਜੱਗੀ ਅਨੁਸਾਰ '' ਸਿੱਖਾਂ ਵਲੋਂ ਕੀਤੇ
ਧਰਮ-ਯੁੱਧਾਂ ਵਿਚ ਇਨ੍ਹਾਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਆਪਣੀ ਯੁੱਧ-ਕਲਾ ਦਾ ਪ੍ਰਦਰਸ਼ਨ
ਕੀਤਾ। ਪਰ ਵਿਵਸਥਿਤ ਪ੍ਰਚਾਰ ਦੀ ਘਾਟ ਕਰ ਕੇ ਇਨ੍ਹਾਂ ਵਿਚ ਸਿੱਖ ਧਰਮ ਦੀ ਮਰਯਾਦਾ ਸਹੀ ਰੂਪ ਵਿਚ
ਪ੍ਰਚੱਲਤ ਨਾ ਕੀਤੀ ਜਾ ਸਕੀ।ਨਵੇਂ ਹਥਿਆਰਾਂ ਦੇ ਪ੍ਰਚੱਲਤ ਹੋ ਜਾਣ ਨਾਲ ਇਨ੍ਹਾਂ ਦਾ ਮੂਲ ਕਿੱਤਾ
ਪਿਛੇ ਪੈ ਗਿਆ।
ਇਕ ਰਵਾਇਤ ਅਨੁਸਾਰ ਇਨ੍ਹਾਂ ਲੋਹਾਰਾਂ ਨੂੰ 'ਸਿਕਲਗਰ' ਦੀ ਉਪਾਧੀ ਗੁਰੂ ਗੋਬਿੰਦ ਸਿੰਘ ਜੀ ਨੇ
ਪ੍ਰਦਾਨ ਕੀਤੀ। ਨਾਮਵਰ ਵਿਦਵਾਨ ਕਿਰਪਾਲ ਸਿੰਘ ਕਜ਼ਾਕ ਨੇ ਸਿਕਲੀਗਰ ਬਜ਼ੁਰਗਾਂ ਦੇ ਹਵਾਲੇ ਨਾਲ ਲਿਖਿਆ
ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਰਨ ਆਉਣ ਤੋਂ ਪਹਿਲਾਂ ਸਾਰਾ ਕਬੀਲਾ ਮਾਰਵਾੜੀ ਲੋਹਾਰਾਂ ਨੂੰ
ਪ੍ਰੇਮ ਅਤੇ ਸ਼ਰਧਾ ਨਾਲ ਹਥਿਆਰਾਂ ਨੂੰ ਚਮਕਾਉਂਦੇ (ਨਿੱਕਲ ਕਰਦੇ) ਵੇਖਿਆ ਤਾਂ ਉਨ੍ਹਾਂ ਖੁਸ਼ ਹੋ ਕੇ
ਤੇ ਕਬੀਲੇ ਦੀ ਸਮੁਚੀ ਲੋਹਵੰਸ਼ ਨੂੰ 'ਸਿਕਲੀਗਰ' ਦੀ ਉਪਾਧੀ ਨਾਲ ਨਿਵਾਜ ਦਿਤਾ।ਇਸ ਪਿਛੋਂ ਸਮੁਚਾ
ਕਬੀਲਾ ਸਿਕਲੀਗਰਾਂ ਵਜੋਂ ਜਾਣਿਆ ਜਾਣ ਲਗਾ।
ਗੁਰਮਤਿ ਪ੍ਰਕਾਸ਼ ਦੇ ਸਾਬਕਾ ਸੰਪਾਦਕ ਚਮਕੌਰ ਸਿੰਘ ਅਨੁਸਾਰ, '' ਸਾਡੇ ਵਿਚੋਂ ਬਹੁਤਿਆਂ ਨੂੰ ਤਾਂ
ਚਿੱਤ ਚੇਤਾ ਵੀ ਨਹੀਂ ਹੈ ਕਿ ਤਖ਼ਤ ਸਾਹਿਬਾਨ ਜਾਂ ਹੋਰ ਗੁਰ-ਅਸ਼ਥਾਨਾਂ 'ਤੇ ਗੁਰੂ ਸਾਹਿਬਾਨ ਅਤੇ
ਉਨ੍ਹਾਂ ਦੇ ਪਿਆਰੇ ਗੁਰਸਿੱਖਾਂ ਦੀ ਛੋਹ ਪ੍ਰਾਪਤ ਸ਼ਸ਼ਤਰ, ਜਿਨ੍ਹਾਂ ਦੇ ਦਰਸ਼ਨ-ਦੀਦਾਰ ਕਰਦਿਆ ਅਸ਼ੀਂ
ਗੌਰਵ ਮਹਿਸੂਸ ਕਰਦੇ ਹਾਂ, ਸਿਕਲੀਗਰ ਵੀਰਾਂ ਦੇ ਕਾਰੀਗਰ ਹੱਥਾਂ ਦੁਆਰਾ ਘੜੇ ਹੋਏ ਹਨ।'' ਉਹ ਲਿਖਦੇ
ਹਨ,'' ਇਹ ਧਾਰਨਾ ਆਮ ਪ੍ਰਚਲਤ ਹੈ ਕਿ ਸਿਕਲੀਗਰ੍ਰ ਦੇ ਬੱਚੇ ਇੰਜਨੀਅਰ ਦਿਮਾਗ ਲੈ ਕੇ ਜੰਮਦੇ ਹਨ,
ਪਰ ਸਕੂਲੀ ਵਿਦਿਆ ਅਤੇ ਨਵੇਂ ਦੌਰ ਦੀ ਤਕਨੀਕੀ ਸਿਖਲਾਈ ਤੋਂ ਵਿਰਵੇ, ਪੁਰਾਨੀ ਤਕਨੀਕ ਦੇ ਮਾਹਰ ਇਹ
ਕਾਬਲ 'ਇੰਜਨੀਅਰ' ਦਰ ਦਰ ਦੀਆਂ ਠੋਕਰਾਂ ਖਾਣ ਲਈ ਪਨੀਰੀ ਨੰ ਨਵੇਂ ਜ਼ਮਾਨੇ ਦੀ ਸਿੱਖਲਾਈ ਅਤੇ ਕੁਝ
ਕਰਨ ਦਾ ਮੌਕਾ ਹਾਸਲ ਹੋ ਜਾਵੇ ਤਾਂ ਹੈਰਾਨੀਜਨਕ ਨਤੀਜਿਆਂ ਦੀ ਆਸ ਕੀਤੀ ਜਾ ਸਕਦੀ ਹੈ।''
ਇਹ ਹਾਲੇ ਵੀ ਬੰਦੂਕਾਂ,ਤਲਵਾਰਾਂ,ਖੰਡੇ, ਨੇਜ਼ੇ,ਬਰਛੇ,ਢਾਲੇ ਆਦਿ ਬਣਾਉਣ ਵਿਚ ਨਿਪੁੰਨ ਹਨ ,ਜੋ ਵਧੇਰੇ
ਕਰਕੇ ਗੈਰ-ਕਾਨੂਨੀ ਹਨ।ਪਿਛਲੇ ਦਿਨੀਂ ਇਕ ਸਮਾਚਾਰ ਟੀ.ਵੀ.ਚੈਨਲ ਨੇ ਇਨ੍ਹਾਂ ਵਲੋਂ ਹੱਥਿਆਰ ਬਣਾਉਣ
ਬਾਰੇ ਇਕ ਵਿਸ਼ੇਸ਼ ਰੀਪੋਰਟ ਪੇਸ਼ ਕੀਤੀ ਸੀ।
ਸਤਿਨਾਮੀ:
ਭਾਈ ਕਾਹਨ ਸਿੰਘ ਨਾਭਾ ਰਚਿਤ 'ਮਹਾਨ ਕੋਸ਼' ਅਨੁਸਾਰ (1) ਸਤਿਨਾਮ ਦਾ ਉਪਾਸ਼ਕ, (2)ਇਕ ਹਿੰਦੂ-ਮਤ ਦਾ
ਫਿਰਕਾ ਜੋ ਔਰੰਗਜ਼ੇਬ ਦੇ ਜ਼ੁਲਮਾਂ ਤੋਂ ਤੰਗ ਆ ਕੇ ਜਗਜੀਵਨ ਦਾਸ ਦੀ ਪ੍ਰਧਾਨਗੀ ਵਿਚ ਮੁਗ਼ਲ ਰਾਜ
ਵਿਰੁਧ ਹੋ ਗਿਆ ਸੀ।ਸਤਨਾਮੀਆਂ ਨੇ ਨਾਰਨੌਲ ਤੇ ਕਬਜ਼ਾ ਕਰ ਕੇ ਸ਼ਾਹੀ ਫੋਜ ਨੂੰ ਹਾਰ ਦਿਤੀ, ਔਰੰਗਜ਼ੇਬ
ਦੇ ਜਰਨੈਲ ਰਯੁਦ ਅੰਦਾਜ ਖਾਨ ਨੇ 15 ਮਾਰਚ ਸਨ 1672 ਨੂੰ ਸਤਨਾਮੀਆਂ ਨੰ ਫਤਹਿ ਕੀਤਾ। ਲੋਕਾਂ ਵਿਚ
ਇਹ ਚਰਚਾ ਫੈਲ ਗਈ ਕਿ ਸਤਨਾਮੀਆਂ ਪਾਸ ਅਜੇਹਾ ਜਾਦੂ ਹੈ ਕਿ ਉਨ੍ਹਾਂ ਨੂੰ ਕੋਈ ਜਿੱਤ ਨਹੀਂ ਸਕਦਾ,ਇਸ
ਲਈ ਔਰੰਗਜ਼ੇਬ ਨੇ ਆਪਣੇ ਹੱਥੀਂ ਕੁਰਾਨ ਦੀਆਂ ਆਯਤਾਂ ਲ਼ਿਖ ਕੇ ਦਿੱਤੀਆਂ ਸਨ ਕਿ ਇਨ੍ਹਾਂ ਨੂੰ ਝੰਡੇ
ਦੇ ਬੈਨਰ ਤੋਂ ਸਤਨਾਮੀਆਂ ਦਾ ਜਾਦੂ ਨਹੀਂ ਚਲ ਸਕੇ ਗਾ।
ਗੰਗਾ ਰਾਮ ਦਾ ਪੁਤਰ ਜਗਜੀਵਨ ਦਾਸ ਚੰਦੇਲ ਰਾਜਪੂਤ ਸੀ, ਇਸ ਦਾ ਜਨਮ ਬਾਰਾਬੰਕੀ ਜ਼ਿਲੇ ਦੇ ਸਰਦਹਾ
ਪਿੰਡ ਵਿੱਚ ਹੋਇਆ ਸੀ।ਇਹ ਬਾਬਾ ਲਾਲ (ਜੋ ਸੀ.ਪੀ. ਦਾ ਵਸਨੀਕ ਜਹਾਂਗੀਰ ਵਲੋਂ ਪ੍ਰਸਿੱਧ ਸਾਧੂ ਹੋਇਆ
ਹੈ, ਉਸ ਦਾ ਚੇਲਾ ਸੀ) ਜਗਜੀਵਨ ਦਾਸ ਦੇ ਰਚੇ ਗ੍ਰੰਥ ਅੰਵਿਨਾਸ਼,ਗਯਾਨਪ੍ਰਕਾਸ਼ ਆਦਿ ਵੇਦਾਂਤ-ਮਤ ਨਾਲ
ਮਿਲਦੇ ਹਨ,ਇਸ ਦੀ ਸੰਪਰਦਾ ਦੇ ਸਤਨਾਮੀਆਂ ਨੂੰ ਮੂਡਾ ਅਥਵਾ ਮੁੰਡਾਪੰਥੂ ਬੀ ਆਖਦੇ ਹਨ,ਕਿਓਂਕਿ ਉਹ
ਮੂੰਹ ਸਿਰ ਭੌਹਾਂ ਸਮੇਤ ਮੁਨਾ ਦਿੰਦੇ ਹਨ।
(3) ਘਾਸੀ ਦਾਸ ਦਾ ਚਲਾਇਆ ਇਕ ਪੰਥ।ਸਨ 1835 ਵਿਚ ਮੱਧ ਭਾਰਤ (ਹੁਣ ਛਤੀਸਗੜ੍ਹ) ਦੇ ਪਿੰਡ ਭੰਡਾਰਾ
ਵਿਚ ਚਮਾਰ ਕੁਲ ਅੰਦਰ ਘਾਸੀ ਦਾਸ ਦਾ ਜਨਮ ਹੋਇਆ।ਇਸ ਨੇ ਆਪਣੇ ਤਾਈਂ ਕਰਤਾਰ ਦਾ ਦੂਤ ਦੱਸ ਕੇ ਉਪਦੇਸ਼
ਦਿਤਾ ਕਿ ਪੂਜਾ ਤੀਰਥ ਯੱਗ ਆਦਿ ਦੀ ਥਾਂ ਸਤਿਨਾਮ ਦਾ ਜਾਪ ਉੱਤਮ ਹੈ।ਇਸ ਦੇ ਪੁਤਰ ਬਾਲਕ ਦਾਸ ਨੇ ਭੀ
ਪਿਤਾ ਵਾਂਗ ਸਤਿਨਾਮ ਦਾ ਪਰਚਾਰ ਕੀਤਾ ਅਤੇ ਬਹੁਤ ਚਮਾਰ ਚੇਲੇ ਹੋ ਗਏ, ਜੋ ਸਤਿਨਾਮੀ ਕਹੇ ਜਾਦੇ ਹਨ।ਇਹ
ਆਪੋ ਵਿਚ ਮਿਲਣ ਸਮੇ ਸਤਿਨਾਮ ਆਖਦੇ ਹਨ ਅਤੇ ਇਸੇ ਨਾਮ ਦੀ ਮਾਲਾ ਫੇਰਦੇ ਹਨ।ਇਨ੍ਹਾਂ ਦਾ ਧਰਮ ਗ੍ਰੰਥ
'ਨਿਰਵਾਣ' ਨਾਮਕ ਫਰੂਖਾਬਾਦ ਦੇ ਸਤਿਨਾਮੀਆਂ ਪਾਸ ਹੈ।ਸਤਿਨਾਮੀ ਲੋਕ ਨਸ਼ਿਆਂ ਤੋਂ ਬਹੁਤ ਬਚਦੇ ਹਨ।''(ਪੰਨਾ-147)
ਸਤਿਨਾਮੀਆਂ ਦੇ ਅਸੂਲ ਸਿੱਖ ਧਰਮ ਨਾਲ ਬਹੁਤ ਮਿਲਦੇ ਹਨ,ਜਿਵੇਂ ਕੇਵਲ ਇਕ ਪਰਮਾਤਮਾ ਨੂੰ ਹੀ ਮੰਨਣਾ
ਹੈ,ਬੁੱਤ ਪੂਜਾ ਜਾਂ ਮਰਤੀ ਪੂਜਾ ਨਹੀਂ ਕਰਨੀ, ਜ਼ਾਤ ਪਾਤ ਨਹੀਂ ਮੰਨਦੇ, ਮਨੂਵਾਦ ਤੇ ਬ੍ਰਾਹਮਣਵਾਦ
ਦੇ ਬਹੁਤ ਹੀ ਵਿਰੁਧ ਹਨ, ਕੋਈ ਨਸ਼ਾ ਨਹੀਂ ਕਰਨਾ, ਅਕਸਰ ਵੱਡੀ ਉਮਰ ਵਿਚ ਦਾੜ੍ਹੀ ਕੇਸ਼ ਵੀ ਰਖ ਲੈਂਦੇ
ਹਨ। ਇਹ ਆਪਣੇ ਘਰਾਂ ਅਗੇ ਛੋਟਾ ਜੇਹਾ ਸਫੈਦ ਥੜਾ ਬਣਾ ਕੇ ਉਪਰ ਸਫੈਦ ਝੰਡਾ ਲਗਾਉਂਦੇ ਹਨ,ਆਪਣੇ
ਧਾਰਮਿਕ ਅਸਥਾਨ ਨੂੰ ਗੁਰਦੁਆਰਾ ਹੀ ਆਖਦੇ ਹਨ,ਉਥੇ ਵੀ ਸਫੈਦ ਨਿਸ਼ਾਨ ਸਾਹਿਬ ਹੀ ਸਥਾਪਤ ਕਰਦੇ ਹਨ।ਇਸ
ਸਮੇਂ ਇਨ੍ਹਾਂ ਦੀ ਸਭ ਤੋਂ ਵੱਧ ਵਸੋਂ ਛਤੀਸਗੜ੍ਹ ਵਿਚ ਹੈ।
ਸਤਿਨਮੀਆਂ ਨੂੰ ਸਿੱਖ ਧਰਮ ਨਾਲ ਜੋੜਣ ਲਈ ਡਾ. ਰਨਬੀਰ ਸਿੰਘ ਕੌਸ਼ਲ (ਪਹਿਲਾ ਨਾਂ ਜੈ ਰੌਸ਼ਨ ਕੌਸ਼ਲ)
ਨੇ ਪਹਿਲ ਕੀਤੀ।ਬ੍ਰਾਹਮਵਾਦ ਤੋਂ ਸਤਾਏ ਨੇ ''ਸਤਿਨਾਮ'' ਬਾਰੇ ਖੋਜ ਕਰਦਿਆਂ ਉਸ ਨੂੰ ਪਤਾ ਲਗਾ ਕਿ
ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ''ਸ਼ਤਿਨਾਮ'' ਦੇ ਜਾਪ ਦੀ ਸਿਖਿਆ ਦਿਤੀ।ਇਸ ਨੇ
ਸਿੱਖ ਧਰਮ ਤੇ ਗੁਰਬਾਣੀ ਦਾ ਬਹੁਤ ਹੀ ਅਧਿਐਨ ਕੀਤਾ ਹੈ ਅਤੇ ਅੰਮ੍ਰਿਤਪਾਨ ਕਰ ਕੇ ਸਿੰਘ ਸਜ ਗਿਆ
ਹੈ। ਆਪਣੀ ਡਾਕਟਰੀ ਦੀ ਪ੍ਰੈਕਟਿਸ ਦੇ ਨਾਲ ਨਾਲ ਇਸ ਨੇ ਛਤੀਸਗੜ੍ਹ ਦੇ ਪੇਂਡੂ ਖੇਤਰਾਂ ਵਿਚ ਸਿੱਖ
ਧਰਮ ਦਾ ਬਹੁਤ ਪ੍ਰਚਾਰ ਕੀਤਾ,ਜਿਸ ਸਦਕਾ ਅਨੇਕਾਂ ਸਤਿਨਾਮੀ ਸਿੰਘ ਸਜ ਗਏ ਹਨ ਜਿਨ੍ਹਾਂ ਵਿਚ ਕਈ
ਸਰਕਾਰੀ ਉੱਚ ਅਹੁਦਿਆਂ ਉਤੇ ਸ਼ਸੋਭਿਤ ਹਨ।ਉਨ੍ਹਾ ਨੇ ਰਾਏਪੁਰ,ਦੁਰਗ ਤੇ ਭਲਾਈ ਦੀਆਂ ਸਿੱਖ ਸੰਗਤਾਂ
ਦੇ ਸਹਿਯੋਗ ਨਾਲ ਛਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਅਤੇ ਪੇਂਡੂ ਖੇਤਰਾਂ ਵਿਚ ਦੋ ਹੋਰ ਗੁਰਦੁਆਰੇ
ਸਥਾਪਤ ਕੀਤੇ ਹਨ।ਸ਼੍ਰੋਮਣੀ ਕਮੇਟੀ ਨੇ ਰਾਏਪੁਰ ਵਿਖੇ ਸਤਿਨਾਮੀਆਂ ਦੇ ਗੁਰਦੁਆਰੇ ਵਿਚ ਹੀ ਆਪਣਾ
ਸਿੱਖ ਮਿਸ਼ਨ ਸਥਾਪਤ ਕੀਤਾ ਹੈ। ਵਧੇਰੇ ਸਤਿਨਾਮੀ ਹਾਲੇ ਗਰੀਬ ਹਨ ਅਤੇ ਪਿੰਡਾਂ ਵਿਚ ਰਹਿ ਕੇ ਖੇਤੀ
ਤੇ ਹੋਰ ਧੰਦੇ ਕਰਦੇ ਹਨ।
ਇਹ ਤਿੰਨੇ ਕਬੀਲੇ ਮੱਧ ਭਾਰਤ ਤੇ ਦਖਣੀ ਭਾਰਤ ਦੇ ਸੂਬਿਆਂ ਵਿਚ ਰਹਿ ਰਹੇ ਹਨ,ਇਕ ਅੰਦਾਜ਼ੇ ਅਨੁਸਾਰ
ਇਨ੍ਹਾ ਦੀ ਗਿਣਤੀ 10-11 ਕਰੋੜ ਹੈ।ਵਧੇਰੇ ਗਿਣਤੀ ਵਿਚ ਇਹ ਬੜੇ ਹੀ ਗਰੀਬ ਹਨ,ਝੁੱਗੀਆਂ ਝੌਂਪੜੀਆਂ
ਜਾਂ ਕੱਚੇ ਮਕਾਨਾਂ ਵਿਚ ਰਹਿੰਦੇ ਹਨ,ਪੀਣ ਦੇ ਪਾਣੀ ਦਾ ਵੀ ਪ੍ਰਬੰਧ ਨਹੀਂ ਹੈ।
ਅਨਪੜ੍ਹਤਾ,ਬੇਰੋਜ਼ਗਾਰੀ ਤੇ ਪਛੜੇਪਨ ਦਾ ਸ਼ਿਕਾਰ ਹਨ, ਨਸ਼ਿਆਂ ਵਿਸ਼ੇਸ਼ ਕਰ ਕੇ ਬੀੜੀ ਸਿਗਰੇਟ, ਪਾਨ
ਮਸਾਲਾ,ਜ਼ਰਦਾ, ਤੇ ਸ਼ਰਾਬ ਪੀਣ ਦੇ ਸ਼ਿਕਾਰ ਹਨ।ਪਰਿਵਾਰ ਨਿਯੋਜਨ ਦਾ ਖਿਆਲ ਨਹੀਂ ਰਖਦੇ, ਆਮ ਲੋਕਾਂ ਦੇ
6-7 ਬੱਚੇ ਹਨ ਜਿਸ ਕਾਰਨ ਗਰੀਬੀ ਤੇ ਅਨਪੜ੍ਹਤਾ ਹੈ।ਇਹ ਪੰਜਾਬੀ ਪੜ੍ਹ,ਲਿਖ ਜਾਂ ਬੋਲ ਨਹੀਂ
ਸਕਦੇ,ਆਮ ਤੌਰ ਤੇ ਆਪਣੇ ਸੂਬੇ ਦੀ ਮੁਖ ਭਾਸ਼ਾ ਜਿਵੇਂ ਕਿ ਮਰਾਠੀ,ਤੇਲਗੂ, ਕੰਨੜ ਬੋਲਦੇ ਹਨ ,ਥੋੜਾ
ਪੜ੍ਹਾ ਲਿਖੇ ਹਿੰਦੀ ਪੜ੍ਹ ਲਿਖ ਤੇ ਬੋਲ ਸਕਦੇ ਹਨ।ਇਨ੍ਹਾਂ ਚੋਂ ਬਹੁਤੇ ਸਿੱਖੀ ਸਰੂਪ ਧਾਰਨ ਕਰ ਕੇ
ਪੰਥ ਦੀ ਮੁਖ-ਧਾਰਾ ਵਿਚ ਆਉਣਾ ਚਾਹੁੰਦੇ ਹਨ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ,ਪੰਜਾਬ
ਤੇ ਦਿੱਲੀ ਦੇ ਇਤਿਹਾਸਿਕ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰਨਾ ਚਾਹੁੰਦੇ ਹਨ,ਪਰ ਵਸੀਲੇ ਨਹੀਂ ਹਨ।ਤਖ਼ਤ
ਸੱਚਖੰਡ ਸ੍ਰੀ ਗਜ਼ੂਰ ਸਾਹਿਬ ਨਾਂਦੇੜ ਦੇ ਦਰਸ਼ਨ ਕਦੀ ਕਦੀ ਕਰ ਆਉਂਦੇ ਹਨ।ਪੜ੍ਹੇ ਲਿਖੇ ਆਪਣੇ ਆਪਣੇ
ਸੂਬੇ ਅੰਦਰ ਸਰਕਾਰੀ/ਅਰਧ ਸਰਕਾਰੀ ਅਦਾਰਿਆਂ ਵਿਚ ਨੌਕਰੀ ਕਰਨਾ ਚਾਹੁੰਦੇ ਹਨ, ਪਰ ਨੌਕਰੀਆਂ ਮਿਲਦੀਆਂ
ਨਹੀਂ। ਦੂਸਰੇ ਲੋਕਾਂ ਵਾਂਗ ਚੰਗੇ ਘਰਾਂ ਵਿਚ ਰਹਿਣਾ ਚਾਹੂੰਦੇ ਹਨ।
ਇਨ੍ਹਾਂ ਦਾ ਜੀਵਨ ਪੱਧਰ ਉਪਰ ਚੁਕਣ ਲਈ ਤੇ ਪੰਥ ਦੀ ਮੁਖ ਧਾਰਾ ਵਿਚ ਲਿਆਉਣ ਦਾ ਕੰਮ ਸਭ ਤੋਂ ਪਹਿਲਾਂ
ਨਾਗਪੁਰ ਤੋਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਮਲਕੀਤ ਸਿੰਘ ਸੱਗੂ , ਜੋ ਮਹਾਂਰਾਸਟਰ ਭਾਜਪਾ ਦੇ ਵੀ ਇਕ
ਨੇਤਾ ਹਨ,ਨੇ ਆਰੰਭ ਕੀਤਾ।ਉਹ ਇਕ ਵਾਰੀ ਸ਼ਹਿਰ ਵਿਚ ਕਿਤੇ ਜਾ ਰਹੇ ਸਨ ਤੇ ਦੇਖਿਆ ਕਿ ਪੁਲਿਸ ਕੁਝ
ਬੰਦੇ ਪਕੜ ਕੇ ਲਿਆਈ ,ਜਿਨ੍ਹਾਂ ਨੇ ਦਾੜੀ ਕੇਸ਼ ਰਖੇ ਹਨ ਤੇ ਮੈਲੀ ਜਿਹੀ ਦਸਤਾਰ ਸਜਾਈ ਹੋਈ ਹੈ।ਪੁਛਣ
'ਤੇ ਪਤਾ ਲਗਾ ਕਿ ਇਹ ਸਿਕਲੀਗਰ ਲੋਕ ਹਨ ਜੋ ਗੈਰ-ਕਾਨੂਨੀ ਹੱਥਿਆਰ ਬਣਾ ਕੇ ਵੇਚ ਰਹੇ ਹਨ।ਉਨ੍ਹਾਂ
ਆਪਣਾ ਅਸਰ ਰਸੂਖ ਵਰਤ ਕੇ ਇਹਨਾਂ ਨੂੰ ਰਿਹਾਅ ਕਰਵਾਇਆ,ਤੇ ਮੂਖ ਧਾਰਾ ਵਿਚ ਲਿਆਉਣ ਲਈ ਯਤਨ ਆਰੰਭੇ।
ਉਨ੍ਹਾ ਨੇ ਫਿਰ ਪਿੰਡਾ ਵਿਚ ਜਾ ਕੇ ਇਨ੍ਹਾਂ ਦੀਆਂ ਬਸਤੀਆਂ ਦਾ ਵੀ ਅਧਿਐਨ ਕੀਤਾ, ਸ਼੍ਰੋਮਣੀ ਕਮੇਟੀ
ਅਤੇ ਨਾਗਪੁਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ਼ਹਿਰ ਵਿਚ ਇਕ ਗੁਰਦੁਆਰਾ ਸ਼ਥਾਪਤ ਕਰ ਕੇ ਇਨ੍ਹਾਂ ਨੂੰ
ਪੰਜਾਬੀ ਦੀ ਪੜਾਈ,ਗੁਰਮਤਿ ਗਿਆਨ ਤੇ ਬੀਬੀਆਂ ਲਈ ਸਿਲਾਈ ਕੱਢਾਈ ਦੀ ਸਿਖਿਆ ਦਾ ਪ੍ਰਬੰਧ ਕੀਤਾ। ਇਹ
ਸਿਲਸਿਲਾ ਕਾਫਲੇ ਦਾ ਰੂਪ ਧਾਰਦਾ ਗਿਆ।ਮਲਕੀਤ ਸਿੰਘ ਨੇ ਹੀ ਸ਼੍ਰੋਮਣੀ ਕਮੇਟੀ ਨੂੰ ਨਾਗਪੁਰ ਵਿਖੇ
ਸਿੱਖ ਮਿਸ਼ਨ ਸਥਾਪਤ ਕਰਨ ਲਈ 8 ਏਕੜ ਜ਼ਮੀਨ ਦਿਤੀ ਹੈ। ਇਸ ਸਮੇਂ ਉਪਰੋਕਤ ਤਿੰਨ ਕਬੀਲਿਆਂ ਨੂੰ ਪੰਥ
ਦੀ ਮੁਖ ਧਾਰਾ ਵਿਚ ਲਿਆਉਣ ਲਈ ਮੁਖ ਤੌਰ 'ਤੇ ਚੁਪ ਚਾਪ ਹੇਠ ਲਿਖੀਆਂ ਸਖਸ਼ੀਅਤਾਂ ਤੇ ਸੰਸਥਾਵਾਂ ਕੰਮ
ਕਰ ਰਹੀਆਂ ਹਨ:-
1. ਸ. ਮਲਕੀਤ ਸਿੰਘ ਸੱਗੂ , ਮੈਂਬਰ ਸ਼੍ਰੋਮਣੀ ਕਮੇਟੀ,ਨਾਗਪੁਰ,
2. ਸ.ਮਲਕੀਤ ਸਿੰਘ ਬਲ,ਪ੍ਰਧਾਨ,ਗੁਰਦੁਆਰਾ ਸਾਹਿਬ,ਕਾਮਟੀ ਰੋਡ,ਨਾਗਪੁਰ,
3. ਗੁਰਮਤਿ ਪ੍ਰਚਾਰ ਸੰਸਥਾ, ਨਾਗਪੁਰ
4. ਬ੍ਰਿਟਿਸ਼ ਸਿਖ ਕੌਂਸਲ, ਲੰਡਨ
5. ਸਕਾਟਿਸ਼ ਸਿਖ ਕੌਂਸਲ,ਗਲਾਸਗੋ
6. ਸਤਿਨਾਮੀ ਫਾਊਂਡੇਸ਼ਨ, ਰਾਏਪੁਰ
7. ਛਤੀਸਗੜ੍ਹ ਸਿੱਖ ਕੌਨਸਲ,ਰਾਏਪੁਰ
8. ਨਿਸ਼ਕਾਮ ਸਿੱਖ ਕੌਂਸਲ, ਦਿੱਲੀ
9. ਟਰੱਸਟ ਫਾਰ ਵਣਜਾਰਾ ਐਂਡ ਅਦਰ ਵੀਕਰ ਸੈਕਸ਼ਨ,ਚੰਡੀਗੜ੍ਹ
10. ਸ੍ਰੀ ਗੁਰੂ ਅੰਗਦ ਦੇਵ ਵਿਦਿਅਕ ਤੇ ਭਲਾਈ ਕੌਂਸਲ, ਲੁਧਿਆਣਾ
ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜੱਥੇਦਾਰ ਗਿਆਨੀ ਕੇਵਲ ਸਿੰਘ ਦੇ ਉਦਮ ਸਦਕਾ ਐਤਵਾਰ 22 ਅਪਰੈਲ
ਰਾਤ ਦੇ ਖਾਣੇ ਤੋਂ ਪਹਿਲਾਂ ਸ.ਮਲਕੀਤ ਸਿੰਘ ਦੇ ਗ੍ਰਹਿ ਵਿਖੇ ਉਪਰੋਕਤ ਸੰਸਥਾਵਾਂ ਦੀ ਇਕ ਸਾਂਝੀ
ਇਕ੍ਰੱਤਾ ਹੋਈ, ਜਿਸ ਵਿਚ ਦਾਸ ਵੀ ਸ਼ਾਮਿਲ ਹੋਇਆ।ਇਸ ਸਮੇਂ ਹੋਠ ਲਿਖੇ ਵਿਚਾਰ ਸਾਹਮਣੇ ਆਏ:-
1.ਫਿਲਹਾਲ ਹੋਰ ਗੁਰਦੁਆਰੇ ਉਸ ਸਮੇਂ ਤਕ ਨਾ ਬਣਾਏ ਜਾਣ ਜਦੋਂ ਤਕ ਇਹ ਲੋਕ ਪਾਵਨ ਸ੍ਰੀ ਗੁਰੂ ਗ੍ਰੰਥ
ਸਾਹਿਬ ਤੇ ਗੁਰਦੁਆਰੇ ਦੀ ਸੇਵਾ ਸੰਭਾਲ ਤੇ ਪ੍ਰਬੰਧ ਗੁਰਮਤਿ ਮਰਯਾਦਾ ਅਨੁਸਾਰ ਕਰਨਾ ਸਿੱਖ ਜਾਣ।
ਦੂਸਰੇ ਆਰ.ਐਸ.ਐਸ. ਤੇ ਬਜਰੰਗ ਦਲ ਵਲੋਂ ਗੁਰਦੂਆਰਿਆ ਦਾ ਲੁਕਵਾ ਵਿਰੋਧ ਵੀ ਕੀਤਾ ਜਾ ਰਿਹਾ ਹੈ।
2.ਇਨ੍ਹਾਂ ਦੀ ਭਾਸ਼ਾ ਮਰਾਠੀ,ਤੈਲਗੂ ਆਦਿ ਹੋਣ ਕਾਰਨ ਪੰਜਾਬ ਤੋਂ ਪ੍ਰਚਾਰਕ ਭੇਜਣ ਦੀ ਥਾਂ ਇਨ੍ਹਾਂ
ਕਬੀਲਿਆਂ ਦੇ ਨੌਜਵਾਨਾਂ ਨੂੰ ਹੀ ਪ੍ਰਚਾਰਕ,ਗ੍ਰੰਥੀ,ਕੱਥਾ-ਵਾਚਕ ਵਜੋਂ ਸਿਖਿਆ ਦੇ ਕੇ ਨਿਯੁਕਤ ਕੀਤਾ
ਜਾਏ ਤਾਂ ਜੋ ਇਹ ਸਥਾਨਕ ਭਾਸ਼ਾ ਵਿਚ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਚਾਰ ਕਰ ਸਕਣ।
3.ਗੁਰਦੁਆਰਿਆਂ ਦੀ ਵਜਾਏ ਕੇਂਦਰੀ ਪਿੰਡਾਂ ਵਿਚ ਸੇਵਾ ਕੇਂਦਰ ਜਾਂ ਸਕੁਲ ਬਣਾਇਆ ਜਾਏ ਜਿੱਥੇ ਬੱਚਿਆਂ
ਨੂੰ ਵਰਣਮਾਲਾ, ਸਭ ਤੋਂ ਪਹਿਲਾਂ ਤਾਂ ਵਣਜਾਰਾ ਸਮਾਜ ਨੂੰ ਭਾਈ ਮੱਖਣ ਸ਼ਾਹ ਲੁਬਾਣਾ, ਭਾਈ ਲੱਖੀ ਸ਼ਾਹ
ਵਣਜਾਰਾ,ਭਾਈ ਮਨੀ ਸਿੰਘ ਸ਼ਹੀਦ ਤੇ ਹੋਰ ਸ਼ਹੀਦਾ ਵਲੋਂ ਪੰਥ ਲਈ ਕੀਤੀਆਂ ਮਹਾਨ ਸੇਵਾਵਾਂ ਤੇ
ਕੁਰਬਾਨੀਆਂ ਬਾਰੇ ਦਸ ਕੇ ਗੁਰੂ ਘਰ ਨਾਲ ਜੋੜਿਆ ਜਾਏ।ਗੁਰਦੁਆਰਿਆ ਦੀ ਥਾਂ ਸਕੂਲ ਜਾਂ ਸੇਵਾ ਕੇਂਦਰ
ਸ਼ਥਾਪਤ ਕਰ ਕੇ ਬੱਚਿਆਂ ਨੂੰ ਵਰਣਮਾਲਾ, ਮੂਲ ਮੰਤਰ ਯਾਦ ਕਰਨ ਆਦਿ ਬਾਰੇ ਦਸਿਆ ਜਾਏ,ਤੇ ਬੀਬੀਆਂ ਨੂੰ
ਸਿਲਾਈ ਕੱਢਾਈ ਦੀ ਸਿਖਿਆ ਦਿਤੀ ਜਾਏ, ਛੋਟੀ ਮੋਟੀ ਬੀਮਾਰੀਆਂ ਲਈ ਦਵਾਈਆਂ ਦਾ ਪ੍ਰਬਧ ਕੀਤਾ ਜਾਏ,ਨਸ਼ੇ
ਛੁਡਾਏ ਜਾਣ।
4. ਇਨ੍ਹਾਂ ਦੀ ਆਰਥਿਕ ਦਸ਼ਾ ਸੁਧਾਰਨ ਲਈ ਯੋਗ ਕਦਮ ਉਠਾਏ ਜਾਣ।ਬੇਰੋਜ਼ਗਾਰੀ ਦੂਰ ਕਰਨ ਬਾਰੇ ਦਸਿਆ
ਗਿਆ ਕਿ ਘਟ ਗਿਣਤੀ ਧਰਮ ਨਾਲ ਸਬੰਧਤ ਲੋਕਾਂ ਲਈ ਕਈ ਵਰਗਾਂ ਦੀਆਂ ਨੌਕਰੀਆਂ ਵਿਚ ਸੀਟਾਂ ਰਾਖਵੀਆਂ
ਹਨ,ਪੜ੍ਹੇ ਲਿਖੇ ਨੌਜਵਾਨਾਂ ਲਈ ਉਹ ਨੌਕਰੀਆਂ ਲੈਣ ਲਈ ਇਨ੍ਹਾਂ ਦੀ ਮੱਦਦ ਕੀਤੀ ਜਾਏ।
ਇਹ ਮਹਾਨ ਕਾਰਜ ਇਤਨਾ ਵੱਡਾ ਹੈ ਕਿ ਸ਼੍ਰੋਮਣੀ ਕਮੇਟੀ, ਦਿੱਲੀ ਗੁਰਦੁਆਰਾ ਕਮੇਟੀ, ਤਖ਼ਤ ਪਟਨਾ ਸਾਹਿਬ
ਤੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੀਆਂ ਪਬੰਧਕ ਕਮੇਟੀਆਂ ਨੂੰ ਸੰਮੂਹ ਸਿੱਖ ਸੰਸਥਾਵਾਂ ਤੇ
ਜੱਥੇਬੰਦੀਆਂ ਪੂਰਨ ਸਹਿਯੋਗ ਦੇਣ। ਇਹ ਕਾਰਜ ਸਮੁਚੇ ਪੰਥ ਦੇ ਕਰਨ ਵਾਲਾ ਹੈ।ਜੋ ਵੀ ਸੰਸਥਾ ਜਾਂ
ਵਿਅਕਤੀ ਆਪਣੀ ਸਮਰਥਾ ਅਨੁਸਾਰ ਸੇਵਾ ਕਰ ਸਕਦੇ ਹਨ, ਸੁਹਿਰਦਤਾ ਨਾਲ ਕਰਨ।
#241 ਸੈਂਟਰਲ ਟਾਊਨ ਦਾਦ, ਪਖੋਵਾਲ ਰੋਡ, ਲੁਧਿਆਣਾ-142022