ਭਾਈ ਬਲਵੰਤ ਸਿੰਘ ਤੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਸਜ਼ਾ ਸਿੱਖ ਕੌਮ ਦੇ ਨਾਂ ਹਿੰਦੁਸਤਾਨੀ ਹਕੂਮਤ ਦਾ ਸੁਨੇਹਾ
ਪ੍ਰਭਸ਼ਰਨਦੀਪ ਸਿੰਘ
ਅੱਜ ਹਿੰਦੁਸਤਾਨੀ ਹਕੂਮਤ ਨੇ ਪੰਥ ਦੇ ਦੋ ਸਿਰਲੱਥ ਜੋਧਿਆਂ ਭਾਈ ਬਲਵੰਤ ਸਿੰਘ
ਅਤੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਹੈ। ਇਸ ਦੇ ਨਾਲ ਹੀ ਬਾਕੀ ਸਿੰਘਾਂ
ਭਾਈ ਗੁਰਮੀਤ ਸਿੰਘ, ਭਾਈ ਲਖਵਿੰਦਰ ਸਿੰਘ, ਭਾਈ ਸਮਸ਼ੇਰ ਸਿੰਘ, ਭਾਈ ਨਸੀਬ ਸਿੰਘ ਨੂੰ ਉਮਰ ਕੈਦ ਦੀ
ਸਜ਼ਾ ਵੀ ਸੁਣਾਈ ਗਈ ਹੈ। ਸਾਡੇ ਭਰਾਵਾਂ ਨੂੰ ਸਾਡੇ ਤੋਂ ਖੋਹ ਲੈਣ ਜਾਂ ਜੇਲ੍ਹਾਂ ਵਿਚ ਰੋਲ ਦੇਣ ਤੋਂ
ਇਲਾਵਾ ਇਸ ਐਲਾਨ ਵਿਚ ਹੋਰ ਵੀ ਬਹੁਤ ਕੁੱਝ ਹੈ। ਇਹ ਹਿੰਦੁਸਤਾਨੀ ਹਾਕਮਾਂ ਵਲੋਂ ਸਿੱਖਾਂ ਦੇ ਨਾਂ
ਜਾਰੀ ਕੀਤਾ ਗਿਆ ਬਿਆਨ ਹੈ। ਇਹ ਬਿਆਨ ਕਹਿੰਦਾ ਹੈ ਕਿ ਮੌਜੂਦਾ ਹਿੰਦੁਸਤਾਨੀ ਢਾਂਚਾ ਇਕ ਅਟੱਲ
ਹਕੀਕਤ ਹੈ। ਸਿੱਖਾਂ ਕੋਲ ਇਕੋ ਇਕ ਚੋਣ ਹੈ ਕਿ ਉਹ ਆਪਣੇ ਆਪ ਨੂੰ ਇਸ ਅਟੱਲ ਹਕੀਕਤ ਦੇ ਅਨੁਸਾਰ ਢਾਲ
ਕੇ ਜ਼ਿੰਦਗੀ ਜਿਉਣ। ਸਿੱਖਾਂ ਵਲੋਂ ਇਸ ਢਾਂਚੇ ਵਿਚ ਕਿਸੇ ਵੀ ਤਬਦੀਲੀ ਦੀ ਮੰਗ ਹਰਗਿਜ਼ ਬਰਦਾਸ਼ਤ ਨਹੀਂ
ਕੀਤੀ ਜਾਵੇਗੀ ਤੇ ਅਜਿਹੀ ਹਮਾਕਤ ਕਰਨ ਤੇ ਸਿੱਖਾਂ ਦੇ ਖਿਲਾਫ ਬੇਅੰਤ ਸਿੰਘ ਵਰਗੇ ਬੁਰਛਿਆਂ ਨੂੰ
ਖੜ੍ਹੇ ਕਰਕੇ ਉਹਨਾਂ ਦਾ ਦਿਨ ਦਿਹਾੜੇ ਘਾਣ ਕਰਵਾਉਣਾ ਭਾਰਤ ਸਰਕਾਰ ਦਾ ਵਾਜਬ ਹੱਕ ਹੋਵੇਗਾ। ਸਿੱਖ
ਕੌਮ ਦੇ ਨੌਜਵਾਨਾਂ, ਬਜ਼ੁਰਗਾਂ, ਧੀਆਂ-ਭੈਣਾਂ ਤੇ ਬੱਚਿਆਂ ਦੀ ਅੰਨ੍ਹੀ ਕਤਲੋਗਾਰਤ ਲਈ ਜ਼ਿੰਮੇਵਾਰ
ਜਾਬਰ ਸੂਬੇਦਾਰ ਨੂੰ ਸਜ਼ਾ ਦੇਣ ਦਾ ਸਿੱਖ ਕੌਮ ਕੋਲ ਕੋਈ ਹੱਕ ਨਹੀਂ ਹੋਵੇਗਾ, ਕਿਉਂਕਿ ਭਾਰਤੀ
ਸੰਵਿਧਾਨਕ ਢਾਂਚਾ ਸਿੱਖਾਂ ਦੀ ਅਜਿਹੀ ਵੱਖਰੀ ਹਸਤੀ ਨੂੰ ਮਾਨਤਾ ਨਹੀਂ ਦਿੰਦਾ। ਭਾਰਤੀ ਢਾਂਚੇ ਅੰਦਰ
ਜੇ ਸਿੱਖਾਂ ਨੇ ਜਿਉਣਾ ਹੈ ਤਾਂ ਉਹਨਾਂ ਨੂੰ ਆਪਣੀ ਅਣਖ, ਇੱਜ਼ਤ, ਧਰਮ ਦੇ ਨਿਰਾਲੇਪਣ ਅਤੇ ਸਮਾਜਿਕ,
ਆਰਥਿਕ ਜਾਂ ਰਾਜਨੀਤਿਕ ਬੇਇਨਸਾਫੀ ਦੇ ਖਿਆਲ ਨੂੰ ਮਨੋਂ ਵਿਸਾਰ ਕੇ ਹੀ ਜਿਉਣਾ ਪਵੇਗਾ। ਅਜਿਹਾ ਨਾਂ
ਕਰਨ ਦੀ ਹਾਲਤ ਵਿਚ ਭਾਰਤੀ ਹਕੂਮਤ ਕੋਲ ਇਹ ਹੱਕ ਹੋਵੇਗਾ ਕਿ ਉਹ ਸੰਵਿਧਾਨਕ ਜਾਂ ਗੈਰ-ਸੰਵਿਧਾਨਕ,
ਕਿਸੇ ਵੀ ਹੀਲੇ ਸਿੱਖਾਂ ਨੂੰ ਜਾਨੋਂ ਮਾਰ ਦੇਣ। ਭਾਰਤੀ ਹਾਕਮਾਂ ਵਲੋਂ ਅਜਿਹੇ ਬਿਆਨ ਦਾ ਜ਼ਾਰੀ ਕੀਤੇ
ਜਾਣਾ ਸਿੱਖਾਂ ਲਈ ਕੋਈ ਨਵੀਂ ਜਾਂ ਹੈਰਾਨੀ ਦੀ ਗੱਲ ਨਹੀਂ, ਸਗੋਂ ਬਹੁਤ ਕੁਦਰਤੀ ਹੈ। ਕੁਦਰਤੀ ਇਸ
ਲਈ ਕਿ ਅਸਲ ਮਸਲਾ ਇਹ ਨਹੀਂ ਕਿ ਸਿੱਖਾਂ ਨੂੰ ਅਜਿਹੇ ਬਿਆਨਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਸਗੋਂ
ਮਸਲਾ ਤਾਂ ਇਹ ਹੈ ਕਿ ਸਿੱਖ ਅਜਿਹੀ ਸਥਿਤੀ ਵਿਚ ਹਨ ਕਿ ਕੋਈ ਉਹਨਾਂ ਬਾਰੇ ਅਜਿਹੇ ਬਿਆਨ ਜ਼ਾਰੀ ਕਰ
ਸਕਦਾ ਹੈ। ਹਾਲਤ ਹੀ ਕੁਝ ਇਸ ਤਰ੍ਹਾਂ ਦੀ ਹੈ ਕਿ ਬਾਹਮਣਾਂ ਵਰਗੇ ਲੋਕ ਸਿੱਖਾਂ ਵਰਗੀ ਕੌਮ ਬਾਰੇ
ਅਜਿਹੇ ਬਿਆਨ ਜ਼ਾਰੀ ਕਰ ਸਕਦੇ ਹਨ।
ਅੱਜ ਡੇਢ ਸਦੀ ਤੋਂ ਉੱਤੇ ਹੋ ਚੁੱਕਾ ਹੈ, ਜਦੋਂ ਸਿੱਖ ਅਜਿਹੀ ਸਥਿਤੀ ਵਿਚ ਆ ਪਏ। 1849 ਵਿਚ
ਅੰਗਰੇਜ਼ਾਂ ਵਲੋਂ ਹਿੰਦੂਆਂ ਦੀ ਹਮਾਇਤ ਨਾਲ ਸਿੱਖ ਰਾਜ ਤੇ ਕੀਤਾ ਗਿਆ ਕਬਜ਼ਾ ਇਤਿਹਾਸ ਦੀਆਂ ਸਭ ਤੋਂ
ਅਹਿਮ ਘਟਨਾਵਾਂ ਵਿਚੋਂ ਇਕ ਹੈ। ਇਸ ਘਟਨਾ ਨੇ ਸਿੱਖਾਂ ਦਾ ਸਭ ਕੁੱਝ ਬਦਲ ਕੇ ਰੱਖ ਦਿੱਤਾ। ਇਸ ਘਟਨਾ
ਨਾਲ ਸਿੱਖ ਕੌਮ ਦੇ ਸਫਰ ਵਿਚ ਜਿਹੜਾ ਮੋੜ ਆਇਆ, ਉਸੇ ਸਦਕਾ ਸਿੱਖ ਅੱਜ ਤੱਕ ਉਸੇ ਸਥਿਤੀ ਦੇ ਦਰਪੇਸ਼
ਹਨ। ਸਿੱਖਾਂ ਅੰਦਰ ਆਇਆ ਇਹ ਮੋੜ ਕੀ ਸੀ? ਇਹ ਮੋੜ ਸੀ ਕਿ ਅੰਗਰੇਜ਼ੀ ਰਾਜ ਇਕ ਅਟੱਲ ਹਕੀਕਤ ਹੈ। ਕਿ
ਅੰਗਰੇਜ਼ੀ ਰਾਜ ਹੁਣ ਬੱਸ ਸਥਾਪਤ ਹੋ ਚੁੱਕਾ ਹੈ। ਕਿ ਸਿੱਖਾਂ ਨੇ ਇਸ ਸਥਾਪਤੀ ਦੇ ਅੰਦਰ ਹੀ ਆਪਣੀ
ਸਨਮਾਣਯੋਗ ਥਾਂ ਬਣਾਉਣੀ ਹੈ। ਇਸ ਨਵੇਂ ਢਾਂਚੇ ਦੇ ਵਿਚ ਹੀ ਜਿਵੇਂ ਕਿਵੇਂ ਜਿਉਣਾ ਹੈ। ਆਪਣੀ ਨਿਆਰੀ
ਹਸਤੀ ਲਈ, ਆਪਣੇ ਗੁਰਧਾਮਾਂ ਦੀ ਸੇਵਾ ਲੈਣ ਲਈ ਸੰਘਰਸ਼ ਤਾਂ ਕਰਨਾ ਹੈ ਪਰ ਅੰਗਰੇਜ਼ੀ ਕਾਨੂੰਨ ਦੀਆਂ
ਹੱਦਾਂ ਦੇ ਅੰਦਰ ਰਹਿਕੇ। ਕਹਿਣ ਤੋਂ ਭਾਵ ਕੇਵਲ ਤੇ ਕੇਵਲ ਸ਼ਾਂਤਮਈ ਸੰਘਰਸ਼। ਇਹ ਬੋਲ ਸਿੱਖਾਂ ਦੇ
ਬੋਲ ਨਹੀਂ ਸਨ। ਇਹ ਆਵਾਜ਼ ਉਹਨਾਂ ਦੀ ਆਪਣੀ ਨਹੀਂ ਸੀ। ਵਕਤ ਦੀਆਂ ਜੁਗਗਰਦੀਆਂ ਵਿਚ ਸਿੱਖਾਂ ਨੇ ਆਪਣੇ
ਬੋਲ ਗੁਆ ਲਏ ਸਨ। ਇਹ ਉਹਨਾਂ ਬੋਲਾਂ ਨੂੰ ਤਲਾਸ਼ਣ ਤੁਰੇ ਕੁੱਝ ਅਣਥੱਕ ਰਾਹੀਆਂ ਦਾ ਸਫਰ ਸੀ। ਰਾਹੀ,
ਜਿਹੜੇ ਬਹੁਤ ਸਾਦੇ ਤੇ ਪਵਿੱਤਰ ਸਨ, ਪਰ ਜਿਹਨਾਂ ਦੇ ਅੰਦਰਲੀ ਲੋਅ ਬਾਹਰਲੇ ਪ੍ਰਛਾਵਿਆਂ ਵਿਚ ਘਿਰ
ਗਈ ਸੀ। ਜਿਹਨਾਂ ਦੀ ਨਜ਼ਰ 'ਚੋਂ ਪੁਰਾਣੀਆਂ ਪੈੜਾਂ ਦੇ ਨਿਸ਼ਾਨ ਮੱਧਮ ਹੋ ਗਏ ਸਨ। ਨਜ਼ਰ ਉਹਨਾਂ ਪੈੜਾਂ
ਤੇ ਪਏ ਧੂੜ ਦੇ ਕਿਣਕਿਆਂ ਵਿਚ ਅਟਕ ਕੇ ਰਹਿ ਗਈ ਸੀ। ਨਜ਼ਰ, ਜਿਸਦੀ ਲੋਚਾ ਪੂਰੀ ਸੀ ਪਰ ਜਿਸਦੀ
ਅਰਦਾਸ ਵਿਚ ਤੇਗ ਦਾ ਜਲਾਲ ਓਨਾਂ ਪ੍ਰਚੰਡ ਨਹੀਂ ਸੀ। ਇਹ ਠੀਕ ਹੈ ਕਿ ਪੰਥ ਮਰਿਆ ਨਹੀਂ ਸੀ। ਮਰਿਆ
ਤਾਂ ਪੰਥ ਕਦੇ ਵੀ ਨਹੀਂ। ਇਸ ਲਈ ਕਿਤੇ ਕਿਤੇ ਕੁੱਝ ਜੈਕਾਰੇ ਗੂੰਜੇ ਜ਼ਰੂਰ। ਜੈਕਾਰਿਆਂ ਵਿਚ ਜ਼ੋਰ ਦੀ
ਵੀ ਘਾਟ ਨਹੀਂ ਸੀ। ਪਰ ਪੰਥ ਦੇ ਬਹੁਤੇ ਹਿੱਸੇ ਦੀ ਸੁਰ 1849 ਦੇ ਹਾਦਸਿਆਂ ਤੋਂ ਬਾਅਦ ਮੱਧਮ ਹੋ ਗਈ
ਸੀ। ਪੰਥ ਨੇ ਆਪਣੇ ਬੋਲ ਗੁਆ ਲਏ ਸਨ। 1925 ਤੱਕ ਪੰਥ ਇਹਨਾਂ ਬੋਲਾਂ ਦੀ ਭਾਲ ਵਿਚ ਲੁੱਛ ਰਿਹਾ ਸੀ।
ਇਸ ਤੋਂ ਬਾਅਦ ਦੇ ਦੌਰ ਵਿਚ ਅਕਾਲੀ ਦਲ ਇਸੇ ਭਾਲ ਦੇ ਭੁਲੇਖੇ ਹਨੇਰਾ ਢੋਣ ਲੱਗ ਪਿਆ। ਪੰਥ ਕਿਤੇ
ਖੂੰਜੇ ਲੱਗ ਕੇ ਬਹਿ ਗਿਆ ਸੀ, ਪਰ ਅਕਾਲੀ ਦਲ 1966 ਤੱਕ ਹਨੇਰਾ ਢੋਂਦਾ ਰਿਹਾ। '66 ਤੋਂ ਬਾਅਦ
ਹਨੇਰੇ ਦਾ ਫਾਇਦਾ ਉਠਾਕੇ ਚੋਰ ਅਕਾਲੀ ਦਲ ਤੇ ਕਾਬਜ਼ ਹੋ ਗਏ। '92 ਤੱਕ ਚੋਰਾਂ ਨੇ ਚੋਰੀਆਂ-ਯਾਰੀਆਂ
ਹੰਢਾਈਆਂ ਤੇ 92 ਤੋਂ ਬਾਅਦ ਧਰਮ ਤਬਦੀਲ ਕਰ ਲਿਆ। ਜੰਝੂ ਪਾ ਕੇ ਚੋਰ ਮਾਨਤਾ-ਪ੍ਰਾਪਤ ਚੋਰ ਬਣ ਗਏ।
ਪਰ ਪੰਥ ਅਜੇ ਮਰਿਆ ਨਹੀਂ ਸੀ। ਇਹਨਾਂ ਕਾਲੀਆਂ-ਬੋਲੀਆਂ ਰਾਤਾਂ ਵਿਚ ਵੀ ਪੰਥ ਅਜੇ ਜਿਉਂਦਾ ਸੀ। ਪੰਥ
ਨੂੰ ਆਪਣੇ ਬੋਲਾਂ ਦੇ ਗੁਆਚ ਜਾਣ ਦਾ ਹੇਰਵਾ ਸੀ। ਪੰਥ ਗੁਰੁ ਦੇ ਬੋਲਾਂ ਤੋਂ ਵਿਰਵੇ ਹੋਣ ਦਾ ਹਿਜਰ
ਹੰਢਾ ਰਿਹਾ ਸੀ। ਹਿਜਰ ਤੇ ਵਸਲ ਸਦਾ ਹੀ ਨਾਲੋ-ਨਾਲ ਵਗਦੇ ਹਨ। ਵਿਜੋਗ ਦੀ ਤੀਖਣਤਾ ਹੀ ਸੰਜੋਗ ਦੀ
ਅਵਸਥਾ ਵਿਚ ਲਿਆਉਂਦੀ ਹੈ। ਪੰਥ ਦੀ ਵਿਜੋਗੀ ਸੁਰਤਿ ਆਪਣੇ ਵਿਸਰੇ ਪੈਂਡਿਆਂ ਦੇ ਵੈਰਾਗ ਵਿਚ ਇਕੱਲੀ
ਜਿਉਂ ਰਹੀ ਸੀ, ਜਦੋਂ ਸੰਤ ਕਰਤਾਰ ਸਿੰਘ ਜੀ ਭਿੰਡਰਾਂਵਾਲਿਆਂ ਨੇ ਇਸ ਨੂੰ ਅਰਦਾਸ ਦੀ ਤੀਬਰਤਾ ਵਿਚ
ਖੜ੍ਹਾ ਕੀਤਾ। ਇਸ ਵਿਚ ਕਿਰਪਾਨ ਦੇ ਅਨੁਭਵ ਨੂੰ ਤਾਜ਼ਾ ਕੀਤਾ। ਸੰਤਾਂ ਵਲੋਂ ਕੀਤੀ ਗੁਰਬਾਣੀ ਦੀ ਕਥਾ,
ਸਿੱਖੀ ਦੇ ਵਖਿਆਨ ਤੇ ਉਹਨਾਂ ਦੇ ਜੀਵਨ ਅਮਲ ਨੇ ਸਿੱਖ ਰੂਹਾਨੀਅਤ ਵਿਚ ਕਿਰਪਾਨ ਵਾਲਾ ਸੁੱਚਾਪਣ ਤੇ
ਤਪ ਤੇਜ ਮੁੜ ਤੋਂ ਤਾਜ਼ਾ ਕੀਤਾ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਇਸਨੂੰ ਅੰਤਾਂ ਦੇ ਜਲਾਲ
ਵਿਚ ਅੱਗੇ ਤੋਰਿਆ। ਪੰਥ ਦੇ ਪੈਰਾਂ ਵਿਚ ਇਕ ਕਹਿਰਵਾਨ ਗਤੀ ਲਿਆਂਦੀ ਤੇ ਉਹ ਬੋਲ ਸੁਰਜੀਤ ਕੀਤੇ,
ਜਿਹਨਾਂ ਨੂੰ ਵਿਸਾਰਨ ਸਦਕਾ ਸਿੱਖ ਨਿਥਾਵੇਂ ਹੋਏ ਫਿਰਦੇ ਸਨ। ਸਿੱਖ ਕੌਮ ਨੇ ਅੰਗੜਾਈ ਲਈ। ਇਤਿਹਾਸ
ਨੇ ਪਲਟਾ ਖਾਧਾ। ਪੰਥ ਖੜ੍ਹਾ ਹੋ ਗਿਆ। ਪੰਥ ਆਪਣੇ ਪੈਰਾਂ ਤੇ, ਆਪਣੇ ਗੁਰੁ ਦੀ ਓਟ ਵਿਚ ਖੜ੍ਹਾ ਹੋ
ਗਿਆ। ਪੰਥ ਨੇ ਆਪਣੀ ਧਰਤੀ ਦੀ ਮਿੱਟੀ ਨੂੰ ਹੰਝੂਆਂ ਨਾਲ ਅਜਿਹਾ ਸਜਦਾ ਕੀਤਾ ਕਿ ਡੇਢ ਦਹਾਕਾ ਸਿੰਘ
ਕੱਟ ਕੱਟ ਕੇ ਮਰਦੇ ਰਹੇ। ਪੰਜਾਬ ਦੀ ਧਰਤੀ ਨੂੰ ਸਿੰਘਾਂ ਨੇ ਆਪਣੇ ਖੂਨ ਨਾਲ ਸਿੰਜ ਦਿੱਤਾ। ਸਿੱਖਾਂ
ਦੇ ਘਰ ਉੱਜੜ ਗਏ, ਪਰ ਸੁਪਨੇ ਆਬਾਦ ਹੋ ਗਏ। ਘਰ ਉੱਜੜਨ ਦੀ ਕੀਮਤ ਤੇ ਸੁਪਨੇ ਦਾ ਆਬਾਦ ਹੋਣਾ ਕਦੇ
ਵੀ ਘਾਟੇ ਵਾਲਾ ਸੌਦਾ ਨਹੀਂ ਪਰ ਅਜਿਹੇ ਅਹਿਸਾਸ ਵਿਚ ਜਿਉਣ ਲਈ ਸਰਬੰਸਦਾਨੀ ਗੁਰੁ ਦੀ ਹਸਤੀ ਦਾ
ਸਿਮਰਨ ਵਿਚ ਤਾਜ਼ਾ ਹੋਣਾ ਜ਼ਰੂਰੀ ਹੈ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਵਿਲੱਖਣਤਾ ਇਹੀ ਸੀ ਕਿ
ਉਹ ਦਸਵੇਂ ਪਾਤਸ਼ਾਹ ਦੇ ਦਰਸ਼ਨ ਦੇ ਵੈਰਾਗ ਵਿਚ ਜਿਉਂ ਰਹੇ ਸਨ। ਇਸੇ ਲਈ ਜੋ ਕੁਝ ਸੰਤਾਂ ਨੇ ਕੌਮ ਨੂੰ
ਦਿੱਤਾ, ਉਹ ਕਿਸੇ ਜਤਨ ਵਿਚੋਂ ਪੈਦਾ ਨਹੀਂ ਹੋਇਆ। ਇਹ ਸਭ ਕੁਝ ਸਹਿਜ ਸੁਭਾ ਹੀ ਉਹਨਾਂ ਕੋਲ ਸੀ ਤੇ
ਸਹਿਜੇ ਹੀ ਪੰਥ ਨੂੰ ਨਸੀਬ ਹੋ ਗਿਆ। ਪੰਥ ਨੇ ਇਕ ਖਿਣ ਹਾਸਲ ਕੀਤਾ, ਜਿਸਨੇ ਇਸਨੂੰ ਖਾਲਸਾ ਸਾਜਨਾ
ਦੀ ਘੜੀ ਦੀ ਨੇੜਤਾ ਵਿਚ ਜਿਉਣ ਦਾ ਮੌਕਾ ਬਖਸ਼ਿਆ। ਇਸ ਖਿਣ ਦਾ ਫੈਲਾਅ ਹੀ ਸਿੱਖਾਂ ਵਲੋਂ ਆਪਣੀ ਹੋਂਦ
ਦਾ ਦਾਅਵਾ ਜਤਾਉਣ ਲਈ ਖੜ੍ਹੀ ਕੀਤੀ ਲਹਿਰ ਦੇ ਚੱਲਣ ਦਾ ਸਬੱਬ ਬਣਿਆ। ਸੰਤ ਜਰਨੈਲ ਸਿੰਘ
ਭਿੰਡਰਾਂਵਾਲਿਆਂ ਦੇ ਜੀਵਨ-ਅਮਲ ਨੂੰ ਬਾਹਰ ਰੱਖ ਕੇ ਇਸ ਖਿਣ ਤੇ ਇਸਦੇ ਫੈਲਾਅ ਦਾ ਤਸੱਵਰ ਨਹੀਂ ਕੀਤਾ
ਜਾ ਸਕਦਾ। ਇਸ ਤਰ੍ਹਾਂ ਕਿਸੇ ਕੌਮ ਦਾ ਆਪਣੇ ਜੀਵਨ ਅਮਲ ਵਿਚ ਖੜ੍ਹੇ ਹੋਣਾ ਹੀ ਇਸਦੇ ਗੁਆਚੇ ਰਾਹਾਂ
ਦੇ ਲੱਭ ਜਾਣ ਦਾ ਸਬੱਬ ਬਣਦਾ ਹੈ। ਕਹਿਣ ਤੋਂ ਭਾਵ ਫਲਸਫੇ ਤੋਂ ਪੈਦਾ ਹੋਏ ਬਿਰਤਾਂਤਾਂ ਦੀ ਕਿਸੇ
ਵੱਡੇ ਬਿਰਤਾਂਤ ਦੀਆਂ ਸੀਮਤਾਈਆਂ ਵਿਚ ਪਲਣ ਦੀ ਅਸਲੀਅਤ, ਤੇ ਇਹਨਾਂ ਬਿਰਤਾਂਤਾਂ ਦਾ ਹਉਂ ਦੀ ਵਲਗਣ
'ਚੋਂ ਨਾ ਨਿੱਕਲ ਸਕਣ ਦਾ ਨਿਤਾਣਾਪਣ ਆਦਿਕ ਇਨਸਾਨੀ ਅੱਖ ਨੂੰ ਆਪਣੇ ਰਾਹ ਪਛਾਨਣ ਦੀ ਅਵਸਥਾ ਵਿਚ ਨਹੀਂ
ਆਉਣ ਦਿੰਦੇ। ਦਾਰਸ਼ਨਿਕ ਬਿਰਤਾਂਤ ਹਉਂ ਦੇ ਘੇਰੇ ਵਿਚ ਇਕ ਆਪਣਾ ਜਹਾਨ ਸਾਜ ਲੈਂਦੇ ਹਨ ਤੇ ਇਸ ਜਹਾਨ
ਦੇ ਅੰਦਰ ਇਹ ਬਿਰਤਾਂਤ ਹੜ੍ਹ ਦੇ ਜ਼ੋਰ ਵਾਂਗ ਦਨਦਨਾਉਂਦੇ ਹਨ ਅਤੇ ਸਭ ਕੁਝ ਆਪਣੀ ਦਿਸ਼ਾ ਵੱਲ ਰੋੜ੍ਹ
ਕੇ ਲੈ ਜਾਂਦੇ ਹਨ। ਇਸ ਲਈ ਦਾਰਸ਼ਨਿਕ ਬਿਰਤਾਂਤਾਂ ਨਾਲ ਵਾਰਤਾਲਾਪ ਦਾ ਰਾਹ ਅਸਲ ਵਿਚ ਉਸ ਜਹਾਨ ਵਿਚ
ਦਾਖਲ ਹੋਣਾ ਹੈ ਤੇ ਸਿੱਟੇ ਵਜੋਂ ਆਪਣੇ ਆਪ ਨੂੰ ਇਕ ਜ਼ੋਰਦਾਰ ਵਹਾਅ ਦੇ ਹਵਾਲੇ ਕਰ ਉਸੇ ਦਿਸ਼ਾ ਵਲ
ਰੁੜ੍ਹ ਜਾਣ ਵਾਲੀ ਗੱਲ ਹੈ। ਵਾਰਤਾਲਾਪ ਦੀ ਸੰਭਾਵਨਾ ਇਹੋ ਜਿਹੀ ਹੈ, ਜਿਵੇਂ ਨਸ਼ੇ 'ਚ ਡੱਕੇ ਸ਼ਰਾਬੀਆਂ
'ਚ ਬਹਿਕੇ ਕੋਈ ਬੰਦਾ ਨਸ਼ਾ ਰਹਿਤ ਜੀਵਨ ਦੇ ਗੁਣਾਂ ਤੇ ਚਾਨਣਾ ਪਾਉਣ ਦੀ ਕੋਸ਼ਿਸ਼ ਕਰੇ ਤੇ ਸ਼ਰਾਬ ਦੀ
ਹਵਾੜ੍ਹ ਨਾਲ ਆਪਣਾ ਦਿਨ ਖਰਾਬ ਕਰਕੇ ਆਪਣੇ ਮੂੰਹ ਵੱਲ ਵੇਖੇ। ਮੈਂ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ
ਹਾਂ ਕਿ 1849 ਤੋਂ 1978 ਤੱਕ ਸਿੱਖਾਂ ਨੇ ਵਾਰਤਾਲਾਪ ਦੇ ਰਾਹ ਚੋਂ ਧਰਤੀ ਤੇ ਪੈਰ ਲਾਉਣ ਦੀ ਕੋਸ਼ਿਸ਼
ਕੀਤੀ, ਪਰ ਸਾਰਾ ਅਰਸਾ ਮਿੱਟੀ ਉਹਨਾਂ ਦੇ ਪੈਰਾਂ ਹੇਠੋਂ ਖਿਸਕਦੀ ਹੀ ਤੁਰੀ ਗਈ। 1978 ਵਿਚ ਸੰਤ
ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਬੇਅਣਖੇ ਵਾਰਤਾਲਾਪ ਨੂੰ ਰੱਦ ਕਰਦਿਆਂ ਆਪਣੇ ਜੀਵਨ ਅਮਲ ਦੇ ਜ਼ੋਰ
ਨਾਲ ਆਪਣੀ ਆਜ਼ਾਦ ਹਸਤੀ ਨੂੰ ਮਾਨਣ ਦੇ ਅਨੁਭਵ ਨੂੰ ਪ੍ਰਵਾਹਿਤ ਕੀਤਾ ਤਾਂ ਸਿੱਖੀ ਆਪਣੀ ਪੁਰਾਣੀ ਸ਼ਾਨ
ਵਿਚ ਸੁਰਜੀਤ ਹੋ ਗਈ। ਬਾਣੀ ਤੇ ਬਾਣਾ 'ਕੱਠੇ ਉਜਾਗਰ ਹੋਏ। ਬਾਣੀ ਤੇ ਬਾਣੇ ਲਈ ਇਕ ਚਾਅ ਪੈਦਾ ਹੋਇਆ,
ਜੋ ਲਹਿਰ ਵਿਚ ਮਰ ਮਿਟਣ ਦੇ ਚਾਅ ਤੋਂ ਕਿਵੇਂ ਵੀ ਵੱਖਰਾ ਨਹੀਂ ਸੀ। ਇਸ ਚਾਅ ਵਿਚੋਂ ਇਹ ਅਹਿਸਾਸ
ਪ੍ਰਚੰਡ ਹੋਇਆ ਕਿ ਜੇ ਕੁੱਝ ਅਟੱਲ ਹੈ ਤਾਂ ਇਹ ਖਾਲਸੇ ਦੀ ਹਸਤੀ ਹੈ, ਹਿੰਦੁਸਤਾਨ ਨਾਂ ਦਾ
ਸੰਵਿਧਾਨਕ ਢਾਂਚਾ ਨਹੀਂ। ਯੂਰਪੀ ਮਨ ਦੀ ਨਿਰਾਸ਼ਾਜਨਕ ਕਸ਼ਮਕਸ਼ ਚੋਂ ਪੈਦਾ ਹੋਇਆ ਕੋਈ ਰਾਸ਼ਟਰਵਾਦੀ
ਢਾਂਚਾ ਅਟੱਲ ਹਕੀਕਤ ਨਹੀਂ। ਖੰਡੇ ਦੀ ਧਾਰ ਵਿਚੋਂ ਪੈਦਾ ਹੋਇਆ ਖਾਲਸਾ ਸਦਾ ਅਟੱਲ ਹੈ। ਖਾਲਸੇ ਨੇ
ਆਪਣੀ ਹੋਂਦ ਦਾ ਅਹਿਸਾਸ ਕੀਤਾ, ਖਾਲਸੇ ਨੇ ਆਪਣੀ ਹੋਂਦ ਦੀ ਘੜੀ ਨੂੰ ਮਾਣਦਿਆਂ ਧਰਤੀ ਤੇ ਕੁਝ ਅਮਲ
ਪੈਦਾ ਕੀਤੇ। ਉਹਨਾਂ ਅਮਲਾਂ ਦੇ ਜ਼ੋਰ ਨਾਲ ਫਲਸਫੇ ਦੀ ਫੈਲਾਈ ਹਨੇਰਗਰਦੀ ਤੋਂ ਸਿੱਖ ਆਜ਼ਾਦ ਹੋ ਰਹੇ
ਹਨ। ਖਾਲਿਸਤਾਨ ਦੀ ਲਹਿਰ ਦੀ ਅਸਲ ਪ੍ਰਾਪਤੀ ਇਹ ਹੀ ਹੈ ਕਿ ਇਸਨੇ ਸਾਨੂੰ ਇਹ ਵੇਖਣ ਦੇ ਸਮਰੱਥ
ਬਣਾਇਆ ਕਿ ਮਨ ਦੇ ਕਿਸੇ ਵੱਡੇ ਪ੍ਰਵਾਹ ਵਿਚ ਵਹਿ ਜਾਣ ਨਾਲ ਇਸਦੇ ਭੁਲੇਖੇ ਆਪਣੇ ਆਪ ਹੀ ਪਿਛਾਂਹ ਰਹਿ
ਜਾਂਦੇ ਹਨ। ਫਲਸਫੇ ਦੇ ਖੜ੍ਹੇ ਕੀਤੇ ਢਾਂਚੇ ਤੇ ਉਹਨਾਂ ਵਿਚੋਂ ਪੈਦਾ ਹੋਈਆਂ ਮਨ ਦੀਆਂ ਘੁੰਮਣਘੇਰੀਆਂ
ਹਉਂ ਦੇ ਕਿਸੇ ਛੋਟੇ ਘੇਰੇ ਵਿਚ ਹੀ ਆਪਣੀ ਸਾਰਥਕਤਾ ਰੱਖਦੀਆਂ ਹਨ। ਵੱਡੇ ਪ੍ਰਵਾਹ ਵਿਚ ਛੋਟੇ ਤਣਾਅ
ਅਰਥਹੀਣ ਹੋਕੇ ਰਹਿ ਜਾਂਦੇ ਹਨ। ਮੈਂ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਸਿੱਖਾਂ ਦੀ ਸੁਰਤਿ ਦਾ
ਹਿੰਦੁਸਤਾਨ ਵਰਗੇ ਦਮਨਕਾਰੀ ਰਾਸ਼ਟਰਵਾਦੀ ਬਿਰਤਾਂਤ ਚੋਂ ਪਾਰ ਲੰਘਣਾ, ਸਿੱਖਾਂ ਅੰਦਰ ਚੱਲੀ ਕਿਸੇ
ਬੌਧਿਕ ਜਾਂ ਦਾਰਸ਼ਨਿਕ ਲਹਿਰ ਸਦਕਾ ਨਹੀਂ ਹੋਇਆ। ਸਿੱਖਾਂ ਵਿਚ ਅਜਿਹੀ ਕੋਈ ਲਹਿਰ ਚੱਲੀ ਹੀ ਨਹੀਂ।
ਸਿੱਖਾਂ ਨੇ ਬੱਸ ਆਪਣੇ ਹੋਣ ਦੀ ਘੜੀ ਨੂੰ ਮਾਣਿਆ। ਉਹਨਾਂ ਦੇ ਸਾਦਾ ਮਨ ਨੇ ਆਪਣੀ ਸਾਦਗੀ ਦੀ ਸ਼ਾਨ
ਵੇਖੀ ਤੇ ਜੀਵਨ ਨੇ ਇਸ ਵਿਚੋਂ ਆਪਣੀ ਦਿਸ਼ਾ ਤਲਾਸ਼ ਲਈ। ਦੁਨੀਆਂ ਦੇ ਪ੍ਰਚੱਲਿਤ ਤੇ ਮਾਨਤਾ ਪ੍ਰਾਪਤ
ਢਾਂਚੇ, ਜਿਵੇਂ ਕਿ ਹਿੰਦੁਸਤਾਨੀ ਜਮਹੂਰੀਅਤ ਉਹਨਾਂ ਸਾਹਮਣੇ ਆਪਣੀ ਅਸਲੀਅਤ ਵਿਚ ਖੜ੍ਹੇ ਹੋ ਗਏ।
ਮੁੱਕਦੀ ਗੱਲ, ਇਤਿਹਾਸ ਦੀ ਇਕ ਕਰਵਟ ਨੇ ਇਤਿਹਾਸ ਦੇ ਪਿਛਲੇ ਦੌਰਾਂ ਦੀ ਅਸਲੀਅਤ ਨਸ਼ਰ ਕਰ ਦਿੱਤੀ।
ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਬੋਲ ਨੇ ਪਿਛਲੀ ਸਦੀ ਦੇ ਜਮੂਦ ਨੂੰ ਤੋੜਿਆ। ਸੰਤਾਂ ਨੇ
ਖਾਲਸੇ ਦੀ ਹਸਤੀ ਦੇ ਆਜ਼ਾਦ ਹੋਣ ਬਾਰੇ ਇਕ ਬਿਆਨ ਜਾਰੀ ਕੀਤਾ। ਇਸ ਬਿਆਨ ਵਿਚਲੀ ਨਗਾਰੇ ਵਾਲੀ ਧਮਕ
ਨੇ ਡੇਢ ਦਹਾਕਾ ਸਿੰਘਾਂ ਦੇ ਘੋੜਿਆਂ ਦੇ ਸੁੰਮਾਂ ਵਿਚ ਸੰਗੀਤਾਤਮਕ ਥੱਰਥਰਾਹਟ ਲਿਆਂਦੀ। ਡੇਢ ਦਹਾਕੇ
ਬਾਅਦ ਜਦ ਜਬਰ ਦੀ ਅੱਤ ਤੇ ਪੰਜਾਬ ਦੀ ਧਰਤੀ ਅੰਦਰਲੇ ਕੁੱਝ ਹੋਰ ਰੁਝਾਨਾਂ ਕਾਰਨ ਸਿੰਘਾਂ ਦੀਆਂ
ਸ਼ਹੀਦੀਆਂ ਦੀ ਇਕ ਨਿਰੰਤਰ ਝੜੀ ਲੱਗ ਰਹੀ ਹੈ ਤਾਂ ਬੇਅੰਤੇ ਵਰਗੇ ਭਾੜੇ ਦੇ ਟੱਟੂਆਂ ਨੂੰ ਲਗਦਾ ਹੈ
ਕਿ ਧਰਤੀ ਦਾ ਸਫਰ ਉਹਨਾਂ ਦੇ ਇਸ਼ਾਰੇ ਦਾ ਮੁਥਾਜ ਹੈ। ਦਿੱਲੀ ਸਰਕਾਰ ਦੇ ਟੁਕੜਬੋਚ ਨੇ ਉਦੋਂ ਇਕ
ਬਿਆਨ ਜਾਰੀ ਕੀਤਾ ਕਿ ਉਸਨੇ ਖਾਲਿਸਤਾਨ ਦੀ ਕਾਇਮੀ ਲਈ ਜੂਝਦੇ ਸਿੰਘਾਂ ਦਾ ਸਫਾਇਆ ਕਰ ਦਿੱਤਾ ਹੈ।
ਸਭ ਨੂੰ ਮਾਰ ਮੁਕਾਇਆ ਹੈ। ਕੋਈ ਬਾਕੀ ਬਚਣ ਨਹੀਂ ਦਿੱਤਾ। ਇਸ ਬਿਆਨ ਨੂੰ ਭਾਰਤ ਦੀ ਸਰਕਾਰ ਨੇ
ਸੁਨਿਹਰੀ ਇਬਾਰਤ ਬਨਾਉਣ ਦੀ ਕੋਸ਼ਿਸ਼ ਕੀਤੀ। ਹਿੰਦੂ ਭਾਈਚਾਰੇ ਨੇ ਇਸ ਬਿਆਨ ਦਾ ਗੀਤ ਬਣਾ ਲਿਆ।
ਪੰਜਾਬ ਵਿਚ ਜਗ੍ਹਾ ਜਗ੍ਹਾ ਸਿੱਖਾਂ ਦੇ ਖਾਤਮੇ ਦੇ ਜਸ਼ਨ ਮਨਾਏ ਜਾਣ ਲੱਗੇ। ਬੇਅੰਤੇ ਦੀਆਂ ਅੱਖਾਂ
ਦੀਆਂ ਕਾਲੀਆਂ ਐਨਕਾਂ ਪਿਛੇ ਲੁਕੀ ਕਾਇਰਤਾ ਨੂੰ ਢੋਲ ਢਮੱਕੇ ਦੇ ਜ਼ੋਰ ਨਾਲ ਬਲ ਦੇਣ ਦੀ ਕੋਸ਼ਿਸ਼ ਕੀਤੀ
ਗਈ। ਮਾਲਕਾਂ ਦੇ ਥਾਪੜੇ 'ਚ ਬਿੱਫਰਿਆ ਬੇਅੰਤਾ ਕੰਨ ਹੀ ਝਾੜ ਰਿਹਾ ਸੀ ਕਿ ਸਿੰਘਾਂ ਨੇ ਆਪਣਾ ਬਿਆਨ
ਜਾਰੀ ਕਰ ਦਿੱਤਾ। ਬੇਅੰਤੇ ਦਾ ਸੋਧਿਆ ਜਾਣਾ ਸਾਰੀ ਲਹਿਰ ਦੀਆਂ ਵੱਡੀਆਂ ਪ੍ਰਾਪਤੀਆਂ 'ਚੋਂ ਹੀ ਇਕ
ਨਹੀਂ ਸਗੋਂ ਇਹ ਇਕ ਸੁਨੇਹਾ ਹੈ ਕਿ ਨਹੀਂ ਇਉਂ ਨਹੀਂ ਹੁੰਦਾ। ਝੂਠ ਇਉਂ ਧਰਤੀ ਤੇ ਰਾਜ ਨਹੀਂ ਕਰਦਾ।
ਦਾਅਵੇ ਦੀ ਜੜ੍ਹ ਦੁਨਿਆਵੀ ਪ੍ਰਾਪਤੀਆਂ ਵਿਚ ਨਹੀਂ ਹੁੰਦੀ। ਲਹਿਰਾਂ ਵਿਚਲੇ ਉਤਰਾਅ-ਚੜ੍ਹਾਅ
ਜਿੱਤ-ਹਾਰ ਦੇ ਆਖਰੀ ਫੈਸਲੇ ਨਹੀਂ ਹੁੰਦੇ। ਤਾਕਤ ਦੇ ਕੇਂਦਰ ਉਹ ਨਹੀਂ, ਜੋ ਦੁਨੀਆਂ ਨੂੰ ਦਿਸਦੇ ਹਨ।
ਸਲਤਨਤਾਂ ਝੂਠੀਆਂ ਹਨ, ਤੇ ਬਿਨਸਨਹਾਰ ਹਨ। ਤਾਕਤ ਦਾ ਕੇਂਦਰ ਇਨਸਾਨ ਦੇ ਅੰਦਰਲੀ ਜੋਤ ਹੈ, ਜੋ ਸੱਚੇ
ਪਾਤਸ਼ਾਹ ਦੇ ਸ਼ਬਦ ਦੀ ਬਖਸ਼ਿਸ਼ ਵਿਚ ਬਲ ਬਲ ਉੱਠਦੀ ਹੈ। ਖਾਲਸੇ ਦੀ ਕਿਰਪਾਨ ਪੰਜਾਂ ਬਾਣੀਆਂ ਦੇ
ਅੰਮ੍ਰਿਤ ਸਰੋਵਰ 'ਚੋਂ ਨਿੱਤ ਨਵੇਲੀ ਹੋ ਕੇ ਨਿਕਲਦੀ ਹੈ। ਕਿਰਪਾਨ ਭਰਮ ਦਾ ਨਾਸ਼ ਕਰਦੀ ਹੈ। ਬੇਅੰਤੇ
ਦੀ ਤਾਕਤ ਦਾ ਅਜਿੱਤ ਹੋਣਾ ਇਕ ਭਰਮ ਸੀ ਤੇ ਸਿੰਘਾਂ ਦੀ ਕਿਰਪਾਨ ਨੇ ਇਸ ਭਰਮ ਦਾ ਨਾਸ਼ ਕੀਤਾ। ਭਾਈ
ਦਿਲਾਵਰ ਸਿੰਘ ਨੇ ਇਹ ਜ਼ਾਹਰ ਕੀਤਾ ਕਿ ਸ਼ਾਨਮੱਤੇ ਇਕ ਕਦਮ ਸਾਹਮਣੇ ਲੰਮੇਰਾ ਮਨੁੱਖੀ ਜੀਵਨ ਬੇਅਰਥ
ਹੈ। ਭਾਈ ਬਲਵੰਤ ਸਿੰਘ ਤੇ ਭਾਈ ਜਗਤਾਰ ਸਿੰਘ ਤਾਰਾ ਨੇ ਵਿਖਾਇਆ ਕਿ ਮੌਤ ਦੇ ਸੌਦਾਗਰ ਧਰਤੀ ਤੇ
ਕਹਿਰ ਵਰਤਾਉਣ ਦੇ ਗਰੂਰ ਵਿਚ ਨਾ ਜਿਉਣ। ਸਿੰਘਾਂ ਦੇ ਜਲਾਲ ਸਾਹਮਣੇ ਉਹ ਸਦਾ ਬੇਵੱਸ ਹੋ ਕੇ ਰਹਿ
ਜਾਣਗੇ। ਇਕ ਪੜਾਅ ਤੇ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਵਰਗੇ ਸਿੰਘ ਧਰਤੀ
ਤੇ ਇਹ ਸਥਾਪਤ ਕਰ ਰਹੇ ਹਨ ਕਿ ਸਿੰਘਾਂ ਦੀ ਵਿਰਾਸਤ ਪੁਰਾਣੀ ਨਹੀਂ ਹੋਈ, ਕਿਉਂਕਿ ਸੱਚ ਪੁਰਾਣਾ ਨਹੀਂ
ਹੁੰਦਾ, ਤਾਂ ਲਹਿਰ ਦੇ ਅਗਲੇ ਮੋੜ ਤੇ ਭਾਈ ਬਲਵੰਤ ਸਿੰਘ ਤੇ ਭਾਈ ਜਰਤਾਰ ਸਿੰਘ ਤਾਰਾ ਵਰਗੇ ਜੋਧੇ
ਉਹੋ ਕੇਸਰੀ ਨਿਸ਼ਾਨ ਹੱਥਾਂ ਵਿਚ ਲਈ ਖੜ੍ਹੇ ਹਨ। ਭਾਈ ਬਲਵੰਤ ਸਿੰਘ ਦੀ ਚੁੱਪ, ਸਮਰਪਣ ਤੇ ਸਬਰ ਕਿਸੇ
ਵੀ ਪ੍ਰਾਪਤੀ ਤੋਂ ਵੱਡੇ ਹਨ। ਮੌਤ ਦੀ ਉਡੀਕ ਵਿਚ ਇਕ ਸਿਦਕ ਹੈ ਕਿ ਮੈਂ ਹਾਂ ਤੇ ਰਹਾਂਗਾ। ਇਹ ਉਹ
ਮੈਂ ਹੈ ਜਿਹੜੀ ਆਪੇ ਤੋਂ ਬਾਹਰ ਹੋ ਗੁਰੁ ਦੇ ਸਮਰਪਣ ਵਿਚ ਕਾਇਨਾਤ ਨੂੰ ਆਪਾ ਬਣਾਕੇ ਖੜ੍ਹੀ ਹੈ।
ਭਾਈ ਜਗਤਾਰ ਸਿੰਘ ਹਵਾਰਾ ਇਕ ਆਜ਼ਾਦ ਇਨਸਾਨ ਦੇ ਕਦੇ ਨਾ ਰੁੱਕਦੇ ਕਦਮ ਹਨ। ਇਕ ਸੂਰਮਾ, ਜੋ ਕਹਿ ਰਿਹਾ
ਹੈ ਕਿ ਦਰਿਆਵਾਂ ਦੇ ਹੜ੍ਹ ਛੋਟੇ ਹਨ, ਪਰਬਤਾਂ ਦੇ ਆਕਾਰ ਨਿਗੂਣੇ ਹਨ, ਤੇ ਮਨੁੱਖ ਦੇ ਕਦਮ ਵੱਡੇ ਹਨ,
ਜੋ ਸਦਾ ਹਰ ਅੜਚਣ ਨੂੰ ਪਾਰ ਕਰਨ ਦੀ ਸਮਰੱਥਾ ਰੱਖਦੇ ਹਨ। ਭਾਈ ਗੁਰਮੀਤ ਸਿੰਘ, ਭਾਈ ਲਖਵਿੰਦਰ ਸਿੰਘ,
ਭਾਈ ਸਮਸ਼ੇਰ ਸਿੰਘ, ਭਾਈ ਨਸੀਬ ਸਿੰਘ ਤੇ ਹੋਰ ਸਿੰਘ ਸਿਦਕ ਦੀਆਂ ਉਹ ਗਾਥਾਵਾਂ ਹਨ, ਜਿਹੜੀਆਂ ਵਕਤ
ਦੇ ਕਿਸੇ ਹੋਰ ਦੌਰ ਵਿਚ ਗਾਈਆਂ ਜਾਣਗੀਆਂ।
ਦੂਜੇ ਪਾਸੇ ਭਾਰਤੀ ਹਕੂਮਤ ਪ੍ਰੇਸ਼ਾਨ ਹੈ। ਭਾਰਤੀ ਹਾਕਮਾਂ ਦਾ ਸਿੰਗਾਰਿਆ ਘੋੜਾ ਜਦੋਂ ਹੀ ਜ਼ਿੰਦਗੀ
ਦੀ ਅਸਲ ਦੌੜ ਵਿਚ ਹਿੱਸਾ ਲੈਣ ਦਾ ਦਾਅਵਾ ਕਰਨ ਲੱਗਾ, ਮਿੱਟੀ ਦੀ ਢੇਰੀ ਹੋ ਵਕਤ ਦੀਆਂ ਧੂੜਾਂ 'ਚ
ਰੁਲ-ਖੁਲ ਗਿਆ। ਆਪਣੇ ਮਿਹਨਤ ਨਾਲ ਤਿਆਰ ਕੀਤੇ ਹਊਏ ਦੇ ਇਉਂ ਖਿੰਡ-ਪੁੰਡ ਜਾਣ ਤੇ ਭਾਰਤੀ ਹਾਕਮ
ਸੱਚਮੁੱਚ ਹੀ ਬਹੁਤ ਪ੍ਰੇਸ਼ਾਨ ਹਨ। ਉਹਨਾਂ ਦੀਆਂ ਜੇਲ੍ਹ ਦੀਆਂ ਕੰਧਾਂ ਦੇ ਸਿੰਘਾਂ ਸਾਹਮਣੇ ਬੇਮਤਲਬ
ਸਾਬਤ ਹੋਣ ਦੀ ਅਸਲੀਅਤ ਨੇ ਉਹਨਾਂ ਦੀ ਪ੍ਰੇਸ਼ਾਨੀ ਵਿਚ ਹੋਰ ਵਾਧਾ ਕਰ ਦਿੱਤਾ ਹੈ। ਉਹਨਾਂ ਨੂੰ ਪਤਾ
ਹੈ ਕਿ ਇਤਿਹਾਸ ਦੀਆਂ ਅਜਿਹੀਆਂ ਕਰਵਟਾਂ ਕਰਕੇ ਹਿੰਦੂ ਬਹੁਗਿਣਤੀ, ਜਿਸਦੀ ਉਹ ਨੁਮਾਇੰਦਗੀ ਕਰਦੇ ਹਨ,
ਵੀ ਪ੍ਰੇਸ਼ਾਨ ਹੋ ਜਾਂਦੀ ਹੈ। ਇਸ ਲਈ ਇਤਿਹਾਸ ਦੀਆਂ ਅਜਿਹੀਆਂ ਕਰਵਟਾਂ ਉਹਨਾਂ ਨੂੰ ਕਿਸੇ ਹਿਸਾਬ
ਰਾਸ ਨਹੀਂ ਆਉਂਦੀਆਂ। ਇਸ ਲਈ ਆਪਣੀ ਤਾਕਤ ਦੇ ਕੇਂਦਰ, ਹਿੰਦੂ ਬਹੁਗਿਣਤੀ ਅੰਦਰਲੀ ਨਿਰਾਸਤਾ ਤੋਂ ਬਚ
ਨਿਕਲਣ ਲਈ ਉਹਨਾਂ ਨੇ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਅੰਗਰੇਜ਼ਾਂ ਦਾ ਬਣਾਇਆ ਹਿੰਦੁਸਤਾਨ
ਨਾਂ ਦਾ ਇਹ ਮਸਨੂਈ ਢਾਂਚਾ, ਐਨਾ ਮਸਨੂਈ ਨਹੀਂ ਹੈ। ਇਸਦਾ ਅੰਤ ਐਨਾ ਨੇੜੇ ਨਹੀਂ, ਜਿੰਨਾਂ ਜਾਪ ਰਿਹਾ
ਹੈ। ਇਹ ਸੁਨੇਹਾ ਹੈ, ਜੋ ਸਿੰਘਾਂ ਨੂੰ ਫਾਂਸੀ ਦੇ ਤਖਤੇ ਤੇ ਲਿਜਾ ਕੇ ਪੂਰਾ ਕਰਨ ਦੀ ਕੋਸ਼ਿਸ਼ ਕੀਤੀ
ਜਾ ਰਹੀ ਹੈ। ਇਹ ਬਿਆਨ ਹੈ, ਜੋ ਭਾਰਤ ਸਰਕਾਰ ਵਲੋਂ ਸਿੱਖਾਂ ਦੇ ਨਾਂ ਜਾਰੀ ਕੀਤਾ ਗਿਆ ਹੈ। ਇਸਦੇ
ਜੁਆਬ ਵਿਚ ਅਗਲਾ ਬਿਆਨ ਅਸੀਂ ਸਿੱਖ ਜਾਰੀ ਕਰਾਂਗੇ।