ਕਰਤਾਰ ਸਿੰਘ ਕੁਸ਼ਤੀ ਦਾ ਫਿਰ ਵਿਸ਼ਵ ਵੈਟਰਨ ਚੈਂਪੀਅਨ
ਪ੍ਰਿੰ. ਸਰਵਣ ਸਿੰਘ
ਪਦਮ
ਸ੍ਰੀ ਕਰਤਾਰ ਸਿੰਘ ਨੇ ਰੂਸ ਵਿਚ ਸਤੰਬਰ ਦੇ ਆਖ਼ਰੀ ਹਫ਼ਤੇ ਹੋਈ ਕੁਸ਼ਤੀ ਦੀ ਵਿਸ਼ਵ ਵੈਟਰਨ ਚੈਂਪੀਅਨਸ਼ਿਪ
ਤੇਰ੍ਹਵੀਂ ਵਾਰ ਜਿੱਤ ਲਈ ਹੈ। ਇਹ ਆਪਣੀ ਤਰ੍ਹਾਂ ਦਾ ਵਿਸ਼ਵ ਰਿਕਾਰਡ ਹੈ। ਉਸ ਨੇ ਤਿੰਨ ਓਲੰਪਿਕ ਖੇਡਾਂ,
ਤਿੰਨ ਏਸ਼ਿਆਈ ਖੇਡਾਂ, ਤਿੰਨ ਕਾਮਨਵੈਲਥ ਖੇਡਾਂ, ਤਿੰਨ ਏਸ਼ਿਆਈ ਚੈਂਪੀਅਨਸ਼ਿਪਾਂ ਤੇ ਚੌਦਾਂ ਵਿਸ਼ਵ
ਵੈਟਰਨ ਚੈਂਪੀਅਨਸ਼ਿਪਾਂ ਵਿਚ ਭਾਗ ਲਿਆ ਹੈ ਅਤੇ ਕੌਮਾਂਤਰੀ ਪੱਧਰ ਉਤੇ ਸੋਨੇ, ਚਾਂਦੀ ਤੇ ਤਾਂਬੇ ਦੇ
ਚੌਵੀ ਤਮਗੇ ਜਿੱਤੇ ਹਨ। ਉਸ ਨੇ ਪੰਜਾਬ ਕੇਸਰੀ ਤੋਂ ਲੈ ਕੇ ਭਾਰਤ ਕੁਮਾਰ, ਭਾਰਤ ਕੇਸਰੀ, ਮਹਾਪੌਰ
ਕੇਸਰੀ, ਭਾਰਤ ਮੱਲ ਸਮਰਾਟ, ਰੁਸਤਮੇ ਹਿੰਦ ਤੇ ਰੁਸਤਮੇ ਜ਼ਮਾਂ ਤਕ ਸਾਰੇ ਖ਼ਿਤਾਬ ਜਿੱਤੇ ਹੋਏ ਹਨ।
ਰੂਸ ਵਿਚ ਹੋਈ ਸਤਾਰ੍ਹਵੀਂ ਵਿਸ਼ਵ ਵੈਟਰਨ ਕੁਸ਼ਤੀ ਚੈਂਪੀਅਨਸ਼ਿਪ ਵਿਚ ਉਸ ਨੇ ਤੇਰ੍ਹਵੀਂ ਵਾਰ ਗੋਲਡ
ਮੈਡਲ ਜਿੱਤਿਆ ਹੈ। ਇੰਜ ਉਹ ਆਪਣੀ ਉਮਰ ਤੇ ਵਜ਼ਨ ਵਰਗ ਵਿਚ ਪਿਛਲੇ ਤੇਰਾਂ ਸਾਲਾਂ ਤੋਂ ਵਿਸ਼ਵ
ਚੈਂਪੀਅਨ ਬਣਿਆ ਆ ਰਿਹੈ।
ਕਰਤਾਰ ਸਿੰਘ ਉਤੇ ਕੁਦਰਤ ਏਨੀ ਬਲਿਹਾਰ ਹੈ ਕਿ ਉਹ ਫਤਿਹ ਉਤੇ ਫਤਿਹ ਹਾਸਲ ਕਰੀ ਜਾ ਰਿਹੈ। ਉਹ ਸਕੂਲਾਂ
ਕਾਲਜਾਂ ਤੋਂ ਲੈ ਕੇ ਏਸ਼ੀਆ ਤੇ ਕਾਮਨਵੈੱਲਥ ਖੇਡਾਂ ਅਤੇ ਵਿਸ਼ਵ ਵੈਟਰਨ ਕੁਸ਼ਤੀ ਮੁਕਾਬਲਿਆਂ ਤਕ ਦੀਆਂ
ਗੁਰਜਾਂ ਸਾਂਭੀ ਬੈਠਾ ਹੈ। ਬੈਠਾ ਕਿਥੇ! ਅਜੇ ਵੀ ਰੋਜ਼ਾਨਾ ਜ਼ੋਰ ਕਰਦਾ ਹੋਰ ਜਿੱਤਾਂ ਜਿਤਣ ਲਈ ਸਰਗਰਮ
ਹੈ ਤੇ ਨਵੀਂ ਪੀੜ੍ਹੀ ਨੂੰ ਕੁਸ਼ਤੀਆਂ ਦੇ ਲੜ ਲਾਈ ਜਾ ਰਿਹੈ।
ਉਹਦਾ ਕੱਦ ਪੰਜ ਫੁਟ ਦਸ ਇੰਚ ਹੈ ਤੇ ਸਰੀਰਕ ਵਜ਼ਨ ਨੱਬੇ ਕਿਲੋ ਤੋਂ ਸੌ ਕਿਲੋ ਦੇ ਵਿਚ ਵਿਚਾਲੇ ਰੱਖਦਾ
ਹੈ। ਛਾਤੀ ਦਾ ਘੇਰਾ ਅਠਤਾਲੀ ਇੰਚ ਹੈ ਤੇ ਜੁੱਸਾ ਪੂਰਾ ਗੱਠਿਆ ਹੋਇਐ। ਛਪੰਜਾ ਸਾਲਾਂ ਦਾ ਹੋ ਕੇ ਵੀ
ਉਹ ਚਾਲੀ ਸਾਲਾਂ ਦਾ ਜੁਆਨ ਵਿਖਾਈ ਦਿੰਦਾ ਹੈ। ਸੋਹਣਾ ਸੁਨੱਖਾ ਯੂਸਫ਼ ਵਰਗਾ ਹੈ ਤੇ ਦਰਸ਼ਕ ਉਹਦੇ
ਦਰਸ਼ਨਾਂ ਨੂੰ ਤਾਂਘਦੇ ਰਹਿੰਦੇ ਹਨ।
ਉਹਦੇ ਜੀਵਨ 'ਤੇ ਝਾਤ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਇਕ ਸਾਧਾਰਨ ਪਰਿਵਾਰ ਦਾ ਆਮ ਜਿਹਾ ਬੱਚਾ ਆਪਣੀ
ਮਿਹਨਤ ਦੇ ਬਲਬੋਤੇ ਕੁਛ ਦਾ ਕੁਛ ਕਰ ਸਕਦਾ ਹੈ। ਕਰਤਾਰ ਸਿੰਘ ਦਾ ਜਨਮ ਮਾਝੇ ਦੇ ਮਸ਼ਹੂਰ ਪਿੰਡ ਸੁਰ
ਸਿੰਘ ਵਿਚ ਦਰਮਿਆਨੇ ਕਿਸਾਨ ਕਰਨੈਲ ਸਿੰਘ ਢਿੱਲੋਂ ਦੇ ਘਰ ਹੋਇਆ। ਉਹਦਾ ਆਲਾ ਦੁਆਲਾ ਪਹਿਲਵਾਨੀ ਵਾਲਾ
ਹੋਣ ਕਾਰਨ ਉਹ ਬਚਪਨ ਵਿਚ ਹੀ ਘੁਲਣ ਲੱਗ ਪਿਆ ਜਿਸ ਨਾਲ ਉਸ ਦਾ ਜੁੱਸਾ ਤਕੜਾ ਹੁੰਦਾ ਗਿਆ। ਉਸ ਦੇ
ਤਾਏ ਦਾ ਲੜਕਾ ਜੋਗਿੰਦਰ ਸਿੰਘ ਪਹਿਲਵਾਨੀ ਦਾ ਸ਼ੌਕ ਰੱਖਦਾ ਸੀ। ਉਹਦੇ ਨਾਲ ਕਰਤਾਰ ਦਾ ਵੱਡਾ ਭਾਈ
ਅਮਰ ਸਿੰਘ ਬਾਹਰਲੀ ਹਵੇਲੀ ਵਿਚ ਅਖਾੜਾ ਪੁਟ ਕੇ ਜ਼ੋਰ ਕਰਿਆ ਕਰਦਾ ਸੀ। ਉਹਨਾਂ ਦੀ ਰੀਸੇ ਛੋਟੇ ਭਾਈ
ਗੁਰਚਰਨ ਤੇ ਕਰਤਾਰ ਵੀ ਇਕ ਦੂਜੇ ਨਾਲ ਖਹਿਣ ਲੱਗ ਪਏ ਤੇ ਪਹਿਲਵਾਨੀ ਦੇ ਰਾਹ ਪੈ ਗਏ।
ਕਰਤਾਰ ਸਿੰਘ ਦੀਆਂ ਕੁਸ਼ਤੀਆਂ ਦਾ ਦੌਰ 1968 ਤੋਂ ਸ਼ੁਰੂ ਹੁੰਦਾ ਹੈ ਤੇ ਫਿਰ ਲਗਾਤਾਰ ਚਲਦਾ ਹੈ।
ਪਹਿਲੀ ਕੁਸ਼ਤੀ ਉਸ ਨੇ ਪਿੰਡ ਦੀ ਛਿੰਝ ਵਿਚ ਜਿੱਤੀ। 1970 ਤੇ 71 ਵਿਚ ਉਹ ਆਲ ਇੰਡੀਆ ਸਕੂਲਾਂ ਦਾ
ਨੈਸ਼ਨਲ ਚੈਂਪੀਅਨ ਬਣਿਆਂ। ਫਿਰ ਯੂਨੀਵਰਸਿਟੀ ਤੇ ਇੰਟਰ-ਯੂਨੀਵਰਸਟੀ ਜਿੱਤਿਆ ਅਤੇ 1974 ਵਿਚ ਉਹ
ਮਾਸਕੋ ਵਿਖੇ ਵਿਸ਼ਵ ਯੂਨੀਵਰਸਿਟੀ ਕੁਸ਼ਤੀ ਮੁਕਾਬਲਿਆਂ ਵਿਚ ਭਾਗ ਲੈਣ ਗਿਆ। 1978 ਵਿਚ ਉਸ ਨੇ ਏਸ਼ਿਆਈ
ਤੇ ਕਾਮਨਵੈੱਲਥ ਖੇਡਾਂ 'ਚੋਂ ਮੈਡਲ ਜਿਤੇ।
ਮੈਨੂੰ ਯਾਦ ਹੈ ਜਦੋਂ 1986 ਵਿਚ ਲੁਧਿਆਣੇ ਦੇ ਗੁਰੂ ਨਾਨਕ ਸਟੇਡੀਅਮ ਅੰਦਰ ਪੰਜਾਬ ਸਰਕਾਰ ਵੱਲੋਂ
ਕਰਤਾਰ ਸਿੰਘ ਨੂੰ ਕਾਰ ਭੇਟ ਕੀਤੀ ਗਈ। ਉਸ ਸਾਲ ਸਿਓਲ ਦੀਆਂ ਏਸ਼ਿਆਈ ਖੇਡਾਂ 'ਚੋਂ ਸੋਨ-ਤਮਗ਼ਾ ਜਿਤਣ
ਵਾਲਾ ਉਹ ਇਕੱਲਾ ਭਾਰਤੀ ਮਰਦ ਸੀ। ਜਦੋਂ ਉਹ ਏਸ਼ੀਆ ਦਾ ਚੈਂਪੀਅਨ ਬਣ ਕੇ ਚੰਡੀਗੜ੍ਹ ਮੁੜਿਆ ਤਾਂ
ਪੰਜਾਬ ਦੀ ਕੈਬੀਨਿਟ ਨੇ ਉਹਦਾ ਖੜ੍ਹੇ ਹੋ ਕੇ ਸਵਾਗਤ ਕੀਤਾ। ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ
ਨੇ ਲੁਧਿਆਣੇ ਉਹਨੂੰ ਕਾਰ ਦੀਆਂ ਚਾਬੀਆਂ ਸੌਂਪੀਆਂ ਅਤੇ ਦਰਸ਼ਕਾਂ ਦੀ ਮੰਗ ਉਤੇ ਕਰਤਾਰ ਸਿੰਘ ਨੇ ਕਾਰ
'ਤੇ ਚੜ੍ਹ ਕੇ ਗੁਰੂ ਨਾਨਕ ਸਟੇਡੀਅਮ ਦਾ ਚੱਕਰ ਲਾਇਆ।
1978 'ਚ ਉਹ ਬੀ. ਐੱਸ. ਐੱਫ. ਵਿਚ ਬਤੌਰ ਇੰਸਪੈਕਟਰ ਭਰਤੀ ਹੋ ਗਿਆ ਸੀ। ਪਹਿਲਾਂ ਉਸ ਨੇ ਪਹਿਲਵਾਨ
ਦਾਰਾ ਸਿੰਘ ਨੂੰ ਉਸਤਾਦ ਧਾਰਿਆ ਜਿਸ ਨੇ ਪਿਛੋਂ ਉਸ ਨੂੰ ਗੁਰੂ ਹਨੂਮਾਨ ਜੀ ਦੇ ਲੜ ਲਾ ਦਿੱਤਾ। ਗੁਰੂ
ਹਨੂਮਾਨ ਦੇ ਅਖਾੜੇ ਵਿਚ ਉਸ ਨੇ ਕਈ ਸਾਲ ਮਿਹਨਤ ਕੀਤੀ। ਉਥੇ ਹੀ ਸਾਡਾ ਪਹਿਲੀ ਵਾਰ ਮੇਲ ਹੋਇਆ ਸੀ।
ਸਵੇਰੇ ਸਵੇਰੇ ਗੱਡੀਓਂ ਉੱਤਰ ਕੇ ਮੈਂ ਦਿੱਲੀ ਗੁਰੂ ਹਨੂਮਾਨ ਦੇ ਅਖਾੜੇ ਗਿਆ ਸਾਂ। ਅਖਾੜੇ ਦਾ ਦਰ
ਨੀਵਾਂ ਸੀ। ਨਿਓਂ ਕੇ ਲੰਘਣ ਸਾਰ ਮੈਨੂੰ ਘੋਨ ਮੋਨ ਪਹਿਲਵਾਨਾਂ ਦੀਆਂ ਟੋਲੀਆਂ ਨਜ਼ਰੀਂ ਆਈਆਂ। ਤੰਗ
ਜਿਹਾ ਹਾਤਾ ਭਲਵਾਨਾਂ ਨਾਲ ਭਰਿਆ ਪਿਆ ਸੀ। ਅਲੂੰਏਂ ਪੱਠੇ ਕੂੰਡਿਆਂ ਵਿਚ ਸ਼ਰਦਾਈਆਂ ਰਗੜ ਰਹੇ ਸਨ।
ਕਿਧਰੇ ਡੰਡ ਬੈਠਕਾਂ ਲੱਗ ਰਹੀਆਂ ਸਨ ਤੇ ਕਿਧਰੇ ਮੱਲਾਂ ਦੇ ਜੋੜ ਅਖਾੜੇ ਦੀ ਮਿੱਟੀ ਵਿਚ ਮਿੱਟੀ ਹੋਏ
ਪਏ ਸਨ। ਕੁਝ ਪਹਿਲਵਾਨ ਬਾਹਾਂ ਦੇ ਜ਼ੋਰ ਰੱਸੇ ਉਤੇ ਚੜ੍ਹਨ ਦੀਆਂ ਕਸਰਤਾਂ ਕਰ ਰਹੇ ਸਨ ਤੇ ਕੁਝ ਅੰਦਰ
ਗੱਦੇ ਉਤੇ ਕੁਸ਼ਤੀ ਦੇ ਨਵੇਂ ਦਾਅ ਪੇਚ ਸਿੱਖ ਰਹੇ ਸਨ। ਸਾਰਾ ਅਖਾੜਾ ਮੁੜ੍ਹਕੇ ਵਿਚ ਭਿੱਜਿਆ ਪਿਆ ਸੀ
ਜਿਸ 'ਚੋਂ ਹੁੰਮਸ ਭਰੀ ਤੇਲੀਆ ਮਹਿਕ ਉਠ ਰਹੀ ਸੀ।
ਗੁਰੂ ਹਨੂਮਾਨ ਦੀ ਉਹ ਅਨੋਖੀ ਟਕਸਾਲ ਸੀ ਜਿਥੇ ਹੱਡ ਮਾਸ ਦੇ ਜੁੱਸੇ ਫੌਲਾਦ ਵਰਗੇ ਬਣਾਏ ਜਾ ਰਹੇ ਸਨ।
ਮੈਂ ਗੁਰੂ ਜੀ ਨੂੰ ਨਮਸਕਾਰ ਕੀਤੀ ਤੇ ਕਰਤਾਰ ਸਿੰਘ ਬਾਰੇ ਪੁਛਿਆ। ਉਨ੍ਹਾਂ ਨੇ ਮੈਨੂੰ ਬੈਂਚ ਉਤੇ
ਬਿਠਾ ਕੇ ਇਕ ਮੁੰਡੇ ਨੂੰ ਦੁੱਧ ਦਾ ਗਲਾਸ ਲਿਆਉਣ ਲਈ ਕਿਹਾ ਤੇ ਪੁੱਛਣ ਲੱਗੇ, ''ਕਿਆ ਆਪ ਕਰਤਾਰ
ਸਿੰਘ ਕੇ ਭਾਈ ਹੈਂ?"
ਜਦੋਂ ਮੈਂ ਦੱਸਿਆ ਕਿ ਮੈਨੂੰ ਖੇਡਾਂ ਤੇ ਖਿਡਾਰੀਆਂ ਬਾਰੇ ਲਿਖਣ ਦਾ ਸ਼ੌਕ ਹੈ ਤਾਂ ਉਨ੍ਹਾਂ ਨੇ ਮੈਨੂੰ
ਕਰਤਾਰ ਸਿੰਘ ਦੀਆਂ ਗੱਲਾਂ ਦੱਸਣੀਆਂ ਸ਼ੁਰੂ ਕਰ ਦਿੱਤੀਆਂ। ਕਰਤਾਰ ਅਸਲ ਵਿਚ ਉਦੋਂ ਗੱਦੇ ਉਤੇ ਆਪਣੇ
ਕੋਚ ਕੋਲੋਂ ਕੁਝ ਸਿੱਖ ਰਿਹਾ ਸੀ ਤੇ ਗੁਰੂ ਜੀ ਉਹਦੀ ਸਿਖਲਾਈ ਵਿਚ ਵਿਘਨ ਨਹੀਂ ਸਨ ਪਾਉਣਾ ਚਾਹੁੰਦੇ।
ਉਹਦੇ ਵਿਹਲੇ ਹੋਣ ਤਕ ਉਨ੍ਹਾਂ ਨੇ ਮੈਨੂੰ ਗੱਲਾਂ ਬਾਤਾਂ ਨਾਲ ਪਰਚਾਈ ਰੱਖਿਆ। ਇਸ ਦੌਰਾਨ ਉਨ੍ਹਾਂ
ਨੇ ਕਰਤਾਰ ਦੀ ਸਾਦਗੀ, ਨਿਮਰਤਾ, ਨੇਕਚਲਣੀ, ਭਲਮਾਣਸੀ ਤੇ ਭਲਵਾਨੀ ਲਗਨ ਦੀਆਂ ਗੱਲਾਂ ਕੀਤੀਆਂ।
ਅੱਧੇ ਕੁ ਘੰਟੇ ਬਾਅਦ ਕਰਤਾਰ ਸਿੰਘ ਅੰਦਰੋਂ ਬਾਹਰ ਆਇਆ ਤਾਂ ਉਹਦਾ ਗੋਰਾ ਬਦਨ ਪਸੀਨੇ ਵਿਚ ਤਰ ਸੀ
ਤੇ ਭਖਿਆ ਹੋਇਆ ਸੂਹੀ ਭਾਅ ਮਾਰ ਰਿਹਾ ਸੀ। ਉਦਣ ਸਾਰਾ ਦਿਨ ਮੈਂ ਕਰਤਾਰ ਕੋਲ ਰਿਹਾ ਤੇ ਬੜੀਆਂ
ਖੁੱਲ੍ਹ ਕੇ ਗੱਲਾਂ ਹੋਈਆਂ। ਉਹਦਾ ਬਚਪਨ ਆਮ ਕਿਸਾਨ ਮੁੰਡਿਆਂ ਵਾਂਗ ਸਕੂਲੇ ਜਾਂਦਿਆਂ ਤੇ ਡੰਗਰ
ਚਾਰਦਿਆਂ ਲੰਘਿਆ ਸੀ। ਉਹਦੇ ਅੰਦਰ ਛੁਪੇ ਬੈਠੇ ਰੁਸਤਮ ਦਾ ਉਦੋਂ ਕਿਸੇ ਨੂੰ ਖ਼ਾਬ ਖਿਆਲ ਨਹੀਂ ਸੀ।
ਸਾਡੇ ਹੁਣ ਦੇ ਬੱਚਿਆਂ ਅੰਦਰ ਕੀ ਕੁਝ ਛੁਪਿਆ ਹੋਇਆ ਹੈ ਇਹਦਾ ਵੀ ਸਾਨੂੰ ਕਿੰਨਾ ਕੁ ਪਤਾ ਹੈ?
ਕਰਤਾਰ ਸਿੰਘ ਨੇ ਪਿੰਡੋਂ ਦਸ ਪੜ੍ਹ ਕੇ ਖ਼ਾਲਸਾ ਕਾਲਜ ਅੰਮ੍ਰਿਤਸਰ ਵਿਚ ਦਾਖਲਾ ਲੈ ਲਿਆ ਸੀ। ਪੜ੍ਹਾਈ
ਵਿਚੇ ਛੱਡ ਕੇ ਉਹ ਕੁਲਵਕਤੀ ਪਹਿਲਵਾਨ ਬਣ ਗਿਆ ਤੇ ਪਹਿਲਵਾਨੀ ਦੇ ਸਿਰ 'ਤੇ ਨੌਕਰੀ ਲੈਣ ਪਿਛੋਂ
ਤਰੱਕੀਆਂ ਕਰਦਾ ਪੰਜਾਬ ਪੁਲਿਸ ਦਾ ਐੱਸ. ਐੱਸ. ਪੀ. ਬਣਿਆਂ। ਫਿਰ ਉਹ ਪੰਜਾਬ ਦੇ ਖੇਡ ਵਿਭਾਗ ਦਾ
ਡਾਇਰੈਕਟਰ ਰਿਹਾ। ਹੁਣ ਉਹ ਡੀ. ਆਈ. ਜੀ. ਬਣਨ ਵਾਲਾ ਹੈ। ਉਹਦੀਆਂ ਖੇਡ ਪ੍ਰਾਪਤੀਆਂ ਸਦਕਾ ਪੰਜਾਬ
ਸਰਕਾਰ ਨੇ ਉਸ ਨੂੰ ਮਹਾਰਾਜਾ ਰਣਜੀਤ ਸਿੰਘ ਅਵਾਰਡ ਅਤੇ ਭਾਰਤ ਸਰਕਾਰ ਨੇ ਪਦਮ ਸ੍ਰੀ ਤੇ ਅਰਜਨਾ
ਅਵਾਰਡ ਨਾਲ ਸਨਮਾਨਿਆ ਹੈ।
ਉਸ ਨੇ ਪਿੰਡਾਂ ਦੀਆਂ ਛਿੰਝਾਂ ਦੇ ਅਖਾੜਿਆਂ ਤੋਂ ਕੁਸ਼ਤੀ ਮੁਕਾਬਲੇ ਸ਼ੁਰੂ ਕੀਤੇ ਸਨ ਤੇ ਰਵਾਇਤੀ ਦਾਅ
ਢਾਕ ਮਾਰਨਾ, ਹਫ਼ਤਾ ਚਾੜ੍ਹਨਾ, ਧੋਬੀ ਪਾਟ, ਨਕਾਲ, ਬਗਲ ਡੁੱਬ, ਗਾਧਾਲੋਟ, ਪੁਠੀ ਸਿਧੀ ਸਾਲਤੋ ਤੇ
ਮੋੜਾ ਮਾਰਨ ਦੀ ਮੁਹਾਰਤ ਹਾਸਲ ਕੀਤੀ ਸੀ। ਬਾਅਦ ਵਿਚ ਉਸ ਨੇ ਗੱਦੇ ਦੇ ਦਾਅ ਭਾਰਨਦਾਜ, ਪੱਟ ਖਿਚਣਾ,
ਫਿਤਲੇ ਤੇ ਟੰਗੀ ਆਦਿ ਵੀ ਸਿੱਖੇ ਤੇ ਰਵਾਂ ਕੀਤੇ।
ਕਰਤਾਰ ਹੋਰੀ ਪੰਜ ਭਾਈ ਹਨ। ਤਿੰਨਾਂ ਨੇ ਕੁਸ਼ਤੀ ਨੂੰ ਪੇਸ਼ੇ ਵਜੋਂ ਅਪਨਾਇਆ। ਗੁਰਚਰਨ ਸਿੰਘ ਕੁਸ਼ਤੀ
ਦਾ ਕੋਚ ਹੈ ਤੇ ਸਰਵਣ ਸਿੰਘ ਕੁਸ਼ਤੀ ਦਾ ਨੈਸ਼ਨਲ ਚੈਂਪੀਅਨ। ਉਨ੍ਹਾਂ ਦਾ ਭਤੀਜਾ ਰਣਧੀਰ ਸਿੰਘ ਧੀਰਾ
ਕੁਸ਼ਤੀ ਦਾ ਜੂਨੀਅਰ ਵਰਲਡ ਚੈਂਪੀਅਨ ਤੇ ਅਰਜਨਾ ਅਵਾਰਡੀ ਹੈ। ਕਰਤਾਰ ਸਿੰਘ ਦਾ ਵਿਆਹ 1985 ਵਿਚ ਬੀਬੀ
ਗੁਰਿੰਦਰ ਕੌਰ ਨਾਲ ਹੋਇਆ ਸੀ ਤੇ ਉਨ੍ਹਾਂ ਦੇ ਇਕ ਬੇਟਾ ਤੇ ਦੋ ਬੇਟੀਆਂ ਹਨ। ਹੁਣ ਉਨ੍ਹਾਂ ਦਾ ਪੱਕਾ
ਟਿਕਾਣਾ ਜਲੰਧਰ ਵਿਚ ਹੈ।
ਉਹ ਮਿੱਟੀ ਦੇ ਅਖਾੜੇ, ਓਲੰਪਿਕ ਸਟਾਈਲ ਤੇ ਫਰੀ ਸਟਾਈਲ ਤਿੰਨੇ ਕਿਸਮਾਂ ਦੀਆਂ ਕੁਸ਼ਤੀਆਂ ਦਾ ਮਾਹਿਰ
ਹੈ। ਉਸ ਨੇ 1973 ਤੋਂ ਲੈ ਕੇ 2008 ਤਕ ਕੁਲ ਦੁਨੀਆਂ ਗਾਹੀ ਹੈ ਤੇ ਸੈਂਕੜੇ ਕੁਸ਼ਤੀਆਂ ਲੜੀਆਂ ਹਨ।
ਕਿਸੇ ਪਹਿਲਵਾਨ ਵੱਲੋਂ ਏਨਾ ਲੰਮਾ ਸਮਾਂ ਸਰਗਰਮ ਪਹਿਲਵਾਨ ਰਹਿਣ ਦਾ ਇਹ ਅਨੋਖਾ ਰਿਕਾਰਡ ਹੈ। ਉਹ
ਹਾਲੇ ਵੀ ਜੂਝ ਰਿਹਾ ਹੈ।
ਉਹਦੇ ਗਰਾਂਈਂ ਤੇ ਪੰਜਾਬੀ ਦੇ ਪ੍ਰਸਿਧ ਲੇਖਕ ਵਰਿਆਮ ਸਿੰਘ ਸੰਧੂ ਨੇ ਉਹਦੀ ਜੀਵਨੀ ਲਿਖੀ ਹੈ-ਕੁਸ਼ਤੀ
ਦਾ ਧਰੂ ਤਾਰਾ। ਉਹਨੂੰ ਪੜ੍ਹਨ ਨਾਲ ਪਹਿਲਵਾਨ ਦੇ ਮਨ ਤੇ ਜੁੱਸੇ ਦੀਆਂ ਅਨੇਕਾਂ ਪਰਤਾਂ ਦੇ ਦਰਸ਼ਨ
ਹੁੰਦੇ ਹਨ। ਉਹ ਪੰਜਾਬੀਆਂ ਦਾ ਮਾਣ ਹੈ ਤੇ ਭਾਰਤ ਦੀ ਸ਼ਾਨ। ਸ਼ਾਲਾ! ਉਹ ਹਮੇਸ਼ਾ ਚੜ੍ਹਦੀ ਕਲਾ 'ਚ ਰਹੇ।