ਕੀ ਪੰਥ ਤੇ ਪੰਜਾਬ ਨੂੰ ਸਹੀ ਸੋਚ ਦਾ ਲੀਡਰ ਮਿਲ ਸਕੇਗਾ ?

ਕੁਲਦੀਪ ਸਿੰਘ


ਥੱਕ ਹਾਰ ਕੇ ਹਮ ਚੂਰ ਹੋ ਗਏ,
ਮੰਜ਼ਿਲੇਂ ਉਨ ਕੋ ਮਿਲੀ ਜੋ ਸ਼ਰੀਕੇ ਹਮਸਫਰ ਨਾ ਥੇ।
ਪੰਥਕ ਸਰਕਾਰ ਖੁਸ਼ਹਾਲ ਪੰਜਾਬ, ਵਾਅਦਿਆਂ ਦੀਆਂ ਝੜੀਆਂ, ਲਾਰਿਆਂ ਦੇ ਗੱਫੇ, ਖਜ਼ਾਨਾ ਖਾਲੀ ਨਵੇਂ-ਨਵੇਂ ਪ੍ਰੋਜੈਕਟ ਸ਼ੁਰੂ, ਮੈਟਰੋ ਵਰਗੀਆਂ ਸਹੂਲਤਾਂ ਦੇ ਸੁਪਨੇ, ਮੁੱਖ ਮੰਤਰੀ ਤੇ ਹੋਰ ਲੀਡਰਾਂ ਦੇ ਹੋ ਰਹੇ ਨੇ ਨਿੱਤ ਸਨਮਾਨ, ਤੇ ਪੰਜਾਬ ਵਾਸੀਆਂ ਦੀ ਜਿੰਦਗੀ ਬਣ ਰਹੀ ਹੈ ਸ਼ਮਸ਼ਾਨ।ਪਰ ਤੇਜ਼ ਤਰਾਰ ਜ਼ਿੰਦਗੀ ਵਿਚ ਜਦੋਂ ਆਮ ਆਦਮੀ ਕੋਲੋਂ ਆਪਣਾ ਰੋਟੀ ਦਾ ਮਸਲਾ ਹੱਲ ਵੀ ਨਾ ਹੁੰਦਾ ਹੋਵੇ, ਤੇ ਹਰ ਕੋਈ ਜੂਝ ਰਿਹਾ ਹੋਵੇ ਜਿੰਦਗੀ ਦੇ ਚੈਨ ਨੂੰ ਫਿਰ ਉਸ ਰਾਜ ਨੂੰ ਕੀ ਨਾਂ ਦੇਈਏ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਾਂ ਸਰਬੱਤ ਦੇ ਭਲੇ ਦੀ ਧਾਰਨੀ ਕੌਮ ਦਾ ਰਾਜ ਜਾਂ ਫਿਰ ਇਕ ਨਵੀਂ ਕਿਸਮ ਦਾ ਰਾਜ ਜਿਸ ਦੀ ਮਿਸਾਲ ਦੁਨੀਆਂ ਵਿਚ ਕਿਤੇ ਨਾ ਮਿਲਦੀ ਹੋਵੇ। ਧਰਮ ਦੀ ਬਿਨਾਹ ਤੇ ਪ੍ਰਾਪਤ ਕੀਤਾ ਰਾਜ ਜਿਸ ਵਿਚ ਧਰਮ ਦੇ ਪੈਰੋਕਾਰ ਹੀ ਆਪਸ ਵਿਚ ਲੜੀ ਜਾਣ ਤੇ ਕੌਮ ਨੂੰ ਸੁਨਾਉਣ ਵਾਲੇ ਹੁਕਮਨਾਮਿਆਂ ਤੇ ਵੀ ਇਕ ਰਾਏ ਨਾ ਹੋਵੇ ਤੇ ਸਿੱਖ ਪੰਥ ਦੀ ਸਾਂਭ ਸੰਭਾਲ ਲਈ ਕਾਇਮ ਦੁਨੀਆਂ ਦੇ ਨਕਸ਼ੇ ਤੇ ਭਾਰਤੀ ਚੋਣ ਪ੍ਰਣਾਲੀ ਤੋਂ ਮਾਨਤਾ ਪ੍ਰਾਪਤ ਜੱਥੇਬੰਦੀ ਜਿਸ ਦੇ ਮੁਲਾਜ਼ਮਾਂ ਦੀਆਂ ਅਜਿਹੀਆਂ ਅਸ਼ਲੀਲ ਤਸਵੀਰਾਂ ਮੀਡੀਏ ਦਾ ਸ਼ਿੰਗਾਰ ਬਨਣ । ਕੀ ਅਜਿਹਾ ਰਾਜ ਲੋਕ ਸਹਿਣ ਕਰ ਸਕਣਗੇ ? ਧੰਨ ਜਿਗਰਾ ਹੈ ਇਹਨਾਂ ਸਭ ਹਰਕਤਾਂ ਕਰਨ ਵਾਲਿਆਂ ਦਾ ਤੇ ਧੰਨ ਜਿਗਰਾ ਹੈ ਇਹਨਾਂ ਸਭ ਹਰਕਤਾਂ ਸਹਿਣ ਵਾਲਿਆਂ ਦਾ। ਇਕ ਪਾਸੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਦਰਬਾਰ ਸਾਹਿਬ ਵਿਚ ਲਗਾਉਣ ਤੋਂ ਬਾਅਦ ਉਹਨਾਂ ਦੀ ਤਸਵੀਰ ਘਰ-ਘਰ ਲਗਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ ਤੇ ਦੂਜੇ ਪਾਸੇ ਸਭ ਕੁੱਝ ਉਹਨਾਂ ਦੀ ਸੋਚ ਦੇ ਉਲਟ ਹੋ ਰਿਹਾ ਹੈ। ਪੰਥ ਦੇ ਵਾਰਸੋ ਥੌੜ੍ਹੀ ਸ਼ਰਮ ਖਾਓ ਕਿ ਜਿਸ ਮਹਾਨ ਸ਼ਖਸ਼ੀਅਤ ਦੀ ਤਸਵੀਰ ਨੂੰ ਤੁਸੀਂ ਨਤਮਸਤਕ ਹੋਣ ਜਾ ਰਹੇ ਹੋ, ਥੋੜ੍ਹਾ ਜਿਹਾ ਤਾਂ ਉਹਨਾਂ ਦੀ ਸੋਚ ਤੇ ਪੂਰਾ ਉਤਰੋ। ਕਿੱਥੇ ਗਏ ਉਹ ਯੋਧੇ ਜੋ ਪੰਥ ਦੋਖੀਆਂ ਦਾ ਅਰਦਾਸਾ ਸੋਧਦੇ ਸਨ ਤੇ ਅੱਜ ਸ਼ਰੇਆਮ ਪੰਥ ਦੋਖੀਆਂ ਦੀ ਪਿੱਠ ਠੋਕੀ ਜਾ ਰਹੀ ਹੈ।
ਪੰਥਕ ਸਰਕਾਰ ਦੇ ਲੀਡਰੋ ਆਪਣੇ ਨਾਲ ਅੱਜ ਤੋਂ ਚੰਦ ਸਾਲ ਪਹਿਲਾਂ ਜੁੜੇ ਉਹਨਾਂ ਜੱਥੇਦਾਰਾਂ ਜਾਂ ਯੋਧਿਆਂ ਦੀ ਜਿੰਦਗੀ ਵੱਲ ਝਾਤੀ ਮਾਰੋ ਕਿ ਉਹਨਾਂ ਦੀ ਚਮਕਦੀ ਸ਼ਾਨੋਸ਼ੋਕਤ ਕੀ ਵਾਕਿਆ ਹੀ ਹੱਕ ਸੱਚ ਦੀ ਕਮਾਈ ਤੇ ਨਿਰਭਰ ਹੈ ? ਜਿਹੜੀ ਕੌਮ ਦੇ ਵਾਰਸ ਆਪਣੇ ਧਰਮ ਦੇ ਲੋਕਾਂ ਨੂੰ ਬਰਾਬਰਤਾ ਪ੍ਰਦਾਨ ਨਹੀਂ ਕਰ ਸਕਦੇ ਉਹ ਆਮ ਲੋਕਾਂ ਦਾ ਭਲਾ ਕੀ ਕਰ ਸਕਣਗੇ ? ਅਫਸੋਸ ਤਾਂ ਇਸ ਗੱਲ ਦਾ ਹੈ ਕਿ ਇਹਨਾਂ ਨੇਤਾਵਾਂ ਦੀ ਮਾਨਸਿਕਤਾ ਤਾਂ ਮਰ ਚੁੱਕੀ ਹੈ ਕਿ ਉਹ ਹਰਾਮ ਦੀ ਕਮਾਈ ਤੇ ਐਸ਼ ਪ੍ਰਸਤੀ ਦੇ ਅਹਿਮ ਨਜ਼ਾਰਿਆਂ ਨੂੰ ਅਪਨਾਉਣ ਲੱਗਿਆਂ ਉਹਨਾਂ ਗੁਰੂਆਂ ਦੀਆਂ ਸਿਖਿਆਵਾਂ ਨੂੰ ਰਤਾ ਭਰ ਵੀ ਯਾਦ ਨਹੀਂ ਕਰਦੇ ਕਿ ਸਾਡੇ ਗੁਰੂਆਂ ਨੇ ਸਾਨੂੰ ਕੀ ਸਿਖਿਆ ਦਿੱਤੀ ਸੀ ? ਜਾਂ ਫਿਰ ਉਹਨਾਂ ਦੀ ਸੋਚ ਇਹ ਹੈ ਕਿ ਕਮਾਈ ਭਾਵੇਂ ਜਿਸ ਤਰ੍ਹਾਂ ਦੀ ਮਰਜ਼ੀ ਹੋਵੇ ਉਸ ਵਿਚੋਂ ਦਸਵੰਧ ਕੱਢ ਦਿਓ ਸਭ ਜਾਇਜ਼ ਹੈ। ਅਫਸੋਸ ਕਰੀਏ ਜਾਂ ਫਿਰ ਵਾਰੇ ਜਾਈਏ ਉਹਨਾਂ ਲੀਡਰਾਂ ਦੇ ਜੋ ਦੋਵੇਂ ਹੱਥੀਂ ਆਪਣੇ ਪੰਥ ਅਤੇ ਪੰਜਾਬ ਨੂੰ ਲੁੱਟ ਰਹੇ ਹਨ ਤੇ ਇਕ ਹੀ ਕੌਮ ਦੇ ਧਾਰਨੀ ਕੁੱਝ ਤਾਂ ਰੋਟੀਓਂ ਵੀ ਭੁੱਖੇ ਮਰ ਰਹੇ ਹਨ ਤੇ ਕੁੱਝ ਬਿਨਾਂ ਕੁੱਝ ਕੀਤਿਆਂ ਹੀ ਛੱਕ ਰਹੇ ਹਨ ਚੌਪੜੀਆਂ। ਕੀ ਸ੍ਰ: ਬਾਦਲ ਇਸ ਗੱਲ ਦਾ ਵਿਸ਼ਲੇਸ਼ਣ ਕਰਨਗੇ ਕਿ ਬੀਤੇ ਦਸ ਸਾਲਾਂ ਦੌਰਾਨ ਹੀ ਉਹਨਾਂ ਦੇ ਨਾਲ ਜੁੜੇ ਚੰਦ ਲੀਡਰਾਂ ਦੀ ਜਿੰਦਗੀ ਪਹਿਲਾਂ ਕੀ ਸੀ ਤੇ ਹੁਣ ਕੀ ਹੈ ? ਜਦ ਤੱਕ ਭ੍ਰਿਸ਼ਟਾਚਾਰੀ ਦਾ ਕੋਹੜ ਆਪਣਿਆਂ ਵਿਚੋਂ ਖਤਮ ਨਹੀਂ ਹੋ ਜਾਂਦਾ ਤਦ ਤੱਕ ਦੂਸਰਿਆਂ ਦੇ ਵਿਚੋਂ ਕਿਵੇਂ ਖਤਮ ਕਰ ਸਕਾਂਗੇ ?
ਇਕ ਪਾਸੇ ਅੱਜ ਮੁੱਖ ਮੰਤਰੀਆਂ ਦੀ ਮੀਟਿੰਗ ਵਿਚ ਸਾਰੇ ਭਾਰਤ ਦੇ ਮੁੱਖ ਮੰਤਰੀ ਮੰਨ ਚੁੱਕੇ ਹਨ ਕਿ ਦੇਸ਼ ਧਰੋਹੀ ਦੀਆਂ ਸਕੀਮਾਂ ਜਾਂ ਅੱਤਵਾਦ ਦੇ ਪੈਂਤੜੇ ਉਦੋਂ ਹੀ ਚੰਦ ਲੋਕ ਅਪਣਾਉਂਦੇ ਹਨ ਜਦੋਂ ਬੇਰੁਜਗਾਰੀ ਤੇ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋਣ ਤੇ ਦੂਜੇ ਪਾਸੇ ਇਸ ਸਮੱਸਿਆ ਦੇ ਸਮਾਧਾਨ ਦਾ ਕੋਈ ਹੱਲ ਵੀ ਨਹੀਂ ਲੱਭਿਆ ਜਾ ਰਿਹਾ ਹੈ। ਲਾਹਨਤ ਹੈ ਇਹੋ ਜਿਹੇ ਰਾਜ ਤੇ ਜੋ ਰਾਜ ਆਪਣੇ ਲੋਕਾਂ ਨੂੰ ਉਹਨਾਂ ਦੀ ਕਮਾਈ ਦੀ ਬਣਦੀ ਸਰਕਾਰੀ ਪੱਧਰ ਦੀ ਉਜਰਤ ਹੀ ਨਾ ਪੱਲੇ ਪਾ ਸਕੇ। ਜੋ ਰਾਜ ਆਪਣੇ ਰਾਜ ਦੇ ਲੋਕਾਂ ਨੂੰ ਸਰਕਾਰੀ ਤੌਰ ਤੇ ਚੰਗੀ ਪੜ੍ਹਾਈ ਜਾਂ ਚੰਗੀਆਂ ਸਿਹਤ ਸਹੂਲਤਾਂ ਹੀ ਪ੍ਰਦਾਨ ਨਾ ਕਰ ਸਕੇ। ਲੋਕਤੰਤਰ ਦੀ ਉਪਜ 'ਚੋੰਂ ਨਿਕਲਿਆ ਰਾਜ ਦਾ ਮੁੱਖੀ ਤੇ ਉਸਦੇ ਟੋਲੇ ਦੇ ਧਾਰਨੀ ਜੇ ਆਪਣੀ ਹੀ ਜਨਤਾ ਦੇ ਵਿਚ ਵੱਡੀਆਂ ਗਾਰਦਾਂ ਦੀ ਹਰੜ ਤੋਂ ਬਿਨਾਂ ਨਹੀਂ ਵਿਚਰ ਸਕਦੇ ਤਾਂ ਫਿਰ ਉਹ ਕਾਹਦੇ ਰਾਜੇ ਹਨ ਉਹ ਤਾਂ ਇਕ ਸੰਗੀਨਾਂ ਦੀ ਛਾਵੇਂ ਗੁਲਾਮ ਹਨ ਜੋ ਰੋਜ਼ਾਨਾ ਲੋਕਾਂ ਸਾਹਮਣੇ ਪੇਸ਼ ਹੋਣ ਲੱਗਿਆਂ ਵੀ ਡਰਦੇ ਹਨ ਕਿ ਕੋਈ ਉਹਨਾਂ ਨੂੰ ਮਾਰ ਨਾ ਜਾਵੇ। ਜੇ ਉਹ ਲੋਕਾਂ ਦੇ ਹਨ ਤੇ ਲੋਕਾਂ ਲਈ ਜੀਅ ਰਹੇ ਹਨ ਤੇ ਆਪਣਾ ਦਿਨ ਰਾਤ ਲੋਕਾਂ ਦੀ ਸੇਵਾ ਵਿਚ ਜੁਟਾ ਰਹੇ ਹਨ ਤਾਂ ਫਿਰ ਉਹਨਾਂ ਨੂੰ ਲੋਕਾਂ ਤੋਂ ਹੀ ਖਤਰਾ ਕਿਉਂ ? ਪਰ ਉਹ ਕਦੇ ਇਸ ਗੱਲ ਨੂੰ ਕਬੂਲ ਨਹੀਂ ਕਰਦੇ ਕਿ ਉਹ ਇਹ ਸਭ ਡਰ ਭੈਅ ਧਾਰਨ ਕਰੀ ਬੈਠੇ ਹਨ ਕਾਣੀ ਵੰਡ ਦੇ ਕਾਰਨ ? ਕਿਉਂ ਉਠਦਾ ਹੈ ਅੱਤਵਾਦ ਤੇ ਕਿਉਂ ਤੁਰਦਾ ਹੈ ਕੋਈ ਆਪਣੀ ਜਿੰਦਗੀ ਨੂੰ ਬਰਬਾਦ ਕਰਨ ਵੱਲ ਅਜਿਹੇ ਹਜ਼ਾਰਾਂ ਸਵਾਲ ਨੌਜਵਾਨ ਮਾਨਸਿਕਤਾ ਨਾਲ ਖਿਲਵਾੜ ਕਰਦੇ ਹਨ ਤੇ ਕਈ ਲੋਕ ਕਿਸੇ ਚੰਗੇ ਸੁਧਾਰ ਕਰਨ ਦੇ ਉਪਰਾਲੇ ਵੱਲ ਸੇਧਿਤ ਹੋ ਬੰਦੂਕ ਦਾ ਰਸਤਾ ਚੁਣ ਲੈਂਦੇ ਹਨ ? ਪਰ ਅਫਸੋਸ ਹੁੰਦਾ ਹੈ ਉਹਨਾਂ ਨੌਜਵਾਨਾਂ ਦੀ ਸੋਚ ਤੇ ਕਿ ਉਹ ਕੁੱਝ ਕਰਨ ਤੋਂ ਪਹਿਲਾਂ ਰਤੀ ਭਰ ਵੀ ਵਿਸ਼ਲੇਸ਼ਣ ਨਹੀਂ ਕਰ ਸਕਦੇ ਕਿ ਉਹ ਜੋ ਕੁੱਝ ਵੀ ਕਰਨ ਜਾ ਰਹੇ ਹਨ ਆਖਿਰ ਉਸ ਦਾ ਫਾਇਦਾ ਕੀ ਹੈ ਤੇ ਨੁਕਸਾਨ ਕੀ ? ਉਹਨਾਂ ਨੂੰ ਸਹੂਲਤਾਂ ਮੁਹੱਈਆ ਕਰਾਉਣ ਵਾਲੇ ਸਰਹੱਦੋਂ ਪਾਰ ਬੈਠੇ ਵੀ ਉਹਨਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਤੋਂ ਇਲਾਵਾ ਹੋਰ ਕੁੱਝ ਨਹੀਂ ਕਰਨ ਦੇ ਇਰਾਦੇ ਰੱਖਦੇ। ਇਹਨਾਂ ਹੀ ਇਰਾਦਿਆਂ ਦੀ ਤਹਿਤ ਬੀਤੇ ਦਿਨੀਂ ਇਕ ਖੌਫਨਾਕ ਹਾਦਸਾ ਜੋ ਕਿ ਸ਼ਿੰਗਾਰ ਸਿਨੇਮਾ ਬੰਬ ਕਾਂਡ ਦੇ ਨਾਂ ਨਾਲ ਜਾਣਿਆ ਗਿਆ ਹੈ ਤੇ ਜਿਸ ਵਿਚ ਕਈ ਮਾਸੂਮ ਜਿੰਦੜੀਆਂ ਅਜਾਈਂ ਮੌਤ ਮਰੀਆਂ ਤੇ ਕਈਆਂ ਨੇ ਝੱਲੀ ਗਹਿਰੇ ਜ਼ਖਮਾਂ ਦੀ ਤਾਬ। ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਆਖਿਰ ਇਸ ਬੰਬ ਕਾਂਡ ਨੂੰ ਕਰਨ ਵਾਲਿਆਂ ਤੇ ਕਰਵਾਉਣ ਵਾਲਿਆਂ ਨੂੰ ਕੀ ਲਾਭ ਹੋਇਆ ? ਜੇਕਰ ਮਾਸੂਮ ਲੇਬਰ ਤਬਕੇ ਨੂੰ ਮਾਰ ਕੇ ਤੇ ਇਸਦੀ ਦਹਿਸ਼ਤ ਬਦਲੇ ਪੰਜਾਬ ਵਿਚੋਂ ਪ੍ਰਵਾਸੀ ਲੇਬਰ ਨੂੰ ਭਜਾ ਕੇ ਕੋਈ ਪੰਜਾਬੀਆਂ ਦੀ ਸਮੱਸਿਆ ਦਾ ਹੱਲ ਨਿਕਲਦਾ ਹੁੰਦਾ ਤਾਂ ਅੱਜ ਤੋਂ ਦੋ ਦਹਾਕੇ ਪਹਿਲਾਂ ਚਲਿਆ ਸੰਘਰਸ਼ ਪੰਜਾਬੀਆਂ ਦਾ ਕਿਸੇ ਤਰ੍ਹਾਂ ਦਾ ਭਲਾ ਕਰਨ ਤੋਂ ਨਾਕਾਮ ਸਾਬਤ ਨਾ ਹੁੰਦਾ। ਜਦਕਿ ਪ੍ਰਤੱਖ ਸਚਾਈ ਹੈ ਕਿ ਉਸ ਸਮੇਂ ਅਜਾਈਂ ਮੌਤ ਤਾਂ ਜੋ ਲੋਕ ਮਾਰੇ ਗਏ ਉਹਨਾਂ ਦੀ ਗਿਣਤੀ ਤਾਂ ਸ਼ਾਇਦ ਲੱਖਾਂ ਵਿਚ ਹੋਵੇ । ਪਰ ਸਿੱਖ ਕੌਮ ਦਾ ਚਾਲੀ ਹਜ਼ਾਰ ਦੇ ਕਰੀਬ ਨੌਜਵਾਨ ਇਸ ਸੰਘਰਸ਼ ਦੀ ਭੇਂਟ ਚੜ੍ਹ ਚੁਕਾ ਹੈ। ਤੇ ਆਪਸੀ ਬਦਲਾਖੌਰੀ ਦੀ ਬਦੌਲਤ ਦਿੱਲੀ ਅਤੇ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿਚ ਸਿੱਖ ਕਤਲੇਆਮ ਰਾਹੀਂ 75 ਹਜ਼ਾਰ ਦੇ ਕਰੀਬ ਸਿੱਖਾਂ ਨੂੰ ਜਿੰਦਾ ਜਲਾਇਆ ਗਿਆ ਤੇ ਅਰਬਾਂ ਰੁਪਏ ਦੀ ਸੰਪਤੀ ਜਲਾਈ ਗਈ ਤੇ ਇਹੀ ਕੁੱਝ ਹੀ ਹਿੰਦੂ-ਮੁਸਲਮਾਨ ਦੀ ਆਪਸੀ ਨਫਰਤ ਦੀ ਅੱਗ ਨੇ ਗੁਜਰਾਤ ਦੇ ਗੋਧਰਾ ਕਾਂਡ ਰਾਹੀਂ ਝੁਲਸਿਆ ਤੇ ਹਾਲੇ ਵੀ ਕਸ਼ਮੀਰ ਵਿਚ ਫਿਰਕੂ ਆਗੂ ਨਿੱਤ ਦਿਨ ਮਾਸੂਮ ਜਿੰਦਗੀਆਂ ਨੂੰ ਆਪਣੀ ਲਪੇਟ ਵਿਚ ਲੈ ਰਹੀ ਹੈ। ਜਿਸ ਦਿਨ ਤੋਂ ਮਨੁੱਖਤਾ ਹੋਂਦ ਵਿਚ ਆਈ ਹੈ ਇਕ ਬਾਂਦਰ ਖੋਹ ਦੀ ਨੀਤੀ ਨੇ ਅੱਤਵਾਦ ਫਿਰਕਾਪ੍ਰਸਤੀ ਤੇ ਲੁੱਟਾਂ ਖੋਹਾਂ ਦੀ ਵਾਰਦਾਤਾਂ ਨੂੰ ਅੰਜਾਮ ਸਿਰਫ ਇਸ ਲਈ ਦਿੱਤਾ ਹੈ ਕਿ ਲੀਡਰਾਂ ਦੀ ਰਾਜਸੀ ਚੌਧਰ ਕਿਵੇਂ ਕਾਇਮ ਰਹਿ ਸਕੇ ?
ਅੱਜ ਦੂਰ ਨਾ ਜਾਈਏ ਅਗਰ ਸ਼ਿੰਗਾਰ ਸਿਨੇਮਾ ਬੰਬ ਕਾਂਡ ਦੇ ਦੋਸ਼ੀਆਂ ਦੀ ਜਿੰਦਗੀਆਂ ਨੂੰ ਪੜ੍ਹੀਏ ਤਾਂ ਇਹਨਾਂ ਨੌਜਵਾਨਾਂ ਨੇ ਕੀ ਸੋਚ ਕੇ ਇਹ ਹਰਕਤ ਕੀਤੀ ? ਕੀ ਪੈਸੇ ਦਾ ਲਾਲਚ ਧਾਰਮਿਕ ਜਨੂੰਨ, ਬੇਰੁਜ਼ਗਾਰੀ ਦੀ ਅਲਾਮਤ। ਕੀ ਇਹਨਾਂ ਸਭ ਵਿਚੋਂ ਕਿਸੇ ਇਕ ਲਾਲਚ ਦਾ ਸੁੱਖ ਇਹ ਨੌਜਵਾਨ ਹਾਸਲ ਕਰ ਸਕਣਗੇ ? ਆਪਣੇ ਪਰਿਵਾਰਾਂ ਨੂੰ ਜਿੰਦਗੀ ਦੇ ਕਈ ਅਹਿਮ ਸਾਲ ਅਦਾਲਤਾਂ ਦੀਆਂ ਚੌਖਟਾਂ ਤੇ ਮੱਥਾ ਰਗੜਣ ਤੇ ਲੱਖਾਂ ਰੁਪਏ ਵਕੀਲਾਂ ਦੀਆਂ ਫੀਸਾਂ ਭਰਨ ਤੋਂ ਇਲਾਵਾ ਹੋਰ ਕੁੱਝ ਹਾਸਲ ਕਰ ਸਕਣਗੇ। ਬੜੇ ਅਫਸੋਸ ਦੀ ਗੱਲ ਹੈ ਕਿ ਅਨਪੜ੍ਹਤਾ ਕਹੀਏ ਜਾਂ ਫਿਰ ਨਾ ਸਮਝੀ ਜਿਸ ਤੋਂ ਅੱਜ ਦਾ ਨੋਜਵਾਨ ਕੋਹਾਂ ਦੂਰ ਹੈ। ਰਾਜਨੀਤਿਕ ਲੀਡਰਾਂ ਦੀ ਲਾਈ ਹੋਈ ਇਕ ਸਾਜ਼ਿਸ਼ ਅਧੀਨ ਵਿਸ਼ੇਸ਼ ਕਿਸਮ ਦੀ ਅੱਗ ਵਿਚ ਹੱਥ ਪਾਉਣ ਲੱਗਿਆਂ ਜਰਾ ਜਿੰਨਾ ਵੀ ਨਹੀਂ ਸੋਚਦਾ।
ਪੰਜਾਬ ਵਿਚ ਪੰਥਕ ਸਰਕਾਰ ਦਾ ਹਿੱਸਾ ਬਣੇ ਅੱਜ ਸਾਬਕਾ ਖਾੜਕੂ ਜੋ ਕਿ ਅਦਾਲਤਾਂ ਵਿਚ ਕਈ ਕੇਸ ਭੁਗਤ ਚੁਕੇ ਹਨ ਤੇ ਜੋ ਕਈ ਸੰਵਿਧਾਨਿਕ ਅਹੁਦਿਆਂ ਤੇ ਉਦੋਂ ਹੀ ਬਿਰਾਜਮਾਨ ਕਰ ਦਿੱਤੇ ਗਏ ਜਦੋਂ ਉਹ ਹਾਲੇ ਅਦਾਲਤਾਂ ਵਿਚ ਕਤਲਾਂ ਤੱਕ ਦੇ ਕੇਸ ਭੁਗਤ ਰਹੇ ਸਨ। ਕੀ ਉਸ ਸਮੇਂ ਦੇਸ਼ ਦੇ ਵਿਚ ਕੰਮ ਕਰ ਰਹੀਆਂ ਖੁਫੀਆ ਏਜੰਸੀਆਂ ਦੇਸ਼ 'ਚ ਨਹੀਂ ਸਨ ਕਿ ਇਸ ਸਭ ਕਿਉਂ ਅਤੇ ਕਿਸ ਸੋਚ ਦੇ ਅਧੀਨ ਹੋਇਆ ਤੇ ਅੱਜ ਦੱਸ ਸਾਲਾਂ ਦੇ ਸਮੇਂ ਦੌਰਾਨ ਹੀ ਉਹ ਖਾੜਕੂ ਕਰੋੜਪਤੀ ਕਿਵੇਂ ਬਣੇ ਅਤੇ ਅੱਜ ਉਹਨਾਂ ਦੇ ਮਹੀਨਾਵਾਰ ਹਜ਼ਾਰਾਂ ਰੁਪਏ ਦੇ ਖਰਚੇ ਕਿਥੋਂ ਆ ਰਹੇ ਹਨ ? ਮਿਸਾਲ ਦੇ ਤੌਰ ਤੇ ਜਦੋਂ ਇਕ ਕੁੜੀ ਆਪਣੀ ਪਰਿਵਾਰ ਦੀ ਮਰਜੀ ਦੇ ਖਿਲਾਫ ਕਿਸੇ ਹੋਰ ਜਾਤ ਵਿਚ ਪ੍ਰੇਮ ਵਿਆਹ ਰਚਾਊਂਦੀ ਹੈ ਤਾਂ ਉਸ ਦਾ ਵਿਰੋਧ ਖਾਨਦਾਨ ਪਰਿਵਾਰ ਅਤੇ ਹੋਰ ਸਾਕ ਸੰਬੰਧੀਆਂ ਵਲੋਂ ਪੂਰਨ ਤੌਰ ਤੇ ਕੀਤਾ ਜਾਂਦਾ ਹੈ ਪਰ ਜਦੋਂ ਉਸ ਨੂੰ ਹਾਲੇ ਥੋੜ੍ਹਾ ਚਿਰ ਹੀ ਨਹੀਂ ਬੀਤਦਾ ਤਾਂ ਮਾਂ ਚੋਰੀ ਛੁਪੇ ਮਿਲਕੇ ਆਪਣੀ ਮਮਤਾ ਦਾ ਇਜ਼ਹਾਰ ਕਰਨ ਲੱਗ ਪੈਂਦੀ ਹੈ ਤੇ ਫਿਰ ਸਾਲ ਦੋ ਸਾਲ ਬਾਅਦ ਹੀ ਉਸਦਾ ਪਰਿਵਾਰ ਵਿਚ ਆਉਣਾ ਜਾਣਾ ਸ਼ੁਰੂ ਹੋ ਜਾਂਦਾ ਹੈ। ਤਾਂ ਫਿਰ ਇਸੇ ਨੂੰ ਹੀ ਦੇਖ ਕੇ ਕੋਈ ਹੋਰ ਕੁੜੀ ਵੀ ਉਹੀ ਕਦਮ ਚੁਕ ਲੈਂਦੀ ਹੈ ਕਿ ਬਾਅਦ ਵਿਚ ਸਭ ਮੇਲ-ਮਿਲਾਪ ਤਾਂ ਹੋ ਹੀ ਜਾਣਾ ਹੈ। ਕਿਤੇ ਇੰਜ ਜਾਪਦਾ ਹੈ ਕਿ ਇਹੀ ਧਾਰਨਾ ਕਿਤੇ ਅੱਜ ਦਾ ਨੌਜਵਾਨ ਲੈ ਕੇ ਤਾਂ ਨਹੀਂ ਜੀਅ ਰਿਹਾ ਕਿ ਜੋ ਪਹਿਲਾਂ ਦੇਸ਼ ਧਰੋਹੀ ਕਾਤਲ ਰਾਜਨੀਤਕ ਲੀਡਰ ਬਣ ਕੇ ਕਰੋੜਪਤੀ ਬਣ ਸਕਦੇ ਹਨ ਤਾਂ ਫਿਰ ਉਹ ਵੀ ਚੰਦ ਸਾਲ ਜੇ ਜੇਲ੍ਹਾਂ ਵਿਚ ਕੱਟ ਆਉਣ ਬਾਅਦ ਵਿਚ ਤਾਂ ਲੀਡਰਾਂ ਨਾਲ ਮਿਲ ਕੇ ਐਸ਼ ਪ੍ਰਸਤੀ ਦੀ ਜਿੰਦਗੀ ਬਤੀਤ ਕਰਨ ਹੀ ਲੱਗ ਪੈਣਗੇ।
ਸਿੱਖ ਪੰਥ ਤੇ ਪੰਜਾਬ ਦੇ ਨੌਜਵਾਨੋ ਜਰਾ ਹੋਸ਼ ਵਿਚ ਆਓ ਕਿਸੇ ਵੀ ਅੰਦਰੂਨੀ ਜਾਂ ਬਾਹਰਲੀ ਦੇਸ਼ ਧਰੋਹੀ ਤਾਕਤ ਦਾ ਸ਼ਿਕਾਰ ਨਾ ਹੋਵੋ। ਤੁਸੀਂ ਆਪਣੇ ਦਿਮਾਗ ਨਾਲ ਸੋਚੋ ਕਿ ਪੰਥ ਤੇ ਪੰਜਾਬ ਨੂੰ ਖੋਰਾ ਲਾਉਣ ਤੇ ਤੁਹਾਡੇ ਬਣਦੇ ਹੱਕਾਂ ਤੇ ਡਾਕੇ ਮਾਰ ਕੇ ਐਸ਼ ਪ੍ਰਸਤੀ ਕਰਨ ਵਾਲੇ ਰਾਜਨੀਤਕ ਲੀਡਰ ਤੁਹਾਡੇ ਆਪਣੇ ਪੰਜਾਬ ਤੇ ਸਿੱਖੀ ਦਾ ਚੋਲਾ ਪਹਿਨੀ ਧਾਰਮਿਕ ਤੇ ਰਾਜਨੀਤਕ ਲੀਡਰ ਹੀ ਹਨ। ਜਿਸ ਦਿਨ ਤੁਹਾਨੂੰ ਅਸਲ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਸਮਝ ਆ ਗਈ ਉਸ ਦਿਨ ਪੰਜਾਬ ਦਾ ਭਲਾ ਤੇ ਤੁਹਾਡਾ ਭਲਾ ਆਪਣੇ ਆਪ ਹੋ ਜਾਵੇਗਾ।
ਧਾਰਮਿਕ ਅਸਥਾਨਾਂ ਤੇ ਚੜ੍ਹਾਵੇ ਦੀ ਪੂੰਜੀ ਕੋਈ ਧਾਰਮਿਕ ਬਿਰਤੀ ਵਾਲਾ ਕੰਮ ਕਰਨ ਵਿਚ ਸਹਾਈ ਨਹੀਂ ਹੋ ਰਹੀ। ਸਗੋਂ ਉਹ ਤਾਂ ਇਹਨਾਂ ਲੀਡਰਾਂ ਨੂੰ ਐਸ਼ ਪ੍ਰਸਤੀ ਪ੍ਰਦਾਨ ਕਰਨ ਵਿਚ ਸਹਾਈ ਹੋ ਰਹੀ ਹੈ। ਜ਼ਰਾ ਗੰਭੀਰ ਹੋ ਕੇ ਸੋਚੋ ਗੁਰਦੁਆਰਿਆਂ ਦੇ ਸੁਧਾਰ ਤੇ ਉਹਨਾਂ ਦੀ ਸਾਂਭ-ਸੰਭਾਲ ਦੀ ਦੇਖ-ਰੇਖ ਲਈ ਚੁਣੇ ਜਾਂਦੇ ਸ਼ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਲਾਲ-ਬੱਤੀ ਤੇ ਸਕਿਓਰਟੀ ਦੀ ਕੀ ਜਰੂਰਤ ਹੈ। ਸ਼ਰੋਮਣੀ ਕਮੇਟੀ ਵਲੋਂ ਖਰੀਦੀਆਂ ਮਹਿੰਗੀਆਂ ਕਾਰਾਂ ਤੋਂ ਇਲਾਵਾ ਗੁਰਦੁਆਰਿਆਂ ਦੀ ਦੇਖ-ਰੇਖ ਨਹੀਂ ਹੋ ਸਕਦੀ। ਕੀ ਬਾਬਾ ਨਾਨਕ ਜੀ ਚਾਰ ਉਦਾਸੀਆਂ ਜੋ ਕਿ ਸਮੁੱਚੀ ਲੁਕਾਈ ਦੇ ਭਲੇ ਲਈ ਸਨ ਪੈਦਲ ਕਿਵੇਂ ਕਰ ਗਏ ? ਆਓ ! ਮਿਲਕੇ ਪਹਿਲਾਂ ਪੰਥ ਅਤੇ ਪੰਜਾਬ ਦੇ ਅੰਦਰ ਫੈਲੇ ਊਚ-ਨੀਚ, ਬੇ-ਇਤਫਾਕੀ, ਵਿਤਕਰਿਆਂ ਦੇ ਧਾਰਨੀ ਲੀਡਰਾਂ ਦਾ ਸੁਧਾਰ ਕਰੀਏ ਤਾਂ ਹੀ ਪੰਜਾਬ ਦਾ ਭਲਾ ਹੋ ਸਕੇਗਾ। ਮਾਸੂਮ ਜਿੰਦਗੀਆਂ ਨੂੰ ਕਿਸੇ ਸਾਜ਼ਿਸ਼ ਅਧੀਨ ਸ਼ਿਕਾਰ ਨਾ ਬਨਣ ਦੇਈਏ। ਆਪਣੀ ਵੋਟ ਤੇ ਸੋਚ ਦਾ ਸਹੀ ਇਸਤੇਮਾਲ ਕਰਦਿਆਂ ਹੋਇਆਂ ਇਹਨਾਂ ਲੀਡਰਾਂ ਨੂੰ ਇਕ ਅਜਿਹੀ ਹਾਰ ਦਾ ਮੂੰਹ ਦਿਖਾਈਏ ਤਾਂ ਜੋ ਇਹ ਧਾਰਮਿਕ ਤੇ ਜਨੂੰਨੀ ਸੋਚ ਦੇ ਮਾਲਕ ਆਪਣੀਆਂ ਪੁਸ਼ਤਾਂ ਦੀਆਂ ਝੋਲੀਆਂ ਨਾ ਭਰ ਸਕਣ। ਆਪਣੇ ਪੰਥ ਅਤੇ ਪੰਜਾਬ ਦੀ ਵਾਗਡੋਰ ਅਜਿਹੇ ਹੱਥਾਂ ਵਿਚ ਸੌਂਪੀਏ ਜੋ ਹੱਕ ਸੱਚ ਦੀ ਕਮਾਈ ਦਾ ਧਾਰਨੀ ਹੁੰਦੇ ਹੋਏ ਪੰਥ ਅਤੇ ਪੰਜਾਬ ਦਾ ਸਹੀ ਮਾਅਨਿਆਂ ਵਿਚ ਹਿਤੈਸ਼ੀ ਹੋਣ। ਗੁਰ-ਗਿਆਨ ਦੀ ਜੋਤ ਤੋਂ ਸੱਖਣੀ ਲੀਡਰਸ਼ਿਪ ਨੇ ਜੋ ਬੀਤੇ ਵਿਚ ਪੰਥ ਅਤੇ ਪੰਜਾਬ ਦਾ ਜਾਨੀ ਤੇ ਮਾਲੀ ਨੁਕਸਾਨ ਕੀਤਾ ਹੈ ਤੇ ਅੱਜ ਵੀ ਉਸੇ ਹੀ ਸੋਚ ਨੂੰ ਧਾਰਨ ਕਰੀ ਬੈਠੇ ਹਨ ਇਹਨਾਂ ਦੀ ਇਸ ਸੋਚ ਤੋਂ ਬੱਚਣਾ ਹੀ ਚਾਹੀਦਾ ਹੈ।