ਕਬੱਡੀ ਖਿਡਾਰੀਓ...ਨਾ ਬਣੋ ਮੌਤ ਦੇ ਰਾਹ ਦੇ ਰਾਹੀ...

ਮਨਦੀਪ ਖੁਰਮੀ (ਯੂ.ਕੇ.)

ਕਬੱਡੀ ਅੱਜ ਸਾਡੀ ਮਾਂ ਖੇਡ ਹੋਣ ਦਾ ਉੱਚ-ਰੁਤਬਾ ਹਾਸਲ ਕਰੀ ਬੈਠੀ ਹੈ|ਇਹ ਗੱਲ ਵੀ ਜਗ ਜਾਹਿਰ ਹੈ ਕਿ ਮਾਂ ਆਪਣੇ ਪੁੱਤਰਾਂ ਦਾ ਕਦੇ ਬੁਰਾ ਨਹੀਂ ਦੇਖ ਸਕਦੀ ਬੇਸ਼ੱਕ ਪੁੱਤ ਭਾਵੇਂ ਕਪੁੱਤ ਹੀ ਹੋ ਜਾਣ|ਮਾਂ ਖੇਡ ਬਦੌਲਤ ਹੀ ਅੱਜ ਲੱਖਾਂ ਪੁੱਤ ਹਿੱਕ ਦੇ ਜੋਰ ਸਦਕਾ ਵਿਦੇਸ਼ਾਂ ਦੀ ਧਰਤੀ ਤੇ ਵੀ ਸਥਾਪਿਤ ਹੋ ਚੁੱਕੇ ਹਨ|ਇਹ ਗੱਲ ਵੀ ਵਿਸ਼ਵ ਪ੍ਰਸਿੱਧ ਸੱਚਾਈ ਬਣ ਚੁੱਕੀ ਹੈ ਕਿ ਮਾਂ ਖੇਡ ਨੇ ਆਪਣੇ ਪੁੱਤਾਂ ਲਈ ਬੁੱਕ ਭਰ-ਭਰ ਮਾਣ ਹੀ ਨਹੀਂ ਸਗੋਂ ਮਨੀ(ਪੈਸਾ) ਵੀ ਦਿੱਤਾ ਹੈ|ਕਿ੍ਕਟ ਤੋਂ ਬਾਦ ਕਬੱਡੀ ਹੀ ਅਜਿਹੀ ਖੇਡ ਕਹੀ ਜਾ ਸਕਦੀ ਹੈ ਜਿਸ ਜਰੀਏ ਖਿਡਾਰੀ ਆਪਣੀ ਮਿਹਨਤ ਦਾ ਸਹੀ ਮੁੱਲ ਪੁਆ ਸਕਦਾ ਹੈ|....ਪਰ ਅਫਸੋਸ ਕਿ ਮਾਂ ਖੇਡ ਸ਼ੁਕਰਗੁਜਾਰ ਹੋਣ ਦੀ ਬਜਾਏ ਬੀਬੇ-ਪੁੱਤ ਪਿਛਲੇ ਕੁੱਝ ਸਾਲਾਂ ਤੋਂ ਸ਼ਾਰਟ-ਕੱਟ ਰਾਹੀਂ ਸ਼ੁਹਰਤ ਖੱਟਣ ਦੇ ਚਾਅ ਵਿੱਚ ਆਪਣੇ ਜੀਵਨਨਾਲ ਤਾਂ ਧ੍ਰਿਗ ਕਮਾ ਹੀ ਰਹੇ ਹਨ ਸਗੋਂ ਆਪਣੇ ਮਾਪਿਆਂ ਅਤੇ ਮਾਂ ਖੇਡ ਦੇ ਰਾਹ ਵਿੱਚ ਸੂਲਾਂ ਨਹੀਂ ਬਲਕਿ ਟੋਪੀ ਵਾਲੇ ਕਿੱਲ ਗੱਡ ਰਹੇ ਹਨ|ਪਿਛਲੇ ਕੁੱਝ ਸਾਲਾਂ ਤੋਂ ਜੋ ਅਮਲ ਦੇਖਮ ਲਈ ਮਿਲ ਰਿਹਾ ਹੈ,ਉਹ ਅਰੋਗ ਜੀਵਨ ਤੋਂ ਮੌਤ ਦੇ ਰਾਹ ਵੱਲ ਦਾ ਸਫਰ ਤਾਂ ਹੈ ਹੀ ਉੱਥੇ ਮਾਵਾਂ ਦੇ ਪੁੱਤ, ਭੈਣਾਂ ਦੇ ਵੀਰ ਅਤੇ ਸੁਹਾਗਣਾਂ ਦੇ ਸੁਹਾਗ ਖੋਹਲੈਣ ਵਾਲਾ ਵੀ ਜਰੂਰ ਹੈ.|

ਭੂਮਿਕਾ ਵਜੋਂ ਇਹ ਕੁੱਝ ਲਿਖਣਾ ਇਹ ਦੱਸਣ ਮਾਤਰ ਹੀ ਹੈ ਕਿ ਅੱਜ ਮੱਲ ਤੇ ਬੱਲ(ਵੇਲ) ਪਏ ਨਹੀਂ ਵਧਦੇ ਸਗੋਂ ਦੋਹਾਂ ਤਾਈਂ ਟੀਕਿਆਂ ਦਾ ਸਹਾਰਾ ਲੈਣਾ ਜਾਂ ਦੇਣਾ ਪੈਂਦਾ ਹੈ|ਮਾਂ ਖੇਡ ਕਬੱਡੀ ਵਿੱਚ ਸ਼ਕਤੀਵਰਧਕ (ਜਾਨਵਰਾਂ ਵਾਲੇ) ਟੀਕਿਆਂ ਦਾ ਪ੍ਰ੍ਯੋਗ ਹੋਣ ਦੇ ਮਾਰੂ ਰੁਝਾਨ ਨੇ ਕਬੱਡੀ ਦੇ ਹਮਦਰਦਾਂ, ਬੁੱਧੀਜੀਵੀਆਂ ਲਈ ਸੋਚ ਪੈਦਾ ਕਰ ਦਿੱਤੀ ਹੈ|ਇਸ ਟੀਕਾ-ਕਲਚਰ ਨੇ ਜਿਥੇ ਉੱਚ ਪੱਧਰ ਤੇ ਆਪਣਾ ਪ੍ਰਭਾਵ ਪਾਇਆ ਹੈ ਉੱਥੇ ਪੇਂਡੂ ਖੇਡ ਮੈਦਾਨਾਂ ਵਿੱਚ ਵੀ ਬੁਰੀ ਤਰਾਂ ਪੈਰ ਪਸਾਰ ਲਏ ਹਨ|ਟੀਕਿਆਂ ਸਹਾਰੇ ਜਹਾਜ ਚ ਬੈਠ ਕੇ ਵਿਦੇਸ਼ ਜਾਣ ਦੀ ਚਾਹਨਾ ਘੁੱਗ ਵਸਦਿਆਂ ਤਾਈਂ ਇੱਕ ਦਿਨ ਮਰਿਆਂ ਤੋਂ ਵੀ ਬਦਤਰ ਕਰ ਦੇਵੇਗੀ ਸ਼ਾਇਦ ਅੱਜ ਕਿਸੇ ਖਿਡਾਰੀ ਦੇ ਯਾਦ ਚੇਤੇ ਵੀ ਨਾ ਹੋਵੇ ਪਰ ਇਹ ਤਲਖ ਹਕੀਕਤ ਹੈ ਕਿ ਦੁਆਬੇ ਦੇ ਇੱਕ ਸਹਿਰ ਤੋਂ ਬਣਾਵਟੀ ਤਾਕਤ ਲੈਣ ਦੇ ਚਾਹਵਾਨ ਖਿਡਾਰੀਆਂ ਲਈ ਜੋ ਟੀਕੇ ਸ਼ੀਸ਼ੀਆਂ ਦੇ ਲੇਬਲ ਉਤਾਰ ਕੇ ਸਪਲਾਈ ਹੋ ਰਹੇ ਹਨ ਉਹ ਅਸਲ ਵਿੱਚ ਜਾਨਵਰਾਂ ਲਈ ਵਰਤੇ ਜਾਂਦੇ ਦੱਸੇ ਜਾ ਰਹੇ ਹਨ|ਬੇਸ਼ੱਕ ਡਰੱਗਜ ਲੈ ਕੇ ਖੇਡਣ ਦਾ ਅਮਲ ਪਹਿਲਾਂ ਵੱਖ ਵੱਖ ਦੇਸਾਂ ਦੀਆਂ ਕਬੱਡੀ ਫੈਡਰੇਸਨਾਂ ਦੇ ਧਿਆਨ ਵਿੱਚ ਹੋਵੇ ਜਾਂ ਨਾ ਪਰ ਯੂ.ਕੇ. ਕਬੱਡੀ ਫੈਡਰੇਸ਼ਨ ਅਤੇ ਹੋਰ ਕਲੱਬਾਂ ਵੱਲੋਂ ਯੂ.ਕੇ. ਵਿੱਚ ਬੁਲਾਏ ਜਾਣ ਵਾਲੇ ਖਿਡਾਰੀਆਂ ਦਾ ਡੋਪ ਟੈਸਟ ਲੈਣ ਦਾ ਫੈਸਲਾ ਕੀਤਾ ਹੈ,ਜਿਸਦਾ ਦੁਨੀਆਂ ਭਰ ਦੇ ਕਬੱਡੀ ਹਾਮੀਆਂ ਨੇ ਭਰਵਾਂ ਸਵਾਗਤ ਕੀਤਾ ਹੈ|ਬੇਸ਼ੱਕ ਇਹ ਫੈਸਲਾ ਕਬੱਡੀ ਦੇ ਹੱਕ ਵਿੱਚ ਪਹਿਲਾ ਹਾਅ ਦਾ ਨਾਅਰਾ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ ਪਰ ਅਸਲ ਵਿੱਚ ਊਠ ਕਿਸ ਕਰਵਟ ਬੈਠਦਾ ਹੈ ,ਸਮਾਂ ਆਉਣ  ਤੇ ਹੀ ਪਤਾ ਚੱਲੇਗਾ|
ਖਿਡਾਰੀਆਂ ਵੱਲੋਂ ਲਗਾਏ ਜਾਂਦੇ ਟੀਕਿਆਂ ਬਾਰੇ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਟੀਕਾ ਲੱਗਣ ਤੋਂ ਬਾਦ ਸਰੀਰ ਇਕਦਮ ਜੋਸ਼ ਨਾਲ ਪ੍ਰਫੁੱਲ ਹੋ ਜਾਂਦਾ ਹੈ,ਲਹੂ ਉਬਾਲੇ ਮਾਰਨ ਲੱਗਦਾ ਹੈ |ਖੇਡਦੇ ਸਮੇਂ ਖਿਡਾਰੀ ਨਹੀਂ ਸਗੋਂ ਟੀਕਾ ਹੀ ਰੇਡ ਕਰਦਾ ਹੈ ਤੇ ਟੀਕਾ ਹੀ ਜਾਫ ਕਰਦਾ ਹੈ| ਇਸੇ ਕਰਕੇ ਹੀ ਖਿਡਾਰੀ ਵੀਰ ਇਹ ਸ਼ਾਰਟ ਕੱਟ ਖੁਰਾਕ ਅਪਣਾਉਂਦੇ ਹਨ,ਪਰ ਦੀਵਾਰ ਉੱਪਰ ਸਾਫ ਲਿਖਿਆ ਸੱਚ ਇਹ ਹੈ ਕਿ ਉਕਤ ਖੁਰਾਕ ਦਾ ਸਿੱਧਾ ਅਸਰ ਦਿਲ, ਦਿਮਾਗ,ਗੁਰਦਿਆਂ ਅਤੇ  ਮਰਦਾਨਾ ਸ਼ਕਤੀ ਉੱਪਰ ਪੈਂਦਾ ਹੈ|ਜੇਕਰ ਸਾਡੇ ਜੋਰਾਵਰ ਪੁੱਤ ਇਸੇ ਤਰਾਂ ਹੀ ਮੌਤ ਨਾਲ ਕਲੋਲਾਂ ਕਰਦੇ ਰਹੇ ਤਾਂ ਸੁਭਾਵਿਕ ਹੈ ਕਿ ਖਿਡਾਰੀ ਵੀਰਾਂ ਦੀਆਂ ਮਾਵਾਂ ਆਪਣੇ ਪੁੱਤ ਦੇਖਣ ਲਈ ਤਰਸਣਗੀਆਂ ,ਭੈਣਾਂ ਲੁਕ-ਲੁਕ ਰੋਇਆ ਕਰਨਗੀਆਂ |ਜੇਕਰ ਟੀਕੇ ਟੱਪੇ ਦੀ ਖੇਡ ਇਸੇ ਤਰਾਂ ਹੀ ਚਲਦੀ ਰਹੀ ਮਾਵਾਂ ਨਾਮਰਦ ਹੋਏ ਪੁੱਤਰਾਂ ਦੇ ਘਰਾਂ ਚ ਬੈਠੀਆਂ ਜਿਉਂਦੇ ਜੀਅ ਪੋਤਰੇ-ਪੋਤਰੀਆਂ ਖਿਡਾਉਣ ਦੀ ਰੀਝ ਦਫਨ ਕਰ ਲੈਣਗੀਆਂ |ਅੱਜ ਰਾਲਾਤ ਇਹ ਬਣੇ ਰਹੋਏ ਹਨ ਕਿ ਮਾਪਿਆਂ ਦੇ ਚਾਰੇ ਘਿਉ ਦੇ ਜੋਰ ਸਦਕਾ ਖੇਡਣ ਵਾਲੇ ਵੀ ਸ਼ੱਕ ਦੀ ਨਿਗਾ ਨਾਲ ਦੇਖੇ ਜਾ ਰਹੇ ਹਨ|ਸੋ ਖਿਡਾਰੀ ਵੀਰਾਂ ਤਾਈਂ ਅਰਜ ਹੈ ਕਿ ਆਪਣੀ ਸਿਹਤ ਦੇ ਨਾਲ-ਨਾਲ ਮਾਂ ਖੇਡ,ਆਪਣੇ ਮਾਪਿਆਂ ਦੇ ਪਾਲੇ ਹੋਏ ਸੁਪਨਿਆਂ ਦਾ ਦਿਨ- ਦੀਵੀਂ ਕਤਲ ਨਾ ਕਰੋ|ਇਸਦੇ ਨਾਲ-ਨਾਲ ਕਬੱਡੀ ਦੀ ਸ਼ਾਨ ਵਿੱਚ ਵਾਧੇ ਲਈ ਯਤਨਸ਼ੀਲ ਖੇਡ ਅਕੈਡਮੀਆਂ ,ਫੈਡਰੇਸ਼ਨਾਂ ਆਦਿ ਨੂਂ ਚਾਹੀਦਾ ਹੈ ਕਿ ਇਸ ਮੌਤ ਦੀ ਖੇਡ ਬਾਰੇ ਆਪਣੀ ਚੁੱਪੀ ਤਿਆਗ ਕੇ ਫੋਕੀ ਸ਼ੁਹਰਤ ਲਈ ਮੌਤ ਦੇ ਰਾਹ ਤੁਰੇ ਰਾਹੀਆਂ ਨੂਂ ਵਾਪਸ ਬੁਲਾਉਣ ਲਈ ਸੁਹਿਰਦ ਯਤਨ ਕਰਨ ਤਾਂ ਹੀ ਸਾਡੀ ਨੌਜਵਾਨੀ ,ਮਾਂ ਖੇਡ ਕਬੱਡੀ ਦੀ ਲੀਰੋ-ਲੀਰ ਹੋ ਣ ਜਾ ਰਹੀ ਪਤ ਬਚਾਈ ਜਾ ਸਕੇਗੀ|ਆਸ ਹੈ ਕਿ ਭਲੇ ਦਿਨ ਜਰੂਰ ਪਰਤਣਗੇ.....ਆਮੀਨ|