ਗੁਰੂ ਗੋਬਿੰਦ ਸਿੰਘ ਜੀ ਦੀ ਯੁੱਧ ਕਲਾ - ਗੁਰੂ ਸਾਹਿਬ ਜੀ ਦੇ ਅਵਤਾਰ ਪੁਰਬ ਦੀ ਯਾਦ ਵਿੱਚ
ਜਸਪਾਲ
ਸਿੰਘ ਬੈਂਸ
ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਦਸਵੇਂ ਅਤੇ ਅਖੀਰਲੇ
ਦੇਹਧਾਰੀ ਗੁਰੂ ਸਨ। ਸਰਬ ਕਲਾ ਸੰਪੂਰਨ ਗੁਰੂ ਜੀ ਜਿਥੇ ਧਾਰਮਿਕ ਆਗੂ ਸਨ, ਉਥੇ ਸਤਿਗੁਰੂ ਯੁੱਧ ਕਲਾ
ਵਿੱਚ ਨਿਪੁੰਨ ਅਤੇ ਦੁਸ਼ਮਨ ਦੀ ਹਰੇਕ ਚਾਲ ਨੂੰ ਸਮਝ ਕੇ ਚੰਗੇ ਮਾੜੇ ਨਤੀਜੇ ਲਈ ਤਿਆਰ ਰਹਿਣ ਵਾਲੇ
ਜਰਨੈਲ ਵੀ ਸਨ। ਗੁਰੂ ਸਾਹਿਬ ਨੇ ਆਪਣੇ ਜੀਵਨ ਕਾਲ ਵਿੱਚ 14 ਯੁੱਧ ਆਪਣੀ ਅਗਵਾਈ ਵਿੱਚ ਲੜੇ ਸਨ।
1704 ਦੀਆਂ ਗਰਮੀਆਂ ਵਿੱਚ ਸ਼ੁਰੂ ਹੋਇਆ ਅਨੰਦਪੁਰ ਦਾ ਜੰਗ ਬਹੁਤ ਲੰਬਾ ਹੋਣ ਦੇ ਬਾਵਜੂਦ ਵੀ ਗੁਰੁ
ਸਾਹਿਬ ਨੇ ਆਪਣੇ ਸੀਮਤ ਸਾਧਨਾਂ ਅਤੇ ਜੰਗੀ ਸਮਾਨ ਦੀ ਨਾਬਰਾਬਰਤਾ ਕਾਰਨ ਵੀ ਬਹੁਤਾ ਨੁਕਸਾਨ ਹੋਣ ਤੋ
ਬਿਨਾ ਸਰਦੀਆਂ ਤੱਕ ਲਮਕਾਈ ਰਖਿਆ ਸੀ। ਸਰਦੀਆਂ ਵਿਚ ਭਾੜੇ ਦੇ ਫ਼ੌਜੀਆਂ ਲਈ ਯੁੱਧ ਲੜਨਾ ਇਕ ਕਿਆਮਤ
ਤੋਂ ਘੱਟ ਨਹੀ ਹੁੰਦਾ। ਫਿਰ ਚਮਕੌਰ ਵਿੱਚ ਹੋਏ ਦੁਨੀਆ ਦੇ ਬਹੁਤ ਹੀ ਅਸਾਵੇਂ ਯੁੱਧ ਸਮੇਂ ਦੇਖ ਸਕਦੇ
ਹਾਂ। ਜਿਸ ਵਿੱਚ ਗੁਰੂ ਸਾਹਿਬ ਦੀ ਇਕੱਲੀ ਜਿੱਤ ਹੀ ਨਹੀ ਹੋਈ। ਬੱਲ ਕਿ ਦੁਸ਼ਮਨ ਫ਼ੌਜਾਂ ਦਾ ਜਾਨੀ ਅਤੇ
ਮਾਲੀ ਨੁਕਸਾਨ ਵੀ ਬਹੁਤ ਹੋਇਆ ਸੀ। ਜਿਸ ਕਰਕੇ ਮੌਕੇ ਦੇ ਬਾਦਸ਼ਾਹ ਔਰੰਗਜ਼ੇਬ ਨੇ ਆਪਣੇ ਫ਼ੌਜ ਦੇ
ਜਰਨੈਲਾਂ ਨੂੰ ਬਹੁਤ ਝਾੜਾਂ ਪਾਈਆਂ ਸਨ। ਅਤੇ ਬਹੁਤ ਸਾਰੇ ਹਿੰਦੂ ਰਾਜੇ ਮੁੜ ਕੇ ਆਪਣੀ ਪਰਜਾ ਵਿੱਚ
ਮੂੰਹ ਦਿਖਾਉਣ ਯੋਗ ਵੀ ਨਾ ਰਹੇ।
ਚਮਕੌਰ ਸਾਹਿਬ, ਸਿੱਖ ਇਤਿਹਾਸ ਦਾ ਉਹ ਪਵਿਤਰ ਅਸਥਾਨ ਹੈ, ਜਿਥੇ ਕਲਗੀਆਂ ਵਾਲੇ ਪਾਤਸ਼ਾਹ ਗੁਰੂ
ਗੋਬਿੰਦ ਸਿੰਘ ਸਾਹਿਬ ਨੇ ਦੁਨੀਆ ਦਾ ਬਹੁਤ ਹੀ ਅਸਾਵਾਂ ਯੁੱਧ ਦੁਸਮਣ ਦੇ ਆਪਣੇ ਇਲਾਕੇ ਵਿੱਚ ਜਿਤਿਆ
ਸੀ। ਇਕ ਪਾਸੇ ਮੁੱਠੀ ਭਰ, ਕਈਆਂ ਦਿਨਾਂ ਦੇ ਭੁੱਖੇ ਅਤੇ ਥੱਕੇ ਹੋਏ 38 ਸਿੰਘ, ਦੋ ਸਾਹਿਬਜ਼ਾਦੇ ਅਤੇ
ਖੁਦ ਕਲਗ਼ੀਧਰ ਆਪ। ਦੂਜੇ ਕੰਨੀ ਤਿੰਨ ਸੂਬਿਆਂ ਸਰਹਿੰਦ, ਲਾਹੌਰ, ਕਸ਼ਮੀਰ ਅਤੇ ਬਾਈਧਾਰ ਦੇ ਸਾਰੇ
ਪਹਾੜੀ ਹਿੰਦੂ ਰਾਜਿਆਂ ਦੀ ਸਾਂਝੀ ਲੱਖਾਂ ਦੀ ਗਿਣਤੀ ਵਿੱਚ ਪੂਰੀ ਸਿਖਲਾਈ ਪ੍ਰਾਪਤ ਫ਼ੌਜ। ਜਿਨ੍ਹਾਂ
ਕੋਲ ਮੌਕੇ ਦੇ ਸਾਰੇ ਹਥਿਆਰ ਅਤੇ ਸਾਧਨ ਮੌਜੂਦ ਸਨ।
ਅਨੰਦਪੁਰ ਸਾਹਿਬ ਦੀ ਲੜਾਈ ਬੜੇ ਲੰਬੇ ਸਮੇਂ ਤੱਕ ਚਲਦੀ ਰਹੀ ਸੀ। ਮੁਗ਼ਲਾਂ ਅਤੇ ਪਹਾੜੀਆਂ ਦੀ ਫ਼ੌਜ,
ਨਾ ਮੁਕਦੀ ਨਾ ਖਹਿੜਾ ਛੱਡਦੀ। ਲਗਾਤਾਰ ਦੋਹਾਂ ਪਾਸਿਆਂ ਦਾ ਜਾਨੀ ਅਤੇ ਮਾਲੀ ਨੁਕਸਾਨ ਹੋ ਰਿਹਾ ਸੀ।
ਸਿੱਖ ਆਪਣੇ ਗੁਰੂ ਦੇ ਆਸਰੇ, ਸਿਦਕ ਦਿਲੀ ਨਾਲ ਜ਼ੁਲਮ ਦੇ ਵਿਰੁੱਧ ਡਟੇ ਹੋਏ ਸਨ। ਅੰਤ ਤੰਗ ਪੈ ਕੇ
ਮੁਗ਼ਲਾਂ ਅਤੇ ਪਹਾੜੀ ਰਾਜਿਆਂ ਨੇ ਇਕ ਸਾਂਝੀ ਸਕੀਮ ਰਾਹੀਂ, ਕਿ ਕਿਸ ਤਰ੍ਹਾਂ ਆਪਣਾ ਨੱਕ ਰੱਖਿਆ ਜਾਵੇ?
ਉਨ੍ਹਾਂ ਨੇ ਮੌਕੇ ਦੇ ਬਾਦਸ਼ਾਹ ਔਰੰਗਜ਼ੇਬ ਤੋ ਇਕ ਸ਼ਾਹੀ ਫ਼ਰਮਾਨ ਲਿਆਂਦਾ ਅਤੇ ਹਿੰਦੂ ਰਾਜਿਆਂ ਨੇ ਆਟੇ
ਦੀ ਗਾਂ ਬਣਾ ਕੇ ਸਹੁੰ ਖਾਧੀ ਅਤੇ ਦਸਮ ਪਾਤਸ਼ਾਹ ਨੂੰ ਬੇਨਤੀ ਕੀਤੀ, ਕਿ ਜੇ ਗੁਰੂ ਜੀ, ਤੁਸੀ ਚੁੱਪ
ਕਰਕੇ ਇਕ ਵਾਰ ਅਨੰਦਪੁਰ ਸਾਹਿਬ ਛੱਡ ਕੇ ਚਲੇ ਜਾਵੋ ਤਾਂ ਤੁਹਾਨੂੰ ਸੁਰੱਖਿਅਤ ਰਾਹ ਦੇ ਦਿੱਤਾ
ਜਾਵੇਗਾ। ਦੁਸ਼ਮਨ ਦੀ ਕੁਟਿਲ ਨੀਤੀ ਨੂੰ ਸਮਝਦਿਆਂ ਹੋਇਆਂ ਵੀ ਕਲਗੀਧਰ ਨੇ ਇਹ ਸਾਰੀ ਗੱਲ ਸਿੰਘਾਂ
ਨੂੰ ਦੀਵਾਨ ਵਿੱਚ ਸੁਣਾ ਦਿੱਤੀ। ਗੱਲ ਸੁਣ ਕੇ ਸਿੰਘਾਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕੇ ਇਹ ਬੜਾ
ਚੰਗਾ ਮੌਕਾ ਹੈ, ਕਿ ਇਸ ਨਾਲ ਹੋ ਰਿਹਾ ਨੁਕਸਾਨ ਅਤੇ ਮੁੱਕ ਚੁੱਕੀ ਖੁਰਾਕ ਦਾ ਹੱਲ ਹੋ ਜਾਵੇਗਾ।
ਗੁਰੂ ਸਾਹਿਬ ਨੇ ਸਿੰਘਾਂ ਦੀ ਬੇਨਤੀ ਉੱਤੇ ਮੁਗ਼ਲਾਂ ਦੇ ਸਿਪਾਹਸਲਾਰ ਕੋਲ ਰਜ਼ਾਮੰਦੀ ਦਾ ਸਨੇਹਾ ਭੇਜ
ਦਿੱਤਾ।
ਮੁਗ਼ਲਾਂ ਅਤੇ ਹਿੰਦੂਆਂ ਦੀ ਸਾਂਝੀ ਫ਼ੌਜ ਨੇ ਸਲਾਹ ਨਾਮੇ ਮੁਤਾਬਕ, ਗੁਰੂ ਜੀ ਲਈ ਕੀਰਤਪੁਰ ਸਾਹਿਬ ਅਤੇ
ਸਤਲੁਜ ਪਾਸਿਓਂ ਥਾਂ ਖਾਲੀ ਕਰ ਦਿੱਤੀ। ਰਾਤ ਦੇ ਪਹਿਲੇ ਪਹਿਰ, ਗੁਰੂ ਜੀ ਲੰਬੀ ਲੜਾਈ ਵਿੱਚੋਂ ਬਚੇ
ਸਾਥੀ ਸਿੰਘਾਂ, ਜਿਨ੍ਹਾਂ ਦੀ ਗਿਣਤੀ ਤਕਰੀਬਨ ਇਕ ਹਜ਼ਾਰ ਸੀ, ਪਹਿਲਾਂ ਹੀ ਫ਼ੌਜੀ ਨੁਕਤੇ-ਨਿਗਾਹ ਨਾਲ
ਬਣਾਈ ਸਕੀਮ ਅਨੁਸਾਰ, ਆਪ ਜੀ ਚੋਣਵੇਂ ਸਿੰਘਾਂ ਦੇ ਜਥਿਆਂ ਨਾਲ ਸਭ ਤੋ ਅੱਗੇ, ਫਿਰ ਗੁਰੂ ਪਰਵਾਰ ਅਤੇ
ਸਿੰਘਾਂ ਦੇ ਪਰਵਾਰ, ਪਿੱਛੇ ਦੋਵੇਂ ਵੱਡੇ ਸਾਹਿਬਜ਼ਾਦੇ, ਨਾਲ ਕੁਝ ਸੂਰਬੀਰ ਸਿੰਘਾਂ ਦੇ ਜਥੇ, ਜੋ
ਵਹੀਰ ਨੂੰ ਤਿੰਨਾ ਪਾਸਿਆਂ ਤੋਂ ਦੇਖ ਰਹੇ ਸਨ ਨੂੰ ਲੈ ਕੇ ਅਨੰਦਪੁਰ ਦੇ ਕਿਲ੍ਹਿਆਂ ਵਿਚੋਂ ਬਾਹਰ
ਨਿਕਲ ਤੁਰੇ। ਸਿਆਲੂ ਬਰਸਾਤ ਕਰਕੇ ਰਾਤ ਹਨੇਰੀ ਅਤੇ ਠੰਢੀ ਸੀ। ਚਾਰੇ ਪਾਸੇ ਘੁੱਪ ਹਨੇਰਾ ਛਾਇਆ
ਹੋਇਆ ਸੀ। ਗੁਰਬਾਣੀ ਅਨੁਸਾਰ ''ਬਿਜੁਲੀਆ ਚਮਕੰਨਿ ਘੁਰਨਿ ਘਟਾ'' ਵਾਲੀ ਦੁਰਦਸ਼ਾ ਸੀ। ਦੁਸ਼ਮਣ ਦੀ
ਫ਼ੌਜ ਪਹਿਲਾਂ ਹੀ ਹਮਲੇ ਲਈ ਤਿਆਰ ਸੀ, ਪਰ ਉਨ੍ਹਾਂ ਨੂੰ ਗੁਰੂ ਜੀ ਬਾਰੇ ਕੋਈ ਪਤਾ ਨਹੀ ਸੀ, ਕਿ ਉਹ
ਵਹੀਰ ਦੇ ਕਿਸ ਹਿੱਸੇ ਵਿੱਚ ਹਨ? ਬੱਦਲਾਂ ਅਤੇ ਮੀਹ ਵਿੱਚ, ਇਹ ਸਾਰਾ ਜਥਾ, ਦੁਸ਼ਮਣ ਦੀ ਮਾਰ ਹੇਠੋਂ
ਛੇਤੀ ਹੀ ਅੱਗੇ ਲੰਘ ਗਿਆ। ਘੋੜ ਸਵਾਰ ਸਿੰਘ, ਲਗਾਤਾਰ ਸਾਰੇ ਵਹੀਰ ਦੁਆਲੇ ਸੁਰੱਖਿਆ ਘੇਰਾ ਬਣਾਈ
ਨਾਲ ਨਾਲ ਜਾ ਰਹੇ ਸਨ।
ਅਜੇ ਇਹ ਸਿੰਘਾਂ ਦਾ ਕਾਫ਼ਲਾ ਜਿਆਦਾ ਦੂਰ ਨਹੀ ਸੀ ਗਿਆ। ਦੁਸ਼ਮਣ ਨੇ ਸੋਚੀ ਸਮਝੀ ਸਕੀਮ ਅਨੁਸਾਰ
ਪਿੱਛਿਓਂ ਹਮਲਾ ਕਰ ਦਿੱਤਾ। ਜਿਸ ਨਾਲ ਘਮਸਾਨ ਦਾ ਯੁੱਧ ਸ਼ੁਰੂ ਹੋ ਗਿਆ। ਗੁਰੂ ਜੀ ਨੇ ਆਪਣੀ ਫ਼ੌਜ ਦੀ
ਥੋੜੀ ਗਿਣਤੀ ਦੇ ਬਾਵਜੂਦ ਦੁਸ਼ਮਨ ਫ਼ੌਜ ਦਾ ਨੱਕ ਵਿੱਚ ਦਮ ਕਰ ਦਿੱਤਾ। ਸਿੰਘਾਂ ਦੇ ਜੰਗੀ ਪੈਂਤੜਿਆਂ
ਕਾਰਨ ਦੁਸ਼ਮਨ ਫ਼ੌਜਾਂ ਦੀ ਕੋਈ ਵਾਹ ਚਲਦੀ। ਸਿੰਘ ਹਵਾ ਵਾਂਗ ਦੁਸ਼ਮਣ ਦਲਾਂ ਵਿੱਚ ਫਿਰ ਰਹੇ ਸਨ। ਉਨ੍ਹਾਂ
ਦੀਆਂ ਕਿਰਪਾਨਾਂ ਅਤੇ ਤੀਰ ਲਗਾਤਾਰ ਦੁਸ਼ਮਣ ਦੇ ਆਹੂ ਲਾਹ ਰਹੇ ਸਨ। ਲਹੂ ਭਿੱਜੀਆਂ ਜਾਨ ਲੇਵਾ ਕੜਕ
ਦੀਆਂ ਚਮਕਦੀਆਂ ਕਿਰਪਾਨਾਂ, ਦੁਸ਼ਮਣ ਦੇ ਸਾਹ ਸੁਕਾ ਰਹੀਆਂ ਸਨ। ਗੁਰੂ ਜੀ ਨੇ ਭਾਈ ਉਦੈ ਸਿੰਘ ਨੂੰ
ਸਾਰੇ ਜਥਿਆਂ ਦੀ ਕਮਾਂਡ ਦਿੱਤੀ ਹੋਈ ਸੀ। ਦੁਸ਼ਮਣ ਵਿੱਚ ਵੜ ਕੇ ਚੰਗੀ ਵਾਢ ਦੇ ਰਹੇ ਸਨ। ਦੁਸ਼ਮਣ ਦੀ
ਗਿਣਤੀ ਲੱਖਾਂ ਵਿੱਚ ਸੀ। ਜਿਸ ਨੇ ਸਾਰੇ ਪਹਾੜੀ ਰਾਹ ਤੇ ਪਹਿਲਾਂ ਹੀ ਵਿਉਂਤ ਬੰਦੀ ਕੀਤੀ ਹੋਈ ਸੀ।
ਜਿਸ ਕਰਕੇ ਦੁਸ਼ਮਣ ਕਿਸੇ ਗੱਲੋਂ ਵੀ ਕੱਚਾ ਨਹੀ ਸੀ। ਧਾੜਵੀ ਫ਼ੌਜਾਂ ਨੇ ਅਨੰਦਪੁਰ ਤੋ ਸਿਰਸਾ ਦਰਿਆ
ਤੱਕ ਦਾ ਸਾਰਾ ਪਹਾੜੀ ਰਾਹ ਮੱਲਿਆ ਹੋਇਆ ਸੀ। ਜਿਸ ਦਾ ਮਿਸ਼ਨ ਵਹੀਰ ਨੂੰ ਘੇਰ ਕੇ ਇਕ ਸੋਚੀ ਸਮਝੀ
ਸਾਜ਼ਿਸ਼ ਅਧੀਨ ਖਤਮ ਕਰਨਾ ਸੀ। ਸਿਰਸਾ ਦਰਿਆ ਤੱਕ ਪਹੁੰਚਦਿਆਂ ਕਰਦਿਆਂ ਨੂੰ ਤਕਰੀਬਨ ਅੱਧੇ ਲੜਾਕੇ
ਸਿੰਘ, ਸ਼ਹਾਦਤਾਂ ਪਾ ਗਏ ਸਨ। ਸਿਰਸਾ ਦਰਿਆ ਵਿੱਚ ਹੜ੍ਹ ਆਇਆ ਹੋਣ ਕਰਕੇ ਗੁਰੂ ਜੀ ਦਾ ਸਾਰਾ ਖਾਲਸਾ
ਇਕ ਥਾਂ ਤੇ ਜੁੜ ਗਿਆ। ਜਿਥੇ ਨਵੇਂ ਪੈਂਤਰਿਆਂ ਲਈ, ਇਕ ਛੋਟਾ ਇਕੱਠ ਕੀਤਾ ਗਿਆ। ਜਿਸ ਵਿੱਚ ਆਉਣ
ਵਾਲੇ ਖ਼ਤਰਿਆਂ ਦਾ ਮੁਕਾਬਲਾ ਕਰਨ ਲਈ ਨਵੀ ਰਣਨੀਤੀ ਅਪਨਾਈ ਗਈ। ਥੋੜੇ ਹੀ ਸਮੇਂ ਵਿੱਚ ਲੜਾਈ ਅੱਗੇ
ਨਾਲੋ ਵੀ ਤੇਜ ਹੋ ਗਈ। ਜਿਸ ਕਾਰਨ ਸਾਰੇ ਪਾਸੇ ਹਫੜਾ-ਦਫੜੀ ਮੱਚ ਗਈ। ਮਾਤਾ ਸੁੰਦਰ ਕੌਰ ਅਤੇ ਮਾਤਾ
ਸਾਹਿਬ ਕੌਰ ਜੀ ਭਾਈ ਮਨੀ ਸਿੰਘ ਜੀ ਨਾਲ ਇਕ ਪਾਸੇ ਨਿਕਲ ਗਏ ਜੋ ਬਾਅਦ ਵਿੱਚ ਦਿਲੀ ਪਹੁੰਚਣ ਦਾ
ਸਬੱਬ ਬਣਿਆ। ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਸਿਰਸਾ ਦਰਿਆ ਦੇ ਕੰਢੇ ਕੰਢੇ ਗੰਗੂ ਬ੍ਰਾਹਮਣ
ਨਾਲ ਉਸ ਦੇ ਪਿੰਡ ਖੇੜੀ ਚਲੇ ਗਏ।
ਸਿਰਸਾ ਕਿਨਾਰੇ ਤੱਕ ਦੇ ਘੋਰ ਯੁੱਧ ਵਿੱਚ ਇਕ ਹਜ਼ਾਰ ਸਿੰਘਾਂ ਦੇ ਜਥੇ ਵਿੱਚੋਂ ਗੁਰੂ ਜੀ ਆਪ, ਦੋ
ਵੱਡੇ ਸਾਹਿਬਜ਼ਾਦੇ ਅਤੇ 38 ਸਿੰਘ ਬਚੇ ਸਨ। ਇਸ ਯੁੱਧ ਵਿੱਚ ਹਜ਼ਾਰਾਂ ਮੁਗ਼ਲ ਅਤੇ ਪਹਾੜੀਏ ਮੌਤ ਦੇ
ਮੂੰਹ ਵਿੱਚ ਫਸ ਕੇ ਆਪਣੇ ਕੀਤੇ ਕੌਲ ਕਰਾਰਾਂ ਨੂੰ ਭੁੱਲ ਕੇ ਨਰਕਾਂ ਦੇ ਵਾਸੀ ਹੋਏ। ਅਨੰਦਪੁਰ ਦੇ
ਆਖਰੀ ਯੁੱਧ ਵਿੱਚ ਦੋ ਕੌਮਾਂ ਦੀ, ਸਿੱਖਾਂ ਦੇ ਰੱਬੀ ਪੈਗ਼ੰਬਰ ਨਾਲ, ਇਹ ਇਕ ਵੱਡੀ ਲੜਾਈ ਦੀ ਸ਼ੁਰੂਆਤ
ਸੀ। ਜੋ ਲਗਾਤਾਰ 1799 ਤੱਕ ਚਲਦੀ ਰਹੀ। ਜਿਸ ਨੂੰ ਇਸ ਲੇਖ ਦੇ ਲਿਖਾਰੀ ਵਲੋਂ ਸਿੱਖ ਇਤਿਹਾਸ ਦੀ ਸੌ
ਸਾਲਾ ਜੰਗ ਦਾ ਨਾਮ ਦਿੱਤਾ ਗਿਆ ਹੈ।
ਪਰ ਇਸ ਲੜਾਈ ਵਿੱਚ 23 ਦਸੰਬਰ 1704 ਦੇ ਲਉਢੇ ਵੇਲੇ ਬਚੇ ਹੋਏ ਸਿੰਘ, ਗੁਰੂ ਜੀ ਅਤੇ ਸਾਹਿਬਜ਼ਾਦਿਆਂ
ਨਾਲ ਸਿਰਸਾ ਨੂੰ ਪਾਰ ਕਰਕੇ ਨਾਲ ਦੇ ਪਿੰਡ ਕੋਟਲਾ ਨਿਹੰਗ ਤੋ ਹੁੰਦੇ ਹੋਏ, ਦੂਜੇ ਦਿਨ 24 ਦਸੰਬਰ
1704 ਨੂੰ ਸਵੇਰੇ ਮੂੰਹ ਹਨੇਰੇ ਚਮਕੌਰ ਪਿੰਡ ਦੀ ਜੂਹ ਵਿੱਚ ਪਹੁੰਚ ਗਏ। ਜਿਥੇ ਇਕ ਕੱਚੀ ਅਤੇ
ਮਜ਼ਬੂਤ ਹਵੇਲੀ ਵਿੱਚ ਉਸ ਦੇ ਮਾਲਕ ਦੀ ਹਾਂ ਤੇ, ਡੇਰਾ ਕਰ ਲਿਆ। ਮੁਗ਼ਲ ਅਤੇ ਹਿੰਦੂ ਸੈਨਾ ਲਗਾਤਾਰ
ਪਿੱਛਾ ਕਰਦੀ ਆ ਰਹੀ ਸੀ। ਪਿੰਡੋਂ ਪਿੰਡ ਤਲਾਸ਼ੀਆਂ ਕਰਦੇ ਦੁਸ਼ਮਣ ਫ਼ੌਜੀ ਲਗਾਤਾਰ ਆਪਣੇ ਮਿਸ਼ਨ ਨੂੰ
ਪੂਰਿਆਂ ਕਰਨ ਲਈ ਅੱਗੇ ਵਧ ਰਹੇ ਸਨ। ਪਰ ਦੂਜੇ ਪਾਸੇ ਗੁਰੂ ਜੀ ਅਵੇਸਲੇ ਨਹੀ ਸਨ। ਪਰ ਫਿਰ ਵੀ ਸਮਾਂ
ਰੇਤ ਦੇ ਕਿਣਕਿਆਂ ਵਾਂਗ ਕਿਰ ਰਿਹਾ ਸੀ। ਉਨ੍ਹਾਂ ਦੇ ਸੂਹੀਏ ਵੀ ਅਗਲੇ ਪੜਾ ਬਾਰੇ ਆਪਣੇ ਜਰਨੈਲ ਲਈ
ਰਾਹ ਪੱਧਰਾ ਕਰ ਰਹੇ ਸਨ। ਦੁਸ਼ਮਨ ਫ਼ੌਜਾਂ ਨੇ ਗੁਰੂ ਜੀ ਅਤੇ ਬਚੇ ਖਾਲਸੇ ਨੂੰ ਮੁਕਾਉਣ ਲਈ ਸਾਰਾ ਜੋਰ
ਲਾ ਦਿੱਤਾ। ਜਦ ਨੂੰ ਕਿਸੇ ਨੇ ਸੂਹ ਦਿੱਤੀ, ਕਿ ਸਿੱਖਾਂ ਦੇ ਗੁਰੂ ਸਮੇਤ, ਸਿੰਘਾਂ ਦਾ ਇਕ ਛੋਟਾ
ਜਿਹਾ ਜਥਾ, ਥੋੜਾ ਚਿਰ ਪਹਿਲਾਂ ਹੀ ਪੁਰ੍ਹੇ ਦੀ ਤਰਫ ਨਿਕਲਿਆ ਹੈ। ਫ਼ੌਜ ਦੇ ਸੂਹੀਏ, ਸਿੰਘਾਂ ਦੀ
ਪੈੜ ਨੱਪਦੇ ਹੋਏ ਅਖੀਰ ਨੂੰ ਚਮਕੌਰ ਪਿੰਡ ਸ਼ਾਹ ਵੇਲੇ ਪਹੁੰਚ ਗਏ। ਜਿਥੇ ਪਹਿਲਾਂ ਹੀ ਗੁਰੂ ਪਾਤਸ਼ਾਹ
ਜਰਨੈਲ ਦੇ ਰੂਪ ਵਿੱਚ ਆਪਣੇ ਮੁੱਠੀ ਭਰ ਜਾਂਬਾਜ਼ ਸਿੰਘਾਂ ਨਾਲ ਡੇਰਾ ਲਾ ਬੈਠੇ ਸਨ। ਅੱਜ ਗੁਰੂ ਜੀ
ਵੀ ਆਪਣੇ ਫ਼ੌਜੀ ਨੀਤੀ ਅਧੀਨ ਦੁਸ਼ਮਨ ਨੂੰ ਕਰਾਰੀ ਹਾਰ ਦੇਣ ਲਈ ਬਾਜ ਅੱਖਾਂ ਰਾਹੀਂ ਦੇਖ ਰਿਹਾ ਸੀ।
ਐਨੇ ਚਿਰ ਨੂੰ ਗੁਰੂ ਜੀ ਨੂੰ ਵੀ, ਪਿੰਡ ਦੇ ਸਿੱਖਾਂ ਵਲੋਂ ਸਨੇਹਾ ਮਿਲ ਗਿਆ, ਕਿ ਵੈਰੀ ਨੇ ਚਾਰੇ
ਪਾਸਿਆਂ ਤੋ ਪਿੰਡ ਨੂੰ ਘੇਰਾ ਪਾ ਲਿਆ ਹੈ। ਅਤੇ ਉਨ੍ਹਾਂ ਨੂੰ ਪਤਾ ਲੱਗ ਗਿਆ ਹੈ ਕਿ, ਆਪ ਜੀ ਬਾਕੀ
ਬਚੇ ਸਿੰਘ ਸਾਥੀਆਂ ਨਾਲ ਇਥੇ ਆ ਨਿਕਲੇ ਹਨ। ਇਹ ਗੜੀ ਪਿੰਡ ਦੇ ਇਕ ਪਾਸੇ ਸੀ। ਗੜੀ ਦੇ ਅੱਗੇ ਭੀੜੀਆਂ
ਅਤੇ ਨਿੱਕੀਆਂ ਗਲੀਆਂ ਸਨ। ਗੁਰੂ ਜੀ ਨੇ ਇਸ ਸਧਾਰਨ ਹਵੇਲੀ ਨੂੰ ਫ਼ੌਜੀ ਟਿਕਾਣੇ ਵਿੱਚ ਬਦਲ ਲਿਆ।
ਹਵੇਲੀ ਦੀ ਛੱਤ ਉੱਤੇ ਚਾਰੇ ਪਾਸਿਆਂ ਨੂੰ ਆਪਣੀ ਨਿਗ੍ਹਾ ਵਿੱਚ ਰੱਖਣ ਲਈ ਸਿੰਘਾਂ ਨੂੰ ਆਪਣੇ ਬਚੇ
ਹੋਏ ਹਥਿਆਰਾਂ ਨਾਲ ਸਜਾ ਕੇ ਤਾਇਨਾਤ ਕਰ ਦਿੱਤਾ। ਕਿਸੇ ਨੇ ਵੀ ਇਸ ਰਾਤ ਕੋਈ ਹਮਲਾ ਨਾ ਕੀਤਾ। ਭਾਵੇਂ
ਦੁਸ਼ਮਣ ਨੂੰ ਗੁਰੂ ਜੀ ਦੇ ਜਿਉਂਦਾ ਹੋਣ ਦਾ ਪਹਿਲੀ ਰਾਤ ਹੀ ਪਤਾ ਲੱਗ ਗਿਆ ਸੀ। ਇਕ ਪਾਸੇ ਮੁੱਠੀ ਭਰ
ਸਿੰਘ, ਜਿਨ੍ਹਾਂ ਕੋਲ ਨਾ ਕੋਈ ਹਥਿਆਰਾਂ ਦੀ ਸਪਲਾਈ ਹੈ ਨਾ ਹੀ ਕੋਈ ਚਲਦਾ ਕਾਰਖਾਨਾ। ਫਿਰ ਵੀ ਉਹ
ਇਸ ਰਹੱਸ ਨੂੰ ਆਪਣੇ ਤੱਕ ਹੀ ਸੀਮਤ ਰੱਖਣਾ ਚਾਹੁੰਦੇ ਸਨ। ਮੁਗਲਾਂ ਅਤੇ ਬਾਈ ਧਾਰ ਦੇ ਰਾਜਿਆਂ ਦੇ
ਜਰਨੈਲ ਅੰਦਰੋਂ ਬਹੁਤ ਡਰ ਗਏ ਸਨ। ਦੁਸ਼ਮਣ ਫ਼ੌਜਾਂ ਵਲੋਂ ਇਸ ਅਪਰੇਸ਼ਨ ਦੀ ਅਗਵਾਈ ਕਰ ਰਹੇ ਮੌਕੇ ਦੇ
ਫ਼ੌਜੀ ਸ਼ਾਸਨ ਦੇ ਮਸ਼ਹੂਰ ਜਰਨੈਲ ਨਾਹਰ ਖਾਨ ਅਤੇ ਖ਼ੁਆਜਾ ਜ਼ਫ਼ਰ ਬੇਗ਼ ਸਨ।
25 ਦਸੰਬਰ 1704 ਦੀ ਲੋਅ ਫਟਦੇ ਸਾਰ ਦੁਸਮਣ ਹਵੇਲੀ ਦੇ ਵੱਡੇ ਦਰਵਾਜੇ ਅੱਗੇ ਗੋਲੀਆਂ, ਤੀਰਾਂ ਤਫ਼ੰਗਾਂ
ਅਤੇ ਤਲਵਾਰਾਂ ਨਾਲ ਹਮਲਾਵਰ ਹੋਣ ਲਈ ਅੱਗੇ ਵਧਿਆ। ਜਿਸ ਨੂੰ ਸਿੰਘਾਂ ਦੀਆਂ ਗੋਲੀਆਂ ਅਤੇ ਤੀਰਾਂ ਨੇ
ਹਵੇਲੀ ਦੀਆਂ ਕੰਧਾਂ ਦੇ ਨੇੜੇ ਨਹੀ ਲੱਗਣ ਦਿੱਤਾ। ਜਿਧਰੋਂ ਆਏ ਸਨ, ਵਾਪਸ ਭਜਾ ਦਿੱਤੇ। ਦੁਸ਼ਮਨ ਦੇ
ਸਾਰੇ ਹਮਲੇ ਇਕੋ-ਇਕ ਵੱਡੇ ਦਰਵਾਜੇ ਵਲੋਂ ਹੀ ਹੋਏ। ਹਵੇਲੀ ਦੀਆਂ ਕੰਧਾਂ ਰਾਹੀ ਉਪਰ ਚੜ੍ਹਨ ਦੀ
ਕੋਸ਼ਿਸ਼ ਹੁੰਦੀ ਰਹੀ। ਪਰ ਹਮੇਸ਼ਾ ਹੀ ਅਸਫਲਤਾ ਨੇ ਦੁਸ਼ਮਣ ਦੇ ਪੈਰ ਭਾਰੇ ਕੀਤੇ। ਤੀਜੇ ਹਮਲੇ ਵਿੱਚ
ਸ਼ਾਹੀ ਫ਼ੌਜਾਂ ਦਾ ਜਰਨੈਲ ਨਾਹਰ ਖਾਨ ਗੁਰੂ ਜੀ ਦੇ ਤੀਰ ਨਾਲ ਮਾਰਿਆ ਗਿਆ। ਖ਼ੁਵਾਜ਼ਾ ਜ਼ਫ਼ਰ ਬੇਗ਼ ਕੰਧਾ
ਉਹਲੇ ਲੁਕ ਲੁਕ ਕੇ ਮਸਾਂ ਬਚਿਆ। ਜਿਸ ਨਾਲ ਦੁਸ਼ਮਣ ਫ਼ੌਜ ਦੇ ਸਿਪਾਹੀਆਂ ਦੇ ਹੌਂਸਲੇ ਪਸਤ ਹੁੰਦੇ ਗਏ।
ਗੁਰੂ ਜੀ ਦੇ ਕਰਾਮਾਤੀ ਹੋਣ ਦਾ ਸ਼ੱਕ ਹੋਰ ਪੱਕਾ ਹੋ ਗਿਆ। ਦੁਸ਼ਮਣ ਫ਼ੌਜ, ਸਿੰਘਾਂ ਦੀ ਗਿਣਤੀ ਨੂੰ
ਭੁੱਲ ਗਈ, ਕਿ ਪਿਛਲੇ ਤਿੰਨ ਦਿਨਾਂ ਦੀ ਲੜਾਈ ਵਿੱਚੋਂ ਕਿੰਨੇ ਕੁ ਬਚੇ ਹੋਣਗੇ? ਫਿਰ ਵੀ, ਸਿੰਘਾਂ
ਨੇ ਕਦਮ ਕਦਮ ਤੇ ਵੈਰੀ ਦਲ ਦੀ ਕਾਂਗ ਨੂੰ ਆਪਣੇ ਤੀਰਾਂ ਦੀ ਦਹਿਸ਼ਤ ਨਾਲ ਥੰਮ੍ਹੀ ਰੱਖਿਆ।
ਲਉਢੇ ਪਹਿਰ ਤੱਕ ਲੜਾਈ ਨੇ ਬਹੁਤ ਸ਼ਕਲਾਂ ਬਦਲੀਆਂ। ਗੜੀ ਦੇ ਅੰਦਰੋਂ ਸਿੰਘਾਂ ਦਾ ਸਮਾਨ ਮੁੱਕਣਾ ਸ਼ੁਰੂ
ਹੋ ਗਿਆ। ਜਿਸ ਕਰਕੇ ਫ਼ੈਸਲਾ ਲਿਆ ਗਿਆ ਕਿ ਥੋੜੇ ਥੋੜੇ ਸਿੰਘ ਜਥਿਆਂ ਦੇ ਰੂਪ ਵਿੱਚ ਬਾਹਰ ਨਿਕਲ ਕੇ
ਦੁਸ਼ਮਨ ਨਾਲ ਸਿੱਧੀ ਟੱਕਰ ਲੈਣ। ਵਾਰੋ-ਵਾਰੀ ਸਿੰਘ ਬਾਹਰ ਨਿਕਲਦੇ ਅਤੇ ਪਿੰਡ ਦੀ ਗਲੀਆਂ ਵਿੱਚ ਜਾ
ਵੜਦੇ, ਉਪਰੋਂ ਗੁਰੂ ਜੀ ਦੇ ਤੀਰ ਦੁਸ਼ਮਣ ਦਲਾਂ ਵਿੱਚ ਬੰਬ ਵਾਂਗ, ਸਹੀ ਟਿਕਾਣਿਆਂ ਤੇ ਜਾ ਗਿਰਦੇ ਅਤੇ
ਪਿਛੇ ਲਾਸ਼ਾਂ ਤੋ ਬਗੈਰ ਕੁਝ ਨਾ ਬਚਦਾ। ਪੈਦਲ ਅਤੇ ਘੋੜ ਚੜੇ ਸਿੰਘ, ਦੁਸ਼ਮਣ ਨੂੰ ਭਜਾਉਂਦੇ ਅੱਗੇ
ਨਿਕਲ ਜਾਂਦੇ। ਸੈਂਕੜਿਆਂ ਨੂੰ ਮਾਰਦੇ ਆਪ ਸ਼ਹੀਦੀ ਜਾਮ ਪੀ ਕੇ ਸਦਾ ਲਈ ਸੁਰਖਰੂ ਹੋ ਕੇ ਹਵਾ ਵਿੱਚ
ਘੁਲ-ਮਿਲ ਜਾਂਦੇ। ਦੁਸ਼ਮਨ, ਸੱਚ ਦੇ ਰਖਵਾਲਿਆਂ ਅੱਗੇ ਜ਼ੀਰੋ ਬਣ ਕੇ ਰਹਿ ਜਾਂਦੇ। ਲੜਾਈ ਜੋਰ ਫੜਦੀ
ਫੜਦੀ, ਦੁਸ਼ਮਨ ਦੀਆਂ ਬਰੂਹਾਂ ਤੱਕ ਅੱਪੜ ਜਾਂਦੀ।
ਅੰਤ ਸਮੇਂ ਦੇ ਅਨੁਕੂਲ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਨੇ ਅਰਜ ਗੁਜ਼ਾਰੀ ਕਿ ਸੱਚੇ ਪਿਤਾ ਜੀ
ਹੁਣ ਦਾਸ ਨੂੰ ਆਗਿਆ ਬਖ਼ਸ਼ੋ ਕਿ ਮੈ ਵੈਰੀ ਦਲਾਂ ਵਿੱਚ ਜਾ ਕੇ ਆਪਣੇ ਸਰੀਰ ਨੂੰ ਦੁਸ਼ਮਨ ਦੇ ਫੱਟਾਂ
ਨਾਲ ਪਵਿਤਰ ਕਰਾਂ? ਉਸ ਵੇਲੇ ਸਾਹਿਬਜ਼ਾਦੇ ਅਜੀਤ ਸਿੰਘ ਦੀ ਉਮਰ ਸਤਾਰਾਂ ਸਾਲ ਤੋ ਕੁਝ ਉਪਰ ਸੀ। ਗੁਰੂ
ਜੀ ਨੇ ਆਗਿਆ ਬਖ਼ਸ਼ੀ, ਕਿ ਜਾਓ ਮੇਰੇ ਲਾਡਲੇ ਪੁੱਤਰ ਤੇਗ਼ ਦੇ ਧਨੀ ਅਜੀਤ ਸਿੰਘ ਮੈਦਾਨੇ ਜੰਗ ਵਿੱਚ,
ਦੁਸਮਨ ਦੇ ਆਹੂ ਲਾਹੋ। ਉਸੇ ਵੇਲੇ ਸਾਹਿਬਜ਼ਾਦਾ ਅਜੀਤ ਸਿੰਘ ਪੰਜ ਘੋੜ ਸਵਾਰ ਸਿੰਘਾਂ ਨਾਲ ਮੈਦਾਨੇ
ਜੰਗ ਵਿੱਚ ਚਲਾ ਗਿਆ। ਜਿਸ ਨੇ ਦੁਸ਼ਮਨ ਨੂੰ ਕਰਾਰੇ ਹੱਥੀ ਲੈਂਦਿਆਂ ਜੰਗਲਾਂ ਨੂੰ ਤਬਾਹ ਕਰ ਦੇਣ ਵਾਲੀ
ਸ਼ਕਤੀ ਨਾਲ, ਧਰਤੀ ਨੂੰ ਲਹੂ-ਲੁਹਾਨ ਕਰ ਦਿੱਤਾ। ਸਾਹਿਬਜ਼ਾਦੇ ਦੀ ਦਲੇਰੀ ਤੋਂ ਵੈਰੀ ਵੀ ਅੱਸ਼ ਅੱਸ਼ ਕਰ
ਉਠਿਆ। ਅਜੀਤ ਸਿੰਘ ਦੀ ਕਿਰਪਾਨ ਨੇ ਦੁਸ਼ਮਨ ਦਲਾਂ ਵਿੱਚ, ਬਿਫ਼ਰੇ ਹੋਏ ਦਰਿਆ ਦੇ ਵੇਗ ਦੀ ਤਰ੍ਹਾਂ,
ਅਕਾਸ਼ੀ ਬਿਜਲੀ ਵਾਂਗ, ਫਿਰ ਕੇ ਧਰਤੀ ਨੂੰ ਮੌਤ ਦੇ ਅਲੌਕਿਕ ਰਾਗ ਵਾਂਗ ਸੁੰਨ ਕਰ ਦਿੱਤਾ। ਗੜੀ ਤੋਂ
ਲਗਾਤਾਰ ਗੁਰੂ ਜੀ ਦੇ ਤੀਰਾਂ ਅਤੇ ਗੋਲੀਆਂ, ਦੁਸ਼ਮਨ ਦਲਾਂ ਵਿੱਚ ਤਰਥੱਲ ਮਚਾਉਂਦੀਆਂ ਰਹੀਆਂ। ਅਖੀਰ
ਨੂੰ ਅਜੀਤ ਸਿੰਘ ਸਾਹਿਬਜ਼ਾਦਾ ਜੰਗ ਦੇ ਮੈਦਾਨ ਵਿੱਚ ਲੋਥਾਂ ਦੇ ਸੱਥਰ ਵਿਛਾਉਂਦਾ ਹੋਇਆ ਆਪ ਸ਼ਹੀਦ ਹੋ
ਗਿਆ। ਜਦੋਂ ਗੁਰੂ ਜੀ ਨੇ ਆਪਣੇ ਸਪੁੱਤਰ ਨੂੰ ਇੰਝ ਮੈਦਾਨੇ ਜੰਗ ਵਿੱਚ ਸ਼ਹੀਦ ਹੁੰਦਾ ਦੇਖਿਆ ਤਾਂ,
ਜਰਨੈਲੀ ਰੂਪ ਵਿੱਚ ਖੁਸ਼ੀ ਅਤੇ ਫ਼ਤਿਹ ਦੇ ਜੈਕਾਰੇ ਗਜਾਏ। ਸਿੰਘਾਂ ਦੇ ਦਿਲ ਦਹਿਲ ਗਏ। ਆਪਣੇ ਨਾਲੋਂ
ਅੱਧੀ ਉਮਰ ਦੇ ਗੁਰੂ ਪੁੱਤਰ ਨੂੰ ਅਕਾਸ਼ਾਂ ਦਾ ਵਾਸੀ ਸਮਝ ਕੇ ਗੁਰੂ ਜੀ ਦਾ ਸ਼ੁਕਰਾਨਾ ਕੀਤਾ। ਦਿਲੋਂ
ਦਿਲ ਅਰਦਾਸ ਕੀਤੀ, ਕਿ ਇਹ ਸਰਬ ਕਲਾ ਸਮਰੱਥ ਸੁਆਮੀ ਆਪਣੀ ਸਿੱਖੀ ਦੀ ਤੂੰ ਹੀ ਲਾਜ ਰੱਖਣੀ ਹੈ। ਤੇਰਾ
ਖਾਧਾ ਲੂਣ ਤੇਰੀਆਂ ਅਸੀਸਾਂ ਦੇ ਭਾਰ ਥੱਲੇ ਅਸੀ ਇਸ ਧਰਤੀ ਤੋਂ ਸੁਰਖਰੂ ਹੋ ਕੇ ਜਾਈਏ।
ਦਿਨ ਦਾ ਖਲਾ ਲਗਾਤਾਰ ਘਟ ਰਿਹਾ ਸੀ। ਸੂਰਜ ਇਹ ਨਜ਼ਾਰਾ ਦੇਖ ਕੇ ਹੈਰਾਨ ਹੋ ਰਿਹਾ ਸੀ। ਧਰਤੀ ਦੀ
ਹਿੱਕ ਪਵਿਤਰ ਖੂਨ ਨਾਲ ਲਾਲੋ-ਲਾਲ ਹੋ ਰਹੀ ਸੀ। ਹਵਾ ਵਿੱਚ ਵਸ ਰਹੇ ਸ਼ਹੀਦ ਆਪਣੇ ਗੁਰੂ ਤੋਂ ਬਲਿਹਾਰੇ
ਜਾ ਰਹੇ ਸਨ। ਸੂਰਜ ਨੇ ਵੀ ਨੌਜਵਾਨ ਸਿੰਘ ਦੀ ਚੱਲ ਰਹੀ ਕਿਰਪਾਨ ਦੇ ਜੌਹਰਾਂ ਨੂੰ ਦੇਖ ਕਿ ਸ਼ਰਮਿੰਦਗੀ
ਮਹਿਸੂਸ ਕੀਤੀ। ਉਹ ਆਪਣਾ ਮੂੰਹ ਲੁਕਾਉਣ ਲਈ ਲਗਾਤਾਰ ਪੱਛੋਂ ਦੀ ਤਰਫ਼ ਨੱਠ ਰਿਹਾ ਸੀ। ਸਿੰਘਾਂ ਦੀ
ਫ਼ੌਜ ਦਾ ਜਰਨੈਲ ਗੁਰੂ ਆਪਣੇ ਕੱਚੇ ਕਿਲੇ ਦੇ ਬਨੇਰੇ ਤੇ ਖੜਾ ਬੜੀ ਮਰਦਾਨਗੀ ਨਾਲ ਆਪਣੀ ਬਚੀ ਫ਼ੌਜ
ਨੂੰ ਹੱਲਾਸ਼ੇਰੀ ਦਿੰਦਾ ਰਿਹਾ।
ਸਾਹਿਬਜ਼ਾਦੇ ਅਜੀਤ ਸਿੰਘ ਦੇ ਸ਼ਹੀਦ ਹੋ ਜਾਣ ਤੇ ਛੋਟਾ ਸਾਹਿਬਜ਼ਾਦਾ ਜੁਝਾਰ ਸਿੰਘ ਉਸੇ ਤਰ੍ਹਾਂ, ਆਪਣੇ
ਗੁਰੂ-ਪਿਤਾ ਕੋਲ ਹਾਜ਼ਰ ਹੋਇਆ ਅਤੇ ਬੇਨਤੀ ਕੀਤੀ ਕਿ, ਪਿਤਾ ਜੀ ਹੁਣ ਇਸ ਛੋਟੇ ਪੁੱਤਰ ਨੂੰ ਵੀ
ਦੁਸ਼ਮਨ ਨਾਲ ਦੋ ਹੱਥ ਕਰਨ ਦੀ ਆਗਿਆ ਬਖ਼ਸ਼ੋ। ਮੈ ਵੀ ਆਪਣੇ ਵੱਡੇ ਵੀਰ ਵਾਂਗ ਸ਼ਹਾਦਤ ਦਾ ਜਾਮ ਪੀ ਕੇ
ਸੁਰਖਰੂ ਹੋ ਜਾਵਾਂ। ਦੀਨ-ਦੁਨੀ ਦੇ ਮਾਲਕ ਗੁਰੂ ਨੇ ਆਪਣੀ ਫ਼ੌਜੀ ਸੇਵਾ ਨਿਭਾਉਂਦਿਆਂ ਹੋਇਆਂ ਆਪਣੇ
ਚੌਦਾਂ ਸਾਲ ਦੇ ਮਾਸੂਮ ਬੇਟੇ, ਜਿਸ ਨੇ ਪਹਿਲਾਂ ਕਦੇ ਯੁੱਧ ਵਿੱਚ ਹਿੱਸਾ ਨਹੀ ਸੀ ਲਿਆ, ਅਜ਼ਮਾਉਣ ਲਈ
ਆਖਿਆ, ਕਿ ਬੇਟਾ ਤੇਰੀ ਉਮਰ ਹਾਲੇ ਬਹੁਤ ਛੋਟੀ ਹੈ! ਜੰਗਜੂ ਪਿਤਾ ਦੇ ਜੰਗਜੂ ਬੇਟੇ ਨੇ, ਫਿਰ ਬੇਨਤੀ
ਕੀਤੀ, ਕਿ ਹਜ਼ੂਰ, ਜਿਸ ਤਰ੍ਹਾਂ ਤੁਸੀ ਅਮ੍ਰਿਤ ਛਕਾਉਣ ਵੇਲੇ ਅਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਸੀ,
ਹੁਣ ਉਸੇ ਤਰ੍ਹਾਂ ਦਿਆਲੂ ਪਿਤਾ ਜੀ, ਸ਼ਹੀਦੀ ਦਾਤ ਬਖਸ਼ਿਸ਼ ਕਰੋ।
ਸਿੰਘ ਬੱਚੇ ਦਾ ਬਿਹਬਲ ਭਰਿਆ ਸ਼ਹੀਦੀ ਚਾਓ ਦੇਖ ਕੇ, ਫ਼ੌਜੀ ਜਰਨੈਲ ਨੇ, ਆਪਣੀ ਨਿੱਘੀ ਬੁੱਕਲ ਵਿੱਚ,
ਘੁੱਟ ਲਿਆ ਅਤੇ ਬਹੁਤ ਖੁਸ਼ੀ ਵਿੱਚ ਆਪਣੇ ਹੱਥੀ ਅਨਮੋਲ ਪੁੱਤਰ ਨੂੰ ਖਤਰਨਾਕ ਹਥਿਆਰਾਂ ਨਾਲ ਸਜਾ ਕੇ
ਆਖਿਆ, ਕਿ ਜਾਓ, ਮੇਰੇ ਲਾਡਲੇ ਸਪੁੱਤਰ ਜਾਓ ਅਤੇ ਦੁਸ਼ਮਣਾਂ ਨਾਲ ਦੋ ਹੱਥ ਕਰਾਰੇ ਕਰਕੇ ਸਮਝਾ ਦਿਓ
ਕਿ ਖਾਲਸਾ ਉਮਰਾਂ ਦੀ ਵਲਗਣ ਤੋ ਬਾਹਰ ਹੈ। ਜਾਓ ਮੇਰੇ ਪਿਆਰੇ ਖਾਲਸਾ ਜੀ, ਸ਼ਹੀਦ ਤੁਹਾਨੂੰ ਬੁਲਾ ਰਹੇ
ਹਨ। ਜਾਓ ਮੇਰੇ ਬਹਾਦਰ ਜਿਗਰ ਦੇ ਟੋਟੇ, ਇਸ ਧਰਤੀ ਵਿੱਚ, ਆਪਣਾ ਪਵਿੱਤਰ ਖੂਨ ਪਾ ਕੇ ਇਸ ਧਰਤੀ ਨੂੰ
ਹੋਰ ਪਵਿੱਤਰ ਕਰ ਦਿਓ, ਤਾਂ ਕਿ ਆਉਣ ਵਾਲੀਆਂ ਤੇਰੀਆਂ ਪੀੜ੍ਹੀਆਂ ਨੂੰ ਯਾਦ ਰਹੇ ਕਿ, ਇਹ ਉਨ੍ਹਾਂ
ਸੂਰਬੀਰਾਂ ਦੀ ਧਰਤੀ ਹੈ, ਜਿਥੇ ਇਕ ਛੋਟੇ ਜਿਹੇ ਖਾਲਸੇ ਦੇ ਜਥੇ ਨੇ, ਲੱਖਾਂ ਧਾੜਵੀਆਂ ਦਾ ਆਪਣਾ
ਈਮਾਨ ਰੱਖ ਕੇ, ਟਾਕਰਾ ਕੀਤਾ ਸੀ। ਤਾਂ ਕਿ ਅੱਗੇ ਵਾਸਤੇ ਕਿਸੇ ਜਰਵਾਣੇ ਨੂੰ, ਹੋਸ਼ ਭੁੱਲ ਜਾਵੇ, ਕਿ
ਖਾਲਸੇ ਨੇ ਕਿਸ ਤਰ੍ਹਾਂ ਅਜ਼ਾਦ ਰਹਿਣਾ ਹੈ? ਕਹਿੰਦੇ, ਜਦੋਂ ਉਹ ਖੂਬਸੂਰਤ ਮੂਰਤ ਜੰਗ ਦੇ ਮੈਦਾਨ
ਵਿੱਚ ਗਈ ਤਾਂ ਦੁਸ਼ਮਨ ਵੀ ਦੇਖ ਕੇ ਦੰਗ ਰਹਿ ਗਿਆ। ਯੁੱਧ ਦੇ ਧਨੀ ਫ਼ੌਜੀਆਂ ਨੇ ਇਹ ਨਜ਼ਾਰਾ ਦੇਖ ਕੇ
ਮੂੰਹ ਵਿੱਚ ਉਂਗਲਾਂ ਪਾ ਲਈਆਂ। ਬੜੇ ਬੜੇ ਸੂਰਬੀਰ ਕਹਾਉਣ ਵਾਲਿਆਂ ਨੂੰ ਵੀ ਸ਼ਰਮ ਆਉਣ ਲੱਗੀ। ਪਰ
ਮੌਤ ਨੂੰ ਪਰਨਾਉਣ ਵਾਲੇ ਸੂਰਬੀਰ ਨੇ, ਨਾ ਆਓ ਦੇਖਿਆ ਨਾ ਤਾਓ, ਦੁਸ਼ਮਣ ਦਲਾਂ ਨੂੰ ਚੀਰਦਾ ਹੋਇਆਂ ਉਹ
ਬਹੁਤ ਅੱਗੇ ਨਿਕਲ ਗਿਆ। ਜਿਥੋਂ ਵਾਪਸ ਆਉਣਾ ਬਹੁਤ ਮੁਸ਼ਕਲ ਸੀ। ਜੁਝਾਰ ਸਿੰਘ ਸਾਹਿਬਜ਼ਾਦੇ ਨੇ ਆਪੇ
ਚੁਣੇ ਸ਼ਹੀਦੀ ਦੇ ਮਾਰਗ ਨੂੰ ਸੱਥਰ ਵਿਛਾ ਕੇ ਪੂਰਾ ਕੀਤਾ। ਗੜ੍ਹੀ ਦੇ ਬੁਰਜ ਵਿੱਚ ਬੈਠੇ ਚੋਜੀ
ਪਾਤਸ਼ਾਹ ਨੇ ਇਕ ਹੋਰ ਫ਼ਤਿਹ ਦਾ ਜੈਕਾਰਾ ਗਜਾਇਆ। ਜਿਸ ਨਾਲ ਅਸਮਾਨ ਅਤੇ ਧਰਤੀ ਕੰਬ ਗਏ। ਚੋਜੀ ਗੁਰੂ
ਨੇ ਇਕ ਹੋਰ ਤੀਰਾਂ ਦਾ ਪ੍ਰਸ਼ਾਦ ਜੰਗ ਦੇ ਮੈਦਾਨ ਵੱਲ ਛੱਡਿਆ। ਜਿਸ ਨਾਲ ਪਾਪੀ ਰੂਹਾਂ ਨੂੰ ਧਰਤੀ ਨੇ
ਵਿਸ਼ਰਾਮ ਬਖਸ਼ਿਸ਼ ਕੀਤਾ।
ਹੁਣ ਤੱਕ ਕੁਲ ਗਿਆਰਾਂ ਸਿੰਘ, ਗੜੀ ਵਿੱਚ ਮੌਜੂਦ ਸਨ। ਉਨ੍ਹਾਂ ਨੇ ਗੁਰੂ ਜੀ ਆਸਰੇ ਹਨੇਰਾ ਹੁੰਦੇ
ਤੱਕ ਦੁਸ਼ਮਨ ਦਲਾਂ ਨੂੰ ਠੱਲ੍ਹ ਪਾਈ ਰੱਖੀ। ਹੁਣ ਤੱਕ ਦੁਸ਼ਮਣ ਵੀ ਚੰਗੀ ਤਰ੍ਹਾਂ ਸਮਝ ਗਿਆ ਸੀ। ਕਿ
ਰੱਬੀ ਖਾਲਸੇ ਨੂੰ ਹਰਾਉਣਾ ਐਨਾ ਸੌਖਾ ਨਹੀ। ਜਿਨੀ ਹਕੂਮਤ ਸਮਝਦੀ ਹੈ! ਉਹ ਵੀ ਵਾਰੋ-ਵਾਰੀ ਗੁਰੂ ਜੀ
ਦੇ ਹੁਕਮ ਨਾਲ, ਆਪਣੀ ਕੌਮ ਤੋ ਬਲਿਹਾਰੇ ਜਾਂਦੇ ਕੌਮ ਦੀਆਂ ਜੜ੍ਹਾਂ ਵਿੱਚ ਆਪਣਾ ਪਵਿੱਤਰ ਖੂਨ ਪਾ
ਕੇ ਸਦਾ ਲਈ ਅਮਰ ਹੋ ਗਏ। ਰਾਤ ਦਾ ਪਹਿਲਾ ਪਹਿਰ ਆ ਗਿਆ ਸੀ। ਦੁਸ਼ਮਨ ਹੁਣ ਸਰੀਰਕ ਅਤੇ ਆਤਮਿਕ ਤੌਰ
ਤੇ ਬਹੁਤ ਥੱਕ ਅਤੇ ਅੱਕ ਗਿਆ ਸੀ। ਉਹ ਗੁਰੂ ਗੋਬਿੰਦ ਸਿੰਘ ਦੀ ਫ਼ੌਜੀ ਕਲਾ ਨੂੰ ਸਲਾਮਾਂ ਕਰ ਰਹੇ ਸਨ।
ਉਹ ਹੈਰਾਨ ਸਨ ਕਿ ਛੋਟੀ ਜਿਹੀ ਪੇਂਡੂ ਲੋਕਾਂ ਦੀ ਫ਼ੌਜ ਨੇ ਪਿਛਲੇ ਛੇਆਂ ਮਹੀਨਿਆਂ ਤੋਂ ਸਾਨੂੰ ਸੌਣ
ਨਹੀ ਦਿੱਤਾ। ਉਹ ਇਸ ਨੂੰ ਗੁਰੂ ਸਾਹਿਬ ਦੀ ਯੋਗ ਅਗਵਾਈ ਹੀ ਬਿਆਨ ਕਰ ਰਹੇ ਸਨ। ਪਰ ਆਪ ਗੁਰੂ ਸਾਹਿਬ
ਦੇ ਤੀਰਾਂ ਤੋਂ ਡਰਦੇ ਪਿੰਡ ਦੇ ਬਾਹਰ ਵਾਰ ਘੇਰਾ ਪਾ ਕੇ ਬੈਠ ਗਏ। ਉਨ੍ਹਾਂ ਦਾ ਖਿਆਲ ਸੀ, ਕਿ ਗੁਰੂ
ਜੀ ਨੂੰ ਜਿਉਂਦਾ ਨਹੀ ਨਿਕਲਣ ਦਿੱਤਾ ਜਾਵੇਗਾ! ਉਧਰ ਚੋਜੀ ਪਾਤਸ਼ਾਹ ਅਜੇ ਕੱਲ ਦੀ ਲੜਾਈ ਲਈ ਆਪਣੇ
ਫ਼ੌਜੀ ਸਿੰਘਾਂ ਨੂੰ ਤਿਆਰ ਕਰ ਰਿਹਾ ਸੀ। ਕੁਦਰਤ ਵੀ ਇਸ ਜਰਨੈਲ ਤੋਂ ਹੈਰਾਨ ਸੀ। ਜਿਸ ਨੇ ਇਕ ਇਕ
ਸਿੰਘ ਨੂੰ ਮੈਦਾਨੇ ਜੰਗ ਵਿੱਚ ਡਿਗਦਾ ਦੇਖਿਆ ਸੀ। ਪਰ ਉਨ੍ਹਾਂ ਦਾ ਫ਼ੌਜੀ ਮੁਖੀ ਪੂਰੇ ਜਾਹੋ ਜਲਾਲ
ਵਿੱਚ ਦਿੱਲੀ ਦੀ ਪੂਰੀ ਤਾਕਤ ਨੂੰ ਪੁੱਠਿਆਂ ਹੁੰਦਾ ਦੇਖਣ ਦਾ ਚਾਹਵਾਨ ਸੀ। ਜਿਸ ਕਰਕੇ ਗੁਰੂ ਜਰਨੈਲ
ਨੇ ਸਿੰਘਾਂ ਨੂੰ ਆਖਿਆ ਕਿ ਖਾਲਸਾ ਜੀ ਸਵੇਰ ਦੀ ਲੜਾਈ ਵਿੱਚ ਮੈਨੂੰ ਵੀ ਸ਼ਹੀਦ ਹੋਣ ਦਾ ਮੌਕਾ ਬਖ਼ਸ਼ੋ।
ਮੈ ਵੀ ਚਾਹੁੰਦਾ ਹਾਂ, ਕਿ ਦੁਸ਼ਮਨ ਨੂੰ ਦੋ ਹੱਥ ਦਿਖਾ ਕੇ ਆਪਣੇ ਪਿਆਰੇ ਖਾਲਸੇ ਤੋ ਬਲਿਹਾਰੇ ਹੋ
ਜਾਵਾਂ। ਪਰ ਸਿੰਘਾਂ ਨੇ ਸਤਿਗੁਰੂ ਜੀ ਵਲੋਂ, ਖਾਲਸਾ ਪੰਥ ਨੂੰ ਬਖ਼ਸ਼ੇ ਆਪਣੇ ਵਿਸ਼ੇਸ਼ ਅਧਿਕਾਰ ਨੂੰ
ਵਰਤਦੇ ਹੋਇਆਂ, ਬੇਨਤੀ ਰੂਪ ਵਿੱਚ ਹੁਕਮ ਕੀਤਾ, ਕਿ ਖਾਲਸਾ, ਆਪ ਜੀ ਨੂੰ ਬੇਨਤੀ ਕਰਦਾ ਹੈ, ਕਿ ਅਜੇ
ਸਮਾਂ ਨਹੀ ਤੁਹਾਡੇ ਸ਼ਹੀਦ ਹੋਣ ਦਾ। ਅੱਜ ਦਾ ਸਮਾਂ ਤੇਰੇ ਬਖ਼ਸ਼ੇ ਹੋਏ ਖਾਲਸੇ ਦਾ ਹੈ। ਅਸੀ ਆਪ ਜੀ
ਨੂੰ ਬੇਨਤੀ ਕਰਦੇ ਹਾਂ, ਕਿ ਤੁਸੀ ਇਸ ਚਮਕੌਰ ਨੂੰ ਸਾਡੇ ਲਈ ਛੱਡਦੇ ਹੋਏ, ਦੂਰ ਨਿਕਲ ਜਾਵੋ। ਤਾਂ
ਕਿ ਹੋਰ ਖਾਲਸਾ ਪੈਦਾ ਕਰਕੇ, ਪਾਪਾਂ ਦੀ ਜੜ੍ਹ ਨੂੰ ਧੁਰੋਂ ਪੁਟਿਆ ਜਾ ਸਕੇ।
ਕਲਗ਼ੀਆਂ ਵਾਲੇ ਦਿਆਲੂ ਪਾਤਸ਼ਾਹ ਨੇ, ਖਾਲਸੇ ਦੀ ਮਰਜ਼ੀ ਅੱਗੇ, ਸਿਰ ਝੁਕਾ ਦਿੱਤਾ, ਫਿਰ ਗੁਰੂ ਜੀ ਨੇ
ਚਮਕਦੀ ਹੋਈ ਆਪਣੀ ਕਲਗ਼ੀ ਉਤਾਰੀ ਅਤੇ ਇਕ ਸਿੰਘ ਸੰਗਤ ਸਿੰਘ ਦੀ ਦਸਤਾਰ ਤੇ ਸਜਾ ਦਿੱਤੀ। ਅਤੇ ਆਪ
ਆਪਣਾ ਤੀਰ-ਕਮਾਨ ਸੰਭਾਲਿਆ ਅਤੇ ਗੜ੍ਹੀ ਤੋ ਬਾਹਰ ਸੰਘਣੇ ਹਨੇਰੇ ਵਿੱਚ ਕਦਮ ਬੋਸੀ ਇਸ ਤਰ੍ਹਾਂ ਕੀਤੀ
ਕਿ ਜਿਵੇਂ ਕੁਝ ਹੋਇਆ ਹੀ ਨਹੀ ਸੀ। ਪਰ ਇਤਿਹਾਸ ਗਵਾਹ ਹੈ ਕਿ ਚੋਜੀ ਪਾਤਸ਼ਾਹ ਨੇ ਅਜਿਹੇ ਚੋਜ ਕਰ
ਵਿਖਾਏ, ਕੇ ਰਹਿੰਦੀ ਦੁਨੀਆ ਤੱਕ ਇਸ ਦੀ ਮਸਾਲ ਕਿਤੇ ਨਹੀ ਲੱਭੇਗੀ। ਹੁਣ ਚਮਕੌਰ ਦੀ ਗੜ੍ਹੀ ਜਿਥੇ
ਥੋੜਾ ਚਿਰ ਪਹਿਲਾਂ ਦੁਨੀਆ ਦਾ ਸਭ ਤੋਂ ਵੱਡਾ ਸੂਰਬੀਰ ਬਹਾਦਰ ਅਤੇ ਧਰਮ ਦਾ ਰਾਖਾ ਆਪਣੀ ਨਿਗ੍ਹਾ
ਸਵੱਲੀ ਕਰਦਾ ਰਿਹਾ ਸੀ, ਹੁਣ ਸਿਰਫ਼ ਗੁਰੂ ਦੇ ਪਿਆਰੇ ਧਰਮੀ ਭਾਈ ਸੰਗਤ ਸਿੰਘ ਹੀ ਸਨ। ਉਧਰ ਗੁਰੂ ਜੀ
ਦੇ ਪਿਛੇ ਪਿਛੇ ਭਾਈ ਧਰਮ ਸਿੰਘ ਪਿਆਰਾ, ਭਾਈ ਮਾਨ ਸਿੰਘ ਅਤੇ ਭਾਈ ਦਇਆ ਸਿੰਘ ਪਿਆਰਾ ਕਹੇ ਹੋਏ ਤਾਰੇ
ਦੀ ਪੈੜ ਨੱਪਦੇ ਜਾ ਰਹੇ ਸਨ। ਗੱਲ ਸੱਚੀ ਹੋਈ, ਸਿੱਖਾਂ ਨੇ ਗੁਰੂ ਜੀ ਨੂੰ ਲੱਭ ਲਿਆ। ਜਿਥੇ ਥੱਲੇ
ਧਰਤੀ ਉਪਰ ਅਕਾਸ਼' ਵਾਲੀ ਗੱਲ ਸੀ। ਵਿਚਾਲੇ ਸ਼ਹੀਦਾਂ ਦੀਆਂ ਰੂਹਾਂ। ਧਰਤੀ ਉਪਰ ਲਾਸ਼ਾਂ ਸਨ। ਜਿਸ
ਵਿੱਚ ਗੁਰੂ ਜੀ, ਅਤੇ ਸਿੰਘਾਂ ਨੇ ਆਪਣੇ ਪੈਰ ਧਰ ਦਿੱਤੇ। ਫਿਰ ਪਿੰਡੋਂ ਬਾਹਰ ਨਿਕਲ ਕੇ ਬੜੇ ਜੋਰ
ਦੀ ਅਵਾਜ਼ ਦਿੱਤੀ। ਕਿ ਆਓ ਜੇ ਹਿੰਮਤ ਹੈ ਤਾਂ ਫੜ ਲਵੋ ''ਖਾਲਸੇ ਦਾ ਗੁਰੂ ਜਾ ਰਿਹਾ ਹੈ'' ਉਧਰ
ਅਜੀਬ ਕਿਸਮ ਦਾ ਰੌਲਾ ਸ਼ੁਰੂ ਹੋ ਗਿਆ। ਸਿੰਘਾਂ ਨੇ ਗੜ੍ਹੀ ਵਿੱਚ ਨਗਾਰੇ ਤੇ ਚੋਟ ਮਾਰੀ। ਧੌਂਸਾ
ਵੱਜਣ ਲੱਗਾ। ਸਾਰੇ ਪਾਸੇ ਹਾਹਾਕਾਰ ਮੱਚ ਗਈ। ਦੁਸ਼ਮਨ ਦਹਿਲ ਵਿੱਚ ਆਪਣੇ ਬੰਦਿਆਂ ਤੇ ਚੋਟਾਂ ਮਾਰਨ
ਲੱਗਾ। ਹੁਣ ਤੱਕ ਗੁਰੂ ਜੀ ਅਤੇ ਸਿੰਘ ਦਰਿਆ ਟੱਪ ਕੇ ਮਾਛੀਵਾੜੇ ਦੀ ਜੂਹ ਵਿੱਚ ਜਾ ਚੁੱਕੇ ਸਨ। ਇਥੋਂ
ਮਾਲਵੇ ਵਿੱਚ ਪਹੁੰਚਣ ਦਾ ਦੂਜਾ ਵਰਕਾ ਅਰੰਭ ਹੋ ਚੁੱਕਾ ਸੀ। ਪਿਛੇ ਸ਼ਹੀਦਾਂ ਦਾ ਬੋਲਬਾਲਾ ਸੀ। ਖਾਲਸਾ
ਆਪਣੇ ਸੰਘਰਸ਼ ਵਿੱਚ ਦੁਸ਼ਮਣ ਨੂੰ ਹਰਾ ਕੇ ਚਮਕੌਰ ਨੂੰ, ਅੱਲਾ ਯਾਰ ਖਾਂ ਜੋਗੀ ਦੇ ਸ਼ਬਦਾਂ ਵਿੱਚ,
ਜਿਸ ਖਿੱਤੇ ਮੇ ਹਮ ਕਹਿਤੇ ਥੇ ਆਨਾ, ਯਿ ਵੁਹੀ ਹੈ।
ਕਲ ਲੁਟ ਕੇ ਹੈ ਜਿਸ ਜਗਹ ਸੇ ਜਾਨਾ ਯਿ ਵੁਹੀ ਹੈ।
ਜਿਸ ਜਗਾ ਪੇ ਬਚੋਂ ਕੋ ਕਟਾਨਾ, ਯਿ ਵੁਹੀ ਹੈ।
ਮੱਟੀ ਕਹਿ ਦੇਤੀ ਹੈ, ਠਿਕਾਨਾ ਯਿ ਵੁਹੀ ਹੈ।
ਦੇ ਨਗ਼ਮੇ ਨਾਲ, ਦੁਨੀਆ ਵਿੱਚ ਰੌਸ਼ਨ ਕਰ ਚੁੱਕਾ ਸੀ। ਇਹ ਗੁਰੂ ਗੋਬਿੰਦ ਸਿੰਘ ਜੀ ਦੀ ਯੁੱਧ ਕਲਾ ਹੀ
ਸੀ, ਜਿਸ ਨੇ ਮੁੱਠੀ ਭਰ ਫ਼ੌਜੀ ਸਿੰਘਾਂ ਦੀ ਮਦਦ ਨਾਲ, ਇਕ ਵਿਸ਼ਾਲ ਅਤੇ ਦੁਨੀਆ ਦੀ ਬਹੁਤ ਵੱਡੀ ਮੁਗਲ
ਤਾਕਤ ਨੂੰ ਹਰਾ ਕੇ ਸਦਾ ਲਈ ਨਿਖੇੜ ਦਿੱਤਾ ਸੀ। ਇਤਿਹਾਸ ਗਵਾਹ ਹੈ ਕਿ ਉਹ ਤਾਕਤ ਮੁੜ ਆਪਣੇ ਪੈਰਾਂ
ਤੇ ਖੜੀ ਨਾ ਹੋ ਸਕੀ। ਕੋਟਾਂ ਵਾਰ ਨਮਸਕਾਰ ਹੈ ਉਸ ਜਰਨੈਲਾਂ ਦੇ ਜਰਨੈਲ ਗੁਰੂ ਗੋਬਿੰਦ ਸਿੰਘ ਨੂੰ
ਅਤੇ ਉਸ ਯੁੱਧ ਨੀਤੀ ਨੂੰ, ਜਿਸ ਤੋਂ ਆਉਣ ਵਾਲੀਆਂ ਨਸਲਾਂ ਨੇ ਰੌਸ਼ਨੀ ਲੈਣੀ ਹੈ।
ਧੰਨਵਾਦ ਸਹਿਤ
ਜਸਪਾਲ ਸਿੰਘ ਬੈਂਸ
ਸਿੱਖ ਟਾਈਮਜ਼