ਸੰਘੇੜੇ ਜੱਟ ਦਾ ਵਸਾਇਆ ਹੋਇਆ - ਫ਼ੁੱਲਨਗਰ ਫ਼ਿਲੌਰ

 

 

ਜਸਪਾਲ ਸਿੰਘ ਬੈਂਸ

ਫ਼ਿਲੌਰ ਜਲੰਧਰ ਜਿਲੇ ਦੀ ਇਕ ਤਹਿਸੀਲ ਦਾ ਹੈਡਕੁਆਰਟਰ ਹੈ। ਇਹ 25 ਹਜਾਰ ਦੀ ਅਬਾਦੀ ਵਾਲਾ ਸ਼ਹਿਰ ਫ਼ਿਲੌਰ ਤਹਿਸੀਲ ਨੂੰ ਪ੍ਰਬੰਧਕੀ ਢਾਂਚੇ ਵਜੋਂ ਤਿੰਨ ਬਲਾਕਾਂ, ਫਿਲੌਰ, ਨੂਰਮਹਿਲ ਅਤੇ ਰੁੜਕਾ ਕਲਾਂ ਵਿਚ ਵੰਡਿਆ ਹੋਇਆ ਹੈ। ਜਿਨ੍ਹਾਂ ਵਿਚ 242 ਪਿੰਡ ਆਉਂਦੇ ਹਨ। ਭਾਵੇਂ ਅੱਜ ਫ਼ਿਲੌਰ ਤੋਂ ਭਾਰਤੀ ਪਾਰਲੀਮੈਂਟ ਲਈ ਇਕ ਐਮ ਪੀ ਅਤੇ ਪੰਜਾਬ ਵਿਧਾਨ ਸਭਾ ਲਈ ਇਕ ਐਮ ਅੇੈਲ ਏ ਚੁਣਿਆ ਜਾਂਦਾ ਹੈ। ਪਰ ਇਸ ਦੇ ਬਾਵਯੂਦ ਵੀ ਇਸ ਇਤਿਹਾਸਕ ਤਹਿਸੀਲ ਫਿਲੌਰ ਨੂੰ ਜੇ ਦੇਖਿਆ ਜਾਵੇ ਤਾਂ ਪਿਛਲੇ ਸਮਿਆਂ ਵਿਚ ਅਣਗੌਲ੍ਹਿਆਂ ਹੀ ਰੱਖਿਆ ਗਿਆ ਹੈ। ਇਸ ਦੀ ਤਰੱਕੀ ਦੇ ਰਾਹ ਵਿੱਚ ਸਤਲੁਜ ਦਰਿਆ ਦਾ ਰੋੜਾ ਅਟਕਾਇਆ ਜਾਂਦਾ ਰਿਹਾ ਹੈ।
ਫ਼ਿਲੌਰ ਨੂੰ ਅੱਜ ਤੋਂ ਕੋਈ ਪੌਣੇ ਪੰਜ ਸੋ ਸਾਲ ਪਹਿਲਾਂ, ਫ਼ੁੱਲ ਨਾਮ ਦੇ ਸੰਘੇੜੇ ਜੱਟ ਨੇ 1530 ਵਿੱਚ ਵਸਾਇਆ ਸੀ। ਕੁਝ ਸਾਲ ਬਾਅਦ ਮੌਅ ਸਾਹਿਬ ਦੇ ਨਾਰੂ ਰਾਜਪੂਤ ਰਾਏ ਸ਼ੌਹਰ ਨੇ ਫ਼ੁੱਲ ਨਗਰ ਤੇ ਚੜਾਈ ਕਰਕੇ ਕਬਜਾ ਕਰ ਲਿਆ। ਜਿਸ ਦਾ ਇਲਾਕਾ ਮੌਅ ਸਾਹਿਬ ਤੋਂ ਸੇਲਕੀਆਣਾ ਤੱਕ ਫ਼ੈਲਿਆ ਹੋਇਆ ਸੀ। 1540 ਵਿੱਚ ਰਾਏ ਸ਼ੌਹਰ ਨੇ ਫ਼ਿਲੌਰ ਨੂੰ ਆਪਣੀ ਸਟੇਟ ਦੀ ਰਾਜਧਾਨੀ ਬਣਾ ਲਿਆ। ਜਿਸ ਨੂੰ ਬਾਅਦ ਵਿੱਚ ਉਸ ਦੇ ਪੁਤਰ ਰਾਏ ਰਤਨ ਪਾਲ ਨੇ ਬਾਹਰੋ ਹੋਰ ਲੋਕਾਂ ਨੂੰ ਲਿਆ ਕੇ ਇਥੇ ਵਸਾਇਆ। ਜਿਸ ਨਾਲ ਇਹ ਪਿੰਡ ਕੁਝ ਸਾਲਾਂ ਵਿੱਚ ਹੀ ਕਸਬੇ ਦਾ ਰੂਪ ਧਾਰਨ ਕਰ ਗਿਆ। ਅੱਜ ਦੇ ਫ਼ਿਲੌਰ ਦੀ ਚੰਗੀ ਕਿਸਮਤ ਲਈ ਹਮਾਂਯੂ ਨੂੰ ਹਾਰ ਦੇ ਕੇ ਸ਼ੇਰ ਸ਼ਾਹ ਸੂਰੀ ਦਿੱਲੀ ਦੇ ਤਖਤ ਤੇ ਬੈਠ ਗਿਆ। ਜਿਸ ਨੇ ਆਪਣੇ ਪੰਜਾ ਸਾਲ ਦੇ ਰਾਜ ਕਾਲ 1540-45 ਵਿੱਚ ਬਹੁਤ ਸਾਰੇ ਲੋਕ ਭਲਾਈ ਦੇ ਕੰਮ ਕੀਤੇ। ਜਿਸ ਵਿੱਚੋ ਸ਼ੇਰ ਸ਼ਾਹ ਸੂਰੀ ਮਾਰਗ ਜੋ ਉਸ ਵੇਲੇ ਅਟਕ ਤੋਂ ਦਿੱਲੀ ਤੱਕ ਸੀ ਬਣਾਇਆ। ਅਤੇ ਬਾਅਦ ਵਿੱਚ ਪੇਸ਼ਾਵਰ ਤੋਂ ਕਲਕੱਤਾ ਬਣ ਗਿਆ, ਨੂੰ ਪਕਿਆਂ ਕਰਕੇ ਫ਼ੌਜੀ ਸਪਲਾਈ ਅਤੇ ਵਿਉਪਾਰ ਲਈ ਬਹੁਤ ਸਾਰੀਆਂ ਸਰਾਵਾਂ ਦਾ ਨਿਰਮਾਣ ਕੀਤਾ। ਇਹ ਸ਼ੇਰ ਸ਼ਾਹ ਸੂਰੀ ਮਾਰਗ ਅੱਜ ਦਿੱਲੀ ਤੋਂ ਅੰਮ੍ਰਿਤਸਰ ਦੋ ਲਾਈਨਾ ਵਾਲਾ ਡੁਅਲ ਕੈਰੀਜਵੇਅ ਬਣ ਗਿਆ ਹੈ। ਜਿਸ ਨੂੰ ਸਰਕਾਰ ਨੇ ਹਾਈਵੇਅ 1 ਦਾ ਨਾਮ ਦਿੱਤਾ ਹੈ। ਫ਼ੁੱਲ ਸੰਘੇੜੇ ਜੱਟ ਵਲੋਂ ਪੰਜ ਸੌ ਸਾਲ ਪਹਿਲਾਂ ਇਸ ਸ਼ਹਿਰ ਦੀ ਨੀਂਹ ਰਖਣੀ, ਵਾਕਿਆ ਹੀ ਇਕ ਅਜੂਬੇ ਤੋਂ ਘੱਟ ਨਹੀਂ ਸੀ। ਸ਼ੇਰਸ਼ਾਹ ਸੂਰੀ ਦੇ ਲੋਕ ਨਿਰਮਾਣ ਕੰਮਾਂ ਨਾਲ ਇਸ ਨਵੇਂ ਵਸੇ ਪਿੰਡ ਨੂੰ ਬਹੁਤ ਜਿਆਦਾ ਹੁੰਗਾਰਾ ਮਿਲਿਆ। ਜਿਸ ਨਾਲ ਆਉਣ ਵਾਲੇ ਇਕ ਸੌ ਸਾਲ ਵਿੱਚ ਇਸ ਪਿੰਡ ਦੀ ਅਬਾਦੀ ਵਧ ਕੇ ਹਜਾਰ ਤੋਂ ਉਪਰ ਹੋ ਗਈ। ਮੁਗਲ ਬਾਦਸ਼ਾਹ ਸ਼ਾਹਜਹਾਨ ਨੇ ਆਪਣੇ ਰਾਜ 1627-48 ਸਮੇਂ ਇਸ ਸਰਾਂਅ ਨੂੰ ਵਧਾ ਕੇ ਫ਼ੌਜੀ ਕੈਂਪ ਦੇ ਨਾਲ ਡਾਕਘਰ ਵੀ ਬਣਾਇਆ। ਸਮਾ ਆਪਣੀ ਤੋਰੇ ਤੁਰਦਾ ਹੋਇਆ ਸਤਾਰਵੀ ਸਦੀ ਵਿੱਚੋ ਨਿਕਲ ਕੇ ਅਠਾਰਵੀਂ ਸਦੀ ਵਿੱਚ ਜਾ ਸ਼ਾਮਲ ਹੋਇਆ।
1704 ਵਿੱਚ ਪਹਾੜੀ ਹਿੰਦੂ ਰਾਜਿਆਂ ਅਤੇ ਮੁਗਲਾਂ ਦੀ ਸਾਂਝੀ ਫ਼ੌਜ ਨੇ ਅਨੰਦਪੁਰ ਸਾਹਿਬ ਵਿੱਚ ਵਧ ਰਹੀ ਗੁਰੂ ਗੋਬਿੰਦ ਸਿੰਘ ਦੀ ਫ਼ੌਜੀ ਤਾਕਤ ਨੂੰ ਖਤਮ ਕਰਨ ਲਈ ਹਮਲਾ ਕਰ ਦਿਤਾ। ਜਿਸ ਨੇ ਸਿੱਖ ਸੰਘਰਸ਼ ਨੂੰ ਜਨਮ ਦਿੱਤਾ ਅਤੇ ਆਉਣ ਵਾਲੇ ਇਕ ਸੌ ਸਾਲ ਤੱਕ ਇਹ ਕੌਮੀ ਜਹਾਦ ਲਾਹੌਰ ਦੇ ਕਿਲੇ ਉਪਰ ਕਬਜਾ ਕਰਕੇ ਪੂਰੇ ਪੰਜਾਬ ਨੂੰ ਆਪਣੇ ਕਲਾਵੇ ਵਿੱਚ ਲੈਣ ਤੱਕ ਚਲਦਾ ਰਿਹਾ। ਇਸ ਲੜੀ ਵਿੱਚ ਹੀ ਸਰਦਾਰ ਸੁਧ ਸਿੰਘ ਕੱਕੜ ਨੇ ਅਠਾਰਵੀਂ ਸਦੀ ਦੇ ਪਹਿਲੇ ਅੱਧ ਵਿੱਚ ਫ਼ਿਲੌਰ ਤੇ ਕਬਜਾ ਕਰਕੇ ਆਪਣੇ ਰਾਜ ਦੀ ਰਾਜਧਾਨੀ ਬਣਾ ਲਿਆ। 1799 ਵਿੱਚ ਸ਼ੁਕਰ ਚੱਕੀਆ ਮਿਸਲ ਦੇ ਨੌਜਵਾਨ ਰਣਜੀਤ ਸਿੰਘ ਨੇ ਲਾਹੌਰ ਤੇ ਕਬਜਾ ਕਰਕੇ ਸਿੱਖ ਰਾਜ ਦੀ ਨੀਂਹ ਰੱਖ ਦਿੱਤੀ। ਜਿਸ ਨਾਲ ਪੰਜਾਬ ਵਿੱਚ ਪੰਜਾਬੀਆਂ ਦਾ ਆਪਣਾ ਰਾਜ ਸਥਾਪਤ ਹੋ ਗਿਆ। ਜਿਸ ਨੇ ਉਤਰ-ਪਛਮੀ ਹਿੰਦ ਮਾਹਾਂਦੀਪ ਵਿੱਚ ਹੋ ਰਹੀ ਰਾਜਸੀ ਉਥਲ-ਪੁਥਲ ਨੂੰ ਸਦਾ ਲਈ ਬੰਦ ਕਰ ਦਿੱਤਾ। ਜਿਸ ਦੀ ਬਦੋਲਤ ਅੱਜ ਦਾ ਭਾਰਤ ਮੁੜ ਕੇ 1947 ਵਿੱਚ ਵਜੂਦ ਵਿੱਚ ਆਇਆ। ਉਦੋ ਲੈ ਕੇ ਅੱਜ ਤੱਕ ਪੰਜਾਬ ਨੇ ਹਰੇਕ ਖੇਤਰ ਵਿੱਚ ਤਰੱਕੀ ਕੀਤੀ ਹੈ। ਥੋੜੇ ਸਾਲਾਂ ਵਿੱਚ ਹੀ ਮਾਹਾਰਾਜਾ ਰਣਜੀਤ ਸਿੰਘ ਨੇ ਇਕ ਵਿਸ਼ਾਲ ਇਲਾਕੇ ਤੇ ਰਾਜ ਸਥਾਪਤ ਕਰ ਲਿਆ। ਜਿਸ ਦਾ ਕੁਲ ਖੇਤਰਫ਼ਲ 345,000 ਵਰਗ ਮੀਲ ਤੋਂ ਉਪਰ ਹੋ ਗਿਆ ਸੀ। ਇਸ ਵਿੱਚ ਉਹ ਇਲਾਕੇ ਸ਼ਾਮਲ ਨਹੀਂ ਹਨ ਜੋ ਉਸ ਦੇ ਸਿੱਧੇ ਅਧੀਨ ਨਹੀਂ ਸਨ। ਭਾਵ ਜਿਨ੍ਹਾਂ ਇਲਾਕਿਆਂ ਤੋਂ ਉਹ ਸਿਰਫ਼ ਮਾਲੀਆ ਵਸੂਲ ਕਰਦਾ ਸੀ। ਸਿੱਧੇ ਅਧੀਨ ਇਲਾਕਿਆਂ ਵਿੱਚ ਅੱਜ ਦਾ ਪਛਮੀ ਪੰਜਾਬ ਸਤਲੁਜ ਦਰਿਆ ਤੱਕ ਪੁਰਬੀ ਪੰਜਾਬ, ਹਿਮਾਚਲ ਪ੍ਰਦੇਸ, ਕਸ਼ਮੀਰ ਅਤੇ ਉੱਤਰ ਪੱਛਮੀ ਸਰਹੱਦੀ ਸੂਬਾ ਸ਼ਾਮਲ ਸਨ। ਜੋ ਉਸ ਦੇ ਸਿੱਧੇ ਅਧੀਨ ਨਹੀਂ ਸਨ ਉਨ੍ਹਾਂ ਵਿੱਚ ਅਫ਼ਗਾਨਿਸਤਾਨ ਦਾ ਕੁਝ ਇਲਾਕਾ, ਉਤਰ-ਪਛਮੀ ਸਰਹੱਦੀ ਸੂਬੇ ਦੇ ਉਤਰੀ ਕਬਾਇਲੀ ਇਲਾਕੇ ਅਤੇ ਮਾਲਵਾ ਉਹ ਇਲਾਕੇ ਸਨ ਜਿਨ੍ਹਾਂ ਨੇ ਲਾਹੌਰ ਦਰਬਾਰ ਦੀ ਈਨ ਮੰਨ ਲਈ ਸੀ। 1809 ਦੀ ਅੰਮ੍ਰਿਤਸਰ ਸੰਧੀ ਨੇ ਸਤਲੁਜ ਦਰਿਆ ਨੂੰ ਖਾਲਸਾ ਰਾਜ ਅਤੇ ਬ੍ਰਿਟਿਸ਼ ਇੰਡੀਆ ਦਰਮਿਆਨ ਸਰਹੱਦ ਮਨ ਲਿਆ। ਜਿਸ ਦੀ ਰਾਖੀ ਲਈ ਮਾਹਾਰਾਜ ਰਣਜੀਤ ਸਿੰਘ ਨੇ ਫ਼ਿਲੌਰ ਦੀ ਪੁਰਾਣੀ ਸ਼ੇਰਸ਼ਾਹ ਸੂਰੀ ਵਾਲੀ ਸਰਾਂਅ ਨੂੰ ਪਕਿਆਂ ਕਰਕੇ ਇਕ ਮਜਬੂਤ ਕਿਲਾ ਉਸਾਰਨ ਲਈ ਵਿਦੇਸ਼ੀ ਇਮਾਰਤ ਸਾਜੀ ਵਿੱਚ ਨਿਪੁਨ ਆਰਚੀਟੈਕਚਰਾਂ ਨੂੰ ਬੁਲਾ ਕੇ ਕਿਲਾ ਉਸਾਰਨ ਲਈ ਮਨ ਬਣਾ ਲਿਆ। ਜਿਸ ਦੇ ਪਹਿਲੇ ਗਵਰਨਰ ਦੀਵਾਨ ਮੁਹਕਮ ਚੰਦ ਨੇ 1808-12 ਵਿੱਚ ਆਪਣੀ ਦੇਖ-ਰੇਖ ਵਿੱਚ ਕਿਲੇ ਦੀ ਉਸਾਰੀ ਇਕ ਇਟਾਲੀਅਨ ਆਰਕੀਟੈਕਚਰ ਤੋਂ ਕਰਾ ਕੇ ਸਿੱਖ ਰਾਜ ਦਾ ਸਿੱਕਾ ਮਜਬੂਤ ਕੀਤਾ। 1846 ਦੀ ਸਿੱਖਾਂ ਅਤੇ ਬ੍ਰਿਟਿਸ਼ ਇੰਡੀਆ ਅਤੇ ਹਿੰਦੋਸਤਾਨ ਦੀ ਸਾਂਝੀਆਂ ਫ਼ੌਜਾਂ ਦੀ ਅਲੀਵਾਲ ਦੀ ਲੜਾਈ ਵਿੱਚ ਸਿੱਖ ਫ਼ੌਜਾਂ ਦੀ ਹਾਰ ਤੋਂ ਬਆਦ ਫ਼ਿਲੌਰ ਗੈਰੀਸਨ ਦੇ ਇੰਚਾਰਜ ਸਰਦਾਰ ਰਣਜੋਧ ਸਿੰਘ ਮਜੀਠੀਏ ਨੇ 28 ਜਨਵਰੀ 1848 ਨੂੰ ਆਪਣੀਆਂ ਫ਼ੌਜਾਂ ਨੂੰ ਕਿਲੇ ਚੋਂ ਬਾਹਰ ਕੱਢ ਲਿਆ। ਜਿਸ ਦੀ ਕਮਾਂਡ ਥੱਲੇ ਲੜਨ ਵਾਲੇ ਸਿੱਖ ਸਿਪਾਹੀ ਅਗਲੇ ਕਈ ਸਾਲਾਂ ਤੱਕ ਬ੍ਰਿਟਿਸ਼ ਸਰਕਾਰ ਤੋਂ ਆਕੀ ਹੋ ਕੇ ਖਾਲਸਾ ਰਾਜ ਨੂੰ ਦੁਬਾਰਾ ਸਥਾਪਤ ਕਰਨ ਲਈ ਗੁਰੀਲਾ ਯੁੱਧ ਕਰਦੇ ਰਹੇ। ਮਾਰਚ 1849 ਵਿੱਚ ਰਾਵਲਪਿੰਡੀ ਵਿੱਚ ਸਿੱਖ ਫ਼ੌਜਾਂ ਨੂੰ ਬੇਹਥਿਆਰੇ ਬਣਾ ਕੇ ਪੰਜਾਬ ਤੇ ਪੂਰਨ ਕੰਟਰੋਲ ਕਰ ਲਿਆ ਗਿਆ। ਪਿਛਲੀਆਂ ਸਾਰੀਆਂ ਲੜਾਈਆਂ ਵਿੱਚ ਗੋਰੀ ਹਕੂਮਤ ਨੇ ਸਿੱਖ ਸਿਾਪਹੀਆਂ ਦੀ ਬੀਰਤਾ ਨੂੰ ਦਿਲੋ ਮਨਦਿਆਂ ਹੋਇਆਂ ਇਕ ਇਤਿਹਾਸਕ ਫ਼ੈਸਲਾ ਕਰ ਲਿਆ ਕਿ ਜਦ ਤੱਕ ਪੰਜਾਬ ਦੇ ਸਿੱਖਾਂ ਨੂੰ ਖੁਸ਼ ਨਾ ਰਖਿਆ ਤਾਂ ਇਸ ਦੇਸ਼ ਵਿੱਚ ਸਾਡੀ ਹਕੂਮਤ ਕਦੇ ਕਾਮਯਾਬ ਨਹੀ ਹੋ ਸਕਦੀ। ਜਿਸ ਨਾਲ ਪੰਜਾਬ ਦੇ ਲੋਕਾਂ ਨੂੰ ਖੁਸ਼ ਕਰਨ ਲਈ ਅੰਗਰੇਜ ਹਕੂਮਤ ਨੇ ਦੇਸ਼ ਭਰ ਵਿੱਚ ਜਿਥੇ ਰੇਲ ਦਾ ਜਾਲ ਵਿਛਾਇਆ, ਉਥੇ ਪੱਛਮੀ ਪੰਜਾਬ ਦੀਆਂ ਜੰਗਲੀ ਬਾਰਾਂ ਨੂੰ ਖੇਤੀਬਾੜੀ ਲਈ ਵਰਤਣ ਲਈ ਜੰਗਲਾਂ ਨੂੰ ਅਬਾਦ ਕਰਨ ਲਈ ਸਿੱਖ ਫ਼ੌਜੀਆਂ ਅਤੇ ਆਮ ਜਿਮੀਦਾਰਾਂ ਨੂੰ ਵਸਾ ਕੇ ਮਿੰਟਗੁਮਰੀ, ਮੁਲਤਾਨ, ਲਾਇਲਪੁਰ ਅਤੇ ਸਰਗੋਧੇ ਵਰਗੇ ਸ਼ਹਿਰ ਅਬਾਦ ਕੀਤੇ।
ਇਸ ਸਮੇਂ ਹੀ ਲਾਹੌਰ ਦਿੱਲੀ ਰੇਲਵੇ ਲਾਈਨ ਵੀ 1863 ਵਿੱਚ ਮੁਕੰਮਲ ਕਰ ਲਈ। 1868 ਵਿੱਚ ਫ਼ਿਲੌਰ ਦਾ ਇਤਿਹਾਸਕ ਰੇਲ ਜੰਕਸ਼ਨ ਬਣਿਆ, ਜੋ ਇਕ ਪਾਸੇ ਫ਼ਿਲੌਰ ਨੂੰ ਨੂਰਮਹਿਲ ਨਕੋਦਰ ਲੋਹੀਆਂ ਅਤੇ ਸੁਲਤਾਨਪੁਰ ਲੋਧੀ ਨਾਲ ਜੋੜਦਾ ਹੈ, ਦੂਜੇ ਪਾਸੇ ਲੁਧਿਆਣਾ ਅਤੇ ਜਲੰਧਰ ਨਾਲ। ਜਦੋਂ ਪੰਜਾਬ ਦੀ ਗੱਲ ਆਉਂਦੀ ਹੈ ਤਾਂ ਇਸ ਦੀ ਧਰਤੀ ਦੀ ਰਾਖੀ ਲਈ ਮਜਬੂਤ ਬਾਹਾਂ ਦੀ ਗੱਲ ਸਭ ਦੇ ਸਾਹਮਣੇ ਆ ਖਲੋਂਦੀ ਹੈ। ਇਸ ਕਰਕੇ ਇਸ ਦੇ ਤਲਵਾਰ ਵਾਲੇ ਹੱਥ ਨੇ ਹਮੇਸ਼ਾ ਹੀ ਦੁਸ਼ਮਨ ਨੂੰ ਲਲਕਾਰਿਆ ਹੈ। ਇਸੇ ਕਰਕੇ ਬ੍ਰਿਟਿਸ਼ ਇੰਡੀਆ ਨੇ ਪੰਜਾਬ ਤੇ ਕੰਟਰੋਲ ਕਰਨ ਤੋਂ ਬਾਅਦ ਆਪਣੇ ਰਾਜ ਦੀ ਮਜਬੂਤੀ ਲਈ ਹੋਮ ਸੁਰਖਿਆ ਨੂੰ ਤਕੜਿਆਂ ਅਤੇ ਪ੍ਰੋਫ਼ੈਸ਼ਨਲ ਬਨਾਉਣ ਲਈ 1809 ਵਿੱਚ ਬਣੇ ਕਿਲੇ ਨੂੰ 1892 ਵਿੱਚ ਪੰਜਾਬ ਪੁਲੀਸ ਟਰੇਨਿੰਗ ਸਕੂਲ ਵਿੱਚ ਤਬਦੀਲ ਕਰ ਦਿੱਤਾ। ਅਜਾਦੀ ਤੋਂ ਬਾਅਦ ਪੰਜਾਬ ਸਰਕਾਰ ਨੇ 1967 ਵਿੱਚ ਪੰਜਾਬ ਪੁਲੀਸ ਟਰੇਨਿੰਗ ਕਾਲਜ ਬਣਾ ਕੇ ਪੰਜਾਬ ਪੁਲੀਸ ਦੇ ਸ਼ਾਨਦਾਰ ਇਤਿਹਾਸ ਵਿੱਚ ਨਿਖਾਰ ਲਿਆਉਣ ਲਈ 1995 ਵਿੱਚ ਇਸ ਸ਼ਾਨਾਮੱਤੇ ਇਤਿਹਾਸਕ ਕਿਲੇ ਨੂੰ ਪੰਜਾਬ ਪੁਲੀਸ ਅਕੈਡਮੀ ਵਿੱਚ ਤਬਦੀਲ ਕਰਕੇ ਸਾਰੇ ਦੇਸ਼ ਵਿੱਚ ਪੁਲੀਸ ਮਹਿਕਮੇ ਲਈ ਚੈਲੰਜ ਪੈਦਾ ਕਰ ਦਿੱਤਾ ਹੈ। ਜਿਸ ਦਾ ਪਹਿਲਾ ਡਾਇਰੈਕਟਰ ਸ. ਜੀ. ਐਸ. ਔਜਲਾ ਨੂੰ ਬਣਾਇਆ ਗਿਆ ਸੀ। ਯਾਦ ਰਹੇ ਕਿ ਇਹ ਮਾਹਾਰਾਜਾ ਰਣਜੀਤ ਸਿੰਘ ਪੁਲੀਸ ਅਕੈਡਮੀ ਭਾਰਤ ਵਿੱਚ ਸਭ ਤੋਂ ਪਹਿਲੀ ਪੁਲੀਸ ਟਰੇਨਿੰਗ ਸਕੂਲ ਸੀ। ਜਿਹੜਾ ਅੱਜ ਭਾਰਤ ਦੇ ਗਿਆਰਾਂ ਸੂਬਿਆਂ ਦੀ ਪੁਲੀਸ ਨੂੰ ਟਰੇਨਿੰਗ ਦੇ ਰਿਹਾ ਹੈ। ਸੋਸਲ ਸਾਂਇੰਸਿਜ ਦੇ ਸਿਨੀਅਰ ਡਿਪਟੀ ਡਾਇਰੈਕਟਰ ਅਤੇ ਡੀਨ ਡਾ. ਡੀ. ਜੇ. ਸਿੰਘ ਨੇ ਸਿੱਖ ਟਾਈਮਜ਼ ਨਾਲ ਗਲ ਕਰਦਿਆਂ ਦੱਸਿਆ ਕਿ ਉਚ ਪੱਧਰ ਦੀ ਸਿਖਿਆ ਦੇਣ ਦਾ ਪ੍ਰਬੰਧ 1992 ਵਿੱਚ ਕੀਤਾ ਸੀ। ਜਿਸ ਨਾਲ ਇਸ ਮਹਾਨ ਇੰਸਟੀਚਿਊਟ ਦੀ ਨੁਹਾਰ ਬਦਲ ਗਈ ਹੈ। ਇਸੇ ਕਰਕੇ ਐਸ ਵੇਲੇ ਇਹ ਪੁਲੀਸ ਅਕੈਡਮੀ, ਜਿੱਥੇ ਪੁਲੀਸ ਅਫ਼ਸਰ ਕਮਿਸ਼ੰਡ ਕਰਦੀ ਹੈ, ਉਥੇ ਅੱਜ ਪੁਲੀਸ ਅਫ਼ਸਰਾਂ ਲਈ ਐਮ.ਏ., ਐਮ.ਫ਼ਿੱਲ. ਅਤੇ ਪੀ.ਐਚ.ਡੀ. ਵਰਗੀਆਂ ਡਿਗਰੀਆਂ ਲਈ ਵੀ ਮੋਕੇ ਪ੍ਰਦਾਨ ਕਰਨ ਵਿੱਚ ਫ਼ਖਰ ਮਹਿਸੂਸ ਕਰ ਰਹੀ ਹੈ। ਦੁਨੀਆਂ ਦੇ ਹੋਰ ਦੇਸ਼ਾਂ ਜਿਵੇਂ ਭੂਟਾਨ, ਇਥੋਪੀਆ, ਜਿੰਬਾਬਵੇ ਅਤੇ ਬ੍ਰਿਟੇਨ ਦੀ ਪੁਲੀਸ ਨਾਲ ਵੀ ਗੂੜੇ ਸਬੰਧ ਬਣੇ ਹੋਏ ਹਨ। ਇਸ ਸਮੇਂ ਮਾਹਾਰਾਜ ਪੁਲੀਸ ਅਕੈਡਮੀ ਦੇ ਪ੍ਰਿੰਸੀਪਲ ਅਤੇ ਡਾਇਰੈਕਟਰ ਸ. ਆਰ.ਐਸ. ਗਿੰਲ, ਆਈ.ਪੀ.ਐਸ. ਹਨ। ਪੁਲੀਸ ਅਫ਼ਸਰਾਂ ਦੇ ਮਨੋਰੰਜਨ ਅਤੇ ਸਿਖਿਆ ਵਿੱਚ ਵਾਧੇ ਲਈ 1899 ਵਿੱਚ ਇਕ ਲਾਇਬ੍ਰੇਰੀ ਬਣਾਈ ਗਈ ਸੀ। ਜਿਸ ਵਿੱਚ ਉਸ ਵੇਲੇ ਇਕ ਇੰਗਲਿਸ਼ ਅਖ਼ਬਾਰ ਸਬਸਕਰਾਈਬ ਕੀਤੀ ਗਈ ਸੀ। ਅਤੇ ਅੱਜ 2007 ਵਿੱਚ ਇਸ ਲਾਇਬ੍ਰੇਰੀ ਵਿੱਚ 30 ਰੋਜਾਨਾਂ ਅਖ਼ਬਾਰਾਂ ਅਤੇ 36000 ਹਜਾਰ ਕਿਤਾਬਾਂ ਮੌਜੂਦ ਹਨ। ਇਸ ਅਕੈਡਮੀ ਵਿਚ ਗੋਲਫ ਕਲੱਬ, ਸ਼ੂਟਿੰਗ ਕਲੱਬ, ਹਿਊਮਨ ਪ੍ਰੋਸੈਸ ਲਾਈਬ੍ਰੇਰੀ, ਫੋਰੈਂਸਿਕ ਮਹਿਕਮਾ, ਕੰਪਿਊਟਰ ਵਿਭਾਗ, ਮੰਦਿਰ, ਗੁਰਦੁਆਰੇ ਤੋਂ ਇਲਾਵਾ ਭਾਈ ਘਨਹੀਆ ਜੀ ਦੇ ਪੈਰੋਕਾਰ ਸਾਂਈ ਪੀਰ ਅਬਦੁਲਾ ਜੀ ਦੀ ਉਹ ਇਤਿਹਾਸਕ ਜਗ੍ਹਾ ਵੀ ਹੈ। ਜਿਥੇ ਇਹ ਕਿਲਾ ਉਸਾਰਨ ਲਈ ਬਹੁਤ ਸਾਰੇ ਉਪਰਾਲੇ ਕਰਨ ਤੋਂ ਬਾਅਦ ਵੀ ਮੌਕੇ ਦੇ ਪ੍ਰਬੰਧਕ ਕਾਮਯਾਬ ਨਾ ਹੋਏ ਤਾਂ, ਕਿਸੇ ਸਿਆਣੇ ਦੇ ਕਹਿਣ ਤੇ ਮਾਹਾਰਾਜਾ ਰਣਜੀਤ ਸਿੰਘ ਆਪ ਭਾਰ ਸਿੰਘ ਪੁਰ ਦੇ ਬਾਹਰਵਾਰ ਫ਼ਿਲੌਰ ਨਵਾਸ਼ਹਿਰ ਰੋਡ ਤੇ ਸਥਿਤ ਸ਼ਹੀਦਾਂ ਦੀ ਜਗ੍ਹਾ ਤੇ ਸੇਵਾ ਕਰ ਰਹੇ ਬਾਬਾ ਧੰਨਾ ਸਿੰਘ ਜੀ ਨੂੰ ਕਿਲੇ ਵਿੱਚ ਆ ਰਹੀਆਂ ਮੁਸਕਲਾਂ ਦੇ ਹੱਲ ਲਈ ਬੇਨਤੀ ਕੀਤੀ ਤਾਂ ਉਨ੍ਹਾਂ ਸਾਂਈ ਅਬਦੁਲਾ ਜੀ ਦੀ ਮਾਨਤਾ ਲਈ ਸਲਾਹ ਦਿੱਤੀ ਜਿਸ ਨਾਲ ਕਿਲੇ ਦੀ ਉਸਾਰੀ ਦਾ ਕੰਮ ਅੱਗੇ ਵਧਣ ਲੱਗਾ। ਇਹ ਜਗ੍ਹਾ ਅੱਜ ਵੀ ਕਿਲੇ ਦੇ ਧੁਰ ਅੰਦਰ ਸਥਿਤ ਹੈ ਜਿਥੇ 24 ਘੰਟੇ ਜੋਤ ਜਗਦੀ ਰਹਿੰਦੀ ਹੈ। ਕਿਲੇ ਦੀ ਉਤਾਰੀ ਮੁਕੰਮਲ ਹੋਣ ਤੇ ਮਾਹਾਰਾਜ ਰਣਜੀਤ ਸਿੰਘ ਖੁਦ ਚੱਲ ਕੇ ਬਾਬਾ ਧੰਨਾ ਸਿੰਘ ਜੀ ਦੇ ਦਰਸ਼ਨਾਂ ਨੂੰ ਆਇਆ ਅਤੇ ਸੰਗਤਾਂ ਦੀ ਸੇਵਾ ਲਈ ਇਕ ਬਾਰਾਂਦਰੀ ਅਤੇ ਇਕ ਖੁਹ ਲਗਵਾ ਕੇ ਦਿੱਤਾ। ਅੱਜ ਤੋਂ ਕੋਈ 30 ਕੁ ਸਾਲ ਪਹਿਲਾਂ ਲੇਖਕ ਨੇ ਉਸ ਬਾਰਾਂ ਦਰੀ ਦੇ ਪਸ਼ੂ ਚਾਰਦਿਆਂ ਦਰਸ਼ਨ ਕੀਤੇ ਸਨ ਪਰ ਹੁਣ ਨਵਾ ਗੁਰੂਘਰ ਉਸਾਰਨ ਵੇਲੇ ਉਸ ਇਤਿਹਾਸਕ ਬਾਰਾਂਦਰੀ ਨੂੰ ਢਾਹ ਕੇ ਉਸ ਜਗ੍ਹਾ ਪਰ ਲੰਗਰਖਾਨਾ ਬਣਾ ਦਿੱਤਾ ਅਤੇ ਉਸ ਖੁਹ ਨੂੰ ਉਪਰੋਂ ਬੰਦ ਕਰ ਦਿੱਤਾ ਹੈ। ਮਾਹਾਰਾਜ ਰਣਜੀਤ ਸਿੰਘ ਪੁਲੀਸ ਅਕੈਡਮੀ ਵਿਚ ਸਕੁਐਸ਼ ਕੋਰਟ, ਘੋੜਸਵਾਰੀ, ਨਿਸ਼ਾਨੇਬਾਜੀ, ਹਸਪਤਾਲ ਅਤੇ ਤੈਰਾਕੀ ਦੇ ਲਈ ਪੂਲ ਦਾ ਪ੍ਰਬੰਧ ਵੀ ਹੈ। ਇਸ ਤੋਂ ਇਲਾਵਾ ਸਟਾਫ ਤੇ ਆਮ ਜਨਤਾ ਦੇ ਬੱਚਿਆਂ ਲਈ ਮਾਹਾਰਾਜਾ ਰਣਜੀਤ ਸਿੰਘ ਪੁਲਿਸ ਪਬਲਿਕ ਸਕੂਲ ਵੀ ਬਣਾਇਆ ਗਿਆ ਹੈ। ਫ਼ਿਲੌਰ, ਸਤਲੁਜ ਦਰਿਆ ਦੇ ਸੱਜੇ ਕੰਢੇ ਤੇ ਵਸਿਆ ਕਿਸੇ ਸਮੇਂ ਲਕੜੀ ਦਾ ਪੰਜਾਬ ਵਿੱਚੋ ਸਭ ਤੋਂ ਵੱਡਾ ਸਪਲਾਈ ਕੇਂਦਰ ਸੀ। ਪੰਜਾਬ ਪੁਲੀਸ ਦਾ ਸਭ ਤੋਂ ਵੱਡਾ ਕੇਂਦਰ ਅਤੇ ਇਸ ਤਹਿਸੀਲ ਦੇ ਤਕਰੀਬਨ ਦਸ ਲੱਖ ਸਪੂਤ ਅੱਜ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਵਿੱਚ ਰਹਿ ਕੇ ਇਸ ਇਲਾਕੇ ਨੂੰ ਉਚਿਆਂ ਚੁਕਣ ਲਈ ਖਰਬਾਂ ਪੌਂਡਾਂ ਦਾ ਸਰਮਾਇਆ ਭੇਜ ਚੁੱਕੇ ਹਨ। ਜਿਸ ਕਰਕੇ ਫ਼ਿਲੌਰ ਤਹਿਸੀਲ ਦੇ ਪਿੰਡ ਪਿੰਡ ਵਿੱਚ ਕਰੋੜਾਂ ਰੁ ਦੀ ਲਾਗਤ ਨਾਲ ਵੱਡੀਆਂ ਵੱਡੀਆਂ ਕੋਠੀਆਂ ਉਸਾਰੀਆ ਜਾ ਚੁੱਕੀਆਂ ਹਨ। ਜੋ ਇਸ ਸਹਿਰ ਦੀ ਚਮਕ-ਦਮਕ ਦੀ ਮੂੰਹ ਬੋਲਦੀ ਤਸਵੀਰ ਹਨ। ਹਰੇਕ ਸਾਲ ਅਕਤੂਬਰ ਤੋਂ ਅਪਰੈਲ ਤੱਕ ਲੱਖਾਂ ਪੰਜਾਬੀ ਆਪਣੇ ਵਤਨ ਫ਼ੇਰਾ ਮਾਰਨ ਲਈ ਛੁੱਟੀਆਂ ਆਪਣੇ ਪਿੰਡਾਂ ਸਹਿਰਾਂ ਵਿੱਚ ਕੱਟਦੇ ਹਨ। ਜਿਸ ਨਾਲ ਲੱਖਾਂ ਪੌਂਡਾਂ ਦਾ ਹੋਰ ਸਰਮਾਇਆ ਖਰਚ ਕੇ ਜਿਥੇ ਦੇਸ਼ ਦੇ ਆਰਥਿਕ ਢਾਂਚੇ ਨੂੰ ਮਜਬੂਤ ਬਣਾਉਂਦੇ ਹਨ ਉਥੇ ਫ਼ਿਲੌਰ ਸ਼ਹਿਰ ਅਤੇ ਇਸ ਦੀ ਤਹਿਸੀਲ ਨੂੰ ਦੁਨੀਆਂ ਦੇ ਨਕਸ਼ੇ ਤੇ ਉਭਾਰਨ ਵਿੱਚ ਵੀ ਮਾਣ ਮਹਿਸੂਸ ਕਰਦੇ ਹਨ। ਪੰਜਾਬ ਦਾ ਇਹ ਇਤਿਹਾਸਕ ਸ਼ਹਿਰ ਅਬਾਦੀ ਪੱਖੋ ਛੋਟਾ ਹੋਣ ਨਾਤੇ ਵੀ ਆਪਣੇ ਅੰਦਰ ਇਕ ਉਹ ਜੁਆਲਾ ਲਕੋਈ ਬੈਠਾ ਹੈ ਜਿਸ ਦਾ ਪੰਜਾਬ ਜਿਨਾ ਵੀ ਮਾਣ ਕਰ ਸਕੇ ਥੋੜਾ ਹੈ। ਪੰਜਾਬ ਦੇ ਮਹਾਨ ਦਰਿਆ ਸਤਲੁਜ ਨੇ ਵੀ ਇਸ ਨੂੰ ਇਤਿਹਾਸਕ ਬਨਾਉਣ ਵਿੱਚ ਆਪਣਾ ਪੂਰਾ ਯੋਗਦਾਨ ਪਾਇਆ ਹੈ। ਹੁਣ ਦੇ ਪੰਜਾਬ ਦੇ ਐਨ ਵਿਚਕਾਰ ਹੈ ਜਿਥੋਂ ਪੰਜਾਬ ਦਾ ਪ੍ਰਸਿੱਧ ਇਡੰਟਰੀਅਲ ਸ਼ਹਿਰ ਲੁਧਿਆਣਾ ਸਿਰਫ਼ 15 ਕਿਲੋਮੀਟਰ, ਪੰਜਾਬ ਦਾ ਮੀਡੀਆ ਅਤੇ ਖੇਡਾਂ ਦੇ ਸਮਾਨ ਵਾਲਾ ਸ਼ਹਿਰ ਜਲੰਧਰ 50 ਕਿਲੋਮੀਟਰ ਨਵਾਂਸ਼ਹਿਰ 45 ਕਿਲੋਮੀਟਰ ਅਤੇ ਨਕੋਦਰ 35 ਕਿਲੋਮੀਟਰ ਦੇ ਫ਼ਾਸਲੇ ਤੇ ਸਥਿਤ ਹਨ। ਇਸ ਇਲਾਕੇ ਦੀਆਂ ਦੋ ਮਹਾਨ ਇਤਿਹਾਸਕ ਥਾਵਾਂ ਜਿਨ੍ਹਾਂ ਵਿੱਚ ਪਿੰਡ ਨਗਰ ਜੋ ਫ਼ਿਲੌਰ ਤੋਂ 4 ਕਿਲੋਮੀਟਰ ਪੂਰਬ ਨੂੰ ਕਰਕੇ ਫ਼ਿਲੌਰ ਨਵਾਂਸ਼ਹਿਰ ਮਾਰਗ ਦੇ ਉਪਰ ਸਥਿਤ ਹੈ, ਦੂਜਾ ਅਸਥਾਨ ਕਤਪਾਲੋਂ, ਜੋ ਸਤਲੁਜ ਦਰਿਆ ਦੇ ਖੱਬੇ ਕੰਢੇ ਫ਼ਿਲੌਰ ਤੋਂ ਪੂਰਬ ਦੱਖਣ ਦੀ ਨਿਆਂਈ ਇਕ ਥੈਹ ਦੇ ਰੂਪ ਵਿੱਚ ਸਥਿਤ ਹੈ। ਇਹ ਦੋਵੇ ਅਸਥਾਨ 5000 ਸਾਲ ਪਹਿਲਾਂ ਸਿੰਧ ਘਾਟੀ ਦੀ ਸਭਿਅਤਾ ਦੇ ਮਸ਼ਹੂਰ ਕੇਂਦਰ ਮੰਨੇ ਜਾਂਦੇ ਹਨ।
ਧੰਨਵਾਦ ਸਹਿਤ
ਸਿੱਖ ਟਾਈਮਜ਼
ਬਰਮਿੰਘਮ