ਸੁਖਬੀਰ ਬਾਦਲ ਦੀ ਪ੍ਰਧਾਨਗੀ 'ਤੇ ਕੁਝ ਕਿੰਤੂ ਪ੍ਰੰਤੂ?

ਹਰਬੀਰ ਸਿੰਘ ਭੰਵਰ

ਆਖਰ ਸਰਬ-ਸ਼ਕਤੀਵਾਨ ਅਕਾਲੀ ਨੇਤਾ ਤੇ ਮੁਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਸ਼ਹਿਜ਼ਾਦੇ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਵਾ ਹੀ ਲਿਆ ਅਤੇ ਮੁਖ ਮੰਤਰੀ ਦੀ ਕੁਰਸੀ ਸੌਂਪਣ ਲਈ ਰਾਹ ਪੱਧਰਾ ਕਰ ਲਿਆ।ਸ਼ਹੀਦਾਂ ਦੀ ਇਸ ਜੱਥੇਬੰਦੀ ਦੇ ਸਾਰੇ ਸੀਨੀਅਰ ਲੀਡਰ ਗੋਡੇ ਟੇਕ ਕੇ ਅਤੇ ''ਬੀਬੇ ਰਾਣੇ'' ਬਣ ਕੇ ਲਾਈਨ ਵਿਚ ਲਗ ਗਏ।ਇਹ ਤਾਂ ਸਭਨਾਂ ਨੂੰ ਪਤਾ ਹੀ ਹੈ ਕਿ ਸੀਨੀਅਰ ਬਾਦਲ ਨੇ ਕਿਸੇ ਢੁਕਵੇਂ ਸਮੇਂ 'ਤੇ ਜੂਨੀਅਰ ਬਾਦਲ ਨੂੰ ਮੁਖ ਮੰਤਰੀ ਦਾ ਤਾਜ ਪਹਿਣਾ ਦੇਣਾ ਹੈ ਅਤੇ ਕਿਸੇ ਸੀਨੀਅਰ ਅਕਾਲੀ ਵਜ਼ੀਰ ਨੇ ''ਚੂੰ ''ਤਕ ਨਹੀਂ ਕਰਨੀ।ਜੇ ਉਹ ਇਸ ਸਰਕਾਰ ਦੇ ਪੰਜ ਸਾਲ ਪੂਰੇ ਹੋਣ ਤੋਂ ਪਹਿਲਾਂ ਪਹਿਲਾਂ ਅਜੇਹਾ ਨਹੀਂ ਕਰਦੇ, ਫਿਰ ਜੂਨੀਅਰ ਬਾਦਲ ਕਦੀ ਵੀ ਮੁਖ ਮੰਤਰੀ ਨਹੀਂ ਬਣ ਸਕੇ ਗਾ।ਵੈਸੇ ਤਾ ਸੁਖਬੀਰ ਬਾਦਲ ਪਿਛਲੇ ਸਾਲ ਜਦੋਂ ਤੋਂ ਉਹਦੇ ਪਿਤਾ ਸ਼੍ਰੀ ਮੁਖ ਮੰਤਰੀ ਬਣੇ ਹਨ, ਮੁਖ ਮੰਤਰੀ ਵਾਂਗ ਹੀ ਵਿਵਹਾਰ ਕਰ ਰਹੇ ਹ ਅਤੇ ਸਰਕਾਰੀ ਪਾਲਿਸੀਆਂ ਤੇ ਨਵੇਂ ਪ੍ਰਾਜੈਕਟਾਂ ਬਾਰੇ ਐਲਾਨ ਕਰ ਰਹ ਹਨ।

ਸ਼ੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਬਣਾਉਣ ਦਾ ਚੰਗਾ ਪਹਿਲੂ ਇਹ ਹੈ ਕਿ ਪਾਰਟੀ ਦੀ ਕਮਾਂਡ ਵਿਦੇਸ਼ ਵਿਚ ਪੜ੍ਹ ਲਿਖੇ ਇਕ ਨੌਜਵਾਨ ਦੇ ਹੱਥ ਆਈ ਹੈ।ਆਖਰ ਨਵੇਂ ਲੀਡਰ ਵੀ ਤਾਂ ਬਣਾਉਣੇ ਹਨ।ਅਕਾਲੀ ਦਲ ਵਿਚ ਹੋਰ ਵੀ ਕਈ ਪੜ੍ਹੇ ਲਿਖੇ ਨੌਜਵਾਨ ਨੇਤਾ ਸਨ,ਜਿਵੇਂ ਕਿ ਮਨਪ੍ਰੀਤ ਸਿੰਘ ਬਾਦਲ, ਪਰਮਿੰਦਰ ਸਿੰਘ ਢੀਂਡਸਾ, ਸ਼ਰਨਜੀਤ ਸਿੰਘ ਢਿਲੋਂ, ਬੀਬੀ ਪਰਮਜੀਤ ਕੌਰ ਗੁਲਸ਼ਨ, ਪ੍ਰੇਮ ਸਿੰਘ ਚੰਦੂਮਾਜਰਾ,ਬੀਬੀ ਜਗੀਰ ਕੌਰ ਤੇ ਕਈ ਹੋਰ ਪਰ ਅਕਾਲੀ ਦਲ ਤਾਂ ਬਾਦਲ ਸਾਹਿਬ ਦੀ ਨਿੱਜੀ ਜਾਗੀਰ ਹੈ, ਇਸ ਲਈ ਪ੍ਰਧਾਨਗੀ ਘਰ ਵਿਚ ਹੀ ਰਖਣੀ ਹੈ, ਭਾਵੇਂ ਇਸ ਲਈ ਪਾਰਟੀ ਦੇ ਸਾਰੇ ਸਿਧਾਤਾਂ ਦਾ ਘਾਣ ਹੋ ਜਾਏ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹਜ਼ੂਰ 14 ਦਸੰਬਰ 1920 ਨੂੰ ਸਥਾਪਤ ਕੀਤਾ ਗਿਆ ਅਕਾਲੀ ਦਲ ਸਿੱਖਾਂ ਅਤੇ ਪੰਜਾਬ ਦੀ ਨੁਮਾਇੰਦਾ ਹੋਣ ਦਾ ਦਾਅਵਾ ਕਰਨ ਵਾਲੀ ਜੱਥੇਬੰਦੀ ਹੈ।ਅਕਾਲੀਆਂ ਵਲੋਂ ''ਮੈਂ ਮਰਾਂ ਪੰਥ ਜੀਵੇ'' ਦੀ ਥਾਂ ਅਪਣੇ ਸੌੜੇ ਰਾਜਸੀ ਹਿੱਤਾਂ ਲਈ '' ਮੈਂ ਜੀਵਾਂ ਪੰਥ ૴ '' ਦੀ ਪਾਲਿਸੀ ਦੀ ਪਾਲਣਾ ਕਾਰਨ ਅੱਜ ਅਪਣੇ ਉਦੇਸ਼ ਤੇ ਨਿਸ਼ਾਨੇ ਤੋਂ ਭੱਟਕ ਗਏ ਜਾਪਦੇ ਹਨ।ਆਪਣੇ ਰਾਜਸੀ ਹਿੱਤਾਂ ਦੀ ਪੂਰਤੀ ਲਈ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੇ ਇਸ ਦਾ ਪੰਥਕ ਸਰੂਪ ਵਿਗਾੜ ਦਿਤਾ ਹੈ।ਅਕਾਲੀ ਦਲ ਦੀ ਸਥਾਪਨਾ ਦੇ ਕੀ ਉਦੇਸ਼ ਸਨ,ਇਸ ਲਈ ਇਸ ਦੇ ਪਿਛੋਕੜ ਵਲ ਝਾਤ ਮਾਰਨੀ ਪਏ ਗੀ।

ਸ਼੍ਰੋਮਣੀ ਅਕਾਲੀ ਦਲ ਦਾ ਮੈਂਬਰ ਬਣਨ ਲਈ ਅੰਮ੍ਰਿਤਧਾਰੀ ਹੋਣਾ ਜ਼ਰੂਰੀ ਹੈ।ਜਿਥੋਂ ਤਕ ਮੇਰੀ ਜਾਣਕਾਰੀ ਹੈ,ਸੁਖਬੀਰ ਬਾਦਲ ਨੇ ਅੰਮ੍ਰਿਤ ਨਹੀਂ ਛਕਿਆ,ਉਹ ਤਾਂ ਇਕ ਸਾਧਾਰਣ ਵਰਕਰ ਬਣਨ ਦੁੇ ਯੋਗ ਵੀ ਨਹੀਂ, ਉਸ ਨੂੰ ਪ੍ਰਧਾਨ ਬਣਾ ਦਿਤਾ ਗਿਆ ਹੈ।ਇਸ ਤਰ੍ਹਾਂ ਕਲ ਨੂੰ ਕੋਈ ਪਤਿਤ ਸਿੱਖ ਵੀ ਪ੍ਰਧਾਨ ਬਣ ਸਕਦਾ ਹੈ। ਜਦੋੌ ਅਕਾਲੀ ਦਲ ਹੋਂਦ ਵਿਚ ਆਇਆ ਤਾਂ ਇਸ ਦੇ ਸਿਧਾਤ ਹੇਠ ਲਿਖੇ ਅਨੁਸਾਰ ਸ਼ਨ:-
''1.ਸ਼੍ਰੋਮਣੀ ਅਕਲੀ ਦਲ ਸਿੱਖ-ਪੰਥ ਦੀ ਸਮੁੱਚੀ ਮਰਜ਼ੀ ਦਾ ਇਕੋ ਇਕ ਪ੍ਰਗਟਾਉ ਹੈ ਤੇ ਪੰਥ ਦੀ ਪ੍ਰਤੀਨਿਧਤਾ ਕਰਨ ਲਈ ਪੂਰਾ ਅਧਿਕਾਰ ਰਖਦਾ ਹੈ।ਇਸ ਜੱਥੇਬੰਦੀ ਦੀ ਬੁਨਅਿਾਦ ਮਨੁੱਖਾਂ ਦੇ ਆਪਸੀ ਸਬੰਧ, ਮਨੁੱਖੀ ਗਤੀ ਅਤੇ ਮਨੁੱਖ ਦੇ ਪਰਮ-ਤੱਤ ਨਾਲ ਸਬੰਧਾਂ ਉਤੇ ਰਖੀ ਗਈ ਹੈ।(2) ਇਹ ਸਿਧਾਂਤ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ''ਨਾਮ ਜਪੋ,ਕਿਰਤ ਕਰ਀ਿ ਅਤੇ ਵੰਡ ਛਕੋ'' ਦੀਆਂ ਲੀਹਾਂ ਉਤੇ ਆਧਾਰਤ ਹੈ।''
ਅਕਾਲੀ ਦਲ ਦੇ ਮਨੋਰਥ ਇਸ ਤਰ੍ਹਾਂ ਦਸੇ ਗਏ ਸਨ:-
ਸ਼੍ਰੋਮਣੀ ਅਕਾਲੀ ਦਲ ਹੇਠ ਲਿਖੇ ਮੰਤਵਾਂ ਦੀ ਪੂਰਤੀ ਲਈ ਸਦਾ ਤੱਤਪਰ ਰਹੇ ਗਾ।
ਗੁਰਮਤਿ ਤੇ ਰਹਿਤ ਮਰਯਾਦਾ ਦਾ ਪ੍ਰਚਾਰ ਅਤੇ ਨਾਸਤਿਕਤਾ ਤੇ ਮਨਮੱਤ ਦਾ ਪ੍ਰਹਾਰ। (2) ਸਿੰਘਾਂ ਵਿਚ ਪੰਥਕ ਆਜ਼ਾਦ ਹਸਤੀ ਦਾ ਅਹਿਸਾਸ ਕਾਇਮ ਰੱਖਣਾ ਅਤੇ ਅਜੇਹਾ ਦੇਸ਼-ਕਾਲ ਘੜਣਾ, ਜਿਸ ਵਿਚ ਸਿੱਖ-ਪੰਥ ਦੇ ਕੌਮੀ ਜ਼ਜ਼ਬੇ ਤੇ ਕੌਮੀਅਤ ਦਾ ਪ੍ਰਗਟਾਓ ਪੂਰਨ ਤੌਰ ਤੇ ਮੂਰਤੀਮਾਨ ਤੇ ਪ੍ਰਜਲਤ ਹੋ ਸਕੇ। (3) ਕੰਗਾਲੀ,ਭੁੱਖ-ਨੰਗ ਤੇ ਥੁੜ ਨੂੰ ਦੂਰ ਕਰਨਾ, ਨਿਆਂਕਾਰ ਤੇ ਚੰਗੇ ਨਿਜ਼ਾਮ ਨੂੰ ਕਾਇਮ ਕਰਨ ਲਈ ਦੌਲਤ ਤੇ ਉਪਜ ਨੂੰ ਵਧਾਉਣਾ ਤੇ ਮੌਜੂਦਾ ਕਾਣੀ-ਵੰਡ ਤੇ ਲੁੱਟ-ਖਸੁੱਟ (ਐਕਸਪਲਾਇਟੇਸ਼ਨ) ਨੂੰ ਦੂਰ ਕਰਨਾ।(4) ਗੁਰਮਤਿ ਆਸੇ ਅਨੁਸਾਰ ਅਨਪੜ੍ਹਤਾ,ਛੁਤ-ਛਾਤ ਤੇ ਜ਼ਾਤ-ਪਾਤ ਦੇ ਵਿੱਤਕਰੇ ਨੂੰ ਹਟਾਉਣਾ। (5) ਮੰਦੀ ਸਿਹਤ ਤੇ ਬੀਮਾਰੀ ਨੂੰ ਦੂਰ ਕਰਨ ਦਾ ਉਪਾਓ, ਨਸ਼ਿਆਂ ਦੀ ਨਿਖੇਧੀ ਤੇ ਬੰਦਸ਼, ਅਤੇ ਸਰੀਰਕ ਅਰੋਗਤਾ ਦਾ ਵਾਧਾ, ਜਿਸ ਨਾਲ ਕੌਮ ਵਿਚ ਉਤਸ਼ਾਹ ਜਾਗੇ ਤੇ ਉਹ ਕੌਮੀ ਬਚਾਓ ਲਈ ਤਿਆਰ ਹੋ ਸਕੇ।

ਅਕਾਲੀ ਦਲ ਦੇ ਪ੍ਰਧਾਨ ਰਹੇ ਜੱਥੇਦਾਰ ਸਰਮੁਖ ਸਿੰਘ ਝਬਾਲ, ਬਾਬਾ ਖੜਕ ਸਿੰਘ, ਮਾਸਟਰ ਤਾਰਾ ਸਿੰਘ, ਗਿਆਨੀ ਗੋਪਾਲ ਸਿੰਘ ਕੌਮੀ, ਬਾਬੂ ਲਾਭ ਸਿੰਘ, ਸੰਤ ਫਤਹਿ ਸਿੰਘ. ਸ਼ੰਤ ਹਰਚੰਦ ਸਿੰਘ ਲੌਂਗੋਵਾਲ ਵਰਗਿਆਂ ਨੇ ਅਕਾਲੀ ਮੋਰਚਿਆਂ ਵਿਚ ਆਪਣੀਆਂ ਗ੍ਰਿਫਤਾਰੀਆਂ ਦ ਕੇ ਜੇਲ੍ਹਾਂ ਕਟੀਆਂ ਤੇ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕੀਤਾ।ਕਿਸੇ ਨੇ ਆਪਣੇ ਕਿਸੇ ਪਰਵਾਰਿਕ ਮੈਂਬਰ ਨੂੰ ਅਗੇ ਨਹੀਂ ਲਿਆਂਦਾ।ਕੇਵਲ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੇ ਹੀ ਪਾਰਟੀ ਨੂੰ ਨਿੱਜੀ ਜਾਗੀਰ ਸਮਝ ਕੇ ਆਪਣੇ ਪਰਿਵਾਰ ਨੂੰ ਹੀ ਨਹੀਂ ਸਗੋਂ ਨੇੜਲੇ ਅਨੇਕਾਂ ਰਿਸ਼ਤੇਦਾਰਾਂ ਨੂੰ ਅਗੇ ਲਿਆਂਦਾ,ਪਾਰਲੀਮੈਂਟ ਜਾਂ ਵਿਧਾਨ ਸਭਾ ਦਾ ਮੈਂਬਰ ਬਣਵਾਇਆ।ਇਸ ਸਮੇਂ ਉਨ੍ਹਾਂ ਦੇ ਮੰਤਰੀ ਮੰਡਲ ਵਿਚ ਸਤ ਵਜ਼ੀਰ ਕਰੀਬੀ ਰਿਸ਼ਤੇਦਾਰ ਦਸੇ ਜਾਂਦੇ ਹਨ।ਹੁਣ ਤਕ ਜਿਤਨੇ ਵੀ ਪ੍ਰਧਾਨ ਰਹੇ,ਇਥੋਂ ਤਕ ਕਿ ਖੁਦ ਸੀਨੀਅਰ ਬਾਦਲ ਵੀ, ਇਕ ਸਾਧਾਰਣ ਵਰਕਰ ਤੋਂ ਉਠ ਕੇ ਪਾਰਟੀ ਲਈ ਨਿਸ਼ਕਾਮ ਸੇਵਾ ਕਰ ਕੇ ਇਸ ਉਚ ਅਹੁਦੇ 'ਤੇ ਪਹੁੰਚਦੇ ਰਹੇ ਹਨ, ਪਹਿਲੀ ਵਾਰੀ ਟਕਸਾਲੀ ਤੇ ਸੀਨੀਅਰ ਲੀਡਰਾਂ ਨੂੰ ਅੱਖੋ ਪਰੋਖੇ ਕਰ ਕੇ ਪਾਰਟੀ ਲਈ ਕੋਈ ਵੀ ਕੁਰਬਾਨੀ ਨਾ ਕਰਨ ਵਾਲੇ ਨੂੰ ਠੋਸਿਆ ਗਿਆ ਹੈ।ਅਕਾਲੀ ਦਲ ਦੀ ਇਹ ਵੀ ਇਕ ਪ੍ਰੰਪਰਾ ਹੈ ਕਿ ਪ੍ਰਧਾਨ ਦਾ ਦਾਹੜਾ ਪ੍ਰਕਾਸ਼ (ਖੋਲ਼੍ਹਿਆ ਹੋਇਆ) ਹੋਣਾ ਚਾਹੀਦਾ ਹੈ।ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਅਕਾਲ ਚਲਾਣੇ ਤੋਂ ਬਾਅਦ ਪਟਿਆਲਾਸ਼ਾਹੀ ਸਰਦਾਰਾਂ ਵਾਂਗ ਦਾੜ੍ਹੀ ਬੰਨ੍ਹਣ ਵਾਲੇ ਸ੍ਰੀ ਸੁਰਜੀਤ ਸਿੰਘ ਬਰਨਾਲ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਣੇ, ਉਨ੍ਹਾਂ ਨੇ ਇਕ ਦੰਮ ਆਪਣਾ ਦਾਹੜਾ ਪ੍ਰਕਾਸ਼ ਕਰ ਲਿਆ ਸੀ।ਪਹਿਲਾਂ ਦੋ ਵਾਰੀ ਮੁਖ ਮੰਤਰੀ ਹੁੰਦੇ ਹੋਏ ਸੀਨੀਅਰ ਬਾਦਲ ਵੀ ਆਪਣਾ ਦਾਹੜਾ ਬੰਨ੍ਹ ਕੇ ਰਖਿਆ ਕਰਦੇ ਸਨ,ਪਰ ਪ੍ਰਧਾਨ ਬਣ ਜਾਣ 'ਤੇ ਆਪਣੇ ਦਾਹੜੇ ਦਾ ਪ੍ਰਕਾਸ਼ ਕਰ ਲਿਆ।ਕੀ ਜੂਨੀਅਰ ਬਾਦਲ ਇਹ ਪ੍ਰੰਪਰਾ ਜਾਰੀ ਰਖਣ ਗੇ? ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਤੇ ਵਰਕਰ ਭੇਡਾਂ ਬੱਕਰੀਆਂ ਨਹੀਂ ਜਿਨ੍ਹਾਂ ਨੂੰ ਜਿੱਧਰ ਮਰਜ਼ੀ ਹਕ ਕੇ ਲਿਜਾਇਆ ਜਾਏ, ਇਹ ਸ਼ਹੀਦਾਂ ਤੇ ਕਰਬਾਨੀ ਕਰਨ ਵਾਲੇ ਮਰਜੀਵੜਿਆਂ ਦੀ ਜੱਥੇਬੰਦੀ ਹੈ।ਜਿਸ ਅਧੀਨਗੀ ਨਾਲ ਸੀਨੀਅਰ ਅਕਾਲੀ ਲੀਡਰਾਂ ਨੇ ਗੋਡੇ ਟੇਕੇ ਹਨ ਅਤੇ ਜਿਸ ਤਰ੍ਹਾਂ ਸੁਖਬੀਰ ਬਾਦਲ ਨੂੰ ਵਧਾਈ ਦੇ ਇਸ਼ਤਿਹਾਰ ਅਖ਼ਬਾਰਾਂ ਵਿਚ ਛਪਵਾਏ ਜਾ ਰਹੇ ਹਨ ਉਸ ਤੋਂ ਜਾਪਦਾ ਹੈ ਕਿ ਅਮੀਰ ਵਿਰਸੇ ਵਾਲੀ ਇਹ ਪਾਰਟੀ ਕੇਵਲ ਖੁਸ਼ਾਮਦੀਆਂ, ਚਾਪਲੂਸਾਂ ਤੇ ਚਮਚਿਆਂ ਦੀ ਪਾਰਟੀ ਬਣ ਕੇ ਰਹਿ ਗਈ ਹੈ। ਇਹ ਤਾਂ ਆਉਣ ਵਾਲਾ ਸਮਾਂ ਹੀ ਦਸੇ ਗਾ ਕਿ ਸੁਖਬੀਰ ਬਾਦਲ ਅਕਾਲੀ ਦਲ ਨੂੰ ਕਿਤਨਾ ਕੁ ਮਜ਼ਬੂਤ ਕਰਦੇ ਹਨ ਜਾਂ ਰਸਾਤਲ ਵਲ ਲੈ ਜਾਂਦੇ ਹਨ ਜਿਵੇਂ ਕਿ ਸਾਬਕਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ।ਇਸ ਬਾਰੇ ਪਤਾ ਤਾਂ ਅਗਲੇ ਵਰ੍ਹੇ ਹੋਣ ਵਾਲੀਆਂ ਲੋਕ ਸਭਾ ਚੋਣਾ ਸਮੇਂ ਹੀ ਲਗ ਜਾਏ ਗਾ।ਜੇ ਪਾਰਟੀ ਨੇ ਮੌਜੂਦਾ ਸੀਟਾਂ ਵੀ ਬਰਕਰਾਰ ਰਖ ਲਈਆਂ ਤਾਂ ਜੂਨੀਅਰ ਬਾਦਲ ਦੀ ਬੱਲੇ ਬੱਲੇ ਹੋ ਜਾਏ ਗੀ।ਉੜੀਸਾ ਦੇ ਮਰਹੂਮ ਮੁਖ ਮੰਤਰੀ ਬਿਜੂ ਪਟਨਾਇਕ ਨੇ ਆਪਣੇ ਪੁੱਤਰ ਨਵੀਨ ਪਟਨਾਇਕ ਨੂੰ ਸਿਆਸਤ ਵਿਚ ਲਿਆਂਦਾ ਸੀ, ਜੋ ਕੇਂਦਰ ਵਿਚ ਮੰਤਰੀ ਰਹੇ ਅਤੇ ਫਿਰ ਉੜੀਸਾ ਦੇ ਮੁਖ ਮੰਤਰੀ ਬਣੇ। ਜੰਮੂ ਕਸ਼ਮੀਰ ਦੀ ਸ਼ਕਤੀਸ਼ਾਲੀ ਨੈਸ਼ਨਲ ਕਾਨਫਰੰਸ ਦੇ ਪਧਾਨ ਤੇ ਸਾਬਕਾ ਮੁਖ ਮੰਤਰੀ ਡਾ. ਫਾਰੂਕ ਅਬਦੁਲ੍ਹਾ ਨੇ ਆਪਣੇ ਪੁੱਤਰ ਉਮਰ ਅਬਦੁਲ੍ਹਾ ਨੂੰ ਆਪਣੀ ਥਾਂ ਪ੍ਰਧਾਨ ਬਣਾਇਆ ਸੀ,ਵੱਡੇ ਬਾਦਲ ਵਾਂਘ ਸ੍ਰੀ ਅਟਲ ਬਿਹਾਰੀ ਵਾਜਪਾਈ 'ਤੁ ਦਬਾਓ ਪਾ ਕੇ ਸੁਖਬੀਰ ਵਾਂਗ ਕੇਂਦਰ ਵਿਚ ਮੰਤਰੀ ਬਣਵਾਇਆ, ਅਗਲੀਆਂ ਚੋਣਾਂ ਸਮੇਂ ਪਹਿਲੀ ਵਾਰੀ ਇਸ ਪਾਰਟੀ ਨੂੰ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ।ਇਹ ਤਾਂ ਆਉਣ ਵਾਲਾ ਸਮਾਂ ਹੀ ਦਸੇ ਗਾ ਕਿ ਸੁਖਬੀਰ ਬਾਦਲ ਨਵੀਨ ਪਟਨਾਇਕ ਬਣਦੇ ਹਨ ਜਾਂ ਓਮਰ ਅਬਦੁਲ੍ਹਾ ?

194-ਸੀ, ਭਾਈ ਰਣਧੀਰ ਸਿੰਘ ਨਗਰ,ਲੁਧਿਆਣਾ