''ਰਿਆਸਤ ਵਿਚ ਰਿਆਸਤ'' ਹੈ ਸ਼੍ਰੋਮਣੀ ਕਮੇਟੀ
|
ਹਰਬੀਰ ਸਿੰਘ ਭੰਵਰ |
ਪੰਜਾਬ ਵਿਚ ਰਾਜ ਅਕਾਲੀਆਂ ਦਾ ਹੋਵੇ ਜਾਂ ਕਾਂਗਰਸ ਦਾ,
ਸਿੱਖ-ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਅਖ਼ਬਾਰਾਂ ਦੀਆਂ
ਸੁਰਖੀਆਂ ਵਿਚ ਛਾਈ ਰਹਿੰਦੀ ਹੈ। ਚੰਡੀਗੜ੍ਹ ਪੰਜਾਬ ਦੀ ਕੇਵਲ ਪ੍ਰਸ਼ਾਸਕ (Administrative)
ਰਾਜਧਾਨੀ ਹੈ ਜਦੋਂ ਕਿ ਪੰਜਾਬ ਦੀ ਧਾਰਮਿਕ ਤੇ ਸਿਆਸੀ ਰਾਜਧਾਨੀ ਅੰਮ੍ਰਿਤਸਰ ਹੀ ਹੈ ,ਉਹ ਵੀ
ਸ਼੍ਰੋਮਣੀ ਕਮੇਟੀ ਕੰਪਲੈਕਸ।ਪੰਜਾਬ ਦੀ ਸਾਰੀ ਸਿਆਸਤ ਇਸ ਦੁਆਲੇ ਹੀ ਘੁੰਮਦੀ ਹੈ।ਹੁਣ ਇਸ ਨੂੰ ਸਿੱਖਾ
ਦੀ ਮਿੰਨੀ-ਪਾਰਲੀਮੈਂਟ ਕਿਹਾ ਜਾਣ ਲਗਾ ਹੈ।
ਗੁਰਦੁਆਰਾ ਐਕਟ-1925 ਅਨੁਸਾਰ ਹੋਂਦ ਵਿਚ ਆਈ ਇਹ ਸੰਸਥਾ ਅਣਵੰਢੇ ਪੰਜਾਬ,ਜਿਸ ਵਿਚ ਮੌਜੂਦਾ
ਪੰਜਾਬ,ਹਰਿਆਣਾ,ਹਿਮਾਚਲ ਅਤੇ ਪਾਕਿਸਤਾਨੀ ਪੰਜਾਬ ਵੀ ਸਾਮਿਲ ਸੀ, ਦੇ ਸਾਰੇ ਇਾਿਹਾਸਿਕ ਗੁਰਦੁਆਰਿਆਂ
ਦਾ ਪ੍ਰਬੰਧ ਦੇਖਦੀ ਰਹੀ ਹੈ ।ਸ਼੍ਰੋਮਣੀ ਕਮੇਟੀ ਵਿਸ਼ਵ ਭਰ ਵਿਚ ਗੁਰਦੁਆਰਾ ਸਾਹਿਬਾਨ ਦੀ ਮਰਯਾਦਾ ੳਤੇ
ਵਿਸ਼ਵ ਭਰ ਦੇ ਸਿੱਖਾਂ ਦੇ ਧਾਰਮਿਕ ਹਿੱਤਾਂ ਦੀ ਰਾਖੀ ਲਈ ਯਤਨ ਕਰਦੀ ਰਹੀ ਹੈ,ਜਿਸ ਕਾਰਨ ਵਿਸ਼ਵ ਭਰ
ਦੇ ਸਿੱਖ ਇਸ ਵਲ ਵੇਖਦੇ ਰਹਿੰਦੇ ਹਨ।
ਵਿਸ਼ਵ ਭਰ ਵਿਚ ਜਮਹੂਰੀ ਢੰਗ ਨਾਲ ਚੁਣੀ ਗਈ ਅਪਣੀ ਕਿਸਮ ਦੀ ਇਹ ਪਹਿਲੀ ਅਜੇਹਾ ਸੰਸਥਾ ਹੈ ਜੋ
ਧਾਰਮਿਕ ਅਸਥਾਣਾ ਦਾ ਪ੍ਰਬੰਧ ਦੇਖ ਰਹੀ ਹੈ,ਜਿਸ ਦੇ ਹਿਸਾਬ ਕਿਤਾਬ ਦਾ ਆਡਿਟ ਸਰਕਾਰ ਵਲੋਂ ਕੀਤਾ
ਜਾਂਦਾ ਹੈ ਅਤੇ ਜਿਸ ਦਾ ਅਪਣਾ ਜੁਡੀਸ਼ਲ ਕਮਿਸਨ ੍ਹਹੈ।ਸਿੱਖ-ਪੰਥ ਨੇ ਇਸ ਦੀ ਪ੍ਰਾਪਤੀ ਲਈ ਬੜਾ ਲੰਬਾ
ਸ਼ਾਤਮਈ ਸੰਘੱਰਸ਼ ਕੀਤਾ, ਮੋਰਚੇ ਲਗਾਏ, ਜੇਲ੍ਹਾਂ ਭਰੀਆਂ,ਅੰਗਰੇਜ਼ ਸਰਕਾਰ ਦੀ ਪੁਲਿਸ ਹਥੋਂ ਅੰਨ੍ਹਾ
ਤਸ਼ੱਦਦ ਬਰਦਾਸ਼ਤ ਕੀਤਾ।ਇਹੋ ਕਾਰਨ ਹੈ ਕਿ ਆਮ ਸਿੱਖਾ ਦੇ ਜ਼ਜ਼ਬਾਤ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ
ਅਕਾਲੀ ਦਲ, ਜਿਸ ਨੇ ਇਸ ਸ਼ੰਘੱਰਸ਼ ਦੀ ਅਗਵਾਈ ਕੀਤੀ, ਨਾਲ ਜੁੜੇ ਹੋਏ ਹਨ।ਸਿੱਖ ਮਿਸਲਾਂ,ਰਾਜਿਆਂ
ਮਹਾਰਾਜਿਆਂ ਵਿਸ਼ੇਸ਼ ਕਰ ਕੇ ਮਹਾਰਾਜਾ ਰਣਜੀਤ ਸਿੰਘ ਨੇ ਗੁਰੂ ਸਾਹਿਬਾਨ ਦੇ ਜੀਵਨ ਨਾਲ ਸਬੰਧਤ
ਗੁਰਦੁਆਰਾ ਸਾਹਿਬਾਨ ਦੇ ਨਾਮ ਜਾਗੀਰਾਂ ਅਤੇ ਜ਼ਮੀਨਾਂ ਜਾਇਦਾਦਾਂ ਲਗਵਾਈਆਂ।ਮਹਾਰਾਜਾ ਰਣਜੀਤ ਸਿੰਘ
ਦੀ ਮੌਤ ਤੋ ਥੋੜੇ ਸਾਲਾ ਬਾਅਦ ਹੀ ਸਿੱਖ ਸਰਦਾਰਾਂ ਦੀ ਆਪਸੀ ਫੁੱਟ ਤੇ ਡੋਗਰਿਆਂ ਦੀ ਗੱਦਾਰੀ ਕਾਰਨ
ਪੰਜਾਬ ਨੂੰ ਅੰਗਰੇਜ਼ੀ ਰਾਜ ਵਿਚ ਸ਼ਾਮਿਲ ਕਰ ਲਿਆ ਗਿਆ।ਮਹੰਤ ਤੇ ਪੁਜਾਰੀ ਜੋ ਇਨ੍ਹਾਂ ਗੁਰਦੁਆਰਿਆ ਦੀ
ਦੇਖ ਭਾਲ ਕਰ ਰਹੇ ਸਨ,ਨੂੰ ਅੰਗਰੇਜ਼ਾਂ ਦੀ ਸਰਪ੍ਰਸਤੀ ਮਿਲ ਗਈ।ਉਹ ਗੁਰਦੁਆਰਿਆ ਦੀ ਆਮਦਨੀ ਦਾ
ਦੁਰਉਪਯੋਗ ਸ਼ੁਰੂ ਕਰ ਦਿਤਾ, ਕਈ ਸ਼ਾਹਾਨਾ ਠਾਠ ਨਾਲ ਰਹਿਣ ਲਗੇ ਤੇ ਐਸ਼ ਕਰਨ ਲਗੇ , ਗੁਰਦੁਆਰਾ
ਜਾਇਦਾਦਾਂ ਨੂੰ ਨਿੱਜੀ ਜਾਗੀਰ ਸਮਝ ਕੇ ਵਿਵਹਾਰ ਕਰਨ ਲਗੇ।ਗੁਰਧਾਮਾਂ ਵਿਚ ਗੁਰਮਤਿ ਮਰਯਾਦਾ ਦਾ
ਖਿਲਵਾੜ ਹੋਣ ਲਗਾ ਤੇ ਕਈ ਤਰ੍ਹਾਂ ਦੇ ਕੁਕੱਰਮ ਹੋਣ ਲਗੇ।ਪੰਥ ਦਰਦੀ ਸਿੱਖਾ ਨੇ ਗੁਰਦੁਆਰਾ ਸੁਧਾਰ
ਲਹਿਰ ਸ਼ੁਰੂ ਕੀਤੀ,ਜਿਸ ਨੂੰ ਆਮ ਸਿੱਖਾਂ ਦਾ ਭਰਵਾ ਹੁੰਗਾਰਾ ਮਿਲਿਆ ਅਤੇ ਇਹ ਇਕ ਸ਼ਕਤੀਸ਼ਾਲੀ ਲਹਿਰ
ਬਣ ਗਈ।ਕਈ ਮੋਰਚੇ ਲਗੇ, ਸਾਕੇ ਵਰਤੇ, ਡਾਂਗਾ ਵਰ੍ਹੀਆ, ਗੋਲੀਆ ਚਲੀਆ ਅਤੇ ਸ਼ਹੀਦੀਆ ਹੋਈਆ।ਅਨੁਮਾਨ
ਹੈ ਕਿ ਪੰਜ ਸੌ ਸਿੰਘ ਸ਼ਹੀਦ ਹੋਏ, ਹਜ਼ਾਰਾਂ ਹੀ ਸਰਕਾਰੀ ਤਸ਼ੱਦਦ ਕਾਰਨ ਅੰਗਹੀਨ ਹੋ ਕੇ ਨਕਾਰਾ ਹੋ
ਗਏ,,ਤੀਹ ਹਜ਼ਾਰ ਸਿੰਘਾਂ ਨੇ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਦੀਆ ਮਸੱਕਤਾਂ ਝਲੀਆਂ (ਇਸ ਪੱਤਰਕਾਰ ਦੇ
ਪਿਤਾ ਸ.ਹਰਨਾਮ ਸਿੰਘ ਪਿੰਡ ਪਖੋਵਾਲ ਜ਼ਿਲਾ ਲੁਧਿਆਣਾ,ਤਾਇਆ ਸ,ਸ਼ੇਰ ਸਿੰਘ ਤੇ ਮਾਮਾ ਜੀ ਸ.ਕੇਹਰ
ਸਿੰਘ ਕਿਲਾ ਰਾਏਪੁਰ ਨੇ ਇਸ ਸੰਘੱਰਸ਼ ਦੌਰਾਨ ਜੇਲ੍ਹਾਂ ਕੱਟੀਆ ) ,ਉਨ੍ਹਾ ਭਲੇ ਜ਼ਮਾਨਿਆ ਵਿਚ ਜਦੋਂ
ਇਕ ਰੁਪੈ ਕਿਲੋ ਦੇਸੀ ਘਿਓ ਮਿਲ ਜਾਂਦਾ ਸੀ,15 ਲੱਖ ਰੁਪੈ ਦੇ ਜੁਰਮਾਨੇ ਭਰੇ ਅਤੇ ਹਜ਼ਾਰਾ ਸਿੱਖਾਂ
ਨੇ ਸਰਕਾਰੀ ਅਹਦਿਆ ਤੋਂ ਪ੍ਰਾਪਤ ਪੈਨਸ਼ਨਾ ਤੋਂ ਹੱਥ ਧੋਣੇ ਪਏ। ਇਸ ਸੰਘੱਰਸ਼ ਦੌਰਾਨ 12 ਅਕਤੂਬਰ
1920 ਨੂੰ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਪੁਜਾਰੀਆਂ ਤੋਂ ਆਜ਼ਾਦ ਕਰਵਾਏ।ਸੰਗਤਾਂ
ਨੇ ਭਾਈ ਤੇਜਾ ਸਿੰਘ ਭੁਚਰ ਨੂੰ ਅਕਾਲ ਤਖ਼ਤ ਸਾਹਿਬ ਦਾ ਜੱਥੇਦਾਰ ਥਾਪ ਦਿਤਾ।ਜਥੇਦਾਰ ਨੇ ਇਕ
ਹੁਕਮਨਾਮਾ ਜਾਰੀ ਕਰ ਕੇ 15 ਨਵੰਬਰ 1925 ਨੂੰ ਇਕ ਪੰਥਕ ਇਕੱਠ ਬੁਲਾ ਲਿਆ।ਮਿਥੇ ਦਿਨ ਪੰਥਕ
ਇਕੱਤ੍ਰਤਾ ਨੇ ਅਕਾਲ ਤਖਤ ਵਿਖੇ ਆਜ਼ਾਦ ਕਰਵਾਏ ਗਏ ਗੁਰਧਾਮਾਂ ਦਾ ਪ੍ਰਬੰਧ ਚਲਾਉਣ ਵਾਸਤੇ 175
ਅੰਮ੍ਰਿਤਧਾਰੀ ਰਹਿਤਵਾਨ ਸਿੰਘਾਂ ਦੀ ਚੋਣ ਕੀਤੀ ਜਿਸ ਨੂੰ ਸ਼੍ਰੋਮਣੀ ਗੁਰਦੁਆਰਾਂ ਪ੍ਰਬੰਧਕ ਕਮੇਟੀ
ਦਾ ਨਾਂ ਦਿਤਾ ਗਿਆ, ਸਰਦਾਰ ਸੁੰਦਰ ਸਿੰਘ ਮਜੀਠੀਆ ਇਸ ਦੇ ਪਹਿਲੇ ਪ੍ਰਧਾਨ ਥਾਪੇ ਗਏ। ਸੰਘੱਰਸ਼ ਜਾਰੀ
ਰਖਣ ਲਈ ਇਕ ਜੱਥੇਬੰਦੀ ਦੀ ਲੋੜ ਨੂੰ ਅਨੁਭਵ ਕਰਦਿਆ ਇਕ ਹੋਰ ਹੁਕਮਨਾਮੇ ਰਾਹੀਂ 14 ਦਸੰਬਰ ਨੂੰ
ਅਕਾਲ ਤਖ਼ਤ ਵਿਖੇ ਇਕ ਹੋਰ ਪੰਥਕ ਇਕੱਠ ਬੁਲਾ ਲਿਆ,ਇਸ ਦਿਨ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕੀਤੀ
ਗਈ।ਸ. ਸਰਮੁਖ ਸਿੰਘ ਝਬਾਲ ਨੂੰ ਇਸ ਦੇ ਪਹਿਲੇ ਪ੍ਰਧਾਨ ਹੋਣ ਦਾ ਮਾਣ ਮਿਲਿਆ।
ਆਖ਼ਰ ਸਿੱਖਾਂ ਦਾ ਸਿਦਕ ਰੰਗ ਲਿਆਇਆ।ਅੰਗਰੇਜ਼ ਸਰਕਾਰ ਨੂੰ ਹਰ ਮੋਰਚੇ ਦੌਰਾਨ ਝੁਕਣਾ ਪਿਆ ਅਤੇ 21
ਫਰਵਰੀ 1925 ਨੂੰ ਪੰਜਾਬ ਸਰਕਾਰ ਨੇ ਗੁਰਦੁਆਰਾ ਬਿਲ ਦਾ ਖਰੜਾ ਪ੍ਰਕਾਸ਼ਿਤ ਕਰ ਕੇ ਤਸਲੀਮ ਕੀਤਾ ਕਿ
(ਅਣਵੰਡੇ) ਪੰਜਾਬ ਦੇ ਇਤਿਹਾਸਿਕ ਗੁਰਦੁਆਰਿਆਂ ਦਾ ਪ੍ਰਬੰਧ ਦਾ ਅਧਿਕਾਰ ਪੰਜਾਬ ਵਿਚ ਵਸਦੇ ਸਿੱਖਾਂ
ਨੂੰ ਸੌਂਪਣਾ ਪਰਵਾਨ ਕੀਤਾ।ਇਹ ਬਿਲ ਪਾਸ ਹੋਣ ਨਾਲ ਸਿੱਖ ਬੀਬੀ ਪਹਿਲੀ ਭਾਰਤੀ ਔਰਤ ਹੈ ਜਿਸ ਨੂੰ
ਵੋਟ ਪਾਉਣ ਦਾ ਅਧਿਕਾਰ ਪ੍ਰਾਪਤ ਹੋਇਆ।ਪਾਰਲੀਮੈਂਟ ਤੇ ਸੂਬਾਈ ਅਸੈਂਬਲੀਆਂ ਵਿਚ ਇਸਤ੍ਰੀਆਂ ਲਈ 33
ਫੀਸਦੀ ਸਟਾਂ ਰਾਖਵੀਆਂ ਕਰਨ ਲਈ ਪਿਛਲੇ ਕਈ ਸਾਲ ਤੋਂ ਰੌਲਾ ਪੈ ਰਿਹਾ ਹੈ,ਸਹਿਮਤੀ ਨਹੀਂ ਬਣ ਰਹੀ ਪਰ
ਸ਼੍ਰੋਮਣੀ ਕਮੇਟੀ ਵਿਚ ਇਸਤੀਆਂ ਲਈ 30 ਸੀਟਾਂ ਰਾਖਵੀਆਂ ਹਨ।ਉਕਤ ਐਕਟ ਨੂੰ ਗਵਰਨਰ ਪੰਜਾਬ ਨੇ 28
ਜੁਲਾਈ 1925 ਨੂੰ ਪ੍ਰਵਾਨਗੀ ਦਿਤੀ ਜੋ ਪਹਿਲੀ ਨਵੰਬਰ ਤੋਂ ਲਾਗੂ ਹੋ ਗਿਆ। ਐਕਟ ਅਧੀਨ ਪਹਿਲੀਆਂ
ਗੁਰਦੁਅਰਾ ਚੋਣਾ 1926 ਵਿਚ ਹੋਈਆ, ਜਿਸ ਉਪਰੰਤ ਬਾਬਾ ਖੜਕ ਸਿੰਘ ਪਹਿਲੇ ਪ੍ਰਧਾਨ ਚੁਣੇ ਗਏ।
ਐਕਟ ਲਾਗੂ ਹੋਣ ਪਿਛੋਂ ਪੰਜਾਬ ਦੇ ਦਰਿਆਵਾਂ ਵਿਚ ਬਹੁਤ ਪਾਣੀ ਵਹਿ ਚੁਕਾ ਹੈ।ਪਹਿਲਾ ਗੁਰਦੁਆਰਾ ਚੋਣਾ
ਹਰ ਤਿੰਨ ਸਾਲ ਪਿਛੋਂ ਹੁੰਦੀਆਂ ਸਨ,ਪਰ 1942 ਵਿਚ ਸਿਕੰਦਰ ਹਯਾਤ ਖਾਂ-ਬਲਦੇਵ ਸਿੰਘ ਸਮਝੌਤੇ ਪਿਛੋਂ
ਇਹ ਮਿਆਦ ਪੰਜ ਸਾਲ ਕਰ ਦਿਤੀ ਗਈ।ਅਗੱਸਤ 1947 ਵਿਚ ਦੇਸ਼-ਵੰਡ ਕਾਰਨ ਅੱਧਾ ਪੰਜਾਬ ਪਾਕਿਸਤਾਨ ਵਿਚ
ਰਹਿ ਗਿਆ।ਉਧਰ ਰਹਿ ਗਏ ਗੁਰਦੁਆਰਿਆ ਦਾ ਪ੍ਰਬੰਧ ਵਕਫ਼ ਬੋਰਡ ਕਰਨ ਲਗਾ ਤੇ ਹੁਣ ਪਾਕਿਸਤਾਨ ਗੁਰਦੁਆਰਾ
ਪ੍ਰਬੰਧਕ ਕਮੇਟੀ ਦੇਖ ਰਹੀ ਹੈ।ਭਾਸਾ ਦੇ ਆਧਾਰ ਤੇ ਪੰਜਾਬ ਦੇ ਪੁਨਰਗਠਨ ਨਾਲ ਪਹਿਲੀ ਨਵੰਬਰ 1966
ਨੂੰ ਤਿੰਨ ਟੁਕੜੇ ਹੋ ਗਏ,ਪੰਜਾਬ (ਪੰਜਾਬੀ ਸੂਬਾ),ਹਰਿਆਣਾ ਤੇ ਹਿਮਾਚਲ ਜਿਸ ਕਾਰਨ ਇਹ ਐਕਟ ਇਕ
ਕੇਂਦਰੀ ਐਕਟ ਬਣ ਗਿਆ।ਹੁਣ ਗੁਰਦੁਆਰਾ ਚੋਣਾ ਕਰਵਾਉਣਾ ਕੇਂਦਰ ਸਰਕਾਰ ਦੇ ਅਧਿਕਾਰ ਖੇਤਰ ਵਿਚ ਆ
ਗਿਆ,ਜਿਸ ਕਾਰਨ ਕਦੀ ਵੀ ਸਮੇਂ ਸਿਰ ਚੋਣਾ ਨਹੀਂ ਹੋਈਆਂ। ਜਨਵਰੀ 1965 ਪਿਛੋਂ ਅਗਲੀਆ ਚੋਣਾ 1970
ਵਿਚ ਹੋਣੀਆਂ ਚਾਹੀਦੀਆਂ ਸਨ ਪਰ ਇਹ ਮਾਰਚ 1979 ਵਿਚ ਹੋਈਆਂ।ਇਸ ਤੋਂ ਅਗਲੀਆ ਚੋਣਾ 1984 ਦੀ ਵਜਾਏ
ਅਕਤੂਬਰ 1996 ਵਿਚ ਹੋਈਆਂ ਹਨ। ਅਗਲੀਆਂ ਚੋਣਾਂ ਅਕਤੂਬਰ 2001 ਦੀ ਥਾਂ ਜੁਲਾਈ 2004 ਵਿਚ ਹੋਈਆਂ।
ਸਮੇਂ ਦੇ ਬੀਤਣ ਨਾਲ ਸ਼੍ਰੋਮਣੀ ਕਮੇਟੀ ਬਹੁਤ ਹੀ ਸ਼ਕਤੀਸ਼ਾਲੀ ਸੰਸਥਾ ਬਣ ਗਈ ਹੈ।ਸਿੱਖਾਂ ਤੇ ਪੰਜ ਤਖ਼ਤਾਂ
ਵਿਚ ਤਿੰਨ ਤਖ਼ਤਾਂ ਦੇ ਜੱਥੇਦਾਰਾਂ ਅਤੇ ਸਰਬੋਤਮ ਪਾਵਨ ਅਸਥਾਣ ਸ੍ਰੀ ਦਰਬਾਰ ਸਾਹਿਬ,ਅੰਮ੍ਰਿਤਸਰ ਦੇ
ਹੈਡ-ਗ੍ਰੰਥੀ ਦੀ ਨਿਯੁਕਤੀ ਇਸ ਵਲੋਂ ਕੀਤੀ ਜਾਂਦੀ ਹੈ।ਇਸ ਦੇ ਸ਼ਕਤੀਸ਼ਾਲੀ ਹੋਣ ਕਾਰਨ ਹੀ ਅਕਾਲੀਆਂ
ਦੇ ਸਾਰੇ ਧੜੇ ਇਸ ਤੇ ਕਬਜ਼ਾ ਕਰਨ ਦਾ ਯਤਨ ਕਰਦੇ ਹਨ।ਕਾਬਜ਼ ਧੜੇ ਨੂੰ ਧਾਰਮਿਕ ਪਰਚਾਰ ਦੇ ਨਾਂ ਹੇਠ
ਅਪਣਾ ਪਰਚਾਰ ਕਰਨ ਲਈ ਗੁਰਪੁਰਬਾਂ, ਇਤਿਹਾਸਿਕ ਦਿਹਾੜਿਆਂ, ਹਰ ਮਹੀਨੇ ਮਸਿਆ, ਪੂਰਨਮਾਸ਼ੀ ਤੇ
ਸੰਗਰਾਂਦ ਵਾਲੇ ਦਿਨ ਗੁਰਦੁਆਰਿਆ ਵਿਚ ਤਿਆਰਸ਼ੁਦਾ ਸਟੇਜ ਅਤੇ ਸੰਗਤ ਮਿਲ ਜਾਦੀ ਹੈ।ਸਿੱਖ ਸਿਆਸਤ ਵਿਚ
ਜਿਸ ਧੜੇ ਦਾ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਹੋਵੇ, ਉਹੀ ਅਸਲੀ ਅਕਲੀ ਦਲ ਮੰਨਿਆਂ ਜਾਂਦਾ ਹੈ।ਇਸੇ ਲਈ
ਕਿਹਾ ਜਾਂਦਾ ਹੈ ਕਿ ''ਸ਼੍ਰੋਮਣੀ ਕਮੇਟੀ ਬਿਨਾ ਅਕਾਲੀ ਦਲ 'ਖਾਲੀ ਦਲ 'ਹੈ।'' ਸ਼੍ਰੋਮਣੀ ਕਮੇਟੀ ਦੀਆਂ
ਜਨਰਲ ਚੋਣਾ ਸਿੱਖ ਲੀਡਰਸ਼ਿਪ ਬਾਰੇ ਵੀ ਫੱਤਵਾ ਦਿੰਦੀਆਂ ਹਨ।ਅੰਗਰੇਜ਼ੀ ਦੀ ਇਕ ਕਹਾਵਤ ਹੈ ,''ਸਟੇਟ
ਵਿਦਿਨ ਦਿ ਸਟੇਟ'' (State within the State) ਜਿਸ ਦਾ ਭਾਵ ਹੇ ''ਰਿਆਸਤ ਵਿਚ ਰਿਆਸਤ'' ਜਾਂ
''ਸਲਤਨੱਤ ਅੰਦਰ ਸਲਤਨੱਤ''। ਪ੍ਰਸਿੱਧ ਪੱਤਰਕਾਰ ਖੁਸ਼ਵੰਤ ਸਿੰਘ ਨੇ ਇਕ ਵਾਰੀ ਲਿਖਿਆ ਸੀ ਕਿ ਸਿੱਖਾਂ
ਦੇ ਮਾਮਲੇ ਵਿਚ ਪੰਜਾਬ ਦੇ ਮੁਖ ਮੰਤਰੀ ਨਾਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਅਹੁਦਾ ਜ਼ਿਆਦਾ
ਮਹੱਤਵਪੂਰਨ ਹੈ।ਇਸ ਪੱਤਰਕਾਰ ਦਾ ਵਿਚਾਰ ਹੈ ਕਿ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਵੀਹਵੀਂ ਸ਼ਦੀ ਵਿਚ
ਸਿੱਖਾਂ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ।ਇਸ ਸੰਸਥਾ ਨੂੰ ''ਸਿੱਖਾਂ ਦੀ ਮਿੰਨੀ-ਪਾਰਲੀਮੈਟ'' ਦਾ
ਨਾਂ ਵੀ ਇਸ ਪੱਤਰਕਾਰ ਨੇ ਹੀ ਦਿਤਾ ਹੈ। ਵਾਕਈ ''ਰਿਆਸਤ ਵਿਚ ਰਿਆਸਤ'' ਹੈ ਸ਼੍ਰੋਮਣੀ ਕਮੇਟੀ।ਇਹ
ਸਿੱਖ-ਪੰਥ ਦੀ ਸ਼ਾਨ ਹੈ, ਮਾਣ ਹੈ॥
194-ਸੀ, ਭਾਈ ਰਣਧੀਰ ਸਿੰਘ ਨਗਰ, ਲੁਧਿਆਣਾ-141012