ਭੀੜ ਵਿਚ ਇਕ ਚਿਹਰਾ, ਇਮਾਨਦਾਰੀ ਦਾ ਮੁਜੱਸਮਾ : ਮੁਕੇਸ ਕੁਮਾਰ ਸ਼ਰਮਾ
ਹਰਬੀਰ ਸਿੰਘ ਭੰਵਰ
ਇਸ
ਤੇਜ਼ ਰਫਤਾਰ ਜ਼ਿੰਦਗੀ ਵਿਚ ਆਮ ਆਦਮੀ ਪੈਸੇ ਇਕੱਠੇ ਕਰਨ ਤੇ ਜ਼ਮੀਨ ਜਾਇਦਾਦਾਂ ਬਣਾਉਣ ਦੀ ਦੌੜ ਵਿਚ ਲਗਾ
ਹੋਇਆ ਹੈ, ਨੈਤਿਕ ਕਦਰਾਂ ਕੀਮਤਾਂ ਦਾ ਘਾਣ ਹੋ ਰਿਹਾ ਹੈ, ''ਸਰਮੁ ਧਰਮੁ ਦੁਇ ਛਪਿ ਖਲੋਏ'',ਦੇ
ਗੁਰਵਾਕ ਮੁਤਾਬਕ ਸਭ ਪਾਸੇ ਕੂੜ, ਝੂਠ, ਫਰੇਬ, ਧੋਖਾ ਤੇ ਮੱਕਾਰੀ ਦਾ ਬੋਲ ਬਾਲਾ ਹੈ।ਸਰਕਾਰੀ ਤੇ
ਅਰਧ ਸਰਕਾਰੀ ਦਫਤਰਾਂ ਵਿਚ ਭ੍ਰਿਸ਼ਟਾਚਾਰ ਕੈਂਸਰ ਵਾਂਗ ਫੈਲਿਆ ਹੋਇਆ ਹੈ ਤੇ ਉਥੇ ਅਕਸਰ ਉਸ ਵਿਅਕਤੀ
ਦਾ ਹੀ ਕੰਮ ਹੁੰਦਾ ਹੈ, ਜਿਸ ਦੀ ਕੋਈ ਸਿਫਾਰਿਸ਼ ਹੈ ਜਾਂ ਜੋ ਰਿਸ਼ਵਤ ਦਿੰਦਾ ਹੈ।ਅਜੇਹੇ ਧੁੰਦਲੇ
ਮਾਹੌਲ ਵਿਚ '' ਕੋਈ ਹਰਿਆ ਬੂਟ ਰਹਿਓ ਰੀ'' ਦੇ ਮ੍ਹਾਂਵਾਕ ਅਨੁਸਾਰ ਕੋਈ ਵਿਰਲਾ ਹੀ ਆਪਣੇ ਪੈਰਾਂ
ਤੇ ਅਡੋਲ ਖੜ੍ਹਾ ਰਿਹਾ ਹੋਏਗਾ।ਅਜੇਹੇ ਸੱਚੇ, ਸੁਚੇ, ਧਰਮੀ ਤੇ ਇਮਾਨਦਾਰ ਵਿਅਕਤੀਆਂ ਸਹਾਰੇ ਹੀ ਇਹ
ਦੁਨੀਆ ਚਲ ਰਹੀ ਹੈ।ਕਿਹਾ ਜਾਂਦਾ ਹੈ ਕਿ ਧਰਤੀ ਬਲਦ ਦੇ ਸਿੰਗਾਂ 'ਤੇ ਖੜੀ ਹੈ।ਮੈਂ ਅਜੇਹੇ ਵਿਅਕਤੀਆਂ
ਨੂੰ ''ਧਰਤੀ ਹੇਠਲਾ ਬਲਦ'' ਕਹਿੰਦਾ ਹਾਂ, ''ਧੋਲ ਧਰਮ ਦਇਆ ਕਾ ਪੂਤ'',ਜਿਨਾਂ ਦੇ ਆਸਰੇ ਇਹ ਧਰਤੀ
ਖੜੀ ਹੈ।ਅਜੇਹੇ ਹੀ ਵਿਰਲੇ ਵਿਅਕਤੀਆਂ ਚੋਂ ਇਕ ਹਨ ਲੁਧਿਆਣਾ ਪੱਛਮੀ ਦੇ ਸਬ-ਰਜਿਸਟਰਾਰ ਮੁਕੇਸ਼
ਕੁਮਾਰ ਸ਼ਰਮਾ, ਜਿਨ੍ਹਾ ਦੀ ਆਪਣੀ ਡਿਊਟੀ ਪ੍ਰਤੀ ਇਮਾਨਦਾਰੀ ਦਾ ਹਰ ਕੋਈ ਕਾਇਲ ਹੈ।
ਸ੍ਰੀ ਸ਼ਰਮਾ ਦਾ ਜਨਮ ਜ਼ਿਲਾ ਲੁਧਿਆਣਾ ਦੀ ਤਹਿਸੀਲ ਪਾਇਲ ਦੇ ਪਿੰਡ ਸਿਉੜਾ ਵਿਖੇ ਸ੍ਰੀ ਪ੍ਰੇਮ ਚੰਦ
ਅਤੇ ਬੀਬੀ ਸੀਤਾ ਦੇਵੀ ਦੇ ਘਰ ਹੋਇਆ।ਮਾਪਿਆਂ ਨੇ ਆਪਣੇ ਬੱਚਿਆਂ ਨੂੰ ਬਹੁਤ ਚੰਗੇ ਸੰਸਕਾਰ ਦਿਤੇ,
ਆਪਣਾ ਕੰਮ ਇਮਾਨਦਾਰੀ ਨਾਲ ਕਰਨ, ਦੇਸ਼ ਦੀ ਸੇਵਾ ਕਰਨ ਤੇ ਦੂਜਿਆਂ ਦੇ ਕੰਮ ਆਉਣ ਦੀ ਸਿਖਿਆ ਦਿਤੀ।ਆਪਣੇ
ਪਿੰਡ ਤੋਂ ਪ੍ਰਾਇਮਰੀ, ਧਮੋਟ ਤੋਂ ਦਸਵੀ ਅਤੇ ਗੌਰਮਿੰਟ ਕਾਲਜ ਲੁਧਿਆਣਾ ਤੋਂ ਬੀ.ਏ.(ਆਨਰਜ਼) ਪਾਸ ਕਰ
ਕੇ ਉਹ ਐਲ.ਐਲ.ਬੀ, ਕਰ ਰਹੇ ਸਨ ਕਿ 1985 ਵਿਚ ਪਿਤਾ, ਜੋ ਰੋਪੜ ਵਿਖੇ ਕਾਨੂਨਗੋ ਲਗੇ ਹੋਏ ਸਨ,
ਅਕਾਲ ਚਲਾਣਾ ਕਰ ਗਏ।ਉਹ ਆਪਣੇ ਕਿਸੇ ਵੀ ਬੱਚੇ ਨੂੰ ਮਾਲ ਵਿਭਾਗ ਵਿਚ ਨੌਕਰੀ ਕਰਵਾਉਣ ਦੇ ਸਖ਼ਤ
ਵਿਰੁਧ ਸਨ, ਉਹ ਕਿਹਾ ਕਰਦੇ ਹਨ, ''ਇਹ ਮਹਿਕਮਾਂ ਚੰਗਾ ਨਹੀਂ ਹੈ, ਇਸ ਵਿਚ ਭ੍ਰਿਸ਼ਟਾਚਰ ਬਹੁਤ
ਹੈ।'' ਪਰ ਘਰ ਵਿਚ ਕੋਈ ਕਮਾਉਣ ਵਾਲਾ ਨਾ ਰਿਹਾ, ਆਪਣੇ ਭਰਾਵਾ ਚੋਂ ਮੁਕੇਸ਼ ਕੁਮਾਰ ਸਭ ਤੋਂ ਵੱਡੇ
ਸਨ, ਵੱਡੀ ਭੈਣ ਦੀ ਸ਼ਾਦੀ ਹੋ ਚੁਕੀ ਸੀ, ਘਰ ਦਾ ਖਰਚਾ ਤੋਰਨ ਲਈ ਸਾਰੀ ਜ਼ਿਮੇਵਾਰੀ ਉਨ੍ਹਾਂ ਤੇ ਆ ਪਈ।ਪੰਜਾਬ
ਸਰਕਾਰ ਨੇ ਤਰਸ ਦੇ ਆਧਾਰ 'ਤੇ 1986 ਵਿਚ ਉਨ੍ਹਾ ਨੂੰ ਕਾਨੂਨਗੋ ਦੀ ਨੌਕਰੀ ਦੇ ਦਿਤੀ।
ਸ੍ਰੀ ਸ਼ਰਮਾ ਨੇ ਆਪਣੀ ਇਸ ਨੌਕਰੀ ਦੌਰਾਨ ਲੌਂਗੋਵਾਲ, ਪੰਜਾਬ ਰਾਜ ਬਿੱਜਲੀ ਬੋਰਡ, ਅਹਿਮਦਗੜ੍ਹ, ਧੁਰੀ,
ਦਾਖਾ ਵਿਖੇ ਕੰਮ ਕੀਤਾ, ਇਮਾਨਦਾਰੀ ਕਾਰਨ ਉਨ੍ਹਾਂ ਦੀ ਸਭ ਪਾਸੇ ਚਰਚਾ ਹੋਣ ਲਗੀ।ਗ਼ਲਤ ਕੰਮ ਕਰਵਾਉਣ
ਵਾਲੇ ਉਨ੍ਹਾਂ ਦੇ ਹਮੇਸ਼ਾ ਵਿਰੋਧੀ ਰਹੇ ਅਤੇ ਤਬਦੀਲੀ ਕਰਵਾਉਣ ਦਾ ਯਤਨ ਕਰਦੇ ਰਹੇ।ਪਿਛਲੇ ਵਰ੍ਹੇ
ਅਕਾਲੀ-ਭਾਜਪਾ ਸਰਕਾਰ ਹੋਂਦ ਵਿਚ ਆਉਣ 'ਤੇ ਉਨ੍ਹਾਂ ਦੀ ਇਮਾਨਦਾਰੀ ਦੀਆਂ ਗਲਾਂ ਸੁਣ ਕੇ ਮੁਖ ਮੰਤਰੀ
ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਦੀ ਬਦਲੀ ਲੁਧਿਆਣਾ ਪੱਛਮੀ ਦੀ ਬਤੌਰ ਸਬ-ਰਜਿਸਟਰਾਰ ਕਰ ਦਿਤੀ।ਲੈਂਡ
ਮਾਫੀਆ ਜੋ ਗਲਤ ਰਜਿਸਟਰੀਆਂ ਕਰਵਾਉਣਾ ਚਾਹੁੰਦੇ ਹਨ, ਉਨ੍ਹਾਂ ਦੇ ਬਹੁਤ ਵਿਰੁਧ ਹੋ ਗਏ,ਅਤੇ ਇਥੋਂ
ਬਦਲੀ ਕਰਵਾਉਣ ਦਾ ਬੜਾ ਯਤਨ ਕੀਤਾ, ਪਰ ਸਫਲ ਨਹੀਂ ਹੋਏ।ਕਈ ਵਕੀਲ, ਜੋ ਆਪਣੀ ਵਾਰੀ ਤੋਂ ਪਹਿਲਾਂ
ਕੰਮ ਕਰਵਾਉਣਾ ਚਾਹੁੰਦੇ ਹਨ, ਵੀ ਉਨ੍ਹਾਂ ਉਤੇ ਬੜੇ ਔਖੇ ਹਨ।ਉਨ੍ਹਾ ਦੀ ਇਮਾਨਦਾਰੀ ਕਾਰਨ ਸਰਕਾਰ
ਨੂੰ ਵੀ ਆਮਦਨ ਵੱਧ ਹੋ ਰਹੀ ਹੈ,ਕਿਉਂ ਜੋ ਉਹ ਨਿਰਧਾਰਿਤ ਰੀਜ਼ਰਬ ਕੀਮਤ ਤੋਂ ਘਟ ਕੀਮਤ ਉਤ ਕਿਸੇ
ਜ਼ਮੀਨ ਜਾਇਦਾਦ ਦੀ ਰਜਿਸ਼ਟਰੀ ਨਹੀਂ ਕਰਦੇ।
ਅਜ ਦੇ ਭ੍ਰਿਸਟਾਚਾਰ ਨਾਲ ਭਰੇ ਮਾਹੌਲ ਵਿਚ ਆਪਣੇ ਪੈਰਾਂ 'ਤੇ ਅਡੋਲ ਖੜ੍ਹੇ ਰਹਿਣ ਬਾਰੇ ਪੁਛੇ ਜਾਣ
ਤੇ ਇਸ ਪੱਤਰਕਾਰ ਨਾਲ ਗਲਬਾਤ ਕਰਦਿਆ,ਸ੍ਰੀ ਸ਼ਰਮਾ ਨੇ ਕਿਹਾ, '' ਇਹ ਸਭ ਮਾਂ-ਬਾਪ ਦੀ ਸਿਖਿਆ ਦਾ
ਅਸਰ ਹੈ।ਪਰਮਾਤਮਾ ਦੀ ਵੀ ਕਿਰਪਾਂ ਹੈ ਜੋ ਮੈਨੂੰ ਆਪਣੀ ਡਿਊਟੀ ਪੂਰੀ ਲਗਨ ਤੇ ਇਮਾਨਦਾਰੀ ਨਾਲ ਕਰਨ
ਦੀ ਸ਼ਕਤੀ ਬਖ਼ਸ਼ਿਸ ਕੀਤੀ ਹੈ।'' ਆਪਣੀ ਗਲ ਜਾਰੀ ਰਖਦਿਆਂ,ਉਨ੍ਹਾਂ ਕਿਹਾ,''ਸਾਡੇ ਦੇਸ਼ ਨੂੰ ਆਜ਼ਾਦ
ਕਰਵਾਉਣ ਲਈ ਕਰਤਾਰ ਸਿੰਘ ਸਰਾਭਾ,ਲਾਲਾ ਲਾਜਪਤ ਰਾਏ,ਭਗਤ ਸਿੰਘ,ਰਾਜਗੁਰੂ,ਸੁਖਦੇਵ ਵਰਗੇ ਸ੍ਹੀਨਦਾਂ
ਨੇ ਮਹਾਨ ਕੁਰਬਾਨੀਆਂ ਕੀਤੀਆਂ ਹਨ।ਮੈਂ ਉਨ੍ਹਾਂ ਦੀ ਸੋਚ 'ਤੇ ਪਹਿਰਾ ਦੇ ਰਿਹਾ ਹਾਂ ਅਤੇ ਉਨ੍ਹਾਂ
ਦੇ ਸੁਪਨਿਆਂ ਦੇ ਭਾਰਤ ਵਾਸਤੇ ਕੰਮ ਕਰ ਰਿਹਾ ਹਾਂ।''
ਅਜ ਹਰ ਵਿਭਾਗ ਵਿਚ ਸਿਆਸੀ ਦਖਲ-ਅੰਦਾਜ਼ੀ ਬਹੁਤ ਹੈ ਅਤੇ ਅਕਸਰ ਗਲਤ ਕੰਮ ਕਰਵਾਏ ਜਾਂਦੇ ਹਨ,ਬਾਰੇ
ਪੁਛੇ ਸਵਾਲ ਦਾ ਜਵਾਬ ਦਿੰਦੇ ਹੋਏ,ਸ੍ਰੀ ਸ਼ਰਮਾਂ ਨੇ ਕਿਹਾ, ''ਮੈਂ ਆਪਣੇ ਮੰਤਰੀ ਜੀ ਜਾਂ ਵੱਡੇ
ਅਫਸਰ ਨੂੰ ਸਾਫ ਕਹਿ ਦਿੰਦਾ ਹਾਂ ਕਿ ਮੈਂ ਕਾਨੂੰਨ ਅਨੁਸਾਰ ਹੀ ਕੰਮ ਕਰਨਾ ਹੈ, ਕੋਈ ਗਲਤ ਕੰਮ ਨਹੀਂ
ਕਰਨਾ।ਮੇਰੀ ਬਦਲੀ ਜਿੱਥੇ ਮਰਜ਼ੀ ਹੈ ਕਰ ਦਿਓ,ਹਰ ਥਾਂ ਇਮਾਨਦਾਰੀ ਨਾਲ ਸਹੀ ਕੰਮ ਹੀ ਕਰਾਂ ਗਾ।''
ਉਨ੍ਹਾ ਦਸਿਆ ਕਿ ਪਿਛਲੇ ਸਮੇਂ ਇਕ ਦੋ ਵਾਰੀ ਉਨ੍ਹਾਂ ਨੂੰ ਗਲਤ ਰਜਿਸ਼ਟਰੀਆਂ ਕਰਨ ਲਈ ਦਬਾਓ ਪਾਇਆ
ਗਿਆ ਸੀ,ਪਰ ਉਨ੍ਹਾਂ ਨਹੀਂ ਕੀਤਾ।ਇਕ ਵਾਰੀ ਉਨਹਾਂ ਦੀ ਬਦਲੀ ਕਰ ਕੇ, ਤਬਦੀਲ ਹੋ ਕੇ ਆਏ ਅਫਸਰ ਪਾਸੋਂ
ਕੰਮ ਕਰਵਾ ਲਿਆ ਗਿਆ।ਇਸੇ ਦੌਰਾਨ 1992 ਵਿਚ ਉਨ੍ਹਾਂ ਤੋਂ ਜੂਨੀਅਰ ਨਾਇਬ-ਤਹਿਸੀਲਦਾਰ ਨੂੰ ਪ੍ਰਮੋਟ
ਕਰ ਕੇ ਤਹਿਸੀਲਦਾਰ ਬਣਾ ਦਿਤਾ ਗਿਆ ਸੀ,ਉਹ ਹਾਈ ਕੋਰਟ ਗਏ ਤੇ ਕੇਸ ਜਿਤ ਲਿਆ।ਉਸ ਤਹਿਸੀਲਦਾਰ ਨੇ
ਆਪਣੀ ''ਰਿਵਰਸ਼ਨ'' ਵਿਰੁਧ ਰਿਟ ਕੀਤੀ ਹੋਈ ਹੇ,ਜਿਸ ਦਾ ਫੈਸਲਾ ਹਾਲੇ ਹੋਣਾ ਹੈ,ਇਸ ਲਈ ਹਾਲੇ ਤਕ
ਉਨ੍ਹਾਂ ਦੀ ਬਤੌਰ ਤਹਿਸੀਲਦਾਰ ਤਰੱਕੀ ਨਹੀਂ ਹੋਈ,ਭਾਵੇ ਉਹ ਕੰਮ ਤਹਿਸੀਲਦਾਰ ਵਾਲਾ ਹੀ ਕਰ ਰਹੇ ਹਨ।ਜਦ
ਦੂਸਰੇ ਅਫਸਰ ਕਾਰਾਂ ਵਿਚ ਦਫਤਰ ਆੁਂਉਦੇ ਜਾਂਦੇ ਹਨ, ਉਹ ਆਪਣੇ ਦਫਤਰ ਬੱਸ ਜਾਂ ਆਟੋ ਵਿਚ ਬੈਠ ਕੇ
ਜਾਂਦੇ ਹਨ,ਇਸ ਬਾਰੇ ਉਨ੍ਹਾਂ ਨੂੰ ਕੋਈ ਸ਼ਰਮ ਨਹੀਂ ਹੈ।ਉਨ੍ਹਾਂ ਨੇ ਕੋਈ ਜਾਇਦਾਦ ਨਹੀਂ ਬਣਾਈ,ਆਪਣੇ
ਭਰਾਵਾਂ ਦੇ ਘਰ ਰਹਿ ਰਹੇ ਹਨ।
ਇਕ ਹੋਰ ਸਵਾਲ ਦੇ ਜਵਾਬ ਵਿਚ ਉਨ੍ਹਾਂ ਦਸਿਆ ਕਿ ਉਨ੍ਹਾਂ ਨੂੰ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਣ
ਲਈ ਜਿਥੈ ਆਮ ਲੋਕਾਂ ਤੋਂ ਅਥਾਹ ਪਿਆਰ ਤੇ ਸਤਿਕਾਰ ਮਿਲਿਆ ਹੈ, ਅਨੇਕਾਂ ਹੀ ਸਮਾਜਿਕ ਸੰਸਥਾਵਾਂ ਨੇ
ਉਨ੍ਹਾਂ ਦਾ ਸਨਮਾਨ ਵੀ ਕੀਤਾ ਹੈ।'' ਮੇਰੇ ਮਾਤਾ ਜੀ ਹਮੇਸ਼ ਇਹੋ ਪ੍ਰਾਰਥਨਾ ਕਰਦੇ ਹਨ ਕਿ ਇਸੇ ਤਰਾਂ
ਇਮਾਨਦਾਰੀ ਨਾਲ ਸੇਵਾ ਕਰਦਾ ਰਹਾਂ ਅਤੇ ਮੇਰੇ ਵਿਚ ਜ਼ਰਾ ਵੀ ਹੰਕਾਰ ਨਾ ਆਵੇ।'' ਉਹ ਆਪਣੀ ਜ਼ਿੰਦਗੀ
ਤੇ ਕੰਮ ਤੋਂ ਪੂਰੀ ਤਰ੍ਹਾਂ ਸਤੰਸ਼ਟ ਹਨ, ਆਪਣੇ ਬੱਚਿਆਂ ਨੂੰ ਵੀ ਇਕ ਸਿੱਧੀ ਸਾਦੀ, ਸੱਚੀ ਸੁਚੀ,
ਨੇਕ ਤੇ ਪਰਉਪਕਾਰੀ ਜ਼ਿੰਦਗੀ ਬਿਤਾਉਣ ਲਈ ਸਿਖਿਆ ਦਿੰਦੇ ਹਨ।ਉਹ ਕਹਿੰਦੇ ਹਨ, ''ਅਸੀਂ ਆਉਣ ਵਾਲੀ
ਪੀੜੀ੍ਹ ਨੂੰ ਵੀ ਜਵਾਬਦੇਹ ਹਾਂ ਕਿ ਉਨ੍ਹਾਂ ਲਈ ਕੀ ਕੀਤਾ ਹੈ?''