ਵਿਦਿਆ ਤੇ ਰੂਹਾਨੀ ਸਿਖਿਆ ਦਾ ਕੇਂਦਰ: ਬੜੂ ਸਾਹਿਬ

ਹਰਬੀਰ ਸਿੰਘ ਭੰਵਰ

ਅੰਗਰੇਜ਼ੀ ਦੀ ਇਕ ਕਹਾਵਤ ਹੈ ''ਅਨਪੜ੍ਹ ਤੋਂ ਅਣਜੰਮਿਆ ਚੰਗਾ'' ਜਿਸ ਤੋਂ ਪੜ੍ਹਾਈ ਦੇ ਮਹਤੱਵ ਦਾ ਪਤਾ ਲਗਦਾ ਹੈ। ਗੁਰਬਾਣੀ ਦਾ ਫੁਰਮਾਨ ਹੈ, ''ਵਿਦਿਆ ਵੀਚਾਰੀ ਤਾਂ ਪਰਉਪਕਾਰੀ।'' ਅੰਗਰੇਜ਼ੀ ਰਾਜ ਵੇਲੇ ਪੜ੍ਹਾਈ ਵਲ ਕੋਈ ਧਿਆਨ ਹੀ ਨਹੀਂ ਦਿਤਾ ਜਾਂਦਾ ਸੀ।ਸਕੂਲ ਤਾਂ ਕਿਸੇ ਕਿਸੇ ਪਿੰਡ ਵਿਚ ਹੀ ਹੁੰਦੇ ਸਨ। ਗੁਰਦੁਆਰਿਆਂ ਵਿਚ ਗ੍ਰੰਥੀ, ਮੰਦਰਾਂ ਵਿਚ ਪੁਜਾਰੀ ਅਤੇ ਮਸਜਿਦਾਂ ਵਿਚ ਮੌਲਵੀ ਬੱਚਿਆਂ ਨੂੰ ਆਪਣੇ ਧਰਮ ਅਨੁਸਾਰ ਚਾਰ ਅੱਖਰ ਪੜ੍ਹਣ ਲਿਖਣ ਜੋਗੀ ਥੋੜੀ ਜਿਹੀ ਵਿਦਿਆ ਦੇ ਦਿਆ ਕਰਦੇ ਸਨ। ਵੀਹਵੀਂ ਸਦੀ ਦੇ ਮਹਾਨ ਸੰਤ ਮਹਾਂ-ਪੁਰਖ ਬਾਬਾ ਅੱਤਰ ਸਿੰਘ ਜੀ ਮਸਤੂਆਣਾ ਨੇ ਜਿਥੇ ਆਪਣਾ ਸਾਰਾ ਜੀਵਨ ਸ਼ਬਦ-ਗੁਰੂ ਦਾ ਉਪਦੇਸ਼ ਦੇ ਕੇ ਲੱਖਾਂ ਹੀ ਪ੍ਰਾਣੀਆਂ ਨੂੰ ਅੰਮ੍ਰਿਤਪਾਨ ਕਰਵਾ ਕੇ ਗੁਰੂ-ਘਰ ਨਾਲ ਜੋੜਿਆ, ਸੱਚ ਦੇ ਮਾਰਗ 'ਤੇ ਚਲਣ ਲਈ ਪ੍ਰੇਰਿਆ, ਉਥੇ ਦੁਨਿਆਵੀ ਵਿਗਿਆਨਕ ਵਿਦਿਆ ਤੇ ਅਧਿਆਤਮਿਕ ਵਿਦਿਆ ਦੇ ਸੁਮੇਲ ਦੇ ਨਿਵੇਕਲੇ ਢੰਗ ਦੀ ਸ਼ੁਰੂਆਤ ਕੀਤੀ॥
ਉਨ੍ਹਾਂ ਦੇ ਨਿਰਮਾਣ ਸੇਵਕ ਸੰਤ ਤੇਜਾ ਸਿੰਘ ਜੀ ਨੇ ਇਸ ਮਿਸ਼ਨ ਨੂੰ ਜਾਰੀ ਰਖਿਆ। ਉਨ੍ਹਾਂ 1956 ਵਿਚ ਹਿਮਾਲੀਆ ਦੇ ਪਹਾੜੀ ਖੇਤਰ ਵਿਚ ਗੁਪਤ ਤਪੋ ਭੁਮੀ ਨੂੰ ਪ੍ਰਗਟ ਕੀਤਾ ਤੇ 400 ਏਕੜ ਜ਼ਮੀਨ ਖਰੀਦ ਕੇ ਇਥੇ 1965 ਵਿਚ ਕਲਗੀਧਰ ਟਰੱਸਟ ਦੀ ਸਥਾਪਨਾ ਕੀਤੀ। ਇਹ ਸਥਾਨ ਹੁਣ ਦੇਸ਼ ਵਿਦੇਸ਼ ਵਿਚ ਬੜੂ ਸਾਹਿਬ ਵਜੋਂ ਜਾਣਿਆ ਜਾਂਦਾ ਹੈ। ਇਥੇ ਉਨ੍ਹਾਂ ਨੇ ਚਾਰ ਵਿਦਿਆਰਥੀਆਂ ਨਾਲ ਇਕ ਸਕੂਲ ਸ਼ੁਰੂ ਕੀਤਾ ਸੀ ਤੇ 1986 ਵਿਚ 10+2 ਅੰਗਰੇਜ਼ੀ ਮਾਧਿਅਮ ਵਾਲਾ ਪਬਲਿਕ ਸਕੂਲ ਸਥਾਪਤ ਕੀਤਾ ਜੋ ਹੁਣ ਵਿਦਿਆ ਦੇ ਨਾਲ ਨੈਤਿਕ ਕਦਰਾਂ ਕੀਮਤਾਂ ਤੇ ਅਧਿਆਤਮਿਕ ਸਿਖਿਆ ਦਾ ਮਹਾਨ ਕੇਂਦਰ ਬਣ ਚੁਕਾ ਹੈ, ਜਿਸ ਦੀ ਸੋਭਾ ਦੇਸ਼ ਵਿਦੇਸ਼ਾ ਵਿਚ ਜਿਥੇ ਵੀ ਪੰਜਾਬੀ ਰਹਿੰਦੇ ਹਨ, ਪਹੁੰਚ ਰਹੀ ਹੈ। ਇਸ ਪੱਤਰਕਾਰ ਨੇ ਬੜੂ ਸਾਹਿਬ ਦੋ ਦਿਨ ਰਹਿ ਕੇ ਦੇਖਿਆ ਕਿ ਅਕਾਲ ਅਕੈਡਮੀ ਵਜੋਂ ਜਾਣੀ ਜਾਂਦੀ ਇਸ ਸੰਸਥਾ ਵਿਖੇ ਇਸ ਸਮੇਂ 1538 ਵਿਦਿਆਰਥੀ ਹਨ, ਜਿਨ੍ਹਾਂ ਵਿਚੋਂ ਲਗਭਗ 200 ਵਿਦਿਆਰਥੀ ਵਿਦੇਸ਼ੀ ਹਨ। ਹਰ ਵਿਦਿਆਰਥੀ ਲਈ ਅੰਮ੍ਰਿਤ ਵੇਲੇ ਉਠ ਕੇ ਗੁਰਦੁਆਰਾ ਸਾਹਿਬ ਆ ਕੇ ਨਿਤਨੇਮ ਦਾ ਪਾਠ ਕਰਨਾ ਅਤੇ ਸ਼ਾਮ ਨੂੰ ਰਹਿਰਾਸ ਦਾ ਪਾਠ ਕਰਨਾ ਜ਼ਰੂਰੀ ਹੈ (ਗੈਰ- ਸਿੱਖ ਵਿਦਿਆਰਥੀਆਂ ਲਈ ਲਾਜ਼ਮੀ ਨਹੀਂ)। ਸਾਰੇ ਸਿੱਖ ਵਿਦਿਆਰਥੀ ਅੰਮ੍ਰਿਤਧਾਰੀ ਹਨ ਅਤੇ ਬਹੁਤ ਸਾਦਾ ਲਿਬਾਸ (ਵਰਦੀ) ਪਹਿਣਦੇ ਹਨ, ਕੁੜੀਆਂ ਸਮੇਤ ਸਾਰੇ ਵਿਦਿਆਰਥੀ ਸਿਰ ਉਤੇ ਸਫੈਦ ਗੋਲ ਦਸਤਾਰ ਸਜਾਉਂਦੇ ਹਨ। ਕਲਗੀਧਰ ਦਸਮੇਸ਼ ਪਿਤਾ ਦੇ ਇਹ ਗੁਰਸਿੱਖ ਬੱਚੇ ਇਕ ਬਹੁਤ ਹੀ ਅਲੌਕਿਕ ਦ੍ਰਿਸ਼ ਪੇਸ਼ ਕਰਦੇ ਹਨ। ਪੰਜਵੀਂ ਜਮਾਤ ਤਕ ਕੋ-ਐਜੂਕੇਸ਼ਨ ਹੈ, ਅਗੋਂ ਕੁੜੀਆਂ ਤੇ ਮੁੰਡਿਆਂ ਲਈ ਵੱਖ ਵੱਖ ਵਿਦਿਆ ਦਾ ਪ੍ਰਬੰਧ ਹੈ। ਜੇ ਕਰ ਸੱਕੇ ਭੈਣ ਭਰਾ ਵੀ ਇਥੇ ਪੜ੍ਹਦੇ ਹਨ, ਤਾ ਉਹ ਵੀ ਕੇਵਲ ਐਤਵਾਰ ਵਾਲੇ ਦਿਨ ਇਕ ਦੂਜੇ ਨੂੰ ਮਿਲ ਸਕਦੇ ਹਨ।
ਸੰਤ ਤੇਜਾ ਸਿੰਘ ਤੋਂ ਬਾਅਦ ਹੁਣ ਬਾਬਾ ਇਕਬਾਲ ਸਿੰਘ ਜੀ ਉਨ੍ਹਾਂ ਤੇ ਸੰਤ ਅੱਤਰ ਸਿੰਘ ਜੀ ਦੇ ਮਿਸ਼ਨ ਨੂੰ ਸਫਲਤਾ-ਪੂਰਬਕ ਅਗੇ ਤੋਰ ਰਹੇ ਹਨ।ਇਸ ਸਮੇਂ ਕਲਗੀਧਰ ਟਰੱਸਟ ਉਤਰੀ ਭਾਰਤ ਦੇ ਦੂਰ ਦਰਾਡੇ ਇਲਾਕਿਆ ਦੇ ਗਰੀਬ, ਪਿੱਛੜੇ ਵਰਗਾਂ ਅਤੇ ਪੇਂਡੂ ਲੋਕਾਂ ਦੀ ਸੇਵਾ ਵਿਚ ਨੈਤਿਕ ਕਦਰਾਂ-ਕੀਮਤਾਂ 'ਤੇ ਅਧਾਰਿਤ ਵਿਦਿਆ, ਚਰਿੱਤਰ ਨਿਰਮਾਣ, ਸਕਾਰਤਮਿਕ ਜੀਵਨ-ਸ਼ੈਲੀ, ਸਿਹਤ,ਸਮਾਜ-ਸੁਧਾਰ, ਨਸ਼ਾ-ਮੁਕਤੀ ਅਤੇ ਪੇਂਡੂ ਵਿਕਾਸ ਵਰਗੇ ਵਿਸ਼ਿਆਂ ਉਤੇ ਸਰਗਰਮ ਇਕ ਬਹੁਮੁਖੀ ਸਮਾਜਿਕ, ਅਧਿਆਤਮਿਕ ਅਤੇ ਵਿਦਿਅਕ ਸੰਸਥਾ ਹੈ, ਜੋ ਅਕਾਲ ਅਕੈਡਮੀਆਂ ਦੀ ਇਕ ਲੜੀ ਸ਼ੁਰੂ ਕਰ ਰਹੀ ਹੈ।ਹਿਮਾਚਲ,ਹਰਿਆਣਾ ਤੇ ਰਾਜਸਥਾਨ ਤੋਂ ਬਿਨਾ ਪੰਜਾਬ ਵਿਚ ਵੀ ਇਸ ਸਮੇਂ ਲਗਭਗ ਦੋ ਦਰਜਨ ਅਕੈਡਮੀਆਂ ਸਥਾਪਤ ਕੀਤੀਆਂ ਜਾ ਰਹੀਆਂ ਹਨ। ਅਕਾਲ ਅਕੈਡਮੀ ਦੀ ਵਿਸ਼ੇਸ਼ਤਾ ਇਹ ਹੈ ਕਿ ਅੰਗਰੇਜ਼ੀ ਮਾਧਿਅਮ ਰਾਹੀਂ ਆਧੁਨਿਕ ਵਿਗਿਆਨਕ ਵਿਦਿਆ ਦੇਣ ਤੋਂ ਇਲਾਵਾ ਇਹ ਵਿਦਿਆਰਥੀਆਂ ਨੂੰ ਉਤਮ ਵਿਸ਼ਵ-ਨਾਗਰਿਕ ਬਣਨ ਵਿਚ ਸਹਾਇਕ ਹੁੰਦੀਆਂ ਹਨ। ਜਿਥੇ ਜਿੱਥੇ ਵੀ ਅਕਾਲ ਅਕੈਡਮੀਆਂ ਸਥਾਪਤ ਹੋਈਆਂ ਹਨ, ਉਸ ਇਲਾਕੇ ਵਿਚ ਪੱਤਿਤਪਣ ਅਤੇ ਨਸ਼ਿਆਂ ਦੀ ਲਾਹਨਤ ਨੂੰ ਵੀ ਠੱਲ੍ਹ ਪਈ ਹੈ।ਇਸ ਸਮੇਂ ਬੜੂ ਸਾਹਿਬ ਵਿਖੇ ਅਕਾਲ ਅਕੈਡਮੀ ਤੋਂ ਬਿਨਾ ਗਰਮਤਿ ਤੁ ਸੰਗੀਤ ਵਿਦਿਆਲਾ,ਇਕ ਇੰਜਨੀਅਰਿੰਗ ਐਂਡ ਟੈਕਨਾਲੋਜੀ ਕਾਲਜ , 65 ਬਿਸਤਰਿਆਂ ਵਾਲਾ ਅਕਾਲ ਚੈਰੀਟੇਬਲ ਹਸਪਤਾਲ ਹੈ ਅਤੇ ਪਿਛਲੇ ਵਰ੍ਹੇ ਨਰਸਿੰਗ ਸਕੂਲ ਸ਼ੁਰੂ ਕੀਤਾ ਗਿਆ ਅਤੇ ਅਕਾਲ ਯੁਨੀਵਰਸਿਟੀ ਦੀ ਸਥਾਪਨਾ ਲਈ ਕੰਮ ਚਲ ਰਿਹਾ ਹੈ,ਜੋ 2010-11 ਤਕ ਹੋਂਦ ਵਿਚ ਆ ਜਾਣ ਦੀ ਆਸ ਹੈ। ਇਥੇ ਸਾਲ ਵਿਚ ਤਿੰਨ ਵਾਰੀ ਫਰੀ ਮੈਡੀਕਲ ਚੈਕ-ਅੱਪ ਕੈਂਪ ਲਗਾਏ ਜਾਂਦੇ ਹਨ, ਜਿਨ੍ਹਾਂ ਵਿਚ ਚੰਡੀਗੜ੍ਹ,ਪਟਿਆਲਾ, ਦਿਲੀ ਤੇ ਜਾਲੰਧਰ ਤੋਂ ਵੱਖ ਵੱਖ ਬਿਮਾਰੀਆਂ ਦੇ ਮਾਹਰ ਡਾਕਟਰ ਤੇ ਸਰਜਨ ਸਵੈ-ਇੱਛਕ ਨਿਸ਼ਕਾਮ ਸੇਵਾਵਾਂ ਦਿਦੇ ਹਨ। ਬਾਬਾ ਇਕਬਾਲ ਸਿੰਘ ਨੇ ਇਸ ਪਤੱਰਕਾਰ ਨੂੰ ਦਸਿਆ ਕਿ ਕਲਗੀਧਰ ਟਰੱਸਟ ਵਲੋਂ ਪੰਜਾਬ ਦੇ ਸਾਰੇ ਪਿੰਡ ਹੀ ਨਹੀਂ, ਸਗੋਂ ਸਾਰੇ ਉਤਰੀ ਭਾਰਤ ਨੂੰ ਕਵਰ ਕਰਨ ਦੀ ਯੋਜਨਾ ਹੈ।
# 194-ਸੀ,ਭਾਈ ਰਣਧੀਰ ਸਿੰਘ ਨਗਰ,ਲੁਧਿਆਣਾ,