ਬਾਦਲ ਪਰਿਵਾਰ ਦੀ ਜਾਗੀਰ ਨਹੀਂ ਹੈ ਅਕਾਲੀ ਦਲ
ਹਰਬੀਰ ਸਿੰਘ ਭੰਵਰ
ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਧਾਰਮਿਕ ਤੇ ਸਿਆਸੀ
ਜੱਥੇਬੰਦੀ ਦਾ ਨਾਂ ਹੈ।'' ਅਕਾਲੀ'' ਸ਼ਬਦ ਦਾ ਅਰਥ ਹੈ ਉਹ ਵਿਅਕਤੀ ਜੋ ਅਪਣੇ ਆਪ ਨੂੰ ਅਕਾਲ ਪਰਖ ਦੀ
ਪਰਜਾ ਸਮਝਦਾ ਹੋਵੇ। ਪ੍ਰਸਿੱਧ ਸਿੱਖ ਵਿਦਵਾਨ ਡਾ. ਹਰਜਿੰਦਰ ਸਿੰਘ ਦਿਲਗੀਰ ਅਨੁਸਾਰ ਸਿੱਖ ਜੱਥੇਬੰਦੀ
ਸ਼੍ਰੋਮਣੀ ਅਕਾਲੀ ਦਲ ਵਾਸਤੇ ਇਹ ਸ਼ਬਦ ਇਸ ਦੇ ਜਨਮ ਤੋਂ 7 ਮਹੀਨੇ ਪਹਿਲਾਂ ਇਕ ਲਹਿਰ ਵਜੋਂ ਕਾਇਮ ਹੋਏ
ਮਾਹੌਲ ਵਿਚੋਂ ਸੁਤੇ-ਸਿੱਧ ਜੁੜ ਗਿਅ ਸੀ।ਜਦੋਂ 21 ਮਈ 1920 ਦੇ ਦਿਨ ਲਾਹੌਰ ਤੋਂ ਪੰਜਾਬੀ
ਅਖ਼ਬਾਰ''ਅਕਾਲੀ'' ਸ਼ੂਰੂ ਹੋਇਆ ਤਾਂ ਸੰਜੀਦਾ ਸਿੱਖ ਆਗੂਆਂ, ਕਾਰਕੁਨਾਂ ਤੇ ਪੰਥਕ ਸੋਚ ਰਖਣ ਵਾਲੇ
ਵਿਦਵਾਨਾਂ ਦਾ ਇਕ ਬਹੁਤ ਵੱਡਾ ਹਿੱਸਾ ਇਸ ਅਖ਼ਬਾਰ ਨਾਲ ਜੁੜ ਗਿਆ ਅਤੇ ਇਸ ਦੇ ਨਾਲ ਹੀ ਇਕ ਭਾਈਚਾਰੇ
ਵਜੋਂ ਇਕੱਠਾ ਹੋ ਗਿਆ।ਇਸ ਮਾਹੌਲ ਨੇ ਗੁਰਦੁਆਰਾ ਸੁਧਾਰ ਲਹਿਰ ਨੂੰ ਜਨਮ ਦਿਤਾ।ਇਹ ਲਹਿਰ ਛੇਤੀ ਹੀ
ਅਕਾਲੀ ਲਹਿਰ ਅਖਵਾਉਣ ਲਗ ਪਈ।
ਸਿੱਖ-ਪੰਥ ਦੀ ਸੇਵਾ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹਜ਼ੂਰ 14 ਦਸੰਬਰ 1920 ਨੂੰ ਸਥਾਪਤ ਕੀਤਾ ਗਿਆ।ਅਕਾਲੀਆਂ
ਵਲੋਂ ''ਮੈਂ ਮਰਾਂ ਪੰਥ ਜੀਵੇ'' ਦੀ ਥਾਂ ਅਪਣੇ ਸੌੜੇ ਰਾਜਸੀ ਹਿੱਤਾਂ ਲਈ '' ਮੈਂ ਜੀਵਾਂ ਪੰਥ
'' ਦੀ ਪਾਲਿਸੀ ਦੀ ਪਾਲਣਾ ਕਾਰਨ ਅੱਜ ਅਕਾਲੀ ਦਲ ਅਪਣੇ ਉਦੇਸ਼ ਤੇ ਨਿਸ਼ਾਨੇ ਤੋਂ ਭੱਟਕ ਗਿਆ ਹੈ।ਅਕਾਲੀ
ਦਲ ਦੀ ਸਥਾਪਨਾ ਦੇ ਕੀ ਉਦੇਸ਼ ਸਨ ਅਤੇ ਉਸ ਸਮੇਂ ਅਕਾਲੀਆ ਦਾ ਚਰਿਤਰ ਕਿਹੋ ਜਿਹਾ ਸੀ,ਇਸ ਲਈ ਇਸ ਦੇ
ਪਿਛੋਕੜ ਵਲ ਝਾਤ ਮਾਰਨੀ ਪਏ ਗੀ।
ਅਕਾਲੀ ਦਲ ਦਾ ਜਨਮ ਗੁਰਦੁਆਰਾ ਸੁਧਾਰ ਲਹਿਰ ਚੋਂ ਹੋਇਆ,ਜਿਸ ਦਾ ਉਸ ਸਮੇਂ ਮੁਖ ਉਦੇਸ਼ ਇਤਿਹਾਸਿਕ
ਗੁਰਦੁਆਰੇ ਮਹੰਤਾਂ ਤੋਂ ਆਜ਼ਾਦ ਕਰਵਾਉਣਾ ਸੀ। ਇਸ ਲੰਬੇ ਸੰਘੱਰਸ਼ ਵਿਚ 12 ਅਕਤੂਬਰ 1920 ਨੂੰ ਭਾਈ
ਮਹਿਤਾਬ ਸਿੰਘ ਬੀਰ ਦੀ ਅਗਵਾਈ ਵਿਚ ਸੰਗਤਾਂ ਨੇ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ
ਨੂੰ ਆਜ਼ਾਦ ਕਰਵਾਇਆ ( ਭਾਈ ਮਹਿਤਾਬ ਸਿੰਘ ਮੌਲਵੀ ਕਰੀਮ ਬਖ਼ਸ਼, ਜੋ ਬਕਾਰਪੁਰ, ਜਾਲੰਧਰ ਵਿਖੇ 14 ਜੂਨ
1903 ਨੂੰ ਅੰਿਮ੍ਰਤ ਛੱਕ ਕੇ ਸਿੰਘ ਸਜ ਕੇ ਲਖਬੀਰ ਸਿੰਘ ਬਣ ਗਏ ਸਨ,ਦੇ ਸਪੁੱਤਰ ਸਨ ਤੇ ਉਨ੍ਹਾਂ ਦਾ
ਪਹਿਲਾ ਨਾਂ ਰੁਕਨ ਦੀਨ ਸੀ )।ਸੰਗਤ ਨੇ ਦੋਨਾਂ ਪਾਵਨ ਅਸਥਾਨਾਂ ਦੀ ਸੇਵਾ ਸੰਭਾਲ ਕੇ ਭਾਈ ਤੇਜਾ
ਸਿੰਘ ਭੁੱਚਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜੱਥੇਦਾਰ ਥਾਪ ਦਿਤਾ। ਗੁਰਧਾਮਾਂ ਦੇ ਗੁਰਮਤਿ ਮਰਯਾਦਾ
ਅਨੁਸਾਰ ਪ੍ਰਬੰਧ ਚਲਾਉਣ ਲਈ ਇਕ ਕਮੇਟੀ ਦੀ ਚੋਣ ਕਰਨ ਲਈ ਇਕ ਹੁਕਮਨਾਮਾ ਜਾਰੀ ਕਰਕੇ 15 ਨਵੰਬਰ ਨੂੰ
ਇਕ ਪਥੰਕ ਇੱਕਠ ਬੁਲਾ ਲਿਆ ਗਿਆ।ਉਸ ਹੁਕਮਨਾਮੇ ਦਾ ਮਜ਼ਮੂਨ ਇਹ ਸੀ:-
'' ਸੰਮੂਹ ਖਾਲਸਾ ਜੀ ਪ੍ਰਤੀ ਵਿੱਦਤ ਹੋਵੇ ਕਿ ਪਹਿਲੀ ਮੱਘਰ ਸੰਮਤ ਨਾਨਕਸ਼ਾਹੀ 451 ਮਤਾਬਿਕ 15
ਨਵੰਬਰ 1920 ਨੂੰ ਦਿਨ ਦੇ 9 ਵਜੇ ਇਕ ਮਹਾਨ ਪੰਥਕ ਇਕੱਠ ਅਕਾਲ ਤਖ਼ਤ ਸਾਹਿਬ ਸਾਹਮਣੇ ਹੋਵੇ ਗਾ,ਜਿਸ
ਵਿਚ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਸੰਮੂਹ ਗੁਰਦੁਆਰਿਆਂ ਆਦਿਕ ਦੇ ਇੰਤਜ਼ਾਮ ਵਾਸਤੇ, ਡੂੰਘੀ ਵਿਚਾਰ
ਕਰ ਕੇ,ਇਕ ਨੁਮਾਇੰਦਾ ਪੰਥਕ ਕਮੇਟੀ ਚੁਣੀ ਜਾਵੇ ਗੀ।ਇਸ ਲਈ ਸਰਬੱਤ ਗੁਰੂ ਤਖ਼ਤਾਂ, ਗੁਰਦੁਆਰਿਆਂ,
ਖਾਲਸਾ ਜੱਥਿਆਂ,ਸਿੱਖ ਪਲਟਣਾਂ,ਰਿਆਸਤੀ ਸਿੱਖ ਫੋਜਾਂ ਹੇਠ ਲਿਖੀ ਧਾਰਨਾ ਵਾਲੇ ਸਿੰਘ,ਹੇਠ ਲਿਖੀ
ਵਿਉਂਤ ਮੁਤਾਬਿਕ ਚੁਣ ਕੇ ਭੇਜਣ:
ਨੁਮਾਇੰਦੇ ਦੀ ਧਾਰਨਾਂ :
ਅੰਮ੍ਰਿਤਧਾਰੀ ਹੋਵੇ, 2-ਪੰਜ ਬਾਣੀਆਂ ਦਾ ਨੇਮੀ ਹੋਵੇ,3-ਪੰਜ-ਕੱਕਾਰ ਦਾ ਰਹਿਤਵਾਨ
ਹੋਵੇ,4-ਅੰੰਿਮ੍ਰਤ ਵੇਲੇ (ਪਹਿਰ ਰਾਤ) ਉਠਣ ਵਾਲਾ ਹੋਵੇ, 5- ਦਸਵੰਧ ਦੇਣ ਵਾਲਾ ਹੋਵੇ।
ਨੁਮਾਇੰਦਿਆਂ ਦੀ ਚੋਣ ਦੀ ਵਿਉਂਤ : (1)-ਹਰ ਤਖ਼ਤ ਵਲੋਂ 5-5, (2)-ਗੁਰਦੁਆਰਿਆਂ ਵਲੋਂ 1-1,
(3)-ਖਾਲਸਾ ਜੱਥਿਆਂ ਵਲੋਂ ਸੌ ਪਿੱਛੇ 5 ਦੇ ਹਿਸਾਬ ਨਾਲ,(4)-ਸਕੂਲਾਂ ਕਾਲਜਾਂ ਵਲੋਂ 6,ਪ੍ਰਬੰਧਕ
ਕਮੇਟੀਆਂ ਵਲੋਂ 6, ਉਸਤਾਦਾਂ ਵਿਚੋਂ 8, ਵਿਦਿਆਰਥੀਆਂ ਵਿਚੋਂ 7, (5)-ਸਿੱਖ ਰਿਆਸਤਾਂ ਵਲੋਂ 5-5,
(6)- ਸਿੱਖ ਰਿਸਾਲਿਆਂ ਵਲੋਂ 2-2, (7)-ਸਿੱਖ ਪਲਟਨਾਂ ਵਲੋਂ 2-2 ; (8)-ਪੂਰੀ ਪਲਟਨ ਹੋਵੇ ਤਾਂ
5-5, (9)- ਨਿਹੰਗ ਸਿੰਘਾਂ ਦੇ ਜੱਥਿਆਂ ਵਲੋਂ 100 ਪਿੱਛੇ 5 ਦੇ ਹਿਸਾਬ ਨਾਲ।
ਇਸ ਕਮੇਟੀ ਦਾ ਫੈਸਲਾ ਸੰਮੂਹ ਸਿੱਖ ਸੰਗਤ ਵਿਚ ਸੁਣਾਇਆ ਜਾਏ ਗਾ,ਜਿਸ ਵਿਚ ਗੁਰੁ-ਘਰ ਦੇ ਸਰਬੱਤ
ਸ਼ਰਧਾਲੂ ਸ਼ਾਮਿਲ ਹੋ ਸਕਦੇ ਹਨ।ਸੋ ਸਾਰੇ ਪ੍ਰੇਮੀ ਕਿਰਪਾ ਕਰ ਕੇ ਦਰਸ਼ਨ ਦੇਣ।''
ਪੰਥਕ ਇਕੱਤ੍ਰਤਾ ਨਿਸਚਿਤ ਸਥਾਨ ਤੇ ਸਮੇਂ ਉਤੇ ਹੋਈ ਤੇ ਸੰਮੂਹ ਸੰਗਤ ਨੇ 175 ਅੰਮ੍ਰਿਤਧਾਰੀ ਤੇ
ਰਹਿਤਵਾਨ ਸਿੰਘਾਂ ਦੀ ਪ੍ਰਬੰਧਕ ਕਮੇਟੀ ਚੁਣ ਲਈ ਜਿਸ ਨੁੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ
ਨਾਂਅ ਦਿਤਾ ਗਿਆ।ਸਰਦਾਰ ਸੁੰਦਰ ਸਿੰਘ ਮਜੀਠੀਏ ਨੂੰ ਪਹਿਲੇ ਪ੍ਰਧਾਨ ਚੁਣੇ ਜਾਣ ਦਾ ਮਾਨ ਪ੍ਰਾਪਤ
ਹੋਇਆ।ਇਸ ਇਕੱਤ੍ਰਤਾ ਤੋਂ ਸਪੱਸ਼ਟ ਹੈ ਕਿ ਪੰਥ ਦੇ ਹਰ ਵਰਗ ਨੂੰ ਨੁਮਾਇੰਦਗੀ ਦਿਤੀ ਗਈ ।
ਭਵਿੱਖ ਦੇ ਹਾਲਾਤ ਨੂੰ ਭਾਂਪਦਿਆਂ,ਸੰਘਰਸ਼ ਜਾਰੀ ਰਖਣ ਤੇ ਸਿੱਖ-ਪੰਥ ਦੇ ਹਿੱਤਾਂ ਦੀ ਰਖਿਆ ਕਰਨ
ਵਾਸਤੇ ਇਕ ਹੋਰ ਪੰਥਕ ਜਥੇਬੰਦੀ ''ਗੁਰਦੁਆਰਾ ਸੇਵਕ ਦਲ '' ਸਥਾਪਤ ਕਰਨ ਦੇ ਵਿਚਾਰ ਨਾਲ 14 ਦਸੰਬਰ
1920 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਹਜ਼ੂਰ ਇਕ ਹੋਰ ਪੰਥਕ ਇਕੱਠ ਬੁਲਾਇਆ ਗਿਆ।ਇਸ ਇਕਤ੍ਰੱਤਾ ਵਿਚ
ਆਮ ਸੰਗਤਾਂ ਦਾ ਵਿਚਾਰ ਸੀ ਕਿ ਗੁਰਦੁਆਰਾ ਸੁਧਾਰ ਵਿਚ ਹਿੱਸਾ ਲੈਣ ਵਾਲਿਆਂ ਨੁੰ ਅਕਾਲੀ ਕਿਹਾ ਜਾਂਦਾ
ਹੈ,ਇਸ ਲਈ ਨਵੀ ਜੱਥੇਬੰਦੀ ਦਾ ਨਾਂਅ '' ਅਕਾਲੀ ਦਲ'' ਰਖਿਆ ਜਾਏ,ਸੋ ਉਸ ਦਿਨ ਅਕਾਲੀ ਦਲ ਸਥਾਪਤ
ਕੀਤਾ ਗਿਆ,ਭਾਈ ਸਰਮੁਖ ਸਿੰਘ ਝਬਾਲ ਪਹਿਲੇ ਪ੍ਰਧਾਨ ਚੁਣੇ ਗਏ।ਇਸ ਅਕਾਲੀ ਦਲ ਨੇ 29 ਮਾਰਚ 1922
ਨੂੰ ਅਪਣੇ ਛੇਵੇਂ ਮਤੇ ਅਨੁਸਾਰ ਇਸ ਜਥੇਬੰਦੀ ਦਾ ਨਾਂਅ ਸ਼੍ਰੋਮਣੀ ਅਕਾਲੀ ਦਲ ਰਖ ਲਿਆ। ਅਕਾਲੀ ਦਲ
ਨੇ ਦੋ ਨੁਕਾਤੀ ਪ੍ਰੋਗਰਾਮ ਦਾ ਐਲਾਨ ਕੀਤਾ ਜੋ ਇਸ ਤਰ੍ਹਾ ਹੈ 1- ਸਾਰੇ ਅਕਾਲੀ ਜੱਥਿਆਂ ਨੂੰ ਇਕੱਠੇ
ਕਰ ਕੇ ਪੰਥ ਦੂੀ ਸੇਵਾ ਕਰਨੀ, 2-ਗੁਰਦੁਆਰਿਆਂ ਦੀ ਸੇਵਾ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ
ਕਮੇਟੀ ਦੇ ਹੁਕਮ ਉਤੇ ਅਮਲ ਕਰਨਾ।
ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਵਾਉਣ ਲਈ ਕਈ ਮੋਰਚੇ ਲਗੇ,ਸਾਕੇ ਵਰਤੇ,ਪੁਰਅਮਨ ਅਕਾਲੀਆਂ ਤੇ
ਪੁਲਿਸ ਦੀਆਂ ਡਾਂਗਾਂ ਵਰ੍ਹੀਆਂ,ਗੋਲੀਆਂ ਚਲੀਆਂ,ਸ਼ਹੀਦੀਆਂ ਹੋਈਆਂ।ਅਨੁਮਾਨ ਹੈ ਕਿ ਲਗਪਗ 500 ਸਿੰਘ
ਸ਼ਹੀਦ ਹੋਏ,ਹਜ਼ਾਰਾਂ ਅੰਗਹੀਨ ਹੋ ਕੇ ਨਕਾਰਾ ਹੋਏ,ਤੀਹ ਹਜ਼ਾਰ ਨੇ ਕਾਲ ਕੋਠੜੀਆਂ ਦੀਆਂ ਮੁਸ਼ੱਕਤਾਂ
ਝਲੀਆਂ, ਉਸ ਸਸਤੇ ਜ਼ਮਾਨੇ ਵਿਚ 15 ਲੱਖ ਰੁਪੈ ਦੇ ਜੁਰਮਾਨੇ ਭਰੇ ਅਤੇ ਹਜ਼ਾਰਾਂ ਸਿੱਖਾਂ ਨੂੰ ਸਰਕਾਰੀ
ਅਹੁਦਿਆਂ ਤੋਂ ਪ੍ਰਾਪਤ ਪੈਨਸ਼ਨਾ ਤੋਂ ਹੱਥ ਦੋਣੇ ਪਏ।(ਇਸ ਲੇਖਕ ਦੇ ਪਿਤਾ,ਤਾਇਆ ਤੇ ਮਾਮਾ ਨੇ ਇਸ
ਲਹਿਰ ਵਿਚ ਜੇਲ੍ਹ ਕੱਟੀ)।ਆਖ਼ਰ ਸਿੱਖਾਂ ਦਾ ਸਿੱਦਕ ਰੰਗ ਲਿਆਇਆ ਤੇ ਅੰਗਰੇਜ਼ ਸਰਕਾਰ ਨੂੰ ਪਿਛੇ ਹਟਣਾ
ਪਿਆ,ਅਤੇ ਗੁਰਦੁਆਰਾ ਅੇਕਟ-1925 ਪਾਸ ਕੀਤਾ।ਸਿੱਖਾਂ ਦੀ ਵੀਹਵੀਂ ਸਦੀ ਵਿਚ ਇਹ ਸਭ ਤੋਂ ਵੱਡੀ
ਪ੍ਰਾਪਤੀ ਹੈ।ਇਹ ਅਕਾਲੀਆਂ ਦੇ ਮਹਾਨ ਚਰਿਤਰ ਤੇ ਕੁਰਬਾਨੀ ਦੀ ਦਾਸਤਾਨ ਹੈ।ਇਹ ਵੀ ਇਕ ਹਕੀਕਤ ਹੈ ਕਿ
ਪੰਥ ਤੇ ਪੰਜਾਬ ਦੇ ਹਿੱਤਾਂ ਲਈ ਕੇਵਲ ਤੇ ਕੇਵਲ ਅਕਾਲੀਆਂ ਨੇ ਹੀ ਜਦੋ ਜਹਿਦ ਕੀਤੀ ਹੈ।
ਇਤਿਹਾਸਿਕ ਗੁਰਦੁਆਰੇ ਆਜ਼ਾਦ ਕਰਵਾ ਕੇ ਸਿੱਖਾਂ ਨੇ ਦੇਸ਼ ਦੀ ਆਜ਼ਾਦੀ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ,
ਜੇਲਾਂ ਭਰੀਆ,ਫਾਸੀਆ ਦੇ ਰੱਸੇ ਚੁੰਮ ਕੇ ਸ਼ਹੀਦੀਆਂ ਪਾਈਆਂ ।ਅਕਾਲੀ ਦਲ ਨੇ ਦੇਸ਼-ਵੰਡ ਦੀ ਡੱਟ ਕੇ
ਵਿਰੋਧਤਾ ਕੀਤੀ,ਪਰ ਕਾਂਗਰਸ ਦੇ ਬੁੱਢੇ ਹੋ ਰਹੇ ਲੀਡਰਾਂ ਵਲੋਂ ਹਕੂਮਤ ਸੰਭਾਲਣ ਦੀ ਕਾਹਲੀ ( ਕਿ
ਕਿਤੇ ਬਿਨਾ ਰਾਜ ਕੀਤੇ ਹੀ ਨਾ ਮਰ ਜਾਈਏ ) ਨੇ ਵੰਡ ਰੋਕਣ ਲਈ ਸੁਹਿਰਦ ਤੇ ਗੰਭੀਰ ਯਤਨ ਨਾ ਕੀਤੇ।ਸਿੱਖਾਂ
ਨੇ ਅਪਣੀ ਆਬਾਦੀ ਦੇ ਹਿਸਾਬ ਨਾਲ ਆਜ਼ਾਦੀ ਦੀ ਲੜਾਈ ਵਿਚ ਸਭ ਤੋਂ ਵੱਧ ਹਿੱਸਾ ਪਾਇਆ,ਦੇਸ-ਵੰਡ ਕਾਰਨ
ਸਭ ਤੋਂ ਵੱਧ ਨੁਕਸਾਨ ਵੀ ਉਨ੍ਹਾ ਦਾ ਹੀ ਹੋਇਆ।ਆਜ਼ਾਦੀ ਮਿਲਣ ਉਪਰੰਤ ਭਾਸ਼ਾ ਦੇ ਆਧਾਰ ਤੇ ਪੰਜਾਬੀ
ਸੂਬੇ ਦੀ ਸਥਾਪਤੀ ਲਈ ਵੀ ਅਕਾਲੀ ਦਲ ਨੇ ਹੀ ਸੰਘੱਰਸ਼ ਕੀਤਾ,ਭਾਵੇਂ ਕਿ ਲੰਗੜਾ ਸੂਬਾ ਹੀ ਮਿਲਿਆ।ਸ੍ਰੀਮਤੀ
ਇੰਦਰਾ ਗਾਂਧੀ ਵਲੋਂ 25 ਜੂਨ 1975 ਨੂੰ ਦੇਸ਼ ਵਿਚ ਐਮਰਜੈਂਸੀ ਵਿਰੁਧ 19 ਮਹੀਨੇ ਅਕਾਲੀ ਦਲ ਨੇ ਹੀ
ਮੋਰਚਾ ਚਲਾਇਆ।ਸੂਬਿਆਂ ਨੂੰ ਵੱਧ ਅਧਿਕਾਰ ਦੇਣ ਲਈ ਆਨੰਦਪੁਰ ਸਾਹਿਬ ਮਤਾ ਲਾਗੂ ਕਰਨ ਲਈ ਵੀ ਧਰਮ
ਯੁੱਧ ਮੋਰਚਾ ਲਗਾਇਆ, ਜੋ ਸਫਲਤਾ ਪੂਰਬਕ ਚਲ ਰਿਹਾ ਸੀ ਪਰ ਸ੍ਰੀਮਤੀ ਗਾਂਧੀ ਨੇ ਸ੍ਰੀ ਦਰਬਾਰ ਸਾਹਿਬ
'ਤੇ ਫੋਜੀ ਹਮਲਾ ਕਰ ਕੇ ਕੁਚਲ ਦਿਤਾ।
ਪੰਜਾਬੀ ਸਬੇ ਦੀ ਸਥਾਪਤੀ ਪਿਛੋਂ ਅਕਾਲੀ ਦਲ ਇਸ ਸੂਬੇ ਵਿਚ ਇਕ ਸ਼ਕਤੀਸਾਲੀ ਰਾਜਸੀ ਪਾਰਟੀ ਬਣ ਕੇ
ਉਭਰਿਆ ਤੇ 1967,1969. 1977,1985 ,1997 ਤੇ ਹੁਣ 2007 ਵਿਚ ਭਾਜਪਾ ਨਾਲ ਮਿਲ ਕੇ ਸਰਕਾਰ
ਬਣਾਈ,1985 ਵਿਚ ਨਿਰੋਲ ਅਕਾਲੀ ਸਰਕਾਰ ਬਣੀ ਸੀ।ਅਕਾਲੀ ਰਾਜਸੀ ਤੌਰ ਤੇ ਸਿਆਣੇ ਅਤੇ ਦੂਰਦਰਸ਼ੀ
ਸਿਆਸਤਦਾਨ ਤੇ ਚੰਗੇ ਪ੍ਰਸ਼ਾਸਕ ਨਹੀ ਹਨ।ਉਨ੍ਹਾਂ ਬਾਰੇ ਮਸ਼ਹੂਰ ਹੈ ਕਿ ਅਪਣੀ ਸਰਕਾਰ ਬਣਾ ਲੈਂਦੇ
ਹਨ,ਪਰ ਚਲਾ ਨਹੀ ਸਕਦੇ,ਆਪਸ ਵਿਚ ਲੜ ਕੇ ਅਪਣੀ ਸਰਕਾਰ ਤੋੜ ਲੈਂਦੇ ਜਾਂ ਤੁੜਵਾ ਲੈਂਦੇ ਹਨ।ਪਹਿਲ਼ੀ
ਵਾਰੀ ਸ੍ਰੀ ਬਾਦਲ ਨੇ (1997-2002) ਪੰਜ ਸਾਲ ਪੂਰੇ ਕੀਤੇ ਸਨ,ਉਸ ਸਮੇਂ ਕੇਂਦਰ ਵਿਚ ਇਨ੍ਹਾਂ ਦੇ
ਭਾਈਵਲ ਭਾਜਪਾ ਦੀ ਸਰਕਾਰ ਸੀ।ਪਰ ਇਸ ਸਰਕਾਰ ਦੇ ਕਈ ਮੰਤਰੀਆਂ ਨੇ ਭ੍ਰਿਸ਼ਟਾਚਾਰ ਦੇ ਸਾਰੇ ਰੀਕਾਰਡ
ਮਾਤ ਪਾ ਦਿਤੇ ਜਿਸ ਦੀ ਬੜੀ ਹੀ ਚਰਚਾ ਵੀ ਹੋਈ ।
ਜਦੋਂ ਤੋਂ ਅਕਾਲੀ ਹਕੂਮਤ ਕਰਨ ਦੇ ਨਸ਼ੇ ਵਿਚ ਗਲਤਾਨ ਹੋਏ ਹਨ,ਉਹ ਅਪਣੇ ਆਦਰਸ਼ਾਂ,ਉਦੇਸ਼ਾਂ ਤੇ
ਨਿਸ਼ਾਨਿਆਂ ਤੋਂ ਭਟਕ ਗਏ ਹਨ। ਅਜ ਇਕ ਵੀ ਅਕਾਲੀ ਲੀਡਰ 1920-ਵਿਆਂ ਦੇ ਅਕਾਲੀ ਲੀਡਰਾਂ ਵਰਗਾ ਨਹੀਂ
ਹੈ।ਉਹ ਅਪਣੀ ਸੌੜੀ ਰਾਜਨੀਤੀ ਲਈ ਧਰਮ ਦੀ ਵਰਤੋਂ ਕਰਨ ਲਗੇ ਹਨ,ਸਰਬਤ ਦੇ ਭਲੇ ਦੀ ਥਾਂ ਅਪਣਾ ਭਲਾ
ਲੋਚਣ ਲਗੇ ਹਨ,ਪੰਥ ਤੇ ਪੰਜਾਬ ਦੀ ਸੇਵਾ ਦੀ ਥਾਂ ਅਪਣੇ ਪਰਿਵਾਰ ਤੇ ਭਾਈ ਭਤੀਜਾਵਾਦ ਵਿਚ ਗਲਤਨ ਹਨ
।ਸਿਖ-ਪੰਥ ਦੀ ਪ੍ਰਤੀਨਿੱਧ ਜੱਥੇਬੰਦੀ ਦਾ ਦਾਅਵਾ ਕਰਨ ਵਾਲੇ ਅਕਾਲੀਆਂ ਨੇ ਸਿੱਖ ਧਰਮ ਤੇ ਆਮ ਸਿਖਾਂ
ਦਾ ਬਹੁਤ ਨੁਕਸਾਨ ਕੀਤਾ ਹੈ, ਉਹ ਵੀ ਅਕਾਲੀ ਸਰਕਾਰ ਸਮੇ, ਉਸ ਦੀ ਭਰਪਾਈ ਹੋਣੀ ਮੁਸ਼ਕਲ ਹੈ।ਇਸ
ਦੁਰਦਸ਼ਾ ਲਈ ਸਾਰੇ ਹੀ ਅਕਾਲੀ ਲੀਡਰ ਜ਼ੁਮੇਵਾਰ ਹਨ,ਕੋਈ ਵੱਧ ਤੇ ਕੋਈ ਘਟ। ਸਿੱੰਖ ਸਿਧਾਤਾਂ,
ਸੰਸਥਾਵਾਂ,ਮਰਯਾਦਾ ਤੇ ਸ਼ਖਸ਼ੀਅਤਾਂ ਦਾ ਜਿਤਨਾ ਘਾਣ ਸ੍ਰੀ ਬਾਦਲ ਦੀ ਪਿਛਲੀ ਸਰਕਾਰ ਨੇ ਕੀਤਾ,ਉਹ ਹੋਰ
ਕਿਸੇ ਸਰਕਾਰ ਨੇ ਨਹੀਂ ਕੀਤਾ।ਸ੍ਰੀ ਬਾਦਲ ਨੇ ਅਕਾਲੀ ਦਲ , ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਕਮੇਟੀ
ਨੂੰ ਅਪਣੀ ਜਾਗੀਰ ਸਮਝ ਰਖਿਆ ਹੈ।ਸ੍ਰੀਮਤੀ ਗਾਂਧੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਢਹਿ ਢੇਰੀ
ਕੀਤੀ ਸੀ,ਸ੍ਰੀ ਬਾਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਵਿਚਾਰਧਾਰਾ ਨੂੰ ਢਹਿ ਢੇਰੀ ਕੀਤਾ ਹੈ, ਅਕਾਲ
ਤਖ਼ਤ ਸਾਹਿਬ ਦੇ ਜੱਥੇਦਾਰਾ ਨੂੰ ਇਕ ਕਲਰਕ ਵਾਂਗੂ ਮੁਅਤਲ ਜਾਂ ਬਰਖਾਸਤ ਕੀਤਾ ਜਾਣ ਲਗਾ, ਜਿਹੜੇ
ਜੱਥੇਦਾਰ ਉਸ ਦੇ ਦਰਬਾਰੀ ਬਣ ਕੇ ਹਾਜ਼ਰੀਆਂ ਭਰਦੇ ਰਹੇ ਤੇ ਉਨ੍ਹਾਂ ਦੀਆਂ ਘੋੜੀਆਂ ਗਾਊਨਦੇ ਰਹੇ, ਊਹ
ਬਿਰਾਜਮਾਨ ਰਹੇ, ਸਰਕਟ ਹਾਊਸ ਵਿਚ ਬੈਠ ਕੇ ਜੱਥੇਦਾਰਾਂ ਦੀਆ ਨਿਯੁਕਤੀਆ ਹੁੰਦੀਆ ਰਹੀਆ।ਜਿਸ ਕਿਸੇ
ਨੇ ਜ਼ਰਾ ਵੀ ਵਿਰੋਧੀ ਸੁਰ ਅਲਾਪੀ ਉਸ ਨੂੰ ਮਖਣ ਚੋਂ ਵਾਲ ਵਾਂਗੂ ਬਾਹਰ ਕੱਢ ਸੁਟਿਆ।ਇਨ੍ਹਾਂ ਵਿਚ
ਸਾਬਕਾ ਵਿਦਿਆ ਮੰਤਰੀ ਸੁਖਜਿੰਦਰ ਸਿੰਘ,ਜੱਥੇਦਾਰ ਕੁਲਦੀਪ ਸਿੰਘ ਵਡਾਲਾ,ਪ੍ਰੇਮ ਸਿੰਘ ਲਾਲਪੁਰਾ,
ਜੱਥੇਦਾਰ ਗੁਰਚਰਨ ਸਿੰਘ ਟੌਹੜਾ, ਜਥੇਦਾਰ ਜਗਦੇਵ ਸਿੰਘ ਤਲਵੰਡੀ ਤੇ ਮਨਜੀਤ ਸਿੰਘ ਕਲਕੱਤਾ ਦੀ
ਮਿਸਾਲ ਸਾਡੇ ਸਾਹਮਣੇ ਹੈ।
ਸ੍ਰੀ ਬਾਦਲ ਦੀ ਪਿਛਲੀ ਸਰਕਾਰ ਦੇ ਡੇਢ ਕੁ ਸਾਲ ਪਿਛੋਂ ਇਕ ਅਕਾਲੀ ਮੰਤਰੀ ਸ.ਸਰੂਪ ਸਿੰਘ ਦੇ ਅਕਾਲ
ਚਲਾਣੇ ਕਾਰਨ ਆਦਮਪੁਰ ਵਿਧਾਨ ਸਭਾ ਦੀ ਉਪ-ਚੋਣ ਹਾਰੇ ਜਾਣ ਉਤੇ ਜਥੇਦਾਰ ਟੌਹੜਾ ਨੇ ਸੁਝਾਓ ਦਿਤਾ ਕਿ
ਅਕਾਲੀ ਵਰਕਰਾਂ ਵਲ ਪੂਰਾ ਧਿਆਨ ਦੇਣ ਲਈ ਸ੍ਰੀ ਬਾਦਲ ਆਪਣੇ ਕਿਸੇ ਵਿਸ਼ਵਾਸ-ਪਾਤਰ ਨੂੰ ਕਾਰਜਕਾਰੀ
ਪ੍ਰਧਾਨ ਬਣਾ ਦੇਣ ਅਤੇ ਆਪ ਸਾਰਾ ਧਿਆਨ ਸਰਕਾਰ ਚਲਾਉਣ ਵਲ ਦੇਣ।ਇਸ ਉਤੇ ਬਾਦਲ ਸਾਹਿਬ ਨੇ ਆਪਣੀ
ਸਰਕਾਰ ਤੇ ਪਾਰਟੀ ਦੀ ਸਾਰੀ ਸ਼ਕਤੀ ਝੋਕ ਕੇ ਜੱਥੇਦਾਰ ਟੌਹੜਾ ਨੂੰ ਬੇਇਜ਼ਤ ਕਰ ਕੇ ਸ਼੍ਰੋਮਣੀ ਕਮੇਟੀ
ਦੀ ਪ੍ਰਧਾਨਗੀ ਤੋਂ ਲਾਹ ਮਾਰਿਆ।ਸਾਰੀ ਜ਼ਿੰਦਗੀ ਵਿਚ ਜੱਥੇਦਾਰ ਟੌਹੜਾ ਨੂੰ ਜੇ ਕਿਸੇ ਨੇ ਜ਼ਲੀਲ ਕੀਤਾ
ਤਾਂ ਉਹ ਸ੍ਰੀ ਬਾਦਲ ਹਨ।ਹੁਣ ਉਨ੍ਹਾਂ ਚੌਥੀ ਵਾਰੀ ਮੁਖ ਮੰਤਰੀ ਬਣ ਕੇ ਹਫਤੇ ਪਿਛੋਂ ਹੀ ਜੱਥੇਦਾਰ
ਜਗਦੇਵ ਸਿੰਘ ਤਲਵੰਡੀ,ਸੁਖਦੇਵ ਸਿੰਘ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ, ਗੁਰਦੇਵ ਸਿੰਘ ਬਾਦਲ,
ਕੈਪਟਨ ਕੰਵਲਜੀਤ ਸ਼ਿੰਘ,ਬਲਵਿੰਦਰ ਸਿੰਘ ਭੂੰਦੜ ਵਰਗੇ ਸੀਨੀਅਰ ਲੀਡਰਾਂ ਨੂੰ ਅੱਖੋ-ਪਰੋਖੇ ਕਰ ਕੇ
ਆਪਣੇ ਪੁੱਤਰ ਸੁਖਬੀਰ ਸਿੰਘ ਬਾਦਲ ਨੂੰ ਕਾਰਜਕਾਰੀ ਪ੍ਰਧਾਨ ਠੋਸ ਦਿਤਾ।ਹੈਰਾਨੀ ਵਾਲੀ ਗਲ ਇਹ ਹੈ ਕਿ
ਕਿਸੇ ਲੀਡਰ ਨੇ ''ਚੂੰ ''ਤਕ ਨਹੀਂ ਕੀਤੀ।ਅਸਲੀਅਤ ਇਹ ਹੈ ਇਹ ਬਾਦਲ ਸਾਹਿਬ ਨੇ ਇਨ੍ਹਾਂ ਲੀਡਰਾਂ ਦੇ
ਪੁਤਰਾਂ ਨੂੰ ਟਿਕਟ ਦੇ ਕੇ ਜਾਂ ਕੋਈ ਹੋਰ ਸਿਆਸੀ ਅਹੁਦਾ ਦੇ ਕੇ ਪਹਿਲਾਂ ਹੀ ਚੁੱਪ ਰਹਿਣ ਦਾ
ਪ੍ਰਬੰਧ ਕਰ ਲਿਆ ਸੀ। ਜਾਪਦਾ ਹੈ ਕਿ ਸ਼ਹੀਦਾਂ ਤੇ ਕੁਰਬਾਨੀ ਕਰਨ ਵਾਲੇ ਮਰਜੀਵੜਿਆਂ ਦੀ ਇਹ ਪਾਰਟੀ
ਹੁਣ ਗੂੰਗਿਆਂ ਤੇ ਮਿੱਟੀ ਦੇ ਮਾਧੋਆਂ ਦੀ ਪਾਰਟੀ ਬਣ ਗਈ ਹੈ।
ਸੁਖਬੀਰ ਬਾਦਲ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਹੈ,ਪਰ ਉਹ ਜਮਹੂਰੀ ਢੰਗ ਨਾਲ ਚੁਣੇ ਗਏ ਪੂਰੇ
ਪ੍ਰਧਾਨ ਵਾਂਗ ਵਿਵਹਾਰ ਕਰ ਰਹੇ ਹਨ ਜਿਸ ਦਾ ਸਬੂਤ ਉਨ੍ਹਾਂ ਦੇ ਮੀਡੀਆ ਵਿਚ ਦਾਗ਼ੇ ਜਾਂਦੇ ਬਿਆਨਾਂ
ਤੋਂ ਲਗ ਜਾਂਦਾ ਹੈ।ਉਨ੍ਹਾ ਦੇ ਕਈ ਬਿਆਨ ਪੜ੍ਹ ਕੇ ਤਾਂ ਮੁਖ ਮੰਤਰੀ ਦੇ ਬਿਆਨ ਦਾ ਭੁਲੇਖਾ ਲਗ ਜਾਂਦਾ
ਹੈ ਜਦੋਂ ਉਹ ਸਰਕਾਰ ਦੇ ਆਉਣ ਵਾਲੇ ਪ੍ਰਾਜੈਕਟਾਂ, ਪ੍ਰੋਗਰਾਮਾਂ ਤੇ ਯੋਜਨਾਵਾਂ ਬਾਰੇ ਹੁੰਦੇ ਹਨ।ਮਿਸਾਲ
ਦੇ ਤੌਰ 'ਤੇ ਉਨ੍ਹਾਂ ਦਾ ਬਿਾਨ ਕਿ ਪੰਜਾਬ ਸਰਕਾਰ ਪ੍ਰਵਾਸੀ ਪੰਜਾਬੀਆਂ ਬਾਰੇ ਵੱਖਰੇ ਥਾਨੇ ਬਣਾਏ
ਗੀ ਅਤੇ ਇਸ ਲਈ ਇਕ ਐਸ.ਐਸ.ਪੀ. ਵੀ ਨਿਯੁਕਤ ਕੀਤਾ ਜਾਏ ਗਾ, ਸਰਕਾਰ ਆਉਂਦੇ ਜਨਵਰੀ ਮਹੀਨੇ ਪ੍ਰਵਾਸੀ
ਦੀ ਇਕ ਕਾਨਫਰੰਸ ਵੀ ਬੁਲਾਏ ਗੀ।ਇਹ ਬਿਆਨ ਦੇਣ ਦਾ ਉਨ੍ਹਾਂ ਦਾ ਕੀ ਹੱਕ ਹੈ? ਇਸੇ ਤਰ੍ਹਾਂ ਕਈ ਹੋਰ
ਵਿਭਾਗਾਂ ਦੇ ਆਗਾਮੀ ਪ੍ਰਾਜੈਕਟਾਂ ਤੇ ਯੋਜਨਾਵਾਂ ਬਾਰੇ ਬਿਆਨ, ਜੋ ਸਬੰਧਤ ਮੰਤਰੀ ਨੂੰ ਦੇਣੇ ਚਾਹੀਦੇ
ਹਨ,ਜੂਨੀਅਰ ਬਾਦਲ ਦੇ ਰਹੇ ਹਨ।ਅਕਾਲੀ ਦਲ ਦੀ ਭਾਈਵਾਲ ਪਾਰਟੀ ਭਾਜਪਾ ਦਾ ਪੂਰਾ ਸੂਬਾਈ ਪ੍ਰਧਾਨ
ਹੈ।ਕੀ ਉਨ੍ਹਾ ਦਾ ਸਰਕਾਰ ਦੇ ਆਗਾਮੀ ਪ੍ਰਾਜੈਕਟਾਂ ਆਦਿ ਬਾਰੇ ਮੀਡੀਆ ਵਿਚ ਕਦੀ ਬਿਆਨ ਆਇਆ ਹੈ।
ਇਕ ਅਖ਼ਬਾਰੀ ਰੀਪੋਰਟ ਅਨੁਸਾਰ ਸੁਖਬੀਰ ਬਾਦਲ ਵਜ਼ੀਰਾਂ ਤੇ ਸਰਕਾਰੀ ਅਫਸਰਾਂ ਦੀਆਂ ਮੀਟਿੰਗਾ ਵਿਚ
ਸ਼ਿਰਕਤ ਕਰਨ ਲਗੇ ਹਨ।ਜੇ ਇਹ ਗਲ ਠੀਕ ਹੈ ਤਾਂ ਉਹ ਕਿਸ ਹੈਸੀਅਤ ਵਿਚ ਬੈਠਦੇ ਹਨ।ਜੇ ਕਰ ਬਤੌਰ ਐਮ.ਪੀ.
ਸ਼ਾਮਿਲ ਹੁੰਦੇ ਹਨ ਤਾਂ ਦੂਸਰੇ ਪਾਰਲੀਮੈਂਟ ਮੈਂਬਰਾਂ ਨੂੰ ਵੀ ਬੁਲਾੁਇਆ ਜਾਏ।ਜੇ ਕਰ ਸੱਤਾਧਾਰੀ
ਪਾਰਟੀ ਦੇ ਕਾਰਜਕਾਰੀ ਪ੍ਰਧਾਨ ਵਜੋਂ ਬੈਠਦੇ ਹਨ(ਉਨ੍ਹਾਂ ਦੇ ਪਿਤਸ਼੍ਰੀ ਪੂਰੇ ਪ੍ਰਧਾਨ ਹਨ,ਸ਼ਾਮਿਲ
ਹੂਮਦੇ ਹੀ ਹਨ) ਤਾਂ ਭਾਜਪਾ ਦੇ ਪ੍ਰਧਾਨ ਨੂੰ ਵੀ ਬੁਲਾਇਆ ਜਾਏ।ਸਾਰੇ ਵਜ਼ੀਰ ਤੇ ਦੂਸਰੇ ਅਕਾਲੀ ਲੀਗਰ
ਹੁਣ ਜੂਨੀਅਟ ਬਾਦਲ ਦੀ ਚਮਚਾਗੀਰੀ ਕਰਨਲਗੇ ਹਨ।ਹੈਰਾਨੀ ਵਾਲੀ ਗਲ ਇਹ ਹੈ ਕਿ ਕਈ ਪੱਤਰਕਾਰ ਵੀ
ਸੁਖਬੀਰ ਬਾਦਲ ਦੀ ਖੁਸਾਮਦ ਕਰਨ ਲਗੇ ਹਨ।
ਅਕਾਲੀ ਦਲ ਦਾ ਪ੍ਰਾਇਮਰੀ ਮੈਂਬਰ ਬਣਨ ਲਈ ਅੰਮ੍ਰਿਤਧਾਰੀ ਹੋਣਾ ਲਾਜ਼ਮੀ ਹੈ।ਜਿਥੋਂ ਤਕ ਮੇਰੀ ਜਾਣਕਾਰੀ
ਹੈ,ਜੂਨੀਅਰ ਬਾਦਲ ਅੰਮ੍ਰਿਤਧਾਰੀ ਨਹੀਂ।ਉਹ ਤਾਂ ਪ੍ਰਾਇਮਰੀ ਮੈਂਬਰ ਬਣਨ ਦੇ ਯੋਗ ਨਹੀਂ,ਪਿਤਾਸ਼੍ਰੀ
ਨੇ ਅਕਾਲੀ ਦਲ ਦਾ ਕਾਰਜਕਾਰੀ ਪ੍ਰਧਾਨ ਬਣਾ ਦਿਤਾ ਹੈ।ਅਕਾਲੀ ਦਲ ਦੀ ਇਹ ਵੀ ਇਕ ਪਰੰਪਰਾ ਹੈ ਕਿ
ਪ੍ਰਧਾਨ/ਕਾਰਜਕਾਰੀ ਪ੍ਰਧਾਨ ਦਾ ਦਾਹੜਾ ਪ੍ਰਕਾਸ਼ (ਖੋਲ਼੍ਹਿਆ ਹੋਇਆ) ਹੋਣਾ ਚਾਹੀਦਾ ਹੈ। ਸੰਤ ਹਰਚੰਦ
ਸਿੰਘ ਲੌਂਗੋਵਾਲ ਦੀ ਸ਼ਹਾਦਤ ਤੋਂ ਬਾਅਦ ਸੁਰਜੀਤ ੰਿਸੰਘ ਬਰਨਾਲਾ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ
ਬਣੇ, ਉਨ੍ਹਾਂ ਨੇ ਇਕ ਦੰਮ ਆਪਣਾ ਦਾਹੜਾ ਪ੍ਰਕਾਸ਼ ਕਰ ਲਿਆ ਸੀ।ਪਹਿਲਾਂ ਦੋ ਵਾਰੀ ਮੁਖ ਮੰਤਰੀ ਹੁੰਦੇ
ਹੋਏ ਸੀਨੀਅਰ ਬਾਦਲ ਵੀ ਆਪਣਾ ਦਾਹੜਾ ਬੰਨ੍ਹ ਕੇ ਰਖਿਆ ਕਰਦੇ ਸਨ,ਪਰ ਪ੍ਰਧਾਨ ਬਣ ਜਾਣ 'ਤੇ ਆਪਣੇ
ਦਾਹੜੇ ਦਾ ਪ੍ਰਕਾਸ਼ ਕਰ ਲਿਆ।ਕੀ ਜੂਨੀਅਰ ਬਾਦਲ ਇਹ ਪਰੰਪਰਾ ਜਾਰੀ ਰਖਣ ਗੇ?
ਇਹ ਤਾਂ ਸਭਨਾ ਨੂੰ ਪਤਾ ਹੈ ਕਿ ਸੀਨੀਅਰ ਬਾਦਲ ਨੇ ਕਿਸੇ ਢੁਕਵੇਂ ਸਮੇਂ ਤੇ ਜੂਨੀਅਰ ਬਾਦਲ ਨੂੰ ਮੁਖ
ਮੰਤਰੀ ਦੀ ਕੁਰਸੀ ਸੌਂਪ ਦੇਣੀ ਹੈ ਅਤੇ ਕਿਸੇ ਸੀਨੀਅਰ ਅਕਾਲੀ ਵਜ਼ੀਰ ਨੇ ''ਚੂੰ'' ਨਹੀਂ ਕਰਨੀ।ਜੇ
ਇਸ ਸਰਕਾਰ ਦੇ ਪੰਜ ਸਾਲ ਪੂਰੇ ਹੋਣ ਤੋਂ ਪਹਿਲਾਂ ਪਹਿਲਾਂ ਅਜੇਹਾ ਨਹੀਂ ਕਰਦੇ,ਫਿਰ ਜੂਨੀਅਰ ਬਾਦਲ
ਕਦੀ ਵੀ ਮੁਖ ਮੰਤਰੀ ਨਹੀਂ ਬਣ ਸਕੇ ਗਾ।
ਅਕਾਲੀ ਦਲ ਕੁਰਬਾਨੀ ਕਰਨ ਵਾਲੇ ਮਰਜੀਵੜਿਆ ਅਤੇ ਸ਼ਹੀਦਾਂ ਦੀ ਜੱਥੇਬੰਦੀ ਹੈ।ਸਿੱਖਾਂ ਦੇ ਬੇਤਾਜ
ਬਾਦਸ਼ਾਹ ਬਾਬਾ ਖੜਕ ਸਿੰਘ,ਪੰਥ ਰਤਨ ਮਾਸਟਰ ਤਾਰਾ ਸਿੰਘ, ਸੰਤ ਫਤਹਿ ਸਿੰਘ,ਜੱਥੇਦਾਰ ਮੋਹਨ ਸਿੰਘ
ਤੁੜ, ਜੱਥੇਦਾਰ ਜਗਦੇਵ ਸਿੰਘ ਤਲਵੰਡੀ ਅਤੇ ਸੰਤ ਹਰਚੰਦ ਸਿੰਘ ਲੌਂਗੋਵਾਲ ਵਰਗੇ ਪ੍ਰਧਾਨ ਰਹੇ ਹਨ,ਜੋ
ਹੇਠਲੇ ਪੱਧਰ ਤੋਂ ਉਠ ਕੇ ਇਸ ਮਾਨਯੋਗ ਅਹੁਦੇ ਉਤੇ ਪੁਹੰਚੇ।ਉਨ੍ਹਾਂ ਚੋਂ ਕਿਸੇ ਨੇ ਵੀ ਆਪਣੇ ਧੀ
ਪੱਤਰਾਂ ਨੂੰ ਸਿਆਸਤ ਵਿਚ ਅੱਗੇ ਨਹੀਂ ਲਿਆਂਦਾ।ਇਹ ਹਵਾ ਤਾਂ ਸੀਨੀਅਰ ਬਾਦਲ ਨੇ ਚਲਾਈ ਹੈ।ਕੀ ਟਕਸਾਲੀ
ਅਕਾਲੀ ਚੁੱਪ ਰਹਿ ਕੇ ਬੈਠੇ ਰਹਿਣ ਗੇ,ਪਾਰਟੀ ਅੰਦਰਲੀ ਜਮਹੁ੍ਰਰੀਅਤ ਦੀ ਰਾਖੀ ਲਈ ਕੁਝ ਨਹੀਂ ਕਰਨ
ਗੇ?
241 ਸੈਂਟਰਲ ਟਾਊਨ ,ਪਖੋਵਾਲ ਰੋਡ,ਲੁਧਿਆਣਾ-142022