ਤਿੰਨ ਸੌ ਸਾਲ, ਗੁਰੂ ਦੇ ਨਾਲ
ਹਰਬੀਰ ਸਿੰਘ ਭੰਵਰ
ਗੁਰੂ
ਨਾਨਕ ਦੇਵ ਜੀ ਨੇ ਜਦੋਂ ਅਵਤਾਰ ਧਾਰਿਆ ਤਾਂ ਹਿੰਦੁਸਤਾਨੀ ਸਮਾਜ ਦਾ ਬਹੁਤ ਬੁਰਾ ਹਾਲ ਸੀ।ਉਹ ਖੁਦ
ਹੀ ਫਰਮਾਉਂਦੇ ਹਨ:-
ਕਲਿ ਕਾਤੀ ਰਾਜੇ ਕਾਸਾਈ, ਧਰਮੁ ਪੰਖੁ ਕਰਿ ਉਡਰਿਆ॥
ਆਮ ਲੋਕਾਂ ਬਾਰੇ ਵੀ ਉਹ ਖੁਦ ਹੀ ਦਸ ਰਹੇ ਹਨ::-
ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰ॥
ਗੁਰੂ ਸਾਹਿਬ ਨੇ ਭਰਾਤਰੀ ਭਾਵ,ਬਰਾਬਰਤਾ ਤੇ ਜ਼ਾਤ-ਪਾਤ ਰਹਿਤ ਇਕ ਮਜ਼ਬੂਤ ਸਮਾਜ ਦੀ ਨੀਂਹ ਰਖੀ ਅਤੇ
ਲੋਕਾਂ ਨੂੰ ਆਪਣੇ ਹੱਥੀਂ ਦਸਾਂ ਨੌਹਾਂ ਦੀ ਸੱਚੀ ਸੁਚੀ ਕਿਰਤ ਕਰਨ,ਵੰਡ ਛੱਕਣ, ਪਰਮਾਤਮਾ ਦਾ ਨਾਂ
ਜਪਣ ਤੇ ਸਾਂਝੀਵਾਲਤਾ ਦਾ ਉਪਦੇਸ਼ ਦਿਤਾ।ਦੂਸਰੇ ਗੁਰੂ ਸਾਹਿਬਾਨ ਨੇ ਉਨ੍ਹਾਂ ਦੇ ਮਿਸ਼ਨ ਨੂੰ ਅਗੇ
ਤੋਰਿਆ। ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਮਨੁਖੀ ਅਧਿਕਾਰਾਂ,ਧਰਮ ਦੀ ਆਜ਼ਾਦੀ ਤੇ
ਗਰੀਬਾਂ,ਨਿਤਾਣਿਆਂ ਤੇ ਮਜ਼ਲੂਮਾਂ ਦੀ ਰਖਿਆ ਲਈ ਤੇ ਜ਼ੁਲਮ,ਤਸ਼ੱਦਦ ਤੇ ਅਨਿਆਏ ਵਿਰੁਧ ਤਲਵਾਰ ਉਠਾ ਕੇ
ਸੂਰਬੀਰਤਾ ਨਾਲ ਮੁਕਾਬਲਾ ਕਰਨ ਦੀ ਸਿਖਿਆ ਦਿਤੀ।ਜੋਤੀ ਜਯੋਤ ਸਮਾਉਣ ਤੋਂ ਪਹਿਲਾਂ ਉਨ੍ਹਾਂ ਨੇ
ਅਕਤੂਬਰ 1708 ਦੇ ਮਹੀਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰ ਗੱਦੀ ਬਖਸ ਕੇ ਆਪਣੇ ਸਿੱਖਾਂ
ਨੂੰ ''ਗੁਰੂ ਮਾਨਓ ਗ੍ਰੰਥ'' ਦਾ ਆਦੇਸ਼ ਦਿਤਾ।ਪਿਛਲੇ 300 ਸਾਲ ਤੋਂ ਸਿੱਖ ਇਸ ਪਾਵਨ ਗ੍ਰੰਥ ਤੋਂ
ਸੇਧ ਲੈਂਦੇ ਆ ਰਹੇ ਹਨ।
ਇਸ 300 ਸਾਲ ਦੇ ਲੰਬੇ ਅਰਸੇ ਦੌਰਾਨ ਸਿੱਖਾਂ ਨੇ ਸਿੱਖੀ ਸਿੱਦਕ ਦੀ ਖਾਤਰ ਬਹੁਤ ਘਾਲਣਾਵਾਂ ਘਾਲੀਆਂ
ਹਨ ਅਤੇ ਹੱਸ ਜੱਸ ਕੇ ਸ਼ਹੀਦੀਆਂ ਪਾਈਆਂ ਹਨ।ਬੰਦਾ ਬਹਾਦਰ ਨੇ ਛੋਟੇ ਸਾਹਿਬਜ਼ਾਦਿਆਂ ਦੀ ਅਦੁਤੀ ਸ਼ਹਾਦਤ
ਦਾ ਬਦਲਾ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਕੇ ਅਤੇ ਖਾਲਸਾ ਰਾਜ ਸਥਾਪਤ ਕਰ ਕੇ ਲਿਆ।ਪਰ ਉਹ ਵੀ ਕਿਸੇ
ਸਾਜ਼ਿਸ਼ ਦਾ ਸ਼ਿਕਾਰ ਹੋ ਕੇ ਸੰਗੀ ਸਾਥੀਆਂ ਸਮੇਤ ਜ਼ੁਲਮ ਤਸ਼ੱਦਦ ਬਰਦਾਸ਼ਤ ਕਰਦੇ ਹੋਏ ਸ਼ਹੀਦ ਹੋ ਗਏ।
ਮੁਗ਼ਲਾਂ, ਪਠਾਨਾਂ ,ਪੱਛਮ ਵਲੋਂ ਆਉਂਦੇ ਹਮਲਾਵਰਾਂ ਤੇ ਧਾੜਵੀਆਂ, ਜਿਨ੍ਹਾਂ ਤੋਂ ਸਿੰਘ ਲੁਟ ਮਾਰ ਦਾ
ਧੰਨ,ਦੌਲਤ ਤੇ ਹੋਰ ਮਾਲ ਅਤੇ ਗੁਲਾਮ ਬਣਾ ਕੇ ਲਿਜਾ ਰਹੀਆਂ ਬੀਬੀਆਂ ਨੂੰ ਛੁਡਵਾ ਕੇ ਆਜ਼ਾਦ ਕਰਵਾਉਂਦੇ
ਸਿੱਖਾਂ ਦੇ ਸਭ ਤੋਂ ਵੱਡੇ ਵੈਰੀ ਬਣ ਗਏ ਅਤੇ ਉਨ੍ਹਾਂ ਦਾ ਖੁਰਾ ਖੋਜ ਮਿਟਾਉਣ ਲਈ ਉਨ੍ਹਾਂ ਦੇ ਸਿਰਾਂ
ਦੇ ਮੁਲ ਰੱਖੇ ਗਏ।ਉਨ੍ਹਾਂ ਨੇ ਪੰਜਾਬ ਵਿਚ ਦਹਿਸ਼ਤ ਤੇ ਵਹਿਸ਼ਤ ਦਾ ਇਕ ਦੌਰ ਸ਼ੁਰੂ ਕਰ ਦਿਤਾ।ਸਿੰਘ
ਘੋੜਿਆਂ ਦੀਆਂ ਕਾਠੀਆਂ ਉਤੇ ਜੰਗਲਾਂ ਵਿਚ ਰਹਿ ਕੇ ਆਪਣੇ ਆਪ ਨੂੰ ਸੰਗੱਠਤ ਕਰਨ ਲਗੇ।ਇਸੇ ਦੌਰਾਨ 12
ਮਿਸਲਾਂ ਹੋਂਦ ਵਿਚ ਆਈਆਂ ਜਿਨ੍ਹਾਂ ਨੇ ਥੋੜੇ ਥੋੜੇ ਇਲਾਕੇ ਫਤਹਿ ਕਰ ਕੇ ਆਪਣਾ ਰਾਜ ਸਥਾਪਤ ਕਰਨਾ
ਸ਼ੁਰੂ ਕੀਤਾ।ਮਹਾਰਾਜਾ ਰਣਜੀਤ ਸਿੰਘ ਨੇ ਇਨ੍ਹਾਂ ਮਿਸਲਾਂ ਨੂੰ ਨਾਲ ਲੈ ਕੇ ਜਾਂ ਫਤਹਿ ਕਰ ਕੇ ਇਕ
ਵਿਸ਼ਾਲ ਖਾਲਸਾ ਰਾਜ ਸਥਾਪਤ ਕਤਾ। ਉਨ੍ਹਾਂ ਦਰ੍ਹਾ ਖੈਬਰ ਵਲੋਂ ਆਉਣ ਵਾਲੇ ਹਮਲਾਵਰਾਂ ਅਤੇ ਧਾੜਵੀਆਂ
ਦਾ ਹਮੇਸ਼ਾ ਲਈ ਮੂੰਹ ਮੋੜ ਦਿਤਾ ਅਤੇ ਸਰਦਾਰ ਹਰੀ ਸਿੰਘ ਨਲੂਆ ਵਰਗੇ ਮਹਾਨ ਜਰਨੈਲ ਦੇ ਸਹਿਯੋਗ ਨਾਲ
ਜਮਰੌਦ ਦੇ ਕਿਲ੍ਹੇ ਉਤੇ ਵੀ ਖਾਲਸਈ ਝੰਡਾ ਲਹਿਰਾ ਦਿਤਾ।ਮਹਾਰਾਜਾ ਅਤੇ ਹੋਰ ਛੋਟੇ ਰਾਜਿਆ ਮਹਾਰਾਜਿਆਂ
ਨੇ ਗੁਰੂ ਸਾਹਿਬਾਨ ਦੇ ਪਵਿੱਤਰ ਚਰਨ ਛੋਹ ਪ੍ਰਾਪਤ ਗੁਰਧਾਮਾਂ ਦੇ ਨਾਂਅ ਜਾਗੀਰਾਂ ਲਗਵਾਈਆਂ।ਖਾਲਸਾ
ਰਾਜ ਦੀ ਚੜ੍ਹਤ ਦੇਖ ਕੇ ਇਸ ਸਮੇਂ ਹਜ਼ਾਰਾਂ ਨਹੀਂ,ਲੱਖਾਂ ਹੀ ਪੰਜਾਬੀ ਸਿੰਘ ਸਜ ਗਏ।ਮਹਾਰਾਜਾ ਰਣਜੀਤ
ਸਿੰਘ ਦੀ ਮੌਤ ਤੋਂ ਬਾਅਦ ਸਿੱਖ ਸਰਦਾਰਾਂ ਦੀ ਆਪਸੀ ਫੁੱਟ,ਡੋਗਰਿਆਂ ਦੀ ਗੱਦਾਰੀ ਅਤੇ ਅੰਗਰੇਜ਼ਾਂ ਦੀ
ਮੱਕਾਰੀ ਕਾਰਨ ਦਸ ਸਾਲਾਂ ਦੇ ਅੰਦਰ ਹੀ ਇਹ ਖਾਲਸਾ ਰਾਜ ਢਹਿ ਢੇਰੀ ਹੋ ਕੇ ਅੰਗਰੇਜ਼ਾਂ ਦੇ ਕਬਜ਼ੇ ਵਿਚ
ਆ ਗਿਆ।ਲਾਲਚ-ਵਸ ਬਣੇ ਅਵਸਰਵਾਦੀ ਸਿੱਖ ਮੁੜ ਹਿੰਦੂ ਸਮਾਜ ਵਿਚ ਵਿਲੀਨ ਹੋ ਗਏ।
ਅੰਗਰੇਜ਼ੀ ਰਾਜ ਦੇ ਨਾਲ ਹੀ ਇਸਾਈ ਮਿਸ਼ਨਰੀਆਂ ਦੀ ਆਮਦ ਸ਼ੁਰੂ ਹੋਈ ਜਿਨ੍ਹਾਂ ਨੇ ਭੋਲੇ ਭਾਲੇ ਸਿੱਖਾਂ
ਨੂੰ ਲਾਲਚ ਦੇ ਕੇ ਇਸਾਈ ਬਣਾਉਣਾ ਸ਼ੁਰੂ ਕੀਤਾ।ਇਸ ਨੂੰ ਠੱਲ ਪਾਉਣ ਲਈ ਸਿੰਘ ਸਭਾ ਲਹਿਰ ਸੁਰੂ ਹੋਈ,
ਜਿਸ ਦਾ ਬਹੁਤ ਚੰਗਾ ਪ੍ਰਭਾਵ ਵੀ ਪਿਆ।ਗੁਰਦੁਆਰਿਆਂ ਦੀ ਦੇਖ ਭਾਲ ਕਰ ਰਹੇ ਮਹੰਤਾਂ ਤੇ ਪੁਜਾਰੀਆਂ
ਨੂੰ ਅੰਗਰੇਜ਼ ਸਰਕਾਰ ਦੀ ਸਰਪ੍ਰਸਤੀ ਮਿਲ ਗਈ ,ਉਨ੍ਹਾਂ ਇਨ੍ਹਾਂ ਪਵਿੱਤਰ ਅਸਥਾਨਾਂ ਉਤੇ ਕੁਕਰਮ ਕਰਨੇ
ਅਤੇ ਗੁਰਦੁਆਰਾ ਜ਼ਮੀਨ ਜਾਇਦਾਦਾਂ ਨੂੰ ਖੋਰਾ ਲਗਾਉਣ ਅਤੇ ਐਸੋ ਇਸ਼ਰਤ ਕਰਨਾ ਸ਼ੁਰੂ ਕਰ ਦਿਤਾ,ਗੁਰਮਤਿ
ਰਹਿਤ ਮਰਯਾਦਾ ਦਾ ਖਿਲਵਾੜ ਹੋਣ ਲਗਾ।ਇਹ ਸਭ ਕੁਝ ਦੇਖ ਕੇ ਪੰਥ ਦਰਦੀਆਂ ਨੇ ਗੁਰਦੁਆਰਾ ਸੁਧਾਰ ਲਹਿਰ
ਸ਼ੁਰੂ ਕੀਤੀ।ਮੋਰਚੇ ਲਗੇ, ਜੇਲ੍ਹਾਂ ਭਰੀਆਂ ,ਸਾਕੇ ਵਰਤੇ, ਸਹੀਦੀਆਂ ਹੋਈਆਂ।ਆਖਰ ਸਿੰਘਾਂ ਦਾ ਸਿੱਖੀ
ਸਿੱਦਕ ਰੰਗ ਲਿਆਇਆ, ਅੰਗਰੇਜ਼ ਸਰਕਾਰ ਨੂੰ ਝੁਕਣਾ ਪਿਆ ਅਤੇ 1925 ਵਿਚ ਗੁਰਦੁਆਰਾ ਐਕਟ ਪਾਸ ਕਰ ਕੇ
ਤਸਲੀਮ ਕੀਤਾ ਕਿ ਪੰਜਾਬ ਦੇ ਇਤਿਹਾਸਿਕ ਗੁਰਦੁਆਰਿਆਂ ਦੇ ਪ੍ਰਬੰਧ ਦਾ ਅਧਿਕਾਰ ਪੰਜਾਬ ਵਿਚ ਵਸਦੇ
ਸਿੱਖਾਂ ਵਿਚ ਨਿਹਤ ਹੈ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਤੀ ਵੀਹਵੀ ਸਦੀ ਵਿਚ ਸਿੱਖਾਂ
ਦੀ ਸਭ ਤੋਂ ਵੱਡੀ ਪ੍ਰਾਪਤੀ ਹੈ।
ਗੁਰਦੁਆਰੇ ਆਜ਼ਾਦ ਕਰਵਾ ਕੇ ਸਿੱਖਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਵੱਧ ਚ੍ਹੜ੍ਹ ਕੇ ਗਿੱਸਾ ਲਿਆ
ਅਤੇ ਕਾਂਗਰਸ ਨਾਲ ਮੋਢੇ ਨਾਲ ਮੋਢਾ ਜੋੜ ਕੇ ਸੰਘਰਸ਼ ਕੀਤਾ,ਜਿਸ ਵਿਚ ਉਨ੍ਹਾਂ ਸਭ ਤੋਂ ਵੱਧ
ਕੁਰਬਾਨੀਆਂ ਦੇ ਕੇ ਯੋਗਦਾਨ ਪਾਇਆ। ਆਜ਼ਾਦੀ ਦੇ ਇਸ ਸੰਗਰਾਮ ਦੌਰਾਨ ਮਹਾਤਮਾ ਗਾਂਧੀ ਸਮੇਤ ਕਾਂਗਰਸੀ
ਲੀਡਰਾਂ ਨੇ ਸਿੱਖਾਂ ਨਾਲ ਕਈ ਵਾਰੀ ਵਾਅਦਾ ਕੀਤਾ ਕਿ ਆਜ਼ਾਦ ਭਾਰਤ ਵਿਚ ਉਨ੍ਹਾਂ ਦੇ ਹਿੱਤਾਂ ਦਾ ਪੂਰਾ
ਧਿਆਨ ਰਖਿਆ ਜਾਏ ਗਾ।ਪੰਡਤ ਨਹਿਰੂ ਨੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਸੀ , ''
ਪੰਜਾਬ ਦੇ ਬਹਾਦਰ ਸਿੱਖਾਂ ਦਾ ਹੱਕ ਹੈ ਕਿ ਉਨ੍ਹਾਂ ਵਲ ਖਾਸ ਧਿਆਨ ਦਿਤਾ ਜਾਏ।ਮੈਨੂੰ ਇਸ ਵਿਚ ਕੋਈ
ਗ਼ਲਤ ਗੱਲ ਨਹੀਂ ਜਾਪਦੀ ਕਿ ਉਤਰ ਵਿਚ ਇਕ ਇਲਾਕਾ ਅਤੇ ਰਾਜ-ਪ੍ਰਬੰਧ ਕਾਇਮ ਕੀਤਾ ਜਾਵੇ ਜਿਥੇ ਉਹ
ਆਜ਼ਾਦੀ ਦਾ ਨਿੱਘ ਮਾਣ ਸਕਣ।''
ਆਜ਼ਾਦੀ ਮਿਲੀ ਤਾਂ ਕਾਂਗਰਸ ਦੇ ਕੁਝ ਖੁਦਗਰਜ਼ ਲੀਡਰਾਂ ਦੀ ਸ਼ੌੜੀ ਰਾਜਨੀਤੀ ਅਤੇ ਜਿਨਾਹ ਦੇ ਹੱਠ ਕਾਰਨ
ਦੇਸ਼ ਦੀ ਵੰਡ ਹੋ ਗਈ। ਪੰਜਾਬ ਦੇ ਦੋ ਟੁਕੜੇ ਹੋ ਗਏ ਜਿਸ ਕਾਰਨ ਲੱਖਾਂ ਹੀ ਸਿੱਖ ਪਰਿਵਾਰਾਂ ਨੂੰ ਨਵੇਂ
ਬਣੇ ਇਸਲਾਮੀ ਦੇਸ਼ ਪਾਕਿਸਤਾਨ ਤੋਂ ਆਪਣੇ ਜੱਦੀ ਪੁਸ਼ਤੀ ਘਰ, ਜ਼ਮੀਨ,ਜਾਇਦਾਦਾਂ ਛੱਡ ਕੇ ਅਤੇ ਫਿਰਕੂ
ਅੰਸਰਾਂ ਹੱਤੌਂ ਆਪਣੇ ਪਰਿਵਾਰ ਦੇ ਕਈ ਮੈਂਬਰ ਗੁਆ ਕੇ ਖਾਲੀ ਹੱਥ ਇਧਰ ਹਿੰਦੁਸਤਾਨ ਆਉਣਾ ਪਿਆ।ਇਤਿਹਾਸ
ਗਵਾਹ ਹੈ ਕਿ ਉਨ੍ਹਾਂ ਨੇ ਕਿਸੇ ਅਗੇ ਹੱਥ ਨਹੀਂ ਅੱਡਿਆ, ਇਧਰ ਆ ਕੇ ਉਨ੍ਹਾਂ ਕਰੜੀ ਮਿਹਨਤ ਕਰ ਕੇ
ਆਪਣੇ ਆਪ ਨੂੰ ਮੂੜ ਪੈਰਾਂ ਤੇ ਖੜਿਆਂ ਕੀਤਾ।
ਆਜ਼ਾਦੀ ਮਿਲਦੇ ਹੀ ਕਾਂਗਰਸ ਨੇ ਸਾਰੇ ਵਾਅਦੇ ਭੁਲਾ ਦਿਤੇ, ਉਨ੍ਹਾਂ ਦੇ ਹਿਤਾਂ ਦੀ ਰਖਿਆ ਤਾਂ ਕੀ
ਕਰਨਾ ਸੀ,ਉਨ੍ਹਾਂ ਨਾਲ ਅਤੇ ਉਨ੍ਹਾਂ ਕਾਰਨ ਪੰਜਾਬ ਨਾਲ ਵਿੱਤਕਰਾ ਕਰਨਾ ਸ਼ੁਰੂ ਕਰ ਦਿਤਾ।ਸਾਰੇ ਭਾਰਤ
ਵਿਚ ਭਾਸ਼ਾ ਦੇ ਆਧਾਰ 'ਤੇ ਸੂਬਿਆਂ ਦਾ ਪੁਨਰਗਠਨ ਕਰ ਦਿਤਾ ਗਿਆ, ਪਰ ਪੰਜਾਬੀ ਭਾਸ਼ਾ ਦੇ ਆਧਾਰ ਉਤੇ
ਪੰਜਾਬੀ ਸੂਬੇ ਦੀ ਮੰਗ ਨੂੰ ਦੇਸ਼ ਦੀ ਇਕ ਹੋਰ ਵੰਡ ਗਰਦਾਨਿਆ।ਪੰਜਾਬੀਆਂ ਦੇ ਸਹਿਯੋਗ ਨਾਲ ਸ਼੍ਰੋਮਣੀ
ਅਕਾਲੀ ਦਲ ਨੇ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਸੰਘਰਸ਼ ਸ਼ੁਰੂ ਕੀਤਾ ਤੇ ਕਈ ਮੋਰਚੇ ਲਗਾਏ।ਆਖਰ ਇਹ
ਮੰਗ ਪਰਵਾਨ ਹੋਈ ਤਾਂ ''ਬੱਕਰੀ ਦੁੱਧ ਦੇਂਦੀ ਹੈ ਪਰ ਮੇਂਗਣਾਂ ਪਾ ਕੇ'' ਦੇ ਅਖਾਣ ਅਨੁਸਾਰ ਇਸ ਦੀ
ਰਾਜਧਾਨੀ ਚੰਡੀਗੜ੍ਹ ਤੇ ਅਨੇਕਾਂ ਪੰਜਾਬੀ ਭਾਸਾਈ ਇਲਾਕੇ ਇਸ ਤੋਂ ਬਾਹਰ ਰਖ ਦਿਤੇ, ਇਸ ਦੇ ਦਰਿਆਵਾਂ
ਦੇ ਪਾਣੀ ਗਵਾਂਢੀ ਰਾਜਾਂ ਨੂੰ ਵੰਡ ਦਿਤੇ ਅਤੇ ਇਸ ਦੇ ਡੈਮਾਂ 'ਤੇ ਕੇਂਦਰ ਨੇ ਆਪਣਾ ਅਧਿਕਾਰ ਜਮਾ
ਲਿਆ। ਇਸ ਲੰਗੜੇ ਸੂਬੇ ਨੂੰ ਮੁਕੰਮਲ ਕਰਵਾਉਣ ਲਈ ਨਵਾਂ ਸੰਘਰਸ਼ ਸੁਰੂ ਕਰਨਾ ਪਿਆ।ਇਸੇ ਕੜੀ ਵਿਚ 4
ਅਗੱਸਤ 1982 ਨੂੰ ਧਰਮ ਯੁੱਧ ਮੋਰਚਾ ਲਗਾਇਆ, ਜਿਸ ਨੂੰ ਸੰਮੂਹ ਪੰਜਾਬੀਆਂ ਦਾ ਭਰਵਾਂ ਹੁੰਗਾਰਾ
ਮਿਲਿਆ।ਪੰਜਾਬ ਦੀਆਂ ਸਾਰੀਆਂ ਜੇਲ੍ਹਾਂ ਭਰ ਗਈਆਂ। ਸਰਕਾਰ ਨੂੰ ਸਕੂਲਾਂ ਤੇ ਹੋਰ ਸਰਕਾਰੀ ਇਮਾਰਤਾਂ
ਵਿਚ ਆਰਜ਼ੀ ਜੇਲ੍ਹਾਂ ਬਣਾਉਣੀਆਂ ਪਈਆਂ।ਇਹ ਜਾਇਜ਼ ਮੰਗਾ ਪਰਵਾਨ ਕਰਨ ਦੀ ਥਾਂ ਤਤਕਾਲੀ ਪ੍ਰਧਾਨ ਮੰਤਰੀ
ਸ਼੍ਰੀਮਤੀ ਇੰਦਰਾ ਗਾਂਧੀ ਨੇ ਮੋਰਚੇ ਨੂੰ ਕੁੱਚਲਣ ਲਈ ਜੂਨ 1984 ਨੂੰ ਸ਼ਾਂਤੀ ਦੇ ਪੁੰਜ ਸ੍ਰੀ ਗੁਰੂ
ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਵਾਲੇ ਦਿਨ ਸ੍ਰੀ ਹਰਿੰਮਦਰ ਸਾਹਿਬ ਸੰਮੁ੍ਹਹ ਉਤੇ ਫੌਜੀ ਹਮਲਾ ਕਰ
ਦਿਤਾ ਅਤੇ ਪੰਜਾਬ ਵਿਚ ਮੁਗਲਾਂ ਵਾਂਗ ਦਹਿਸ਼ਤ ਤੇ ਵਹਿਸ਼ਤ ਦਾ ਇਕ ਦੌਰ ਸ਼ੁਰੂ ਕਰ ਦਿਤਾ।ਫੋਜੀ ਹਮਲੇ
ਦਾ ਬਦਲਾ ਲੈਣ ਲਈ ਭਾਈ ਬੇਅੰਤ ਸਿੰਘ ਤੇ ਸਤਵੰਤ ਸਿੰਘ ਨੇ ਸ਼੍ਰੀਮਤੀ ਗਾਂਧੀ ਦੀ ਹੱਤਿਆ ਕਰ ਦਿਤੀ,
ਜਿਸ ਉਤੇ ਕਾਂਗਰਸੀ ਸਰਕਾਰ ਨੇ ਸਿੱਖਾਂ ਦਾ ਕਤਲੇਆਮ ਕਰਵਾ ਦਿਤਾ।ਇਸ ਕਤਲੇਆਮ ਨੂੰ ਜਾਇਜ਼ ਠਹਿਰਾਉਣ
ਲਈ ਸ਼੍ਰੀਮਤੀ ਗਾਂਧੀ ਦੇ ਪੁਤਰ ਤੇ ਨਵੇਂ ਪ੍ਰਧਾਨ ਮੰਤਰੀ ਸ੍ਰੀ ਰਾਜੀਵ ਗਾਂਧੀ ਨੇ ਕਿਹਾ. ''ਜਦੋਂ
ਕੋਈ ਵੱਡਾ ਦਰੱਖਤ ਡਿਗਦਾ ਹੈ ਤਾਂ ਧਰਤੀ ਹਿੱਲਦੀ ਹੈ।''ਸ੍ਰੀ ਦਰਬਾਰ ਸਾਹਿਬ ਉਤੇ ਫੋਜੀ ਹਮਲਾ ਤੇ
ਨਵੰਬਰ 84 ਦਾ ਕਤਲੇਆਮ ਵੀਹਵੀ ਸਦੀ ਵਿਚ ਸਿੱਖਾਂ ਦਾ ਸਭ ਤੋਂ ਵੱਡਾ ਦੁਖਾਂਤ ਹੈ।ਪੰਜਾਬੀ ਸੂਬਾ ਹਾਲੇ
ਵੀ ਅਧੂਰਾ ਹੈ।
ਸਿੱਖ ਪੰਥ ਨੇ 1969 ਵਿਚ ਸ੍ਰੀ ਗੁਰੂ ਨਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਪੰਜਵੀ ਜਨਮ ਸ਼ਤਾਬਦੀ ਤੋਂ
ਬਿਨਾਂ ਅਨੇਕਾਂ ਸ਼ਤਾਬਦੀਆਂ ਮਨਾਈਆਂ ਹਨ।ਇਸ ਵਰ੍ਹੇ ਅਕਤੂਬਰ ਮਹੀਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਗੁਰਤਾ ਗੱਦੀ ਦਿਵਸ ਦੀ ਤੀਜੀ ਸ਼ਤਾਬਦੀ ਦੇਸ਼ ਵਿਦੇਸ਼ ਵਿਚ ਵਸਦੇ ਸਿੱਖਾਂ ਵਲੋਂ ਬੜੀ ਹੀ ਸ਼ਰਧਾ,
ਸਤਿਕਾਰ,ਨਿਸ਼ਠਾ ਤੇ ਖਾਲਸਈ ਸ਼ਾਨੋ ਸ਼ੌਕਤ ਨਾਲ ਮਨਾਈ ਜਾ ਰਹੀ ਹੈ।ਇਸ ਸਮਾਂ ਹੈ ਪਿਛਲੇ ਇਤਿਹਾਸ ਨੂੰ
ਯਾਦ ਕਰ ਕੇ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ ਕਿ ਕੀ ਅਸੀਂ ''ਸ਼ਬਦ ਗੁਰੂ'' ਨਾਲ ਜੁੜੇ ਹਾਂ,
ਗੁਰਬਾਣੀ ਦਾ ਅਧਿਐਨ ਅਤੇ ਉਸ ਉਤੇ ਅਮਲ ਕੀਤਾ ਹੈ,ਗੁਰੂ ਸਾਹਿਬਾਨ ਵਲੋਂ ਦਰਸਾਏ ਗਏ ਗਾਡੀ ਰਾਹ ਉਤੇ
ਕਿਤਨਾ ਕੁ ਚਲ ਰਹੇ ਹਾਂ ਅਤੇ ਉਨ੍ਹਾਂ ਦੇ ਸਮੇਂ ਵਰਗੇ ਸਿੱਖ ਹਾਂ, ਸਰਬਤ ਦੇ ਭਲੇ ਲਈ ਕੋਈ ਕਾਰਜ ਕਰ
ਰਹੇ ਹਾਂ।ਕਿਹਾ ਜਾਂਦਾ ਹੇ ਕਿ ਪਹਿਲੇ ਸਮਿਆਂ ਵਿਚ ਜਿਸ ਗਲੀ ਮਹੁੱਲੇ ਵਿਚ ਇਕ ਸਿੱਖ ਵੀ ਰਹਿੰਦਾ
ਸੀ,ਉਥੇ ਕੋਈ ਭੱਖਾ ਨਹੀਂ ਸੌਂਦਾ ਸੀ, ਕੋਈ ਬੀਮਾਰ ਬਿਨਾ ਦਵਾਈ ਨਹੀਂ ਮਰਦਾ ਸੀ,ਕੋਈ ਅੱਖਾਂ ਵਿਚ
ਅੱਥਰੂ ਲੈ ਕੇ ਆਪਣੇ ਆਪ ਨੂੰ ਬੇਸਹਾਰਾ ਨਹੀਂ ਮਹਿਸੂਸ ਕਰਦਾ ਸੀ।
ਇਸ ਤੀਜੀ ਸ਼ਤਾਾਬਦੀ ਨੂੰ ਸਮਰਪਿਤ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ''ਗੁਰੁ ਮਾਨਿਓ ਗ੍ਰੰਥ''
ਜਾਗ੍ਰਤੀ ਯਾਤਰਾ 15 ਨਵੰਬਰ ਤੋਂ ਦੇਸ਼ ਦੇ ਵੱਖ ਵੱਖ ਸੂਬਿਆਂ ਚੋਂ ਹੁੰਦੀ ਹੋਈ 12 ਫਰਵਰੀ ਨੂੰ
ਹਰਿਆਣਾ ਹਿਮਾਚਲ ਤੇ ਲਾਗਲੇ ਇਲਾਕਿਆਂ ਵਿਚ ਦਾਖਲ ਹੋ ਰਹੀ ਹੈ।ਪਹਿਲੀ ਮਾਰਚ ਨੂੰ ਚੰਡੀਗੜ੍ਹ ਤੇ
ਪੰਜਾਬ ਵਿਚ ਆਉਣ ਦਾ ਪ੍ਰੋਗਰਾਮ ਹੈ।ਸਾਡਾ ਫਰਜ਼ ਬਣਦਾ ਹੈ ਕਿ ਇਸ ਦਾ ਪੂਰੀ ਸ਼ਰਧਾ ਤੇ ਖਾਲਸਈ
ਪ੍ਰੰਪਰਾਵਾਂ ਅਨੁਸਾਰ ਸਵਾਗਤ ਕਰੀਏ ਤੇ ਇਸ ਇਤਿਹਾਸਿਕ ਪਰਬ ਦੇ ਸਾਲ ਆਪਣੇ ਬੱਚਿਆਂ ਨੂੰ ਆਪਣੇ ਮਹਾਨ
ਵਿਰਸੇ ਨਾਲ ਜੋੜੀਏ।ਇਹ ਸਮਾਂ ਹੈ ਪਤਿਤ ਹੋਏ ਤੇ ਨਸ਼ਿਆਂ 'ਚ ਗਲਤਾਨ ਅਤੇ ਭੱਟਕੇ ਹੋੇਏ ਬੱਚਿਆਂ ਨੂੰ
ਸਿੱਧੇ ਰਸਤੇ ਪਾਈਏ, ਖੁਦ ਰੋਲ ਮਾਡਲ ਬਣੀਏ।
# 194-ਸੀ, ਭਾਈ ਰਣਧੀਰ ਸਿੰਘ ਨਗਰ,ਲੁਧਿਆਣਾ