ਜਾਣਾ ਮੇਰਾ ਵੇਖਣ ਡਬੋ ਵਾਲ਼ਾ ਜ਼ੂ

ਗਿਆਨੀ ਸੰਤੋਖ ਸਿੰਘ

ਜਿਉਂ ਹੋਸ਼ ਸੰਭਾਲ਼ੀ ਹੈ ਘਰੇਲੂ ਜਾਨਵਰਾਂ: ਮਝਾਂ, ਗਾਈਆਂ, ਕੁੱਤਿਆਂ, ਬਿੱਲੀਆਂ, ਕੁੱਕੜਾਂ; ਖਾਸ ਕਰਕੇ ਉਹਨਾਂ ਦੇ ਨਿੱਕੇ ਨਿੱਕੇ ਬੱਚੇ ਬੜੇ ਚੰਗੇ ਲੱਗਦੇ ਸਨ/ਹਨ। ਹੁਣ ਜਦੋਂ ਕਿ ਕਬਰ ਵਿਚ ਲੱਤਾਂ ਵਾਲ਼ੀ ਹਾਲਤ ਹੈ ਤਾਂ ਵੀ ਇਹ ਅਵੱਲਾ ਜਿਹਾ ਚਾ, ਜੋ ਕਿ ਕੇਵਲ ਚਾ ਹੀ ਹੈ, ਘਟਿਆ ਨਹੀ ਬਲਕਿ, ''ਮਰਜ਼ ਬੜ੍ਹਤਾ ਗਇਆ ਯੂੰ ਯੂੰ ਦਵਾ ਕੀ।'' ਵਾਲ਼ੀ ਹਾਲਤ ਹੀ ਹੈ। ਕੇਵਲ ਚਾ ਦਾ ਮਤਲਬ ਹੈ ਕਿ ਇਹ ਇੱਛਾ ਹੀ ਹੈ ਪਰ ਪਰਵਾਰਕ ਵਾਤਾਵਰਣ ਅਤੇ ਉਦਮ ਤੇ ਵਸੀਲਿਆਂ ਦੀ ਘਾਟ ਕਰਕੇ ਇਸਨੂੰ ਅਮਲ ਵਿਚ ਨਹੀ ਲਿਆਂਦਾ ਜਾ ਸਕਿਆ। ਇਸ ਲਈ ਦੂਰੋਂ ਵੇਖ ਕੇ ਹੀ ਸਬਰ ਕਰ ਲਈਦਾ ਹੈ। ਖੁਲ੍ਹੇ, ਜੰਗਲੀ ਜੂਹਾਂ ਵਿਚ ਰੱਬ ਦੀ ਰਜ਼ਾ ਵਿਚ ਵਿਚਰਦੇ ਪਸ਼ੂ, ਪੰਛੀਆਂ ਦੀ ਝਾਤੀ ਤਾਂ ਬਹੁਤ ਹੀ ਲੁਭਾਵਣੀ ਲੱਗਦੀ ਹੈ। ਇਸ ਤੋਂ ਇਲਾਵਾ ਕੁਦਰਤੀ ਦ੍ਰਿਸ਼, ਨਦੀ, ਸਮੁੰਦਰ, ਜੰਗਲ਼, ਝਾੜੀਆਂ, ਲਹਿਲਹਾਉਂਦੀਆਂ ਫਸਲਾਂ, ਦਰਿਆ, ਝੀਲਾਂ, ਵਗਦੇ ਪਾਣੀ, ਵਗਦੇ ਖੂਹ, ਝਲਾਰਾਂ, ਨਹਿਰਾਂ, ਸੂਏ, ਖਾਲ਼, ਆਡਾਂ ਆਦਿ ਵੀ ਬਹੁਤ ਹੀ ਖਿੱਚ ਪਾਉਂਦੇ ਹਨ। ਸ਼ਾਇਦ ਇਹ ਇਸ ਕਰਕੇ ਵੀ ਹੋਵੇ ਕਿ ਪਿਛਲੇ ਕਿਸੇ ਨਜ਼ਦੀਕੀ ਜਨਮ ਵਿਚ ਮੈ ਵੀ ਕੋਈ ਜੰਗਲੀ ਜੀਵ ਹੀ ਰਿਹਾ ਹੋਵਾਂ! ਵੈਸੇ ਵਿਗਿਆਨਕ ਸੋਚ ਰੱਖਣ ਵਾਲੇ ਵਿਦਵਾਨ ਤਾਂ ਇਸਨੂੰ ਵਹਿਮ ਹੀ ਕਹਿੰਦੇ ਹੋਣਗੇ (ਇਹ ਜ਼ਰੂਰੀ ਨਹੀ ਕਿ ਇਸਨੂੰ ਉਹ ਸੱਚੇ ਦਿਲੋਂ ਸਮਝਦੇ ਵੀ ਹੋਣ!) ਪਰ ਮੈ ਨਾ ਤਾਂ ਵਿਦਵਾਨ ਹਾਂ ਤੇ ਨਾ ਹੀ ਵਿਗਿਆਨਕ। ਮੇਰੀ ਹਾਲਤ ਤਾਂ, ''ਜਿਨ੍ਹੇ ਲਾਈ ਗੱਲੀਂ, ਉਹਦੇ ਨਾਲ਼ ਉਠ ਚੱਲੀ।'' ਵਾਲੀ ਹੀ ਹੈ। ਅਰਥਾਤ ਜਿਵੇਂ ਕਿਸੇ ਦਾ ਦੱਸਿਆ ਜਾਂ ਲਿਖਿਆ ਸੁਣ ਪੜ੍ਹ ਲਿਆ, ਥੋਹੜੀ ਸਮਝ ਕਾਰਨ, ਉਸ ਦੇ ਨਾਲ਼ ਹੀ ਸਹਿਮਤ ਹੋ ਗਿਆ। ਕਾਦਰ ਦੀ ਕੁਦਰਤ ਦਾ ਸੁੰਦਰ ਦ੍ਰਿਸ਼ ਕੋਈ ਵੀ ਦਿਸੇ, ਭਾਈ ਵੀਰ ਸਿੰਘ ਜੀ ਦੇ ਸਬਦਾਂ ਵਿਚ, ''ਕਾਦਰ ਦੀ ਕੁਦਰਤਿ ਦਾ ਝਲਕਾਰਾ ਲੈ ਲੈਂਦਾ ਇਕ ਸਜਦਾ।'' ਅਨੁਸਾਰ, ''ਸੁਭਾਨ ਤੇਰੀ ਕੁਦਰਤਿ!'' ਕਹਿਕੇ ਅਨੰਦਮਈ ਅਹਿਸਾਸ ਹੋ ਜਾਂਦਾ ਹੈ। ਇਸ ਲਈ ਜਿਸ ਵੀ ਦੇਸ਼ ਵਿਚ ਜਾਵਾਂ ਰੈਣ ਬਸੇਰੇ ਲਈ ਗੁਰਦੁਆਰਾ ਲਭ ਕੇ ਟਿੰਡ ਫਹੁੜੀ ਓਥੇ ਟਿਕਾਉਣ ਉਪ੍ਰੰਤ, ਲਾਇਬ੍ਰੇਰੀ ਤੇ ਚਿੜੀਆ ਘਰ ਲਭ ਕੇ ਜ਼ਰੂਰ ਇਹਨਾਂ ਦੋਹਾਂ ਸਥਾਨਾਂ ਦੀ ਯਾਤਰਾ ਹਿਤ ਜਾਂਦਾ ਹਾਂ।
ਇਹੋ ਜਿਹੀ ਉਧੇੜ-ਬੁਣ ਵਿਚ ਹੀ ਇਕ ਦਿਨ ਵੇਹਲਾ ਬੈਠਾ ਸਾਂ ਕਿ, ''ਅੰਧੇ ਕੋ ਅੰਧੇਰੇ ਨੇ ਦੂਰ ਕੀ ਸੂਝੀ।'' ਵਾਂਗ ਮੈਨੂੰ ਵੀ ਫੁਰਨਾ ਫੁਰਿਆ ਕਿ ਕਿਉਂ ਨਾ ਦੁਨੀਆ ਦੇ ਦੱਖਣੀ ਅਰਧ ਗੋਲ਼ੇ (Southern Hemesphere) ਦਾ ਸਭ ਤੋਂ ਵੱਡਾ ਚਿੜੀਆ ਘਰ, ਡਬੋ (Dabbo) ਜਾ ਕੇ ਵੇਖ ਆਵਾਂ। ਵੇਹਲਾ ਹੀ ਸਾਂ ਆਮ ਵਾਂਗ। ਜਿਸ ਕਿਸੇ ਵੀ ਸੱਜਣ ਨੂੰ ਮੇਰੇ ਇਸ 'ਪਲਾਨ' ਦਾ ਪਤਾ ਲੱਗਾ, ਮਖੌਲ ਵਿਚ ਏਹੀ ਬੋਲਿਆ, "ਵੇਖੀਂ ਕਿਤੇ ਤੈਨੂੰ ਵੀ ਓਥੇ ਹੀ ਨਾ ਰੱਖ ਲੈਣ!" ਇਕ ਬੀਬੀ ਨੇ ਤਾਂ ਇਹ ਗੱਲ ਵੀ ਪਿੱਛੇ ਸਿਡਨੀ ਵਿਚ ਧੁਮਾ ਦਿਤੀ, "ਗਿਆਨੀ ਜੀ ਨੂੰ ਤਾਂ ਡੱਬੋ ਜ਼ੂ ਵਿਚ ਜੌਬ ਮਿਲ ਗਈ ਹੈ।''
ਹੁਣ ਜਾਣ ਸਮੇ ਦੀ ਰੇਲ ਗੱਡੀ ਦੀ ਗੱਲ ਵੀ ਸੁਣ ਲਵੋ: ਕਿਸੇ ਸੁਹਿਰਦ ਸੱਜਣ ਦੀ ਕਿਰਪਾ ਨਾਲ ਮੈਨੂੰ ਫ਼ਸਟ ਕਲਾਸ ਦਾ ਪਾਸ ਮਿਲ ਗਿਆ। ਸੀਟ ਬੁੱਕ ਕਰਾ ਕੇ ਜਦੋਂ ਮੈ ਇਕ ਨੰਬਰ ਵਾਲੇ ਡੱਬੇ ਵਿਚ, ਇਕ ਨੰਬਰ ਸੀਟ ਤੇ ਗਿਆ ਤਾਂ ਓਥੇ ਏਨਾ ਵਧੀਆ ਇੰਤਜ਼ਾਮ ਵੇਖ ਕੇ ਸ਼ੱਕ ਪਿਆ ਕਿ ਇਹ ਸੀਟ ਮੇਰੀ ਨਹੀ ਹੋ ਸਕਦੀ। ''ਆਹ ਮੂੰਹ ਤੇ ਮਸਰਾਂ ਦੀ ਦਾਲ਼!'' ਪਹਿਲਾਂ ਵੀ ਕਈ ਵਾਰੀ ਫ਼ਸਟ ਕਲਾਸ ਵਿਚ ਸਫ਼ਰ ਕੀਤਾ ਸੀ ਤਾਂ ਇਉਂ ਹੀ ਅਨੁਭਵ ਹੋਇਆ ਸੀ ਕਿ ਇਕਾਨਮੀ ਕਲਾਸ ਤੇ ਫ਼ਸਟ ਕਲਾਸ ਵਿਚ ਕੋਈ ਬਹੁਤਾ ਫ਼ਰਕ ਨਹੀ ਹੁੰਦਾ ਪਰ ਏਥੇ ਤਾਂ ਰੰਗ ਢੰਗ ਹੀ ਹੋਰ ਦੇ ਹੋਰ ਸਨ। ਆਹਮੋ ਸਾਹਮਣੇ ਦੋ ਗੱਦੇ ਸਨ ਜਿਨ੍ਹਾਂ ਉਪਰ ਤਿੰਨ ਤਿੰਨ ਸਵਾਰੀਆਂ ਆਰਾਮ ਨਾਲ ਬੈਠ ਸੱਕਣ। ਨਾਲ ਕੱਪੜੇ ਟੰਗਣ ਦੀ ਅਲਮਾਰੀ, ਬਾਥਰੂਮ ਤੇ ਹੋਰ ਹੁਣ ਯਾਦ ਨਹੀ ਰਿਹਾ ਕਿੰਨਾ ਕੁਝ! ਦੋ ਚਾਰ ਚੱਕਰ ਗੱਡੀ ਵਿਚ ਹੀ ਲਾਏ ਕਿ ਕੋਈ ਕਰਮਚਾਰੀ ਮਿਲ ਜਾਵੇ ਤਾਂ ਉਸਨੂੰ ਪੁੱਛ ਕੇ ਤਸੱਲੀ ਕਰਾਂ ਕਿ ਮੇਰੀ ਸਹੀ ਸੀਟ ਕੇਹੜੀ ਹੈ! ਪਰ ਕੋਈ ਵੀ ਜਦੋਂ ਨਾ ਮਿਲਿਆ ਤਾਂ ਇਹ ਸੋਚ ਕੇ ਕੇਬਨ ਦੇ ਅੰਦਰ ਬੈਠ ਗਿਆ ਕਿ ਜਦੋਂ ਕਿਸੇ ਨੇ ਆ ਕੇ ਪੁੱਛਿਆ ਤਾਂ ਆਪਣੀ ਹਾਲਤ ਬਿਆਨ ਕਰ ਦਿਆਂਗਾ ਤੇ ਬਾਬਾ ਨਾਨਕ ਜੀ ਵਾਂਗ ਆਖ ਦਿਆਂਗਾ, "ਭਾਈ ਜਿਥੇ ਥਾਂ ਹੈ, ਦੱਸਦੇ; ਮੈ ਓਥੇ ਚਲਾ ਜਾਂਦਾ ਹਾਂ।" ਪਰ ਰਸਤੇ ਵਿਚ ਨਾ ਕੋਈ ਕਰਮਚਾਰੀ ਆਇਆ ਤੇ ਨਾ ਹੀ ਕਿਸੇ ਨੇ ਮੈਨੂੰ ਉਠਾਇਆ। ਇਕ ਸਟੇਸ਼ਨ ਤੋਂ ਇਕ ਆਸਟ੍ਰੇਲੀਅਨ ਬੀਬੀ ਬੱਚੇ ਸਮੇਤ ਸਵਾਰ ਹੋਈ ਤੇ ਉਸਦੀ ਬੱਚੇ ਸਮੇਤ ਸਹੂਲਤ ਨੂੰ ਮੁਖ ਰੱਖਦਿਆਂ ਹੋਇਆਂ ਮੈ ਸਾਰਾ ਕੇਬਨ ਉਸ ਲਈ ਛੱਡ ਕੇ ਆਪ ਨਾਲ ਵਾਲੇ ਕੇਬਨ ਵਿਚ ਚਲਾ ਗਿਆ।
ਕਈ ਸਾਲਾਂ ਪਿਛੋਂ, ਕਿਸੇ ਜਾਣਕਾਰ ਸੱਜਣ ਦੇ ਦਸਣ ਤੇ ਪਤਾ ਲੱਗਾ ਕਿ ਪਹਿਲੇ ਡੱਬੇ ਦੀ ਫਸਟ ਕਲਾਸ ਏਸੇ ਤਰ੍ਹਾਂ ਦੀ ਹੀ, ਸਪੈਸ਼ਲ ਕਿਸਮ ਦੀ ਹੁੰਦੀ ਹੈ।
ਆਪਣੇ ਸੁਭਾ ਤੋਂ ਉਲ਼ਟ ਓਥੇ ਇਕ ਹੋਟਲ ਵਿਚ ਰਾਤ ਰਹਿਣਾ ਪਿਆ। ਸਟੇਸ਼ਨ ਤੋਂ ਨੇੜੇ ਹੀ ਇਕ ਪੱਬ ਸੀ ਤੇ ਉਸਦੇ ਉਪਰ ਰੈਣ ਬਸੇਰਾ। ਇਕ ਕਮਰਾ ਲੈ ਕੇ ਉਸ ਵਿਚ ਡੇਰਾ ਡਾਲ਼ ਲਿਆ। ਮੌਸਮ ਗਰਮੀ ਦਾ ਸੀ। ਪੱਖਾ ਵੀ ਕੋਈ ਨਹੀ ਸੀ ਤੇ ਬੂਹੇ ਦੇ ਸਾਹਮਣੇ ਬਾਰੀ ਵੀ ਕੋਈ ਨਹੀ ਸੀ ਜਿਸ ਥਾਣੀ ਹਵਾ ਬੂਹੇ ਚੋਂ ਦਾਖਲ ਹੋ ਕੇ ਅੱਗੇ ਨੂੰ ਨਿਕਲ਼ ਸਕੇ। ਬੂਹੇ ਦੇ ਨਾਲ ਹੀ ਬਰਾਬਰ ਤੇ ਇਕ ਬਾਰੀ ਸੀ। ਆਪਣੇ ਮਨ ਦੇ ਪਾਲ਼ੇ ਕਰਕੇ ਬੂਹਾ ਰਾਤ ਨੂੰ ਬੰਦ ਕਰਕੇ ਹੀ ਸੁੱਤਾ।
ਰਾਤੀਂ ਹੀ ਪਤਾ ਕਰ ਲਿਆ ਸੀ ਆਲੇ ਦੁਆਲ਼ੇ ਤੋਂ ਪੁੱਛ ਪੁਛਾ ਕੇ ਕਿ ਚਿੜੀਆ ਘਰ ਨੂੰ ਟੈਕਸੀ ਤੇ ਬੱਸ ਕਿਥੋਂ ਮਿਲ਼ੂ। ਸਵੇਰੇ ਛੇਤੀ ਹੀ ਉਠ ਕੇ, ਨਿਤ ਕਿਰਿਆ ਤੋਂ ਵੇਹਲਾ ਹੋ ਕੇ, ਸਹਿਜੇ ਸਹਿਜੇ ਉਸ ਸੜਕੇ ਪੈ ਕੇ ਤੁਰ ਪਿਆ ਜੇਹੜੀ ਚਿੜੀਆ ਘਰ ਨੂੰ ਜਾਂਦੀ ਸੀ। ਬੱਸ ਦਾ ਸਟਾਪ ਵੀ ਲਭ ਗਿਆ ਪਰ ਸੋਚਿਆ ਕਿ ਚਲੋ ਤੁਰਿਆ ਹੀ ਜਾਂਦਾ ਹਾ। ਰਾਹ ਵਿਚ ਜਿਥੇ ਬੱਸ ਮਿਲ਼ੂਗੀ ਚੜ੍ਹ ਜਾਵਾਂਗਾ ਪਰ ਮੈ ਤਾਂ ਚੱਲੋ ਚੱਲੀ ਚਿੜੀਆ ਘਰ ਦੇ ਬੂਹੇ ਅੱਗੇ ਵੀ ਪਹੁੰਚ ਗਿਆ ਪਰ ਬੱਸ ਨਾ ਆਈ। ਚਿੜੀਆ ਘਰ ਅਜੇ ਬੰਦ ਸੀ ਕਿਉਂਕਿ ਉਸਦੇ ਖੁਲ੍ਹਣ ਦਾ ਸਮਾ ਨਹੀ ਸੀ ਹੋਇਆ। ਥੋਹੜਾ ਕੁ ਉਡੀਕ ਕਰਵਾ ਕੇ ਉਹਨਾਂ ਨੇ ਸਮੇ ਤੋਂ ਪਹਿਲਾਂ ਹੀ ਮੈਨੂੰ ਗੇਟੋਂ ਅੰਦਰ ਵਾੜ ਲਿਆ। ਕੁਝ ਸਮਾ ਉਡੀਕਣ ਪਿੱਛੋਂ ਮੈ ਦਸ ਡਾਲਰ ਕਰਾਏ ਤੇ ਉਹਨਾਂ ਦਾ ਸਾਈਕਲ ਲੈਣ ਦਾ ਵਿਚਾਰ ਬਣਾ ਲਿਆ ਕਿਉਂਕਿ ਚਿੜੀਆ ਘਰ ਬਹੁਤ ਹੀ ਵਿਸ਼ਾਲ ਹੋਣ ਕਰਕੇ ਪੈਦਲ ਵੇਖ ਸੱਕਣਾ ਸੰਭਵ ਨਹੀ ਸੀ। ਉਹਨਾਂ ਦੇ ਸਾਈਕਲਾਂ ਦੇ ਸਟੈਂਡ ਤੋਂ ਆਪਣੀ ਜਾਣੇ ਸਭ ਤੋਂ ਵੱਡਾ ਸਾਈਕਲ ਮੈ ਲਿਆ, ਇਹ ਸਮਝ ਕੇ ਕਿ ਸ਼ਾਇਦ ਮੇਰਾ ਕੱਦ ਆਮ ਨਾਲ਼ੋਂ ਲੰਮੇਰਾ ਹੈ। ਅਜਿਹਾ ਭੁਲੇਖਾ ਅਕਸਰ ਹੀ ਮੈਨੂੰ ਪੈਂਦਾ ਰਹਿੰਦਾ ਹੈ। ਜਿਥੇ ਆਪਣੀ ਵਿੱਦਿਆ ਤੇ ਅਕਲ ਦੇ ਬੌਣੇ ਹੋਣ ਦਾ ਵਹਿਮ ਮੇਰੀ ਖੋਪਰੀ 'ਚੋਂ ਨਹੀ ਨਿਕਲ਼ਦਾ ਓਥੇ ਆਪਣੇ ਕੱਦ ਦੇ ਆਮ ਨਾਲ਼ੋਂ ਲੰਮੇਰੇ ਹੋਣ ਦਾ ਸ਼ੱਕ ਵੀ ਮੈਨੂੰ ੧੯੬੦ ਤੋਂ ਪਿਆ ਹੋਇਆ ਹੈ। ਕਾਰਨ ਦੀ ਸਮਝ ਨਹੀ ਆਈ।
ਸਾਈਕਲ ਬਾਰੇ ਵੀ ਸੁਣ ਲਵੋ: ਹਿੰਦੋਸਤਾਨੀ ਸਾਈਕਲਾਂ ਤੋਂ ਉਲ਼ਟ ਇਸਦਾ ਹੈਂਡਲ ਨਿਆਰਾ ਜਿਹਾ ਹੀ ਸੀ। ਇਉਂ ਸਮਝ ਲਓ ਕਿ ਜਿਵੇਂ ਬਲ਼੍ਹਦ ਦੇ ਬ੍ਰਾਬਰ ਤੇ ਬਾਹਰ ਵੱਲ ਨੂੰ ਸਿਙ ਹੋਣ। ਉਸ ਦੇ ਉਤੇ ਬਹਿਣ ਤੋਂ ਪਹਿਲਾਂ ਹੀ ਮੈਨੂੰ ਖੁੜਕ ਤਾਂ ਗਈ ਕਿ ਮੈ ਆਪਣੇ ਕੱਦ ਦਾ ਲੋੜੋਂ ਵਧ ਲੰਮਾ ਹੋਣ ਦਾ ਅੰਦਾਜ਼ਾ ਲਾ ਲਿਆ ਹੈ ਪਰ ਇਸ ਗ਼ਲਤੀ ਨੂੰ ਸੁਧਾਰਨ ਦਾ ਯਤਨ ਨਾ ਕੀਤਾ ਤੇ ਪਲਾਕੀ ਮਾਰ ਕੇ ਇਸ ਦੇ ਉਪਰ ਬੈਠ ਗਿਆ। ਲਓ, ਕੀ ਹੋਇਆ! ਜਿਉਂ ਹੀ ਮੈ ਇਸ ਉਪਰ ਸਵਾਰ ਹੋਇਆ ਇਹ ਤਾਂ ਘੋੜੀ ਵਾਂਗ ਹੀ ਰੇਹੜੇ ਪੈ ਗਿਆ ਤੇ ਵਾਹਵਾ ਢਲਾਣ ਵਾਲੀ ਸੜਕ ਤੇ ਨਿਵਾਣ ਵੱਲ ਤੇਜ ਰਫ਼ਤਾਰੀ ਨਾਲ਼ ਦੌੜ ਤੁਰਿਆ। ਰੋਕਣ ਦਾ ਯਤਨ ਬਥੇਰਾ ਕੀਤਾ ਪਰ ਸਭ ਅਸਫਲ। ਏਸੇ ਦੌਰਾਨ ੧੯੬੩ ਦੀ ਘਟਨਾ ਯਾਦ ਆ ਗਈ। ਧਮਧਾਨ ਸਾਹਿਬ (ਹਰਿਆਣਾ) ਵਿਖੇ ਇਕ ਘੋੜੀ ਤੇ ਸਵਾਰ ਹੋ ਗਿਆ। ਘੋੜੀ ਭੱਜ ਪਈ ਪਰ ਮੈਨੂੰ ਰੋਕਣੀ ਨਾ ਆਵੇ। ਕਾਠੀ ਵੀ ਉਸ ਉਪਰ ਕੋਈ ਨਾ। ਉਸਦੇ ਦੌੜਨ ਸਮੇ ਮੈ ਬੁੜਕ ਬੁੜਕ ਕੇ ਉਸਦੀ ਪਿੱਠ ਉਤੇ ਡਿਗਾਂ ਤੇ ਇਸ ਉਛਲ ਕੁੱਦ ਵਿਚ ਮੇਰਾ ਘੋੜੀ ਦੀ ਪਿੱਠ ਤੇ ਲੱਗਣ ਵਾਲਾ ਸਰੀਰ ਦਾ ਥਾਂ ਵੀ ਪੀੜ ਕਰਨ ਲੱਗ ਪਿਆ ਤੇ ਵੱਸ ਕੋਈ ਚੱਲਦਾ ਨਾ ਵੇਖ ਮੈ ਘੋੜੀ ਤੋਂ ਛਾਲ਼ ਮਾਰ ਦਿਤੀ। ਵੇਖਣ ਵਾਲ਼ਿਆਂ ਸਮਝਿਆ ਕਿ ਮੈ ਡਿਗ ਪਿਆ ਹਾਂ। ਉਹ ਮੇਰੀ ਸੰਭਾਲ਼ ਲਈ ਮੇਰੇ ਵੱਲ ਭੱਜੇ। ਮੈਨੂੰ ਡਿੱਗਾ ਜਾਣ ਕੇ ਘੋੜੀ ਵੀ ਥੋਹੜੀ ਅੱਗੇ ਜਾ ਕੇ ਖਲੋ ਗਈ ਤੇ ਮੈ ਉਠ ਕੇ, ਭੱਜ ਕੇ ਉਸਦੀ ਲਗਾਮ ਫੜ ਲਈ। ਦਿਲ 'ਚ ਸੋਚਿਆ, ''ਜਿਸਦਾ ਕਾਮ ਉਸੀ ਕੋ ਸਾਜੇ। ਔਰ ਕਰੇ ਤੋ ਢੂੰਗਾ ਭਾਜੇ।'' ਏਥੇ ਇਕ ਨਿਹੰਗ ਸਿੰਘ ਜੀ ਦੀ ਵਾਰਤਾ ਵੀ ਚੇਤੇ ਆ ਗਈ। ਬਿਨਾ ਕਾਠੀ ਤੋਂ ਨਿਹੰਗ ਸਿੰਘ ਜੀ ਘੋੜੀ ਉਪਰ ਸਵਾਰ ਸਨ ਤੇ ਘੋੜੀ ਦੌੜ ਰਹੀ ਸੀ। ਨਿਹੰਗ ਸਿੰਘ ਜੀ ਹਰ ਵਾਰ ਬੁੜ੍ਹਕ ਕੇ ਜਦੋਂ ਦੁਬਾਰਾ ਘੋੜੀ ਤੇ ਡਿੱਗਣ ਤਾਂ ਥੋਹੜਾ ਥੋਹੜਾ ਕਰਕੇ ਪਿਛਲੇ ਪਾਸੇ ਨੂੰ ਖਿਸਕੀ ਜਾਣ ਪਰ ਉਹਨਾਂ ਨੂੰ ਇਸ ਖਿਸਕਣ ਵਾਲ਼ੀ ਗੱਲ ਦਾ ਗਿਆਨ ਨਹੀ ਸੀ। ਇਉਂ ਖਿਸਕਦੇ ਖਿਸਕਦੇ ਅਖੀਰ ਘੋੜੀ ਤੋਂ ਉਸਦੇ ਮਗਰ ਜਾ ਡਿੱਗੇ। ਵੇਖਣ ਵਾਲ਼ੇ ਕਿਸੇ ਭਲੇ ਪੁਰਸ਼ ਨੇ ਆਖਿਆ, ''ਸਿੰਘ ਜੀ ਨੀਲੇ ਦੇ ਸਾਹ ਸਵਾਰ ਦੇ ਤਿਆਰ ਬਰ ਤਿਆਰ ਸਿੰਘ ਹੋ ਕੇ ਵੀ ਘੋੜੀ ਤੋਂ ਡਿਗ ਪਏ!'' ''ਫੋਜਾਂ ਥੋਹੜਾ ਡਿੱਗੀਆਂ; ਸੌਹਰੀ ਦੀ ਘੋੜੀ ਹੀ ਮੁੱਕ ਗਈ'' ਉਤਰ ਸੀ ਸਹਿਜ ਸੁਭਾ ਸਿੰਘ ਜੀ ਦਾ।
ਫੇਰ ਆਈਏ ਸਾਈਕਲ ਵਾਲ਼ੀ ਗੱਲ ਵੱਲ। ਬਥੇਰਾ ਏਧਰ ਓਧਰ ਵੇਖਾਂ ਪਰ ਬਰੇਕ ਨਾ ਲਭੇ। ਸਾਈਕਲ ਪਲੋ ਪਲ ਹੋਰ ਤੇਜੀ ਫੜਦਾ ਜਾਵੇ। ਬੜੀਆਂ ਵਿਚਾਰਾਂ ਮਨ ਵਿਚ ਆਉਣ ਕਿ ਇਸਨੂੰ ਕਿਵੇਂ ਰੋਕਾਂ। ਕਦੀ ਸੋਚਾਂ ਕਿਸੇ ਝਾੜੀ ਵਿਚ ਮਾਰ ਕੇ ਰੋਕਾਂ। ਕਦੇ ਨਿੱਕੇ ਹੁੰਦੇ ਜਦੋਂ ਚਾਚਾ ਜੀ ਦੇ ਸਾਈਕਲ ਨੂੰ, ਉਹਨਾਂ ਦੀ ਅੱਖ ਬਚਾ ਕੇ ਹਵੇਲੀ ਵਿਚੋਂ ਸੜਕ ਤੇ ਲੈ ਜਾਣਾ। ਕੈਂਚੀ ਪਾ ਕੇ ਸੜਕ ਤੇ ਚਲਾਉਣਾ ਸਿੱਖਣਾ; ਉਹ ਵੀ ਚੋਰੀਂ ਚੋਰੀਂ। ਰੋਕਣ ਦੀ ਜਾਚ ਨਾ ਹੋਣ ਕਰਕੇ ਸੜਕ ਤੇ ਗੱਡੇ ਲੁੱਕ ਦੇ ਡਰੰਮ ਨਾਲ਼ ਮਾਰ ਕੇ ਕਦੀ ਰੋਕਿਆ ਕਰਦਾ ਸਾਂ। ਕਦੀ ਉਤੋਂ ਛਾਲ਼ ਮਾਰ ਕੇ ਉਤਰਨਾ ਤੇ ਕਦੀ ਡਿਗ ਹੀ ਪੈਣਾ। ਸੋਚਾਂ ਕਿ ਕੋਈ ਉਹੋ ਜਿਹੀ ਚੀਜ ਦਿਸ ਪਵੇ ਤੇ ਉਸ ਵਿਚ ਸਾਈਕਲ ਨੂੰ ਮਾਰ ਕੇ ਰੋਕਾਂ। ਸਾਈਕਲ ਦੀ ਰਫਤਾਰ ਦੇ ਨਾਲ਼ ਨਾਲ਼ ਹੀ ਮੇਰੇ ਡਰ ਦੀ ਮਿਕਦਾਰ ਵੀ ਵਧਦੀ ਜਾਵੇ। ਅਚਾਨਕ ਖਿਆਲ ਆਇਆ ਕਿ ਆਸਟ੍ਰੇਲੀਅਨ ਸਾਈਕਲਾਂ ਦੀਆਂ ਬਰੇਕਾਂ ਹੈਂਡਲ ਵਿਚ ਨਾ ਹੋ ਕੇ ਪੈਡਲ ਵਿਚ ਹੁੰਦੀਆਂ ਹਨ। ਇਹ ਖਿਆਲ ਆਉਂਦਿਆਂ ਹੀ ਪੈਡਲ ਨੂੰ ਪੁੱਠਾ ਗੇੜਾ ਦੇਣ ਦਾ ਯਤਨ ਕੀਤਾ ਤਾਂ ਸਾਈਕਲ ਜੀ ਮਹਾਰਾਜ ਥੰਮ੍ਹ ਗਏ। ਇਹ ਜਾਣ ਕੇ ਸੁਖ ਦਾ ਸਾਹ ਆਇਆ। ਜਾਹ ਜਾਂਦੀਏ ਹੋ ਜਾਣ ਦਾ ਡਰ ਪੈਦਾ ਹੋ ਗਿਆ ਸੀ। ਮੇਰੇ ਨਾਲ਼, ''ਹਰ ਹਰ ਗੰਗਾ। ਕਾਹਨੂੰ ਲਿਆ ਪੰਗਾ।'' ਵਾਂਗ ਹੀ ਨਾ ਕਿਤੇ ਹੋ ਜਾਦੀ! ਐਵੇਂ ਆਰਾਮ ਨਾਲ਼ ਬੱਚਿਆਂ ਵਿਚ ਬੈਠੇ ਬੈਠੇ ਜ਼ੂ ਵੇਖਣ ਦੇ ਚਾ 'ਚ ਪੰਗਾ ਪਾ ਬੈਠਾ ਸਾਂ।
ਖੈਰ, ਰੱਬ ਰੱਬ ਕਰਕੇ ਤਰ੍ਹਾਂ ਤਰ੍ਹਾਂ ਦੇ ਜੀਵ ਵੇਖ ਵੇਖ ਕੇ ਰੱਬ ਦੀਆਂ ਕੁਦਰਤਾਂ ਦਾ ਅਨੰਦ ਮਾਣ ਹੀ ਰਿਹਾ ਸਾਂ ਕਿ ਮੈਨੂੰ ਵੇਖ ਕੇ ਇਕ ਭੂਤਰੇ ਹੋਏ ਗੈਂਡੇ ਨੇ ਆਪਣੇ ਪਿਛਲੇ ਪਾਸਿਉਂ ਏਨੇ ਜੋਰ ਦੀ ਪਿਸ਼ਾਬ ਦੀ ਧਾਰ ਮਾਰੀ ਕਿ ਰੱਬੋਂ ਹੀ ਮੈ ਉਸ ਵਿਚ ਇਸ਼ਨਾਨ ਕਰਨੋ ਬਚ ਸਕਿਆ। ਇਸ 'ਆਵਾਰਗਾਰਦੀ' ਤੋਂ ਥਕਾਵਟ ਜਿਹੀ ਮਹਿਸੂਸ ਕਰਕੇ ਮੈ ਵਾਪਸੀ ਚਾਲੇ ਪਾ ਦਿਤੇ। ਜਦ ਪਹਿਲਾਂ ਤੁਰ ਕੇ ਚਲਿਆ ਗਿਆ ਸੀ ਤੇ ਫਿਰ ਤਾਂ ਨਾ ਤੁਰ ਕੇ ਮੁੜਨ ਵਿਚ ਕੋਈ ਤੁਕ ਨਹੀ ਸੀ ਦਿਸਦੀ। ਸਗੋਂ ਨਵਾਂ ਰਾਹ ਲਭਣ ਦੀ ਉਤਸੁਕਤਾ ਵਿਚ ਦਰਿਆ ਲਭ ਗਿਆ। ਉਸ ਦਰਿਆ ਦੇ ਸਰਸਬਜ਼, ਹਰੇ ਭਰੇ ਕੰਢੇ ਉਪਰ ਮਨ ਮਰਜੀ ਨਾਲ਼ ਤੁਰਦਾ ਹੋਇਆ, ਕਿਉਂਕਿ ਓਧਰ ਕੋਈ ਵੇਖਣ ਵਾਲ਼ਾ ਨਹੀ ਸੀ, ਛੋਟੇ ਰਾਹ ਥਾਣੀ ਛੇਤੀ ਵਾਪਸ ਆ ਗਿਆ। ਰਸਤੇ ਵਿਚ ਇਕ ਹੋਰ ਵੀ ਵਧੀਆ ਗੱਲ ਹੋਈ। ਇਕ ਰੈਸਟੋਰੈਂਟ ਦੇ ਬੋਰਡ ਉਪਰ ਨਿਗਾਹ ਪਈ ਤੇ ਉਸ ਉਪਰ 'ਦਰਬਾਰ ਇੰਡੀਅਨ ਰੈਸਟੋਰੈਂਟ' ਲਿਖਿਆ ਪੜ੍ਹ ਕੇ, ਖੁਸ਼ੀ ਖੁਸ਼ੀ ਅੰਦਰ ਜਾ ਵੜਿਆ। ਅੱਗੇ ਨੌਜਵਾਨ ਪੰਜਾਬੀ ਮੁੰਡੇ ਬੜੇ ਤਪਾਕ ਨਾਲ਼ ਮਿਲ਼ੇ। ਬੈਠੇ, ਗੱਲਾਂ ਕੀਤੀਆਂ। ਉਹਨਾਂ ਨੇ ਰੋਟੀ ਲਈ ਬੜਾ ਜੋਰ ਲਾਇਆ ਪਰ ਮੈ ਇਹ 'ਲੂਹਾ ਬਾਲ਼ਾ' ਮੁਕਾ ਚੁੱਕਾ ਸਾਂ। ਉਹਨਾਂ ਦੇ ਜੋਰ ਦੇਣ ਤੇ ਚਾਹ ਦਾ ਕੱਪ ਛਕ ਲਿਆ। ਉਹਨਾਂ ਨੇ ਦੱਸਿਆ ਕਿ ਉਹ ਮੈਨੂੰ ਜਾਣਦੇ ਹਨ ਤੇ ਮੇਰੇ 'ਰੌਲ਼ੇ ਰੱਪੇ' ਤੋਂ ਵੀ ਜਾਣੂ ਹਨ। ਮੈ ਆਖਿਆ, ''ਜਾਣੋ ਕਿਵੇਂ ਨਾ! 'ਉਹ ਕੇਹੜੀ ਗਲ਼ੀ। ਜਿਥੇ ਭਾਗੋ ਨਹੀ ਖਲ਼੍ਹੀ!'''
ਉਹਨਾਂ ਨੇ ਉਸ ਸ਼ਹਿਰ ਵਿਚ ਆਪਣੇ ਪਾਸ ਹੋਰ ਟਿਕਣ ਲਈ ਪੇਸ਼ਕਸ਼ ਕੀਤੀ ਪਰ ਮੈ ਉਹਨਾਂ ਦਾ ਧੰਨਵਾਦ ਕਰ ਕੇ ਓਸੇ ਰਾਤ ਦੀ ਗੱਡੀ ਵਾਪਸ ਮੁੜ ਆਉਣ ਦਾ ਪ੍ਰੋਗਰਾਮ ਦੱਸ ਦਿਤਾ ਤੇ ਨਾਲ ਹੀ ਕਿਹਾ, ''ਜੇ ਮੈਨੂੰ ਪਤਾ ਹੁੰਦਾ ਕਿ ਤੁਸੀਂ ਏਥੇ ਰਹਿੰਦੇ ਹੋ ਤਾਂ ਮੈ ਰਾਤ ਗੁੰਗੇ ਬਣ ਕੇ ਅਣਚਾਹੀ ਥਾਂ ਹੋਟਲ ਵਿਚ ਕਿਉਂ ਕੱਟੀ। ਰਾਤ ਭਰ ਤੁਹਾਡਾ ਸਿਰ ਖਾਂਦਾ, ਆਪਣੀਆਂ ਗੱਪਾਂ ਸੁਣਾ ਸੁਣਾ ਕੇ। ਚਲੋ ਫਿਰ ਕਦੀ ਸਹੀ। ਇਸ ਵਾਰ ਤਾਂ ਤੁਸੀਂ ਮੇਰੇ 'ਗਿਆਨ' ਦੀ ਮਾਰ ਤੋਂ ਬਚ ਗਏ ਹੋ!''
ਵਾਪਸ ਸਿਡਨੀ ਮੁੜਨ ਤੇ ਇਕ ਬਹੁਤੇ ਹੀ ਸੁਹਿਰਦ ਸੱਜਣ ਨੇ ਪੁੱਛ ਲਿਆ, ''ਕੀ ਗੱਲ ਓਥੇ ਰੱਖਿਆ ਨਹੀ ਤੈਨੂੰ ਕਿਸੇ ਨੇ!" "ਨੋ ਵੇਕੈਂਸੀ ਦਾ ਸਾਈਨ ਹੀ ਦਿਸਿਆ ਸੀ ਮੈਨੂੰ ਤਾਂ ਓਥੇ!" ਜਵਾਬ ਸੀ ਮੇਰਾ ਓਸੇ ਹੀ ਟੋਨ ਵਿਚ।