ਮਾਲਾ, ਸਿਮਰਨੇ ਤੇ ਗੁਰਮਤਿ
|
ਗੁਰਸ਼ਰਨ ਸਿੰਘ ਕਸੇਲ, ਕਨੇਡਾ |
ਜਿਥੇ ਇਕ ਪਾਸੇ ਦੁਨੀਆਂ ਵਿੱਚ ਕੁਝ ਰੱਬ ਦੇ ਪਿਆਰੇ ਮਹਾਪੁਰਖ,ਗੁਰੂ, ਭਗਤ
ਜਾਂ ਹੋਰ ਨਾਵਾਂ ਨਾਲ ਜਾਣੇ ਜਾਂਦੇ ਮਨੁੱਖਤਾ ਦੀ ਸੇਵਾ ਕਰਨ ਵਾਲੇ ਇਨਸਾਨ ਪੈਦਾ ਹੋਏ ਹਨ, ਉਥੇ ਨਾਲ
ਹੀ ਕੁਝ ਭੇਖਧਾਰੀ ਵੀ ਪੈਦਾ ਹੋਏ ਹਨ।ਜੋਂ ਸਿਰਫ ਬਾਹਰੀ ਦਿਖਾਵੇ ਵਾਲਾ ਧਾਰਮਿਕ ਪਹਿਰਾਵਾ ਪਾ ਕੇ ਹੀ
ਜਨਤਾ ਦੀ ਹੱਕ ਹਲਾਲ ਦੀ ਕਮਾਈ 'ਤੇ ਐਸ਼ਾਂ ਕਰਦੇ ਆ ਰਹੇ ਹਨ।
ਗੁਰੂ ਸਾਹਿਬਾਨ ਨੇ ਅਜਿਹੇ ਭੇਖੀ ਲੋਕਾਂ ਤੋਂ ਜਨਤਾ ਨੂੰ ਰਾਹਤ ਦੁਵਾਉਣ, ਮਨਮੁਖ ਤੋਂ ਗੁਰਮੁਖ
ਬਣਾਉਣ, ਬ੍ਰਹਮ ਤੇ ਬ੍ਰਹਿਮੰਡ ਦੀ ਸੋਝੀ ਦੇਣ ਖਾਤਰ ਬਾਣੀ ਰਚੀ ਅਤੇ ਉਹਨਾਂ ਭਗਤਾਂ ਦੀ ਬਾਣੀ ਵੀ
ਇਕੱਠੀ ਕੀਤੀ ਜਿਹੜੇ ਹਰੇਕ ਮਨੁੱਖ ਵਿੱਚ ਇਕ ਅਕਾਲ ਪੁਰਖ ਦੀ ਜੋਤ ਸਮਝਦੇ ਸਨ।ਗੁਰਬਾਣੀ ਹਰੇਕ ਮਨੁੱਖ
ਲਈ ਇਕ ਚਾਨਣ ਮੁਨਾਰਾ ਹੈ, ਜੋ ਸੱਚਾ-ਸੁੱਚਾ ਜੀਵਨ ਜੀਣ ਲਈ ਰੋਸ਼ਨੀ ਦਿੰਦੀ ਹੈ।ਇਹ ਅੱਜ ਦੇ ਸਾਇੰਸ
ਵਾਲੇ ਯੁੱਗ ਵਿੱਚ ਵੀ ਓਨੀ ਹੀ ਪ੍ਰਮਾਣਿਕ ਹੈ, ਜਿੰਨੀ ਗੁਰੂ ਸਾਹਿਬਾਨ ਦੇ ਸਮੇਂ ਸੀ।ਕਮੀ ਹੈ, ਇਸ
ਨੂੰ 'ਪੜ੍ਹਨ ਤੇ ਸੁਣਨ' ਤੋਂ ਉਪਰ ਉਠਕੇ ਵਿਚਾਰ ਕਰਨ ਦੀ।ਇਹ ਹੀ ਕਮੀ ਹੈ, ਕਿ ਸਾਡੇ ਕੋਲ 'ਸ਼ਬਦ ਗੁਰੂ'
ਦੇ ਰੂਪ ਵਿੱਚ ਗਿਆਨ ਦਾ ਵੱਡਮੁਲਾ ਭੰਡਾਰ ਹੁੰਦਿਆਂ ਹੋਇਆਂ ਵੀ ਅਸੀਂ ਉਹਨਾਂ ਭੇਖੀਆਂ ਦੇ ਜਾਲ ਵਿੱਚ
ਫੱਸ ਜਾਂਦੇ ਹਾਂ ਜਿਹੜੇ ਤਰਾ੍ਹਂ-ਤਰਾ੍ਹਂ ਦੇ ਬਾਹਰੀ ਭੇਖ ਧਾਰ ਕੇ ਧਾਰਮਿਕ ਬਿਰਤੀ ਵਾਲੇ ਹੋਣ ਦਾ
ਢੌਂਗ ਕਰਦੇ ਹਨ। ਜਿਸ ਵਿੱਚ ਮਾਲਾ ਤੇ ਸਿਮਰਨੇ ਫੇਰਨ ਦਾ ਢੌਂਗ ਵੀ ਹੈ।
ਮਾਲਾ ਤੇ ਸਿਮਰਨੇ ਫੇਰਨ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਾਫੀ ਸ਼ਬਦ ਹਨ।ਜਿੰਨਾਂ ਤੋਂ ਇਹ
ਸਪਸ਼ਟ ਹੁੰਦਾ ਹੈ ਕਿ ਗੁਰੂ ਸਾਹਿਬਾਨ ਦੇ ਸਮੇਂ ਵੀ ਮਾਲਾ ਤੇ ਸਿਮਰਨਿਆਂ ਦਾ ਪਾਉਣਾ ਤੇ ਫੇਰਨਾਂ ਜ਼ੋਰਾਂ
ਤੇ ਸੀ।ਹੋ ਸਕਦਾ ਹੈ ਕਿ ਕਿਸੇ ਸਮੇਂ ਇਹ ਸੱਚੇ-ਸੁੱਚੇ ਅਨਸਾਨਾ ਨੇ ਇਸ ਦੀ ਵਰਤੋਂ ਕੀਤੀ ਹੋਵੇ, ਪਰ
ਬਾਅਦ ਵਿਚ ਇਸਨੂੰ ਭੇਖੀਆਂ ਨੇ ਪਾਉਣਾ ਤੇ ਵਖਾਉਣਾ ਸ਼ੁਰੂ ਕਰ ਦਿੱਤਾ ਗਿਆ। ਇਸੇ ਕਰਕੇ ਹੀ ਇਹ ਬਾਅਦ
ਵਿਚ ਸਾਧ /ਸੰਤ ਰੂਪ ਵਿੱਚ ਫਿਰਦੇ ਬਨਾਰਸ ਦੇ ਠੱਗਾਂ ਦੇ ਬਾਣੇ ਦਾ ਅਹਿਮ ਹਿੱਸਾ ਬਣ ਗਿਆ। ਗੁਰੂ
ਸਾਹਿਬਾਨ ਦੇ ਇਨਾ੍ਹਂ ਭੇਖੀਆਂ ਬਾਰੇ ਕੀ ਵਿਚਾਰ ਹਨ; ਇਹ ਜਾਣਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਵਿੱਚ ਸ਼ੁਸ਼ੋਭਤ ਸ਼ਬਦਾਂ ਤੋਂ ਜਾਣਕਾਰੀ ਲੈਂਦੇ ਹਾਂ ਕਿ ਉਹ ਮਾਲਾ ਤੇ ਸਿਮਰਨਿਆਂ ਬਾਰੇ ਸਿੱਖਾਂ ਨੂੰ
ਕੀ ਉਪਦੇਸ਼ ਦੇਂਦੇ ਹਨ।ਆਓ ਗੁਰਬਾਣੀ ਨਾਲ ਜੁੜੀਏ:-
ਪੜਿ ਪੁਸਤਕ ਸੰਧਿਆ ਬਾਦੰ ॥ਸਿਲ ਪੂਜਸਿ ਬਗੁਲ ਸਮਾਧੰ॥
ਮੁਖਿ ਝੂਠ ਬਿਭੂਖਣ ਸਾਰੰ॥ ਤ੍ਰੈਪਾਲ ਤਿਹਾਲ ਬਿਚਾਰੰ॥ ਗਲਿ ਮਾਲਾ ਤਿਲਕੁ ਲਿਲਾਟੰ ॥
ਦੁਇ ਧੋਤੀ ਬਸਤ੍ਰ ਕਪਾਟੰ॥ ਜੇ ਜਾਣਸਿ ਬ੍ਰਹਮੰ ਕਰਮੰ॥
ਸਭਿ ਫੋਟਕ ਨਿਸਚਉ ਕਰਮੰ॥ ਕਹੁ ਨਾਨਕ ਨਿਹਚਉ ਧਿਆਵੈ॥ ਵਿਣੁ ਸਤਿਗੁਰ ਵਾਟ ਨ ਪਾਵੈ॥2॥(ਮ.1, ਪੰਨਾ
470)
ਅਰਥ:- ( ਪੰਡਤ ਵੇਦ ਆਦਿਕ ਧਾਰਮਿਕ) ਪੁਸਤਕਾਂ ਪੜ੍ਹ ਕੇ ਸੰਧਿਆ ਕਰਦਾ ਹੈ ਅਤੇ ( ਹੋਰਨਾਂ ਨਾਲ)
ਚਰਚਾ ਛੇੜਦਾ ਹੈ, ਮੂਰਤੀ ਪੂਜਦਾ ਹੈ ਅਤੇ ਬਗਲੇ ਵਾਂਗ ਸਮਾਧੀ ਲਾਂਦਾ ਹੈ; ਮੁਖੋਂ ਝੂਠ ਬੋਲਦਾ ਹੈ;
(ਹਰ ਰੋਜ਼) ਤਿੰਨ ਵੇਲੇ ਗਾਯਤ੍ਰੀ ਮੰਤਰ ਨੂੰ ਵਿਚਾਰਦਾ ਹੈ; ਗਲ ਵਿੱਚ ਮਾਲਾ ਰੱਖਦਾ ਹੈ, ਤੇ ਮੱਥੇ
ਉਤੇ ਤਿਲਕ ਲਾਂਦਾ ਹੈ;, (ਸਦਾ) ਦੋ ਧੋਤੀਆਂ ਪਾਸ ਰੱਖਦਾ ਹੈ ਤੇ (ਸੰਧਿਆ ਕਰਨ ਵੇਲੇ) ਸਿਰ ਉਤੇ ਇਕ
ਵਸਤਰ ਧਰ ਲੈਂਦਾ ਹੈ।ਪਰ ਜੇ ਇਹ ਪੰਡਤ ਰੱਬ(ਦੀ ਸਿਫ਼ਤਿ-ਸਲਾਹ) ਦਾ ਕੰਮ ਜਾਣਦਾ ਹੋਵੇ, ਤਦ ਨਿਸਚਾ ਕਰ
ਕੇ ਜਾਣ ਲਵੋ ਕਿ, ਇਹ ਸਭ ਕੰਮ ਫੋਕੇ ਹਨ। ਆਖ, ਹੇ ਨਾਨਕ !(ਮਨੁੱਖ) ਸਰਧਾ ਧਾਰ ਕੇ ਰੱਬ ਨੂੰ
ਸਿਮਰੇ-ਕੇਵਲ ਇਹੋ ਰਸਤਾ ਗੁਣਕਾਰੀ ਹੈ,(ਪਰ) ਇਹ ਰਸਤਾ ਸਤਿਗੁਰੂ ਤੋਂ ਬਿਨਾਂ ਨਹੀਂ ਲੱਭਦਾ।
ਧੋਤੀ ਊਜਲ ਤਿਲਕੁ ਗਲਿ ਮਾਲਾ ॥ਅੰਤਰਿ ਕ੍ਰੋਧੁ ਪੜਹਿ ਨਾਟ ਸਾਲਾ॥
ਨਾਮੁ ਵਿਸਾਰਿ ਮਾਇਆ ਮਦੁ ਪੀਆ॥ ਬਿਨੁ ਗੁਰ ਭਗਤਿ ਨਾਹੀ ਸੁਖੁ ਥੀਆ॥( ਮ.1,ਪੰਨਾ 832)
ਅਰਥ:-ਜਿਹੜੇ ਮਨੁੱਖ ਚਿੱਟੀ ਧੋਤੀ ਪਹਿਨਦੇ ਹਨ( ਮੱਥੇ ਉਤੇ ) ਤਿਲਕ ਲਾਂਦੇ ਹਨ, ਤੇ ( ਵੇਦ ਆਦਿਕਾਂ
ਦੇ ਮੰਤ੍ਰ ) ਪੜ੍ਹਦੇ ਹਨ ਪਰ ਉਨਾ੍ਹਂ ਦੇ ਅੰਦਰ ਕਰੋਧ ਪ੍ਰਬਲ ਹੈ ਉਨਾ੍ਹਂ ਦਾ ਉਦੱਮ ਇਉਂ ਹੀ ਹੈ
ਜਿਵੇਂ ਕਿਸੇ ਨਾਟ-ਘਰ ਵਿੱਚ ਨਾਟ-ਵਿੱਦਿਆ ਦੀ ਸਿਖਲਾਈ ਕਰ ਰਹੇ ਹਨ।
ਜਿਨਾ੍ਹਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਭੁਲਾ ਕੇ ਮਾਇਆ (ਦੇ ਮੋਹ) ਦੀ ਸ਼ਰਾਬ ਪੀਤੀ ਹੋਈ ਹੋਵੇ, (ਉਹਨਾਂ
ਨੂੰ ਸੁਖ ਨਹੀਂ ਹੋਂ ਸਕਦਾ) ਗੁਰੂ ਤੋਂ ਬਿਨਾਂ ਪ੍ਰਭੂ ਦੀ ਭਗਤੀ ਨਹੀਂ ਹੋਂ ਸਕਦੀ, ਤੇ ਭਗਤੀ ਤੋਂ
ਬਿਨਾ ਆਤਮਕ ਆਨੰਦ ਨਹੀਂ ਮਿਲਦਾ।
ਸਾਲਗ੍ਰਾਮ ਬਿਪ ਪੂਜਿ ਮਨਾਵਹੁ ਸੁਕ੍ਰਿਤੁ ਤੁਲਸੀ ਮਾਲਾ॥
ਰਾਮ ਨਾਮੁ ਜਪਿ ਬੇੜਾ ਬਾਧਹੁ ਦਇਆ ਕਰਹੁ ਦਇਆਲਾ॥(ਮ. 1, ਪੰਨਾ 1171 )
ਅਰਥ:- ਹੇ ਬ੍ਰਾਹਮਣ ! ਪ੍ਰਮਾਤਮਾ ਦਾ ਨਾਮ ਸਿਮਰ ਕੇ ( ਸੰਸਾਰ ਸਮੁੰਦਰ ਦੀਆਂ ਵਿਕਾਰਾਂ ਦੀਆਂ ਲਹਿਰਾਂ
ਵਿੱਚੋਂ ਪਾਰ ਲੰਘਣ ਲਈ )ਇਹ ਬੇੜਾ ਤਿਆਰ ਕਰੋ, ( ਸਦਾ ਪ੍ਰਮਾਤਮਾ ਦੇ ਦਰ ਤੇ ਅਰਦਾਸ ਕਰੋ ਤੇ ਆਖੋ)
ਹੇ ਦਿਆਲ ਪ੍ਰਭੂ ! (ਮੇਰੇ ਉਤੇ) ਦਇਆ ਕਰ (ਤੇ ਮੈਨੂੰ ਆਪਣੇ ਨਾਮ ਦੀ ਦਾਤ ਦੇਹ ) ਹੇ ਬ੍ਰਹਾਮਣ !
ਉਸ ਦਇਆਲ ਪ੍ਰਭੂ ਦੀ ਪੂਜਾ ਕਰੋ, ਉਸ ਨੂੰ ਪ੍ਰਸੰਂਨ ਕਰੋ, ਇਹੀ ਹੈ ਸਾਲਗ੍ਰਾਮ (ਦੀ ਪੂਜਾ) ਨੇਕ
ਆਚਰਨ ਬਣਾਓ, ਇਹ ਹੈ ਤੁਲਸੀ ਦੀ ਮਾਲਾ।1।
ਸਚੁ ਵਰਤ ਸੰਤੋਖੁ ਤੀਰਥ ਗਿਆਨ ਧਿਆਨੁ ਇਸਨਾਨੁ॥
ਦਇਆ ਦੇਵਤਾ ਖਿਮਾ ਜਪਮਾਲੀ ਤੇ ਮਾਣਸ ਪਰਧਾਨ॥
ਜੁਗਤਿ ਧੋਤੀ ਸੁਰਤਿ ਚਉਕਾ ਤਿਲਕੁ ਕਰਣੀ ਹੋਇ॥
ਭਾਉ ਭੋਜਨੁ ਨਾਨਕਾ ਵਿਰਲਾ ਤ ਕੋਈ ਕੋਇ॥1॥(ਮ. 1, ਪੰਨਾ 1245 )
ਅਰਥ:-ਜਿੰਨ੍ਹਾਂ ਮਨੁੱਖਾਂ ਨੇ ਸੱਚ ਨੂੰ ਵਰਤ ਬਣਾਇਆ (ਭਾਵ ,ਸਚ ਧਾਰਨ ਕਰਨ ਦਾ ਪ੍ਰਾਣ ਲਿਆ ਹੈ),
ਸੰਤੋਖ ਜਿੰਨਂਾ੍ਹਂ ਦਾ ਤੀਰਥ ਹੈ, ਜੀਵਨ ਮਨੋਰਥ ਦੀ ਸਮਝ ਤੇ ਪ੍ਰਭੂ-ਚਰਨਾਂ ਵਿੱਚ ਚਿੱਤ ਜੋੜਨ ਨੂੰ
ਜਿਨਾ੍ਹਂ ਨੇ ਤੀਰਥਾਂ ਦਾ ਇਸ਼ਨਾਨ ਸਮਝਿਆ ਹੈ; ਦਇਆ ਜਿਨਾ੍ਹਂ ਦਾ ਇਸ਼ਟ ਦੇਵ ਹੈ, (ਦੂਜਿਆਂ ਦੀ ਵਧੀਕੀ)
ਸਹਾਰਨ ਦੀ ਆਦਤ ਜਿਨਾ੍ਹਂ ਦੀ ਮਾਲਾ ਹੈ, (ਸੁਚੱਜਾ ਜੀਵਨ) ਜੀਊਣ ਦੀ ਜਾਚ ਜਿਨਾ੍ਹਂ ਲਈ (ਦੇਵ-ਪੂਜਾ
ਵੇਲੇ ਪਹਿਨਣ ਵਾਲੀ) ਧੋਤੀ ਹੈ, ਸੁਰਤਿ (ਨੂੰ ਪਵ੍ਰਿਤ ਰੱਖਣਾ) ਜਿਨਾ੍ਹਂ ਦਾ (ਸੁੱਚਾ) ਚੌਂਕਾ ਹੈ,
ਉੱਚੇ ਆਚਰਨ ਦਾ ਜਿਨਾ੍ਹਂ ਦੇ ਮੱਥੇ ਉਤੇ ਤਿਲਕ ਲਾਇਆ ਹੋਇਆ ਹੈ, ਤੇ ਪ੍ਰੇਮ ਜਿਨਾ੍ਹਂ (ਦੇ ਆਤਮਾ)
ਦੀ ਖ਼ੁਰਾਕ ਹੈ, ਹੇ ਨਾਨਕ! ਉਹ ਮਨੁੱਖ ਸਭ ਤੋਂ ਚੰਗੇ ਹਨ, ਪਰ ਇਹੋ ਜਿਹਾ ਮਨੁੱਖ ਹੈ ਕੋਈ ਵਿਰਲਾ।
ਅਉਧੂ ਸਹਜੇ ਤਤੁ ਬੀਚਾਰਿ ॥ ਜਾ ਤੇ ਫਿਰਿ ਨ ਆਵਹੁ ਸੈਸਾਰਿ॥॥1॥ਰਹਾਉ।
ਜਾ ਕੈ ਕਰਮੁ ਨਾਹੀ ਧਰਮੁ ਨਾਹੀ ਨਾਹੀ ਸੁਚਿ ਮਾਲਾ ॥
ਸਿਵ ਜੋਤਿ ਕੰਨਹੁ ਬੁਧਿ ਪਾਈ ਸਤਿਗੁਰੂ ਰਖਵਾਲਾ॥2॥ ( ਮ.1,ਪੰਨਾ 1328 )
ਅਰਥ:- ਹੇ ਜੋਗੀ ! (ਤੂੰ ਘਰ ਬਾਰ ਛੱਡ ਕੇ ਪਿੰਡੇ ਤੇ ਸੁਆਹ ਮਲ ਕੇ ਹੀ ਇਹ ਸਮਝੀ ਬੈਠਾ ਹੈਂ ਕਿ
ਤੂੰ ਜਨਮ ਮਰਨ ਦੇ ਚੱਕਰ ਵਿੱਚੋਂ ਨਿਕਲ ਗਿਆ ਹੈ; ਤੈਨੂੰ ਭੁਲੇਖਾ ਹੈ) ਅਡੋਲ ਆਤਮਕ ਅਵਸਥਾ ਵਿੱਚ
ਟਿਕ ਕੇ ਪ੍ਰਭੂ ਦੀ ਸਿਫ਼ਤ ਸਾਲਾਹ ਵਿਚ ਸੁਰਤਿ ਜੋੜ। (ਇਹੀ ਤਰੀਕਾ ਹੈ) ਜਿਸ ਨਾਲ ਤੂੰ ਮੁੜ ਜਨਮ ਮਰਨ
ਦੇ ਗੇੜ ਵਿੱਚ ਨਹੀਂ ਆਵੇਂਗਾ।1। ਰਹਾਉ।
( ਹੇ ਜੋਗੀ!) ਜੋ ਬੰਦੇ ਸ਼ਾਸਤ੍ਰਾਂ ਦਾ ਦੱਸਿਆ ਹੋਇਆ ਕੋਈ ਕਰਮ ਧਰਮ ਨਹੀਂ ਕਰਦੇ, ਜਿਨਾ੍ਹਂ ਚੌਕੇ
ਆਦਿਕ ਦੀ ਕੋਈ ਸੁੱਚ ਨਹੀਂ ਰੱਖੀ, ਜਿੰਨਾ੍ਹਂ ਦੇ ਗਲ ਵਿਚ (ਤੁਲਸੀ ਆਦਿਕ ਦੀ) ਮਾਲਾ ਨਹੀ, ਜਦੋਂ
ਉਹਨਾਂ ਦਾ ਰਾਖਾ ਗੁਰੂ ਬਣ ਗਿਆ, ਉਹਨਾਂ ਨੂੰ ਕੱਲਿਆਣ-ਰੂਪ ਨਿਰੰਕਾਰੀ ਜੋਤਿ ਪਾਸੋਂ (ਉਸ ਦੀ ਸਿਫ਼ਤਿ
ਸਾਲਾਹ ਵਿੱਚ ਜੁੜਨ ਦੀ ) ਅਕਲ ਮਿਲ ਗਈ।2।
ਗੁਰੂ ਅਮਰ ਦਾਸ ਜੀ ਮਾਲਾ ਬਾਰੇ ਸਾਨੂੰ ਉਪਦੇਸ਼ ਦੇਂਦੇ ਹਨ:-
ਹਿਰਦੈ ਜਪਨੀ ਜਪਉ ਗੁਣਤਾਸਾ॥
ਹਰਿ ਅਗਮ ਅਗੋਚਰੁ ਅਪਰੰਪਰ ਸੁਆਮੀ ਜਨ ਪਗਿ ਲਗਿ ਧਿਆਵਉ ਹੋਇ ਦਾਸਨਿ ਦਾਸਾ॥1॥ਰਹਾਉ॥(ਪੰਨਾ 841 )
ਅਰਥ:- ਹੇ ਭਾਈ ! ਮੈਂ (ਆਪਣੇ) ਹਿਰਦੇ ਵਿਚ ਗੁਣਾਂ ਦੇ ਖ਼ਜ਼ਾਨੇ (ਪ੍ਰਮਾਤਮਾ ਦੇ ਨਾਮ) ਨੂੰ ਜਪਦਾ
ਹਾਂ ( ਇਹੀ ਹੈ ਮੇਰੀ) ਮਾਲਾ। ਪ੍ਰਮਾਤਮਾ ਅਪਹੁੰਚ ਹੈ, ਪਰੇ ਤੋਂ ਪਰੇ ਹੈ, ਸਭ ਦਾ ਮਾਲਕ ਹੈ, ਉਸ
ਤਕ ਗਿਆਨ ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਮੈਂ ਤਾਂ ਸੰਤ ਜਨਾਂ ਦੀ ਚਰਨੀਂ ਲੱਗ ਕੇ ਸੰਤ ਜਨਾਂ
ਦੇ ਦਾਸਾਂ ਦਾ ਦਾਸ ਬਣ ਕੇ ਉਸ ਨੂੰ ਸਿਮਰਦਾ ਹਾਂ ।1। ਰਹਾੳ।
ਗੁਰੂ ਰਾਮਦਾਸ ਜੀ ਦਾ ਮਾਲਾ ਬਾਰੇ ਫ਼ੁਰਮਾਨ ਹੈ:-
ਸੁਕ੍ਰਿਤੁ ਕਰਣੀ ਸਾਰੁ ਜਪਮਾਲੀ ॥ਹਿਰਦੈ ਫੇਰਿ ਚਲੈ ਤੁਧੁ ਨਾਲੀ ॥1॥
ਹਰਿ ਹਰਿ ਨਾਮੁ ਜਪਹੁ ਬਨਵਾਲੀ॥
ਕਰਿ ਕਿਰਪਾ ਮੇਲਹੁ ਸਤ ਸੰਗਤਿ ਤੂਟਿ ਗਈ ਮਾਇਆ ਜਮਜਾਲੀ॥1॥ਰਹਾਉ (ਪੰਨਾ 1134)
ਅਰਥ:- ਹੇ ਭਾਈ ! ਸਦਾ ਪ੍ਰਮਾਤਮਾ ਦਾ ਨਾਮ ਜਪਦੇ ਰਿਹਾ ਕਰੋ (ਤੇ, ਅਰਦਾਸ ਕਰਿਆ ਕਰੋ-ਹੇ ਪ੍ਰਭੂ !
ਸਾਨੂੰ ਸਤ ਸੰਗਤਿ ਵਿਚ ਮਿਲਾਈ ਰੱਖ) ਜਿਸ ਨੂੰ ਤੂੰ ਕਿਰਪਾ ਕਰ ਕੇ ਸਾਧ ਸੰਗਤਿ ਵਿਚ ਰੱਖਦਾ ਹੈਂ,
ਉਸ ਦੀ ਮਾਇਆ ਦੇ ਮੋਹ ਦੀ ਆਤਮਕ ਮੌਤ ਲਿਆਉਣ ਵਾਲੀ ਫਾਹੀ ਟੁੱਟ ਜਾਂਦੀ ਹੈ ।1।ਰਹਾਉ
ਹੇ ਭਾਈ ! (ਪ੍ਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ) ਸੰਭਾਲ ਰੱਖ, ਇਹੀ ਹੈ ਸਭ ਤੋਂ ਸ੍ਰੇਸ਼ਟ
ਕਰਨ-ਜੋਗ ਕੰਮ,ਇਹੀ ਹੈ ਮਾਲਾ। (ਇਸ ਹਰਿ-ਨਾਮ ਸਿਮਰਨ ਦੀ ਮਾਲਾ ਨੂੰ ਆਪਣੇ) ਹਿਰਦੇ ਵਿਚ ਫੇਰਿਆ ਕਰ।
ਇਹ ਹਰਿ-ਨਾਮ ਤੇਰੇ ਨਾਲ ਸਾਥ ਕਰੇਗਾ।1।
ਗੁਰੂ ਅਰਜਨ ਦੇਵ ਜੀ ਫ਼ੁਰਮਾਉਂਦੇ ਹਨ:-
ਹਰਿ ਹਰਿ ਅਖਰ ਦੁਇ ਇਹ ਮਾਲਾ॥ ਜਪਤ ਜਪਤ ਭਏ ਦੀਨ ਦਇਆਲਾ॥1॥
ਕਰਉ ਬੇਨਤੀ ਸਤਿਗੁਰ ਅਪੁਨੀ ॥ਕਰਿ ਕਿਰਪਾ ਰਾਖਹੁ ਸਰਣਾਈ ਮੋ ਕਉ ਦੇਹੁ ਹਰੇ ਹਰਿ ਜਪਨੀ॥ਰਹਾਉ॥ ਹਰਿ
ਮਾਲਾ ਉਰ ਅੰਤਰਿ ਧਾਰੈ ॥ ਜਨਮ ਮਰਨ ਕਾ ਦੂਖੁ ਨਿਵਾਰੈ ॥2॥ (ਪੰਨਾ 388)
ਅਰਥ:- ਹੇ ਸਤਿਗੁਰੂ ! ਮੈਂ ਤੇਰੇ ਅੱਗੇ ਆਪਣੀ ਇਹ ਅਰਜ਼ ਕਰਦਾ ਹਾਂ ਕਿ ਕਿਰਪਾ ਕਰ ਕੇ ਮੈਨੂੰ ਆਪਣੀ
ਸਰਨ ਵਿੱਚ ਰੱਖ ਤੇ ਮੈਨੂੰ 'ਹਰਿ ਹਰਿ' ਨਾਮ ਦੀ ਮਾਲਾ ਦੇਹ।1। ਰਹਾਉ।( ਹੇ ਭਾਈ ! ਮੇਰੇ ਪਾਸ ਤਾਂ
) 'ਹਰਿ ਹਰਿ'-ਇਹ ਦੋ ਲਫ਼ਜਾਂ ਦੀ ਮਾਲਾ ਹੈ, ਇਸ ਹਰਿ-ਨਾਮ ਨੂੰ ਜਪਦਿਆਂ ਕੰਗਾਲਾਂ ਉੱਤੇ ਭੀ
ਪ੍ਰਮਾਤਮਾ ਦਇਆਵਾਨ ਹੋ ਜਾਂਦਾ ਹੈ ।1 ।ਜਿਹੜਾ ਮਨੁੱਖ ਹਰਿ-ਨਾਮ ਦੀ ਮਾਲਾ ਆਪਣੇ ਹਿਰਦੇ ਵਿੱਚ ਟਿਕਾ
ਕੇ ਰੱਖਦਾ ਹੈ, ਉਹ ਆਪਣੇ ਜਨਮ ਮਰਨ ਦੇ ਗੇੜ ਦਾ ਦੁੱਖ ਦੂਰ ਕਰ ਲੈਂਦਾ ਹੈ ।2।
ਖਟੁ ਕਰਮਾ ਅਰੁ ਆਸਣੁ ਧੋਤੀ॥ਭਾਗਠਿ ਗ੍ਰਿਹਿ ਪੜੈ ਨਿਤ ਪੋਥੀ॥
ਮਾਲਾ ਫੇਰੈ ਮੰਗੈ ਬਿਭੂਤ ॥ ਇਹ ਬਿਧਿ ਕੋਇ ਨ ਤਰਿਓ ਮੀਤ ॥3॥( ਮ.5, ਪੰਨਾ 888)
ਅਰਥ: (ਆਤਮਕ ਜੀਵਨ ਵਲੋਂ ਅੰਨ੍ਹਾ ਮਨੁੱਖ ਸ਼ਾਸਤ੍ਰਾਂ ਦੇ ਦੱਸੇ ਹੋਏ) ਛੇ ਧਾਰਮਿਕ ਕੰਮ ਕਰਦਾ ਹੈ,(
ਦੇਵ-ਪੂਜਾ ਕਰਨ ਵਾਸਤੇ ਉਸ ਨੇ ਉੱਨ ਆਦਿਕ ਦਾ) ਆਸਣ (ਭੀ ਰੱਖਿਆ ਹੋਇਆ ਹੈ, ਪੂਜਾ ਕਰਨ ਵੇਲੇ )ਧੋਤੀ
(ਭੀ ਪਹਿਨਦਾ ਹੈ),ਕਿਸੇ ਧਨਾਢ ਦੇ ਘਰ (ਜਾ ਕੇ) ਸਦਾ (ਆਪਣੀ ਧਾਰਮਿਕ) ਪੁਸਤਕ ਭੀ ਪੜ੍ਹਦਾ ਹੈ, (ਉਸ
ਦੇ ਘਰ ਬੈਠ ਕੇ) ਮਾਲਾ ਫੇਰਦਾ ਹੈ, (ਫਿਰ ਉਸ ਧਨਾਢ ਪਾਸੋਂ ) ਧਨ ਪਦਾਰਥ ਮੰਗਦਾ ਹੈ-ਹੇ ਮਿੱਤਰ!ਇਸ
ਤਰੀਕੇ ਨਾਲ ਕੋਈ ਮਨੁੱਖ ਕਦੇ ਸੰਸਾਰ-ਸਮੁੰਦਰ ਤੋਂ ਪਾਰ ਨਹੀਂ ਲੰਘਿਆ।
ਕਿਨ ਹੂ ਘੂਘਰ ਨਿਰਤਿ ਕਰਾਈ ॥ਕਿਨ ਹੂ ਵਰਤ ਨੇਮ ਮਾਲਾ ਪਾਈ ॥
ਕਿਨ ਹੀ ਤਿਲਕੁ ਗੋਪੀ ਚੰਦਨ ਲਾਇਆ॥ਮੋਹਿ ਦੀਨ ਹਰਿ ਹਰਿ ਹਰਿ ਧਿਆਇਆ॥5॥( ਮ. 5,ਪੰਨਾ 913)
ਅਰਥ:- (ਹੇ ਭਾਈ !) ਕਿਸੇ ਨੇ ਘੁੰਘਰੂ ਬੰਨ੍ਹ ਕੇ (ਦੇਵਤਿਆਂ ਅੱਗੇ) ਨਾਚ ਸ਼ੁਰੂ ਕੀਤੇ ਹੋਏ ਹਨ,
ਕਿਸੇ ਨੇ (ਗਲ ਵਿੱਚ) ਮਾਲਾ ਪਾਈ ਹੋਈ ਹੈ ਅਤੇ ਵਰਤ ਰੱਖਣ ਦੇ ਨੇਮ ਧਾਰੇ ਹੋਏ ਹਨ। ਕਿਸੇ ਮਨੁੱਖ ਨੇ
(ਮੱਥੇ ਉਤੇ) ਗੋਪੀ ਚੰਦਨ ਦਾ ਟਿੱਕਾ ਲਾਇਆ ਹੋਇਆ ਹੈ; ਪਰ ਮੈਂ ਗਰੀਬ ਤਾਂ ਸਿਰਫ ਪਰਮਾਤਮਾ ਦਾ ਨਾਮ
ਹੀ ਸਿਮਰਦਾ ਹਾਂ।5॥
ਕੰਠ ਰਮਣੀਯ ਰਾਮ ਰਾਮ ਮਾਲਾ ਹਸਤ ਊਚ ਪ੍ਰੇਮ ਧਾਰਨੀ॥
ਜੀਹ ਭਣਿ ਜੋ ਉਤਮ ਸਲੋਕ ਉਧਰਣੰ ਨੈਨ ਨੰਦਨੀ ॥32॥ ( ਮ.5, ਪੰਨਾ 1356)
ਅਰਥ:- ਜਿਹੜਾ ਮਨੁੱਖ (ਗਲੇ ਤੋਂ) ਪ੍ਰਮਾਤਮਾ ਦੇ ਨਾਮ ਦੇ ਉਚਾਰਨ ਨੂੰ ਗਲੇ, ਦੀ ਸੁੰਦਰ ਮਾਲਾ
ਬਣਾਂਦਾ ਹੈ, (ਹਿਰਦੇ ਵਿੱਚ) ਪ੍ਰੇਮ ਟਿਕਾਣ ਨੂੰ ਮਾਲਾ ਦੀ ਥੇਲੀ ਬਣਾਂਦਾ ਹੈ, ਜਿਹੜਾ ਮਨੁੱਖ ਜੀਭ
ਨਾਲ ਸਿਫ਼ਤਿ ਸਲਾਹ ਦੀ ਬਾਣੀ ਉਚਾਰਦਾ ਹੈ, ਉਹ ਮਾਇਆ ਦੇ ਪ੍ਰਭਾਵ ਤੋਂ ਬਚ ਜਾਂਦਾ ਹੈ ।
ਭਗਤ ਕਬੀਰ ਜੀ ਫ਼ੁਰਮਾਉਂਦੇ ਹਨ:-ਵਾਹੁ ਵਾਹੁ ਕਿਆ ਖੁਬੁ ਗਾਵਤਾ ਹੈ ॥
ਹਰਿ ਕਾ ਨਾਮੁ ਮੇਰੈ ਮਨਿ ਭਾਵਤਾ ਹੈ॥1॥ਰਹਾਉ॥
ਕੰਠੇ ਮਾਲਾ ਜਿਹਵਾ ਰਾਮੁ॥ ਸਹੰਸ ਨਾਮੁ ਲੈ ਲੈ ਕਰਉ ਸਲਾਮੁ ॥ (ਪੰਨਾ 478 )
ਅਰਥ:- (ਮੇਰਾ ਮਨ) ਕਿਆ ਸੁਹਣੀ ਸਿਫ਼ਤਿ ਸਲਾਹ ਕਰ ਰਿਹਾ ਹੈ ( ਅਤੇ) ਹਰੀ ਦਾ ਨਾਮ ਮੇਰੇ ਮਨ ਵਿੱਚ
ਪਿਆਰਾ ਲੱਗ ਰਿਹਾ ਹੈ ( ਤਾਂ ਤੇ ਇਹੀ ਮਨ ਮੇਰਾ ਤੀਰਥ ਤੇ ਇਹੀ ਮੇਰਾ ਹੱਜ ਹੈ) ।1।ਰਹਾਉ। ਜੀਭ ਉੱਤੇ
ਰਾਮ ਦਾ ਸਿਮਰਨ ਹੀ ਮੇਰੇ ਗਲ ਵਿਚ ਮਾਲਾ (ਸਿਮਰਨੀ) ਹੈ, ਉਸ ਰਾਮ ਨੂੰ ( ਜੋ ਮੇਰੇ ਮਨ-ਤੀਰਥ ਅਤੇ
ਜੀਭ ਉੱਤੇ ਵੱਸ ਰਿਹਾ ਹੈ) ਮੈਂ ਹਜ਼ਾਰ ਨਾਮ ਲੈ ਲੈ ਕੇ ਪ੍ਰਣਾਮ ਕਰਦਾ ਹਾਂ।
ਮਾਥੇ ਤਿਲਕੁ ਹਥਿ ਮਾਲਾ ਬਾਨਾ॥ ਲੋਗਨ ਰਾਮ ਖਿਲਾਉਨਾ ਜਾਨਾ॥1॥
ਜਉ ਹਉ ਬਉਰਾ ਤਉ ਰਾਮ ਤੋਰਾ॥ ਲੋਗੁ ਮਰਮੁ ਕਹ ਜਾਨੈ ਮੋਰਾ॥1॥ਰਹਾਉ॥( ਪੰਨਾ 1158)
ਅਰਥ:- ਮੈਂ ਕੋਈ ਭੇਖ ਨਹੀਂ ਬਣਾਂਦਾ, ਮੈਂ ਮੰਦਰ ਆਦਿਕ ਵਿੱਚ ਜਾ ਕੇ ਕਿਸੇ ਦੇਵਤੇ ਦੀ ਪੂਜਾ ਨਹੀਂ
ਕਰਦਾ, ਲੋਕ ਮੈਂਨੂੰ ਪਾਗਲ ਆਖਦੇ ਹਨ; ਪਰ ਹੇ ਮੇਰੇ ਰਾਮ ! ਜੇ ਮੈਂ ( ਲੋਕਾਂ ਦੇ ਭਾਣੇ) ਪਾਗ਼ਲ
ਹਾਂ, ਤਾਂ ਭੀ (ਮੈਨੂੰ ਇਹ ਠੰਡ ਹੈ ਕਿ) ਮੈਂ ਤੇਰਾ (ਸੇਵਕ) ਹਾਂ।ਦੁਨੀਆਂ ਭਲਾ ਮੇਰੇ ਦਿਲ ਦਾ ਭੇਤ
ਕੀਹ ਜਾਣ ਸਕਦੀ ਹੈ ? ।1। ਰਹਾਉ।
ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵਹਿ ਲੋਇ॥
ਹਿਰਦੈ ਰਾਮੁ ਨ ਚੇਤਹੀ ਇਹ ਜਪਨੀ ਕਿਆ ਹੋਇ॥75॥(ਪੰਨਾ 1368)
ਅਰਥ:- ਹੇ ਕਬੀਰ ! ਤੂੰ ਤੁਲਸੀ ਰੁੱਦ੍ਰਾਖ ਆਦਿਕ ਦੀ ਮਾਲਾ (ਹੱਥ ਵਿੱਚ ਲੈ ਕੇ ) ਕਿਉਂ ਲੋਕਾਂ ਨੂੰ
ਵਿਖਾਂਦਾ ਫਿਰਦਾ ਹੈਂ ? ਤੂੰ ਆਪਣੇ ਹਿਰਦੇ ਵਿੱਚ ਤਾਂ ਪ੍ਰਮਾਤਮਾ ਨੂੰ ਯਾਦ ਨਹੀਂ ਕਰਦਾ, (ਹੱਥ
ਵਿੱਚ ਫੜੀ ਹੋਈ) ਇਸ ਮਾਲਾ ਦਾ ਕੋਈ ਲਾਭ ਨਹੀਂ ਹੋ ਸਕਦਾ।
ਕਬੀਰ ਬੈਸਨੋ ਹੂਆ ਤ ਕਿਆ ਭਇਆ ਮਾਲਾ ਮੇਲੀ ਚਾਰਿ॥
ਬਾਹਰਿ ਕੰਚਨੁ ਬਾਰਹਾ ਭਤਿਰਿ ਭਰੀ ਭੰਗਾਲ॥145॥(ਪੰਨਾ 1372)
ਅਰਥ: ਹੇ ਕਬੀਰ ! ( ਪ੍ਰਭੂ ਦਾ ਸਿਮਰਨ ਛੱਡ ਕੇ ਨਿਰਾ ਧਨ ਕਮਾਣ ਵਾਲੇ ਉਮਰ ਅਜ਼ਾਈ ਗਵਾਂਦੇ ਹਨ
ਕਿਉਂਕਿ ਧਨ ਇਥੇ ਹੀ ਪਿਆ ਰਹਿੰਦਾ ਹੈ ।ਪਰ ਨਿਰੇ ਭੇਖ ਨੂੰ ਭਗਤੀ-ਮਾਰਗ ਸਮਝਣ ਵਾਲੇ ਵੀ ਕੁਝ ਨਹੀਂ
ਖੱਟ ਰਹੇ) ਜੇ ਕਿਸੇ ਮਨੁੱਖ ਨੇ ਤਿਲਕ ਚੱਕਰ ਲਾ ਕੇ ਅਤੇ ਚਾਰ ਮਾਲਾ ਪਾ ਕੇ ਆਪਣੇ ਆਪ ਨੂੰ ਵੈਸ਼ਨਵ
ਭਗਤ ਅਖਵਾ ਲਿਆ।ਉਸ ਨੇ ਭੀ ਕੁਝ ਨਹੀਂ ਖੱਟਿਆ।( ਇਸ ਧਾਰਮਿਕ ਭੇਖ ਦੇ ਕਾਰਨ) ਬਾਹਰੋਂ ਵੇਖਣ ਨੂੰ ਭਵੇਂ
ਸ਼ੁੱਧ ਸੋਨਾ ਦਿਸੇ, ਪਰ ਉਸ ਦੇ ਅੰਦਰ ਖੋਟ ਹੀ ਖੋਟ ਹੈ।
ਮਾਲਾ ਤੇ ਸਿਮਰਨਿਆਂ ਬਾਰੇ ਭਗਤ ਰਵਿਦਾਸ ਜੀ ਇਹ ਵਿਚਾਰ ਦਸਦੇ ਹਨ:-
ਨਾਮੁ ਤੇਰੋ ਆਰਤੀ ਮਜਨੁ ਮੁਰਾਰੇ॥ਹਰਿ ਕੇ ਨਾਮ ਬਿਨੁ ਝੂਠੇ ਸਗਲ ਪਾਸਾਰੇ॥ ਰਹਾਉ॥
ਨਾਮੁ ਤੇਰੋ ਤਾਗਾ ਨਾਮੁ ਫੁਲ ਮਾਲਾ ਭਾਰ ਆਠਰਹ ਸਗਲ ਜੁਠਾਰੇ॥
ਤੈਰੋ ਕੀਆ ਤੁਝਹਿ ਕਿਆ ਅਰਪਉ ਨਾਮੁ ਤੇਰਾ ਤੂਹੀ ਚਵਰ ਢੋਲਾਰੇ॥( ਪੰਨਾ 694)
ਅਰਥ: ਹੇ ਪ੍ਰਭੂ ! ( ਅੰਞਾਣ ਲੋਕ ਮੂਰਤੀ ਦੀ ਆਰਤੀ ਕਰਦੇ ਹਨ, ਪਰ ਮੇਰੇ ਲਈ) ਤੇਰਾ ਨਾਮ ( ਤੇਰੀ)
ਆਰਤੀ ਹੈ, ਤੇ ਤੇ ਤੀਰਥਾਂ ਦਾ ਇਸ਼ਨਾਨ ਹੈ।( ਹੇ ਭਾਈ ! ) ਪ੍ਰਮਾਤਮਾ ਦੇ ਨਾਮ ਤੋਂ ਖੁੰਝ ਕੇ ਹੋਰ
ਸਾਰੇ ਅੰਡਬਰ ਕੂੜੇ ਹਨ॥ਰਹਾਉ॥
ਤੇਰਾ ਨਾਮ ਹੀ ਮੈਂ ਧਾਗਾ ਬਣਾਇਆ ਹੈ, ਨਾਮ ਨੂੰ ਹੀ ਮੈਂ ਫੁੱਲਾਂ ਦੀ ਮਾਲਾ ਬਣਾਇਆ ਹੈ, ਹੋਰ ਸਾਰੀ
ਬਨਾਸਪਤੀ ( ਜਿਸ ਤੋਂ ਲੋਕ ਫੁੱਲ ਲੈ ਕੇ ਮੂਰਤੀਆਂ ਅੱਗੇ ਭੇਟ ਧਰਦੇ ਹਨ; ਤੇਰੇ ਨਾਮ ਦੇ ਟਾਕਰੇ ਤੇ
) ਜੂਠੀ ਹੈ। (ਇਹ ਸਾਰੀ ਕੁਦਰਤ ਤਾਂ ਤੇਰੀ ਬਣਾਈ ਹੋਈ ਹੈ) ਤੇਰੀ ਪੈਦਾ ਕੀਤੀ ਹੋਈ ਵਿੱਚੋਂ ਮੈਂ
ਤੇਰੇ ਅੱਗੇ ਕੀਹ ਰੱਖਾਂ ?(ਸੋ) ਮੈਂ ਤੇਰਾ ਨਾਮ ਚੌਰ ਹੀ ਤੇਰੇ ਉਤੇ ਝਲਾਉਂਦਾ ਹਾਂ।3।
ਮਾਲਾ ਪਾ ਕੇ ਧਰਮੀ ਹੋਣ ਦਾ ਢੌਂਗ ਕਰਨ ਵਾਲੇ ਮਨੁੱਖਾਂ ਬਾਰੇ ਭਗਤ ਬੇਣੀ ਜੀ ਇਹ ਫ਼ੁਰਮਾਉਂਦੇ ਹਨ:-
ਮ੍ਰਿਗ ਆਸਣੁ ਤੁਲਸੀ ਮਾਲਾ॥ ਕਰ ਊਜਲ ਤਿਲਕੁ ਕਪਾਲਾ॥
ਰਿਦੈ ਕੂੜੁ ਕੰਠਿ ਰੁਦ੍ਰਾਖੰ॥ ਰੇ ਲੰਪਟ ਕ੍ਰਿਸ਼ਨੁ ਅਭਾਖੰ॥(ਪੰਨਾ 1351)
ਅਰਥ:- ਹੇ ਵਿਸ਼ਈ ਮਨੁੱਖ ! (ਪੂਜਾ ਪਾਠ ਵੇਲੇ) ਤੂੰ ਹਿਰਨ ਦੀ ਖੱਲ ਦਾ ਆਸਣ (ਵਰਤਦਾ) ਹੈ, ਤੁਲਸੀ
ਦੀ ਮਾਲਾ ਤੇਰੇ ਪਾਸ ਹੈ, ਸਾਫ਼ ਹੱਥਾਂ ਨਾਲ ਤੂੰ ਮੱਥੇ ਉੱਤੇ ਤਿਲਕ ਲਾਂਦਾ ਹੈ; ਗਲ ਵਿੱਚ ਤੂੰ ਮਾਲਾ
ਪਾਈ ਹੋਈ ਹੈ, ਪਰ ਤੇਰੇ ਹਿਰਦੇ ਵਿੱਚ ਠੱਗੀ ਹੈ ।(ਹੇ ਲੰਪਟ! ਇਸ ਤਰਾ੍ਹਂ) ਤੂੰ ਹਰੀ ਨੂੰ ਸਿਮਰ ਨਹੀਂ
ਰਿਹਾ ਹੈ।4।
ਹੁਣ ਵੇਖਦੇ ਹਾਂ, ਸ੍ਰੀ ਅਕਾਲ ਤਖਤ ਵੱਲੋਂ ਪ੍ਰਵਾਨਿਤ ਸਿੱਖ ਰਹਿਤ ਮਰਯਾਦਾ ਵਿੱਚ ਮਾਲਾ ਬਾਰੇ ਕੀ
ਉਪਦੇਸ਼ ਹੈ:
2. ਗੁਰਮਤਿ ਦੀ ਰਹਿਣੀ: ( ਸ ) ਜ਼ਾਤ-ਪਾਤ, ਛੂਤ-ਛਾਤ,ਜੰਤ੍ਰ-ਮੰਤ੍ਰ, ਸ਼ਗਨ, ਤਿੱਥ, ਮਹੂਰਤ, ਗ੍ਰਹਿ,
ਰਾਸ਼ੀ, ਰਾਸ਼ੀ, ਸ਼ਰਾਧ, ਪਿਤੱਲ, ਖਿਆਹ, ਪਿੰਡ, ਪੱਤਲ, ਦੀਵਾ, ਕਿਰਿਆ ਕਰਮ, ਹੋਮ, ਜੱਗ, ਤਰਪਣ, ਸਿਖਾ,
ਸੂਤ,ਭੱਦਰ,ਇਕਾਦਸੀ, ਪੂਰਨਮਾਸ਼ੀ ਆਦਿ ਦੇ ਵਰਤ, ਤਿਲਕ, ਜੰਝੂ, ਤੁਲਸੀ, ਮਾਲਾ, ਗੋਰ, ਮੱਠ, ਮੜੀ,
ਮੂਰਤੀ ਪੂਜਾ ਆਦਿ ਭਰਮ-ਰੂਪ ਕਰਮਾਂ ਉਤੇ ਨਿਸ਼ਚਾ ਨਹੀਂ ਕਰਨਾ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਉਪੱਰ ਦਿੱਤੇ ਅਨੇਕਾਂ ਪ੍ਰਮਾਣਾਂ ਤੋਂ ਇਹ ਸਿਧ ਹੁੰਦਾ
ਹੈ ਕਿ ਗੁਰੂ ਸਾਹਿਬਾਨ ਅਤੇ ਭਗਤਾਂ ਨੇ ਮਾਲਾ ਜਾਂ ਸਿਮਰਨਿਆਂ ਦਾ ਜਿਕਰ ਪਖੰਡੀ ਨੂੰ ਸਮਝਾਉਣ, ਉਹਨਾਂ
ਨੂੰ ਸਿਧੇ ਰਸਤੇ ਪਾਉਣ ਜਾਂ ਜਨਤਾ ਨੂੰ ਧਾਰਮਿਕ ਹੋਣ ਦਾ ਢੌਂਗ ਕਰਨ ਵਾਲੇ ਲਿਬਾਸ ਪਾਉਣ ਵਾਲਿਆਂ
ਤੋਂ ਸੁਚੇਤ ਕਰਨ ਵਾਸਤੇ ਕੀਤਾ ਹੈ; ਸਿੱਖ ਧਰਮ ਵਿੱਚ ਇਸ ਦੀ ਕੋਈ ਥਾਂ ਨਹੀਂ, ਪਰ ਦੁੱਖ ਦੀ ਗੱਲ ਹੈ
ਕਿ ਅੱਜ ਤਾਂ ਅਸੀਂ ਗੁਰੂ ਸਾਹਿਬਾਨ ਦੀਆਂ ਮਾਲਾ, ਸਿਮਰਨੇ ਪਾਏ ਵਾਲੀਆਂ ਮਨੋਕਲਪਤ ਤਸਵੀਰਾਂ ਬਣਾ ਕੇ
ਉਹਨਾਂ ਨੂੰ ਵੀ ਮਾਲਾਧਾਰੀ ਸਿੱਧ ਕਰਨ ਲੱਗੇ ਹੋਏ ਹਾਂ। ਗੁਰੂ ਸਾਹਿਬਾਨ ਅਤੇ ਭਗਤਾਂ ਦੀਆਂ ਉਹ
ਮਨੋਕਲਪਤ ਤਸਵੀਰਾਂ, ਜਿੰਨਾਂ ਤੇ ਮਾਲਾ, ਸਿਮਰਨੇ ਵੀ ਬਣਾਏ ਹੁੰਦੇ ਹਨ, ਉਨ੍ਹਾਂ ਨੂੰ ਵੇਖ ਕਿ ਇੰਜ
ਲੱਗਦਾ ਹੈ, ਕਿ ਤਸਵੀਰ ਬਣਾਉਣ ਵਾਲਾ ਵਿਅਕਤੀ ਗੁਰੂ ਸਾਹਿਬਾਨ ਤੇ ਭਗਤਾਂ ਨੂੰ ਕਹਿ ਰਿਹਾ ਹੋਵੇ, ਕਿ
ਵੇਖ ਲਓ, ਤੁਸੀਂ ਤਾਂ ਮਾਲਾ, ਸਿਮਰਨਿਆਂ ਦਾ ਖੰਡਣ ਕੀਤਾ ਹੈ ਪਰ ਮੈਂ ਤੁਹਾਡੀਆਂ ਤਸਵੀਰਾਂ ਦੇ ਹੱਥਾਂ
ਤੇ ਗਲਾਂ ਵਿਚ ਵੀ ਮਾਲਾ, ਸਿਮਰਨੇ ਪਾ ਦਿੱਤੇ ਹਨ। ਕੀ ਸਾਨੂੰ ਇਸ ਪਾਸੇ ਵੀ ਸਾਨੂੰ ਵਿਚਾਰਨ ਦੀ ਲੋੜ
ਨਹੀਂ ? ਇਸ ਦੇ ਨਾਲ ਹੀ ਇਹ ਵੀ ਵਿਚਾਰਨ ਵਾਲੀ ਗੱਲ ਹੈ, ਕਿ ਜਦੋਂ ਮਾਲਾ ਜਾਂ ਸਿਮਰਨੇ ਨੂੰ ਗੁਰੂ
ਸਹਿਬਾਨ ਨੇ ਰੱਦ ਕੀਤਾ ਹੋਇਆ ਹੈ ਤਾਂ ਫਿਰ ਸਾਧ ਬਾਣੇ ਵਿੱਚ ਵਿਚਰਦੇ ਵਿਅਕਤੀ ਜੋ ਗਲਾਂ ਵਿੱਚ ਤੇ
ਹੱਥਾਂ ਵਿੱਚ ਮਾਲਾ,ਸਿਮਰਨੇ ਫੜੀ ਫਿਰਦੇ ਹਨ, ਕੀ ਉਹ ਗੁਰਸਿੱਖ ਹਨ, ਗੁਰਮਤਿ ਪ੍ਰਤੀ ਅਗਿਆਨੀ ਹਨ
ਜਾਂ ਸੱਜਣ ਠੱਗ ਹਨ ?
ਕੀ ਭਗਤ ਕਬੀਰ ਜੀ ਦਾ ਇਹ ਸ਼ਬਦ ਅਜਿਹੇ ਸਿੱਖਾਂ 'ਤੇ ਨਹੀਂ ਢੁੱਕਦਾ ਜੋ ਆਮ ਸਿੱਖਾਂ ਨਾਲੋਂ ਵੱਖਰਾ
ਪਹਿਰਾਵਾ ਪਾ ਕੇ ਆਪਣੇ ਆਪਂ ਨੂੰ ਸੰਤ ਸਾਧ ਅਖਵਾਉਂਦੇ ਹਨ:
ਗਜ ਸਾਢੇ ਤੈ ਤੈ ਧੋਤੀਆ, ਤਿਹਰੇ ਪਾਇਨਿ ਤਗ ॥ ਗਲੀ ਜਿਨਾ ਜਪਮਾਲੀਆ, ਲੋਟੇ ਹਥਿ ਨਿਬਗ ॥ ਓਇ ਹਰਿ
ਕੇ ਸੰਤ ਨ ਆਖੀਅਹਿ, ਬਾਨਾਰਸਿ ਕੇ ਠਗ ॥੧॥ ਐਸੇ ਸੰਤ, ਨ ਮੋ ਕਉ ਭਾਵਹਿ ॥ ਡਾਲਾ ਸਿਉ ਪੇਡਾ ਗਟਕਾਵਹਿ
॥੧॥ ਰਹਾਉ ॥(ਪੰਨਾ 476)
ਅਰਥ: (ਜੋ ਮਨੁੱਖ) ਸਾਢੇ ਤਿੰਨ ਤਿੰਨ ਗਜ਼ (ਲੰਮੀਆਂ) ਧੋਤੀਆਂ (ਪਹਿਨਦੇ, ਅਤੇ) ਤਿਹਰੀਆਂ ਤੰਦਾਂ
ਵਾਲੇ ਜਨੇਊ ਪਾਂਦੇ ਹਨ, ਜਿਨ੍ਹਾਂ ਦੇ ਗਲਾਂ ਵਿਚ ਮਾਲਾਂ ਹਨ ਤੇ ਹੱਥ ਵਿੱਚ ਲਿਸ਼ਕਾਏ ਹੋਏ ਲੋਟੇ ਹਨ,
(ਨਿਰੇ ਇਹਨਾਂ ਲੱਛਣਾਂ ਕਰਕੇ) ਉਹ ਮਨੁੱਖ ਪਰਮਾਤਮਾ ਦੇ ਭਗਤ ਨਹੀਂ ਆਖੇ ਜਾਣੇ ਚਾਹੀਦੇ, ਉਹ ਤਾਂ (ਅਸਲ
ਵਿਚ) ਬਨਾਰਸੀ ਠੱਗ ਹਨ ।
ਮੈਨੂੰ ਅਜਿਹੇ ਸੰਤ ਚੰਗੇ ਨਹੀਂ ਲੱਗਦੇ, ਜੋ ਮੂਲ ਨੂੰ ਭੀ ਟਹਿਣੀਆਂ ਸਮੇਤ ਖਾ ਜਾਣ (ਭਾਵ, ਜੋ ਮਾਇਆ
ਦੀ ਖ਼ਾਤਰ ਮਨੁੱਖਾਂ ਨੂੰ ਜਾਨੋਂ ਮਾਰਨੋਂ ਭੀ ਸੰਕੋਚ ਨਾ ਕਰਨ) ।੧।ਰਹਾਉ। ਵਿਆਖਿਆ: ਪ੍ਰੋ. ਸਾਹਿਬ
ਸਿੰਘ ਡੀ.ਲਿਟ
ਅਕਾਲ ਪੁਰਖ ਸਿਰਫ ਬਾਹਰੀ ਧਾਰਮਿਕ ਪਹਿਰਾਵੇ ਨਾਲ ਨਹੀਂ ਰੀਝਦਾ; ਉਸ ਦੀ ਯਾਦ ਨੂੰ ਪਿਆਰ ਤੇ ਸ਼ਰਧਾ
ਨਾਲ ਆਪਣੇ ਮਨ ਵਿੱਚ ਸਿਮਰਨਾ (ਅਕਾਲ ਪੁਰਖ ਨੂੰ ਯਾਦ ਰੱਖਣਾ ਅਤੇ ਚੰਗੇ ਗੁਣਾਂ ਦੇ ਧਾਰਨੀ ਹੋਣਾ)
ਚਾਹੀਦਾ ਹੈ ਅਤੇ ਆਪਣੇ ਮਨ ਨੂੰ ਪਵਿਤੱਰ (ਵਿਕਾਰਾਂ ਤੋਂ ਰਹਿਤ ) ਕਰਨ ਲਈ ਗੁਰਬਾਣੀ ਤੋ ਮਿਲਦੇ
ਉਪਦੇਸ਼ ਅਨੁਸਾਰ ਆਪਣੇ ਜੀਵਨ ਨੂੰ ਢਾਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੇਕਰ ਕਬੀਰ ਜੀ ਦਾ ਇਹ ਸ਼ਬਦ
ਕੋਈ ਸਿੱਖ ਪੜ੍ਹ ਰਿਹਾ ਹੋਵੇ ਅਤੇ ਨਾਲਨਾਲ ਮਾਲਾ ਜਾਂ ਸਿਮਰਨਾ ਨੂੰ ਵੀ ਫੇਰੀ ਜਾਂਦਾ ਹੋਵੇ ਤਾਂ
ਲਾਗੋਂ ਦੀ ਲੰਘਣ ਵਾਲਾ ਮਨੁੱਖ ਉਸ ਮਾਲਾ ਫੇਰਨ ਵਾਲੇ ਬਾਰੇ ਕੀ ਸੋਚੇਗਾ ?
ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮ੍ਹਾਲਿ ॥
ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨੁ ਨਾਲਿ ॥( ਕਬੀਰ ਜੀ, ਪੰਨਾ 1376 )
ਇਸ ਤਰਾ੍ਹਂ ਮਾਲਾ ਜਾਂ ਸਿਮਰਨਿਆਂ ਤੋਂ ਬਗੈਰ ਹੀ ਜਪਦਿਆਂ ਸੰਸਾਰ ਵਿੱਚ ਆਪਣੀ ਹੱਕ ਹਲਾਲ ਦੀ ਕਮਾਈ
ਕਰਦਿਆਂ, ਹੱਸਦਿਆ, ਖੇਡਦਿਆਂ ਹੀ ਮੁਕਤੀ ਪ੍ਰਾਪਤ ਹੋ ਸਕਦੀ ਹੈ।ਗੁਰੂ ਪਾਤਸ਼ਾਹ ਫ਼ੁਰਮਾਉਂਦੇ ਹਨ:
ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ ॥
ਹੱਸਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ ॥( ਮ: 5, ਪੰਨਾ 522 )
ਆਓ, ਸਿੱਖੀ ਸਰੂਪ ਵਿੱਚ ਮਾਲਾ ਤੇ ਸਿਮਰਨੇ ਪਹਿਨ ਕੇ ਜਿਹੜੇ ਵਿਅਕਤੀ ਗੁਰਮਤਿ ਸਿਧਾਂਤ ਨੂੰ ਖੋਰਾ
ਲਾ ਕੇ ਧਰਮੀ ਹੋਣ ਦਾ ਢੌਂਗ ਰਚਾਈ ਫਿਰਦੇ ਹਨ ਉਹਨਾਂ ਤੋਂ ਆਪ ਬਚੀਏ ਤੇ ਹੋਰਨਾਂ ਨੂੰ ਵੀ ਬਚਾਈਏ।