ਸਿੱਖ ਧਰਮ ਨੂੰ ਦੇਹਧਾਰੀ ਗੁਰੂ-ਡੰਮ੍ਹ ਅਤੇ ਡੇਰੇਦਾਰਾਂ ਸਾਧਾਂ ਤੋਂ ਬਚਾਓ !
ਗੁਰਸ਼ਰਨ ਸਿੰਘ ਕਸੇਲ, ਕਨੇਡਾ
ਸਿੱਖ ਧਰਮ ਇਕ ਐਸਾ ਧਰਮ ਹੈ ਜੋ ਕੋਈ ਵੀ ਫੋਕਟ ਕਰਮ-ਕਾਂਡ
ਅਤੇ ਕਿਸੇ ਕਿਸਮ ਦੇ ਅੰਧ-ਵਿਸ਼ਵਾਸਾਂ ਵਿੱਚ ਯਕੀਨ ਨਹੀਂ ਰੱਖਦਾ।ਇਸ ਧਰਮ ਦੇ ਸਿਧਾਂਤ ਅਨੁਸਾਰ ਹਰੇਕ
ਉਹ ਵੇਲਾ ਸ਼ੁਭ ਹੈ, ਜਿਸ ਸਮੇਂ ਮਨ ਵਿੱਚ ਪ੍ਰਮਾਤਮਾ ਦੀ ਯਾਦ ਹੈ; ਪਰ ਅੱਜ ਇੰਜ਼ ਲਗਦਾ ਹੈ, ਜਿਵੇਂ
ਇਹ ਨਿਆਰੀ ਕੌਮ ਗੁਰੂ ਦੇ ਸਿਧਾਂਤਾਂ ਤੋਂ ਅਵੇਸਲੀ ਹੁੰਦੀ ਜਾ ਰਹੀ ਹੈ।ਇਸੇ ਕਰਕੇ ਸਿੱਖਾਂ ਦੀ
ਬਹੁ-ਗਿਣਤੀ ਵਿਆਹ, ਮੰਗਣੀ ਵਰਗੇ ਸਮਾਗਮਾ ਜਾਂ ਕੋਈ ਹੋਰ ਨਵਾਂ ਕਾਰ-ਵਿਹਾਰ ਕਰਨ ਦੀ ਤਰੀਕ ਪੱਕੀ
ਕਰਨ ਵਾਸਤੇ ਕੋਈ ਕਿਸੇ ਦੇਹਧਾਰੀ ਗੁਰੂ-ਡੰਮ੍ਹ, ਡੇਰੇਦਾਰ ਬਾਬੇ ਜਾਂ ਪੰਡਤ ਕੋਲੋ ਟੇਵਾ ਲਵਾਉਣ ਜਾਂ
ਸ਼ੁਭ ਦਿਹਾੜਾ ਪੁੱਛਣ ਵਾਸਤੇ ਜਾ ਰਹੀ ਹੈ।ਇਨਾ੍ਹਂ ਵਿੱਚ ਕਈ ਉਹ ਗੁਰਸਿੱਖ ਵੀ ਸ਼ਾਮਲ ਹਨ, ਜਿਨਾ੍ਹਂ
ਨੇ ਖੰਡੇ ਬਾਟੇ ਦੀ ਪਾਹੁਲ ਲਈ ਹੁੰਦੀ ਹੈ।ਇਹ ਪੰਡਤਾਂ ਤੋਂ ਸ਼ੁਭ-ਅਸ਼ੁਭ ਦਿਨ-ਵਾਰ ਪੁੱਛਦੇ ਅਤੇ ਉਹਨਾਂ
ਕੋਲੋ ਨਗ ਲੈ ਕੇ ਉਗਲਾਂ ਵਿੱਚ ਪਾਉਂਦੇ ਹਨ, ਹੁਣ ਤਾਂ ਕਈ ਸਿੱਖ ਅਖਵਾਉਣ ਵਾਲਿਆਂ ਦੇ ਗੁਟਾਂ ਤੇ
ਮੌਲੀ ਦੇ ਧਾਗੇ ਵੀ ਆਮ ਹੀ ਵੇਖੇ ਜਾਂਦੇ ਹਨ ਪਰ ਗੁਰਬਾਣੀ ਦੇ ਇਸ ਪਵਿੱਤਰ ਸ਼ਬਦ 'ਤੇ ਯਕੀਨ ਨਹੀਂ
ਕਰਦੇ:
ਸਾ ਵੇਲਾ ਸੋ ਮੂਰਤੁ ਸਾ ਘੜੀ ਸੋ ਮੁਹਤੁ ਸਫਲ ਹੈ ਮੇਰੀ ਜਿੰਦੁੜੀਏ ਜਿਤੁ ਹਰਿ ਮੇਰਾ ਚਿਤਿ ਆਵੇ ਰਾਮ॥
ਜਨ ਨਾਨਕ ਨਾਮੁ ਧਿਆਇਆ ਮੇਰੀ ਜਿੰਦੁੜੀਏ ਜਮ ਕੰਕਰੁ ਨੇੜਿ ਨ ਆਵੈ ਰਾਮ ॥(ਮ:4,ਪੰਨਾ 540)
ਵਿਚਾਰਨ ਵਾਲੀ ਇਹ ਗੱਲ ਹੈ ਕਿ ਸਿੱਖਾਂ ਨੂੰ ਗੁਰੂ ਸਾਹਿਬਾਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ''ਸ਼ਬਦ
ਗੁਰੂ'' ਜੋਂ ਸਦੀਵੀ ਸੱਚ ਦਾ ਗਿਆਨ ਹੈ ਉਸ ਦੇ ਲੜ ਲਾਇਆ ਹੈ। ਅੱਜ ਵੇਖਣ ਵਿੱਚ ਆਉਦਾ ਹੈ ਕਿ ਹਜ਼ਾਰਾਂ
ਦੀ ਗਿਣਤੀ ਵਿੱਚ ਗੁਰਮਤਿ ਦੇ ਪ੍ਰਚਾਰ ਦਾ ਦਾਅਵਾ ਕਰਨ ਵਾਲੇ ਪ੍ਰਚਾਰਕ ਦੇਸ਼-ਵਿਦੇਸ਼ ਵਿੱਚ ਫਿਰ ਰਹੇ
ਹਨ; ਪਰ ਫਿਰ ਵੀ ਕਿਉਂ ਅੱਜ ਸਿੱਖਾਂ ਦੀ ਵੱਡੀ ਗਿਣਤੀ ਦੇਹਧਾਰੀ ਗੁਰੂ-ਡੰਮ੍ਹ ਅਤੇ ਅਖੌਤੀ ਸੰਤਾਂ
ਵੱਲ ਜਾ ਰਹੀ ਹੈ ? ਇਸ ਸਮੇਂ ਜਿਥੇ ਦੇਹਧਾਰੀ ਗੁਰੂ-ਡੰਮ੍ਹ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਦੀ ਬਾਣੀ ਨੂੰ ਆਪਣੀ ਮਰਜੀ ਦੇ ਅਰਥ ਕਰਕੇ ਸਿੱਖਾਂ ਨੂੰ ਆਪਣੇ ਨਾਲ ਜੋੜਨ ਦਾ ਇਤਰਾਜ ਹੈ; ਉਥੇ ਸਾਨੂੰ
ਇਹ ਵੀ ਪੜਚੋਲ ਕਰਨ ਦੀ ਅਤੀ-ਜ਼ਰੂਰਤ ਹੈ ਕਿ ਸਿੱਖ ਧਰਮ ਦਾ ਪ੍ਰਚਾਰ ਕਰਨ ਦਾ ਦਾਅਵਾ ਕਰਨ ਵਾਲੇ ਖੁਦ
''ਸ਼ਬਦ ਗੁਰੂ'' ਦੇ ਸਿਧਾਂਤ ਅਨੁਸਾਰ ਪ੍ਰਚਾਰ ਕਰ ਵੀ ਰਹੇ ਹਨ ਜਾਂ ਨਹੀਂ ? ਜੇ ਅਸੀਂ ਸਿੱਖਾਂ ਵਿੱਚ
ਦੇਹਧਾਰੀ ਗੁਰੂ-ਡੰਮ੍ਹ ਅਤੇ ਅਖੌਤੀ ਸੰਤ-ਸਾਧਵਾਦ ਦੇ ਵੱਧ ਰਹੇ ਰੁਝਾਨ ਨੁੰ ਰੋਕਣਾ ਹੈ ਤਾਂ ਸਿੱਖੀ
ਨੂੰ ਪ੍ਰਫੂਲਤ ਹੁੰਦੀ ਵੇਖਣ ਦੇ ਚਾਹਵਾਨ ਸਿੱਖਾਂ ਨੂੰ ਮਜ਼ੂਦਾ ਹੋ ਰਹੇ ਗੁਰਮਤਿ ਪ੍ਰਚਾਰ ਬਾਰੇ ਘੋਖ
ਕਰਨੀ ਪਵੇਗੀ ।
ਇਹ ਗੱਲ ਕਈ ਲੇਖਾਂ ਵਿੱਚ ਵਾਰ-ਵਾਰ ਲਿਖਣੀ ਪੈਂਦੀ ਹੈ ਕਿਉਂਕਿ ਸਿੱਖ ਧਰਮ ਨੂੰ ਸਮਝਣ ਲਈ ਇਹ ਜਾਣਨਾ
ਸਾਡੇ ਲਈ ਬਹੁਤ ਜਰੂਰੀ ਹੈ ਕਿ ਸਿੱਖ ਧਰਮ ਦੇ ਸਿਧਾਂਤ ਅਨੁਸਾਰ 'ਦੇਹ' ਨੂੰ ਕਦੀ ਵੀ ਗੁਰੂ ਨਹੀਂ
ਮੰਨਿਆ ਗਿਆ।ਗੁਰੂ ਸਾਹਿਬਾਨ ਨੇ ਆਪਣੇ ਜੀਵਨ ਕਾਲ ਵਿੱਚ ਵੀ ''ਸ਼ਬਦ ਗੁਰੂ'' ਦਾ ਹੀ ਪ੍ਰਚਾਰ ਕੀਤਾ:
ਪਵਨ ਅਰੰਭੁ ਸਤਿਗੁਰ ਮਤਿ ਵੇਲਾ ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥ (ਮ: 1,ਪੰਨਾ 942 )
ਸ਼ਬਦੁ ਗੁਰ ਪੀਰਾ ਗਹਿਰ ਗੰਭੀਰਾ ਬਿਨੁ ਸਬਦੈ ਜਗੁ ਬਉਰਾਨੰ॥ ( ਮ:1, ਪੰਨਾ 635 )
ਦੂਸਰੇ ਪਾਸੇ ਜਾਪਦਾ ਹੈ ਕਿ ਸਿੱਖ ਕੌਮ ਦੀ ਬਹੁ-ਗਿਣਤੀ ਨੂੰ ਇਹ ਵੀ ਨਹੀਂ ਪਤਾ ਕਿ ਸਿੱਖ ਰਹਿਤ
ਮਰਯਾਦਾ ਅਨੁਸਾਰ ''ਸਿੱਖ ਕੌਣ ਹੈ''। ਆਮ ਤੌਰ ਤੇ ਅਸੀਂ ਹਰੇਕ ਉਸ ਆਦਮੀ ਨੂੰ ਸਿੱਖ ਸਮਝ ਲੈਂਦੇ
ਹਾਂ ਜਿਹੜੇ ਵੀ ਮਰਦ ਔਰਤ ਦੇ ਨਾਂਅ ਨਾਲ ''ਸਿੰਘ, ਕੌਰ'' ਲੱਗਾ ਹੁੰਦਾ ਹੈ, ਪੱਗ ਦਾੜੀ ਹੋਵੇ ਜਾਂ
ਉਸ ਦਾ ਪਿਛੋਕੜ ਸਿੱਖ ਘਰਾਣੇ ਨਾਲ ਰਿਹਾ ਹੋਵੇ। ਇਸ ਸਮੇਂ ਉਹ ਭਾਵੇਂ ਦੇਹਧਾਰੀ ਗੁਰੂ-ਡੰਮ੍ਹ ਰਾਧਾ
ਸੁਆਮੀ ਦਾ ਭਗਤ ਹੋਵੇ, ਭਾਵੇਂ ਨਕਲੀ ਨਿਰੰਕਾਰੀ ਦਾ, ਨਾਮਧਾਰੀ (ਕੂਕਾ ਗੁਰੂ-ਡੰਮ੍ਹ) ਸਰਸੇ ਸੌਦੇ
ਵਾਲੇ ਅਖੌਤੀ ਬਾਬੇ, ਆਸ਼ੂਤੋਸ਼ ਜਾਂ ਰੱਬ ਦੀ ਹੋਂਦ ਤੋਂ ਹੀ ਮੁਨਕਰ ਕਾਮਰੇਡ ਹੋਵੇ; ਅਸੀਂ ਸਿੱਖ ਹੀ
ਸਮਝ ਲੈਂਦੇ ਹਾਂ। ਇਹ ਦੇਹਧਾਰੀ ਗੁਰੂਆਂ ਦੇ ਪੁਜਾਰੀ ਸੱਜਣ ਜੋ ਵੇਖਣ ਨੂੰ ਸਿੱਖੀ ਪਹਿਰਾਵੇ ਵਿੱਚ
ਹੁੰਦੇ ਹਨ, ਇਹ ਲੋਕ ਆਪਣੀ ਲੋੜ ਕਰਕੇ ਵਿਆਹ ਕਰਵਾਉਣ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੋਦ
ਵਿੱਚ ਆਉਣਾ ਮੰਨ ਜਾਂਦੇ ਹਨ; ਪਰ ਵਿਆਹ ਤੋਂ ਤੁਰੰਤ ਬਾਦ ਫਿਰ 'ਗਿਰਗਟ' ਵਾਂਗੂ ਰੰਗ ਬਦਲ ਕੇ ਆਪਣੇ
ਦੇਹਧਾਰੀ ਗੁਰੂ ਦੇ ਗੁਣ ਗਾਉਣ ਲੱਗ ਪੈਂਦੇ ਹਨ। ਸਿੱਖ ਪ੍ਰਵਾਰਾਂ ਦੀ ਇਹਨਾਂ ਗੈਰ ਸਿੱਖਾਂ ਨਾਲ
ਰਿਸ਼ਤੇਦਾਰੀ ਹੋਣ ਕਰਕੇ ਇਹ ਲੋਕ ਰਿਸ਼ਤੇਦਾਰੀ ਦੇ ਪਰਭਾਵ ਨਾਲ ਉਹਨਾਂ ਨੂੰ ਵੀ ਆਪਣੇ ਦੇਹਧਾਰੀ ਗੁਰੂ
ਵੱਲ ਲੈ ਜਾਂਦੇ ਹਨ।ਇਸ ਸਮੇਂ ਇੰਝ ਵੀ ਵੱਡੀ ਗਿਣਤੀ ਵਿੱਚ ਸਿੱਖੀ ਨੂੰ ਖੋਰਾ ਲਾਇਆ ਜਾ ਰਿਹਾ ਹੈ ।
ਅਜੇ ਥੋੜਾ ਹੀ ਸਮਾਂ ਪਹਿਲਾਂ ਬਹੁਤ ਸਾਰਿਆਂ ਨੇ ਕਨੇਡਾ ਵਿੱਚ ਰਹਿੰਦੇ ਇਕ ਗੁਰੂ-ਡੰਮ੍ਹ ਚਲਾਉਣ ਵਾਲੇ
ਸ਼ਕਸ ਦੀ ਵੀਡੀਓ ਇੰਟਰਨੈਟ ਰਾਹੀਂ ਵੇਖੀ ਹੋਵੇਗੀ।ਜਿਹੜੇ ਲੋਕ ਉਸ ਦੇ ਚੁੰਗਲ ਵਿੱਚ ਫੱਸੇ ਸਨ ਉਹਨਾਂ
ਵਿਚੋਂ ਬਹੁਤੇ ਸਾਬਤ ਸੂਰਤ ਸਨ ਅਤੇ ਕਈ ਤਾਂ ਪੰਜ ਕਕਾਰੀ ਵੀ ਰਹੇ ਸਨ। ਵੇਖਣ ਨੂੰ ਇਹ ਲੋਕ ਕਿਸੇ ਵੀ
ਗੁਰਸਿੱਖ ਸ਼ਰਧਾਲੂ ਤੋਂ ਘੱਟ ਨਹੀਂ ਲਗਦੇ ਹਨ; ਪਰ ਕੀ ਇਹ ਲੋਕ ਤੇ ਇੰਨ੍ਹਾਂ ਦਾ ਗੁਰੂ, ਗੁਰਬਾਣੀ
ਦੀਆਂ ਤੁਕਾਂ ਗੁਰੂ ਜੀ ਦੇ ਸਤਿਕਾਰ ਵਾਸਤੇ ਬੋਲਦੇ ਸਨ ? ਅਜਿਹੇ ਹੀ ਪੰਜਾਬ ਵਿੱਚ ਵੀ ਕਈ ਡੇਰੇ ਹਨ।
ਜਿਵੇਂ: ਪਿਆਰਾ ਭਨਿਆਰਾ, ਆਸ਼ੂਤੋਸ਼, ਸਰਸੇ ਸੌਦੇ ਵਾਲਾ ਆਦਿਕ ਹਨ। ਅਜਿਹੇ ਲੋਕ ਗੁਰਬਾਣੀ ਦੀ ਘੋਰ
ਬੇਅਦਬੀ ਅਤੇ ਆਪਣੀ ਮਰਜ਼ੀ ਅਨੁਸਾਰ ਗੁਰਬਾਣੀ ਦੇ ਅਰਥ ਕਰਕੇ ਸਿੱਖ ਕੌਮ ਦੇ ਦਿੱਲ ਵਲੂਹੰਦਰ ਦੇ ਹਨ।ਇਨ੍ਹਾਂ
ਦੇ ਚੇਲੇ ਵੀ ਸਿੱਖੀ ਪਹਿਰਾਵੇ ਵਾਲੇ ਹਨ। ਕੀ ਉਨਾ੍ਹਂ ਨੂੰ ਵੀ ਸਿੱਖ ਕਿਹਾ ਜਾ ਸਕਦਾ ਹੈ ? ਇਸੇ
ਤਰਾ੍ਹਂ ਹੀ ਰਾਧਾ ਸੁਆਮੀ ਜਾਂ ਕਈ ਹੋਰ ਗੁਰੂਡੰਮ੍ਹ ਵਾਲੇ ਹਨ। ਇਹੋ ਅਜਿਹੀਆਂ ਦਾ ਰੂਪ ਤੇ ਪਹਿਰਾਵਾ
ਵੇਖ ਕੇ ਹੀ ਸਿੱਖ ਸਮਝ ਲੈਣਾ ਵੱਡੀ ਭੁੱਲ ਹੈ; ਜਿਸ ਤਰਾ੍ਹਂ ਆਮ ਕਰਕੇ ਸਮਝਿਆ ਜਾ ਰਿਹਾ ਹੈ। ਕਈ
ਡੇਰਿਆਂ ਦੇ ਅਖੌਤੀ ਸੰਤ-ਸਾਧ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਕਰਦੇ ਹਨ ਪਰ
ਗੁਰਮਤਿ ਸਿਧਾਂਤ ਦੇ ਉਲਟ ਪ੍ਰਚਾਰ ਕਰਦੇ ਅਤੇ ਸਿੱਖਾਂ ਤੋਂ ਆਪਣੀ ਮੰਨਤਾ ਕਰਵਾਉਂਦੇ ਹਨ। ਇਸ ਤਰਾ੍ਹਂ
ਦੇ ਬਹੁਤ ਸਾਰੇ ਅਖੌਤੀ ਸੰਤ-ਸਾਧ ਪੰਜਾਬ ਵਿੱਚ ਡੇਰੇ ਮੱਲੀ ਬੈਠੇ ਹਨ ਜੋ ਪੰਜਾਬ ਦੇ ਸਿੱਖਾਂ ਨੂੰ
ਤਾਂ ਲੁੱਟਦੇ ਹੀ ਹਨ ਇਸ ਮਕਸਦ ਨਾਲ ਵਿਦੇਸ਼ਾਂ ਵਿੱਚ ਵੀ ਕਈ ਚੱਕਰ ਲਾਉਂਦੇ ਹਨ।ਸ੍ਰੀ ਅਕਾਲ ਤਖਤ
ਸਾਹਿਬ ਤੋਂ ਪ੍ਰਵਾਨਿਤ ਸਿੱਖ ਰਹਿਤ ਮਰਯਾਦਾ ਨੂੰ ਤਾਂ ਨਹੀਂ ਮੰਨਦੇ ਪਰ ਆਪਣੀ-ਆਪਣੀ ਮਰਯਾਦਾ ਬਣਾਈ
ਬੈਠੇ ਹਨ।ਅਜਿਹੇ ਲੋਕ ਡੇਰੇ ਮਲੀ ਬੈਠੇ ਆਪਣੇ ਆਪ ਨੂੰ ਸੰਤ ਅਖਵਾਉਂਦੇ ਹਨ। ਕੀ ਕਦੀ ਇਹਨਾ ਆਪਣੇ
ਅੰਦਰ ਝਾਤੀ ਮਾਰਕੇ ਵੇਖਿਆ ਹੈ, ਕਿ ਕੀ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਅਨੁਸਾਰ ਦੱਸੇ ''ਸੰਤ ਕੌਣ
ਹੈ'' ਦੇ ਗੁਣਾ ਦੇ ਲਾਗੇ-ਚਾਗੇ ਵੀ ਹਨ ? ਅਜਿਹੇ ਲੋਕ ਵੀ ਸਿੱਖ ਪ੍ਰਚਾਰ ਦੇ ਨਾਂਅ ਹੇਠ ਸਿੱਖ ਧਰਮ
ਦੇ ਸਿਧਾਂਤ ਨੂੰ ਖੋਰਾ ਲਾ ਰਹੇ ਹਨ।ਸਿੱਖਾਂ ਨੂੰ ਸਗੋਂ ਅੰਧਵਿਸ਼ਵਾਸਾਂ ਤੇ ਕਰਮਕਾਂਡਾਂ ਵਿੱਚ ਪਾ ਰਹੇ
ਹਨ। ਇਨ੍ਹਾ ਤੋਂ ਵੀ ਸਿੱਖਾਂ ਨੂੰ ਚੁਕੰਨੇ ਹੋਣ ਦੀ ਲੋੜ ਹੈ।
ਪੰਥ ਪ੍ਰਵਾਨਿਤ ਸਿੱਖ ਰਹਿਤ ਮਰਯਾਦਾ ਵਿੱਚ ਸਪਸ਼ਟ ਲਿਖਿਆਂ ਹੈ ਕਿ ''ਸਿੱਖ ਕੌਣ ਹੈ'' ਇਸ ਬਾਰੇ ਹਰ
ਸਿੱਖ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ :
ਸਿੱਖ ਦੀ ਤਾਰੀਫ਼: ਜੋ ਇਸਤਰੀ ਜਾਂ ਪੁਰਸ਼ ਇਕ ਅਕਾਲ ਪੁਰਖ, ਦਸ ਗੁਰੂ ਸਾਹਿਬਾਨ ( ਸ੍ਰੀ ਗੁਰੂ ਨਾਨਕ
ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤਕ ), ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ
ਗੁਰੂ ਸਾਹਿਬਾਨ ਦੀ ਬਾਣੀ ਤੇ ਸਿੱਖਿਆ ਅਤੇ ਦਸਮੇਸ਼ ਜੀ ਦੇ ਅੰਮ੍ਰਿਤ ਉੱਤੇ ਨਿਸ਼ਚਾ ਰੱਖਦਾ ਹੈ ਅਤੇ
ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ, ਉਹ ਸਿੱਖ ਹੈ।
ਗੁਰਮਤਿ ਦੀ ਰਹਿਣੀ :( ੳ) ਇਕ ਅਕਾਲ ਪਰੁਖ ਤੋਂ ਛੁਟ ਕਿਸੇ ਦੇਵੀ ਦੇਵਤੇ ਦੀ ਉਪਾਸਨਾਂ ਨਹੀਂ ਕਰਨੀ
।
(ਅ) ਆਪਣੀ ਮੁਕਤੀ ਦਾ ਦਾਤਾ ਤੇ ਇਸ਼ਟ ਕੇਵਲ ਦਸ ਗੁਰੂ ਸਾਹਿਬਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ
ਗੁਰੂ ਸਾਹਿਬਾਨ ਦੀ ਬਾਣੀ ਨੂੰ ਮੰਨਣਾ।
2.ਅਨੰਦ ਸੰਸਕਾਰ :
( ਅ ) ਸਿੱਖ ਦੀ ਪੁਤਰੀ ਦਾ ਵਿਆਹ ਸਿੱਖ ਨਾਲ ਹੀ ਹੋਵੇ।
(ਚ) ਅਨਮਤ ਵਾਲਿਆਂ ਦਾ ਵਿਆਹ 'ਅਨੰਦ' ਰੀਤੀ ਨਾਲ ਨਹੀਂ ਹੋ ਸਕਦਾ।
ਕੁਝ ਸਮਾਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਹੁਕਮਨਾਮਾ ਜਾਰੀ ਕਰਕੇ ਸਿੱਖਾਂ ਨੂੰ ਸੁਚੇਤ
ਕੀਤਾ ਗਿਆ ਹੈ, ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦਾ ਪ੍ਰਕਾਸ਼ ਪਾਰਟੀਆਂ ਵਾਲੇ ਹਾਲਾਂ
ਜਾਂ ਹੋਟਲਾਂ ਵਿੱਚ ਨਾ ਕੀਤਾ ਜਾਵੇ।ਇਹ ਠੀਕ ਹੈ, ਜਿਥੇ ਗੁਰੂ ਸਾਹਿਬ ਦਾ ਮਰਯਾਦਾ ਅਨੁਸਾਰ ਸਤਿਕਾਰ
ਨਹੀਂ ਸੀ ਹੁੰਦਾ ਉਸ ਨੂੰ ਰੋਕਿਆ ਗਿਆ ਹੈ; ਪਰ ਕਈ ਜਗ੍ਹਾ ਇਸ ਹੁਕਮਨਾਮੇ ਦਾ ਲਾਭ ਦੇਹਧਾਰੀ
ਗੁਰੂ-ਡੰਮ ਵਾਲੇ ਲੈ ਰਹੇ ਹਨ। ਇਸ ਗੱਲ ਦਾ ਸਬੂਤ ਇਹ ਹੈ, ਮੇਰਾ ਦੋਸਤ ਇਕ ਵਿਆਹ ਤੇ ਅੰਮ੍ਰਿਤਸਰ
ਗਿਆ ਸੀ। ਉਸ ਨੇ ਦੱਸਿਆ ਕਿ ਹਾਲ ਵਿੱਚ ਜਦੋਂ ਚਾਹ ਪੀ ਲਈ ਤਾਂ ਮੈਂਨੂੰ ਵੀ ਜਿਥੇ ਅਨੰਦ ਕਾਰਜ ਦੀ
ਰਸਮ ਹੋਣੀ ਸੀ ਉਥੇ ਲੈ ਗਏ। ਉਹ ਰਾਧਾ ਸੁਆਮੀਆਂ ਦਾ ਡੇਰਾ ਸੀ ( ਦੋਬੁਰਜੀ ਦੇ ਲਾਗੇ )। ਉਹਨਾਂ ਇਕ
ਕਮਰੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਰੱਖੀ ਹੈ।ਇਸ ਨਾਲ ਇਕ ਤਾਂ ਉਹਨਾਂ ਨੂੰ ਸਿੱਖਾਂ
ਦੀ ਕਮਾਈ ਮਿਲ ਰਹੀ ਹੈ, ਦੂਜੇ ਉਥੇ ਸਿੱਖਾਂ ਦੇ ਜਾਣ ਨਾਲ ਸਿੱਖ ਸਿਧਾਂਤਾਂ ਤੋਂ ਅਨਜਾਣ ਛੇਤੀ ਹੀ
ਉਹਨਾਂ ਦੇ ਇਸ ਪਖੰਡੀ ਪ੍ਰਚਾਰ ਵਿੱਚ ਫੱਸ ਜਾਂਦੇ ਹਨ ਕਿ, ''ਵੇਖੋ ਜੀ, ਅਸੀਂ ਵੀ ਸ੍ਰੀ ਗੁਰੂ
ਗ੍ਰੰਥ ਸਾਹਿਬ ਦੀ ਬਾਣੀ ਹੀ ਪੜ੍ਹਦੇ ਹਾਂ''। ਜਦ ਕਿ ਇਹ ਸਾਰਾ ਸਿੱਖਾਂ ਨੂੰ ਭਰਮਾਉਣ ਦਾ ਹੀ ਤਰੀਕਾ
ਹੈ। ਉਹ ਗੁਰਬਾਣੀ ਦੇ ਮਤਲਬ ਆਪਣੀ ਮਰਜ਼ੀ ਅਨੁਸਾਰ ਕੱਢਦੇ ਹਨ, ਜਿਨਾ੍ਹਂ ਨਾਲ ਉਹ ਆਪਣੇ ਆਪ ਨੂੰ ਗੁਰੂ
ਅਖਵਾ ਸਕਣ।
ਪਾਠਕਾਂ ਦੀ ਜਾਣਕਾਰੀ ਲਈ ਗਿਆਨੀ ਪ੍ਰਤਾਪ ਸਿੰਘ ਜੀ ਵੱਲੋਂ ਲਿੱਖੀ ਕਿਤਾਬ ''ਰਾਧਾ ਸੁਆਮੀ ਮਤ ਦਰਪਣ''
ਵਿੱਚੋਂ ਇਕ ਸ਼ਬਦ ਵੱਲ ਸਿੱਖਾਂ ਦਾ ਧਿਆਨ ਦਿਵਾਉਂਦਾ ਚਾਹੁੰਦਾ ਹਾਂ:
'' ਸਾਰ ਬਚਨ ਵਿੱਚ ਹੀ ਰਾਧਾ ਸੁਆਮੀ ਨਾਮ ਨੂੰ ਸ਼ਬਦ ਸੁਰਤਿ ਬਿਆਨ ਕੀਤਾ ਗਿਆ ਹੈ। ਉਸ ਲਈ ਕਬੀਰ
ਸਾਹਿਬ ਦਾ ਇਹ ਬਚਨ ਪੇਸ਼ ਕੀਤਾ ਗਿਆ ਹੈ:
ਕਬੀਰ ਧਾਰਾ ਅਗੰਮ ਕੀ, ਸਤਿਗੁਰ ਦਈ ਲਖਾਇ।
ਉਲਟ ਤਾਹਿ ਸੁਮਰਨ ਕਰੋ, ਸਵਾਮੀ ਸੰਗ ਮਿਲਾਇ।
ਭਾਵ: ਅਗੰਮ ਦੀ ਧਾਰਾ ਸਤਿਗੁਰੂ ਨੇ ਦੱਸ ਦਿੱਤੀ ਹੈ। ਉਸ ਧਾਰਾ ਨੂੰ ਉਲਟਾ ਕੇ 'ਰਾਧਾ' ਬਣਾ ਲਉ ਅਤੇ
ਉਸ ਨਾਲ ਸੁਆਮੀ ਮਿਲਾ ਕੇ 'ਰਾਧਾ ਸੁਆਮੀ' ਦਾ ਜਾਪ ਕਰੋ।
ਇਹ ਗੱਲ ਬੜੀ ਪੋਲੀ, ਹਾਸੋ-ਹੀਣੀ ਤੇ ਬੇ-ਦਲੀਲੀ ਹੈ।ਜੇ 'ਧਾਰਾ' ਦਾ ਅਰਥ 'ਰਾਧਾ' ਹੁੰਦਾ ਤਾਂ ਕਬੀਰ
ਸਾਹਿਬ ਨੇ ਖ਼ੁਦ ਆਪਣੀ ਬਾਣੀ ਵਿੱਚ 'ਰਾਧਾ ਸੁਆਮੀ' ਸ਼ਬਦ ਕਿਉਂ ਨਾ ਵਰਤਿਆ ? ਉਨਾ੍ਹਂ ਦੇ ਚਾਰ ਸੌ
ਸਾਲ ਬਾਅਦ 'ਧਾਰਾ' ਨੂੰ ਉਲਟਾ ਕੇ ਰਾਧਾ ਬਨਾਉਣ ਦੀ ਕਿਉਂ ਲੋੜ ਪੈ ਗਈ'' ?(ਹਵਾਲਾ: ਰਾਧਾ ਮਤ
ਦਰਪਣ, ਪੰਨਾ 20 )
ਹੋਰ ਜਾਣਕਾਰੀ ਲਈ ਪੜ੍ਹੋ ਪਿੰਗਲਵਾੜੇ ਦੇ ਬਾਨੀ ਭਗਤ ਪੂਰਨ ਸਿੰਘ ਜੀ ਵੱਲੋਂ ਪ੍ਰਕਾਸ਼ਤ ਕੀਤੀ
ਕਿਤਾਬ, '' ਰਾਧਾ ਸੁਆਮੀ ਬਾਬਿਆਂ ਦੇ ਕਾਲੇ ਲੇਖ'' ।
ਇਸ ਸਮੇਂ ਜਰੂਰੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ, ਸ਼੍ਰੋ: ਗੁ: ਪ੍ਰ: ਕਮੇਟੀ ਤੇ ਪੰਥ ਦਰਦੀ ਸਿੱਖ
ਧਰਮ ਵਿੱਚ ਦੇਹਧਾਰੀ ਗੁਰੂ-ਡੰਮ੍ਹ ਵੱਲੋਂ ਹੋ ਰਹੀ ਘੁਸਪੈਠ ਨੂੰ ਰੋਕਣ ਦਾ ਕੋਈ ਉਪਰਾਲਾ ਕਰਨ।
ਸਿੱਖਾਂ ਦਾ ਵੀ ਫ਼ਰਜ ਹੈ, ਕਿ ਉਹ ਥੋੜੀ ਜਿਹੀ ਸਹੂਲਤ ਵੇਖ ਕੇ ਗੁਰਦੁਆਰੇ ਦੀ ਬਜਾਏ, ਕਿਸੇ ਦੂਸਰੇ
ਧਰਮ ਵਾਲਿਆਂ ਦੇ ਡੇਰੇ ਵਿੱਚ ਜਾ ਕੇ ਅਨੰਦ ਕਾਰਜ ਦੀ ਰਸਮ ਨਾ ਕਰਨ।
ਆਮ ਸਿੱਖਾਂ ਨੂੰ ਇਸ ਗੱਲ ਦਾ ਸ਼ਾਇਦ ਪਤਾ ਨਹੀਂ ਹੈ, ਕਿ ਜਦ ਕੋਈ ਸਿੱਖ ਕਿਸੇ ਦੇਹਧਾਰੀ ਗੁਰ-ਡੰਮ੍ਹ
ਵਾਲੇ ਨੂੰ ਗੁਰੂ ਧਾਰਨ ਕਰ ਲੈਂਦਾ ਹੈ, ਤਾਂ ਫਿਰ ਉਹ ਸਿੱਖ ਨਹੀਂ ਰਹਿੰਦਾ। ਵੇਖਣ ਵਿੱਚ ਬਹੁਤ
ਆਉਂਦਾ ਹੈ ਜਿਹੜੇ ਸੱਜਣ ਸਿੱਖ ਪ੍ਰਵਾਰਾਂ ਵਿੱਚੋਂ ਦੇਹਧਾਰੀ ਗੁਰੂ-ਡੰਮ੍ਹ ਵੱਲ ਚਲੇ ਗਏ ਹਨ, ਉਹ
ਗੁਰਦੁਆਰੇ ਦੇ ਲੰਗਰ ਹਾਲ ਵਿੱਚ ਆਮ ਹੀ ਵੇਖੀ ਦੇ ਹਨ; ਉਂਝ ਆਪਣੇ ਬਣਾਏ ਨਵੇਂ ਦੇਹਧਾਰੀ ਗੁਰੂ ਕੋਲ
'ਸਤਿਸੰਗ' ਕਰਨ ਜਾਂਦੇ ਹਨ ਤੇ ਹੋਰਨਾਂ ਸਿੱਖਾਂ ਨੂੰ ਵੀ ਵਰਗ ਲਾਉਣ ਦੀ ਕੋਸ਼ਿਸ਼ ਕਰਦੇ ਹਨ।
ਇਸ ਸਮੇਂ ਲੱਗੀ ਪੈਸੇ ਦੀ ਦੋੜ ਵਿੱਚ ਕਈ ਸਿੱਖ ਪ੍ਰਵਾਰ ਵਿਦੇਸ਼ਾਂ ਵਿੱਚ ਜਾਣ ਦੀ ਖ਼ਾਹਸ਼ ਜਾਂ ਪੈਸੇ
ਦੀ ਚਮਕ ਵੇਖ ਕੇ ਦੇਹਧਾਰੀ ਗੁਰੂ-ਡੰਮ੍ਹ ਨੂੰ ਮੰਨਣ ਵਾਲਿਆਂ ਨਾਲ ਸਿੱਖੀ ਪਹਿਰਾਵਾ ਤੇ ਪਿਛੋਕੜ
ਵਿੱਚ ਸਿੱਖ ਪ੍ਰਵਾਰ ਹੋਣ ਦਾ ਬਹਾਨਾ ਬਣਾ ਕੇ ਆਪਣੇ ਧੀ,ਪੁਤਰ ਦੀ ਸ਼ਾਦੀ ਉਹਨਾਂ ਪ੍ਰਵਾਰਾਂ ਵਿੱਚ ਕਰ
ਰਹੇ ਹਨ। ਇਸ ਤਰਾ੍ਹਂ ਜਿਥੇ ਉਹ ਗੁਰੂ ਵੱਲੋਂ ਬੇਮੁੱਖ ਹੁੰਦੇ ਹਨ, ਉਥੇ ਸਿੱਖ ਕੌਮ ਦਾ ਵੀ ਵੱਡਾ
ਨੁਕਸਾਨ ਕਰਦੇ ਹਨ। ਜਿਸ ਦੀ ਦੇਖਾ-ਦੇਖੀ ਹੋਰ ਸਿੱਖ ਵੀ ਦੇਹਧਾਰੀ ਗੁਰੂ-ਡੰਮ੍ਹ ਦੇ ਸ਼ਰਧਾਲੂ ਬਣਦੇ
ਜਾ ਰਹੇ ਹਨ।
ਸਾਡਾ ਇਹਨਾਂ ਦੇਹਧਾਰੀ ਗੁਰੂ-ਡੰਮ੍ਹ ਵਾਲਿਆਂ ਦੀ ਵਿਰੋਧਤਾ ਕਰਨ ਦਾ ਮੁੱਖ ਕਾਰਨ ਸ੍ਰੀ ਗੁਰੂ ਗ੍ਰੰਥ
ਸਾਹਿਬ ਜੀ ਦੀ ਬਾਣੀ ਨੂੰ ਚੁਰਾ ਕੇ, ਫਿਰ ਉਸ ਦੇ ਗੱਲਤ ਅਰਥ ਕਰਕੇ ਸਿੱਖਾਂ ਨੂੰ ਹੀ ਗੁਮਰਾਹ ਕਰਨ
ਦਾ ਦੋਸ਼ ਹੈ। ਜੇਕਰ ਇਹ ਗੁਰੂ-ਡੰਮ੍ਹ ਵਾਲੇ ਏਨੀ ਹੀ ਅਕਾਲ ਪੁਰਖ ਦੀ ਸੋਝੀ ਵਾਲੇ ਹਨ ਤਾਂ ਆਪ ਬਾਣੀ
ਦਾ ਉਚਾਰਨ ਕਰਨ ਅਤੇ ਆਪਣੇ ਚੇਲਿਆਂ ਨੂੰ ਉਸ ਦਾ ਪਾਠ ਪੜ੍ਹਾਉਣ।
ਸਿੱਖ ਧਰਮ ਨੂੰ ਬੇਦਾਵਾ ਦੇ ਕੇ ਦੇਹਧਾਰੀ ਗੁਰੂ-ਡੰਮ੍ਹ ਵੱਲ ਜਾਣ ਵਾਲੇ ਸੱਜਣੋ ! ਇਕ ਗੱਲ ਜ਼ਰੂਰ
ਯਾਦ ਰੱਖੀਓ ! ਸਿੱਖ ਧਰਮ ਦੀ ਨਿਆਰੀ ਹੋਂਦ ਦੀ ਤਿਆਰੀ ਕਰਨ ਵਾਸਤੇ ਗੁਰੂ ਸਾਹਿਬਾਨ ਨੇ ਲਗਪਗ 239
ਸਾਲ ਲਾਏ ਸਨ; ਜਿਸ ਵਿੱਚ ਉਹਨਾਂ ਆਪਣੇ ਜੀਵਨ ਵਿੱਚ ਸਖਤ ਘਾਲਣਾ ਘਾਲੀਆਂ ਅਤੇ ਲੋੜ ਪੈਣ ਤੇ ਆਪਣੀਆਂ
ਅਤੇ ਆਪਣੇ ਪ੍ਰਵਾਰ ਦੀਆਂ ਸ਼ਹੀਦੀਆਂ ਵੀ ਦਿੱਤੀਆਂ । ਜੋ ਵੀ ਸਿਖਿਆ ਉਹਨਾਂ ਨੇ ਸਿੱਖਾਂ ਨੂੰ ਦਿੱਤੀ,
ਉਹ ਆਪਣੇ ਪਿੰਡੇ ਤੇ ਪਹਿਲਾਂ ਆਪ ਹੰਡਾਈ।ਇਸੇ ਕਰਕੇ ਹੀ ਗੁਰੂ ਸਾਹਿਬਾਨ ਨੂੰ ਕਹਿਣੀ ਤੇ ਕਰਨੀ ਦੇ
ਸੂਰੇ ਕਿਹਾ ਜਾਂਦਾ ਹੈ। ਇਸ ਸਮੇਂ ਸੱਭ ਤੋ ਵੱਧ ਮਨੁੱਖਤਾ ਦੇ ਭਲੇ ਲਈ ਸਾਦਾ ਅਤੇ ਪਵਿੱਤਰ ਸਿਧਾਂਤ
ਵਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ ਜੋ ਕੇ '' ਸ਼ਬਦ ਗੁਰੂ'' ਦੇ ਰੂਪ ਵਿੱਚ ਸਾਡੇ ਪਾਸ ਮੌਜੂਦ
ਹੈ। ਜੇਕਰ ਉਸ ਪਵਿੱਤਰ ਬਾਣੀ ਦੇ ਆਸ਼ੇ ਅਨੁਸਾਰ ਆਪਣੇ ਜੀਵਨ ਨੂੰ ਢਾਲਕੇ ਵੀ ਤੁਹਾਨੂੰ ਮਨ ਦੀ ਸ਼ਾਤੀ
ਨਹੀਂ ਮਿਲੀ ਤਾਂ ਫਿਰ ਕਿਸੇ ਦੇਹਧਾਰੀ ਗੁਰੂ-ਡੰਮ੍ਹ ਕੋਲੋ ਵੀ ਨਹੀਂ ਮਿਲੇਗੀ ? ਤੁਸੀਂ ਇਸ ਮਹਾਨ
ਧਰਮ ਨੂੰ ਛੱਡ ਕੇ ਇਸ ਦੇ ਦੋਖੀਆਂ ਦਾ ਸਾਥ ਦੇ ਰਹੇ ਹੋ ਪਰ ਯਾਦ ਰੱਖੀਓ ! ਐਸ਼ ਪ੍ਰਸਤ ਦੇਹਧਾਰੀ
ਗੁਰੂ-ਡੰਮ੍ਹ ਵਾਲੇ ਗੁਰੂ ਕੋਲੋ ਸਵਾਏ ਨਿਰਾਸ਼ਤਾ ਦੇ ਤੁਹਾਨੂੰ ਕੁਝ ਵੀ ਨਹੀਂ ਮਿਲੇਗਾ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਵਾਲੇ ਹਰ ਸਿੱਖ ਦਾ ਫਰਜ਼ ਬਣਦਾ ਹੈ, ਕਿ ਉਹ ਜਿਥੇ
ਦੇਹਧਾਰੀ ਗੁਰੂ-ਡੰਮ੍ਹ ਅਤੇ ਅਖੌਤੀ ਸੰਤਾਂ ਸਾਧਾਂ ਦੀਆਂ ਮਨ ਭਰਮਾਊ ਚਾਲਾਂ ਅਤੇ ਝੂਠੀਆਂ ਕਰਾਮਾਤੀ
ਕਹਾਣੀਆਂ ਤੋਂ ਆਪ ਸੁਚੇਤ ਰਹਿਣ ਉਥੇ ਹੋਰਨਾਂ ਸਿੱਖਾਂ ਨੂੰ ਵੀ ਇਹਨਾਂ ਦੀਆਂ ਮੋਮੋ ਠੱਗਣੀਆਂ ਗੱਲਾਂ
ਤੋਂ ਜਾਗਰੂਕ ਕਰਨ। ਇੰਝ ਅਸੀਂ ਆਪਣੀਆਂ ਆਉਣ ਵਾਲੀਆਂ ਪੁਸ਼ਤਾਂ ਨੂੰ ''ਸ਼ਬਦ ਗੁਰੂ'' ਦੀ ਵਿਚਾਰਧਾਰਾ
ਸਮਝਾ ਕੇ ਸਿੱਖ ਧਰਮ ਵਿੱਚ ਹੋ ਰਹੀ ਦੇਹਧਾਰੀ ਗੁਰੂ-ਡੰਮ੍ਹ ਵੱਲੋਂ ਘੁਸਪੈਠ ਨੂੰ ਰੋਕਣਾ ਹੈ।ਇਸ ਦੇ
ਨਾਲ ਹੀ ਗੁਰਮਤਿ ਦਾ ਪ੍ਰਚਾਰ ਕਰਨ ਦੀ ਆੜ੍ਹ ਹੇਠ ਵੱਧ ਰਹੇ ਵਹਿਲੜ ਅਖੌਤੀ ਸੰਤਾਂ ਸਾਧਾਂ ਦੇ ਡੇਰੇ
ਬਣਨ ਤੋਂ ਵੀ ਰੋਕ ਸਕਦੇ ਹਾਂ।