ਯਾਦਾਂ ਦੇ ਝਰੋਖੇ 'ਚੋਂ: ਮੇਰੇ ਸਵਰਗਵਾਸੀ ਬਾਪੂ ਕਾਂਮਰੇਡ ਬਚਨ ਸਿੰਘ ਦੇ ਜੀਵਨ ਤੇ ਝਾਤ

ਬਲਦੇਵ ਸਿੰਘ ਬੁੱਧ ਸਿੰਘ ਵਾਲਾ ਹਾਂਗ ਕਾਂਗ



8-9 ਦਸੰਬਰ ਨੂੰ ਪਿੰਡੋ ਫੂਨ ਆਇਆ ਕਿ ਬਾਪੂ ਮੋਗੇ ਮਹਿਰੋ ਵਾਲੇ ਡਾਕਟਰ ਦੇ ਦਾਖਲ ਹੈ। ਮੇਰਾ ਮੱਥਾ ਠਣਕਿਆ ਕਿ ਅਮਲੀ ਆਦਮੀ ਬੀਮਾਰ ਨਹੀ ਹੁੰਦਾ ਤੇ ਜੇ ਬੀਮਾਰ ਹੋ ਜਾਵੇ ਤੇ ਫਿਰ ਠੀਕ ਨਹੀ ਹੁੰਦਾ। ਡਾਕਟਰ ਨੇ ਪੈਸੇ ਬਨਾਉੇਣ ਦੇ ਮਾਰੇ ਨੇ ਦਾਖਲ ਕਰ ਲਿਆ ਹੋਊ। ਗੱਲ ਇਓ ਹੋਈ ਕਿ ਰੋਟੀ ਖਾਦੇ ਦੇ ਬੁਰਕੀ ਲੱਗ ਗਈ ਸਿਰ ਪਾਵੇ ਤੇ ਵੱਜਿਆ ਖੂਨ ਸਿਰ ਵਿੱਚ ਜੰਮ ਗਿਆ ਉਮਰ ਵੱਢੀ ਹੋਣ ਕਰਕੇ ਸਿਰ ਦਾ ਅਪਰੇਸ਼ਨ ਨਹੀ ਸੀ ਹੋ ਸਕਦਾ ਡਾਕਟਰ ਨੇ ਪੈਸੈ ਬਨਾਉਣ ਵਾਸਤੇ ਆਕਸੀਜ਼ਨ ਲਾ ਦਿੱਤੀ। ਸਾਡੀਆਂ ਸੀਟਾਂ 15 ਜਨਵਰੀ ਦੀਆ ਓਕੇ ਸੀ ਕਿਉਕਿ ਮੇਰੇ ਮੁੰਡੇ ਦਾ ਵਿਆਹ ਸੀ। ਸੋ ਖੜੇ ਪੈਰ ਸੀਟ ਮਿਲਨੀ ਮੁਸ਼ਕਲ ਹੋ ਗਈ ਸਾਰੇ ਜਹਾਜ ਬੁੱਕ ਦੋ ਦਿਨ ਸੀਟ ਵਾਸਤੇ ਭੱਜ ਭਜਾਈ ਵਿੱਚ ਗੁਜ਼ਰ ਗਏ ਤੀਜੇ ਦਿਨ ਫੂਨ ਆ ਗਿਆ ਕਿ ਬਾਪੂ ਅਕਾਲ ਚਲਾਣਾ ਕਰ ਗਏ। ਫਿਰ ਵੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਣਾਂ ਜਰੂਰੀ ਸੀ ਪਰ ਸੀਟ ਨਾ ਮਿਲਦੀ ਦੇਖਕੇ ਜਿਉਦੇ ਦਾ ਮੂੰਹ ਦੇਖਣਾਂ ਤਾਂ ਦੂਰ ਦੀ ਗੱਲ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਦੀ ਆਸ ਵੀ ਧੁੰਧਲੀ ਦਿਸ ਰਹੀ ਸੀ। ਮੇਰਾ ਦੋਸਤ ਖਾਨ ਏਅਰ ਪੋਰਟ ਤੇ ਨੌਕਰੀ ਕਰਦਾ ਸੀ ਉਹ ਕਹਿੰਦਾ ਤੂੰ ਹਰ ਰੋਜ ਏਅਰ ਪੋਰਟ ਤੇ ਆ ਜਾਇਆ ਕਰ ਕਈ ਵਾਰ ਕੋਈ ਬੰਦਾ ਨਹੀ ਆਉਦਾ ਤਾਂ ਸੀਟ ਮਿਲ ਸਕਦੀ ਹੈ। ਮੈ ਏਅਰ ਪੋਰਟ ਨੂੰ ਤੁਰ ਪਿਆ ਮੇਰੇ ਨਾਲ ਮੇਰੇ ਰਿਸ਼ਤੇਦਾਰ ਤੇ ਦੋਸਤ ਤਿਆਰ ਹੋ ਗਏ ਤਾਂ ਮੈ ਕਿਹਾ ਕਿ ਮੇਰਾ ਕੋਈ ਪੱਕਾ ਪਤਾ ਨਹੀ ਜਾਵਾਂ ਜਾਂ ਨਾਂ ਜਾਂਵਾਂ ਮੈ ਤਾਂ ਉਨਾ ਚਿਰ ਏਅਰ ਪੋਰਟ ਤੇ ਜਾਇਆ ਕਰਨਾਂ ਹੈ ਜਿੰਨਾ ਚਿਰ ਬਾਪੂ ਦਾ ਭੋਗ ਨਹੀ ਪੈਦਾ ਤੁਸੀ ਹਰ ਰੋਜ ਮੇਰੇ ਨਾਲ ਕਿਵੇ ਜਾਵੋਗੇ ਜੇ ਸੀਟ ਮਿਲ ਗਈ ਤਾਂ ਚਲਾ ਜਾਊਗਾ ਨਹੀ ਤਾਂ ਹਰ ਰੋਜ ਜਾਂਦੇ ਜਹਾਜ ਨੂੰ ਅਲਵਿਦਾ ਆਖਕੇ ਵਾਪਸ ਘਰ ਆ ਜਾਇਆ ਕਰੂੰਗਾ ਜਿਨਾ ਚਿਰ ਅੰਤਮ ਅਰਦਾਸ ਨਹੀ ਹੁੰਦੀ ਮੈ ਹੋਰ ਬੋਲ ਨਹੀ ਸਕਿਆ ਕਿਉਕਿ ਮੇਰਾ ਗਲ ਭਰ ਆਇਆ ਸੀ। ਇਕੱਲਾ ਏਅਰ ਪੋਰਟ ਤੇ ਆ ਗਿਆ। ਖਾਂਨ ਵੀ ਮਿਲ ਪਿਆ ਤੇ ਕੰਮਪੂਟਿਰ ਚੈਕ ਕਰਕੇ ਕਹਿਣ ਲੱਗਾ।
'ਇੱਕ ਅੱਧੇ ਬੰਦੇ ਦੀ ਗੱਲ ਹੁੰਦੀ ਤਾਂ ਕੋਈ ਗੱਲ ਨਹੀ ਸੀ ਪਰ 10 ਬੰਦੇ ਕਤਾਰ ਵਿੱਚ ਹਨ ਜੇ 10 ਬੰਦੇ ਨਾਂ ਆਏ ਤਾਂ ਤੇਰਾ ਕੰਮ ਬਣ ਸਕਦਾ ਹੈ'
'ਫਿਰ ਤਾਂ ਮੈ ਜਾਨਾ ਕੱਲ ਆਊਗਾ'ਆਖਕੇ ਮੈ ਅਟੈਚੀ ਵਾਪਸ ਘੜੀਸ ਲਿਆ।
'ਆਹੀ ਤਾਂ ਆਪਣੇ ਪੰਜਾਬੀਆਂ ਵਿੱਚ ਖਰਾਬੀ ਆ ਕਿ ਐਵੈ ਘਬਰਾ ਜਾਣਗੇ ਬੈਠ ਚਾਹ ਪੀ' ਖਾਂਨ ਮੈਨੂੰ ਦਾ ਦੇਕੇ ਆਪ ਚਲਾ ਗਿਆ ਚਾਹ ਮੇਰੇ ਕੀ ਨੰਘਣੀ ਸੀ ਬੱਸ ਟਾਈਮ ਪਾਸ ਸੀ। ਮੈ ਜਾਂਦੇ ਮੁਸਾਫਰਾਂ ਨੂੰ ਦੇਖ ਰਿਹਾ ਸੀ ਕਾਊਟਰ ਬੰਦ ਹੋਣ ਦਾ ਵਕਤ ਹੋ ਗਿਆ ਮੈ ਵੀ ਵਾਪਸ ਜਾਣ ਦੀ ਤਿਆਰੀ ਕੀਤੀ ਪਰ ਐਨ ਮੌਕੇ ਤੇ ਆਕੇ ਖਾਨ ਕਹਿੰਦਾ।
'ਛੇਤੀ ਛੇਤੀ ਔਹ ਕਾਊਟਰ ਤੇ ਜਾ' ਤੇ ਉਹ ਆਪ ਵੀ ਮੇਰਾ ਸਮਾਨ ਲੈਕੇ ਪਟੇ ਤੇ ਰੱਖ ਦਿੱਤਾ ਮਿੰਟੋ ਮਿੰਟੀ ਸੀਟ ਮਿਲ ਗਈ ਕਿੳਕਿ ਇੱਕ 10-12 ਬੰਦਿਆ ਦਾ ਗਰੁਪ ਹੀ ਨਹੀ ਆਇਆ। ਭਾਰ ਜਿਆਦਾ ਘੱਟ ਦਾ ਕੋਈ ਸਵਾਲ ਨਹੀ ਸੀ ਮੈ ਦਿੱਲੀ ਉਤਰ ਗਿਆ ਪਰ ਬੜੀ ਹੈਰਾਨੀ ਹੋਈ ਕਿਸੇ ਕਸਟਮ ਵਾਲੇ ਨੇ ਦੇਖਿਆ ਤੱਕ ਨਹੀ। ਪਹਿਲਾਂ ਪਹਿਲਾਂ ਤਾਂ ਹਾਂਗ ਕਾਂਗ ਤੋ ਆਏ ਬੰਦੇ ਦੇ ਦੁਆਲੇ ਕਸਟਮ ਵਾਲੇ ਇਓ ਹੋ ਜਾਂਦੇ ਸਨ ਜਿਵੇ ਮਰੇ ਪਸੂ ਦੁਆਲੇ ਇੱਲਾਂ!ਮੈ ਛੇਤੀ ਛੇਤੀ ਕਸਟਮ ਵਾਲਾ 'ਖਤਰਨਾਕ' ਏਰੀਆ ਕਰਾਸ ਕਰਕੇ ਬਾਹਰ ਵੱਲ ਵਧਿਆ ਲੋਕ ਆਉਣ ਵਾਲਿਆਂ ਦੀ ਉਡੀਕ ਵਿੱਚ ਇਓ ਖੜੇ ਸਨ ਜਿਵੇ ਮਦਾਰੀ ਦਾ ਤਮਾਸ਼ਾ ਦੇਖਣਾਂ ਹੋਵੇ। ਮੈੰ ਰੇੜੀ ਲੈਕੇ ਛੇਤੀ ਜਾ ਰਿਹਾ ਸੀ ਕਿ ਕੋਈ ਕਸਟਮ ਵਾਲਾ ਨਾਂ ਪਿੱਛੇ ਆ ਜਾਵੇ ਕਿਉਕਿ ਪਿਛਲੇ 17 ਸਾਲਾਂ ਦਾ ਡਰ ਸੀ ਏਨੇ ਨੂੰ ਪਿੱਛੋ ਕਿਸੇ ਨੇ ਆਕੇ ਮੇਰਾ ਮੋਢਾ ਫੜ ਲਿਆ ਮੈ ਡਰ ਗਿਆ ਸੋਚਿਆ ਕਿ ਗੱਲ ਉਹੋ ਹੀ ਹੋ ਗਈ ਜੋ ਨਹੀ ਹੋਣੀ ਸੀ ਕਿਉਕਿ ਦੁੱਧ ਦਾ ਸੜਿਆ ਲੱਸੀ ਨੂੰ ਵੀ ਫੂਕਾਂ ਮਾਰ ਕੇ ਪੀਦਾ ਹੈ ਡਰਦੇ ਡਰਦੇ ਨੇ ਪਿੱਛੇ ਮੁੜਕੇ ਦਖਿਆ ਤਾਂ ਭਰਮ ਦੂਰ ਹੋ ਗਿਆ ਉਹ ਮੇਰਾ ਭਰਾ ਮੈਨੂੰ ਲੈਣ ਆਇਆ ਸੀ। ਘਰ ਪਹੁੰਚਿਆ ਤਾਂ ਘਰਦੇ ਬਾਪੂ ਨੂੰ ਵੱਢਾ ਕਰਨ ਦੀ ਤਿਆਰੀ ਕਰੀ ਬੈਠੇ ਸੀ ਮਤਲਬ ਲੱਡੂ ਜਲੇਬੀਆਂ ਦਾ ਪ੍ਰੋਗਰਾਮ ਜਿਸਦੇ ਮੈ ਉਲਟ ਸੀ ਮੈ ਕਹਿੰਦਾ ਹਾਂ ਜੋ ਸੇਵਾ ਜਿਊਦੇ ਦੀ ਕਰੋ ਮਰੇ ਪਿੱਛੋ ਜਲੇਬੀਆਂ ਦਾ ਕੀ ਫਾਇਦਾ ਪਰ ਮੇਰੀ ਕਿਸਨੇ ਸੁਨਣੀ ਸੀ। ਮੈ ਗਿਆਨੀ ਸੰਤੋਖ ਸਿੰਘ ਨੂੰ ਅਸਟ੍ਰੇਲੀਆ ਫੂਨ ਕਰਕੇ ਵੀ ਪੁੱਛਆ ਸੀ ਕਿ ਸਵਰਗਵਾਸ ਹੋਣ ਤੇ ਲੱਡੂ ਜਲੇਬੀਆਂ ਪਕਾਉਣੀਆਂ ਠੀਕ ਹਨ ਜਾਂ ਨਹੀ ਤਾਂ ਉਸਨੇ ਕਿਹਾ ਕਿ ਗੁਰਮਤ ਨਾਲ ਇਸਦਾ ਕੋਈ ਸਬੰਧ ਨਹੀ ਲੋਕ ਦੇਖੋ ਦੇਖੀ ਸਵਰਗਵਾਸੀ ਨੂੰ ਵੱਢਾ ਕਰਨ ਦੀ ਰੀਤ ਚਲਾ ਰਹੇ ਹਨ। ਵੈਸੈ ਵੀ ਮੇਰਾ ਬਾਪੂ ਕਮਿਊਨਿਸਟ ਸੀ ਲੋਕ ਉਸਨੂੰ ਕਾਮਰੇਡ ਆਖਦੇ ਸਨ। ਗਰਮੀਆਂ ਦੇ ਦਿਨਾਂ ਵਿੱਚ 'ਲੇਵੀ' ਵਾਸਤੇ ਕਣਕ ਇਕੱਠੀ ਕਰਦੇ ਸਨ ਪਾਰਟੀ ਵਾਸਤ।ੇ ਬੁੜੀਆਂ ਨੇ ਕਹਿਣਾਂ।
'ਏਹ ਕੌਮਨਿਸਟਾਂ ਨੇ ਲੇਵੀ ਬਣਾਂ ਕੇ ਕੀ ਕਰਨੀ ਹੈ' ਵੈਸੈ ਲੇਵੀ ਦਾ ਮਤਲਬ ਟੈਕਸ ਹੁੰਦਾ ਹੈ ਪਰ ਅਨਪੜਾਂ ਨੂੰ ਪਤਾ ਨਹੀ ਸੀ। ਪਹਿਲਾਂ ਪਹਿਲਾਂ ਕਮਿਊਨਿਸਟ ਬਹੁਤ ਮੁਜਾਹਰੇ ਕਰਦੇ ਸਨ। ਬਾਪੂ ਨੂੰ ਪੁਲੀਸ ਨੇ ਬਹੁਤ ਵਾਰ ਫੜਿਆ ਬਹੁਤ ਪੁਲੀਸ ਦੀਆਂ ਡਾਗਾਂ ਖਾਧੀਆ। ਜਦੋ ਕਿਤੇ ਪਿੰਡ ਵਿੱਚ ਪੁਲੀਸ ਆਉਣੀ ਤਾਂ ਸਾਨੂੰ ਫਿਕਰ ਪੈ ਜਾਂਣਾਂ ਜੇ ਮੋਗੇ ਤੋ ਲੇਟ ਹੋ ਜਾਂਣਾ ਤਾਂ ਸਾਨੂੰ ਫਿਕਰ ਹੋ ਜਾਣਾਂ ਕਿ ਪੁਲੀਸ ਨੇ ਫੜ ਲਿਆ ਹੋਊ। ਜਦੋ ਭੋਪਾਲ ਵਿੱਚ ਅਮਰੀਕਾ ਨੇ 'ਯੂਨੀਅਨ ਕਾਰਬਾਈਡ' ਨਾਂ ਤੇ ਕੀੜੇ ਮਾਰ ਦੁਆਈ ਬਨਾਉਣ ਦੀ ਫੈਕਟਰੀ ਲਾਈ ਤਾਂ ਕਮਿਊਸਿਟਾਂ ਨੇ ਵਿਰੋਧ ਕੀਤਾ ਸੀ ਕਿ ਜੇ ਗੈਸ ਲੀਕ ਹੋ ਗਈ ਤਾਂ ਸਾਰਾ ਸ਼ਹਿਰ ਮਰ ਜਾਵੇਗਾ ਪਰ ਮਾੜੇ ਦੀ ਕੌਣ ਸੁਣਦਾ ਹੈ ਹੋਇਆ ਉਹ ਜੋ ਕਮਿਊਨਿਸਟ ਕਹਿੰਦੇ ਸੀ 3 ਦਸੰਬਰ 1984 ਨੂੰ 'ਮਥਿਾਇਲ ਆਈਸੋਨਾਈਟ' ਗੈਸ ਲੀਕ ਗਈ ਜਿਸ ਨਾਲ 22,000 ਲੋਕ ਮਰ ਗਏ'4 ਲੱਖ ਲੋਕ ਘਰ ਛੱਡ ਕੇ ਭੱਜ ਗਏ ਇੱਕ ਲੱਖ ਪੰਜਾਹ ਹਜਾਰ ਅਪੰਗ ਹੋ ਗਏ ਤੇ ਪੰਜਾਹ ਹਜਾਰ ਬੀਮਾਰ ਹੋ ਗਏ ਪਸੂਆਂ ਮਰਿਆਂ ਦਾ ਕੋਈ ਹਿਸਾਬ ਨਹੀ ਪਰ ਮੱਛਰ ਨਹੀ ਸੀ ਮਰਿਆ ਕਿਉਕਿ ਮੱਛਰ ਦੇ ਫੇਫੜੇ ਨਹੀ ਹੁੰਦੇ। ਹੁਣ ਤਾਂ ਮੁੰਡੇ ਨਸ਼ਿਆਂ ਤੇ ਲੱਗ ਗਏ ਹਨ ਗੇਮ ਖੇਡਣ ਦਾ ਸੌਕ ਘੱਟ ਹੈ ਪਰ ਮੇਰਾ ਬਾਪੂ ਘੁਲਦਾ ਵੀ ਹੁੰਦਾ ਸੀ। ਇਸੇ ਕਰਕੇ 1947 ਦੇ ਹੱਲੇ ਗੁੱਲੇ ਵੇਲੇ ਕੋਈ 100 ਦੇ ਕਰੀਬ ਮੁਸਲਮਾਂਨਾਂ ਨੂੰ ਜਿੰਨ੍ਹਾਂ ਵਿੱਚ ਬੰਦੇ ਬੁੜੀਆਂ ਤੇ ਬੱਚੇ ਸਨ ਪਨਾਹ ਦੇ ਕੇ ੳਹਨਾਂ ਦੀ ਜਾਨ ਬਚਾ ਕੇ ਕਾਫਲੇ ਦੇ ਨਾਲ ਮਿਲਾ ਕੇ ਸਹੀ ਸਲਾਮਤ ਪਾਕਿਸਤਾਨ ਭੇਜੇ। ਜਦੋ ਕਿ ਸ਼ਾਮ ਨੂੰ ਰਾਮੂਆਲੇ ਦੇ ਬੰਦੇ ਕ੍ਰਿਪਾਨਾਂ ਲੈਕੈ ਸਾਡੇ ਘਰ ਆਕੇ ਮੇਰੇ ਬਾਪੂ ਨੂੰ ਕਹਿੰਦੇ ਸੀ ਕਿ ਮੁਸਲਿਆਂ ਨੂੰ ਸਾਡੇ ਹਵਾਲੇ ਕਰ ਬਾਪੂ ਨੇ ਕਿਹਾ ਹਿੰਮਤ ਹੈ ਤਾਂ ਆ ਕੇ ਲੈ ਜਾਵੋ,ਪਰ ਬਾਪੂ ਭਲਵਾਨ ਹੋਣ ਸਦਕਾ ਕਿਸੇ ਦੀ ਬਾਪੂ ਨਾਲ ਲੜਨ ਦੀ ਹਿੰਮਤ ਨਹੀ ਪਈ ਉਦੋ ਰਫਲ ਪਸਤੌਲਾਂ ਦਾ ਜ਼ਮਾਂਨਾਂ ਨਹੀ ਸੀ ਹਿੱਕ ਦਾ ਜ਼ੋਰ ਚਲਦਾ ਸੀ। ਮੇਰੇ ਬਾਪੂ ਦੇ ਨਾਲ ਨਾਲ ਮੁਸਲਮਾਂਨਾ ਨੇ ਵੀ ਮੰਜਿਆਂ ਦੇ ਸੇਰੂ ਤੇ ਬਾਹੀਆਂ ਕੱਢ ਲਈਆਂ ਤਾਂ ਬਾਪੂ ਨੇ ਲਲਕਾਰਾ ਮਾਰ ਕੇ ਕਿਹਾ
'ਏਹਨਾ ਕਿਸ਼ਮਤ ਦੇ ਮਾਰਿਆਂ ਨੂੰ ਤੁਸੀ ਕਿਓ ਮਾਰਦੇ ਓ ਏਨਾਂ ਮਰਿਆਂ ਨੂੰ ਕੀ ਮਾਰੋਗੇ,ਏਨਾਂ ੳਜੜਿਆਂ ਨੂੰ ਤੁਸੀ ਹੋਰ ਕੀ ਉਜਾੜੋਗੇ ਏਨ੍ਹਾਂ ਮਰਿਆਂ ਤੇ ਉਜੜਿਆਂ ਵਿਆਂ ਨੂੰ ਵੀ ਤੁਸੀ ਨਈ ਬਖਸ਼ਦੇ, ਜਾਓ ਨਈ ਤਾਂ ਥੋਨੂੰ ਚੀਰ ਕੇ ਰੱਖ ਦਿਆਂਗੇ' ਬਾਪੂ ਦਾ ਲਲਕਾਰਾ ਸੁਣਕੇ ਸਾਰੇ ਵਾਪਸ ਚਲੇ ਗਏ।
ਬਾਪੂ ਜੈਤੋ ਦੇ ਮੋਰਚੇ ਵਿੱਚ ਵੀ ਗਿਆ ਸੀ ਦਸਦਾ ਹੁੰਦਾ ਸੀ ਕਿ ਇਸ ਜੱਥੇ ਵਿੱਚ ਹਾਂਗ ਕਾਂਗ,ਸੰਘਈ ਤੇ ਕਨੇਡਾ ਤੋ ਵੀ ਆਦਮੀ ਹਿੱਸਾ ਲੈਣ ਵਾਸਤੇ ਆਏ ਸਨ।
ਜਦੋ ਅਸੀ ਜੱਥਾ ਬਣਾਂ ਕੇ ਕੋਟ ਕਪੂਰੇ ਪਹੁੰਚੇ ਤਾਂ ਜੱਥੇਦਾਰ ਨੇ ਸਾਰਿਆਂ ਨੂੰ ਸੰਬੋਧਨ ਕਰਕੇ ਕਿਹਾ।
'ਸਾਧ ਸੰਗਤ ਜੀ ਆਪਾਂ ਅਖੰਡ ਪਾਠ 'ਚ' ਸ਼ਾਮਲ ਹੋਣ ਜਾ ਰਹੇ ਆ ਚੱਲੇ ਹਾਂ ਕੋਈ ਲੜਾਈ ਝਗੜਾ ਨਹੀ ਕਰਨਾਂ,ਪਰ ਲੜਾਈ ਹੋ ਵੀ ਸਕਦੀ ਹੈ,ਜੇਲ ਵੀ ਹੋ ਸਕਦੀ ਹੈ ਕੁਛ ਵੀ ਹੋ ਸਕਦਾ ਹੈ ਆਪਾਂ ਨਾਨਕੀ ਨਹੀ ਚੱਲੇ,ਭੁੱਖੇ ਪਿਆਸੇ ਵੀ ਰਹਿਣਾ ਪੈ ਸਕਦਾ ਹੈ,ਜੇ ਕੋਈ ਆਦਮੀ ਫੀਮ ਖਾਂਦਾ ਹੈ ਜਾਂ ਡੋਡੇ ਪੀਦਾ ਹੈ ਉਹ ਭਾਈ ਐਥੋ ਹੀ ਮੁੜ ਜਾਵੇ,ਜੋ ਨਸ਼ਾ ਨਹੀ ਖਾਂਦੇ ਉਹ ਉਸ ਦ੍ਰਖਤ ਥੱਲੇ ਚਲੇ ਜਾਣ'। ਤਿੰਨ ਹਿੱਸੇ ਦ੍ਰਖਤ ਥੱਲੇ ਚਲੇ ਗਏ ਅਮਲੀ ੳਥੇ ਹੀ ਖੜੇ ਰਹੇ। ਫਿਰ ਅਮਲੀਆਂ ਨੂੰ ਕਿਹਾ।
'ਹਾਂ ਵਈ ਹੁਣ ਥੋਡੇ 'ਚੋ' ਜਿਹੜੇ ਬਗੈਰ ਨਸ਼ੇ ਤੋ ਜੱਥੇ ਨਾਲ ਜਾ ਸਕਦੇ ਹਨ ਉਸ ਖੜੇ ਰਹਿਣ ਜੋ ਨਹੀ ਜਾ ਸਕਦੇ ਉਹਦ੍ਰਖਤ ਥੱਲੇ ਚਲੇ ਜਾਵੋ'ਅੱਧੇ ਅਮਲੀ ਦ੍ਰਖਤ ਥੱਲੇ ਚਲੇ ਗਏ ਅੱਧੇ ਖੜੇ ਰਹੇ। ਜਿਹੜੇ ਖੜੇ ਸੀ ਉਹਨਾਂ ਨੂੰ ਕਿਹਾ।
'ਹਾਂ ਵਈ ਤੁਸੀ ਜੱਥੇ ਨਾਲ ਜਾਵੋਗੇ'ਤਾਂ ਅਮਲੀ ਇੱਕ ਦੂਜੇ ਵੱਲ ਦੇਖ ਕੇ ਸਾਰਿਆਂ ਨੇ ਕਿਹਾ।
'ਨਹੀ'
'ਜੇ ਨਹੀ ਜਾ ਸਕਦੇ ਸੀ ਤਾਂ ਫਿਰ ਦੂਜੇ ਅਮਲੀਆਂ ਨਾਲ ਦ੍ਰਖਤ ਥੱਲੇ ਕਿਓ ਨਹੀ ਗਏ'ਜੱਥੇਦਾਰ ਨੇ ਗੁੱਸੇ ਨਾਲ ਕਿਹਾ।
'ਜੀ ਸਾਡਾ ਤਾਂ ਨਸ਼ਾ ਐਨਾਂ ਟੁੱਟਿਆ ਪਿਆ ਕਿ ਦ੍ਰਖਤ ਤੱਕ ਤੁਰਕੇ ਜਾਣ ਦੀ ਹਿੰਮਤ ਨਹੀ'। ਅਮਲੀਆਂ ਨੇ ਮੂੰਹ ਲਮਕਾ ਕੇ ਕਿਹਾ। ਬਾਪੂ ਦਸਦਾ ਹੁੰਦਾ ਸੀ ਕਿ ਜੈਤੋ ਦੇ ਮੋਰਚੇ ਵਿੱਚ ਜਿਆਦਾ ਮਾਰੋ ਮਾਰੀ ਨਹੀ ਸੀ ਹੋਣੀਾ ਪਰ ਜਦੋ ਗੋਰਾ ਅਫਸਰ ਘੋੜੇ ਤੇ ਗੱਲ ਸੁਨਣ ਆਇਆ ਤਾਂ ਇੱਕ ਨਹਿੰਗ ਸਿੰਘ ਦਾ ਸੁੱਖਾ ਪੀਤਾ ਸੀ ਉਸਨੇ ਘੋੜੇ ਦੇ ਟੰਬਾ ਮਾਰਿਆ ਘੋੜੇ ਨੇ ਭੱਜਣਾਂ ਹੀ ਤਾਂ ਗੁੱਸੇ ਵਿੱਚ ਆ ਕੇ ਗੋਰੇ ਨੇ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ,ਗੋਲੀ ਦੇ ਹੁਕਮ ਦਾ ਕਾਰਨ ਹੋਰ ਵੀ ਕੋਈ ਹੋ ਸਕਦਾ ਸੀ ਪਰ ਇੱਕ ਕਾਰਨ ਇਹ ਵੀ ਸੀ।
ਜਵਾਨੀ ਮੌਕੇ ਬਾਪੂ ਨੇ ਕੋਈ ਵੈਲ ਨਹੀ ਲਾਇਆ ਪਰ ਜਦੋ ਕਵੀਲ ਦਾਰੀ ਗਲ ਪੈ ਗਈ ਫਿਰ ਨਸ਼ੇ ਦਾ ਸਹਾਰਾ ਲਿਆ ਵੈਸੈ ਵੀ ਜੇਠ ਦੇ ਮਹੀਨੇ ਜਦੋ ਟਿਕੀ ਦੁਪਿਹਰ ਨੂੰ ਖੜੰਬੇ ਵਿੱਚ ਰੁੱਗ ਲਾਉਣੇ ਹੋਣ ਜਾਂ ਭਾਂਦੋ ਦੇ ਮਹੀਨੇ ਜ਼ਹਿਰੀਲੀ ਦੁਆਈ ਦੀ ਟੈਕੀ ਬੰਨ ਕੇ ਨਿਸਰੇ ਝੋਨੇ ਤੇ ਸਪਰੇਅ ਕਰਂਨੀ ਹੋਵੇ ਤਾਂ ਡੋਡਿਆਂ ਬਗੈਰ ਕਿੱਥੇ ਕੰਮ ਚਲਦਾ ਹੈ। ਪਰ ਬਾਪੂ ਕਦੇ ਵੀ ਬੀਮਾਰ ਨਹੀ ਸੀ ਹੋਇਆ,ਇੱਕ ਵਾਰ ਮਾੜਾ ਮੋਟਾ ਢਿੱਲਾ ਹੋ ਗਿਆ ਤਾਂ ਮੇਰੇ ਭਰਾ ਨੇ ਸੰਤਾਂ ਕੋਲੋ ਬਰੀਕ ਬਰੀਕ 5-7 ਗੋਲੀਆਂ ਲਿਆ ਦਿੱਤੀਆਂ ਤਾਂ ਗੋਲੀਆਂ ਦੇਖਕੇ ਬਾਪੂ ਨੇ ਕਿਹਾ।
'ਗੇਜੂ ਗੋਲੀਆਂ ਥੋੜੀਆ ਜੀਆਂ'
' ਹੋਰ ਤੈਨੂੰ ਟੋਕਰਾ ਭਰ ਕੇ ਚਾਈਦਾ' ਮੇਰੇ ਭਰਾ ਨੇ ਪੱਠਿਆਂ ਦਾ ਟੋਕਰਾ ਪਸੂਆਂ ਨੂੰ ਪਾਉਦੇ ਹੋਏ ਨੇ ਕਿਹਾ। ਬੇਬੇ ਨਾਲ ਘੱਟ ਬਣਦੀ ਹੋਣ ਕਰਕੇ ਇੱਕ ਆਵਦਾਂ ਘਰ ਮੋਟਰ ਤੇ ਹੀ ਪਾ ਲਿਆ ਸੀ। ਪਸੂ ਡੰਗਰ ਵੀ ਖੇਤ ਹੀ ਹੁੰਦੇ ਹਨ। ਸਾਡੀ ਮੋਟਰ ਤੇ ਦ੍ਰਖਤ ਬਹੁਤ ਹਨ ਲੋਕ ਸਾਡੇ ਖੇਤ ਨੂੰ ਝਿੜੀ ਵਾਲਾ ਖੇਤ ਆਖਦੇ ਹਨ। ਇੱਕ ਬਹੁਤ ਵੱਢਾ ਦ੍ਰਖਤ ਪਿੱਪਲ ਦਾ ਤੇ ਇੱਕ ਬੋਹੜ ਦਾ ਹੈ ਜਿਹਨਾਂ ਥੱਲੇ ਬਾਪੂ ਨੇ ਅੱਧੀ ਜ਼ਿੰਦਗੀ ਗੁਜ਼ਾਰੀ। ਕਹਿੰਦੇ ਹਨ ਕਿ ਪਿੱਪਲ ਤੇ ਬੋਹੜ 24 ਘੰਟੇ ਆਕਸੀਜ਼ਨ ਛਡਦੇ ਹਨ ਸਾਇਦ ਸਾਫ ਹਵਾ ਕਰਕੇ ਹੀ ਬਾਪੂ ਦੀ ਉਮਰ 103 ਸਾਲ ਦੀ ਸੀ,ਅਜੇ ਵੀ ਆਪ ਨਹਾਉਦਾ ਧੋਦਾ ਸੀ। ਤੁਰਿਆ ਫਿਰਦਾ ਸੀ। ਕੋਈ ਬੀਮਾਰੀ ਜਿਵੇ ਸ਼ੂਗਰ,ਬਲੱਡ ਪ੍ਰੈਸ਼ਰ ਦਾ ਉਸਨੂੰ ਪਤਾ ਨਹੀ ਸੀ। ਜੂਨਂ 2007 ਵਿੱਚ ਮੈ ਇੰਡੀਆ ਗਿਆ ਸੀ ਤਾਂ ਬਾਪੂ ਨੇ ਕਿਹਾ ਸੀ।
'ਪੁੱਤ ਬਲਦੇਵ ਜਿੰਨੇ ਦਿਨ ਵੀ ਐਥੈ ਹੈਗਾ ਉਨੇ ਦਿਨ ਸ਼ਾਮ ਨੂੰ ਗਲਾਸੀ ਮੇਰੇ ਨਾਲ ਪੀਣੀ ਸਾਰਾ ਦਿਨ ਜਿੱਥੇ ਮਰਜ਼ੀ ਰਹਿ ਪਰ ਹਰਰੋਜ ਪੈਕ ਮੇਰੇ ਨਾਲ ਸਾਂਝਾਂ ਜਰੂਰ ਕਰਨਾ,ਹੁਣ ਸਰੀਰ ਮੋਸਨ ਜਿਆ ਨੀ ਫੜਦਾ ਨਹੀ ਪਤਾ ਨਹੀ ਜਦੋ ਤੂੰ ਦੁਬਾਰਾ ਆਵੇ ਮੈ ਹੋਵਾਂ ਕਿ ਨਾਂ ਹੋਵਾਂ,ਨਾਲੇ ਮੇਰੇ ਪੋਤੇ ਗੱਬਰ ਵਿਆਹ ਛੇਤੀ ਕਰਦੇ ਬੈਠਾ ਬੈਠਾਂ ਵਿਆਹ ਦੇਖ ਜਾਵਾਂ'।
'ਂ ਬਾਪੂ ਤਕੜਾ ਰਹਿ ਬੱਸ ਸਿਆਲਾਂ ਆਂਪਾਂ ਫਿਰ ਕੱਠੇ ਹੋਵਾਂਗੇ ਨਾਲੇ ਗੱਬਰ ਦਾ ਵਿਆਹ ਕਰਾਂਗੇ' ਮੈ ਸਾਰੀ ਛੁਟੀ ਬਾਪੂ ਕੋਲ ਮੋਟਰ ਤੇ ਜਾਕੇ ਉਸ ਨਾਲ ਦੁਖ ਸੁਖ ਕਰਕੇ ਆਂਉਦਾ ਹੁੰਦਾਂ ਸੀ ਤੇ ਗਲਾਸੀ ਗਲਾਸੀ ਟਕਰਾ ਕੇ ਪੀਦੇ ਹੁੰਦੇ ਸੀ ਜੇ ਪਤਾ ਹੁੰਦਾ ਕਿ ਬਾਪੂ ਦੇ ਦੁਬਾਰਾ ਦਰਸ਼ਨ ਨਹੀ ਹੋਣੇ ਤਾਂ ਮੈ ਆਵਦੇ ਮੁੰਡੇ ਦਾ ਵਿਆਹ ਫਰਵਰੀ ਵਿੱਚ ਕਰਨ ਦੀ ਬਜਾਏ ਨਵੰਬਰ ਵਿੱਚ ਕਰ ਦਿੰਦਾ। ਬਾਪੂ ਦੇ ਸਵਰਗਵਾਸ ਤੋ ਬਾਅਦ ਹੁਣ ਖੇਤ ਮੋਟਰ ਤੇ ਜਾ ਕੇ ਗਲਾਸੀ ਪੀਣ ਨੂੰ ਵੀ ਨਹੀ ਦਿਲ ਕਰਦਾ।
ਖੇਤ ਬਾਪੂ ਵਾਸਤੇ ਜਨਰੇਟਰ ਵੀ ਰੱਖਿਆ ਸੀ ਕਿ ਬਿਜਲੀ ਨਾਂ ਆਵੇ ਤਾਂ ਜਨਰੇਟਰ ਚਲਾ ਕੇ ਪੱਖਾ ਛੱਡ ਕੇ ਸੌ ਸਕੇ। ਪਰ ਜਦੋ ਮੈ ਗਰਮੀਆਂ ਵਿੱਚ ਗਿਆ ਤਾਂ ਬਿਜਲੀ ਗਈ ਤੋ ਜਨਰੇਟਰ ਨਾਂ ਚਲਾਇਆ ਤਾਂ ਮੈ ਪੁੱਛਿਆ।
'ਬਾਪੂ ਜਰਨੇਟਰ ਕਿਓ ਨਈ ਚਲਾਉਦੇ'
'ਕੀ ਚਲਾਈਏ ਪੁੱਤ ਇੱਕ ਤਾਂ ਫੇਰੇ ਦੇਣੀ ਗੋਰਮਿਲਟ ਨੇ ਤੇਲ ਮਹਿੰਗਾ ਕਰਤਾ ਦੂਜਾ ਏਹ ਠੁੱਕ ਠੁੱਕ ਕਰਕੇ ਕੰਨ ਖਾਦਾ'
'ਫੇਰ ਕਿਵੇ ਸੌਦੇ ਹੋ' ਮੈ ਕਿਹਾ
'ਸੌਣ ਨੂੰ ਕੀ ਆ ਪੁੱਤ ਜੇੜੇ ਪੇਸਿਆਂ ਦਾ ਤੇਲ ਔਦਾ ਓਨ੍ਹਾਂ ਪੈਸਿਆਂ ਦੀ ਦਾਰੂ ਪੀਕੇ ਸੌ ਜਾਈਦਾ ਜਦੋ ਜਰਨੇਟਰ ਬਣਾਇਆ ਸੀ ਉਦੋ ਤੇਲ ਸਸਤਾ ਤੇ ਸ਼ਰਾਬ ਮਹਿੰਗੀ ਸੀ ਹੁਣ ਤੇਲ ਮਹਿੰਗਾ ਤੇ ਸ਼ਰਾਬ ਸਸਤੀ ਏਸ ਕਰਕੇ ਆਪਾਂ ਵੀ ਟੇਸ਼ਣ ਬਦਲੀ ਕਰਤਾ ਜਰਨੇਟਰ ਨਾਲੋ ਦਾਰੂ ਪਿਆਲਾ ਈ ਠੀਕ ਆ' ਬਾਪੂ ਨੇ ਕਿਹਾ ਤਾਂ ਅਸੀ ਸਾਰੇ ਹੱਸ ਪਏ।
ਭੋਗ ਵਾਲੇ ਦਿਨ ਸਾਡੇ ਘਰ ਬਹੁਤ ਇਕੱਠ ਸੀ ਟੈਂਟ ਲਾਏ ਹਲਵਾਈ ਤੇ ਬੈਰੇ ਸੱਦੇ ਮਠਿਆਈ ਪਕਾਈ ਘਰ ਦੇ ਦੁਆਲੇ ਗੱਡੀਆਂ ਦੀ ਭੀੜ ਹੋ ਗਈ ਮੇਰਾ ਇੱਕ ਦੋਸਤ ਕੇਸਰ ਸਿੰਘ ਪਟਿਆਲੇ ਅੋ ਆ ਗਿਆ ਉਸਨੂੰ ਪਤਾ ਨਹੀ ਮੇਰੇ ਆਏ ਦਾ ਪਤਾ ਕਿਵੇ ਲੱਗਾ ਤਾਂ ਇਕੱਠ ਦੇਖਕੇ ਕਹਿੰਦਾ।
'ਯਾਰ ਮੁੰਡੇ ਦਾ ਵਿਆਹ ਫਰਵਰੀ ਦੀ ਬਜਾਏ ਦਸੰਬਰ 'ਚ' ਰੱਖ ਦਿੱਤਾ ਤੇ ਮੈਨੂੰ ਦੱਸਿਆ ਨਹੀ'
'ਹੌਲੀ ਬੋਲ ਯਾਰ ਮੁੰਡੇ ਦਾ ਵਿਆਹ ਨਹੀ ਮੇਰੇ ਬਾਪੂ ਸਵਰਗਵਾਸ ਹੋ ਗਿਆ' ਮੈ ਪਾਸੇ ਕਰਕੇ ਕਿਹਾ।
'ਤੇ ਉਹ ਤਾਂ ਕੌਮਨਿਸਟ ਸੀ ਆਹ ਲੱਡੂਆਂ ਲੁੱਡੂਆਂ ਦੇ ਉਲਟ ਸੀ ਨਾਲੇ ਤੂੰ ਵੀ ਹੱਕ ਵਿੱਚ ਨਈ ਸੀ'
'ਮੇਰੀ ਅੇਥੇ ਕੌਣ ਸੁਣਦਾ ਯਾਰ ਮੈ ਤਾਂ ਖੁਦ ਕੈਨਾ ਕਿ ਜਿਉਦੇ ਦੀ ਸੇਵਾ ਕਰੋ ਮਰਨ ਤੋ ਬਾਦ ਐਨਾ ਕੁਛ ਕਰਨਾ ਫਜੂਲ ਆ
ਦਾਲ ਰੋਟੀ ਹੋ ਸਕਦੀ ਆ ਆਹ ਜਲੇਬੀਆਂ ਕ੍ਹਾਦੇ ਵਾਸਤੇ' ਮੈ ਬੇਬਸੀ ਜ਼ਾਹਰ ਕੀਤੀ।
'ਏਥੇ ਮੈਨੂੰ ਇੱਕ ਸ਼ੇਆਰ ਯਾਦ ਆ ਗਿਆ' ਕੇਸਰ ਸਿੰਘ ਨੇ ਕਿਹਾ ਤੇ ਸੇਅਰ ਬੋਲਣਾਂ ਸ਼ੁਰੂ ਕਰ ਦਿੱਤਾ।
ਜਿਉਦੇ ਜੀ ਕੰਢੇ ਦੇਦੀ ਏ,ਮੋਇਆਂ ਤੇ ਫੁੱਲ ਚੜਾਉਦੀ ਏ'
ਮੁਰਦੇ ਨੂੰ ਪੂਜੇ ਏਹ ਦੁਨੀਆਂ,ਜਿਉਦੇ ਦੀ ਇੱਜ਼ਤ ਕੁਝ ਵੀ ਨਈ'
'ਠੀਕ ਆ ਕੇਸਰਾ ਦੁਨੀਆਂ ਲਕੀਰ ਦੀ ਫਕੀਰ ਆ' ਮੈ ਕਿਹਾ ਤੇ ਆਉਣ ਵਾਲਿਆ ਨੂੰ ਰਸੀਵ ਕਰਨ ਲੱਗ ਪਿਆ।
ਬਾਪੂ ਨੇ ਕਿਸੇ ਦਾ ਮਾੜਾ ਨਹੀ ਸੀ ਕੀਤਾ ਆਵਦੇ ਕੰਮ ਵਿੱਚ ਮਸਤ ਰਿਹਾ ਸਾਇਦ ਇਸੇ ਕਰਕੇ ਜਾਨ ਸੌਖੀ ਨਿਕਲ ਗਈ ਨਹੀ ਤਾਂ ਬੁੜੇ ਬੰਦੇ ਮਹੀਨਾਂ ਮਹੀਨਾਂ ਮੰਜੇ ਤੇ ਹੱਡ ਰਗੜਦੇ ਰਹਿੰਦੇ ਹਨ ਜਾਨ ਹੀ ਨਿਕਲਦੀ। ਸਾਂਭਣ ਵਾਲੇ ਅੱਡ ਦੁਖੀ। ਬਾਪੂ ਨੇ ਇੱਕ ਦਿਨ ਵੀ ਮੰਜੇ ਤੇ ਸੇਵਾ ਨਹੀ ਕਰਵਾਈ। ਕਹਿੰਦਾ ਹੁੰਦਾ ਸੀ
'ਕਿਸੇ ਚੰਗਾ ਹੁੰਦਾ ਤਾਂ ਕਰੋ ਪਰ ਕਿਸੇ ਦਾ ਮਾੜਾ ਨਾਂ ਕਰੋ ਜੇ ਅਰਾਮ ਨਾਲ ਮਰਨਾਂ ਹੈ ਤਾਂ'
ਬਾਣੀ ਦਾ ਪੂਰਾ ਰਸੀਆ ਸੀ ਜਿੱਥੋ ਮਰਜ਼ੀ ਅਰਥ ਪੁੱਛ ਲਵੋ। ਗੁਰੂ ਗ੍ਰੰਥ ਸਹਿਬ ਦੇ ਹੱਕ ਵਿੱਚ ਤੇ ਦਸਮ ਗ੍ਰੰਥ ਦੇ ਉਲਟ ਸੀ ਕਹਿੰਦਾ ਹੁੰਦਾ ਸੀ 'ਦਸਮ ਗ੍ਰੰਥ' ਕੋਕੇ ਪੰਡਤ ਦਾ ਲਿਖਿਆ ਹੈ ਜਦੋ ਕਿ ਕਈ ਆਦਮੀ ਕਹਿੰਦੇ ਹਨ ਕਿ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦਾ ਲਿਖਿਆ ਹੈ। ਮੇਰੇ ਦਾਦੇ ਨਾਲ ਬਾਪੂ ਪਾਕਿਸਤਾਨ ਸਿੰਧ ਹੈਰਦਾਬਾਦ ਹਲ ਵਾਹੀ ਵੀ ਕਰਨ ਗਿਆ ਸੀ ਪਰ ਉਥੋ ਦੇ ਹਾਲਾਤ ਦੇਖ ਕੇ ਵਾਪਸ ਆ ਗਿਆ ਮੇਰੇ ਚਾਚੇ ਤੇ ਭੂਆ ਉਥੇ ਹੀ ਰਹੇ ਤੇ ਹੱਲੇ ਗੁੱਲੇ ਮੌਕੇ ਬੜੀ ਮੁਸ਼ਕਲ ਨਾਲ ਜਾਨ ਬਚਾ ਕੇ ਆਏ। ਸਾਡੇ ਸਾਰੇ ਇਲਾਕੇ ਵਿੱਚੋ ਵੱਢਾ ਹੋਣ ਕਰਕੇ 2004 ਵਿੱਚ ਕਨੇਡਾ ਤੋ ਦੌਧਰ ਦਾ ਪ੍ਰਿਸੀਪਲ ਹਰਚੰਦ ਸਿੰਘ ਸਾਡੀ ਮੋਟਰ ਤੇ ਆ ਕੇ ਬਾਪੂ ਦੀ ਇੰਟਰਵਿਊ ਲੈ ਕੇ ਗਿਆ ਤੇ ਕਿਤਾਬ ਛਾਪੀ ਜਿਸਦੇ ਪਹਿਲੇ ਪੰਨੇ ਤੇ ਬਾਪੂ ਫੋਟੋ ਛਾਪੀ ਹੈ। ਤੇ 1919 ਹੋਈ ਜੱਲਿਆਂ ਵਾਲੇ ਬਾਗ ਵਿੱਚ ਫੌਜੀ ਕਾਰਵਾਈ ਤੇ 'ਕਿਚਲੂ' ਬਾਰੇ ਜਾਣਕਾਰੀ ਹਾਸਲ ਕਰਕੇ ਦੁਬਾਰਾ ਮਿਲਣ ਦਾ ਵਾਅਦਾ ਕਰਕੇ ਵਾਪਸ ਕਨੇਡਾ ਚਲਾ ਗਿਆ। ਪਰ ਨਾਂ ਹੁਣ ਬਾਪੂ ਰਿਹਾ ਤੇ ਨਾਂ ਹੀ ਪ੍ਰਿਸੀਪਲ ਹਰਚੰਦ ਸਿੰਘ ਕਨੇਡਾ ਤੋ ਸਾਡੀ ਮੋਟਰ ਤੇ ਆਵੇਗਾ।
'ਮਨ ਭੂਲੇ ਤੂੰ ਕਾਹੇ ਪਾਪ ਕਰੇ,ਅੰਤ ਨਬੇੜਾਂ ਤੇਰੇ ਜੀ ਪਹਿ॥