ਕਿਰਤੀ, ਕਿਰਸੀ ਤੇ ਗੁਰੂ ਦੇ ਲੜ ਲੱਗੇ ਕਿਰਸਾਣਾਂ ਦਾ ਸਨਮਾਨ
ਡਾ. ਨਿਰਮਲ ਸਿੰਘ
ਮਿਤੀ 23 ਅੱਸੂ 539 ਦਿਨ ਐਤਵਾਰ ਅਰਥਾਤ 7 ਅਕਤੂਬਰ 2007
ਨੂੰ ਸੰਪੂਰਨ ਪੰਜਾਬੇ ਦੇ ਇਤਿਹਾਸ ਦੇ ਪ੍ਰਤੀਕ ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਗੁਰੂ ਗ੍ਰੰਥ
ਸਾਹਿਬ ਅਧਿਐਨ ਵਿਭਾਗ ਦੇ ਸਹਿਯੋਗ ਨਾਲ ਚੌਗਿਰਦਾ ਬਚਾਓ ਕਮੇਟੀ ਪੰਜਾਬ ਦਾ ਪਲੇਠਾ ਸਨਮਾਨ ਸਮਾਗਮ ਅਤੇ
ਮੌਜੂਦਾ ਕਿਰਸਾਣੀ ਸੰਕਟ ਸਬੰਧੀ ਵਿਚਾਰ ਚਰਚਾਵਾਂ ਹੋਈਆਂ। ਇਸ ਸਮਾਗਮ ਦਾ ਮੁੱਖ ਮਨੋਰਥ ਰਿਜ਼ਕਦਾਤੇ
ਕਿਰਸਾਣਾਂ ਦੀ ਅਤਿ ਤਰਸਯੋਗ ਹਾਲਤ ਹੋਣ ਕਾਰਨ ਰੋਜ਼ਾਨਾ ਹੋ ਰਹੀਆਂ ਖੁਦਕਸ਼ੀਆਂ, ਕੈਂਸਰ ਵਰਗੀਆਂ ਘਾਤਕ
ਬਿਮਾਰੀਆਂ, ਕਰਜ਼ਿਆਂ ਦੀਆਂ ਪੰਡਾਂ, ਨਸ਼ੇ ਤੇ ਨਵੀਂ ਪੀੜ੍ਹੀ ਦਾ ਏਸ 'ਉੱਤਮ ਖੇਤੀ' ਵਾਲੇ ਧੰਦੇ ਤੋਂ
ਹੀ ਮੁੱਖ ਮੋੜਨਾ, ਮਾਂ ਧਰਤੀ ਤੋਂ ਹੀ ਮੋਹ ਭੰਗ ਹੋਣ ਵਰਗੇ ਮੁੱਦੇ ਸਨ। ਪ੍ਰੋ. ਨਿਰੰਜਨ ਸਿੰਘ ਢੇਸੀ
ਨੇ ਗੁਰਬਾਣੀ ਤੇ ਕਿਰਸਾਣੀ ਸੰਕਟ ਵਿਸ਼ੇ 'ਤੇ ਗੱਲ ਕਰਦਿਆਂ ਏਸ ਦਾ ਕਾਰਨ ਸਹਿਜ ਵਾਲੇ ਜੀਵਨ, ਸਬਰ,
ਸੰਤੋਖ, ਸੰਜਮ ਤੇ ਕਿਰਤ ਨੂੰ ਛੱਡ ਬਾਜ਼ਾਰੂ ਰੁੱਚੀਆਂ ਦਾ ਸ਼ਿਕਾਰ ਹੋਣਾ ਦੱਸਿਆ। ਡਾ. ਕੇਸਰ ਸਿੰਘ
ਬਰਵਾਲੀ - (ਕਰਿਡ ਚੰਡੀਗੜ੍ਹ) ਨੇ ਆਰਥਿਕ ਵਿਕਾਸ ਦੇ ਅਸਾਵੇਂਪਣ, ਸਰਕਾਰਾਂ ਦੇ ਅਵੇਸਲੇਪਣ ਤੇ
ਕਿਰਸਾਣੀ ਦੀ ਲਾਈ ਲੱਗ ਮਾਨਸਿਕਤਾ ਨੂੰ ਦੋਸ਼ੀ ਠਹਿਰਾਉਂਦਿਆਂ ਸੰਸਾਰੀਕਰਣ ਦੇ ਦੌਰ ਵਿਚ ਹੋਈਆਂ
ਪੰਜਾਬੀ ਕਿਰਸਾਣੀ ਦੀਆਂ ਆਤਮ ਹੱਤਿਆਵਾਂ ਦੇ ਰੌਂਗਟੇ ਖੜ੍ਹੇ ਕਰਨ ਵਾਲੇ ਅੰਕੜੇ ਵਿਸਥਾਰ 'ਚ ਪੇਸ਼
ਕੀਤੇ। ਸ. ਸਤਨਾਮ ਸਿੰਘ ਮਾਣਕ ਰੋਜ਼ਾਨਾ ਅਜੀਤ ਜਲੰਧਰ ਦੇ ਪ੍ਰਸਿੱਧ ਕਾਲਮਨਵੀਸ ਨੇ ਇਹਦਾ ਕਾਰਨ ਸਾਡੀ
ਸਿਆਸੀ ਦਿਸ਼ਾਹੀਣਤਾ, ਆਪਣੀ ਬੋਲੀ ਤੇ ਸੱਭਿਆਚਾਰ ਤੋਂ ਟੁੱਟ ਲਾਈ ਲੱਗ ਪੁਣੇ ਦਾ ਸ਼ਿਕਾਰ ਹੋਣ ਤੇ ਹੱਥੀ
ਕੰਮ ਕਰਨ ਤੋਂ ਪਾਸਾ ਵੱਟਣ ਨੂੰ ਠਹਿਰਾਇਆ। ਪੰਜਾਬੀ ਸੱਥ ਦੇ ਡਾ. ਨਿਰਮਲ ਸਿੰਘ ਨੇ ਦੁਨੀਆਂ ਭਰ 'ਚ
ਵਿਕਸਤ ਹੋਏ ਮੌਜੂਦਾ ਵਿਕਾਸ ਮਾਡਲ ਨੂੰ ਸਾਰੀਆਂ ਬੁਰਾਈਆਂ ਦੀ ਮਾਂ ਦੱਸਦੇ ਹੋਏ ਇਹਨੂੰ ਮੁੱਢੋਂ ਰੱਦ
ਕਰ ਕੇ ਆਪਣੀਆਂ ਰਵਾਇਤਾਂ, ਵਿਰਾਸਤ ਤੇ ਫਲਸਫਿਆਂ ਤੋਂ ਸਿੱਖਿਆ ਲੈਂਦਿਆਂ ਗੁਰਮਤਿ ਦੇ ਸਹਿਜ ਮਾਰਗ
ਵੱਲ ਮੋੜਾ ਪਾਉਣ ਦੀ ਸਲਾਹ ਦਿੱਤੀ। ਜਿਨ੍ਹਾਂ ਤਿੰਨ ਪਰਿਵਾਰਾਂ ਨੂੰ ਹਥੀਂ ਕਿਰਤ ਕਰਨ, ਨਸ਼ਿਆਂ ਤੋਂ
ਬਚੇ ਰਹਿਣ, ਬਾਲ ਬੱਚਿਆਂ ਨੂੰ ਪੜ੍ਹਾਉਣ, ਰਸਾਇਣਕ ਖਾਦਾਂ ਤੇ ਕੀਟਨਾਸ਼ਕਾਂ ਦੀ ਘੱਟ ਤੋਂ ਘੱਟ ਵਰਤੋਂ
ਕਰਨ, ਬਲਦਾਂ ਨਾਲ ਖੇਤੀ ਕਰਨ ਤੇ ਸਭ ਤੋਂ ਵੱਧ ਕਰਜ਼ਿਆਂ ਤੋਂ ਬਿਲਕੁਲ ਮੁਕਤ ਹੋਣ ਕਾਰਨ ਸਨਮਾਨਤ ਕੀਤਾ
ਉਹ ਸਨ ਸ. ਦਰਸ਼ਨ ਸਿੰਘ ਬਰਾੜ ਥਾਂਦੇਵਾਲਾ (ਮੁਕਤਸਰ), ਸ. ਸਲਵਿੰਦਰ ਸਿੰਘ ਭੂਲੇ ਚੱਕ (ਗੁਰਦਾਸਪੁਰ)ੇ
ਅਤੇ ਸ. ਜੱਗਾ ਸਿੰਘ ਬਹਿਮਣ ਦੀਵਾਨਾ (ਬਠਿੰਡਾ) ਦੇ ਪਰਿਵਾਰ। ਹਰ ਇਕ ਕਿਰਸਾਣ ਪਰਿਵਾਰ ਨੂੰ 5100
ਰੁਪਏ ਨਕਦ, ਸਨਮਾਨ ਚਿੰਨ੍ਹ ਤੇ ਦਸਤਾਰ ਦੇਣ ਦੀ ਰਸਮ ਕਾਰ ਸੇਵਾ ਨੂੰ ਕੁਦਰਤ ਨਾਲ ਜੋੜਨ ਵਾਲੇ ਸੰਤ
ਬਾਬਾ ਬਲਬੀਰ ਸਿੰਘ ਸੀਚੇਵਾਲ, ਰੁੱਖਾਂ ਦੇ ਸਦੀਵੀ ਲੰਗਰ ਲਾਉਣ ਵਾਲੇ ਸੰਤ ਬਾਬਾ ਸੇਵਾ ਸਿੰਘ ਖਡੂਰ
ਸਾਹਿਬ ਅਤੇ ਵਿਦਿਆ ਨੂੰ ਕਿਰਤ, ਕਿਰਸ ਤੇ ਗੁਰਮਤਿ ਨਾਲ ਜੋੜਨ ਵਾਲੇ ਪ੍ਰਿੰ. ਸਵਰਨ ਸਿੰਘ ਵਿਰਕ ਬਾਬਾ
ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ (ਗੁਰਦਾਸਪੁਰ) ਨੇ ਖਾਲਸਾ ਕਾਲਜ ਦੀ ਪ੍ਰਬੰਧਕ ਕਮੇਟੀ ਦੇ
ਪ੍ਰਦਾਨ ਸ. ਬਲਬੀਰ ਸਿੰਘ, ਪ੍ਰਿੰਸੀਪਲ ਡਾ. ਸਤੀਸ਼ ਕੁਮਾਰ ਕਪੂਰ ਅਤੇ ਪੰਜਾਬੀ ਸੱਥ ਦੇ ਪ੍ਰਧਾਨ ਸ.
ਪਿਆਰਾ ਸਿੰਘ ਨੇ ਨਿਭਾਈ। ਇਸ ਮੌਕੇ ਚੌਗਿਰਦਾ ਬਚਾਓ ਕਮੇਟੀ ਦਾ ਖੂਬਸੂਰਤ ਦਸਤਾਵੇਜ਼ੀ ਕਿਤਾਬਚਾ ਵੀ
ਜ਼ਾਰੀ ਕੀਤਾ ਗਿਆ। ਇਸ ਕਮੇਟੀ ਦੇ ਕਰਤਾ ਧਰਤਾ ਅਤੇ ਸਮਾਗਮ ਦੇ ਮੁੱਖ ਸੰਚਾਲਕ ਕੈਪਟਨ ਸਰਬਜੀਤ ਸਿੰਘ
ਢਿੱਲੋਂ ਨੇ ਜਿਥੇ ਚੌਗਿਰਦੇ ਨੂੰ ਬਚਾਉਣ ਲਈ ਕੀਤੇ ਹੁਣ ਤੀਕ ਦੇ ਯਤਨਾਂ ਦਾ ਲੇਖਾ ਜੋਖਾ ਕੀਤਾ, ਉਥੇ
ਕਿਰਸਾਣੀ ਨੂੰ ਕੁਦਰਤ ਅਤੇ ਚੌਗਿਰਦੇ ਨਾਲ ਜੋੜਨ ਵਾਸਤੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਤੋਂ ਸਿਵਾ
ਹੋਰ ਕੋਈ ਰਾਹ ਨਹੀਂ ਆਖ ਕੇ ਸਿਖਰਲੀ ਗੱਲ ਕੀਤੀ। ਪ੍ਰਿੰਸੀਪਲ ਸਤੀਸ਼ ਕਪੂਰ ਹੋਰਾਂ ਅਜਿਹਾ ਨਿਵੇਕਲਾ
ਸਮਾਗਮ ਕਰਨ ਲਈ ਖਾਲਸਾ ਕਾਲਜਾ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਅਤੇ ਚੌਗਿਰਦਾ ਬਚਾਓ
ਕਮੇਟੀ ਨੂੰ ਮੁਬਾਰਕਬਾਦ ਦਿੱਤੀ। ਧਰਤਿ ਸੁਹਾਵੀ ਦੇ ਪ੍ਰਧਾਨ ਡਾ. ਬਲਬੀਰ ਸਿੰਘ ਭੌਰਾ ਨੇ ਵਿਗਿਆਨਕ
ਢੰਗ ਨਾਲ 'ਪਵਣੁ ਗੁਰੂ ਪਾਣੀ ਪਿਤਾੇ ਮਾਤਾ ਧਰਤੁ ਮਹਿਤੂ॥ ਵਾਲੇ ਗੁਰਵਾਕ ਦੀ ਵਿਆਖਿਆ ਕਰਦਿਆਂ ਏਸ
ਧਰਤੀ ਨੂੰ ਬਚਾਉਣ ਲਈ ਇਕਜੁੱਟ ਹੋਣ ਲਈ ਕਿਹਾ। ਮਾਝਾ ਪੰਜਾਬੀ ਸੱਥ ਤੋਂ ਆਈ ਬੀਬੀ ਸਵਰਨ ਕੌਰ ਬਲ ਨੇ
ਸਿਹਤਮੰਦ ਸਮਾਜਕ ਕਦਰ ਕੀਮਤਾਂ ਨੂੰ ਬਚਾਉਣ, ਸਾਦਗੀ ਨਾਲ ਜੀਵਨ ਜੀਉਣ, ਸਬੰਧੀ ਬੀਬੀਆਂ ਦੇ ਕਿਰਦਾਰ
ਦੇ ਪ੍ਰਸੰਗ ਵਿਚ ਸਲਾਹ ਦਿੱਤੀ। ਬਹਿਮਣ ਦੀਵਾਨਾ ਤੋਂ ਆਈਆਂ ਬੀਬੀਆਂ ਪ੍ਰਿਤਪਾਲ ਕੌਰ, ਬੀਰਪਾਲ ਕੌਰ
ਦੇ ਜਥੇ ਨੇ ਕਵੀਸ਼ਰ ਮਾਘੀ ਸਿੰਘ ਗਿੱਲ ਦੀਆਂ ਗੁਰਬਾਣੀ ਅਤੇ ਕਿਰਸਾਣੀ ਸਬੰਧੀ ਕਵੀਸ਼ਰੀਆਂ ਪੇਸ਼ ਕਰਕੇ
ਸਭ ਨੂੰ ਝੰਜੋੜ ਦਿੱਤਾ ਤੇ ਸੋਚਣ 'ਤੇ ਮਜ਼ਬੂਰ ਕਰ ਦਿੱਤਾ ਕਿ ਰਿਜਕ ਦਾਤੇ ਦੀ ਹਾਲਤ ਕੀ ਤੋਂ ਕੀ ਹੋ
ਗਈ ਹੈ। ਰਿਆੜਕੀ ਸੱਥ ਤੋਂ ਸੂਬਾ ਸਿੰਘ ਤੇ ਅਸ਼ੋਕ ਆਲਮਗੀਰ, ਪੰਜਾਬੀ ਸੱਥ ਹੁਸੈਨੀਵਾਲਾ ਫਿਰੋਜ਼ਪੁਰ
ਤੋਂ ਪ੍ਰੋ. ਜਸਵੰਤ ਸਿੰਘ ਕੈਲਵੀ, ਪੰਜਾਬੀ ਸੱਥ ਤਰਨਤਾਰਨ ਤੋਂ ਰਘਬੀਰ ਸਿੰਘ ਤੀਰ, ਮੰਜਕੀ ਪੰਜਾਬੀ
ਸੱਥ ਤੋਂ ਪ੍ਰਿੰ. ਕੁਲਵਿੰਦਰ ਸਿੰਘ ਸਰਾਏ, ਕਿਸਾਨ ਵਿਰਾਸਤੀ ਮਿਸ਼ਨ ਤੋਂ ਉਮੇਂਦਰ ਦੱਤ, ਟੋਭਿਆਂ,
ਤਲਾਬਾਂ ਨੂੰ ਬਚਾਉਣ ਦੀ ਮੁਹਿੰਮ 'ਚ ਜੁਟੇ ਸੁਰਿੰਦਰ ਬਾਂਸਲ ਚੰਡੀਗੜ੍ਹ, ਦੋਨਾ ਪੰਜਾਬੀ ਸੱਥ ਤੋਂ
ਸੂਬੇਦਾਰ ਸ਼ਿਵ ਸਿੰਘ, ਰਾਇਕੋਟ ਤੋਂ ਸ਼ਪਿੰਦਰ, ਸਾਵੀ ਧਰਤੀ ਤੋਂ ਰੁੱਖ ਲਾਉਣ ਦੀ ਮੁਹਿੰਮ ਦੇ ਮੋਢੀ
ਸ. ਰਾਮ ਸਿੰਘ ਢੇਸੀ, ਵਾਤਾਵਰਣ ਤੇ ਸਿਹਤ ਸਬੰਧੀ ਰਿਸਾਲੇ ਨਿਰਮਲ ਦੇਹੀ ਦੇ ਸੰਚਾਲਕ ਜਸਵੀਰ ਸਿੰਘ
ਸ਼ੀਰੀ, ਦੇਸ ਪੰਜਾਬ ਵਾਲੇ ਗੁਰਬਚਨ ਸਿੰਘ, ਆਪਣੀ ਆਵਾਜ਼ ਦੇ ਸੰਪਾਦਕ ਸ. ਸੁਰਿੰਦਰ ਸਿੰਘ ਸੁੱਨੜ
ਕੈਲੇਫੋਰਨੀਆ ਵਾਲੇ, ਪੰਜਾਬ ਦੀ ਆਵਾਜ਼ ਵਾਲੇ ਮੇਜਰ ਸਿੰਘ, ਸਾਡਾ ਪੰਜਾਬ ਦੇ ਇੰਦਰਜੀਤ ਸਿੰਘ
ਘੁੰਗਰਾਲੀ ਪੰਜਾਬੀ ਸੱਥ ਲਾਂਬੜਾ ਤੋਂ ਬਲਦੇਵ ਸਿੰਘ ਬਹਾਦਰ ਸਿੰਘ ਸੰਧੂ, ਕੋਮਲ ਸਿੰਘ, ਅੰਮ੍ਰਿਤਪਾਲ
ਕੌਰ ਤੇ ਸੌ ਦੇ ਕਰੀਬ ਹੋਰ ਪਤਵੰਤੇ ਹਾਜ਼ਰ ਸਨ। ਸਭ ਤੋਂ ਅਹਿਮ ਤੇ ਪ੍ਰਭਾਵਸ਼ਾਲੀ ਸਰੋਤੀਆਂ ਸਨ ਬਾਬਾ
ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲੇ ਦੀਆਂ ਪੂਰਨ ਸਿੱਖੀ ਸਰੂਪ ਤੇ ਅਨੁਸ਼ਾਸਨਵਧ ਬੱਚੀਆਂ ਜਿਹੜੀਆਂ
ਸਾਰਿਆਂ ਲਈ ਭਵਿੱਖ ਦੀਆਂ ਜਾਮਨ ਤੇ ਪੰਜਾਬੀਆਂ ਦੀਆਂ ਵਾਰਸ ਸਪੱਸ਼ਟ ਵਿਖਾਈ ਦੇ ਰਹੀਆਂ ਸਨ। ਦੇਹ ਸ਼ਿਵਾ
ਦੇ ਵਰ ਵਾਲੀ ਅਸ਼ੀਰਵਾਦ ਨਾਲ ਸ਼ੁਰੂ ਹੋਈ ਕਿਰਸਾਣੀ ਨੂੰ ਗੁਰਬਾਣੀ ਤੋਂ ਸੇਧ ਲੈਣ ਦੇ ਸੁਨੇਹੇ ਲਈ ਇਹ
ਇਤਿਹਾਸਕ ਇਕਤਰਤਾ ਨੇ ਚਿੱਟੀ ਵੇਈਂ ਨੂੰ ਵੀ ਕਾਲੀ ਵੇਈਂ ਵਾਂਗ ਹੀ ਕਾਰ ਸੇਵਾ ਰਾਹੀਂ ਪ੍ਰਦੂਸ਼ਣ
ਮੁਕਤ ਕਰਕੇ ਦੁਆਬੇ ਅਤੇ ਪੰਜਾਬ ਨੂੰ ਬਚਾਉਣ ਲਈ ਬਾਬਾ ਬਲਬੀਰ ਸਿੰਘ ਸੀਚੇਵਾਲ ਨੂੰ ਬੇਨਤੀ ਕੀਤੀ।
ਕਾਲਜ ਦੀ ਪ੍ਰਬੰਧਕ ਕਮੇਟੀ ਨੇ ਮੌਕੇ 'ਤੇ ਹੀ ਚੌਗਿਰਦਾ ਬਚਾਓ ਕਮੇਟੀ ਦੀ ਇਹ ਅਪੀਲ ਵੀ ਮਨਜ਼ੂਰ ਕਰ
ਲਈ ਕਿ ਕੁਦਰਤੀ ਢੰਗ ਨਾਲ ਖੇਤੀ ਕਰਨ ਵਾਲਿਆਂ ਦੀ ਇਕ ਨੁਮਾਇਸ਼ ਅਤੇ ਪੰਜਾਬ ਦੀ ਪਲੇਠੀ ਇਕਤਰਤਾ ਨੇੜ
ਭਵਿੱਖ ਵਿਚ ਲਾਇਲਪੁਰ ਖਾਲਸਾ ਕਾਲਜ ਵਿਚ ਕਰਵਾ ਕੇ ਸਿਧਾਂਤ ਨੂੰ ਅਮਲ ਨਾਲ ਜੋੜਨ ਦੀ ਪ੍ਰਕਿਰਿਆ ਛੇਤੀ
ਸ਼ੁਰੂ ਕੀਤੀ ਜਾਵੇ।
ਸਟੇਜ ਦੀ ਸਮੁੱਚੀ ਕਾਰਵਾਈ ਡਾ. ਗੁਰਬਚਨ ਸਿੰਘ ਖਹਿਰਾ ਨਕੋਦਰ ਨੇ ਬਹੁਤ ਹੀ ਵੱਖਰੇ ਤੇ ਸੰਕੋਚਵੇਂ
ਢੰਗ ਨਾਲ ਨਿਭਾਈ। ਅੰਤ ਵਿਚ ਗੁਰੂ ਕਾ ਲੰਗਰ ਅਤੇ ਪੰਜਾਬ ਦੀ ਰਵਾਇਤੀ ਖੁਰਾਕ ਗੁੜ ਵਰਤਾ ਕੇ ਵਿਦਾਇਗੀ
ਹੋਈ। ਏਸ ਮੌਕੇ ਏਹਨਾਂ ਸਨਮਾਨਤ ਕਿਰਸਾਣਾਂ ਅਤੇ ਵਾਤਾਵਰਣ, ਗੁਰਬਾਣੀ ਤੇ ਕਿਰਸਾਣੀ ਦੇ ਸੰਕਟਾਂ
'ਚੋਂ ਨਿਕਲਣ ਦੇ ਸੁਝਾਵਾਂ ਵਾਲੇ ਲੇਖਾਂ, ਕਵਿਤਾਵਾਂ ਵਾਲਾ ਕਿਤਾਬਚਾ ਸਾਰੇ ਸਰੋਤਿਆਂ ਲਈ ਖਿੱਚ ਦਾ
ਕਾਰਨ ਸੀ। ਪੰਜਾਬੀ ਸੱਥ ਦੀਆਂ ਕਿਤਾਬਾਂ, ਪੰਜਾਬੀ ਦੇ ਕੋਈ ਅੱਧੀ ਦਰਜਨ ਰਿਸਾਲੇ ਤੇ ਵਾਤਾਵਰਣ
ਸੰਬੰਧੀ ਕਿਤਾਬਾਂ ਨੇ ਵੀ ਸੰਸਾਰੀਕਰਨ ਦੇ ਏਸ ਦੌਰ ਵਿਚ ਵੀ ਪੰਜਾਂ ਪਾਣੀਆਂ ਦੇ ਬਾਸ਼ਿੰਦਿਆਂ ਦੀ ਅਣਖ,
ਸਵੈਮਾਣ ਤੇ ਬੋਲੀ ਨਾਲ ਲਗਾਓ ਦਾ ਬਾਖੂਬੀ ਮੁਜ਼ਾਹਰਾ ਕੀਤਾ।
-ਡਾ. ਨਿਰਮਲ ਸਿੰਘ
ਸੇਵਾਦਾਰ ਪੰਜਾਬੀ ਸੱਥ