ਕੇਸਰੀ ਕਾਫਲਾ ਕਿਧਰ ਨੂੰ?

ਬਲਜੀਤ ਘੁਮੰਣ

ਇਹ ਲੇਖ ਕਈ ਵਾਰੀ ਲਿਖਣ ਨੂੰ ਮੰਨ ਕੀਤਾ ਪਰ ਹਰ ਵਾਰੀ ਇਹ ਸੋਚ ਕੇ ਨਹੀਂ ਲਿਖਿਆ ਕੇ ਮੇਰੀ ਤੁਛ ਜਿਹੀ ਬੁੱਧੀ ਏਡੇ ਵਿਸ਼ਾਲ ਵਿਸ਼ੇ ਨੂੰ ਆਪਣੀ ਪੱਕੜ ਵਿਚ ਨਹੀਂ ਲੈ ਸਕੇਗੀ ਤੇ ਨਾ ਹੀ ਮੇਰੇ ਕੋਲ ਇਕ ਮਿਆਰੀ ਲੇਖਕ ਵਰਗੇ ਗੁਣ ਹਨ ਜੋ ਵਿਚਾਰਾਂ ਨੂੰ ਸਹੀ ਦਿਸ਼ਾ ਦੇ ਸਕਣ। ਏ ਲੇਖ ਨੂੰ ਦੇਰ ਨਾਲ ਲਿਖਣ ਦਾ ਸੱਭ ਤੋਂ ਵੱਡਾ ਕਾਰਨ ਸੀ ਮੇਰੇ ਅੰਦਰਲਾ ਡੱਰ ਕੇ ਕਿਤੇ ਸਿੱਖ ਸਿਆਸਤ ਤੇ ਸਿੱਖਾਂ ਦੀ ਵਰਤਮਾਨ ਦਸ਼ਾ ਬਾਰੇ ਲਿਖਦਿਆਂ ਕੋਈ ਗਲਤੀ ਨਾ ਹੋ ਜਾਏ। ਫਿਰ ਇਕ ਦਿਨ ਕਿਤੇ ਸੰਸਾਰ ਪ੍ਰਸਿਧ ਵਿਗਿਆਨੀ ਅਲਬਰਟ ਆਈਨਸਟਾਈਨ ਦਾ ਕਥਨ ਪੜ ਲਿਆ ਜਿਸ ਵਿਚ ਉਹਨਾ ਕਿਹਾ ਸੀ ''ਸੰਸਾਰ ਇਕ ਖਤਰਨਾਕ ਪਿੜ ਹੈ ਇਸ ਲਈ ਨਹੀਂ ਕਿ ਇਥੇ ਬੁਰਾਈ ਹੈ ਪਰ ਇਸ ਵਾਸਤੇ ਕਿ ਏਥੇ ਉਹ ਲੋਕ ਹਨ ਜੋ ਬੁਰਾਈ ਨੂੰ ਚੁੱਪ ਕਰਕੇ ਦੇਖਦੇ ਹਨ ਪਰ ਕਰਦੇ ਕੁਝ ਨਹੀਂ।'' ਬੱਸ ਹੁਣ ਥੋੜੇ ਬੱਹੁਤ ਅਖਰਾਂ ਦੇ ਭੰਡਾਰ ਨੂੰ ਇਕਠਾ ਕਰਕੇ ਸਿੱਖ ਇਤਿਹਾਸ ਤੇ ਟਿਪਣੀ ਕਰਨ ਦੀ ਜੂਰਤ ਕਰ ਰਿਹਾ ਹਾ। ਮੇਰਾ ਇਹ ਲੇਖ ਕਿਸੇ ਇਕ ਜਾਂ ਕਿਸੇ ਸੰਸਥਾ ਦੇ ਖਿਲਾਫ ਨਹੀਂ ਸਗੋਂ ਪੰਥਕ ਸੋਚ ਰਖਣ ਵਾਲੇ ਸਾਰੇ ਸਿੱਖਾਂ ਨੂੰ ਇਕੱਮੁਠ ਕਰਨ ਦੀ ਬੱਹੁਤ ਹੀ ਨਿਮਾਣੀ ਕੋਸ਼ਿਸ਼ ਹੈ। ਇਸ ਲੇਖ ਵਿਚ ਸਿਰਫ ਦੋ ਵਿਸ਼ਿਆਂ ਤੇ ਗੱਲ ਕਰਾਗਾਂ। ਪਹਿਲਾਂ ਤਾਂ ਸਿੱਖਾ ਦੇ ਵਰਤਮਾਨ ਹਲਾਤ ਤੇ ਥੋੜੀ ਝਾਤ ਮਰਾਂਗੇ ਤੇ ਫਿਰ ਸ਼ਹੀਦ ਪਰਿਵਾਰਾਂ ਦੀ ਖਸਤਾ ਹਾਲਤ ਦਾ ਜਇਜਾ ਵੀ ਲੈਣਾ ਜਰੂਰੀ ਹੈ।

ਸਦੀਆਂ ਦੇ ਸੰਘਰਸ਼ ਬਾਅਦ ਮਾਹਾਰਾਜਾ ਰਣਜੀਤ ਸਿੰਘ ਦੇ ਵੇਲੇ ਸਿੱਖ ਰਾਜ ਕਇਮ ਹੋਇਆ ਸੀ ਜੋ ਤਕਰੀਬਨ ਚਾਲੀ ਸਾਲ ਹੌਂਦ ਵਿਚ ਰਹਿਣ ਬਾਅਦ ਦਮ ਤੋੜ ਗਿਆ ਅਤੇ ਉਸ ਵੇਲੇ ਤੋਂ ਲੈ ਕੇ ਹੁਣ ਤੱਕ ਸਿੱਖ ਆਪਣੇ ਆਪ ਵਿਚ ਉਲਝੇ ਹੋਏ ਨੇ। ਮਾਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਜੋ ਖੂੰਨੀ ਸਾਕੇ ਹੋਏ ਉਹ ਕਿਸੇ ਤੋਂ ਲੁਕੇ ਨਹੀਂ ਤੇ ਜੋ ਹਾਲ ਮਾਹਾਰਾਜਾ ਦਲੀਪ ਸਿੰਘ ਤੇ ਰਾਣੀ ਜਿੰਦਾਂ ਦਾ ਹੋਇਆ ਉਹ ਸਾਰਾ ਕੁਝ ਇਤਿਹਾਸ ਬਣ ਕੇ ਸਾਡੇ ਸਾਮਣੇ ਹੈ। ਯਾਦ ਰਹੇ ਕੇ ਗੁਰੂ ਨਾਨਕ ਜੀ ਨੇ ਆਪਣੀ ਗੁਰ ਗੱਦੀ ਆਪਣੇ ਪੁਤਰਾਂ ਨੂੰ ਨਹੀਂ ਦਿਤੀ ਸਗੋ ਵਿਚਾਰਾਂ ਦੀ ਸਾਂਝ ਰੱਖਣ ਵਾਲੇ ਨੂੰ ਹੀ ਦਿਤੀ। ਵਡੇ ਸੰਘਰਸ਼ ਵਿਚਾਰਾਂ ਤੇ ਲੜੇ ਜਾਂਦੇ ਹਨ ਅਤੇ ਜਦੋਂ ਇਹ ਸੰਘਰਸ਼ ਭਾਈ-ਭਤੀਜਾ ਵਾਦ ਵਿਚ ਬਦਲ ਜਾਣ ਤਾਂ ਨਾ ਸੰਘਰਸ਼ ਰਹਿੰਦਾ ਹੈ ਆੇ ਨਾ ਹੀ ਵਿਚਾਰ। ਮਾਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸਿੱਖ ਰਾਜ ਦੀ ਹਲਤ ਵੀ ਇਉ ਜਿਹੀ ਹੋ ਗਈ ਸੀ। ਸਿੱਖਾਂ ਦਾ ਰਾਜ ਮਾਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਦਾ ਰਾਜ ਬਣ ਕੇ ਰਹਿ ਗਿਆ ਤੇ ਅਸਤ ਹੋ ਗਿਆ। ਜੇ ਸਿੱਖ ਵਿਚਾਰਾਂ ਦੇ ਸੰਘਰਸ਼ ਨੂੰ ਪਰਿਵਾਰਾਂ ਦਾ ਸੰਘਰਸ਼ ਨਾ ਬਣਾਉਂਦੇ ਤਾਂ 1947 ਵਿਚ ਸਿੱਖਾਂ ਨਾਲ ਧੌਖਾ ਵੀ ਨਾ ਹੁੰਦਾ ਅਤੇ ਨਾ ਹੀ ਭਾਰਤ ਦੀ ਧਾਰਾ 25 ਅਧੀਨ ਸਿੱਖਾਂ ਨੂੰ ਕੇਸਧਾਰੀ ਹਿੰਦੂ ਲਿਖਿਆ ਜਾਂਦਾ ਅਤੇ ਨਾ ਹੀ ਸਿੱਖਾ ਨੂੰ ਅੰਦਕਾਰਜ ਕਰਵਾ ਕੇ ਹਿੰਦੂ ਮੈਰਿਜ਼ ਐਕਟ ਅਧੀਨ ਸਰਟੀਫਿਕੇਟ ਲੈਣੇ ਪੈਂਦੇ।

ਸਿੱਖ ਇਤਿਹਾਸ ਦੇ ਖੂੰਨੀ ਪਤਰੇ ਪੜਨ ਤੋਂ ਬਾਅਦ ਵੀ ਸਿੱਖ ਰਾਜਨੀਤੀ ਵਿਚ ਕੋਈ ਸੁਧਾਰ ਨਹੀਂ ਆਇਆ ਅਗਰੇਜਾ ਦੇ ਨਾਲ ਜੂਝ ਕੇ ਅਕਾਲੀ ਦੱਲ ਅਤੇ ਗੁਰੂਦੁਆਰਾ ਪ੍ਰੰਬਧਕ ਕਮੇਟੀ ਵਰਗੀਆਂ ਮਹਾਨ ਸੰਸਥਾਵਾਂ ਖੜੀਆਂ ਕੀਤੀਆਂ ਸਨ ਤੇ ਜੋ ਹਲਾਤ ਇਹਨਾਂ ਦੀ ਹੈ ਉਹ ਕਿਸੇ ਤੋਂ ਲੁਕੀ ਨਹੀਂ। ਮੈਂ ਸਿੱਖ ਸੰਸਥਾਵਾ ਬਾਰੇ ਇਕ ਵਖਰੇ ਲੇਖ ਵਿਚ ਇਸ ਵਿਸ਼ੇ ਤੇ ਗੱਲ ਕਰ ਚੁਕਾਂ ਹਾਂ ਬੱਸ ਇਨਾ ਹੀ ਕਹਾਂਗਾ ਕੇ ਅੱਜ ਦੇ ਅਕਾਲੀਆਂ ਨੇ ਪੁਰਾਤਨ ਅਕਾਲੀਆਂ ਦੀ ਵਿਰਾਸਤ ਨੂੰ ਗਵਾ ਲਿਆ ਹੈ। ਅਜ ਦਾ ਅਕਾਲੀ ਵਿਚਾਰਾਂ ਦੀ ਲੜਾਈ ਭੁਲ ਚੁੱਕਾ ਹੈ ਤੇ ਸਿਰਫ ਆਪਣੇ ਤੇ ਆਪਣੇ ਕਾਕਿਆ ਦਾ ਸੰਘਰਸ਼ ਲੜ ਰਿਹਾ ਹੈ। ਅਕਾਲੀ ਦੱਲ ਬਾਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦਾ ਪੂਰਾ ਜੌਰ ਲਗਾ ਹੈ ਕਿ ਉਸ ਦੀ ਕੁਰਸੀ ਤੇ ਉਸ ਦਾ ਕਾਕਾ ਸੁਖਬੀਰ ਬੈਠ ਜਾਵੇ। ਹੁਣ ਦਸੋ ਜਿਥੇ ਸਿਰਫ ਪਰਿਵਾਰ ਹੀ ਪਹਿਲਾਂ ਹੋਵੇ ਉਥੇ ਵਿਚਾਰੇ ਵਿਚਾਰ ਕੀ ਕਰਨਗੇ। ਹੁਣ ਤੁਸੀਂ ਅਕਾਲੀ ਦੱਲ ਅਮ੍ਰੀਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਲੈ ਲਾਵੋ ਜਿਨਾਂ ਦੀ ਸਿੱਖ ਸੰਘਰਸ਼ ਨੂੰ ਕਾਫੀ ਦੇਣ ਹੈ। ਉਹਨਾ ਇਮਾਨਦਾਰੀ ਨਾਲ ਸੰਘਰਸ਼ ਵਿਚ ਛਾਲ ਮਾਰੀ ਤੇ ਸਿੱਖਾਂ ਨੇ ਉਹਨਾ ਦੀ ਡੱਟ ਕੇ ਹਮਾਇਤ ਕੀਤੀ। ਅੱਜ ਸਰਦਾਰ ਮਾਨ ਦੀ ਚੋਣਾਂ ਵਿਚ ਸ਼ਰਮਨਾਕ ਹਾਰ ਦਾ ਕਾਰਣ ਕੀ ਹੈ?? ਕਾਰਣ ਸਿਰਫ ਇਹ ਹੈ ਕੇ ਚੋਧਰ ਅਤੇ ਬੱਲੇ ਬੱਲੇ ਕਰਵਾਉਣ ਦੇ ਚੱਕਰ ਵਿਚ ਸੱਭ ਕੁਝ ਗਵਾ ਬੈਠੇ ਨੇ। ਸਰਦਾਰ ਮਾਨ ਨੇ ਬਾਈ-ਭਤੀਜਾ ਵਾਦ 1991 ਦੀਆਂ ਚੋਣਾ ਤੋਂ ਹੀ ਕਰਨ ਸ਼ੁਰੂ ਕਰ ਦਿਤਾ ਸੀ ਜੱਦ ਢੁਕਵੇਂ ਉਮੀਦਵਾਰਾਂ ਨੂੰ ਲਾਂਭੇ ਕਰਕੇ ਆਪਣੇ ਝੋਲੀ ਚੱਕ ਲੋਕਾਂ ਨੂੰ ਚੋਣ ਟਿਕਟਾਂ ਵੰਡ ਦਿਤੀਆਂ ਸਨ। ਹੁਣ ਵੀ ਮਾਨ ਸਾਹਿਬ ਆਪਣੇ ਕਾਕੇ ਨੂੰ ਸਿਆਸਤ ਵਿਚ ਲਿਆਉਣ ਦੀ ਨਕਾਮ ਕੋਸ਼ਿਸ਼ ਕਰ ਚੁਕੇ ਹਨ। ਮਜੌਦਾ ਸਿੱਖ ਲੀਡਰਾਂ ਵਿਚ ਨਾ ਤਾਂ ਅਨੁਸ਼ਾਸ਼ਨ ਹੈ ਤੇ ਨਾ ਹੀ ਸੇਵਾਦਾਰੀ ਦੀ ਭਾਵਨਾ ਹੈ। ਹਰ ਸਿਆਸਤਦਾਨ ਦੀ ਦੌੜ ਲੱਗੀ ਹੋਈ ਹੈ ਕੇ ਕੌਮੀ ਪਾਰਟੀ ਤੇ ਕੌਮੀ ਸੰਘਰਸ਼ ਤੇ ਪਰਿਵਾਰਕ ਕਬਜਾ ਹੋ ਜਾਵੇ ਤਾਂ ਜੋ ਰੋਟੀ ਵੀ ਚੱਲਦੀ ਰਹੇ ਤੇ ਝੰਡੇ ਵਾਲੀਆਂ ਗਡੀਆਂ ਵੀ ਮਿਲ ਜਾਣ। ਪਿਛਲੇ ਕੁਝ ਹਫਤਿਆਂ ਤੋਂ ਜੋ ਕੁਝ ਸਰਦਾਰ ਮਾਨ ਤੇ ਸਰਦਾਰ ਦਲਜੀਤ ਸਿੰਘ ਬਿਟੂ ਵਿਚਕਾਰ ਚੱਲ ਰਿਹਾ ਹੈ ਕੀ ਇਹ ਮੰਦਭਾਗੀ ਦਸ਼ਾਂ ਸਿੱਖ ਕੌਮ ਲਈ ਚੰਗੀ ਹੈ? ਹਰਗਿਜ ਨਹੀਂ ਕਿਉੰ ਕਿ ਸਿੱਖ ਇਕ ਵਾਰ ਫਿਰ ਪਾਟ ਰਹੇ ਹਨ ਤੇ ਆਪਣੀ ਲੜਾਈ ਨਾਲ ਸਿੱਖਾ ਦਾ ਬਚਿਆ ਅਕਸ ਵੀ ਵਿਗੜ ਰਿਹਾ ਹੈ ਤੇ ਸਿੱਖ ਸੰਗਤ ਇਕ ਵਾਰ ਫਿਰ ਆਪਣੇ ਲੀਡਰਾਂ ਤੋਂ ਦੂਖੀ ਹੋ ਰਹੀ ਹੈ। ਹਕੀਕਤ ਇਹ ਹੈ ਕਿ ਸਿੱਖ ਲੀਡਰਸ਼ਿਪ ਹਉਮੇ ਨਹੀਂ ਤਿਆਗ ਸਕੀ ਅਤੇ ਨਾ ਹੀ ਵਿਚਾਰਾਂ ਨੂੰ ਸਾਹਮਣੇ ਰੱਖ ਕੇ ਸਿਆਸਤ ਖੇਡ ਸਕੀ। ਜੇ ਕਿਤੇ ਬਾਦਲ, ਮਾਨ, ਬਿਟੂ ਤੇ ਹੋਰ ਕਈ ਟੁਕੜਿਆਂ ਵਿਚ ਵੰਡੇ ਅਕਾਲੀ ਕੇਸਰੀ ਝੰਡੇ ਥਲੇ ਇਕਠੇ ਜੋ ਜਾਣ ਤਾ ਸਾਡਾ ਇਹ ਕੇਸਰੀ ਕਾਫਲਾ ਕਿਹੜੀਆਂ ਪੈੜਾਂ ਤਹਿ ਨਹੀ ਕਰ ਸਕਦਾ। ਜੇ ਏਸਾ ਹੋ ਜਾਵੇ ਤਾਂ ਅਸੀ ਪੰਜਾਬ ਨੂੰ ਤੇ ਪੰਜਾਬ ਦੇ ਕਿਸਾਨ ਨੂੰ ਖੂਸ਼ਹਾਲ ਕਰ ਸਕਦੇ ਹਾਂ ਪਰ ਇਹ ਗੱਲ ਹੋਣੀ ਮੇਰੇ ਵਰਗੇ ਮਾੜੇ ਲਿਖਾਰੀ ਦੇ ਸੁਫਨੇ ਬਣ ਕੇ ਰਹਿ ਗਏ ਹਨ।

ਹੁਣ ਆਪਾਂ ਸ਼ਹੀਦ ਪਰਿਵਾਰਾਂ ਦੇ ਬਾਰੇ ਥੌੜੀ ਗੱਲ ਕਰ ਲਈਏ। ਜੇ ਸਾਡੇ ਲੀਡਰ ਸਾਡੀ ਰੇਲ ਦੇ ਇੰਜਣ ਹਨ ਤਾਂ ਫਿਰ ਸ਼ਹੀਦ ਪਰਿਵਾਰ ਇੰਜਣ ਨੂੰ ਚਲਾਉਣ ਵਾਲੀ ਬਿਜਲੀ ਹਨ ਤੇ ਜੇ ਇਹ ਪਰਿਵਾਰ ਸਾਡੇ ਨਾਲ ਨਹੀਂ ਹਨ ਤਾਂ ਫਿਰ ਸਾਡੀ ਰੇਲ ਕਿਤੇ ਨਹੀਂ ਪਹੁੰਚਣੀ। ਵੇਸੇ ਤਾਂ ਮੈ ਸ਼ਹੀਦ ਪਰਿਵਾਰਾਂ ਦੀ ਗੱਲ ਆਪਣੇ ਲੇਖ ''ਪੰਥ ਦੀ ਤਲਾਸ਼ ਵਿਚ'' ਕਰ ਚੁਕਾਂ ਹਾਂ ਪਰ ਫਿਰ ਵੀ ਕੁਝ ਗੱਲਾਂ ਕਰਨੀਆਂ ਬਾਕੀ ਹਨ। ਤੁਹਾਡੇ ਵਿਚੋਂ ਜਿਹੜੇ ਵੀ ਪਿਛਲੇ ਕੁਝ ਸਾਲਾਂ ਤੋਂ ਮੇਰੇ ਲੇਖ ਜਾਂ ਕਵਿਤਾਵਾਂ ਪੜਦੇ ਆਏ ਹਨ ਉਹ ਤਾਂ ਜਰੂਰ ਕਹਿੰਦੇ ਹੋਣਗੇ ਕੇ ਬਲਜੀਤ ਸਿੰਘ ਫਿਰ ਟੂਟੇ ਰਿਕਾਰਡ ਵਾਂਗ ਵੱਜਣ ਲੱਗ ਪਿਆਂ ਹੈ। ਇਸ ਵਿਚ ਮੇਰਾ ਕੋਈ ਕਸੂਰ ਨਹੀਂ ਅਸਲ ਵਿਚ ਮੇਰਾ ਰਿਕਾਰਡ ਸੱਚ ਮੁੱਚ ਵਿਚ ਹੀ ਟੂਟ ਚੁਕਾ ਹੈ ਤੇ ਹੁਣ ਸੋਚਿਆਂ ਇਹ ਹੈ ਕਿ ਇਸ ਟੂਟੇ ਰਿਕਾਰਡ ਨੂੰ ਸਾਰੀ ਉਮਰ ਵਜਾਉਣਾ ਹੈ ਜਦ ਤੱਕ ਕੌਮ ਦੇ ਕੰਨਾਂ ਤੱਕ ਮੇਰੀ ਆਵਾਜ ਨਹੀਂ ਪਹੁੰਚ ਜਾਂਦੀ।

ਸੱਬ ਤੋਂ ਪਹਿਲਾਂ ਤਾਂ 1984 ਦੇ ਸਿੱਖ ਕਤਲਿਆਮ ਨੂੰ ਲੈ ਲਾਉ ਜਿਸ ਕਾਰਨ ਦੁਨੀਆ ਦੇ ਵਿਚ ਇਕੋ ਇਕ ਵਿਧਵਾ ਕਲੋਨੀ ਬਣਾਈ ਗਈ। ਇਸ ਵਿਧਵਾ ਕਲੋਨੀ ਵਿਚ ਵਡੀ ਤਦਾਦ ਵਿਚ ਦੰਗਾ ਪੀੜਤ ਸਿੱਖ ਵਿਦਵਾਵਾਂ ਕਪੜੇ ਸੀਂ ਕੇ ਜਾ ਹੋਰ ਕੰਮ ਕਰ ਕੇ ਆਪਣੇ ਬੱਚੇ ਪਾਲਦੀਆਂ ਆ ਰਹੀਆ ਹਨ। ਹੁਣ ਇਹ ਬੱਚੇ ਵੱਡੇ ਵੀ ਹੋ ਗਏ ਹਨ ਅਤੇ ਕਾਫੀ ਸਾਰੇ ਨਸ਼ੇ ਦੇ ਆਦੀ ਵੀ ਹਨ ਤੇ ਪੜਾਈ ਵਲੋਂ ਸਖਣੇ। ਹੁਣ ਤੁਸੀਂ ਦਸੋ ਕੇ ਨਸ਼ੇ ਦੇ ਮਾਰੇ ਇਹ ਸਿੱਖ ਬੱਚੇ ਕੌਮ ਦਾ ਕੀ ਸਵਾਰ ਸਕਦੇ ਨੇ। ਇਸ ਸਾਰੇ ਵਿਚ ਕਸੂਰ ਕਿਸ ਦਾ ਹੈ? ਮੇਰੇ ਖਿਆਲ ਵਿਚ ਮੇਰਾ ਤੇ ਤੁਹਾਡਾ ਹੈ, ਆਪਾ ਦੋਵਾਂ ਦਾ ਹੈ ਕਿਉਂਕੀ ਅਸੀਂ ਵੀਕੲੈਂਡ ਤੇ ਪਾਰਟੀਆਂ ਵਿਚ ਜਾ ਫਿਰ ਗੁਰੂ ਘਰ ਦੀਆਂ ਸਟੇਜਾਂ ਤੋਂ ਸ਼ਹੀਦਾਂ ਦੀਆਂ ਗੱਲਾਂ ਤਾਂ ਕਰ ਲੈਂਦੇ ਹਾਂ ਤੇ ਫਿਰ ਦਰਵਾਜਾ ਟਪਦਿਆਂ ਹੀ ਸੱਭ ਭੁਲ ਜਾਂਦਾ ਹੈ। ਆਮ ਬੰਦੇ ਦੀ ਤਾਂ ਗੱਲ ਛਡੋ ਸਿੱਖ ਲੀਡਰਾਂ ਨੇ ਕਿਸੇ ਸ਼ਹੀਦ ਦੇ ਪਰਿਵਾਰ ਦੀ ਬਾਤ ਨਹੀਂ ਪੁਛੀ ਤੇ ਜੇ ਕਿਸੇ ਪੁਛੀ ਵੀ ਤਾਂ ਉਹ ਸ਼ਹੀਦ ਪਰਿਵਾਰ ਦੀ ਮਦਦ ਦਾ ਇਕ ਮਿਡੀਆ ਤਮਾਸ਼ਾ ਬਣਾ ਕੇ ਸਿਆਸੀ ਲਾਹਾ ਲੈਂਦੇ ਰਹੇ ਤੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਦੀ ਮਨਸਿਕਤਾ ਨਾਲ ਖਿਲਵਾੜ ਕਰਦੇ ਰਹੇ ਜੋ ਕਿ ਅਤੀ ਸ਼ਰਮਨਾਕ ਹੈ। ਕਈ ਸਾਡੇ ਜਥੇਦਾਰਾਂ ਨੂੰ ਇਹ ਭੁਲੇਖਾ ਹੈ ਕਿ ਗੁਰੂ ਘਰਾਂ ਵਿਚ ਸ਼ਹੀਦ ਪਾਰਿਵਾਰ ਨੂੰ ਸਿਰੋਪਾਊ ਦੇ ਕੇ ਉਹ ਪਾਰਿਵਾਰਾਂ ਤੇ ਇਹਸਾਨ ਕਰ ਰਹੇ ਹਨ। ਯਾਦ ਰਹੇ ਸ਼ਹੀਦ ਤੁਹਾਡੀ ਕੌਮ ਦਾ ਸਰਮਾਇਆ ਹਨ, ਸ਼ਾਨ ਹਨ ਤੇ ਆਉਣ ਵਾਲੀ ਪੀੜੀ ਲਈ ਰੋਸ਼ਨੀ ਕਰਦੇ ਦੀਵੇ ਹਨ। ਜਿਹੜੀ ਕੌਮ ਸ਼ਹੀਦਾਂ ਦਾ ਸਤਿਕਾਰ ਨਹੀ ਕਰ ਸਕਦੀ ਫਿਰ ਉਸ ਕੌਮ ਲਈ ਸ਼ਹਾਦਤ ਹੀ ਕਿਉਂ ਦਿਤੀ ਜਾਵੇ??

ਟੌਰਾਂਟੋ ਦੇ ਇਕ ਗੁਰੂ ਘਰ ਵਿਚ ਰਖੇ ਸ਼ਹੀਦੀ ਸਮਾਗਮ ਦੌਰਾਨ ਇਕ ਜਥੇਦਾਰ ਜੀ ਸਟੇਜ ਤੋਂ ਵਾਜਾ ਮਾਰ ਰਹੇ ਸਨ ਕਿ ਜੇ ਸੰਗਤ ਵਿਚ ਕੋਈ ਸ਼ਹੀਦ ਪਾਰਿਵਾਰ ਦਾ ਮੈਂਬਰ ਹੈ ਤਾਂ ਆ ਕੇ ਸਿਰੋਪਾਊ ਲੈ ਜਾਵੇ। ਮੈਨੂੰ ਇਸ ਤਰਾਂ ਲਗ ਰਿਹਾ ਸੀ ਕਿ ਕਿਸੇ ਸ਼ਹੀਦ ਪਾਰਿਵਾਰ ਦੇ ਮੈਬਰ ਨੂੰ ਨਾ ਬੁਲਾਇਆ ਜਾ ਰਿਹਾ ਹੋਵੇ ਸਾਗੋਂ ਜਲੰਧਰ ਦੇ ਬੱਸ ਅੱਡੇ ਤੇ ਕੋਈ ਕੰਡਕਟਰ ਸਵਾਰੀਆਂ ਨੂੰ ਟਿਕਟਾਂ ਲੈਣ ਲਈ ਵਾਜਾਂ ਮਾਰ ਰਿਹਾ ਹੋਵੇ। ਉਸ ਗੁਰੂ ਘਰ ਦੀ ਸਟੇਜ ਤੋਂ ਵਾਜਾ ਮਾਰਨ ਦੇ ਬਾਅਦ ਵੀ ਕੋਈ ਉਠ ਕੇ ਅਗੇ ਨਹੀਂ ਗਿਆਂ ਤਾਂ ਜਥੇਦਾਰ ਜੀ ਅਗਲੇ ਪ੍ਰੋਗਰਾਮ ਦਾ ਵੇਰਵਾ ਦੇ ਕੇ ਬੈਠ ਗਏ। ਕੀ ਸ਼ਹੀਦ ਪਾਰਿਵਾਰ ਦੀ ਲਿਸਟ ਬਣਾ ਕੇ ਉਹਨਾ ਨੂੰ ਸਤਿਕਾਰ ਸਹਿਤ ਸਟੇਜ ਤੋਂ ਸਨਮਾਨਿਤ ਨਹੀ ਸੀ ਕੀਤਾ ਜਾ ਸਕਦਾ? ਸੱਭ ਕੁਝ ਹੋ ਸਕਦਾ ਹੈ ਜੇ ਕੋਈ ਕਰਨਾ ਚਾਹੇ ਪਰ ਸਾਡੀਆਂ ਜਥੇਦਾਰੀਆਂ ਤਾਂ ਸਿਰਫ ਫੋਟੋ ਖਿਚਵਾ ਕੇ ਅਖਬਾਰਾਂ ਵਿਚ ਲਾਵਾਉਣ ਤੱਕ ਹੀ ਰਹਿ ਗਈਆਂ ਹਨ। ਬਾਕੀ ਸਾਡੇ ਸਿੱਖ ਲੀਡਰਾਂ ਵੀ ਸ਼ਹੀਦ ਪਾਰਿਵਾਰ ਪ੍ਰਤੀ ਕੋਈ ਦਿਲਚਸਪੀ ਨਹੀਂ ਵਿਖਾਈ। ਮੈਨੂੰ ਯਾਦ ਹੈ ਮੈਰੇ ਪਿਤਾ ਜੀ ਦੇ ਭੋਗ ਤੇ ਬੜੇ ਰੰਗ ਬਿਰੰਗੇ ਅਕਾਲੀ ਹੱਥ ਚੱਕ ਚੱਕ ਕੇ ਰੋਲਾ ਪਾ ਰਹੇ ਸਨ ਕੇ ਬਈ ਪਰਿਵਾਰ ਫਿਕਰ ਨਾ ਕਰੇ ਸਾਰਾ ਪੰਥ ਪਰਿਵਾਰ ਦੇ ਨਾਲ ਹੈ। ਸਤਾਰਾ ਸਾਲ ਹੋ ਗਏ ਭੋਗ ਪਏ ਨੂੰ ਨਾ ਪੰਥ ਲਭਿਆ ਤੇ ਨਾ ਰੋਲਾ ਪਾਉਣ ਵਾਲੇ ਬੰਦੇ, ਹਾਂ ਕਦੇ ਕਦਾਈਂ ਕੇਸਰੀ ਝੰਡੇ ਵਾਲੀਆਂ ਗਡੀਆਂ ਸਾਡੇ ਵਰਗਿਆ ਤੇ ਘੱਟਾ ਜਰੂਰ ਉਡਾ ਜਾਂਦੀਆਂ ਨੇ। ਚਲੋ ਸਾਡੇ ਪਾਰਿਵਾਰ ਵਿਚ ਤਾਂ ਮੈ ਰੋਟੀ ਕਮਾਉਣ ਜੋਗਾ ਹੋ ਗਿਆ ਪਰ ਉਹਨਾ ਦਾ ਸੋਚੋ ਜਿਨਾਂ ਦੇ ਲਈ ਇਕ ਵੱਕਤ ਦੀ ਰੋਟੀ ਖਾਣੀ ਮੁਸੀਬਤ ਹੈ। ਮੈ ਉਹਨਾ ਵੀਰਾ ਤੇ ਭੈਣਾ ਦਾ ਦਿਲੋ ਧੰਨਵਾਦੀ ਹਾਂ ਜੋ ਸ਼ਹੀਦ ਪਾਰਿਵਾਰਾ ਦੀ ਮਦਦ ਲਈ ਉਤਰਦੇ ਹਨ। ਮਦਦ ਹਮੇਸ਼ਾਂ ਪੈਸੇ ਦੀ ਨਹੀ ਹੁੰਦੀ ਸਗੋ ਲੋੜ ਹੈ ਕਿਸੇ ਨੂੰ ਇਹ ਇਹਸਾਸ ਦੁਵਾਉਣ ਦੀ ਕਿ ਪੰਥ ਉਸ ਦੇ ਪਿਛੇ ਖਲੋਤਾ ਹੈ ਤੇ ਪੰਥ ਉਹਨਾ ਦਾ ਮਾਣ ਕਰਦਾ ਹੈ।ਸ਼ਹੀਦ ਪਾਰਿਵਾਰਾਂ ਦੇ ਨਾਲ ਮੇਲ ਜੋਲ ਰਖਣਾ, ਉਹਨਾ ਦੀ ਮਨਸਿਕਤਾ ਨੂੰ ਸਮਝਣਾ, ਉਹਨਾ ਦੀਆਂ ਰੋਜਾਨਾ ਜੀਵਨ ਦੀਆਂ ਉਲਝਣਾ ਨੂੰ ਸਮਝਣਾ ਤੇ ਬੁਰੇ ਵੈਲੇ ਸਾਥ ਦੇਣਾ ਹੀ ਸ਼ਹੀਦਾਂ ਦਾ ਸਹੀ ਸਤਿਕਾਰ ਹੈ।

ਸਾਡਾ ਕੇਸਰੀ ਕਾਫਲਾ ਖਿਲਰ ਚੁੱਕਾ ਹੈ। ਏਸ ਨੂੰ ਇਕਠਿਆਂ ਕਰਨ ਦੀ ਜਰੂਰਤ ਹੈ ਤੇ ਇਹ ਇਕਠਾ ਤਾਂ ਹੀ ਹੋਏਗਾ ਜੇ ਅਸੀ ਭਾਈ ਭਤੀਜੇ ਵਾਦ ਤੋਂ ਉਪਰ ਉਠ ਕੇ ਵਿਚਾਰਾਂ ਦੀ ਸਿਆਸਤ ਨੂੰ ਅਪਨਾ ਲਈਏ ਤੇ ਨਾਲ ਦੀ ਨਾਲ ਸ਼ਹੀਦਾਂ ਦਾ ਸਤਿਕਾਰ ਕਰਨਾ ਸਿਖ ਲਈਏ। ਅੱਜ ਸਿੱਖ ਹਜ਼ਾਰਾਂ ਦੀ ਗਿਣਤੀ ਵਿਚ ਦੁਨੀਆਂ ਭਰ ਵਿਚ ਵੱਸ ਗਏ ਨੇ ਤੇ ਅਰਥਿਕ ਪਖੋ ਮਜਬੂਤ ਵੀ ਹਨ ਪਰ ਹਾਲਤ ਸਾਡੀ ਫਿਰ ਵੀ ਉਹੀ ਪੁਰਾਣੀ ਹੈ ਤੇ ਵਿਗੜਦੀ ਜਾਂਦੀ ਹੈ। ਜੇ ਅਸੀਂ ਸਾਰੇ ਇਕਮੁਠ ਹੋ ਕੇ ਇਕ ਦਿਸ਼ਾਂ ਵੱਲ ਚਲਾਂਗੇ ਤਾਂ ਫਿਰ ਮੰਜ਼ਿਲ ਵੀ ਮਿਲ ਜਾਵੇਗੀ ਤੇ ਖੂਸ਼ਹਾਲੀ ਵੀ। ਜੇ ਅਸੀਂ ਹਾਉਮੇ ਨਾ ਛੱਡੀ ਤਾਂ ਫਿਰ ਸਾਡੇ ਨਾਪਾਕ ਖਿਆਲਾ ਨੂੰ ਕਿਸੇ ਢੋਅ ਨਹੀਂ ਦੇਣੀ।

''ਹਰ ਮਿਲ ਕੇ ਪੱਥਰ ਪਰ ਲਿਖ ਦੋ
ਨਾਪਾਕ ਇਰਾਦੋਂ ਕੋ ਮੰਜ਼ਿਲ ਨਹੀਂ ਮਿਲਤ''