ਸਦਾਂਮ ਦੇ ਸਕੇ ਬਨਾਂਮ ਬੁੱਸ਼ ਦੇ ਗਰਾਈਂ

ਬੀ.ਐੱਸ ਢਿੱਲੋਂ ਐਡਵੋਕੇਟ

ਜਿਸ ਦਿਨ ਅਖਬਾਰਾਂ ਵਿੱਚ ਸਦਾਂਮ ਹੁਸੈਂਨ ਨੂੰ ਫਾਸੀ ਦਿੱਤੇ ਜਾਣ ਦੀਆਂ ਤਸਵੀਰਾਂ ਛਪੀਆਂ,ਉਸੇ ਦਿਨ ਚੰਡੀਗੜ੍ਹ ਕਲਾ ਭਵਨ ਵਿੱਚ ਇੱਕ ਸਾਹਿੱਤਕ ਸਮਾਗਮ ਸੀ। ਲਾਅਨ ਵਿੱਚ ਮੱਖ ਮਹਿਮਾਨ ਸਿੱਧੂ ਦਮਦਮੀਂ ਦੀ ਉਡੀਕ ਕਰਦੇ ਦੋ ਟੋਲੀਆਂ ਵਿੱਚ ਖੜ੍ਹੇ ਲੇਖਕਾਂ ਵਿੱਚ ਸਦਾਂਮ ਦੇ ਨੰਗੇ ਮੂੰਹ ਹੱਸਕੇ ਫਾਸੀ ਚੜ੍ਹਣ ਦੀ ਚਰਚਾ ਹੋ ਰਹੀ ਸੀ। ਐਨ ਉਸੇ ਸਮੇਂ ਮੈਂ ਵੀ ਪਹੁੰਚ ਗਿਆ। ਓਦੋਂ ਹੀ ਇੱਕ ਮਿੰਨੀ ਕਹਾਣੀ ਲੇਖਕ ਮੇਰੇ ਵੱਲ ਤਰਸ ਭਰੀਆਂ ਨਿਗਾਹਾਂ ਨਾਲ ਵੇਖਦਾ ਜਿਵੇਂ ਮੇਰਾ ਬਾਪ ਮਰਿਆ ਹੁੰਦਾ, ਹਮਦਰਦੀ ਨਾਲ ਮੇਰਾ ਹੱਥ ਘੁੱਟਕੇ ਕਹਿਣ ਲੱਗਾ, '' ਜੀ ਬੜਾ ਹੀ ਮਾੜਾ ਹੋਇਆ ਜਾਲਮਾਂ ਨੇ ਉਹਦਾ ਮੂੰਹ ਵੀ ਨਹੀਂ ਢਕਿਆ।" ਮੈਂ ਪਹਿਲਾਂ ਹੀ ਰਸਤੇ 'ਚ ਕਾਰ ਦਾ ਪੰਚਰ ਹੋਇਆ ਪਹੀਆ ਬਦਲਣ ਕਾਰਨ ਰੱਬ ਨੂੰ ਕੋਸਦਾ ਆ ਰਿਹਾ ਸੀ ਤੇ ਤਰਸ ਦੀ ਥਾਂ ਹਮਦਰਦੀ ਦੀ ਤਲਾਸ਼ 'ਚ ਸੀ।ਮੈਂ ਉਹਨੂੰ ਜਵਾਬ ਦਿੱਤਾ, '' ਇਹ ਕੋਈ ਨਵੀਂ ਘਟਣਾ ਨਹੀਂ, ਇੱਕ ਸ਼ੇਰ ਨੇ ਬਘਿਆੜ ਮਾਰਿਆ ਹੈ।ਇਹੀ ਕੁਦਰਤ ਦਾ ਕਾਨੂੰਨ ਹੈ। ਪਹਿਲਾਂ ਸਾਬਣ ਨਾਲ ਮੇਰੇ ਹੱਥ ਧਵਾ।"
ਦਰਅਸਲ ਪਿਛਲੇ 24 ਘੰਟਿਆਂ ਤੋਂ ਇਹੀ ਮਰਗ ਦੇ ਮਰਸੀਏ ਸੁਣ ਸੁਣ ਕਿ ਮੈਂ ਅੱਕ ਗਿਆ ਸੀ ਕਿ ਜਦੋਂ ਕਿਸੇ ਨੇ ਪ੍ਰੈਕਟੀਕਲੀ ਕਰਨਾ ਕਰਾਉਣਾਂ ਕੁੱਝ ਨਹੀਂ ਫਿਰ ਇੱਕ ਦੁਜੇ ਕੋਲ ਖਾਹਮਖਾਹ ਅਫਸੋਸ ਦਾ ਨਾਟਕ ਕਿਉਂ ਕੀਤਾ ਜਾ ਰਿਹਾ। ਸਾਰਾ ਚੰਡੀਗੜ੍ਹ ਪਿਛਲੇ ਦੋ ਦਿਨ ਤੋਂ ਸਦਾਮ ਦੇ ਸੱਥਰ ਤੇ ਬੈਠਾ ਸੀ ਪਰ ਗੱਲਾਂ ਕਰਨ ਤੋਂ ਵਗੈਰ ਇੱਕਾ ਦੁੱਕਾ ਲੋਕਾ ਨੂੰ ਛੱਡਕੇ ਨਾਂ ਤਾ ਕਿਸੇ ਨੇ ਨਿਖੇਧੀ ਮਤੇ ਪਾ ਕੇ ਭਾਰਤ ਸਰਕਾਰ ਰਾਹੀਂ ਅਮਰੀਕੀ ਅੰਬੇਸੀ ਨੂੰ ਭੇਜੇ ਤੇ ਨਾਂ ਹੀ ਜਨਤਕ ਤੋਰ ਤੇ ਕਿਸੇ ਕਿਸਮ ਦਾ ਕੋਈ ਰੋਸ ਪ੍ਰਗਟ ਕੀਤਾ ਸੀ।ਸਿਰਫ ਗੱਲਾ ਨਾਲ ਹੀ ਕੜਾਹ ਬਣਾਇਆ ਜਾ ਰਿਹਾ ਸੀ।ਮੈਨੰ ਲੋਕਾਂ ਦਾ ਇੰਜ ਕੰਮ ਕਰਨ ਦੀ ਥਾਂ, ਟਾਇਮ ਪਾਸ ਕਰਨ ਲਈ ਗੱਲਾ ਕਰਨਾ ਚੰਗਾ ਨਹੀਂ ਸੀ ਲੱਗ ਰਿਹਾ।ਅਜੇ ਪਿਛਲੇ ਸਮੇਂ ਹੀ ਜਦੋਂ ਹਰਿਆਣਾ ਦੀ ਕਲਪਨਾਂ ਚਾਵਲਾ ਅਮਰੀਕੀ ਰਾਕਟ ਹਾਦਸੇ 'ਚ ਮਰੀ ਸੀ; ਹਰ ਥਾਂ ਉਸਦਾ ਜਿਕਰ ਹੁੰਦਾ ਵੇਖਕੇ ਮੈਂ ਕਿਹਾ ਸੀ ਕਿ ਜੇ ਇਹੀ ਕਲਪਨਾਂ ਭਾਰਤ ਰਹਿੰਦੀ ਤਾਂ ਇਸਨੂੰ ਕਿਸੇ ਨੇ ਹਰਿਆਣਾ ਰੋਡਵੇਜ 'ਚ ਡਰਾਇਵਰ ਨਹੀਂ ਸੀ ਰੱਖਣਾਂ,ਹੁਣ ਸਾਰਾ ਦੇਸ਼ ਮਗਰਮੁਛ ਦੇ ਹੰਝੂ ਵਹਾ ਰਿਹਾ। ਮੇਰਾ ਮਨ ''ਇਹ ਕੁਝ ਸਾਡੇ ਸਮਿਆਂ 'ਚ ਹੀ ਹੋਣਾਂ ਸੀ, ਜਾਂ ਬਹੁਤ ਹੀ ਖਤਰਨਾਕ ਹੁੰਦਾ ਹੈ ਸੁਪਨਿਆ ਦਾ ਮਰ ਜਾਣਾ"ਵਰਗੇ ਖਿਆਲਾਂ ਦੇ ਦੋਰ 'ਚੋਂ ਗੁਜਰ ਰਿਹਾ ਸੀ। ''ਵਾਰਿਸਸ਼ਾਹ ਬੁਲਾਓ ਨਾ ਮੂਲ ਮੈਨੂੰ,ਸਾਨੂੰ ਭਲਾ ਨਾਹੀਂ ਕੋਈ ਲੱਗਦਾ ਨੀਂ"। ਉਸ ਵਕਤ ਮੈਨੂੰ ਨਹੀਂ ਸੀ ਪਤਾ ਕਿ ਮੇਰੇ ਮੂੰਹੋਂ ਸੁਭਾਵਕ ਨਿੱਕਲੀ ਇਹ ਟਿੱਪਣੀ ਕਿ ''ਇੱਕ ਸ਼ੇਰ ਨੇ ਬਘਿਆੜ ਮਾਰਿਆ ਹੈ।ਇਹੀ ਕੁਦਰਤ ਦਾ ਕਾਨੂੰਨ ਹੈ", ਪ੍ਰਧਾਂਨ ਬੁੱਸ਼ ਦੇ ਗਰਾਈਆਂ ਦੀ ਸੋਚ ਹੈ। ਕੁਝ ਸਮੇਂ ਬਾਅਦ ਹੀ ਇਹ ਵੇਖਣ ਦਾ ਸਬੱਬ ਬਣ ਗਿਆ।
ਅਮਰੀਕਾ ਦੀ ਰਾਜਧਾਨੀਂ ਵਾਸ਼ਿੰਗਟਨ ਡੀ.ਸੀ. ਵਿੱਚ , ਵਿਸ਼ਵ ਦੀ ਸੱਤਾ ਦੀ ਇੱਕੋ ਇੱਕ ਪਰਤੀਕ ਇਮਾਰਤ ਵਾਈਟ ਹਾਊਸ ਤੇ 'ਤੀਜੀ ਦੁਨੀਆਂ ਦੇ ਸ਼ਾਹੂਕਾਰ' ਵਰਲਡ ਬੈਂਕ ਦੀ ਇਮਾਰਤ ਕੋਲੋਂ ਲੰਗਦਿਆਂ ਮੈਨੂੰ ਇੱਕ ਵਾਰ ਫਿਰ ਸਦਾਂਮ ਯਾਦ ਆ ਗਿਆ ਕਿ ਜੇ ਅੱਜ ਸੋਵੀਅਤ ਯੂਨੀਅਨ ਕਾਇਮ ਹੁਦਾਂ ਤਾਂ ਵਿਸ਼ਵ ਦੇ ਹਾਲਤ ਹੋਰ ਹੋਣੇ ਸਨ। ਭਾਵੇਂ ਗੰਗਾ ਹੱਡੀਆਂ ਗਈਆਂ ਨਾਂ ਮੁੜਦੀਆਂ ਨੀ,ਵਕਤ ਗਏ ਨੂੰ ਕਿਸੇ ਨਾਂ ਮੋੜਿਆ ਈ। ਮੇਰਾ ਰੂਸੀਆਂ ਨਾਲ ਕੋਈ ਲੈਣਾ ਦੇਣਾ ਨਹੀਂ । ਪਰ ਮਾੜਿਆਂ ਨੂੰ ਕਿਸੇ ਡਾਢੇ ਵੁਲੋਂ ਕੁੱਟਣੋ ਬਚਾਉਣ ਲਈ ਇੱਕ ਤਕੜਾ ਸ਼ਰੀਕ ਦਾ ਹੋਣਾ ਜਰੁਰੀ ਹੁੰਦਾ ਹੈ।ਇਹੀ ਵਿਰੋਧ ਵਿਕਾਸ ਦਾ ਨਿਯਮ ਹੈ। ਭਾਵੇਂ ਲੰਡੂ ਜਿਹਾ ਬਦਮਾਸ਼ ਹੀ ਹੋਵੇ ਜਿਹੜਾ ਧਾੜਵੀ ਨੂੰ ਠੱਲਣ ਲਈ ਲਲਕਾਰਾ ਮਾਰਕੇ ਕਹੇ, ''ਮੁੰਡਿਆ ਹੋਈਂ ਤਕੜਾ ਮੈਂ ਆਇਆ"। ਇੰਨੇ ਨਾਲ ਹੀ ਵਿਸ਼ਵ ਦੀ ਸੱਤਾ ਦਾ ਤਵਾਜ਼ਨ ਬਦਲ ਜਾਣਾ ਸੀ। ਜਿਵੇਂ 1971 'ਚ ਸੱਤਵੇਂ ਬੇੜੇ ਨੂੰ ਵਧਦਾ ਵੇਖਕੇ ਰੁਸੀ ਸਮੁੰਦਰੀ ਜਹਾਜੀ ਬੇੜਾ ਹਿੰਦਮਹਾਂਸਾਗਰ ਵੱਲ ਚੱਲ ਪਿਆ ਸੀ, ''ਹੋਵੋ ਤਕੜੇ ਅਸੀਂ ਆਏ"। ਪਰ ਮੈਂ ਛੇਤੀ ਹੀ ਇਸ ਖਿਆਲ ਨੂੰ ਭੁਲਾਕੇ ਥਮਲਿਆਂ ਵਰਗੀਆਂ ਅਮਰੀਕਨ ਮੇਮਾਂ ਵੱਲ ਧਿਆਨ ਮੋੜ ਲਿਆ। ਤੋਬਾ! ਤੋਬਾ! ਇਹ ਤਾਂ ਧੱਕਾ ਮਾਰਕੇ ਔਸਰ ਝੋਟੀ ਨੂੰ ਸੁੱਟ ਦੇਣ। ਅਮਰੀਕਾ ਦੀ ਹਰ ਚੀਜ ਹੀ ਵੱਡੀ ਹੈ; ਕਾਰਾਂ,ਸੜਕਾ,ਫਲਾਈਓਵਰ,ਇਮਾਰਤਾਂ,ਜਹਾਜ,ਖਿਲੋਣੇਂ ਤੇ ਤੀਵੀਆਂ ਵੀ।'ਰੰਨ ਵੇਖਣੀ ਐਬ ਹੈ ਅੰਨ੍ਹਿਆਂ ਨੂੰ,ਰੱਬ ਅੱਖੀਆਂ ਦਿੱਤੀਆਂ ਵੇਖਣੇ ਨੂੰ।'
ਨਿਊਯਾਰਕ ਦੀਆਂ ਅਸਮਾਂਨ ਛੂੰਹਦੀਆਂ ਇਮਾਰਤਾਂ ਨੂੰ ਪਿੱਛੇ ਛੱਡਦਿਆਂ ਕੌਂਨਟੀਨੈਂਨਟਲ ਏਅਰਲਾਇਨਜ਼ ਦੀ ਘਰੇਲੂ ਉੱਡਾਣ ਦੇ ਜਹਾਜ ਨੇ ਦੋ ਚੱਕਰ ਕੱਟਕੇ ਜਦੋਂ ਮੈਨੂੰ ਡੈਲਾਸ ਐੱਫ ਡਵਲਿਊ ਹਵਾਈ ਅੱਡੇ ਤੇ ਉਤਾਰਿਆ ਤਾਂ ਪੂਰਨਮਾਸ਼ੀ ਦਾ ਚੰਦ ਡਲ੍ਹਕਾਂ ਮਾਰ ਰਿਹਾ ਸੀ ।ਮੈਨੂੰ ਲੈਣ ਆਏ ਮਿੱਤਰ ਨੇ ਦੱਸਿਆ ਇਹ ਪ੍ਰਧਾਂਨ ਬੁੱਸ਼ ਦੀ ਹੋਮ ਸਟੇਟ ਹੈ। ਨੇੜੇ ਹੀ ਬੁੱਸ਼ ਦਾ ਫਾਰਮ ਹਾਊਸ ਹੈ। ਇੱਥੇ ਅਕਸਰ ਹੀ ਉਹ ਆਪਣੇ ਆੜੀਆਂ ਪੂਤਨ ਤੇ ਬਲੇਅਰ ਵਰਗਿਆਂ ਨੂੰ ਲੈ ਕਿ ਵੀਕ ਐਂਡ ਮਨਾਉਣ ਆਇਆ ਕਰਦਾ। ਆਪਾ ਨੂੰ ਨੇੜੇ ਤਾਂ ਕਿਸੇ ਨੇ ਨਹੀਂ ਜਾਣ ਦੇਣਾ। ਪਰ ਆਪਾਂ ਕੋਲੋਂ ਹੀ ਲੰਘਾਂਗੇ। ਫੇਰ ਤਾਂ ਆਪਾਂ ਬੁੱਸ਼ ਦੇ ਸਹੁਰੇ ਪੇਕੇ ਦੋਨੋਂ ਵੇਖ ਲਏ।ਮੇਰਾ ਮਤਲਬ ਵਾਈਟ ਹਾਉਸ ਤੇ ਉਹਦਾ ਨਿੱਜੀ ਫਾਰਮ ਹਾਉਸ ਤੋਂ ਸੀ।
ਟੈਕਸਾਸ ਵਿੱਚ ਆਪਣੀ ਠਹਿਰ ਦੌਰਾਂਨ ਮੈਂ ਵੇਖਿਆ ਕਿ ਜਿਸ ਤਰਾਂ ਅਸੀਂ ਪੰਜਾਬੀ ਮਨਮੋਹਨ ਸਿੰਘ ਜਾਂ ਗੁਜਰਾਲ ਦੇ ਪ੍ਰਧਾਂਨ ਮੰੱਤਰੀ ਬਨਣ ਤੇ ਖੁਸ ਹੁੰਦੇ ਹਾਂ਼ ਉਸੇ ਤਰਾਂ ਟੈਕਸਾਸ ਨਿਵਾਸੀ ਵੀ ਖੁਦ ਨੂੰਂ ਅਮਰੀਕਾ ਦੇ ਪ੍ਰਧਾਂਨ ਸਮਝਦੇ ਹਨ। ਮੇਰੀ ਦਿਲਚਸਪੀ ਇਰਾਕ ਤੇ ਸਦਾਮ ਬਾਰੇ ਬੁੱਸ਼ ਦੇ ਗਰਾਈਆਂ ਦੀ ਰਾਏ ਜਾਨਣ ਦੀ ਸੀ। ਤੀਜੀ ਦੁਨੀਆਂ ਦੇ ਵਾਸੀ ਅਸੀਂ ਆਪਣੇ ਹਿੱਤਾਂ ਅਨੁਸਾਰ ਸਿੱਟੇ ਕੁਢਣ ਦੇ ਆਦੀ ਹਾਂ। ਪਰ ਟੈਕਸਾਸ ਨਿਵਾਸੀ ਇੰਜ ਨਹੀਂ ਹਨ ਸੋਚਦੇ। ਉਨ੍ਹਾਂ ਦੇ ਆਪਣੇ ਹਿੱਤ ਹਨ। ਸ਼ੈਕਸਪੀਅਰ ਨੇ ਕਿਹਾ ਸੀ ਕਿ ਕੁਝ ਵੀ ਸਹੀ ਜਾਂ ਗਲਤ ਨਹੀਂ ਹੁੰਦਾ ਸੋਚਣ ਦਾ ਤਰੀਕਾ ਹੀ ਗਲਤ ਠੀਕ ਦਾ ਨਿਰਣਾ ਕਰਦਾ ਹੈ। 'ਵਾਰਸਸ਼ਾਹ ਮੀਆਂ ਗੰਨਾ ਜੱਗ ਸਾਰਾ,ਮਜ਼ੇ ਵੱਖ ਨੀ ਪੋਰੀਆਂ ਪੋਰੀਆਂ ਦੇ।' ਇਨ੍ਹਾਂ ਲਈ ਬੁੱਸ਼ ਇਨ੍ਹਾਂ ਦਾ ਦਾਰਾ ਸਿੰਘ,ਧਰਮਿੰਦਰ,ਜਰਨਲ ਜੇ ਜੇ ਸਿੰਘ ਤੇ ਮਨਮੋਹਨ ਸਿੰਘ ਹੈ।

ਮਿੱਤਰਾਂ ਦੀ ਮਹਿਫਲ ਵਿੱਚ ਸਾਹਮਣੇ ਪਰਦੇ ਤੇ ਬੁੱਸ਼ ਨੂੰ ਸਟੇਜ ਦੀਆਂ ਪੌੜੀਆਂ ਚੜਦੇ ਵੇਖਕੇ ਮੇਰੇ ਨਾਲ ਬੈਠੇ ਅਮਰੀਕੀ ਨੇ ਕੂਹਣੀ ਮਾਰੀ, ''ਦੇਖੋ ਕਿੱਡਾ ਘੈਂਟ ਜੱਟ ਹੈ,ਬਾਹਾਂ ਚੌੜੀਆਂ ਕਰਕੇ ਭਲਵਾਨਾਂ ਵਾਂਗੂੰ ਤੁਰਦਾ ਹੈ।" ਪਰ ਸਾਡੇ ਦੇਸ਼ ਵਿੱਚ ਇਸੇ ਨੂੰ ਕਹਿਣਾ ਸੀ ਕਿਵੇਂ ਹੰਕਾਰ ਨਾਲ ਤੁਰਦਾ ਹੈ। ਪਲੇਨੋਂ ਦੇ ਲੋਕਲ ਅਖਬਾਰ ਵਿੱਚ ਬੱਚਿਆਂ ਦੇ ਕਾਲਮ ਵਿੱਚ ਇੱਕ ਸਵਾਲ ਪੁਛਿਆ ਜਾ ਰਿਹਾ ਸੀ ਕਿ ਪਰਧਾਂਨ ਬੁੱਸ਼ ਮੇਰਾ ਨਾਇਕ ਹੈ, ਹਾਂ ਜਾਂ ਨਾਹ। ਪਿੱਛੇ ਜਿਹੇ ਹੋਈਆਂ ਅਮਰੀਕੀ ਕਾਗਰਸ ਦੀਆਂ ਚੋਣਾਂ ਵਿੱਚ ਬੁਸ਼ ਦੀ ਪਾਰਟੀ ਦੇ ਹਾਰ ਜਾਣ ਤੋਂ ਉਲਟ ਟੈਕਸਾਸ ਨਿਵਾਸੀ ਬੱਚਿਆਂ ਦਾ ਉਹ ਨਾਇਕ ਸੀ। ਅਸੀਂ ਹਰ ਰੋਜ ਉਹਨੂੰ ਖਲਨਾਇਕ ਸਾਬਤ ਕਰਕੇ ਅਸਲ ਵਿੱਚ ਰੋਂਦੀ ਯਾਰਾਂ ਨੂੰ ਨਾਂ ਲੈ ਲੈ ਕੇ ਭਰਾਵਾਂ ਦੇ ਵਾਲੀ ਅਪਣੀ ਭਾਰਤੀ ਰੀਤ ਹੀ ਨਿਭਾਉਂਦੇ ਹਾ। ਬੇਬੱਸੀ, ਹੌਕਿਆਂ ਤੇ ਆਹਾਂ ਦੀ ਥਾਂ ਜੇ ਮੱਥੇ ਦੀ ਘੂਰੀ ਵਿੱਚ ਵਟ ਜਾਵੇ ਤਾਂ ਬਾਬੇ ਨਾਨਕ ਦਾ ਸੁਪਨਾਂ ''ਕਿ ਸੱਭੇ ਸਾਂਝੀਵਾਲ ਸਦਾਇਨ ਕੋਈ ਨਾ ਦਿੱਸੇ ਬਾਹਰਾ ਜੀਓ॥" ਪੂਰਾ ਹੋ ਜਾਵੇ। ਪਰ ਧਰਤੀ ਦੇ ਦੋਨੋਂ ਪਾਸੀਂ ਲੋਕ ਇੱਕੋ ਜਿਹਾ ਨਹੀਂ ਸਨ ਸੋਚ ਰਹੇ।ਸਦਾਂਮ ਉਨ੍ਹਾਂ ਦਾ ਖਲਨਾਇਕ ਤੇ ਬੁਸ਼ ਗਰਾਈਂ ਸੀ।

ਮੇਰੀ ਦਿਲਚਸਪੀ ਵੇਖ ਮੇਰੇ ਮਿੱਤਰਾਂ ਨੇ ਟੈਕਸਾਸ ਜੰਮੇਂ ਪਲੇ ਗੋਰੇ ਤੇ ਏਸ਼ੀਅਨ ਅਮਰੀਕਨਾਂ ਦੀ ਇੱਕ ਛੋਟੀ ਜਿਹੀ ਪਾਰਟੀ ਰੱਖ ਲਈ। ਵਿਸ਼ਾ ਕੌਮਾਂਤਰੀ ਸਿਆਸਤ ਸੀ। ਮੈਂ ਕਹਿ ਰਿਹਾ ਸੀ ਕਿ ''ਇਰਾਕ ਹੋਵੇ ਜਾਂ ਕੋਈ ਹੋਰ ਦੇਸ਼ ਉੱਥੋਂ ਦੇ ਹੁਕਮਰਾਂਨ ਚੁਨਣ ਜਾਂ ਉਸਨੂੰ ਬਰਦਾਸ਼ਤ ਕਰਨ ਤੇ ਬਦਲਣ ਦਾ ਹੱਕ ਸਿਰਫ ਉੱਥੋਂ ਦੀ ਪਰਜਾ ਨੂੰ ਹੋਣਾ ਚਾਹੀਦਾ। ਦੁਜੇ ਵਿਸ਼ਵ ਯੁੱਧ ਪਿੱਛੋਂ ਪੁਰਬੀ ਯਰਪ ਵਿੱਚ ੳੱਥੋਂ ਦੀ ਪਰਜਾ 'ਤੇ ਕਮਿਉਨਿਸਟ ਡਿਕਟੇਟਰ ਥੋਪਣ ਦੀ ਗਲਤੀ ਸਟਾਲਣ ਨੇ ਵੀ ਕੀਤੀ ਸੀ। ਅਮਰੀਕਾ ਨੂੰ ਵਿਸ਼ਵ ਥਾਣੇਦਾਰ ਬਨਣ ਦਾ ਹੱਕ ਰੱਬ ਨੇ ਨਹੀਂ ਦਿੱਤਾ"। ਪਰ ਪ੍ਰਧਾਂਨ ਬੁੱਸ਼ ਦੇ ਗਰਾਈਂ ਮੇਰੀ ਤਰਾਂ ਨਹੀਂ ਸਨ ਸੋਚਦੇ। ਉਨ੍ਹਾਂ ਬੜੇ ਕਰਾਰੇ ਜਵਾਬ ਦਿੱਤੇ ਕਿ ਮੈਂ ਡਿਸਕਵਰੀ ਤੇ ਨੈਸ਼ਨਲ ਜਿਉਗਰਾਫੀ ਚੈੱਨਲਾਂ ਤੇ ਕੁਦਰਤ ਦੀ ਜੁਦੋਜਹਿਦ ਵੇਖਾਂ ਤਾਂ ਸਮਝ ਜਾਵਾਂਗਾ ਕਿ ਅਮਰੀਕਾ ਨੂੰ ਇਹ ਹੱਕ ਕੁਦਰਤ ਨੇ ਹੀ ਦਿੱਤੇ ਹਨ। ਕਿਵੇਂ ਦਾ ਜਵਾਬ ਇੱਕ ਬਾਟਨੀ ਦੇ ਵਿਦਿਆਰਥੀ ਨੇ ਦਿੱਤਾ ਕਿ ਕਰੋੜਾਂ ਵਰ੍ਹਿਆਂ ਤੋਂ ਕੁਦਰਤ ਦਾ ਕਾਨੂੰਨ ਹੈ ਕਿ ਜੰਗਲ ਵਿੱਚ ਤਕੜਾ ਮਾੜੇ ਨੂੰ ਖਾ ਕਿ ਜਿਉਂਦਾ ਹੈ। ਗਾਵਾਂ ਮੱਝਾਂ ਦੇ ਹੁੰਦਿਆਂ ਸ਼ੇਰ ਘਾਹ ਕਿੳਂ ਖਾਏਗਾ? ''ਤਾਂ ਕੀ ਅਮਰੀਕਾ ਯਾਣੀ ਇਸਦਾ ਪ੍ਰਧਾਂਨ ਸ਼ੇਰ ਹੈ",ਮੇਰੇ ਇਸ ਸਵਾਲ ਦੇ ਜਵਾਬ ਵਿੱਚ ਕਈ ਜਣੇ ਬੋਲੇ ''ਹੋਰ ਕੀ।ਅੁਜ ਦਾ ਤਾਰੀਖੀ ਸੱਚ ਤਾਂ ਇਹੀ ਹੈ। ਤੇ ਸ਼ੇਰ ਨੂੰ ਸ਼ੇਰ ਵਾਲੇ ਸਾਰੇ ਕੰਮ ਕਰਨੇ ਹੀ ਪੈਣਗੇ ਵਰਨਾਂ ਉਹਨੂੰ ਕਿਸੇ ਸ਼ੇਰ ਨਹੀਂ ਕਹਿਣਾ"। 'ਪਰ ਜੇ ਮਾੜੇ ਇਕੱਠੇ ਹੋ ਕਿ ਪੈ ਜਾਣ ਤਾਂ ਸ਼ੇਰ ਵੀ ਦੌੜ ਜਾਂਦਾ ਹੈ,ਇਹ ਵੀ ਤਾਂ ਕੁਦਰਤ ਦਾ ਨਿਯਮ ਹੈ,ਭੈਂਸਿਆਂ ਤੇ ਲੱਕੜ ਬੱਘਿਆਂ ਦੇ ਝੁੰਡ ਅੱਗੇ ਸ਼ੇਰ ਨੂੰ ਦੌੜਦਿਆਂ ਡਿਸਕਵਰੀ ਚੈਨਲ ਤੇ ਸੱਭ ਨੇ ਵੇਖਿਆ', ਮੇਰਾ ਮਨ ਕਹਿ ਰਿਹਾ ਸੀ, ''ਵਾਰਸ ਸ਼ਾਹ ਇਸ ਖ਼ਵਾਬ ਸਰਾਇ ਉੱਤੇ ,ਕਈ ਵਾਜੜੇ ਗਏ ਵਜਾਇ ਮੀਆਂ।"
ਬਹਿਸ ਲੰਮੀਂ ਹੁੰਦੀ ਵੇਖਕੇ ਮੇਰੇ ਮਿੱਤਰ ਨੇ ਗੱਲ ਨੂੰ ਸਮੇਟਦਿਆ ਕਿਹਾ, ''ਭਰਾ ਜੀ ਤੁਹਾਨੂੰ ਦੱਸਾ ਤੁਸੀਂ ਐਵੇਂ ਵੱਡੀ ਬਹਿਸ ਵਿੱਚ ਉਲਝ ਕਿ ਸੁਰਮਈ ਸ਼ਾਮ ਖਰਾਬ ਕਰ ਰਹੇ ਹੋ,ਸਿੱਧੀ ਜਿਹੀ ਗੱਲ ਹੇ ਕਿ ਜੇ ਪਿੰਡ ਦੇ ਚੌਧਰੀ ਦੇ ਘਰ ਅੱਗੋਂ ਕੋਈ ਨਵਾਂ ਜਵਾਨ ਉੱਠਿਆ ਗਰੀਬ ਮੁੰਡਾ ਫਤਿਹ ਬੁਲਾਉਣ ਦੀ ਥਾਂ ਮੁੱਛਾਂ ਨੂੰ ਵੱਟ ਦੇ ਕਿ ਲੰਘੇ ਤਾ ਕਿੰਨੇ ਕੁ ਦਿਨ ਬਚੇਗਾ। ਮਾਂ ਯਾਵੇ ਆਪਣੇ ਮੁਲਕ 'ਚ ਨਿੱਤ ਦਿਹਾੜੀ ਇਹੋ ਕੁੱਝ ਨਹੀਂ ਹੁੰਦਾ? ਆਪਾਂ ਨਾ ਤਾਂ ਦਾਂਨਵੀਰ ਕਰਨ ਹਾਂ ਨਾਂ ਹੀ ਸਾਰੀ ਦੁਨੀਆਂ 'ਚੋਂ ਜੁਲਮ ਮਿਟਾਉਣ ਆਇਆ ਕੋਈ ਪੈਗੰਬਰ ਹਾਂ। ਲਵੋ ਅਪਣਾ ਗਲਾਸ ਮੇਰੇ ਕੋਲ ਕਰੋ"। ਮੈਂ ਕਿਹਾ, ਗੱਲ 'ਚ ਤੁਹਾਡੀ ਵਜਨਂ ਹੈ ਕਿ ਦੁਨੀਆਂ ਦੀ ਬੁਨਿਆਦ ਤਕੜੇ ਮਾੜੇ ਦੀ ਜੰਗ ਤੇ ਹੈ। ਪਰ ਮੇਨੂੰ ਪਤਾ ਨਹੀਂ ਕਿੳਂ ਕਿਸੇ ਲੰਡੂ ਜਿਹੇ ਬਦਮਾਸ਼ ਦੀ ਲੋੜ ਮਹਿਸੂਸ ਹੋ ਰਹੀ ਹੈ , ਜਿਹੜਾ ਡਾਢੇ ਨੂੰ ਠੱਲਣ ਲਈ ਲਲਕਾਰਾ ਮਾਰਕੇ ਕਹੇ, ''ਮੁੰਡਿਆ ਹੋਈਂ ਤਕੜਾ ਮੈਂ ਆਇਆ"। ਭਾਵੇਂ ਰੂਸ,ਭਾਰਤ ਤੇ ਚੀਨ ਵਰਗੇ ਮੁਲਕ ਹੀ ਰਲ ਕਿ ਖਲੋ ਜਾਣ। ਹ੍ਹੁਣ ਤਾਂ ਡੇਢ ਸੌ ਮੁਲਕਾਂ ਦੀ ਇਸ ਧਰਤੀ ਤੇ ਗਲੀਆਂ ਹੋ ਜਾਣ ਸੁੰਨੀਆਂ ਵਿੱਚ ਮਿਰਜਾ ਯਾਰ ਫਿਰੇ ਵਾਲੀ ਗੱਲ ਹੋਈ ਪਈ ਆ।ਇੰਨ੍ਹਾਂ ਦੀਆਂ ਤਾਂ 6-6 ਫੁੱਟੀਆਂ ਲੰਮੀਆਂ,ਥਮਲਿਆਂ ਵਰਗੀਆਂ ਮੇਮਾ ਦੀ ਮੁਸਕਰਾਹਟ 'ਚੋਂ ਵੀ ਭੁਲੇਖਾ ਪੈਂਦਾ ਜਿਵੇਂ ਟਿੱਚਰ ਕਰ ਰਹੀਆ ਹੋਣ ,''ਕਿਵੇਂ ਆ ਬੱਚੂ?" ਇੱਕ ਲਲਕਾਰੇ ਨਾਲ ਹੀ ਵਿਸ਼ਵ ਦੀ ਸੱਤਾ ਦਾ ਤਵਾਜ਼ਨ ਬਦਲ ਜਾਣਾ ਹੈ।