ਏਅਰ ਪੋਰਟ ਤੇ ਪੱਗ ਕਾਰਨ ਅਮਰੀਕਨਾਂ ਮੈਨੂੰ ਅਰਬੀ ਸਮਝ ਲਿਆ
|
ਬੀ.ਐੱਸ.ਢਿੱਲੋਂ |
ਮੈਂ ਟੈਕਸਾਸ ਯੁਨੀਵਰਸਿਟੀ ਦੀ ਤੀਸਰੀ ਵਿਸ਼ਵ ਸ਼ਾਂਤੀ
ਕਾਨਫਰੰਸ ਵਿੱਚ ਸ਼ਾਂਮਲ ਹੋਣ ਪਿੱਛੋਂ ਲਾਸ ਵੇਗਸ ਲਈ ਯੁਨਾਈਟਿਡ ਏਅਰਲਾਇਨਜ ਦੀ ਫਲਾਈਟ ਬੁੱਕ ਕਰਵਾ
ਰੱਖੀ ਸੀ।ਇਸ ਕਾਂਨਫਰੰਸ ਵਿੱਚ 43 ਦੇਸ਼ਾਂ ਤੇ ਅਮਰੀਕਾ ਦੀਆਂ 34 ਸਟੇਟਾਂ ਵਿੱਚੋਂ ਇੱਕ ਹਜਾਰ
ਡੈਲੀਗੇਟ ਹਿੱਸਾ ਲੈ ਰਹੇ ਸਨ। ਮੈਂ 'ਜਿਹਾ ਦੇਸ ਤਿਹਾ ਭੇਸ' ਦੇ ਮੁਹਾਵਰੇ ਅਨੁਸਾਰ ਅਮਰੀਕਾ ਦੀ
ਟੈਕਸਾਸ ਸਟੇਟ ਜਿਸ ਨੂੰ 'ਕਾਉ ਬੁਆਏ ਸਟੇਟ' ਵੀ ਕਿਹਾ ਜਾਦਾ ,ਵਿੱਚ ਪੱਗ ਨਹੀਂ ਸੀ ਬੰਨ੍ਹਦਾ।ਸਿਰ
ਤੇ ਕੈਪ ਲੈ ਕੇ ਮੈਂ ਘੁੰਮਦਾ ਰਹਿੰਦਾ।ਅਮਰੀਕਾ ਉੱਤੇ ਅਲ ਕਾਇਦਾ ਦੇ ਹਮਲੇ ਪਿੱਛੋਂ ਅਮਰੀਕਾ ਵਿੱਚ
ਕਈ ਸਿੱਖਾਂ ਨੂੰ ਨਸਲੀ ਹਿੰਸਾ ਦਾ ਸ਼ਿਕਾਰ ਹੋਣਾਂ ਪਿਆ। ਇੱਕ ਦੋ ਮਾਰੇ ਵੀ ਗਏ ਸਨ। ਮੈਕਸੀਕੋ ਦੀ
ਸਰਹੱਦ ਨਾਲ ਲੱਗਦੇ ਅਮਰੀਕਾ ਦੇ ਐਰੀਜੋਨਾ,ਨਿਊ ਮੈਕਸੀਕੋ,ਟੈਕਸਾਸ ਆਦਿ ਸੂਬਿਆਂ ਸਮੇਤ,ਤਿੰਨ ਦਰਜਨ
ਦੱਖਣੀ ਸੂਬਿਆਂ ਵਿੱਚ ਸਿੱਖ ਵਸੋਂ ਬਹੁਤ ਘੱਟ ਹੈ ।ਪੱਗ ਵਾਲਾ ਤਾਂ ਕੋਈ ਨਜਰ ਹੀ ਨਹੀਂ ਆੳੰਦਾ।
ਸਿਰਫ ਐਤਵਾਰ ਨੂੰ ਗੁਰਦਵਾਰੇ ਜਾਣ ਵੇਲੇ ਦਸ ਕੁ ਫੀ ਸਦੀ ਲੋਕ ਪੱਗ ਬੰਨ੍ਹ ਲੈਂਦੇ ਹਨ । ਪਲੈਨੋ
ਰਹਿੰਦੇ ਮੇਰੇ ਦੋਸਤ ਦੇ ਭਰਾ ਨਾਲ ਮੈਂ ਗਾਰਲੈਂਡ ਦੇ ਗੁਰਦਵਾਰੇ ਗਿਆ ਸੀ।ਗੁਰਦਵਾਰੇ ਤੋਂ ਬਾਹਰ
ਨਿੱਕਲਦਿਆਂ ਹੀ ਉਸਨੇ ਪੱਗ ਲਾਹ ਕੇ ਕਾਰ ਦੀ ਪਿਛਲੀ ਸੀਟ ਤੇ ਰੱਖ ਲਈ।ਮੈਂ ਇਸ ਤਰਾਂ ਪੱਗ ਕੱਛ 'ਚ
ਦੇਣ ਤੋਂ ਹੱਸ ਪਿਆ ਤਾਂ ਉਸ ਕਿਹਾ, 'ਭਰਾ ਜੀ ਰੱਬ ਨੇੜੇ ਕਿ ਘਸੁੰਨ'। ਪੱਗਾਂ ਵਾਲੇ ਸਰਦਾਰਾਂ ਨੂੰ
ਉਥੇ ਅਰਬ ਦੇ ਮੁਸਲਮਾਂਨ ਹੀ ਸਮਝਦੇ ਹਨ। ਤੇ ਮੁਸਲਮਾਂਨਾਂ ਨੂੰ ਆਂਮ ਅਮਰੀਕਨ ਬਿਨ ਲਾਦਨ ਦੇ ਬੰਦੇ
ਸਮਝਦੇ ਹਨ।ਕਿੳਂਕਿ ਸਿਆਸਤ ਦੀ ਇਸ ਲੜਾਈ ਨੂੰ ਇਸਾਈਆਂ ਤੇ ਮੁਸਲਮਾਨਾਂ ਦੀ ਲੜਾਈ ਬਣਾ ਦਿੱਤਾ ਗਿਆ
ਹੈ।ਬਿਨ ਲਾਦਨ ਆਪਣੀਆਂ ਟੇਪਾਂ 'ਚ ਇਸਾਈਆਂ ਨੂੰ ਮੁਸਲਮਾਂਨ ਬਨਣ ਦੀ ਸਲਾਹ ਦੇ ਰਿਹਾ ਹੈ।
31 ਮਈ ਨੂੰ ਸਵੇਰੇ 5 ਵਜੇ ਮੈਂ ਡਲਸ ਐੱਫ ਡਵਲਿਊ ਦੇ ਕੌਮਾਂਤਰੀ ਹਵਾਈ ਅੱਡੇ ਪਹੁੰਚ ਗਿਆ। ਪਲੈਨੋਂ
ਤੋਂ ਮੇਰੇ ਦੋਸਤ ਦਾ ਲੜਕਾ ਮੈਨੂੰ ਆਪਣੀ ਕਾਰ ਤੇ ਛੱਡ ਗਿਆ ਸੀ। ਪਾਸਪੋਰਟ ਤੇ ਮੇਰੀ ਪੱਗ ਵਾਲੀ ਫੋਟੋ
ਹੋਣ ਕਾਰਨ ਉਸ ਦਿਨ ਮੈੰ ਪੱਗ ਬੰਨ੍ਹ ਲਈ ਸੀ। ਕਨੇਡਾ 'ਚ ਮੈਂ ਪੱਗ ਹੀ ਬੰਨ੍ਹਦਾ ਸੀ। ਇਮੀਗਰੇਸ਼ਨ
ਤੋਂ ਵਿਹਲਾ ਹੋ ਕਿ ਮੈਂ ਸਕਿਉਰਿਟੀ ਚੈੱਕ ਲਈ ਹਾਲ ਵੱਲ ਵਧਿਆ।
ਬੂਟ,ਬੈਲਟ,ਬਟੂਆ,ਕੋਟ,ਪੈੱਨ,ਸਿੱਕੇ,ਬੈਗ ਸਮੇਤ ਸਾਰਾ ਸਮਾਂਨ ਐਕਸਰੇ ਮਸ਼ੀਨ ਵਿੱਚੋਂ ਲੰਘ ਗਿਆ। ਮੈਂ
ਵੀ ਦੂਜੇ ਪਾਸੇ ਲੱਗੇ ਮੈਟਲ ਡਿਟੇਕਟਰ ਵਿੱਚੋਂ ਲੰਘ ਕੇ ਅਗਾਂਹ ਜਾਣ ਲੱਗਾ ਤਾਂ ਸਕਿਉਰਟੀ ਵਾਲੇ ਨੇ
ਮੈਨੂੰ ਅੱਗੇ ਹੋ ਕੇ ਰੋਕ ਲਿਆ।ਮੇਰੇ ਰੁਕਦਿਆਂ ਹੀ ਉਹਨੇ ਮੈਨੂੰ ਕੰਧ ਉੱਤੇ ਲੱਗੇ ਕੈਮਰੇ ਹੇਠ ਖਲੋਣ
ਲਈ ਕਿਹਾ।ਮੈੰ ਸੂਲੀ ਚੜ੍ਹੇ ਈਸਾ ਦੀ ਤਸਵੀਰ ਵਾਂਗ ਬਾਹਾਂ ਫੈਲਾਅ ਕੇ ਕੰਧ ਨਾਲ ਢੋਅ ਲਾ ਕੇ ਖੜੋ
ਗਿਆ।ਇਨ੍ਹਾਂ ਨੇ ਤਾਂ ਸਾਡੇ ਰੱਖਿਆ ਮੰਤਰੀ ਜਾਰਜ ਫਰਨਾਂਡੇਜ਼ ਦੇ ਬੂਟ ਲੁਹਾ ਲਏ ਸਨ ਮੈਂ ਕਿਹੜੇ ਬਾਗ
ਦੀ ਮੂਲੀ ਸਾਂ। ਬੜਾ ਅਜੀਬ ਲੱਗ ਰਿਹਾ ਸੀ।ਪਰ ਉਨ੍ਹਾਂ ਦੀ ਆਪਣੀ ਮਜਬੂਰੀ ਸੀ।ਜਿਹੜੇ ਪਾਣੀ ਦੀ ਬੋਤਲ
ਜਹਾਜ ਵਿੱਚ ਨਹੀਂ ਸਨ ਲਿਜਾਣ ਦਿੰਦੇ ਉਹ ਵਗੈਰ ਸਕਰੀਨਿੰਗ ਦੇ ਕਿਵੇਂ ਜਾਣ ਦੇ ਦਿੰਦੇ। ਡੇਢ ਸੌ
ਮੁਸਾਫਰਾਂ ਦੀ ਜਾਂਨ ਦਾ ਸਵਾਲ ਸੀ। ਮੈਂ ਜਹਾਜ ਦੇ ਗੇਟ ਵੱਲ ਚੱਲ ਪਿਆ, ਮਨਾਂ ਇਹ ਕਿਹੜਾ ਤੈਨੂੰ
ਜਹਾਜ ਚੜ੍ਹਣ ਲਈ ਘਰੋਂ ਬੁਲਾ ਕੇ ਲਿਆਏ ਸੀ।
ਟੈਕਸਾਸ ਦੇ ਸ਼ਹਿਰ ਡੈਲਸ ਦਾ ਹਵਾਈ ਅੱਡਾ ਖੇਤਰਫਲ ਦੇ ਹਿਸਾਬ ਨਾਲ ਦੁਨੀਆਂ ਦੇ ਵੱਡੇ ਹਵਾਈ ਅੱਡਿਆਂ
ਵਿੱਚੋਂ ਹੈ।ਇੱਥੇ ਹਵਾਈ ਪੱਟੀ ਤੇ ਜਹਾਜ ਰੁਕਦਾ ਰੁਕਦਾ ਹੀ ਪੰਦਰਾਂ ਮਿਨਟ ਲਾ ਦਿੰਦਾ ਹੈ। ਹਵਾਈ
ਅੱਡੇ ਤੇ ਹਜਾਰਾਂ ਲੋਕਾਂ ਦੀ ਭੀੜ ਵਿੱਚ ਮੈ ਇਕੱਲਾ ਹੀ ਪੱਗ ਵਾਲਾ ਸੀ।ਉਨ੍ਹਾਂ ਨੂੰ ਵੀ ਮੇਰੀ ਪੱਗ
ਬਿਨ ਲਾਦਨ ਵਰਗੀ ਹੀ ਲੱਗੀ ਹੋਵੇਗੀ।ਪਰ ਮੈਨੂੰ ਪਿੱਛੋਂ ਦੱਸਿਆ ਗਿਆ ਕਿ ਮੈਟਲ ਡਿਟੈਕਟਰ ਵਿੱਚ, ਪੱਗ
ਵਿੱਚ ਛੁਪੇ ਵਿਸ਼ੇਸ਼ ਧਮਾਕਾਖੇਜ ਤਰਲ ਪਦਾਰਥ ਦੀ ਸਹੀ ਸਕਰੀਂਨਿੰਗ ਨਹੀਂ ਸੀ ਹੁੰਦੀ। ਪੰਜਾਬ ਵਿੱਚ
ਹੋਏ ਕੁੱਝ ਕੇਸ ਮੇਰੇ ਧਿਆਂਨ ਵਿੱਚ ਹਨ ਜਿਨ੍ਹਾਂ ਵਿੱਚ ਪੱਗਾਂ ਵਿੱਚੋਂ ਅਫੀਮ ਬਰਾਂਮਦ ਹੋਈ ਸੀ ।
ਪਿਛਲੇ ਸਾਲੀਂ ਹੀ ਇੱਕ ਸ਼੍ਰੋਮਣੀ ਕਮੇੱਟੀ ਮੈਂਬਰ ਦੀ ਪੱਗ ਲੁਹਾ ਕਿ ਸੰਗਰੁਰ ਦੀ ਪੁਲਿਸ ਨੇ ਅਫੀਂਮ
ਬਰਾਂਮਦ ਕੀਤੀ ਸੀ। ਅਮਰੀਕਨ ਪੱਗ ਨੂੰ ਵਿਸ਼ੇਸ਼ ਕੈਮਰੇ ਨਾਲ ਵੇਖਦੇ ਸਨ। ਮੈਨੂੰ ਉਨ੍ਹਾਂ ਪੱਗ ਲਾਹੁਣ
ਲਈ ਨਹੀਂ ਕਿਹਾ। ਸਕਿਉਰਟੀ ਵਾਲੇ ਨੇ ਸਿਰ ਤੋਂ ਪੈਰਾਂ ਤੱਕ ਹੱਥ ਫੜ੍ਹੇ ਮੈਟਲ ਡਿਟੈਕਟਰ ਨਾਲ ਮੈਨੂੰ
ਟੋਹਿਆ।
ਛੋਤ ਜਿਹੀ ਲੁਹਾ ਕਿ ਮੈਂ ਜੁੱਤੇ ਪਾਉਣ ਲਈ ਅਗਾਂਹ ਹੋਇਆ। ਅਗਾਂਹ ਇੱਕ ਕਾਲਾ ਮੇਰੇ ਬੈਗ ਦੀ ਤਲਾਸ਼ੀ
ਲੈ ਰਿਹਾ ਸੀ। ਕੋਲ ਹੀ ਖਤਰਨਾਕ ਕਿਸਮ ਦੇ ਹਥਿਆਰਾਂ ਨਾਲ ਲੈਸ ਇੱਕ ਹਬਸ਼ੀ ਪੁਲਸ ਅਫਸਰ ਖੜ੍ਹਾ ਸੀ ।
ਉਹਨੇ ਸਾਬਣ ਘੋਲ ਦੀ ਸ਼ੀਸ਼ੀ,ਪੇਸਟ ਤੇ ਪ੍ਰਫਿਊਮ ਬੈਗ 'ਚੋਂ ਕੱਢਕੇ ਰੱਖ ਲਏ ।ਮੈੰ ਬੈਲਟ ਕਸਦਾ ਕਸਦਾ
ਮੋਢੇ ਬੇਗ ਪਾ ਕੇ ਅਗਾਂਹ ਚੱਲ ਪਿਆ।ਇੱਥੇ ਪੱਗ ਦਾ ਮਸਲਾ ਫਰਾਂਸ ਤੋਂ ਵੱਖਰਾ ਸੀ। ਫਰਾਂਸ ਵਿੱਚ
ਸਕੂਲੀ ਬੱਚਿਆਂ ਤੇ ਪੱਗ ਬੰਨ੍ਹਣ ਦੀ ਮਨਾਹੀ ਹੈ ਪਰ ਮੈਨੂੰ ਅਮਰੀਕਨਾਂ ਪੱਗ ਬੰਨ੍ਹਣੋ ਨਹੀਂ ਰੋਕਿਆ
ਤੇ ਨਾਂ ਹੀ ਮੇਰੀ ਪੱਗ ਲੁਹਾਈ ਸੀ।ਪੰਜਾਬ ਵਿੱਚ ਲੋਕ ਅਮਰੀਕਨ ਹਵਾਈ ਅੱਡਿਆਂ ਤੇ ਪੱਗ ਲਾਹੁਣੀ ਹੀ
ਸਮਝ ਰਹੇ ਹਨ।
ਜੇ ਮੈਂ ਉਨਾਂ ਨਾਲ ਬਹਿਸ ਕਰਦਾ ਤਾਂ ਉਹ ਮੈਨੂੰ ਜਹਾਜ ਚੜ੍ਹਾਉਣ ਦੀ ਥਾਂ ਜੇਲ਼੍ਹ ਭੇਜ ਦਿੰਦੇ। ਜਾਂ
ਫਿਰ ਪਿੱਛੋਂ ਅਖਬਾਰਾਂ ਵਿੱਚ ਪੱਗ ਦੀ ਤੌਹੀਂਨ ਦਾ ਬਿਆਂਨ ਦੇ ਕੇ ਜਿੰਦਾ ਸ਼ਹੀਦ ਬਨਣ ਦੀ ਕੋਸ਼ਿਸ਼ ਕਰਦਾ।ਸਿਰ
ਤੋਂ ਪੱਗ ਲੁਹਾਈ ਦੀ ਗੱਲ ਬਣਾ ਦਿੰਦਾ। ਪਰ ਮੈਨੂੰ ਪਤਾ ਸੀ ਕਿ ਇਸ ਕੰਮ ਲਈ ਬੜੇ ਲੋਕ ਮੈਦਾਂਨ 'ਚ
ਕੁੱਦਣਗੇ। ਪੜਤਾਲ ਕਰਨ ਲਈ ਵਫਦ ਬਣਾ ਕੇ ਸੈਰਾਂ ਹੋਣਗੀਆਂ,ਪੱਗੜੀ ਸੰਘਰਸ਼ ਜਾਰੀ ਰੱਖਣ ਲਈ ਫੰਡ ਇਕੱਠੇ
ਹੋਣਗੇ, 'ਪਗੜੀ ਸੰਭਾਲ ਸਿੱਖਾ' ਵਰਗੇ ਲੇਖ ਛਪਣਗੇ।ਪੱਗ ਮਸਲਾ ਜਿੱਤਣ ਦੀਆਂ ਖਬਰਾਂ ਛਪਣਗੀਆਂ। ਕੋਈ
'ਗਰਮ ਜਥੇਦਾਰ' ਅਮਰੀਕਾ ਨੂੰ ਸਿੰਘਾਂ ਨਾਲ ਪੰਗੇ ਲੈਣ ਤੋਂ ਬਾਜ ਆਉਣ ਦੀ ਧਮਕੀ ਦੇਵੇਗਾ, ਦੂਰ
ਪੰਜਾਬ ਵਿੱਚ ਕੋਈ ਮੁਜਾਹਰਾ ਵੀ ਕਰੇਗਾ (ਕਿੳਂਕਿ ਹਰ ਪਿੰਡ ਵਿੱਚ ਕਿਰਤ ਕਰਨ ਦੀ ਥਾਂ ਸਿਆਸਤਦਾਨਾਂ
ਦੀ ਮਿਹਰਬਾਨੀਂ ਸਦਕਾ ਸੌ ਡੇਢ ਸੌ ਬੰਦਾ ਵਿਹਲਾ,ਇਸੇ ਕੰਮ ਤੇ ਹੈ,ਭਾਵੇਂ ਕਿਧਰੇ ਤੋਰ ਲਉ),ਤੇ ਇੱਕ
ਅੱਧਾ ਅਮਰੀਕਾ 'ਚ ਪਗੜੀ ਸਟੋਰ ਵੀ ਖੋਹਲੇਗਾ। ਅਖੀਰ ਤੇ ਕੋਈ ਪਗੜੀ ਯਾੱਤਰਾ ਕੱਢਣ ਦੀ ਕੋਸ਼ਿਸ਼ ਵੀ
ਕਰੇਗਾ। ਪਰ ਸਿੱਖੀ ਬਾਰੇ ਸਹੀ ਪ੍ਰਚਾਰ ਕਿਸੇ ਨਹੀਂ ਕਰਨਾਂ।
ੳਂਜ ਵੀ ਸਾਰੀ ਦੁਨੀਆਂ ਦੇ ਹਰ ਦੇਸ਼ ਤੇ ਹਰ ਸੂਬੇ ਵਿੱਚ ਹਰੇਕ ਕੌਂਮ ਨੂੰ ਜਾਨਣਾ ਸੰਭਵ ਵੀ ਨਹੀਂ
ਹੈ।ਸਿਰਫ ਉਨੇ ਕੁ ਲੋਕ ਹੀ ਜਾਣ ਸਕਦੇ ਹਨ ਜਿਨ੍ਹਾਂ ਨਾਲ ਕਿਸੇ ਤਰਾਂ ਵਾਹ ਪੈਂਦਾ ਹੈ। ਜਿਵੇਂ ਬਿੱਲ
ਕਲਿੰਟਨ ਤੇ ਉਸਦੀ ਹਿਲੇਰੀ ਕਲਿੰਨਟਨ ਅਮਰੀਕਨ ਧਨਾਡ ਛਤਵਾਲ ਦੇ ਮੁੰਡੇ ਦੇ ਵਿਆਹ ਤੇ ਦਿੱਲੀ ਆ ਕੇ
ਗਏ ਹਨ ਤੇ ਉਹ ਜਾਣਦੇ ਹਨ ਕਿ ਛਤਵਾਲ ਸਿੱਖ ਹੈ ਜੋ ਪੱਗ ਬੰਨ੍ਹਦਾ ਹੈ। ਇੰਜ ਹੀ ਰਾਸ਼ਟਰਪਤੀ ਬੁੱਸ਼
ਸਾਡੇ ਪ੍ਰਧਾਂਨ ਮੰਤਰੀ ਡਾ. ਮਨਮੋਹਨ ਸਿੰਘ ਨਾਲ ਡਿੱਨਰ ਕਰਦੇ ਜਾਣਦੇ ਹਨ ਕਿ ਮਨਮੋਹਨ ਸਿੰਘ ਸਿੱਖ
ਹੈ। ਪਰ ਕਲਿੰਟਨ ਤੇ ਬੁੱਸ਼ ਦੇ ਪਿੰਡਾਂ ਦੇ ਵਾਸੀ ਨਹੀਂ ਜਾਣਦੇ ਕਿ ਸਿੱਖ ਕੌਣ ਹਨ, ਪੱਗ ਕਿਉਂ
ਬੰਨ੍ਹਦੇ ਹਨ ਤੇ ਪੰਜਾਬ ਕਿੱਥੇ ਹੈ।ਜਿਸ ਤਰਾਂ ਪੰਜਾਬ ਦੇ ਅੱਤਵਾਦ ਵੇਲੇ ਬਾਕੀ ਭਾਰਤ ਵਿੱਚ ਹਰ
ਸਿੱਖ ਨੂੰ ਹੀ ਅੱਤਵਾਦੀ ਸਮਝਿਆ ਜਾਂਦਾ ਸੀ। ਜਿਵੇਂ ਅਸੀਂ ਹਰ ਪ੍ਰਵਾਸ ਨੂੰ ਯੂ.ਪੀ. ਦਾ ਭਈਆ ਕਹਿੰਦੇ
ਹਾਂ ਜਿਨ੍ਹਾਂ ਵਿੱਚ ਮਦਰਾਸੀ,ਉੜੀਸਾ ਤੇ ਮੱਧ ਪ੍ਰਦੇਸ਼ ਆਦਿ ਦਸ ਸੂਬਿਆਂ ਦੇ ਲੋਕ ਵੀ ਹੁੰਦੇ ਹਨ।
ਜਿਵੇਂ ਪੰਜਾਬ ਦੇ ਪਿੰਡਾਂ 'ਚ ਲੋਕ ਸਾਰੇ ਯੌਰਪ ਦੇ ਪੰਦਰਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਅੰਗਰੇਜ ਕਹਿ
ਦਿਦੇ ਹਨ। ਉਸੇ ਤਰਾਂ ਬਹੁਗਿਣਤੀ ਅਮਰੀਕਨਾ ਨੂੰ ਸਾਰੇ ਪੱਗਾਂ ਵਾਲੇ ਇੱਕੋ ਜਿਹੇ ਹੀ ਲੱਗਦੇ ਹਨ।ਮੈਨੂੰ
ਅਮਰੀਕਨਾਂ ਨੇ ਸੱਚੀਂ ਹੀ ਬਿਨ ਲਾਦਨ ਦੇ ਦੇਸ਼ ਦਾ ਵਾਸੀ ਅਰਬੀ ਸਮਝ ਲਿਆ।
ਸਾਰੇ ਅਮਰੀਕਨ ਜਾ ਸਾਰੀ ਦੁਨੀਆਂ ਤਾਂ ਕਦੀ ਵੀ ਨਹੀਂ ਸੱਭ ਨੂੰ ਜਾਣ ਸਕਣਗੇ। ਅਠਾਰਵੀਂ ਸਦੀ ਦੇ
ਲਿਬਾਸ 'ਚ ਸਿਰਾਂ ਤੋਂ ਹਵਾ ਵਿੱਚ ਤਲਵਾਰਾਂ ਘਮਾਕੇ ਨੰਗੇ ਪੈਰੀਂ ਸਿਖਰ ਦੁਪਹਿਰੇ ਸੜਕਾਂ ਤੇ
ਪੁੱਠੀਆਂ ਛਾਲਾਂ ਮਾਰਨ ਨਾਲ ਪੱਗ ਦੀ ਪਹਿਚਾਣ ਨਹੀਂ ਬਨਣੀ।ਨਾ ਹੀ ਕੋਈ ਗੁਰਦਵਾਰਾ ਪਗੜੀਸਰ ਬਣਾਕੇ
ਵਿਸ਼ਵ 'ਚ ਸਿੱਖੀ ਫੈਲਣੀ ਹੈ।
ਹੁਣ ਜਦੋਂ ਮੈਂ ਅਮਰੀਕਾ ਵਿੱਚ ਸਿੱਖਾਂ ਦੀਆਂ ਪੱਗਾਂ ਲੁਹਾਕੇ ਤਲਾਸ਼ੀ ਲੈਣ ਦੀਆਂ ਖਬਰਾਂ ਪੜ੍ਹਦਾ
ਹਾਂ ਤਾਂ ਮੇਰਾ ਵਿਚਾਰ ਹੈ ਕਿ ਇਸ ਤੱਥ ਦੀ ਤਸਦੀਕ ਹੋਣੀ ਚਾਹੀਦੀ ਹੈ।ਮੇਰੇ ਨਾਲ ਹੋਈ ਮਈ ਮਹੀਨੇ ਦੀ
ਘਟਣਾਂ ਤੋਂ ਪਿੱਛੋਂ ਪੰਜਾਬ ਦੇ ਕਈ, ਵਜੀਰ, ਸੰਸਦ ਮੈਂਬਰ, ਐੱਮ.ਐੱਲ.ਏ.ਤੇ ਉੱਚ ਅਧਿਕਾਰੀ, ਜਥੇਦਾਰ
ਤੇ ਪੰਜ ਛੇ ਬਾਬੇ ਅਮਰੀਕਾ ਜਾ ਕੇ ਆਏ ਹਨ । 6 ਅਗਸਤ ਨੂੰ ਮੈਨੂੰ ਅਮਰੀਕਾ ਵਿੱਚ ਖਡੂਰ ਸਾਹਿਬ ਦੇ
ਕਾਰ ਸੇਵਾ ਵਾਲੇ/ਪ੍ਰਬੰਧਕ ਬਾਬਾ ਸੇਵਾ ਸਿੰਘ ਜੀ ਮਿਲੇ।ਉਨ੍ਹਾਂ ਮੈਨੂੰ ਅੱਠ ਗੁਰੁ ਸਹਿਬਾਂਨ ਦੀ
ਚਰਨ ਛੋਹ ਪ੍ਰਾਪਤ ਗੁਰਦਵਾਰਾ ਖਡੂਰ ਸਾਹਿਬ ਬਾਰੇ ਆਪਣੀ, ''ਬੈਠਿ ਖਡੂਰੇ ਜੋਤਿ ਜਗਾਈ" ਵਾਲੀ ਸੀ.ਡੀ.
ਦਿੱਤੀ ਤੇ ਬਰਫੀ ਦਾ ਪ੍ਰਸ਼ਾਦ ਵਰਤਾੳਂਦਿਆਂ, ਮੈਨੂੰ ਸੀ.ਡੀ. ਵਿੱਚ ਛੇ ਸਦੀਆਂ ਪੁਰਾਣਾ ਬੋਹੜ ਤੇ
ਉਨ੍ਹਾਂ ਵੱਲੋਂ ਲਗਾਏ ਜਾ ਰਹੇ ਦਰੱਖਤ ਦਿਖਾਉਂਦਿਆਂ, ਗੁਰਦਵਾਰਾ ਸਾਹਿਬ ਦੇ ਦਰਸ਼ਨ ਕਰਨ ਦੀ ਸਲਾਹ
ਦਿੱਤੀ ਸੀ।ਇੰਜ ਹੀ ਪੰਜਾਬ ਤੋਂ ਇੱਕ ਚੀਫ ਪਾਰਲੀਮੈਂਟਰੀ ਸੈਕਟਰੀ ਵੀ ਮੈਨੂੰ ਕਨੇਡਾ ਮਿਲੇ ਸਨ। ਪਰ
ਕਿਸੇ ਦੀ ਵੀ ਪੱਗ ਲੁਹਾਕੇ ਤਲਾਸ਼ੀ ਲੈਣ ਦਾ ਮਾਂਮਲਾ ਮੇਰੇ ਸਾਹਮਣੇ ਨਹੀਂ ਆਇਆ।
ਪਾਠਕਾਂ ਨੂੰ ਯਾਦ ਹੋਵੇਗਾ ਪੰਜਾਬ ਦੇ ਅੱਤਵਾਦ ਦੇ ਦਿਨੀਂ ਸ੍ਰੀ ਗੁਰੁ ਗਰੰਥ ਸਾਹਿਬ ਦੀਆਂ ਬੀੜਾਂ
ਨੂੰ ਅੱਗਾਂ ਲੱਗਣ ਦੀਆਂ ਅਨੇਕਾਂ ਘਟਨਾਵਾਂ ਵਿੱਚੋਂ ਬਹੁਤ ਸਾਰੀਆਂ ਐਸੀਆਂ ਸਨ ਜਿੱਥੇ ਪੜਤਾਲ ਕਰਨ
ਤੇ ਪਤਾ ਲੱਗਾ ਸੀ ਕਿ ਸਬੰਧਤ ਗਰੰਥੀ ਨੇ ਧੂਫ ਤੇ ਜੋਤ ਦੇ ਨਾਲ ਪੱਖਾ ਲਾ ਦਿੱਤਾ ਸੀ ਤੇ ਹਵਾ ਨਾਲ
ਅੱਗ ਬੀੜ ਨੂੰ ਪੈ ਗਈ ਪਰ ਡਰਦੇ ਗਰੰਥੀ ਨੇ ਮਾਂਮਲਾ ਬੇਰੁਹਮਤੀ ਦਾ ਬਣਾ ਧਰਿਆ ਸੀ। ਇੰਜ ਹੀ ਪਿਛਲੇ
ਸਮੇਂ 'ਚ ਕੇਸ ਕਤਲ ਕਰਨ ਦੀਆਂ ਦੋ ਘਟਨਾਵਾਂ ਵਿੱਚ ਕੁੱਝ ਗੈਰ ਜਿੰਮੇਵਾਰ ਜਥੇਦਾਰ ਜਦੋਂ 'ਸ਼ਰਾਰਤੀ
ਅਨਸਰਾਂ' ਨੂੰ ਸਬਕ ਸਿਖਾਉਣ ਦੀਆਂ ਮਿਜਾਇਲਾਂ ਦਾਗ ਰਹੇ ਸਨ ਤਾਂ ਪੁਲਿਸ ਨੇ ਤੁਰੰਤ ਕਾਰਵਾਈ ਕਰਕੇ
ਪਤਾ ਕਰ ਲਿਆ ਸੀ ਕਿ ਸਬੰਧਤ ਮੁੰਡਿਆਂ ਨੇ ਖੁਦ ਕੇਸ ਕੱਟਕੇ ਮਾਪਿਆ ਤੋਂ ਡਰਦਿਆਂ ਇਹ ਡਰਾਂਮਾਂ ਕੀਤਾ
ਸੀ।
ਅਮਰੀਕਾ ਨੂੰ ਸਿੰਘਾਂ ਨਾਲ ਪੰਗੇ ਲੈਣ ਤੋਂ ਬਾਜ ਆਉਣ ਦੀ ਧਮਕੀ ਦੇਣ ਤੋਂ ਪਹਿਲਾਂ ਤੇ ਪੰਜਾਬ ਵਿੱਚ
ਕੋਈ ਮੁਜਾਹਰਾ ਕਰਨ ਤੋਂ ਪਹਿਲਾਂ ਪੱਗ ਲੁਹਾਉਣ ਤੇ ਚੈੱਕ ਕਰਨ ਵਿਚਲੇ ਫਰਕ ਨੂੰ ਸਮਝਣਾ ਬੜਾ ਜਰੂਰੀ
ਹੈ। ਜੋ ਕੋਈ ਸਿੱਖ ਤਫਸੀਲ ਦੱਸਕੇ ਪੱਗ ਲਾਹੁਣ ਦੀ ਘਟਣਾਂ ਬਿਆਂਨ ਕਰਦਾ ਹੈ ਤਾਂ ਫਿਰ ਸੱਚ ਹੈ।