ਅਸਟ੍ਰੇਲੀਆ 'ਚ ਕੌਮੀ ਚੋਣਾਂ ਐਤਕਾਂ ਇੱਕ ਨਵਾਂ ਇਤਿਹਾਸ ਸਿਰਜਣਗੀਆਂ

''24 ਨਵੰਬਰ ਨੂੰ ਜੋਹਨ ਹਾਵਰਡ ਅਤੇ ਕੇਵਿਨ ਰੱਡ ਦੀ ਕਿਸਮਤ ਦਾ ਫੈਸਲਾ ਹੋਏਗਾ''


ਸਿਡਨੀ ਤੋਂ ਅਮਰਜੀਤ ਖੇਲਾ


ਅਸਟ੍ਰੇਲੀਆ ਵਿਚ ਅਗਲੀਆਂ ਕੇਂਦਰੀ(ਫੈਡਰਲ) ਚੋਣਾ ਦਾ ਵਿਗਲ ਵੱਜ ਚੁੱਕਾ ਹੈ।, ਲਗਭੱਗ ਸਾਰੀਆਂ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।ਪੰਜਾਬੀਆਂ ਦੇ ਹੱਥ ਲੇਬਰ ਜਾਂ ਲਿਬਰਲ ਪਾਰਟੀ ਦੀ ਕੋਈ ਟਿਕਟ ਨਹੀ ਆਈ।ਪਿਛਲੇ ਕਰੀਬ 11 ਸਾਲਾਂ ਤੋਂ ਅਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਜੌਹਨ ਹਾਵਰਡ ਦੀ ਲਿਬਰਲ ਪਾਰਟੀ ਚੋਣਾ ਵਿਚ ਲਗਾਤਾਰ ਜਿੱਤ ਕੇ ਕੇਂਦਰੀ ਸਰਕਾਰ ਬਣਾਉਂਦੀ ਆ ਰਹੀ ਹੈ।ਸਰਕਾਰ ਦੀ ਮੁੱਖ ਨੀਤੀ ਸਰਮਾਏਵਾਦੀ ਤੇ ਪਦਾਰਥਵਾਦੀ ਰਹੀ ਹੈ।ਅਸਟ੍ਰੇਲੀਆ ਦੇ ਇਤਿਹਾਸ 'ਤੇ ਝਾਤ ਮਾਰੀਏ ਤਾਂ ਮੂਲਵਾਸੀ ਕਾਲ਼ੇ ਲੋਕਾਂ ਦੇ ਇਸ ਦੇਸ਼ 'ਤੇ 1788 ਨੂੰ ਕੈਪਟਨ ਕੁਕ ਨੇ ਪੈਰ ਧਰ ਕੇ ਇੱਥੇ ਇੰਗਲੈਂਡ ਦਾ ਝੰਡਾ ਗੱਡਿਆ ਤੇ ਇੰਗਲੈਂਡ ਸਰਕਾਰ ਨੇ ਕਾਲ਼ੇ ਪਾਣੀ ਦੀ ਸਜਾ ਦੇਣ ਲਈ ਆਪਣੇ ਅਪਰਾਧੀਆਂ ਨੂੰ ਇੱਥੇ ਭੇਜਣਾ ਸ਼ੁਰੂ ਕੀਤਾ।ਇਸ ਦੇਸ਼ ਨੂੰ ਅਜਾਦੀ 1901 ਵਿਚ ਮਿਲ਼ੀ ਤੇ ਪਹਿਲੀ ਅਸਟ੍ਰੇਲੀਅਨ ਸਰਕਾਰ ਬਣੀ।''ਚਿੱਟੀ ਪਾਲਿਸੀ'' ਤਹਿਤ ਇਸ ਦੇਸ਼ ਵਿਚ 1901 ਤੋਂ ਲੈ ਕੇ 1973 ਤੱਕ ਗੈਰ ਚਿੱਟੀ ਚਮੜੀ ਵਾਲ਼ੇ ਲੋਕਾਂ ਦੀ ਆਮਦ ਤੇ ਮਨਾਹੀ ਸੀ।ਪਰੰਤੂ 1973 ਵਿਚ ਲੇਬਰ ਪਾਰਟੀ ਦੀ ਸਰਕਾਰ ਬਣਨ 'ਤੇ ਲੇਬਰ ਨੇ ਇਹ ਪਾਲਿਸੀ ਖਤਮ ਕਰ ਕੇ ਭਾਰਤ ਸਣੇ ਹੋਰ ਏਸ਼ੀਆਈ, ਅਫਰੀਕਨ ਤੇ ਅਰਬੀ ਲੋਕਾਂ ਦੀ ਆਮਦ ਦੇ ਰਾਹ ਖੋਲ ਦਿੱਤੇ, ਸਰਕਾਰ ਦਾ ਤਰਕ ਇਹ ਸੀ ਕਿ ਦੇਸ਼ ਦਾ ਖੇਤਫਲ਼ ਬਹੁਤ ਜਿਆਦਾ ਹੈ 'ਤੇ ਕੁਦਰਤੀ ਸਾਧਨਾ ਦੀ ਵੀ ਬਹੁਤ ਭਰਮਾਰ ਹੈ ਪਰੰਤੂ ਸਾਡੇ ਕੋਲ਼ ਲੋਕੀਂ ਬਹੁਤ ਹੀ ਘੱਟ ਹਨ।ਫਲਸਰੂਪ ਅਸਟ੍ਰੇਲੀਆ ਨੂੰ ਬਹੁ-ਸੱਭਿਅਤਾਵਾਂ ਵਾਲਾ (ਮਲਟੀਕਲਚਰਿਜਮ) ਦੇਸ਼ ਬਣਾਉਣ ਦਾ ਫੈਸਲਾ ਕੀਤਾ ਗਿਆ ਤੇ ਵੱਡੇ ਪੱਧਰ 'ਤੇ ਵੱਖ ਵੱਖ ਦੇਸ਼ਾਂ ਦੇ ਲੋਕਾਂ ਨੇ ਇੱਥੇ ਪ੍ਰਵਾਸ ਕੀਤਾ। 1985 ਦੇ ਕਰੀਬ ਪੰਜਾਬੀ ਸਕਿਲਡ ਪੜ੍ਹੇ ਲਿਖੇ ਲੋਕਾਂ ਤੇ ਵਿਦਿਆਰਥੀਆਂ ਦੇ ਪ੍ਰਵਾਸ ਦਾ ਹੜ੍ਹ ਸ਼ੁਰੂ ਹੋਇਆ।ਲੇਬਰ ਵਲੋਂ ਇਹ ਪ੍ਰਵਾਸ ਸ਼ੁਰੂ ਕਰਵਾਉਣ ਅਤੇ ਜੇਲਾਂ ਵਿਚ ਬੰਦ ਜਾਂ ਗੈਰ ਕਾਨੂੰਨੀ ਤੌਰ 'ਤੇ ਰਹਿਣ ਵਾਲ਼ੇ ਜਿਆਦਾਤਰ ਕੱਚੇ ਪ੍ਰਵਾਸੀਆਂ ਨੂੰ ਵੀ ਪੱਕੇ ਕਰਨ ਕਰਕੇ ਵੱਖ-ਵੱਖ ਦੇਸ਼ਾਂ ਤੋਂ ਆਏ ਲੋਕਾਂ ਦੀਆਂ ਜਿਆਦਾਤਰ ਵੋਟਾਂ ਲੇਬਰ ਨੂੰ ਪੈਣੀਆਂ ਸ਼ੁਰੂ ਹੋ ਗਈਆਂ।

1901 ਤੋਂ ਲੈ ਕੇ ਹੁਣ ਤੱਕ ਦੇ 106 ਸਾਲਾਂ ਵਿਚੋਂ ਲੇਬਰ ਨੇ 33 ਸਾਲ, ਲਿਬਰਲ ਨੇ 42 ਸਾਲ,ਪਰੋਟੈਕਸ਼ਿਨਸਟ ਨੇ 6ਸਾਲ, ਕੰਟਰੀ ਨੇ 2 ਸਾਲ ਅਤੇ ਨੈਸ਼ਨਲਜ ਨੇ 13 ਸਾਲ ਰਾਜ ਕੀਤਾ। ਕੀਤੇ ਗਏ ਸਰਵੇ ਮੁਤਾਬਕ 1975 ਤੋਂ ਬਾਅਦ ਲਿਬਰਲ ਨੇ ਜਿਆਦਾਤਰ ਚਿੱਟੇ ਅਸਟ੍ਰੇਲੀਅਨਾਂ ਦੀਆਂ ਵੋਟਾਂ ਲੈਣ ਲਈ ਕਈ ਰਾਜਨੀਤਿਕ ਚਾਲਾਂ ਚੱਲੀਆਂ ਪਰੰਤੂ ਦੂਜੇ ਪਾਸੇ ਲੇਬਰ ਮਾਈਗਰੈਂਟਾਂ ਦੀ ਹਰਮਨ ਪਿਆਰੀ ਪਾਰਟੀ ਬਣਦੀ ਗਈ।ਮਾਈਗਰੈਂਟਾਂ ਦੀ ਗਿਣਤੀ ਚਿੱਟੇ ਅਸਟ੍ਰੇਲੀਅਨਾਂ ਨਾਲ਼ੋਂ ਕਿਤੇ ਘੱਟ ਹੋਣ ਕਰਕੇ ਕਈ ਲੋਕਾਂ ਵਿਚ ਇਹ ਵੀ ਧਾਰਨਾ ਪਾਈ ਗਈ ਕਿ ਸ਼ਾਇਦ ਅਸਟ੍ਰੇਲੀਆ ਤੇ ਅਮਰੀਕਾ ਦੀ ਗੂੜ੍ਹੀ ਦੋਸਤੀ ਹੋਣ ਕਰਕੇ ਅਜੋਕੇ ਬਦਲਦੇ ਸੰਸਾਰਿਕ ਹਾਲਾਤਾਂ ਕਰਕੇ ਲੇਬਰ ਪਾਰਟੀ ਕਦੀ ਸੱਤਾ ਵਿਚ ਨਾ ਆਵੇ ਪਰੰਤੂ ਜੌਹਨ ਹਾਵਰਡ ਵਲੋਂ ਲਾਗੂ ਕੀਤੇ ਨਵੇਂ ਇੰਡਸਟਰੀਅਲ ਰਿਲੇਸ਼ਨ ਕਾਨੂੰਨਾਂ ਤਹਿਤ ਕਾਮਿਆਂ ਤੇ ਮਜਦੂਰਾਂ ਦੇ ਹੱਕ ਘਟਾ ਕੇ ਮਾਲਕਾਂ ਤੇ ਸਰਮਾਏਦਾਰਾਂ ਦੇ ਹੱਕ ਵਧਾਉਣ ਕਾਰਨ ਇਸ ਵਾਰ ਦੀਆਂ ਚੋਣਾਂ ਵਿਚ ਲੇਬਰ ਪਾਰਟੀ ਨੂੰ ਇਕ ਵਾਰ ਫਿਰ ਇਤਿਹਾਸਿਕ ਜਿੱਤ ਪ੍ਰਾਪਤ ਹੋਵੇਗੀ।ਦੇਸ਼ ਵਿਚ ਹੋਏ ਇੱਕ ਮੌਜੂਦਾ ਸਰਵੇ ਮੁਤਾਬਕ ਲੇਬਰ ਨੂੰ 62 ਫੀਸਦੀ ਅਤੇ ਲਿਬਰਲ ਨੂੰ 32 ਫੀਸਦੀ ਸੀਟਾਂ ਮਿਲਣਗੀਆਂ ਜਦੋਂ ਕਿ ਬਾਕੀ ਸੀਟਾ ਨੈਸ਼ਨਲ ਤੇ ਹੋਰ ਪਾਰਟੀਆਂ ਨੂੰ ਜਾਣਗੀਆਂ।

ਇਹ ਵੀ ਕਿਆਸ ਅਰਾਈਆਂ ਲਾਈਆਂ ਜਾ ਰਹੀਆਂ ਹਨ ਕਿ ਸ਼ਾਇਦ ਵੋਟਾਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਪ੍ਰਧਾਨ ਮੰਤਰੀ ਜੌਹਨ ਹਾਵਰਡ ਨੂੰ ਪਾਰਟੀ ਦੀ ਲੀਡਰਸ਼ਿਪ ਤੋਂ ਅਸਤੀਫਾ ਦੇਣ ਲਈ ਪਾਰਟੀ ਵਲੋਂ ਮਜਬੂਰ ਕੀਤਾ ਜਾਵੇ ਕਿਓਂਕਿ ਕੀਤੇ ਗਏ ਸਰਵਿਆਂ ਮੁਤਾਬਕ ਸ਼੍ਰੀ ਹਾਵਰਡ ਇਰਾਕ ਵਿਚ ਅਸਟ੍ਰੇਲੂਅਨ ਫੌਜਾਂ ਭੇਜਣ ਅਤੇ ਕਾਮਿਆਂ ਦੇ ਹੱਕਾਂ 'ਤੇ ਡਾਕੇ ਮਾਰਨ ਕਰਕੇ ਲੋਕਾਂ ਦੇ ਮਨਭਾਉਂਦੇ ਪ੍ਰਧਾਨ ਮੰਤਰੀ ਨਹੀ ਰਹੇ ਤੇ ਫਲਸਰੂਪ ਉਹ ਆਪਣੇ ਹਲਕੇ ''ਬੈਨਾਲੋਂਗ'' ਵਿਚ ਵੀ ਲੇਬਰ ਪਾਰਟੀ ਦੇ ਉਮੀਦਵਾਰ ਤੋਂ ਹਾਰ ਜਾਣਗੇ।ਦੂਜੇ ਪਾਸੇ ਪੰਜਾਬੀ ਕਿਸਾਨਾ ਦੀ ਘਣੀ ਵਸੋਂ ਗ੍ਰਿਫਿਥ ਤੋਂ ਚੋਣ ਲੜਨ ਵਾਲ਼ੇ ਲੇਬਰ ਦੇ ਮੁਖੀ ਕੇਵਿਨ ਰੱਡ ਦੀ ਯਕੀਨੀ ਜਿੱਤ ਪ੍ਰਤੀ ਅਤੇ ਪ੍ਰਧਾਨ ਮੰਤਰੀ ਬਣਨ ਦੀਆਂ ਖਬਰਾਂ ਪ੍ਰਤੀ ਇਲਾਕੇ ਦੇ ਅਨੇਕਾਂ ਪੰਜਾਬੀ, ਗੁਜਰਾਤੀ ਅਤੇ ਲੋਕਲ ਭਾਈਚਾਰੇ ਵਿਚ ਖੁਸ਼ੀ ਪਾਈ ਜਾ ਰਹੀ ਹੈ।ਇਸ ਪ੍ਰਤੀਨਿਧੀ ਨਾਲ਼ ਫੋਨ 'ਤੇ ਗਲਬਾਤ ਕਰਦਿਆਂ ਸ਼੍ਰੀ ਰੱਡ ਨੇ ਆਖਿਆ ਕਿ ਉਹ ਪੰਜਾਬੀਆਂ ਸਣੇ ਅਸਟ੍ਰੇਲੀਆ ਦੇ ਸਾਰੇ ਲੋਕਾਂ ਦਾ ਉਨ੍ਹਾ ਦੀ ਪਾਰਟੀ ਵਿਚ ਵਿਸ਼ਵਾਸ਼ ਰੱਖਣ ਲਈ ਧੰਂਨਵਾਦ ਕਰਦੇ ਹਨ।ਦੂਜੇ ਪਾਸੇ ਸਾਡੇ ਇਸ ਪ੍ਰਤੀਨਧੀ ਵਲੋਂ ਕਈ ਵਾਰ ਕੋਸ਼ਿਸ਼ ਕਰਨ 'ਤੇ ਵੀ ਲਿਬਰਲ ਨੇਤਾ ਤੇ ਮੌਜੂਦਾ ਪ੍ਰਧਾਨ ਮੰਤਰੀ ਸ਼੍ਰੀ ਜੌਹਨ ਹਾਵਰਡ ਨਾਲ਼ ਫੋਨ 'ਤੇ ਗਲਬਾਤ ਨਹੀ ਹੋ ਸਕੀ।ਜਿਕਰਯੋਗ ਹੈ ਕਿ ਅਸਟ੍ਰੇਲੀਆ ਵਿਚ ਵੱਖ ਵੱਖ ਦੇਸ਼ਾਂ ਸਣੇ ਭਾਰਤ ਅਤੇ ਪੰਜਾਬ ਤੋਂ ਕੱਚੇ ਤੌਰ ਉਤੇ ਗੈਰ ਕਾਨੂੰਨੀ ਜਾਂ ਬਿਨਾ ਵੀਜਾ ਰਹਿ ਰਹੇ ਕਾਫੀ ਲੋਕਾਂ ਵਿਚ ਵੀ ਕਾਫੀ ਉਤਸੁਕਤਾ ਪਾਈ ਜਾ ਰਹੀ ਹੈ।ਕਿਉਂਕਿ ਉਨ੍ਹਾ ਨੂੰ ਲੱਗਦਾ ਹੈ ਕਿ ਲੇਬਰ ਆਪਣੀ ਸਰਕਾਰ ਬਣਾਉਣ ਬਾਅਦ ਸ਼ਾਇਦ ਕਈ ਸਾਲ ਪੁਰਾਣਾ ਇਤਿਹਾਸ ਦੁਬਾਰਾ ਰਚਾ ਕੇ ਉਨ੍ਹਾ ਨੂੰ ਪੱਕੇ ਕਰਕੇ ਜਿੰਮੇਵਾਰ ਅਸਟ੍ਰੇਲੀਅਨ ਬਣਨ ਦਾ ਮੌਕਾ ਦਵੇਗੀ।ਇਹ ਵੀ ਕਿਆਸ ਅਰਾਈ ਕੀਤੀ ਜਾ ਰਹੀ ਹੈ ਹਾਕਮ ਪਾਰਟੀ ਮੋਕੇ 'ਤੇ ਹੀ ਕੋਈ ਅਹਿਮ ਚਾਲ ਚਲ ਕੇ ਪਾਸਾ ਬਦਲ ਵੀ ਸਕਦੀ ਹੈ।ਪਰ ਲਗਦਾ ਹੈ ਕਿ ਐਤਕਾਂ ਇਹ ਸੰਭਵ ਨਹੀ ਹੋ ਸਕਦਾ ਕਿਉਂ ਜੋ ਵੋਟਰਾਂ 'ਚ ਬਹੁਤ ਸੂਝ 'ਤੇ ਜਾਗਰਿਤੀ ਆ ਗਈ ਹੈ।ਜਿਸ ਕਾਰਨ ਉਹ ਆਪਣੇ ਅੰਦਰ ਬਣਾਏ ਹੋਏ ਵਿਚਾਰਾਂ ਨੂੰ ਕਿਸੇ ਵੀ ਕੀਮਤ 'ਤੇ ਆਪਣੇ ਪੱਕੇ-ਇਰਾਦਿਆਂ ਰਾਹੀ ਬਦਲ ਨਹੀਂ ਸਕਦੇ।ਐਤਕਾਂ ਮੀਡੀਏ ਵਲੋਂ ਚੋਣਾਂ ਵਾਰੇ ਕੀਤੇ ਜਾ ਰਹੇ ਅਨੇਕਾਂ ਸਰਵਿਆਂ 'ਚ ਵੀ ਅਖਵਾਰਾਂ ਆਪਣੀਆਂ ਮੁੱਖ-ਸੁਰਖੀਆਂ ਰਾਹੀਂ ਇਨ੍ਹਾਂ ਦੋਵਾਂ ਨੇਤਾਵਾਂ ਦੇ ਚੋਣਾਂ ਵਾਰੇ ਖੁਸ਼ੀ-ਗੰਮੀ ਵਾਲੇ ਹਾਵ-ਭਾਵਾਂ ਨੂੰ ਵੀ ਉਨ੍ਹਾਂ ਦੀਆਂ ਫੋਟੋਆਂ ਰਾਹੀ ਬਿਆਨ ਰਹੇ ਹਨ।ਜਿੱਥੇ ਕਿ ਜੋਹਨ-ਹਾਵਰਡ ਕੁਰਸੀ ਖੁਸਣ ਦੀ ਗੰਮੀ 'ਚ ਡੁੱਬਿਆ ਵਿਖਾਇਆ ਗਿਆ ਹੈ ਉੱਥੇ ਕੇਵਿਨ ਰੱਡ ਖੁੱਸ਼ੀ 'ਚ ਖੀਵਾ ਹੋ ਰਿਹਾ ਵਿਖਾਇਆ ਗਿਆ ਹੈ।