ਵਿਦੇਸ਼ਾਂ 'ਚ ਵਸਦੇ ਸਿੱਖਾਂ ਲਈ ਆਨੰਦ ਮੈਰਿਜ ਐਕਟ ਦਾ ਮਹੱਤਵ

-ਪ੍ਰੋ. ਗੁਰਵਿੰਦਰ ਸਿੰਘ ਧਾਲੀਵਾਲ

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਿੱਖਾਂ ਨੇ ਭਾਰਤ ਤੋਂ ਬਾਹਰ ਇੱਕ ਵਿਸ਼ਾਲ ਤੇ ਖੂਬਸੂਰਤ ਪੰਜਾਬ, ਵਿਦੇਸ਼ਾਂ 'ਚ ਵਸਾਇਆ ਹੋਇਆ ਹੈ। ਕੈਨੇਡਾ, ਅਮਰੀਕਾ, ਇੰਗਲੈਂਡ, ਸਿੰਗਾਪੁਰ ਅਤੇ ਆਸਟ੍ਰੇਲੀਆ ਸਮੇਤ ਵੱਖ-ਵੱਖ ਮਹਾਂਦੀਪਾਂ 'ਚ ਲੱਖਾਂ ਸਿੱਖਾਂ ਨੇ, ਆਪਣੀ ਵਿਲੱਖਣ ਹਸਤੀ ਸਦਕਾ ਖਾਸਾ ਨਾਮ ਕਮਾਇਆ ਹੈ। ਸਿਆਸਤ, ਵਿੱਦਿਆ ਅਤੇ ਵਪਾਰ 'ਚ ਵਿਦੇਸ਼ੀਂ ਵਸਦੇ ਸਿੱਖਾਂ ਨੇ ਦੇਸ਼ ਨਾਲੋਂ ਵੀ ਵਧੇਰੇ ਕਾਮਯਾਬੀ ਹਾਸਲ ਕੀਤੀ ਹੈ। ਜੇਕਰ ਸਿੱਖੀ ਸਿਧਾਂਤਾਂ ਨੂੰ ਅਪਨਾਉਣ ਅਤੇ ਸਿੱਖ ਸਰੂਪ ਨੂੰ ਸੰਭਾਲਣ ਦੀ ਗੱਲ ਕਰੀਏ, ਤਾਂ ਵੀ ਪ੍ਰਵਾਸੀ ਸਿੱਖ ਭਾਰਤ 'ਚ ਵਸਦੇ ਸਿੱਖਾਂ ਨਾਲੋਂ ਪਿੱਛੇ ਨਹੀਂ, ਬਲਕਿ ਕੈਨੇਡਾ-ਅਮਰੀਕਾ 'ਚ ਪੰਜਾਬ ਨਾਲੋਂ ਵੱਧ ਦਸਤਾਰਾਂ ਨਜ਼ਰ ਆਉਣਗੀਆਂ।
ਇਨ੍ਹਾਂ ਸਾਰੀਆਂ ਪ੍ਰਾਪਤੀਆਂ ਦੇ ਬਾਵਜੂਦ ਵਿਦੇਸ਼ਾਂ 'ਚ ਵਸਦੇ ਸਿੱਖਾਂ ਲਈ, ਸਿਧਾਂਤਾਂ ਨੂੰ ਸੱਟ ਮਾਰਨ ਵਾਲੀ ਗੱਲ ਭਾਰਤੀ ਸੰਵਿਧਾਨ 'ਚ 'ਸਿੱਖ ਕੋਡ ਬਿੱਲ' ਦੀ ਅਣਹੋਂਦ ਮਹਿਸੂਸ ਹੁੰਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਪੂਰਨ ਗੁਰਮਰਿਯਾਦਾ ਰਾਹੀਂ 'ਆਨੰਦ ਕਾਰਜ' ਹੋਣ ਮਗਰੋਂ, ਜਦੋਂ ਵਿਦੇਸ਼ੀਂ ਜਾਣ ਲਈ ਸਿੱਖ ਮਰਦ-ਇਸਤਰੀਆਂ ਨੂੰ ਆਪਣਾ ਵਿਆਹ, ਭਾਰਤੀ ਸੰਵਿਧਾਨ ਦੀ ਧਾਰਾ-25 ਅਧੀਨ ਹਿੰਦੂ ਕੋਡ ਬਿੱਲ ਅਧੀਨ ਰਜਿਸਟਰ ਕਰਵਾਉਣਾ ਪੈਂਦਾ ਹੈ, ਤਾਂ ਨਿਸਚੇ ਹੀ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਹੁੰਦਾ ਹੈ। ਵਿਦੇਸ਼ ਜਾਣ ਲਈ ਦਹਾਕਿਆਂ ਤੋਂ ਵਿਆਹ ਰਜਿਸਟਰ ਕਰਵਾਉਣ ਦੀ ਸ਼ਰਤ ਕਾਰਨ ਹਜ਼ਾਰਾਂ ਹੀ, ਅੰਮ੍ਰਿਤਧਾਰੀ ਸਿੱਖ ਜੋੜਿਆਂ ਦਾ ਆਨੰਦ ਕਾਰਜ ਵੀ ਭਾਰਤੀ ਕਾਨੂੰਨ ਅਨੁਸਾਰ ਹਿੰਦੂ ਮੈਰਿਜ ਐਕਟ ਅਧੀਨ ਹੀ 'ਮਾਨਤਾ' ਪ੍ਰਾਪਤ ਕਰ ਸਕਿਆ ਹੈ। ਚਾਹੇ ਕਾਨੂੰਨ ਦੇ ਇੱਕ ਅਣਗੌਲੇ ਤੇ ਲੁਕਵੇਂ ਪਹਿਲੂ ਅਧੀਨ ਇਹ ਸਹੀ ਹੈ ਕਿ ਜੇਕਰ ਕੋਈ ਸਿੱਖ ਆਪਣਾ ਵਿਆਹ ਹਿੰਦੂ ਕੋਡ ਬਿੱਲ ਅਧੀਨ ਦਾਖਲ ਨਾ ਕਰਵਾ ਕੇ, ਆਨੰਦ ਮੈਰਿਜ ਐਕਟ ਅਧੀਨ ਰਜਿਸਟਰ ਕਰਵਾਉਣਾ ਚਾਹੁੰਦੇ ਹੋਵੇ, ਤਾਂ ਕਰ ਸਕਦਾ ਹੈ। ਪਰੰਤੂ ਇਹ ਵਿਸ਼ੇਸ਼ ਸਥਿਤੀ ਦੇ ਅਧੀਨ ਹੈ, ਆਮ ਹਾਲਤਾਂ 'ਚ ਸਿੱਖ, ਬੋਧੀ, ਜੈਨੀ ਆਦਿ ਸਾਰੇ ਧਰਮਾਂ ਦੇ ਲੋਕ ਧਾਰਾ 25 ਅਧੀਨ 'ਹਿੰਦੂ' ਹੀ ਹਨ ਅਤੇ ਉਨ੍ਹਾਂ ਦੇ ਸੰਸਕਾਰ ਹਿੰਦੂ ਕੋਡ ਬਿੱਲ ਅਧੀਨ ਹੀ ਹੁੰਦੇ ਆ ਰਹੇ ਹਨ।
ਪਾਕਿਸਤਾਨ ਦੀ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 539ਵੇਂ ਪ੍ਰਕਾਸ਼ ਦਿਹਾੜੇ 'ਤੇ ਕਾਨੂੰਨ ਮੰਤਰੀ ਜਨਾਬ ਸਈਅਦ ਅਫਜ਼ਲ ਵਲੋਂ, ਸਿੱਖਾਂ ਦੇ ਆਨੰਦ ਕਾਰਜ ਐਕਟ ਨੂੰ ਮਾਨਤਾ ਦੇਣ ਲਈ ਆਰਡੀਨੈਂਸ ਜਾਰੀ ਕਰਨ ਦੇ ਐਲਾਨ ਨੇ ਦੁਨੀਆ ਭਰ ਦੇ ਸਿੱਖਾਂ ਅੰਦਰ ਭਾਰੀ ਉਤਸ਼ਾਹ ਪੈਦਾ ਕੀਤਾ ਹੈ। ਇਸ ਦੇ ਤੁਰੰਤ ਬਾਅਦ ਭਾਰਤੀ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ, ਆਨੰਦ ਕਾਰਜ ਐਕਟ ਨੂੰ ਕਾਨੂੰਨੀ ਮਾਨਤਾ ਦੇਣ ਦੀ ਵਿਚਾਰ ਦਾ ਪ੍ਰਵਾਸੀ ਸਿੱਖਾਂ ਨੇ ਸਵਾਗਤ ਕੀਤਾ ਹੈ। ਇਸ ਤੋਂ ਪਹਿਲਾਂ ਵੀ ਧਰਮ ਯੁੱਧ ਮੋਰਚੇ ਸਮੇਂ ਸ਼੍ਰੋਮਣੀ ਅਕਾਲੀ ਦਲ ਦੀਆਂ ਮੰਗਾਂ 'ਚ ਸਿੱਖਾਂ ਲਈ 'ਪਰਸਨਲ ਲਾਅ' ਦੀ ਮੰਗ ਸ਼ਾਮਲ ਸੀ ਤੇ ਸ. ਬਾਦਲ ਸਮੇਤ ਪ੍ਰਮੁੱਖ ਸਿੱਖ ਆਗੂਆਂ ਵਲੋਂ ਸੰਵਿਧਾਨ ਦੀ ਇਸ ਧਾਰਾ ਦੀਆਂ ਕਾਪੀਆਂ ਵੀ ਸਾੜੀਆਂ ਗਈਆਂ ਸਨ, ਬੇਸ਼ੱਕ ਮਗਰੋਂ ਉਨ੍ਹਾਂ ਇਸ ਕਦਮ ਨੂੰ ਖੁਦ ਹੀ ਗਲਤੀ ਕਰਾਰ ਦਿੰਦਿਆਂ ਮੁਆਫੀ ਵੀ ਮੰਗੀ ਸੀ। ਇਸ ਸਮੇਂ ਆਨੰਦ ਮੈਰਿਜ ਐਕਟ ਦੀ ਗੱਲ ਤੁਰਨ ਮਗਰੋਂ, ਪ੍ਰਵਾਸੀ ਸਿੱਖਾਂ ਨੂੰ ਪੂਰਨ ਵਿਸ਼ਵਾਸ ਹੈ ਕਿ ਪੰਜਾਬ ਸਰਕਾਰ ਇਸ ਕਾਰਜ ਨੂੰ ਨੇਪਰੇ ਜ਼ਰੂਰ ਚਾੜ੍ਹੇਗੀ। ਹਾਲਾਤ ਇਸ ਵੇਲੇ ਅਨੁਕੂਲ ਹਨ। ਭਾਰਤ ਦੀ ਸੁਪਰੀਮ ਕੋਰਟ ਨੇ ਹਾਲ ਹੀ 'ਚ ਵਿਆਹ ਰਜਿਸਟਰ ਕਰਵਾਉਣ ਨੂੰ ਲਾਜ਼ਮੀ ਕਰਾਰ ਦੇ ਦਿੱਤਾ ਹੈ। ਦੇਸ਼ ਦੀਆਂ ਸੂਬਾਈ ਸਰਕਾਰਾਂ ਇਸ ਮਕਸਦ ਲਈ ਆਰਡੀਨੈਂਸ ਜਾਰੀ ਕਰਕੇ ਸਰਟੀਫਿਕੇਟ ਦੇਣ ਦੇ ਯੋਗ ਹਨ। ਉਧਰ ਭਾਰਤ ਦੀ ਸੰਸਦ 'ਚ ਵੀ ਸੰਸਦੀ ਕਮੇਟੀ ਵਲੋਂ, ਵਿਆਹ ਦੇ ਐਕਟ ਦੀ ਸੋਧ ਪਾਸ ਕਰਨ ਦੀ ਹਾਲਤ 'ਚ ਕਾਨੂੰਨ ਮੰਤਰਾਲੇ ਵਲੋਂ ਕਾਰਵਾਈ ਕਰਕੇ, ਇਸ ਨੂੰ ਬਿੱਲ ਦੇ ਰੂਪ 'ਚ ਪਾਰਲੀਮੈਂਟ 'ਚ ਪੇਸ਼ ਕੀਤੇ ਜਾਣ ਦੀ ਪੂਰੀ ਸੰਭਾਵਨਾ ਹੈ। ਪੰਜਾਬ ਦੀ ਸਰਕਾਰ ਵਲੋਂ ਵੀ ਇਸੇ ਸਾਲ ਦਸੰਬਰ ਮਹੀਨੇ ਦੇ ਦੌਰਾਨ ਹੀ, ਵਿਧਾਨ ਸਭਾ ਸੈਸ਼ਨ 'ਚ ਆਨੰਦ ਕਾਰਜ ਨੂੰ ਮਾਨਤਾ ਦੇਣ ਲਈ ਬਿੱਲ ਦੇ ਤੌਰ 'ਤੇ ਪੇਸ਼ ਕੀਤੇ ਜਾਣਾ ਲੱਗਭੱਗ ਤੈਅ ਹੈ।
ਵਿਦੇਸ਼ਾਂ 'ਚ ਵਸਦੇ ਸਿੱਖਾਂ ਵਲੋਂ ਬਾਹਰਲੇ ਮੁਲਕ 'ਚ ਆਏ ਕਿਸੇ ਵੀ ਸਿਆਸੀ ਪਾਰਟੀ ਦੇ ਆਗੂ ਤੋਂ, ਪਹਿਲਾ ਸਵਾਲ ਆਨੰਦ ਮੈਰਿਜ ਐਕਟ ਬਾਰੇ ਹੀ ਪੁੱਛਿਆ ਜਾਂਦਾ ਹੈ। ਇਤਿਹਾਸਕ ਤੱਥਾਂ ਅਨੁਸਾਰ 20ਵੀਂ ਸਦੀ ਦੇ ਆਰੰਭ 'ਚ ਹੀ ਨਾਭਾ ਰਿਆਸਤ ਦੇ ਮਹਾਰਾਜਾ ਰਿਪੁਦਮਨ ਸਿੰਘ ਵਲੋਂ ਆਨੰਦ ਮੈਰਿਜ ਐਕਟ ਲਈ ਪਹਿਲਕਦਮੀਂ ਕੀਤੀ ਗਈ ਸੀ। ਇਨ੍ਹਾਂ ਦੀ ਪ੍ਰੇਰਨਾ ਅਧੀਨ ਹੀ ਸਰਦਾਰ ਸੁੰਦਰ ਸਿੰਘ ਮਜੀਠੀਆ ਵਲੋਂ 27 ਅਗਸਤ 1909 ਈ ਨੂੰ, ਆਨੰਦ ਕਾਰਜ ਬਿੱਲ ਸ਼ਿਮਲਾ 'ਚ ਵਾਇਸਰਾਏ ਦੀ 'ਇੰਮਪੀਰੀਅਲ ਲੈਜਿਸਲੇਟਿਵ ਕੌਂਸਲ' ਅੱਗੇ ਪੇਸ਼ ਕੀਤਾ ਗਿਆ। ਤਿੱਖੇ ਵਿਰੋਧ ਦੇ ਬਾਵਜੂਦ ਇਹ ਬਿੱਲ 22 ਅਕਤੂਬਰ 1909 ਈ. ਨੂੰ ਪਾਸ ਕਰ ਦਿੱਤਾ ਗਿਆ ਅਤੇ ਬਰਤਾਨੀਆ ਦੀ ਬਸਤੀ 'ਅਣਵੰਡੇ ਭਾਰਤ' ਚ ਪੰਜੇ ਧਾਰਾਵਾਂ ਸਮੇਤ ਲਾਗੂ ਹੋ ਗਿਆ। ਪੂਰੇ 98 ਵਰ੍ਹੇ ਬਾਅਦ ਪਾਕਿਸਤਾਨ ਨੇ ਆਨੰਦ ਕਾਰਜ ਐਕਟ ਨੂੰ ਸੁਰਜੀਤ ਕਰਦਿਆਂ ਇਤਿਹਾਸਕ ਕਾਨੂੰਨ ਵਜੋਂ ਪ੍ਰਵਾਨ ਕੀਤਾ ਹੈ। ਇਸ ਤਰ੍ਹਾਂ ਹੀ ਲੱਗਭਗ ਇੱਕ ਸਦੀ ਮਗਰੋਂ ਜੇਕਰ ਭਾਰਤੀ ਸੰਵਿਧਾਨ 'ਚ ਵੀ, ਆਨੰਦ ਮੈਰਿਜ ਕਾਨੂੰਨ ਅਧੀਨ ਸੋਧ ਕਰਵਾਉਣ 'ਚ ਸਿੱਖ ਸਫਲ ਹੋ ਜਾਂਦੇ ਹਨ, ਤਾਂ ਅਗਲੀਆਂ ਪੀੜ੍ਹੀਆਂ ਲਈ ਇਹ ਕਦਮ ਮੀਲ ਪੱਥਰ ਸਾਬਿਤ ਹੋਵੇਗਾ। ਇਹ ਸੱਚ ਹੈ ਕਿ ਵਿਦੇਸ਼ 'ਚ ਜਨਮੇ ਸਿੱਖ ਬੱਚੇ ਜਦੋਂ ਇੱਕ ਪਾਸੇ ਆਪਣੇ ਸੰਸਕਾਰ ਸਿੱਖ ਸਿਧਾਂਤਾਂ ਅਨੁਸਾਰ ਕਰਨ ਲਈ ਉਤਸ਼ਾਹਿਤ ਕੀਤੇ ਜਾਂਦੇ ਹਨ, ਪਰ ਦੂਜੇ ਪਾਸੇ ਆਪਣੇ ਮਾਪਿਆਂ ਦੇ ਵਿਆਹ ਸੰਸਕਾਰ ਨੂੰ ਗੈਰ ਸਿੱਖ ਸਿਧਾਂਤਾਂ ਰਾਹੀਂ ਮਾਨਤਾ ਹਾਸਲ ਕਰਨ ਦੇ ਦਸਤਾਵੇਜ਼ ਵੇਖਦੇ ਹਨ, ਤਾਂ ਉਨ੍ਹਾਂ ਦੇ ਮਨਾਂ ਅੰਦਰ ਡੂੰਘੇ ਸ਼ੰਕੇ ਪੈਦਾ ਹੁੰਦੇ ਹਨ, ਜਿਨ੍ਹਾਂ ਦਾ ਮਾਪਿਆਂ ਕੋਲ ਕੋਈ ਜਵਾਬ ਨਹੀਂ ਹੁੰਦਾ।
ਸਮੁੱਚੀ ਸਿੱਖ ਕੌਮ ਲਈ ਆਮ ਕਰਕੇ ਅਤੇ ਭਾਰਤ ਤੋਂ ਬਾਹਰ ਵਸਦੇ ਸਿੱਖਾਂ ਲਈ ਖਾਸ ਕਰਕੇ ਆਨੰਦ ਮੈਰਿਜ ਐਕਟ ਛੇਤੀ ਤੋਂ ਛੇਤੀ ਹੋਂਦ 'ਚ ਲਿਆਉਣ ਦੀ ਲੋੜ ਹੈ। ਪਰ ਇਥੇ ਵਿਦੇਸ਼ ਜਾਣ ਲਈ ਇਸ ਸਮੇਂ ਜਾਅਲੀ ਵਿਆਹ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹੋ ਰਹੇ ਅਪਮਾਨ ਨੂੰ ਰੋਕਣ ਲਈ ਵੀ ਠੋਸ ਕਦਮ ਚੁੱਕੇ ਜਾਣ ਦੀ ਜ਼ਰੂਰਤ ਹੈ। ਵਿਦੇਸ਼ ਵਸਣ ਦੀ ਲਾਲਸਾ ਅਧੀਨ ਜਿਹੜੇ ਲੋਕ ਗੁਰੂ ਸਾਹਿਬ ਦੀ ਹਜ਼ੂਰੀ 'ਚ ਲਾਵਾਂ ਲੈਣ ਤੇ ਪਤੀ-ਪਤਨੀ ਬਣਨ ਦੇ ਸੰਸਕਾਰ ਨੂੰ ਇਸਤੇਮਾਲ ਕਰਕੇ ਸਿੱਖ ਸਿਧਾਂਤਾਂ ਨਾਲ ਖਿਲਵਾੜ ਕਰ ਰਹੇ ਹਨ, ਉਹ ਕਾਨੂੰਨ ਅਤੇ ਧਰਮ, ਦੋਹਾਂ ਦੇ ਦੋਸ਼ੀ ਹਨ।
ਅੱਜ ਨਹੀਂ ਤਾਂ ਕੱਲ੍ਹ, ਆਨੰਦ ਮੈਰਿਜ ਐਕਟ ਨੂੰ ਮਾਨਤਾ ਤਾਂ ਮਿਲ ਜਾਵੇਗੀ, ਪਰ ਕੀ 'ਜਾਅਲੀ ਆਨੰਦ ਕਾਰਜਾਂ' ਦਾ ਸਿਲਸਿਲਾ ਰੁਕ ਜਾਵੇਗਾ, ਇਸ ਬਾਰੇ ਸੰਦੇਹ ਨਵਿਰਤ ਹੋਣ ਦੀ ਸੰਭਾਵਨਾ ਨਹੀਂ।