ਅੰਨ੍ਹੀ ਪੀਸੇ ਕੁੱਤਾ ਚੱਟੇ...!
ਕਿਸ਼ਤ 7 (ਆਖਰੀ ਕਿਸ਼ਤ)
|
ਤਾਰਾ ਸਿੰਘ ਤਾਰਾ, ਆਧੀ ਵਾਲ਼ਾ |
|
ਮਾਤਾ ਜੀ |
ਦਿਨ 29-30 ਜਨਵਰੀ ਦਾ ਆ ਗਿਆ। ਮਾਤਾ ਜੀ ਦਾ ਸਰੀਰ ਬਹੁਤ
ਹੀ ਫ਼ੁੱਲ ਗਿਆ ਸੀ। ਸਾਨੂੰ ਇਸ ਤਰ੍ਹਾਂ ਜਾਪ ਰਿਹਾ ਸੀ ਕਿ ਮਾਤਾ ਜੀ ਵਿਚ ਸਾਹ ਹੈ ਨਹੀਂ ਹਨ। ਮਸ਼ੀਨ
ਹੀ ਲਾਈ ਕਰਕੇ ਇੰਜ ਸਾਹ ਆਉਂਦਾ ਜਾਪਦਾ ਹੈ। 30 ਜਨਵਰੀ ਸਵੇਰੇ ਇਕ ਸ਼ਪੈਸਲ ਡਾਕਟਰ ਆਇਆ। ਮੈਂ ਉਸ
ਨੂੰ ਆਖਿਆ ਕਿ ਸਾਨੂੰ ਇੰਜ ਜਾਪਦਾ ਹੈ ਕਿ ਮਾਤਾ ਜੀ ਵਿਚ ਆਪਣੇ ਸਾਹ ਨਹੀਂ ਹਨ, ਮਸ਼ੀਨ ਹੀ ਸਾਹ ਦੇ
ਰਹੀ ਲੱਗਦੀ ਹੈ? ਕਹਿਣ ਲੱਗਿਆ, ਜਦੋਂ ਬੰਦਾ ਇਸ ਕੰਡੀਸ਼ਨ 'ਤੇ ਹੋਵੇ ਤਾਂ ਫਿਰ ਕੁਝ ਕਹਿ ਨਹੀਂ ਸਕਦੇ।
ਮੈਂ ਆਖਿਆ ਕਿ ਕੋਈ ਹੈ ਉਮੀਦ? ਅਰਾਮ ਆਵੇਗਾ ਕਿ ਨਹੀਂ? ਕਹਿੰਦਾ, ਚੌਵੀ ਘੰਟੇ ਦੇਖਦੇ ਹਾਂ! ਨਹੀਂ
ਫਿਰ ਜਿਵੇਂ ਮਰਜ਼ੀ ਕਰ ਲਇਓ! ਹੁਣ ਅਸੀਂ ਇਕ ਹੋਰ ਡਾਕਟਰ ਬਾਹਰੋਂ ਪੈਸੇ ਦੇ ਕੇ ਮੰਗਵਾਇਆ। ਪਰ ਇਹ
ਗੱਲ ਹਸਪਤਾਲ਼ ਵਾਲ਼ਿਆਂ ਤੋਂ ਬਿਲਕੁਲ ਛੁਪਾ ਕੇ ਰੱਖੀ ਗਈ। ਕਿਸੇ ਨੂੰ ਵੀ ਪਤਾ ਨਹੀਂ ਸੀ ਕਿ ਇਹ
ਡਾਕਟਰ ਹੈ। ਉਸ ਡਾਕਟਰ ਨੇ ਵੀ ਇਹ ਹੀ ਕਿਹਾ ਸੀ ਕਿ ਹਸਪਤਾਲ਼ ਵਾਲ਼ਿਆਂ ਨੂੰ ਪਤਾ ਨਾ ਲੱਗੇ। ਜਿਸ ਕਰਕੇ
ਕਾਰਵਾਈ ਬਿਲਕੁਲ ਗੁਪਤ ਰੱਖੀ ਗਈ। ਉਹ ਡਾਕਟਰ ਆਉਣਸਾਰ ਕਹਿਣ ਲੱਗਿਆ ਕਿ ਤੁਸੀਂ ਪੈਸੇ ਕਿੰਨੇ ਕੁ
ਖਰਚ ਸਕਦੇ ਹੋ? ਅਸੀਂ ਸੁਣ ਕੇ ਹੈਰਾਨ ਰਹਿ ਗਏ। ਮੈਂ ਆਖਿਆ ਡਾਕਟਰ ਸਾਹਿਬ, ਸਾਨੂੰ ਇਸ ਸੁਆਲ ਦੀ
ਸਮਝ ਨਹੀਂ ਆਈ ਕਿ ਕਿੰਨੇ ਪੈਸੇ ਖਰਚ ਸਕਦੇ ਹੋ? ਖ਼ੈਰ, ਉਹ ਸਮਝ ਗਿਆ ਕਿ ਇਹ ਬੰਦੇ ਇਤਨੇ ਬੇਵਕੂਫ਼ ਨਹੀਂ,
ਜਿੰਨੇ ਮੈਂ ਸਮਝਦਾ ਹਾਂ। ਜਦੋਂ ਅਸੀਂ ਉਸ ਦੀ ਗੱਲ ਫੜ ਲਈ ਤਾਂ ਕਹਿੰਦਾ, ਦੋ ਦਿਨ ਸੇਵਾ ਕਰ ਲਓ!
31 ਜਨਵਰੀ ਦਾ ਦਿਨ ਆ ਗਿਆ। 31 ਜਨਵਰੀ ਨੂੰ 24 ਘੰਟੇ ਹੋ ਜਾਣੇ ਸਨ। ਅੱਜ ਅਸੀਂਡਾਕਟਰ ਨਾਲ਼ ਸਲਾਹ
ਮਸ਼ਬਰਾ ਕਰਨਾ ਸੀ। ਪਰ ਅੱਜ ਉਹ ਡਾਕਟਰ ਹੀ ਨਾ ਆਇਆ। ਅਸੀਂ ਸਾਰੀ ਦਿਹਾੜੀ ਉਡੀਕਦੇ ਰਹੇ। ਸ਼ਾਮ ਨੂੰ
ਇਕ ਨਰਸ ਆਈ। ਆ ਕੇ ਆਖਣ ਲੱਗੀ, ਅੰਕਲ ਜੀ ਤੁਸੀਂ ਬਹੁਤ ਭੋਲ਼ੇ ਹੋ! ਮੈਂ ਆਖਿਆ, ਕਿਉਂ? ਕਹਿਣ ਲੱਗੀ
ਡਾਕਟਰ ਆਪਣੇ ਪੈਸੇ ਲਈ ਜਾਂਦੇ ਹਨ ਅਤੇ ਮਸ਼ੀਨ ਵਾਲ਼ੇ ਆਪਣੇ ਪੈਸੇ ਲਈ ਜਾਂਦੇ ਹਨ। ਪਰ 'ਕਹਾਣੀ' ਤਾਂ
'ਖ਼ਤਮ' ਹੈ! ਪਰ ਸਾਨੂੰ ਅਜੇ ਵੀ ਯਕੀਨ ਨਹੀਂ ਸੀ ਆ ਰਿਹਾ। ਅਸੀਂ ਆਖਿਆ ਕਿ ਡਾਕਟਰ ਨੇ ਅੱਜ ਆਉਣਾ
ਸੀ, ਪਰ ਉਹ ਨਹੀਂ ਆਇਆ? ਕਹਿਣ ਲੱਗੀ ਉਹਨਾਂ ਨੂੰ ਪਤਾ ਹੈ ਕਿ ਆਪੇ ਉਡੀਕ ਕੇ ਬੈਠ ਜਾਣਗੇ। ਅੱਜ ਅਸੀਂ
ਵਾਰਡ ਡਿਊਟੀ ਡਾਕਟਰ ਨੂੰ ਪੁੱਛਿਆ ਕਿ ਕੀ ਕੁਝ ਪਤਾ ਲੱਗਿਆ, ਕਿ ਕੀ ਗੱਲ ਹੈ? ਮਸ਼ੀਨ ਲੁਹਾਈ ਜਾਵੇ
ਕਿ ਨਾ? ਕਹਿਣ ਲੱਗਿਆ, ਜੀ ਤੁਹਾਡੀ ਮਰਜ਼ੀ ਹੈ! ਮੈਂ ਕਿਹਾ ਕਿ ਜੋ ਸਪੈਸ਼ਲ ਡਾਕਟਰ ਹੈ, ਉਸ ਨੂੰ ਪੁੱਛੋ
ਕਿ ਕੀ ਕਰੀਏ? ਖ਼ੈਰ ਉਹਨਾਂ ਨੇ ਡਾਕਟਰ ਨਾਲ਼ ਰਾਬਤਾ ਕਰ ਲਿਆ। ਕਹਿੰਦਾ ਮੈਂ ਸਵੇਰੇ ਦਸ ਵਜੇ ਆਵਾਂਗਾ।
ਇਕ ਫ਼ਰਵਰੀ ਦਾ ਦਿਨ ਵੀਰਵਾਰ ਆ ਗਿਆ। ਦਸ ਵੀ ਵੱਜ ਗਏ। ਉਡੀਕ ਕਰਦਿਆਂ ਕਰਦਿਆਂ ਨੂੰ ਹਾਰ ਕੇ ਦੁਪਿਹਰ
ਦਾ ਇਕ ਵੱਜ ਗਿਆ। ਉਹ ਡਾਕਟਰ ਨਾ ਆਇਆ, ਆਉਂਦਾ ਵੀ ਕਿਉਂ? ਉਹ ਅੰਦਰ-ਅੰਦਰ 'ਗੁਪਤ' ਦੱਸ ਗਿਆ ਕਿ
ਕਹਾਣੀ 'ਖ਼ਤਮ' ਹੈ। ਪਰ ਜੋ ਵੀ ਥੋੜ੍ਹਾ ਬਾਹਲ਼ਾ 'ਮਾਲ' ਆਉਂਦਾ ਸੀ, ਆਉਣ ਦਿਓ! ਲੁੱਟ ਮੱਚੀ ਹੋਈ ਹੈ
ਗੁਰੂਆਂ ਦੀ ਧਰਤ 'ਤੇ! ਅੱਜ ਤਾਂ ਗੁਰੂਆਂ ਦੀ ਧਰਤ ਕਹਿ ਹੀ ਰਹੇ ਹਾਂ। ਪਰ ਗੁਰੂਆਂ ਦੀਆਂ ਲੀਹਾਂ
'ਤੇ ਚੱਲਦਾ ਕੋਈ ਨਹੀਂ! ਜਦੋਂ ਇਕ ਵੱਜ ਗਿਆ, ਤਾਂ ਅਸੀਂ ਸਾਰਾ ਪ੍ਰੀਵਾਰ, ਰਿਸ਼ਤੇਦਾਰ ਤਕਰੀਬਨ
ਵੀਹ-ਬਾਈ ਜੀਅ ਉਥੇ ਮੌਜੂਦ ਸਾਂ। ਹੁਣ ਮੈਂ ਕਿਹਾ ਕਿ ਮਸ਼ੀਨ ਲਾਹੋ! ਕਹਿਣ ਲੱਗੇ ਤੁਸੀਂ ਸਾਨੂੰ ਲਿਖ
ਕੇ ਦਿਓ ਕਿ ਜੇਕਰ ਕੋਈ ਐਸੀ-ਵੈਸੀ ਗੱਲ ਹੋ ਗਈ, ਤਾਂ ਅਸੀਂ ਖ਼ੁਦ ਜ਼ਿੰਮੇਵਾਰ ਹਾਂ। ਹਸਪਤਾਲ਼ ਦੀ ਕੋਈ
ਜ਼ਿੰਮੇਵਾਰੀ ਨਹੀਂ..! ਮੇਰੇ ਲੜਕੇ ਅਪਿੰਦਰ ਜੀਤ ਸਿੰਘ ਨੇ ਲਿਖ ਕੇ ਦੇ ਦਿੱਤਾ ਅਤੇ ਉਹਨਾਂ ਨੇ ਮਸ਼ੀਨ
ਉਤਾਰ ਦਿੱਤੀ....! ਮਸ਼ੀਨ ਉਤਾਰਨ ਸਮੇਂ ਇਕ ਨਰਸ ਸਾਡੇ ਨਾਲ਼ ਭੇਜ ਦਿੱਤੀ। ਕਹਿਣ ਲੱਗੇ ਜਿਹੜੀ ਮਾਤਾ
ਜੀ ਦੇ ਨਾਲ਼ੀ ਲਾਈ ਹੋਈ ਹੈ, ਉਹ ਜਦੋਂ ਤੁਸੀਂ ਗੇਟ 'ਤੇ ਜਾਵੋਂਗੇ, ਉਸ ਵੇਲੇ ਲਾਹੀ ਜਾਵੇਗੀ। ਹੁਣ
ਅਸੀਂ ਹਸਪਤਾਲ਼ ਦੇ ਗੇਟ ਦੇ ਅੰਦਰਲੇ ਪਾਸੇ ਆ ਗਏ। ਅਸੀਂ ਰਿਸ਼ਤੇਦਾਰ ਅਤੇ ਘਰ ਦੇ ਲੋਕ ਤਕਰੀਬਨ 23-24
ਜਾਣੇ ਹੋਵਾਂਗੇ। ਨਰਸ ਨੇ ਨਾਲ਼ੀ ਲਾਹ ਦਿੱਤੀ। ਮੈਂ ਸਿਰ 'ਤੇ ਹੱਥ ਰੱਖਿਆ ਹੋਇਆ ਸੀ, ਕਿਸੇ ਨੇ ਹੱਥ,
ਕਿਸੇ ਨੇ ਪੈਰ ਫੜੇ ਹੋਏ ਸਨ ਅਤੇ ਕੋਈ ਮੂੰਹ ਵਿਚ ਪਾਣੀ ਪਾ ਰਿਹਾ ਸੀ। ਜਦੋਂ ਨਾਲ਼ੀ ਉਤਾਰੀ ਗਈ ਤਾਂ
ਇੰਜ ਲੱਗਦਾ ਸੀ ਕਿ ਜਿਵੇਂ ਸੌਂ ਹੀ ਗਏ ਹੋਣ? ਜਦੋਂ ਬੰਦੇ ਦੀ ਜਾਨ ਨਿਕਲ਼ਦੀ ਹੈ ਤਾਂ ਮਾੜਾ ਜਿਹਾ
ਤਾਂ ਬੰਦੇ ਨੂੰ ਝਟਕਾ ਲੱਗਦਾ ਹੀ ਹੈ। ਪਰ ਮਾਤਾ ਜੀ ਮਾੜਾ ਜਿਹਾ ਵੀ ਨਹੀਂ ਹਿੱਲੇ! ਇਸ ਲਈ ਮੈਨੂੰ
ਸ਼ੱਕ ਹੈ ਕਿ ਮਾਤਾ ਜੀ ਦੇ ਸੁਆਸ ਤਕਰੀਬਨ ਚਾਰ ਦਿਨ ਪਹਿਲਾਂ ਹੀ ਪੂਰੇ ਹੋ ਚੁੱਕੇ ਸਨ। ਹਸਪਤਾਲ਼
ਵਾਲ਼ਿਆਂ ਨੇ ਮਸ਼ੀਨ ਇਸ ਲਈ ਹੀ ਨਹੀਂ ਉਤਾਰੀ ਕਿ ਜਿੰਨੇ ਪੈਸੇ ਖਿੱਚੇ ਜਾਂਦੇ ਹਨ, ਖਿੱਚ ਲਏ ਜਾਣ!
ਮੈਂ ਇੱਥੇ ਆ ਕੇ ਜਦੋਂ ਗੱਲ ਕੀਤੀ ਤਾਂ ਮੈਨੂੰ ਇਕ ਮੇਰਾ ਨਜਦੀਕੀ ਮਿੱਤਰ ਕਹਿਣ ਲੱਗਿਆ ਕਿ ਮੇਰੇ ਭਰਾ
ਦੇ ਵੀ ਉਹਨਾਂ ਨੇ ਮਰੇ ਪਏ ਦੇ ਮਸ਼ੀਨ ਲਾ ਛੱਡੀ ਸੀ, ਸਾਨੂੰ ਦੱਸਿਆ ਤੱਕ ਨਹੀਂ। ਸਾਡੇ ਕੋਲੋਂ ਛੇ-ਸੱਤ
ਲੱਖ ਰੁਪਇਆ ਲੈ ਲਿਆ।
ਇਕ ਫ਼ਰਵਰੀ 2007 ਦਿਨ ਵੀਰਵਾਰ ਸੀ। ਸਮਾਂ, ਤਿੰਨ ਵੱਜ ਕੇ ਚੌਂਤੀ ਮਿੰਟ ਹੋਏ ਸਨ। ਸਾਰੀਆਂ ਉਮੀਦਾਂ,
ਸਾਰੀਆਂ ਕਹਾਣੀਆਂ ਖ਼ਤਮ ਹੋ ਗਈਆਂ। ਜੋ ਰੱਬ ਨੂੰ ਮਨਜੂਰ ਸੀ, ਉਸ ਦੀ ਰਜ਼ਾ ਵਿਚ ਹੋ ਗਿਆ। ਉਥੇ
ਹਸਪਤਾਲ਼ ਦੇ ਪਿਛਲੇ ਪਾਸੇ ਗੱਡੀਆਂ ਖੜ੍ਹੀਆਂ ਹੁੰਦੀਆਂ ਹਨ। ਅਸੀਂ ਗੱਡੀ ਪਹਿਲਾਂ ਹੀ ਮੰਗਵਾ ਛੱਡੀ
ਸੀ। ਉਂਜ ਤਾਂ ਗੱਡੀਆਂ ਸਾਡੀਆਂ ਆਪਣੀਆਂ ਵੀ ਖੜ੍ਹੀਆਂ ਸਨ। ਪਰ ਉਹ ਗੱਡੀ ਸਪੈਸ਼ਲ ਡੈੱਡ ਬਾਡੀ ਰੱਖਣ
ਲਈ ਬਣੀ ਹੋਈ ਹੁੰਦੀ ਹੈ। ਹੁਣ ਅਸੀਂ ਗੱਡੀ ਉਥੋਂ ਤੋਰ ਲਈ। ਗੱਡੀ ਦਾ ਡਰਾਈਵਰ ਗੱਡੀ ਬਹੁਤ ਤੇਜ਼ ਚਲਾ
ਰਿਹਾ ਸੀ। ਮੈਂ ਉਸ ਨੂੰ ਆਖਿਆ, ਯਾਰ ਗੱਡੀ ਜ਼ਰਾ ਹੌਲ਼ੀ ਚਲਾ! ਤੈਨੂੰ ਪਤੈ ਕਿ ਅਸੀਂ ਗੱਡੀ ਵਿਚ ਮਾਤਾ
ਜੀ ਦੀ ਬਾਡੀ ਲੈ ਕੇ ਚੱਲੇ ਹਾਂ ਅਤੇ ਅਸੀਂ ਤੇਰੇ ਨਾਲ਼ ਪੰਜ ਸਵਾਰੀਆਂ ਹੋਰ ਵੀ ਹਾਂ। ਕਿਤੇ ਉਹੀ ਗੱਲ
ਨਾ ਹੋਵੇ..? ਡਰਾਈਵਰ ਨੇ ਕਿਹਾ, ਯਾਰ ਤੂੰ ਡਰ ਨਾ..! ਇੱਥੇ ਇਸੇ ਤਰ੍ਹਾਂ ਹੀ ਚੱਲਦਾ ਹੈ। ਥੋੜੀ
ਵਾਟ ਹੌਲ਼ੀ ਕਰ ਲਈ। ਉਸ ਤੋਂ ਬਾਅਦ ਫਿਰ ਜਿਵੇਂ ਅੱਗ ਲੱਗੀ ਹੋਈ ਹੋਵੇ, ਉਸੇ ਤਰ੍ਹਾਂ ਹੀ ਤੇਜ਼ ਕਰ ਲਈ।
ਹੁਣ ਅਸੀਂ ਆਪਣੇ ਪਿੰਡ ਤੋਂ ਦੋ ਕੁ ਮੀਲ ਦੇ ਪੈਂਡੇ 'ਤੇ ਸੀ। ਡਰਾਈਵਰ ਮੈਨੂੰ ਕਹਿਣ ਲੱਗਿਆ ਕਿ ਜੋ
ਮੇਰਾ ਬਕਾਇਆ ਹੈ, ਉਹ ਮੈਨੂੰ ਦੇ ਦਿਓ, ਕਿਉਂਕਿ ਮੈਂ ਠਹਿਰਨਾ ਨਹੀਂ। ਮੈਂ ਜਲਦੀ ਜਾਣਾ ਹੈ। ਮੈਂ ਉਸ
ਨਾਲ਼ ਹਜ਼ਾਰ ਰੁਪਏ ਕੀਤੇ ਸਨ। ਪੰਜ ਸੌ ਰੁਪਏ ਪਹਿਲਾਂ ਹੀ ਲੈ ਲਏ ਅਤੇ ਜੋ ਪੰਜ ਸੌ ਬਾਕੀ ਸਨ, ਉਹ ਉਸ
ਨੂੰ ਦੇਣੇ ਸਨ। ਉਸ ਨੂੰ ਇਉਂ ਲੱਗਦਾ ਸੀ ਕਿ ਸ਼ਾਇਦ ਇਹ ਬਾਕੀ ਦੇ ਪੰਜ ਸੌ ਨਾ ਹੀ ਦੇਣ? ਮੈਂ ਉਸ ਨੂੰ
ਕਿਹਾ, ਯਾਰ ਤੂੰ ਮਾਤਾ ਜੀ ਨੂੰ ਘਰ ਤਾਂ ਪਹੁੰਚਾ..! ਅਸੀਂ ਤੇਰੇ ਪੰਜ ਸੌ ਰੁਪਏ ਮਾਰ ਨਹੀਂ ਚੱਲੇ।
ਜਦੋਂ ਉਸ ਨੇ ਮੇਰੀ ਗੱਲ ਸੁਣੀ ਤਾਂ ਕਹਿੰਦਾ, ਨਹੀਂ ਸਰਦਾਰ ਜੀ, ਤੁਸੀਂ ਹੋਰ ਮਤਲਬ ਕੱਢ ਲਿਆ, ਮੇਰਾ
ਮਤਲਬ ਸੀ ਕਿ ਮੇਰੇ ਕੋਲ਼ ਜ਼ਿਆਦਾ ਸਮਾਂ ਨਹੀਂ ਹੈ।
ਮੈਂ ਘਰ ਦੇ ਗੇਟ ਵੜਨ ਤੋਂ ਪਹਿਲਾਂ ਹੀ ਉਸ ਨੂੰ ਪੰਜ ਸੌ ਦੀ ਵਜਾਏ ਛੇ ਸੌ ਰੁਪਏ ਦੇ ਦਿੱਤੇ। ਉਹ
ਝੂਠਾ ਜਿਹਾ ਹੋ ਕੇ ਕਹਿਣ ਲੱਗਿਆ, ਸਰਦਾਰ ਜੀ, ਤੁਸੀਂ ਬੁਰਾ ਤਾਂ ਨਹੀਂ ਮਨਾਇਆ? ਮੈਂ ਕਿਹਾ, ਯਾਰ
ਤੂੰ ਆਪਣਾ ਨਾਅਵਾਂ ਲੈ...! ਘਰ ਵਿਚ ਮਾਤਾ ਜੀ ਦੀ ਬਾਡੀ ਲਾਹੀ ਤਾਂ ਤੁਹਾਨੂੰ ਪਤਾ ਹੀ ਹੈ ਕਿ ਆਪਣੇ
ਪਿੰਡਾਂ ਦੇ ਰਿਵਾਜ਼ ਕਿਸ ਤਰ੍ਹਾਂ ਦੇ ਹਨ? ਪਤਾ ਲੱਗਣ 'ਤੇ, ਜਿਸ ਨੇ ਵੀ ਸੁਣਿਆਂ, ਉਹ ਹੀ ਆਉਂਦਾ
ਗਿਆ। ਇਸੇ ਤਰ੍ਹਾਂ ਹੀ ਰਾਤ ਲੰਘ ਗਈ।
ਅੱਜ ਦੋ ਫ਼ਰਬਰੀ ਦਾ ਦਿਨ ਸ਼ੁਕਰਵਾਰ ਸੀ।
ਦੂਰੋਂ ਨੇੜਿਓਂ ਸਾਰੇ ਅੰਗ-ਸਾਕ ਰਿਸ਼ਤੇਦਾਰ ਆ ਗਏ। ਤਕਰੀਬਨ ਡੇੜ੍ਹ ਵਜੇ ਮਾਤਾ ਜੀ ਦਾ ਸਸਕਾਰ ਪਿੰਡ
ਆਧੀ ਵਿਖੇ ਕਰ ਦਿੱਤਾ ਗਿਆ। ਮੈਂ ਸੋਚ ਰਿਹਾ ਸਾਂ ਕਿ 41 ਸਾਲ ਇੰਗਲੈਂਡ ਵਿਚ ਰਹੇ ਅਤੇ ਮਿੱਟੀ ਮੁੜ
ਕੇ ਆਪਣੀ ਜਨਮ-ਭੂਮੀ 'ਤੇ ਪਈ। ਹੁਣ ਸਸਕਾਰ ਕਰ ਕੇ ਗੁਰਦੁਆਰਾ ਸਾਹਿਬ ਆਏ। ਉਥੇ ਅੰਤਿਮ ਅਰਦਾਸ ਕੀਤੀ।
ਅੰਤਮ ਅਰਦਾਸ ਵਿਚ ਤਕਰੀਬਨ ਅਸੀਂ ਬਹੁਤ ਹੀ ਨਜਦੀਕੀ ਰਿਸ਼ਤੇਦਾਰ ਜਾਂ ਘਰ ਦੇ ਜੀਅ ਹੀ ਆਏ। ਬਾਕੀ ਦੇ
ਉਥੋਂ ਸ਼ਮਸਾਨਘਾਟ ਤੋਂ ਹੀ ਤੁਰ ਗਏ। ਹੁਣ ਚਾਰ ਤਾਰੀਖ਼ ਨੂੰ ਐਤਵਾਰ ਵਾਲ਼ੇ ਦਿਨ ਫ਼ੁੱਲ ਚੁਗਣੇ ਸਨ। ਅਸੀਂ
ਘਰ ਦੇ ਸਭ ਜੀਅ ਅਤੇ ਕੁਝ ਰਿਸ਼ਤੇਦਾਰ ਆਏ। ਫ਼ੁੱਲ ਚੁਗ ਕੇ ਅਸੀਂ ਕੀਰਤਪੁਰ ਸਾਹਿਬ ਤਾਰ ਕੇ ਆਉਣੇ ਸਨ।
ਫ਼ੁੱਲ ਚੁਗ ਕੇ ਅਸੀਂ ਘਰ ਆ ਗਏ। ਕੁਝ ਕਹਿਣ ਲੱਗੇ ਕਿ ਤੁਸੀਂ ਇਕੱਲੇ ਹੀ ਘਰ ਆਇਓ, ਬੀਬੀ ਨੂੰ ਬਾਹਰ
ਕਾਰ ਵਿਚ ਹੀ ਰੱਖਿਓ! ਮੈਂ ਬੜਾ ਹੈਰਾਨ! ਕਿੰਨ੍ਹਾਂ ਭਰਮਾਂ ਵਿਚ ਅਸੀਂ ਡੁੱਬ ਗਏ? ਜਿਹਨਾਂ ਵਿਹਮਾਂ
ਭਰਮਾਂ ਵਿਚੋਂ ਸਾਨੂੰ ਸਾਡੇ ਗੁਰੂਆਂ ਨੇ ਕੱਢਿਆ ਸੀ, ਅਸੀਂ ਉਹਨਾਂ ਵਿਚ ਹੀ ਡੁੱਬ ਤੁਰੇ? ਮੈਂ ਆਖਿਆ
ਕਿ ਜਿਹੜਾ ਬੰਦਾ ਸਾਰੀ ਉਮਰ ਇਸ ਘਰ ਵਿਚ ਰਿਹਾ, ਜਿਸ ਬੰਦੇ ਨੇ ਸਾਰੀ ਉਮਰ ਕਮਾਈ ਕਰ ਕੇ ਇਹ ਘਰ
ਉਸਾਰਿਆ ਅਤੇ ਸਭ ਕਾਰਜ ਇਸ ਘਰ ਵਿਚ ਕੀਤੇ, ਉਹ ਅੱਜ ਇਸ ਘਰ ਵਿਚ ਕਿਉਂ ਨਹੀਂ ਆ ਸਕਦਾ? ਸਾਰੇ ਮੈਨੂੰ
ਕਹਿਣ ਲੱਗੇ ਕਿ ਤੂੰ ਐਂਵੇਂ ਵਾਧੇ ਕਰਦਾ ਰਹਿੰਦਾ ਹੈਂ, ਸਾਰੇ ਕਹਿੰਦੇ ਹਨ ਕਿ ਮਰੇ ਤੋਂ ਬਾਅਦ ਬੰਦੇ
ਨੂੰ ਘਰ ਨਹੀਂ ਲਿਆਈਦਾ।
ਸਾਡੇ ਨਾਲ਼ ਸਾਡੇ ਮਾਮੇ ਦਾ ਮੁੰਡਾ ਗੁਰਦੇਵ ਸਿੰਘ ਸੀ। ਉਸ ਨੇ ਮੇਰੀ ਹਾਂ ਵਿਚ ਹਾਂ ਰਲ਼ਾਈ। ਅਸੀਂ
ਮਾਤਾ ਜੀ ਦੇ ਜੋ ਫ਼ੁੱਲ ਚੁਗੇ ਸਨ, ਗੱਡੀ ਵਿਚੋਂ ਚੁੱਕ ਕੇ ਅੰਦਰ ਲੈ ਗਏ ਅਤੇ ਸਾਰਿਆਂ ਨੇ ਲੰਗਰ
ਛਕਿਆ। ਅਸੀਂ ਤਿੰਨੇ ਭਾਈ, ਸਾਡੀ ਇਕ ਭੈਣ ਅਤੇ ਪਿੰਡ ਦੀ ਇਕ ਹੋਰ ਔਰਤ ਅਤੇ ਨਾਲ਼ ਸਾਡਾ ਭਤੀਜਾ
ਕੀਰਤਪੁਰ ਸਾਹਿਬ ਨੂੰ ਚੱਲ ਪਏ। ਕੀਰਤਪੁਰ ਸਾਹਿਬ ਅਸੀਂ ਤਕਰੀਬਨ ਡੇੜ੍ਹ ਵਜੇ ਪਹੁੰਚੇ। ਪਹੁੰਚ ਕੇ
ਜੋ ਕਾਰਜ ਕਰਨਾ ਸੀ, ਉਹ ਕੀਤਾ। ਉਥੇ ਰਜ਼ਿਸਟਰ ਵਿਚ ਨਾਂ ਦਰਜ਼ ਕਰਵਾਇਆ ਅਤੇ ਗੁਰੂ ਮਹਾਰਾਜ ਦੇ ਦਰਬਾਰ
ਵਿਚ ਨਿਰੋਲ ਕੀਰਤਨ ਹੋ ਰਿਹਾ ਸੀ। ਮੱਥਾ ਟੇਕ ਕੇ ਕੁਝ ਚਿਰ ਬੈਠ ਗਏ। ਕੀਰਤਨ ਸਰਵਣ ਕਰਕੇ ਲੰਗਰ
ਛਕਿਆ ਅਤੇ ਵਾਪਿਸ ਮੋੜੇ ਪਾ ਲਏ। ਵਾਪਿਸ ਆਉਂਦਿਆਂ ਨੂੰ ਉਥੋਂ ਨਜਦੀਕ ਬੜੇ ਮੰਗਤੇ ਲਾਈਨਾਂ ਲਾਈ ਬੈਠੇ
ਸਨ। ਅਸੀਂ ਗੱਡੀ ਦੇ ਸ਼ੀਸ਼ੇ ਖੋਲ੍ਹ ਰੱਖੇ ਸੀ। ਸਾਡੇ ਕੋਲ ਇਕ ਗੁਥਲੀ ਰੁਪੈ ਦੇ ਸਿੱਕਿਆਂ ਦੀ ਭਰੀ
ਹੋਈ ਸੀ। ਅਸੀਂ ਕਿਸੇ ਨੂੰ ਦੋ ਰੁਪਏ ਅਤੇ ਕਿਸੇ ਨੂੰ ਇਕ, ਕਿਸੇ ਨੂੰ ਚਾਰ, ਜਿਵੇਂ ਜਿਵੇਂ ਵੀ ਹੱਥ
ਵਿਚ ਆਏ, ਉਸੇ ਤਰ੍ਹਾਂ ਹੀ ਦਿੰਦੇ ਗਏ। ਉਹ ਪੈਸੇ ਲੈਂਦੇ ਪਰ ਸਾਡਾ ਹੱਥ ਨਾ ਛੱਡਦੇ, ''ਸਰਦਾਰ ਜੀ,
ਬੱਸ ਰੁਪਏ ਦੇ ਸਿੱਕੇ ਹੀ ਦੇ ਕੇ ਜਾਓਂਗੇ...? ਕੋਈ ਨੋਟ ਛੋਟ ਕੱਢੋ..!!'' ਅਸੀਂ ਉਥੋਂ ਮਸਾਂ ਜਾਨ
ਛੁਡਾਈ। ਸ਼ਾਮ ਨੂੰ ਅਸੀਂ ਤਕਰੀਬਨ ਅੱਠ ਵਜੇ ਘਰ ਪਹੁੰਚ ਗਏ। ਬੱਸ, ਅੱਜ ਇਉਂ ਲੱਗ ਰਿਹਾ ਸੀ ਕਿ ਜਿਵੇਂ
ਸਾਡੇ ਕੋਲੋਂ ਕੋਈ ਕੀਮਤੀ ਚੀਜ਼ ਨਹੀਂ ਰਹੀ। ਮਾਂ ਤੋਂ ਵੱਡੀ ਕੀਮਤੀ ਚੀਜ਼ ਹੋ ਵੀ ਕਿਹੜੀ ਸਕਦੀ ਹੈ?
ਮਾਂ ਦੀ ਪਦਵੀ ਰੱਬ ਤੋਂ ਉਚੀ ਹੁੰਦੀ ਹੈ। ਸਭ ਚੀਜਾਂ ਜੱਗ ਵਿਚ ਮਿਲ਼ ਜਾਂਦੀਆਂ ਹਨ। ਇਕ ਮਾਂ ਅਤੇ
ਪਿਉ ਨਹੀਂ ਮਿਲ਼ਦੇ!
ਅੱਜ ਸੋਮਵਾਰ ਦਾ ਦਿਨ ਸੀ। ਦਿਨ ਲੰਘਦੇ ਗਏ। ਵੀਰਵਾਰ ਵਾਲੇ ਦਿਨ ਮਾਤਾ ਜੀ ਦੇ ਨਮਿੱਤ ਸ੍ਰੀ ਆਖੰਡ
ਪਾਠ ਆਰੰਭ ਕਰਨਾ ਸੀ। ਘਰ ਦੇ ਕਹਿਣ ਜੀ ਆਖੰਡ ਪਾਠ ਨਹੀਂ, ਸਹਿਜ ਪਾਠ ਰਖਵਾਓ! ਮੈਂ ਆਖਿਆ ਸਹਿਜ ਪਾਠ
ਤਦ ਹੀ ਰਖਵਾਉਣ ਨੂੰ ਫਿਰਦੇ ਹੋ ਕਿ ਤੁਹਾਨੂੰ ਖੇਚਲ਼ ਘੱਟ ਪਵੇ? ਆਖੰਡ ਪਾਠ ਹੀ ਰੱਖਾਂਗੇ ਅਤੇ ਬੈਠ
ਕੇ ਘੜੀ ਬਾਣੀ ਸਰਵਣ ਕਰਾਂਗੇ। ਕੋਈ ਸੰਗਤ ਦੇ ਰੂਪ ਵਿਚ ਆਵੇਗਾ, ਉਸ ਨੂੰ ਲੰਗਰ ਛਕਾਵਾਂਗੇ। ਖ਼ੈਰ
ਅੱਜ ਆਖੰਡ ਪਾਠ ਆਰੰਭ ਹੋ ਗਏ। ਆਖੰਡ ਪਾਠ ਦੇ ਦੂਸਰੇ ਦਿਨ ਮੈਂ ਆਖਿਆ ਕਿ ਪਾਠੀ ਸਿੰਘਾਂ ਲਈ ਵਧੀਆ
ਦਸਤਾਰਾਂ ਲਿਆਉਣੀਆਂ ਹਨ। ਘਰ ਦੇ ਕਹਿਣ ਲੱਗੇ ਕਿ ਕਿਸੇ ਮਰੇ ਤੋਂ ਬਾਅਦ ਵਾਧਾ ਨਹੀਂ ਕਰੀਦਾ। ਮੈਂ
ਆਖਿਆ ਮਾਈਆਂ ਬੀਬੀਆਂ ਨੂੰ, ਤੁਸੀਂ ਆਪਣੇ ਰੀਤੀ ਰਿਵਾਜ਼ ਕਿਉਂ ਨਹੀਂ ਘਟਾਉਂਦੀਆਂ? ਤੁਸੀਂ ਸਾਰੇ
ਰਿਸ਼ਤੇਦਾਰ ਸੱਦ ਰਹੇ ਹੋ ਅਤੇ ਤੁਸੀਂ ਤਕਰੀਬਨ ਸੌ ਤੋਂ ਵੱਧ ਸੂਟ ਗਿਣੇਂ ਹਨ। ਕੀ ਇਹ ਵਾਧਾ ਨਹੀਂ?
ਕਹਿਣ ਲੱਗੇ ਕਿ ਇਹ ਰਿਵਾਜ਼ ਤਾਂ ਤੁਰੇ ਆਉਂਦੇ ਹਨ..! ਮੈਂ ਕਿਹਾ ਰਿਵਾਜ਼ ਕਿਸ ਨੇ ਤੋਰੇ ਹਨ? ਅਸੀਂ
ਤੁਸੀਂ ਹੀ ਤੋਰੇ ਹਨ! ਜੇਕਰ ਐਸਾ ਨਾ ਕਰੀਏ, ਤਾਂ ਸਾਨੂੰ ਲੋਕ ਨਹੀਂ ਛੱਡਦੇ। ਮੈਂ ਕਿਹਾ ਕਿ ਜੇਕਰ
ਤੁਹਾਨੂੰ ਕੋਈ ਪੁੱਛਾਂ ਦੇਣ ਵਾਲਾ ਕਹਿੰਦਾ ਕਿ ਤੁਸੀਂ ਆਹ 'ਉਪਾ' ਕਰੋ, ਤਾਂ ਤੁਸੀਂ ਫ਼ਟਾ-ਫ਼ਟ ਉਸ ਦੇ
ਆਖੇ ਲੱਗ ਕੇ ਹਜ਼ਾਰਾਂ ਰੁਪਏ ਖ਼ਰਚ ਕਰ ਦੇਣੇ ਸਨ। ਪਰ ਜੋ ਪਾਠੀ ਸਿੰਘ ਤੁਹਾਨੂੰ ਗੁਰੂ ਕੀ ਬਾਣੀ ਸੁਣਾ
ਰਹੇ ਹਨ, ਉਹਨਾਂ ਲਈ ਦਸਤਾਰਾਂ ਭੇਂਟ ਕਰਨੀਆਂ ਵੀ ਤੁਹਾਨੂੰ 'ਵਾਧਾ' ਲੱਗਦਾ ਹੈ। ਮੇਰੇ ਆਪਣੇ ਖਿਆਲ
ਹਨ ਕਿ ਜੋ ਸਾਡੇ ਪਾਠੀ ਸਿੰਘ ਹਨ, ਉਹਨਾਂ ਦਾ ਜਿੰਨਾਂ ਵੀ ਮਾਣ ਸਤਿਕਾਰ ਹੋਵੇ, ਥੋੜ੍ਹਾ ਹੈ! ਪਰ
ਪਾਠੀ ਸਿੰਘਾਂ ਦਾ, ਗ੍ਰੰਥੀ ਸਿੰਘਾਂ ਦਾ ਜੀਵਨ ਵੀ ਇਤਨਾ ਉਚਾ ਅਤੇ ਸੁੱਚਾ ਹੋਵੇ, ਕਿ ਸਾਡੇ ਇਤਿਹਾਸ
ਵੱਲ ਕੋਈ ਉਂਗਲ਼ੀ ਨਾ ਕਰ ਸਕੇ!
ਖ਼ੈਰ, ਮੈਂ ਰੌਲ਼ਾ ਰੂਲ਼ਾ ਪਾ ਕੇ ਉਹਨਾਂ ਦੇ ਦਿਮਾਗ ਵਿਚ ਕੁਝ ਨਾ ਕੁਝ ਪਾ ਦਿੱਤਾ। ਮੈਨੂੰ ਕਹਿੰਦੇ ਅਖੇ
ਜਿਸ ਤਰ੍ਹਾਂ ਤੇਰੀ ਮਰਜ਼ੀ ਐ, ਕਰ ਲੈ! ਮੈਂ ਪੰਜਾਂ ਪਾਠੀਆਂ ਵਾਸਤੇ ਅੱਠ-ਅੱਠ ਮੀਟਰ ਦੀਆਂ ਦਸਤਾਰਾਂ
ਲੈ ਆਇਆ। ਤੁਸੀਂ ਸੱਚ ਜਾਣਿਓਂ! ਕਿ ਜਦੋਂ ਤੋਂ ਆਖੰਡ ਪਾਠ ਆਰੰਭ ਹੋਏ, ਪਹਿਲੀਆਂ ਛੇ ਪੌੜੀਆਂ ਜਪੁ
ਜੀ ਸਾਹਿਬ ਦੀਆਂ ਮਸੀਂ ਸਰਵਣ ਕੀਤੀਆਂ ਹੋਣਗੀਆਂ, ਪਾਠੀ ਸਿੰਘਾਂ ਨੇ ਪ੍ਰਸਾਦਿ ਵਰਤਾ ਦਿੱਤਾ ਅਤੇ ਉਥੋਂ
ਸਭ ਨੇ ਖਿਸਕਣ ਦੀ ਕੀਤੀ। ਬੱਸ ਬੀਬੀਆਂ ਨੇ ਆਪਣੀਆਂ ਗੱਲਾਂ ਤੋਰ ਲਈਆਂ। ਬਜੁਰਗਾਂ ਅਤੇ ਵੀਰਾਂ ਨੇ
ਆਪਣੀਆਂ ਆਪਣੀਆਂ ਢਾਣੀਆਂ ਬਣਾ ਲਈਆਂ। ਮੈਂ ਸੋਚ ਰਿਹਾ ਸੀ ਕਿ ਸਾਡੇ ਧਰਮ ਦਾ ਕੀ ਬਣੂੰਗਾ? ਅਸੀਂ
ਆਖੰਡ ਪਾਠ ਆਰੰਭ ਕਰਵਾ ਕੇ ਬਾਣੀ, ਜਾਂ ਗੁਰ-ਉਪਦੇਸ ਥੋੜ੍ਹਾ ਬਹੁਤਾ ਵੀ ਸਰਵਣ ਨਹੀਂ ਕਰਦੇ? ਅਸੀਂ
ਇਹ ਸਤਿਗੁਰਾਂ ਦੀ ਬੇਅਦਬੀ ਖ਼ੁਦ ਕਰਦੇ ਹਾਂ। ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗ੍ਰੰਥੀ ਸਿੰਘ
ਅਸੀਂ ਨੌਕਰ ਰੱਖੇ ਹੋਏ ਹੁੰਦੇ ਹਨ...! ਜਦੋਂ ਭੋਗ ਪੈਣੇ ਸਨ ਤਾਂ ਉਦੋਂ ਵੀ ਸਤਿਗੁਰਾਂ ਦੀ ਹਜੂਰੀ
ਵਿਚ ਆਉਣ ਤੋਂ ਜਿਵੇਂ ਡਰ ਲੱਗਦਾ ਹੋਵੇ। ਨੌਵੇਂ ਪਾਤਿਸ਼ਾਹ ਦੇ ਸਲੋਕ ਸ਼ੁਰੂ ਹੋਣ ਤੋਂ ਕੁਝ ਚਿਰ ਪਹਿਲਾਂ
ਮੈਂ ਬਾਹਰ ਬੈਠੀਆਂ ਬੀਬੀਆਂ ਅਤੇ ਵੀਰਾਂ ਨੂੰ ਆਖ ਦਿੱਤਾ ਕਿ ਹੁਣ ਤਾਂ ਸਲੋਕ ਸ਼ੁਰੂ ਹੋਣ ਵਾਲੇ ਹਨ,
ਹੁਣ ਤਾਂ ਦੋ ਘੜ੍ਹੀਆਂ ਆਣ ਕੇ ਬੈਠ ਜਾਓ! ਜਵਾਬ ਮਿਲਿਆ, ਕੋਈ ਨਹੀਂ, ਅਜੇ ਬਹੁਤ ਚਿਰ ਹੈ, ਐਨਾਂ
ਚਿਰ ਕਿਤੇ ਬੈਠ ਹੁੰਦਾ? ਮੈਂ ਕਿਹਾ ਬਈ ਜੇਕਰ ਚਾਰ ਬੰਦੇ ਇਕੱਠੇ ਹੋਣ, ਤੇ ਗੱਲਾਂ ਕਰਦੇ ਹੋਣ, ਅਤੇ
ਇਕ ਬੰਦੇ ਦੀ ਗੱਲ ਨਾ ਸੁਣੀ ਜਾਵੇ, ਉਹ ਉਥੋਂ ਗੁੱਸੇ ਹੋ ਕੇ, ਉਠ ਕੇ ਤੁਰ ਜਾਂਦਾ ਹੈ! ਪਰ ਤੁਹਾਡਾ
ਪਿਉ, ਸ੍ਰੀ ਗੁਰੂ ਗ੍ਰੰਥ ਸਾਹਿਬ ਪਿਛਲੇ ਸੰਤਾਲ਼ੀ ਘੰਟਿਆਂ ਤੋਂ ਤੁਹਾਨੂੰ ਉਪਦੇਸ਼ ਦੇਣ ਦੀ ਕੋਸ਼ਿਸ਼
ਕਰਦਾ ਹੈ, ਪਰ ਤੁਸੀਂ ਕਿਸੇ ਨੇ ਵੀ ਨਹੀਂ ਸੁਣਿਆਂ। ਫਿਰ ਦੱਸੋ ਕਿ ਤੁਹਾਡੇ ਪਿਉ ਦੇ ਦਿਲ 'ਤੇ ਕੀ
ਬੀਤਦੀ ਹੋਵੇਗੀ?
ਖ਼ੈਰ, ਕਹੇ, ਸੁਣੇ ਤੋਂ ਕੁਝ ਕੁ ਅਸਰ ਸਾਰਿਆਂ ਦੇ ਮਨਾਂ 'ਤੇ ਪਿਆ। ਜਿੰਨੇ ਵੀ ਰਿਸ਼ਤੇਦਾਰ, ਪਿੰਡ ਦੇ
ਲੋਕ, ਜਦੋਂ ਮੁੰਦਾਵਣੀ ਮਹਲਾ ਪੰਜਵਾਂ ਪੜ੍ਹ ਹੋ ਰਿਹਾ ਸੀ, ਉਦੋਂ ਹੀ ਆਏ। ਭੋਗ ਪਿਆ। ਰਾਗੀ ਸਿੰਘਾਂ
ਨੇ ਕੀਰਤਨ ਕੀਤਾ। ਮਾਤਾ ਜੀ ਨੂੰ ਕੁਝ ਪਤਵੰਤੇ ਸੱਜਣਾਂ ਨੇ ਸ਼ਰਧਾ ਦੇ ਫ਼ੁੱਲ ਭੇਂਟ ਕੀਤੇ। ਅਰਦਾਸ
ਹੋਈ। ਦਸ ਫ਼ਰਵਰੀ ਨੂੰ ਤਕਰੀਬਨ ਸ਼ਾਮ ਤਿੰਨ ਵਜੇ ਸਮਾਪਤੀ ਹੋਈ। ਸਭ ਕੁਝ ਹੋ ਗਿਆ। ਸਭ ਕਾਰਜ ਕਰਕੇ
ਹੁਣ ਮਨ ਨਹੀਂ ਸੀ ਲੱਗ ਰਿਹਾ। ਅੱਜ ਇਉਂ ਮਹਿਸੂਸ ਹੋ ਰਿਹਾ ਸੀ ਕਿ ਜਿਵੇਂ ਅੱਜ ਸਾਡੇ ਤੋਂ ਕੋਈ
ਦੁਰਲੱਭ ਚੀਜ਼ ਖੁੱਸ ਗਈ ਸੀ। ਪਰ ਗੁਰਬਾਣੀ ਦੇ ਪਵਿੱਤਰ ਫ਼ੁਰਮਾਨ, ਇਹੁ ਮਾਰਗ ਸੰਸਾਰ ਕੋ ਨਾਨਕ ਥਿਰੁ
ਨਹਿ ਕੋਇ॥ ਅਨੁਸਾਰ ਇਹ ਭਾਣਾ ਮਿੱਠਾ ਮਿੱਠਾ ਕਰ ਕੇ ਮੰਨਣਾ ਹੀ ਪੈਣਾ ਸੀ। ਮਾਂ ਤੋਂ ਵੱਧ ਕੀਮਤੀ
ਚੀਜ਼ ਕੋਈ ਨਹੀਂ ਹੁੰਦੀ। ਸਿਆਣਿਆਂ ਦੇ ਕਥਨ ਅਨੁਸਾਰ ਮਾਂ ਠੰਢੀ ਛਾਂ ਹੁੰਦੀ ਹੈ। ਇਹਨਾਂ ਮਾਵਾਂ ਦੇ
ਸਿਰ 'ਤੇ ਐਡੀ ਵੱਡੀ ਦੁਨੀਆਂ ਵਸਦੀ ਹੈ। ਕੁਦਰਤ ਦੇ ਰੰਗ ਵੀ ਐਸੇ ਹਨ। ਮਾਤਾ ਜੀ ਦੇ ਵਾਪਿਸ
ਇੰਗਲੈਂਡ ਆਉਣ ਦਾ ਜੋ ਦਿਨ ਸੀ, ਉਹ 14 ਫ਼ਰਵਰੀ ਸੀ। ਜਦੋਂ ਅਸੀਂ ਸੀਟ ਬੁੱਕ ਕਰਨ ਗਏ ਤਾਂ ਤਾਂ ਮੈਨੂੰ
ਅਤੇ ਮੇਰੇ ਛੋਟੇ ਭਾਈ ਨੂੰ 14 ਫ਼ਰਵਰੀ ਦੀ ਹੀ ਸੀਟ ਮਿਲੀ। ਅਸੀਂ ਜਹਾਜ ਦੇ ਵਿਚ ਆ ਕੇ ਹੋਰ ਵੀ ਘਾਟ
ਜਿਹੀ ਮਹਿਸੂਸ ਕੀਤੀ। ਇੱਥੇ ਆ ਕੇ ਸਾਰੇ ਅਖ਼ਬਾਰਾਂ ਰਸਾਲਿਆਂ ਨੇ ਖ਼ਬਰ ਲਾਈ ਕਿ ਤਾਰਾ ਸਿੰਘ ਤਾਰਾ ਦੇ
ਮਾਤਾ ਜੀ ਵਿਛੋੜਾ ਦੇ ਗਏ। ਸਾਰੇ ਰੇਡੀਓ ਵਾਲਿਆਂ ਨੇ ਵੀ ਖ਼ਬਰਾਂ ਦਿੱਤੀਆਂ। ਹੁਣ ਟੈਲੀਫ਼ੋਨ ਆਉਣੇ
ਸ਼ੁਰੂ ਹੋ ਗਏ। ਜਿਹਨਾਂ ਜਿਹਨਾਂ ਨੂੰ ਪਤਾ ਲੱਗਿਆ, ਘਰ ਵਿਚ ਆ ਕੇ ਸਾਡੇ ਦੁੱਖ ਵਿਚ ਸ਼ਰੀਕ ਹੋਏ। ਅਤੀ
ਅੰਤ ਧੰਨਵਾਦੀ ਹਾਂ ਸਾਰੇ ਅਖ਼ਬਾਰਾਂ ਅਤੇ ਸਾਰੇ ਰੇਡੀਓ ਸਟੇਸ਼ਨਾਂ ਦਾ, ਜਿਹਨਾਂ ਨੇ ਐਨਾਂ ਮਾਣ ਬਖ਼ਸ਼ਿਆ
ਅਤੇ ਮਾਤਾ ਜੀ ਦੇ ਦੁੱਖ ਵਿਚ ਸਾਡੇ ਦੁੱਖੜਿਆਂ ਵਿਚ ਸ਼ਰੀਕ ਹੋਏ। ਸ਼ੁਕਰਗੁਜ਼ਾਰ ਹਾਂ ਉਹਨਾਂ ਸਾਰੇ
ਲੇਖਕਾਂ, ਮਿੱਤਰਾਂ, ਰਿਸ਼ਤੇਦਾਰਾਂ ਅਤੇ ਪਾਠਕਾਂ ਦਾ ਜਿਹਨਾਂ ਨੇ ਇਸ ਔਖੀ ਘੜ੍ਹੀ ਵਿਚ ਸਾਨੂੰ ਦਿਲਬਰੀ
ਦਿੱਤੀ। ਇਕ ਗੱਲ ਜ਼ਰੂਰ ਆਖਣਾ ਚਾਹਾਂਗਾ ਕਿ ਡੀ. ਐੱਮ। ਸੀ. ਹਸਪਤਾਲ ਵਾਲਿਆਂ ਨੇ ਸਾਨੂੰ ਹੁਣ ਤੱਕ
ਨਹੀਂ ਦੱਸਿਆ ਕਿ ਮਾਤਾ ਜੀ ਨੂੰ ਕੀ ਬੀਮਾਰੀ ਸੀ? ਅਤੇ ਨਾ ਹੀ ਉਹਨਾਂ ਨੇ ਇਸ ਦੇ ਸਬੰਧ ਵਿਚ ਕੋਈ
ਰਿਪੋਰਟ ਸਾਨੂੰ ਸੌਂਪੀ!
ਆਖਰ ਵਿਚ ਇਕ ਪੁੱਤਰ ਤੁਰ ਗਈ ਮਾਂ ਨੂੰ ਸਿਰਫ਼ ਇਹਨਾਂ ਲਫ਼ਜ਼ਾ ਨਾਲ਼ ਹੀ ਸ਼ਰਧਾਂਜਲੀ ਵਜੋਂ ਮੁਖ਼ਾਤਿਬ
ਹੋਵਗਾ ਕਿ ਐ ਜਾਣ ਵਾਲ਼ੀਏ ਮੇਰੀਏ ਮਾਏ..! ਤੂੰ ਸਰੀਰਕ ਤੌਰ 'ਤੇ ਬੇਸ਼ੱਕ ਸਾਡੇ ਕੋਲੋਂ ਵਿਛੜ ਗਈ
ਹੈਂ। ਪਰ ਇਕ ਪਵਿੱਤਰ ਯਾਦ ਵਜੋਂ ਤੂੰ ਹਮੇਸ਼ਾ ਹੀ ਸਾਡੇ ਦਿਲਾਂ ਵਿਚ ਵਸੇਂਗੀ! ਤੇਰੇ ਹਰੇ-ਭਰੇ
ਪ੍ਰੀਵਾਰ ਦੀ ਫ਼ੁਲਵਾੜੀ ਤੇਰੀਆਂ ਮਾਣ-ਮੱਤੀਆਂ ਯਾਦਾਂ ਵਿਚ ਮਹਿਕ ਰਹੀ ਹੈ। ਪਰ ਇਸ ਫ਼ੁਲਵਾੜੀ ਵਿਚ
ਤੂੰ ਸ਼ਸ਼ੋਭਿਤ ਨਹੀਂ। ਬੱਸ...! ਇਤਨਾ ਸੋਚ ਜਾਂ ਚਿਤਵ ਕੇ ਮੈਂ ਉਦਾਸ ਹੋ ਜਾਂਦਾ ਹਾਂ। ਤੇਰੀ ਸੁਚੱਜੀ
ਸੁਮੱਤ ਸਦਕਾ ਅੱਜ ਤੇਰਾ ਆਰ-ਪ੍ਰੀਵਾਰ ਚੜ੍ਹਦੀ ਕਲਾ ਵਿਚ ਵਿਚਰ ਰਿਹਾ ਹੈ। ਜੱਗ ਦਿਖਾਉਣ ਵਾਲ਼ੀਏ
ਮੇਰੀਏ ਮਾਏ..! ਤੇਰਾ ਪੁੱਤ ਸਤਿਗੁਰੂ ਅੱਗੇ ਅਰਦਾਸ ਕਰਦਾ ਹੈ ਕਿ ਅਕਾਲ ਪੁਰਖ਼ ਤੈਨੂੰ ਆਪਣੇ ਪਵਿੱਤਰ
ਚਰਨਾਂ ਵਿਚ ਜਗਾਹ ਬਖ਼ਸ਼ੇ ਅਤੇ ਤੇਰੀ ਆਤਮਾਂ ਨੂੰ ਸ਼ਾਂਤੀ ਦੇਵੇ!