ਅੰਨ੍ਹੀ ਪੀਸੇ ਕੁੱਤਾ ਚੱਟੇ...!

ਕਿਸ਼ਤ 6

ਤਾਰਾ ਸਿੰਘ ਤਾਰਾ, ਆਧੀ ਵਾਲ਼ਾ

ਮਾਤਾ ਜੀ

ਦੂਸਰੇ ਦਿਨ ਮੈਂ ਤਕਰੀਬਨ ਪੌਣੇ ਦਸ ਵਾਪਿਸ ਆਇਆ, ਤਾਂ ਮੈਂ ਬਾਹਰਲੇ ਗੇਟ ਤੋਂ ਅੰਦਰ ਆ ਕੇ ਪੌੜੀਆਂ ਵਿਚੋਂ ਦੀ ਜਿੱਥੇ ਵੇਟਿੰਗ-ਏਰੀਆ ਹੈ, ਉਥੇ ਜਾ ਕੇ ਮੈਂ ਆਪਣੇ ਭਤੀਜੇ ਨੂੰ ਰੋਟੀ ਦੇ ਕੇ ਮਾਤਾ ਜੀ ਕੋਲ ਜਾਣਾ ਸੀ। ਪਰ ਅੱਜ ਇਕ ਨਵੀਂ ਰੁਕਾਵਟ ਆਣ ਖੜ੍ਹੀ ਹੋਈ। ਜਦੋਂ ਮੈਂ ਉਹਨਾਂ ਪੌੜੀਆਂ ਕੋਲ਼ ਆਇਆ ਤਾਂ ਇਕ ਸਕਿਊਰਿਟੀ ਵਾਲਾ ਸਰਦਾਰ ਉਥੇ ਖੜ੍ਹਾ ਸੀ। ਮੇਰੇ ਕੋਲ਼ ਰੋਟੀ ਵਾਲਾ ਝੋਲ਼ਾ ਸੀ। ਕਹਿੰਦਾ ਇਸ ਝੋਲ਼ੇ ਵਿਚ ਕੀ ਹੈ? ਮੈਂ ਕਿਹਾ ਕਿ ਇਸ ਵਿਚ ਰੋਟੀ ਹੈ! ਕਹਿੰਦਾ ਤੁਹਾਨੂੰ ਪਤਾ ਹੈ ਕਿ ਤੁਸੀਂ ਪਾਸ ਤੋਂ ਬਿਨਾ ਅੰਦਰ ਨਹੀਂ ਜਾ ਸਕਦੇ? ਪਹਿਲਾਂ ਪਾਸ ਦਿਖਾਓ, ਫਿਰ ਤੁਸੀਂ ਇੱਥੋਂ ਦੀ ਜਾ ਸਕਦੇ ਹੋ, ਨਹੀਂ ਤਾਂ ਪਿੱਛੇ ਮੁੜ ਜਾਹ! ਮੈਂ ਉਸ ਨੂੰ ਕਿਹਾ ਕਿ ਮੇਰਾ ਪਾਸ ਉਪਰ ਹੈ। ਜਦੋਂ ਮੈਂ ਵੇਟਿੰਗ-ਏਰੀਏ ਵਿਚ ਗਿਆ, ਤਾਂ ਉਥੋਂ ਮੈਂ ਪਾਸ ਲੈ ਕੇ ਅੰਦਰ ਚਲਿਆ ਜਾਣਾਂ ਹੈ ਅਤੇ ਮੇਰੇ ਭਤੀਜੇ ਨੇ ਬਾਹਰ ਆ ਜਾਣੈਂ! ਉਸ ਦਾ ਮਤਲਬ ਮੈਂ ਸਮਝ ਗਿਆ ਸੀ ਕਿ ਇਹ ਕਿਹੜਾ 'ਪਾਸ' ਮੰਗਦਾ ਹੈ? ਪਰ ਉਹ ਮੈਨੂੰ ਪਤਾ ਸੀ ਕਿ 'ਉਹ' ਪਾਸ ਪੰਜਾਹਾਂ ਦਾ ਨੋਟ ਸੀ। ਪਰ ਮੈਂ ਉਹ 'ਪਾਸ' ਨਹੀਂ ਸੀ ਦੇਣਾਂ! ਮੈਂ ਵੇਖਿਆ ਕਿ ਮੇਰੇ ਤੋਂ ਪਿੱਛੋਂ ਬੰਦੇ ਲੰਘਦੇ ਜਾਂਦੇ ਹਨ। ਉਹਨਾਂ ਨੂੰ ਕੁਝ ਨਹੀਂ ਕਹਿੰਦਾ, ਮੈਨੂੰ ਖ਼ਾਹ-ਮਖ਼ਾਹ ਕਿਉਂ ਨਹੀਂ ਜਾਣ ਦਿੰਦਾ? ਮੈਂ ਕਿਹਾ ਮੇਰੇ ਤੋਂ ਪਿੱਛੋਂ ਤੂੰ ਦਸ ਬੰਦੇ ਲੰਘ ਲੈਣ ਦਿੱਤੇ, ਕੀ ਉਹਨਾਂ ਸਾਰਿਆਂ ਕੋਲ਼ ਪਾਸ ਸਨ? ਉਸ ਦਾ ਰੰਗ ਫ਼ਿੱਕਾ ਜਿਹਾ ਪੈ ਗਿਆ। ਮੈਂ ਪੌੜੀਆਂ ਚੜ੍ਹ ਗਿਆ। ਉਹ ਖੜ੍ਹਾ ਵੇਖਦਾ ਰਿਹਾ। ਕਹਿੰਦਾ, ਕੋਈ ਨਾ, ਕੱਲ੍ਹ ਨੂੰ ਚੜ੍ਹ ਕੇ ਵਿਖਾਈਂ! ਮੈਂ ਕਿਹਾ ਕਿ ਮੈਂ ਕੱਲ੍ਹ ਨੂੰ ਵੀ ਆਉਣਾ ਹੈ, ਤੂੰ ਰੋਕ ਕੇ ਵਿਖਾਈਂ! ਮੈਂ ਹਰ ਰੋਜ ਹੀ ਜਾਂਦਾ ਰਿਹਾ, ਜਦੋਂ ਮੈਂ ਲੰਘਣਾਂ, ਉਸ ਨੇ ਮੂੰਹ ਦੂਜੇ ਪਾਸੇ ਕਰ ਲੈਣਾਂ! ਉਸ ਨੂੰ ਪਤਾ ਲੱਗ ਗਿਆ ਕਿ ਇੱਥੋਂ ਕੁਝ ਨਹੀਂ ਮਿਲਣਾ!
ਅੱਜ ਫਿਰ ਮੇਰਾ ਸਾਰਾ ਦਿਨ ਹੀ ਪ੍ਰੇਸ਼ਾਨੀਆਂ ਵਿਚ ਹੀ ਲੰਘ ਗਿਆ। ਹਸਪਤਾਲ਼ ਵਿਚ ਇਕ ਤਾਂ ਬੰਦਾ ਉਂਜ ਹੀ ਦੁਖੀ ਹੁੰਦਾ ਹੈ, ਦੂਸਰਾ ਜੋ ਹਸਪਤਾਲ਼ ਵਿਚ ਕੰਮ ਕਰਨ ਵਾਲ਼ੇ ਉਹਨਾਂ ਦੀ ਭਵਿੱਖਬਾਣੀ ਸੁਣ-ਸੁਣ ਦੁਖੀ ਹੋ ਜਾਂਦਾ ਹੈ। ਹੁਣ ਅੱਜ ਦਾ ਦਿਨ ਵੀ ਬੀਤ ਗਿਆ। ਜਦੋਂ ਮੈਂ ਘਰ ਨੂੰ ਚਲਾ ਗਿਆ ਤਾਂ ਰਾਤ ਨੂੰ ਮਾਤਾ ਜੀ ਨੂੰ ਕੁਝ ਸਾਹ ਰੁਕ-ਰੁਕ ਕੇ ਆਉਣ ਲੱਗ ਪਿਆ। ਮੇਰਾ ਭਤੀਜਾ ਬਲਵੰਤ ਸਿੰਘ ਕੋਲ਼ ਸੀ। ਉਸ ਨੇ ਦੱਸਿਆ ਕਿ ਬੀਬੀ ਨੂੰ ਸਾਹ ਰੁਕ-ਰੁਕ ਕੇ ਆਉਂਦਾ ਹੈ। ਹਸਪਤਾਲ਼ ਵਾਲ਼ਿਆਂ ਨੇ ਕਿਹਾ ਹੈ ਕਿ ਵੈਂਟੀਲੇਟਰ ਮਸ਼ੀਨ ਲਾਉਣੀ ਪਵੇਗੀ। ਜਿਸ ਦਾ ਖਰਚਾ ਰੋਜ ਦਾ ਛੇ ਹਜ਼ਾਰ ਰੁਪਏ ਹਨ। ਜੇ ਕਰ ਲਗਵਾਉਣੀ ਹੈ ਤਾਂ ਛੇ ਹਜ਼ਾਰ ਰੁਪਏ ਜਮਾਂਹ ਕਰਵਾ ਦਿਓ! ਅਸੀਂ ਮਸ਼ੀਨ ਮੰਗਵਾ ਲੈਂਦੇ ਹਾਂ। ਬੜੀ ਹੈਰਾਨੀ ਦੀ ਗੱਲ, ਮਸ਼ੀਨ ਮੰਗਵਾ ਲੈਂਦੇ ਹਾਂ? ਮਰੀਜ਼ ਨੂੰ ਐਸ ਵੇਲ਼ੇ ਮਸ਼ੀਨ ਦੀ ਲੋੜ ਹੈ, ਤੁਸੀਂ ਜਦੋਂ ਤੱਕ ਮਸ਼ੀਨ ਮੰਗਵਾਵੋਂਗੇ, ਤਾਂ ਪਤਾ ਨਹੀਂ ਮਰੀਜ਼ ਨੂੰ ਸਾਹ ਆਵੇ ਕਿ ਨਾ ਆਵੇ?
ਮੇਰਾ ਭਤੀਜਾ ਕਹਿਣ ਲੱਗਿਆ ਕਿ ਪੈਸੇ ਲਓ ਅਤੇ ਮਸ਼ੀਨ ਲਾਓ! ਮਸ਼ੀਨ ਤਾਂ ਉਹਨਾਂ ਦੇ ਕੋਲ਼ ਹੀ ਪਈ ਸੀ। ਮਸ਼ੀਨ ਲਾ ਦਿੱਤੀ ਗਈ। ਮੈਂ ਸਵੇਰੇ ਆਇਆ ਤਾਂ ਵੈਂਟੀਲੇਟਰ ਮਸ਼ੀਨ ਲੱਗੀ ਹੋਈ ਸੀ। ਮੈਂ ਡਿਊਟੀ ਡਾਕਟਰ ਨੂੰ ਪੁੱਛਿਆ ਕਿ ਅੱਜ ਸਿਹਤ ਜਿੱਥੋਂ ਪਹਿਲਾਂ ਤੁਰੀ ਸੀ, ਉਥੇ ਹੀ ਮੁੜ ਕੇ ਆ ਗਈ। ਸਿਹਤ ਬਹੁਤ 'ਡਾਊਨ' ਹੈ। ਅੱਜ ਫਿਰ ਵੈਂਟੀਲੇਟਰ ਮਸ਼ੀਨ ਲਾ ਦਿੱਤੀ। ਉਹਨਾਂ ਨੇ ਉਤਰ ਦਿੱਤਾ ਕਿ ਸਾਹ ਵਿਚ ਕੁਝ ਰੁਕਾਵਟ ਆਉਂਦੀ ਸੀ। ਇਸ ਲਈ ਸਾਨੂੰ ਮਸ਼ੀਨ ਦੁਬਾਰਾ ਲਾਉਣੀ ਪਈ। ਮੈਂ ਆਖਿਆ ਕਿ ਕਿਤਨੀ ਕੁ ਦੇਰ ਲਾਉਣੀ ਪਵੇਗੀ? ਕਹਿਣ ਲੱਗੇ ਕਿ ਸ਼ਾਇਦ ਅੱਜ ਸ਼ਾਮ ਤੱਕ ਲੱਥ ਜਾਵੇ? ਪਰ ਮਾਤਾ ਜੀ ਤੜਫ਼ ਰਹੇ ਸਨ। ਪਾਸੇ ਮਾਰੀ ਜਾਂਦੇ ਸਨ। ਜਾਪ ਰਿਹਾ ਸੀ ਕਿ ਬਹੁਤ ਤਕਲੀਫ਼ ਵਿਚ ਸਨ। ਹੁਣ ਜਦੋਂ ਮੈਂ ਆਪ੍ਰੇਸ਼ਨ ਵਾਲ਼ਾ ਜ਼ਖ਼ਮ ਵੇਖਿਆ ਤਾਂ ਉਸ ਵਿਚੋਂ ਲਹੂ ਸਿੰਮ ਰਿਹਾ ਸੀ ਅਤੇ ਖੱਬੀ ਲੱਤ ਵਿਚੋਂ ਮਾਸ ਕੱਢ ਕੇ ਉਹ ਜ਼ਖ਼ਮ ਮੇਟਿਆ ਸੀ। ਖੱਬੀ ਲੱਤ ਵਿਚੋਂ ਵੀ ਲਹੂ ਸਿੰਮ ਰਿਹਾ ਸੀ। ਮੈਂ ਕਿਹਾ ਕਿ ਇਹ ਜ਼ਖ਼ਮਾਂ ਵਿਚੋਂ ਲਹੂ ਸਿੰਮ ਰਿਹਾ ਹੈ, ਇਸ ਦਾ ਕੋਈ ਇਲਾਜ਼ ਕਰੋ! ਕਹਿਣ ਲੱਗੇ ਕਿ ਅਸੀਂ ਟੈਲੀਫ਼ੋਨ ਕੀਤਾ ਹੈ, ਜ਼ਖ਼ਮ ਦੇਖਣ ਆ ਰਹੇ ਹਨ। ਹੁਣ ਉਹ ਦੋ ਜਣੇਂ, ਇਕ ਮਰਦ ਅਤੇ ਇਕ ਔਰਤ! ਉਹ ਕਹਿੰਦੇ ਕਿ ਸੁਬਾਹ ਐਕਸਰਾ ਕਰਨਾ ਪਵੇਗਾ। ਇਹਨਾਂ ਨੂੰ ਉਥੇ ਲੈ ਕੇ ਜਾਣਾ ਪਵੇਗਾ। ਉਹ ਮਸ਼ੀਨ ਹੇਠਲੀ ਮੰਜ਼ਿਲ 'ਤੇ ਹੈ। ਜੋ ਸਾਰੀ ਬਾਡੀ ਦੀ ਸਕੈਨਿੰਗ ਕਰ ਦਿੰਦੀ ਹੈ।
ਦੂਜੇ ਦਿਨ ਅਸੀਂ ਉਥੇ ਮਾਤਾ ਜੀ ਨੂੰ ਲੈ ਕੇ ਗਏ ਤਾਂ ਉਸ ਮਸ਼ੀਨ ਵਿਚੋਂ ਬੰਦੇ ਨੂੰ ਲੰਘਾਇਆ ਜਾਂਦਾ ਹੈ। ਮਸ਼ੀਨ ਦੀ ਸ਼ਕਲ ਗੋਲ਼ ਜਿਹੀ ਹੈ। ਕਾਫ਼ੀ ਵੱਡੀ ਹੈ, ਚਿੱਟੇ ਰੰਗ ਦੀ! ਕਹਿੰਦੇ ਹਨ ਕਿ ਇਹ ਅਮਰੀਕਾ ਵਿਚੋਂ ਮੰਗਵਾਈ ਹੈ। ਇਕ ਔਰਤ ਆਈ। ਉਸ ਨੇ ਮਸ਼ੀਨ ਦਾ ਬਟਨ ਨੱਪਿਆ। ਮਸ਼ੀਨ ਸਟਾਰਟ ਹੋ ਗਈ। ਉਸ ਔਰਤ ਦਾ ਮੋਬਾਇਲ ਖੜਕ ਪਿਆ। ਉਸ ਨੇ ਐਕਸਰਾ ਲੈਣਾਂ ਵਿਚ ਹੀ ਛੱਡ ਕੇ ਮੋਬਾਇਲ ਫ਼ੋਨ 'ਤੇ ਗੱਲਾਂ ਕਰਨ ਲੱਗ ਪਈ। ਮਾਤਾ ਜੀ, ਜਿਹਨਾਂ ਦੀ ਸਿਹਤ ਬੜੀ ਗੰਭੀਰ ਬਣੀ ਹੋਈ ਸੀ। ਮੈਂ ਉਸ ਨੀੰ ਇਸ਼ਾਰੇ ਨਾਲ਼ ਦੱਸਿਆ ਕਿ ਤੁਸੀਂ ਜਲਦੀ ਕਰੋ, ਮਾਤਾ ਜੀ ਠੀਕ ਨਹੀਂ ਹਨ! ਆਖਣ ਲੱਗੀ ਇਹ ਫ਼ੋਨ ਵੀ ਜ਼ਰੂਰੀ ਸੀ। ਉਸ ਤੋਂ ਬਾਅਦ ਅੰਦਰ ਕੰਪਿਊਟਰ 'ਤੇ ਟੈਲੀਵਿਯਨ ਸਕਰੀਨ ਵਿਚ ਦੀ ਬੰਦੇ ਦੀ 'ਬਾਡੀ' ਦਿਸ ਪੈਂਦੀ ਹੈ। ਜੋ ਕੁੜੀ ਅੰਦਰ ਬਾਡੀ ਦੇਖ ਰਹੀ ਸੀ, ਉਹ ਬਹੁਤ ਜ਼ਰੂਰੀ ਸੀ। ਪਰ ਇਕ ਹੋਰ ਆਫ਼ੀਸਰ ਇਕ ਫ਼ਾਈਲ ਲੈ ਕੇ ਆਇਆ ਅਤੇ ਕਹਿਣ ਲੱਗਿਆ ਕਿ ਇਸ 'ਤੇ ਦਸਤਖ਼ਤ ਕਰ ਦਿਓ! ਉਹ ਕੁੜੀ ਸਕਰੀਨ ਦੇਖਣੀ ਛੱਡ ਕੇ ਦਸਤਖ਼ਤ ਕਰਨ ਲੱਗ ਪਈ। ਇਹ ਦੇਖ ਕੇ ਮੈਨੂੰ ਕਰੋਧ ਆਇਆ ਕਿ ਇੱਥੇ ਕੋਈ ਤਾਂ ਅਸੂਲ ਹੋਵੇ? ਜੋ ਮਰੀਜ਼ ਦਾ ਫ਼ਾਇਦਾ ਕਰ ਸਕਦਾ ਹੋਵੇ? ਪਰ ਨਹੀਂ..! ਮਰੀਜ਼ਾਂ ਤੋਂ ਇਕ ਪੈਸੇ ਬਟੋਰਨ ਦਾ ਹੀ ਵਸੀਲਾ ਹੈ। ਹਸਪਤਾਲਾਂ ਦਾ ਜੋ ਫ਼ਰਜ਼ ਹੁੰਦਾ ਹੈ, ਉਹ ਨਹੀਂ ਨਿਭਾਉਂਦੇ!
ਇਕ ਗੱਲ ਹੋਰ ਹੈ ਸਫ਼ਾਈ ਦੀ। ਜੋ ਵੈਂਟੀਲੇਟਰ ਮਸ਼ੀਨ ਮਾਤਾ ਜੀ ਦੇ ਲਾਈ ਹੋਈ ਸੀ, ਉਸ ਉਪਰ ਇੰਚ-ਇੰਚ ਧੂੜ ਜੰਮੀ ਹੋਈ ਸੀ। ਮੈਂ ਨਰਸ ਨੂੰ ਪੁੱਛਿਆ ਕਿ ਇਹ ਮਸ਼ੀਨ ਕੋਈ ਸਾਫ਼ ਵੀ ਕਰਦਾ ਹੁੰਦਾ ਹੈ ਕਿ ਨਹੀਂ? ਕਹਿੰਦੀ, ਕਦੇ-ਕਦੇ ਕਰਦੇ ਹੁੰਦੇ ਹਨ। ਮੈਂ ਕਿਹਾ ਕਿ ਕਦੇ-ਕਦੇ ਕਿਉਂ? ਹਰ ਰੋਜ ਕਿਉਂ ਨਹੀਂ ਕਰਦੇ? ਇਹਨਾਂ ਨੇ ਸਫ਼ਾਈ ਵਾਲ਼ੇ ਨਹੀਂ ਰੱਖੇ ਹੋਏ? ਉਹ ਕਹਿੰਦੀ ਕਿ ਆਹ ਜਿਹੜੇ ਦੋ ਮੁੰਡੇ ਅਤੇ ਦੋ ਕੁ ਬੀਬੀਆਂ ਹਨ, ਇਹ ਸਫ਼ਾਈ ਵਾਲੇ ਹੀ ਹਨ! ਪਰ ਇਹ ਐਦਾਂ ਹੀ ਆਪਣਾ ਸਮਾਂ ਬਿਤਾ ਕੇ ਤੁਰ ਜਾਂਦੇ ਹਨ। ਮੈਂ ਆਖਿਆ ਕਿ ਇਹਨਾਂ ਨੂੰ ਪੁੱਛਣ ਵਾਲਾ ਕੋਈ ਨਹੀਂ? ਕਹਿੰਦੀ, ਪੁੱਛਣ ਵਾਲੇ ਵੀ ਐਸੇ ਵੈਸੇ, ਇਹਨਾਂ ਵਰਗੇ ਹੀ ਹਨ। ਇਕ ਹੋਰ ਗੱਲ ਮੇਰੇ ਦੇਖਣ ਵਿਚ ਆਈ, ਜੋ ਮਰੀਜ਼ਾਂ ਦੇ ਪਿਸ਼ਾਬ ਵਾਲੇ ਪਲਾਸਟਿਕ ਬੈਗ ਹਨ, ਜਦ ਉਹ ਭਰ ਜਾਂਦੇ ਹਨ, ਤਾਂ ਉਹਨਾਂ ਨੂੰ ਇਕ ਬਾਲਟੀ ਵਿਚ ਖਾਲੀ ਕਰਦੇ ਹਨ। ਇਕ ਭਈਆ ਜਿਹਾ ਆਉਂਦਾ ਹੈ। ਹਰ ਇਕ ਮਰੀਜ਼ ਦਾ ਬੈਗ ਬਾਲਟੀ ਵਿਚ ਖਾਲੀ ਕਰਦਾ ਹੈ ਅਤੇ ਵਾਪਿਸ ਉਹੀ ਬੈਗ ਲਾ ਦਿੰਦਾ ਹੈ। ਬੈਗ ਖਾਲੀ ਵੀ ਇਸ ਤਰ੍ਹਾਂ ਕਰਦਾ ਹੈ, ਬਾਲਟੀ ਹੇਠਾਂ ਰੱਖ ਕੇ ਬੈਗ ਲਾਹ ਕੇ ਉਚੀ ਧਾਰ ਮਾਰਦਾ ਹੈ। ਕੁਝ ਕੁ ਛਿੱਟੇ ਉਸ ਦੇ ਆਪਣੇ ਉਪਰ ਵੀ ਪੈਂਦੇ ਹਨ। ਕੁਝ ਕੁ ਛਿੱਟੇ ਮਰੀਜ਼ ਉਪਰ ਵੀ ਪੈਂਦੇ ਹਨ। ਜੋ ਬੰਦਾ ਲਾਗੇ ਬੈਠਾ ਹੁੰਦਾ ਹੈ, ਉਹ ਵੀ ਛਿੱਟਿਆਂ ਤੋਂ ਬਚ ਨਹੀਂ ਸਕਦਾ। ਉਹ ਬਾਲਟੀ ਲੈ ਕੇ ਵਾਰਡ ਵਿਚ ਤੁਰਿਆ ਫਿਰਦਾ ਹੈ। ਤੁਸੀਂ ਸੋਚੋ ਕਿ ਜੋ ਜ਼ਿਰਮ ਹੁੰਦੇ ਹਨ, ਉਹਨਾਂ ਨਾਲ਼ ਮਰੀਜ਼ ਨੂੰ 'ਇੰਨਫ਼ੈਕਸ਼ਨ' ਨਾ ਹੋਵੇ, ਤਾਂ ਕੀ ਹੋਵੇ? ਮੈਂ ਆਖਿਆ ਕਿ ਜੋ ਇਹ ਬੈਗ ਹਨ, ਇਹ ਤੁਸੀਂ ਉਹੀ ਬੈਗ ਜੋ ਗੰਦੇ ਹੁੰਦੇ ਹਨ, ਮੁੜ ਕੇ ਲਾ ਦਿੰਦੇ ਹੋ? ਜਿਹਨਾਂ ਵਿਚ ਕਰੋੜਾਂ ਦੇ ਹਿਸਾਬ ਨਾਲ਼ ਜ਼ਿਰਮ ਹੁੰਦੇ ਹਨ? ਕੀ ਇਸ ਬਾਰੇ ਮੈਨੇਜਮੈਂਟ ਕੁਝ ਸੋਚਦੀ ਨਹੀਂ? ਕਿ ਹਰ ਬੈਗ ਜਦੋਂ ਭਰ ਜਾਂਦਾ ਹੈ, ਉਸ ਦੀ ਥਾਂ ਨਵਾਂ ਲਾਉਣਾ ਚਾਹੀਦਾ ਹੈ? ਨਰਸ ਵਿਚਾਰੀ ਬੋਲੀ, ਮੈਨੇਜਮੈਂਟ ਵੀ ਇਹਨਾਂ ਦੀ ਹੀ ਹੈ! ਮੈਂ ਕਿਹਾ ਕਿ ਸਾਡੇ ਤਾਂ ਜਦੋਂ ਬੈਗ ਉਤਾਰਦੇ ਹਨ, ਤਾਂ ਨਵਾਂ ਬੈਗ ਲਾਉਂਦੇ ਹਨ। ਕੀ ਇੱਥੇ ਨਵੇਂ ਬੈਗ ਨਹੀਂ ਮਿਲ਼ਦੇ? ਅੰਕਲ ਜੀ, ਮਿਲ਼ਦੇ ਤਾਂ ਹੋਣਗੇ, ਪਰ ਇੱਥੇ ਨਹੀਂ ਆਉਂਦੇ! ਮੈਂ ਸੋਚ ਰਿਹਾ ਸੀ ਕਿ ਬੈਗ ਤਾਂ ਸਪਲਾਈ ਹੁੰਦੇ ਹੋਣਗੇ। ਪਰ ਲਿਖ ਦਿੰਦੇ ਹੋਣਗੇ ਕਿ ਇਤਨੇ ਰੋਜ਼ ਲੱਗ ਜਾਂਦੇ ਹਨ। ਉਂਜ ਛੋਟੇ-ਛੋਟੇ ਹਸਪਤਾਲਾਂ ਨੂੰ ਬਲੈਕ 'ਤੇ ਦੇ ਦਿੰਦੇ ਹੋਣਗੇ। ਜੋ ਮੈਨੇਜਮੈਂਟ ਦੇ ਮੈਂਬਰ ਹਨ, ਉਹ ਆਪ ਵਧੀਆ ਕੋਠੀਆਂ ਵਿਚ ਰਹਿੰਦੇ ਹੋਣਗੇ। ਵਧੀਆ ਕਾਰਾਂ ਰੱਖੀਆਂ ਹੋਣਗੀਆਂ। ਉਹਨਾਂ ਦੇ ਬੱਚੇ ਵਧੀਆ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਦੇ ਹੋਣਗੇ। ਮਰੀਜ਼ਾਂ ਦਾ ਪੈਸਾ ਲੁੱਟ-ਲੁੱਟ ਕੇ ਆਪਣੀ ਐਸ਼ ਦੀ ਜ਼ਿੰਦਗੀ ਜਿਉਂਦੇ ਹੋਣਗੇ। ਜਦੋਂ ਵੀ ਲੁੱਟ ਹੋਈ ਹੈ, ਜਨਤਾ ਦੀ ਹੀ ਹੋਈ ਹੈ। ਉਪਰਲਿਆਂ ਨੂੰ ਰਤਾ ਵੀ ਆਂਚ ਨਹੀਂ ਆਈ। ਇਕ ਗੱਲ ਹੋਰ ਵੇਖਣ ਵਿਚ ਆਈ ਹੈ, ਜਿੱਥੇ ਵੇਟਿੰਗ ਏਰੀਆ ਹੈ, ਉਥੇ ਸ਼ੀਸ਼ੇ ਦੀ ਛੱਤ ਹੈ। ਉਹ ਸ਼ੀਸ਼ੇ ਜਦੋਂ ਦੇ ਕਦੇ ਪਾਏ ਹੋਣਗੇ, ਉਦੋਂ ਦੇ ਹੀ ਸਾਫ਼ ਕੀਤੇ ਹੋਏ ਹੋਣਗੇ। ਇੱਥੇ 'ਕੱਲੀ ਧੂੜ ਹੀ ਨਹੀਂ ਜੰਮੀ, ਕਬੂਤਰਾਂ ਦੀਆਂ ਬਿੱਠਾਂ ਵੀ ਸ਼ਰੇਆਮ ਦਿਸਦੀਆਂ ਹਨ।
ਇਸ ਤੋਂ ਉਪਰੰਤ ਅਜੇ ਮੈਂ ਇਹ ਸਭ ਕੁਝ ਵੇਖ ਹੀ ਰਿਹਾ ਸੀ ਕਿ ਇਕ ਹੋਰ ਤਸਵੀਰ ਵੇਖਣ ਨੂੰ ਮਿਲੀ। ਮੈਂ ਮਾਤਾ ਜੀ ਕੋਲ ਬੈਠਾ ਸੀ, ਤਾਂ ਮਾਤਾ ਜੀ ਜ਼ਿਆਦਾ ਸੁਰਤ ਵਿਚ ਨਹੀਂ ਸਨ। ਇਹ ਦਿਨ 28 ਜਨਵਰੀ ਦਾ ਸੀ। ਕੁਝ ਗਰਮੀ ਵੀ ਹੋ ਗਈ ਅਤੇ ਕੰਧਾਂ 'ਤੇ ਲਾਉਣ ਲਈ ਪੱਖਿਆਂ ਦੀ ਡਲਿਵਰੀ ਆਈ। ਤਕਰੀਬਨ ਅੱਠ ਪੱਖੇ ਵਾਰਡ ਵਿਚ ਲਿਆਂਦੇ ਗਏ। ਇਕ ਪੱਖੇ ਫ਼ਿੱਟ ਕਰਨ ਵਾਲ਼ਾ ਆਇਆ। ਉਹ ਪਹਿਲਾਂ ਮਾਤਾ ਜੀ ਜੀ ਦੇ ਬੈੱਡ ਤੋਂ ਫ਼ਿਟਿੰਗ ਦਾ ਕੰਮ ਸ਼ੁਰੂ ਕਰਨ ਲੱਗਿਆ। ਉਸ ਨੇ ਡਰਿੱਲ ਕੱਢੀ ਅਤੇ ਮਾਤਾ ਜੀ ਦੇ ਬੈੱਡ ਦੇ ਸਿਰ੍ਹਾਣੇਂ ਵੱਲ ਗਲ਼ੀ ਕੱਢਣ ਲੱਗ ਪਿਆ। ਪਰ ਮੈਂ ਰੋਕ ਦਿੱਤਾ। ਮੈਂ ਕਿਹਾ ਭਾਈ ਜੋ ਤੂੰ ਸੱਲ ਕੱਢਣ ਲੱਗਿਆ ਹੈਂ, ਇਸ ਨਾਲ਼ ਤਾਂ ਘੱਟਾ ਬਹੁਤ ਉਡੇਗਾ। ਤੁਸੀਂ ਪਹਿਲਾਂ ਮਾਤਾ ਜੀ ਦਾ ਬੈੱਡ ਪਰ੍ਹੇ ਕਰੋ, ਫਿਰ ਕੰਧ ਵਿਚ ਗਲ਼ੀ ਕੱਢਿਓ! ਉਸ ਨੇ ਕੀ ਕੀਤਾ? ਮਾਤਾ ਜੀ ਸੁੱਤੇ ਪਏ ਸਨ, ਉਸ ਨੇ ਮੂੰਹ 'ਤੇ ਚਾਦਰ ਦੇ ਦਿੱਤੀ। ਮੈਂ ਆਖਿਆ, ਚਾਦਰ ਨਾਲ਼ ਮੂੰਹ ਢਕਣ ਦਾ ਮਤਲਬ? ਜਿਹੜੀ ਧੂੜ ਉਡੇਗੀ, ਕੰਧ ਵਿਚੋਂ ਰੇਤ ਉਡੇਗੀ, ਇਹ ਚਾਦਰ 'ਤੇ ਨਾ ਪਵੇਗੀ? ਤਾਂ ਉਸ ਨੇ ਕਿਹਾ, ਚਾਦਰ 'ਤੇ ਹੀ ਪਵੇਗੀ, ਮੂੰਹ 'ਤੇ ਨਹੀਂ ਪਵੇਗੀ! ਵਾਹ-ਵਾਹ ਤੁਸਾਂ ਦੀ ਸੋਚ...! ਬਲਿਹਾਰੇ ਜਾਵਾਂ...! ਤਦ ਹੀ ਤੁਸੀਂ ਕਾਮਯਾਬ ਨਹੀਂ ਹੋ ਰਹੇ! ਮੈਂ ਕਿਹਾ ਤੂੰ ਕੰਧ ਵਿਚ ਗਲ਼ੀ ਨਹੀਂ ਕੱਢ ਸਕਦਾ। ਮੈਂ ਰੋਕ ਦਿੱਤਾ। ਉਹ ਇਕ ਹੋਰ ਬੰਦੇ ਨੂੰ ਸੱਦ ਲਿਆਇਆ। ਉਸ ਨੇ ਵੀ ਉਹੀ ਕਿਹਾ, ਜੋ ਪਹਿਲੇ ਨੇ ਕਿਹਾ ਸੀ। ਖ਼ੈਰ ਮੈਂ ਕੰਧ ਵਿਚੋਂ ਛੇਕ ਨਾ ਕੱਢਣ ਦਿੱਤਾ। ਡਿਊਟੀ ਵਾਲ਼ਾ ਡਾਕਟਰ ਆ ਵੱਜਿਆ। ਅਖੇ ਤੁਸੀਂ ਇਹਨਾਂ ਨੂੰ ਪੱਖਾ ਕਿਉਂ ਨਹੀਂ ਲਾਉਣ ਦਿੰਦੇ? ਮੈਂ ਕਿਹਾ, ਮੈਂ ਪੱਖਾ ਲਾਉਣ ਤੋਂ ਨਹੀਂ ਰੋਕਿਆ। ਮੈਂ ਤਾਂ ਕਹਿਾ ਕਿ ਪਹਿਲਾਂ ਬੈੱਡ ਪਾਸੇ ਕਰੋ, ਪਿੱਛੋਂ ਪੱਖਾ ਲਾਇਓ! ਨਰਸ ਨੇ ਆ ਕੇ ਬੈੱਡ ਪਰ੍ਹੇ ਕਰਵਾਇਆ, ਤਾਂ ਉਹ ਪੱਖੇ ਲਈ ਗਲ਼ੀਆਂ ਕੱਢਣ ਲੱਗ ਪਿਆ। ਉਸ ਨੇ ਧੂੜ ਦਾ ਕੋਈ ਬੰਦੋਬਸਤ ਨਾ ਕੀਤਾ। ਧੂੜ ਇਤਨੀ ਉਡ ਰਹੀ ਸੀ, ਜਿਵੇਂ ਵਾਅ-ਵਰੋਲ਼ਾ ਮਿੱਟੀ ਉਡਾਂਦਾ ਹੋਵੇ। ਖੜਕਾ ਇਤਨਾ ਕਰ ਰਹੇ ਸੀ ਕਿ ਠਾਹ-ਠਾਹ ਕੰਧ ਵਿਚ ਧੋੜੇ ਮਾਰ ਰਹੇ ਸਨ। ਜਿਸ ਨਾਲ਼ ਵਾਰਡ ਦਾ ਹਰ ਮਰੀਜ਼ ਪ੍ਰੇਸ਼ਾਨ ਹੋ ਰਿਹਾ ਸੀ। ਅਜੇ ਇਹ ਪਹਿਲਾ ਹੀ ਪੱਖਾ ਲਾਇਆ ਸੀ। ਅਜੇ ਸੱਤ ਹੋਰ ਲੱਗਣੇ ਸਨ। ਇਸ ਤੋਂ ਉਪਰੰਤ ਜੋ ਮਿੱਟੀ ਕੰਧ ਵਿਚੋਂ ਨਿਕਲ਼ ਕੇ ਉਥੇ ਡਿੱਗੀ, ਉਹ ਸ਼ਾਮ ਤੱਕ ਉਥੇ ਹੀ ਪਈ ਰਹੀ। ਉਹਨਾਂ ਨੇ ਬੈੱਡ ਫਿਰ ਉਸੇ ਤਰ੍ਹਾਂ ਹੀ ਘੜ੍ਹੀਸ ਕੇ ਉਪਰ ਡਾਹ ਦਿੱਤਾ।
ਜਦੋਂ ਸ਼ਾਮ ਪੈ ਗਈ ਤਾਂ ਮੈਂ ਜੋ ਸਫ਼ਾਈ ਵਾਲ਼ਾ ਸੀ, ਉਸ ਨੂੰ ਆਖਿਆ ਕਿ ਆਹ ਜੋ ਮਿੱਟੀ ਪਈ ਹੈ, ਇਹ ਕਿਸ ਨੇ ਸਾਫ਼ ਕਰਨੀ ਹੈ? ਕਹਿੰਦਾ ਕਰ ਦਿੰਦੇ ਹਾਂ। ਉਹ ਇਕ ਸੁੱਕੀ ਲੀਰ ਲੈ ਕੇ ਆਇਆ ਅਤੇ ਉਥੇ ਮਾਰਨ ਲੱਗ ਪਿਆ। ਧੂੜ ਦਾ ਬੱਦਲ਼ ਹੋਰ ਵੀ ਭਿਆਨਕ ਬਣ ਗਿਆ। ਮੈਂ ਆਖਿਆ, ਯਾਰ ਤੁਸੀਂ ਥੋੜੀ ਤਾਂ ਸੋਚ ਕਰੋ, ਬਈ ਇਹ ਜਿਹੜੀ ਧੂੜ ਉਡਦੀ ਹੈ, ਇਹ ਮਰੀਜ਼ ਲਈ ਕਿੰਨੀ ਖ਼ਤਰਨਾਕ ਹੈ ਅਤੇ ਕਿੰਨਾਂ ਨੁਕਸਾਨ ਕਰਦੀ ਹੈ? ਹੋਰ ਜੋ ਵੀ ਹਸਪਤਾਲ਼ ਵਿਚ 'ਸਿੰਕ' ਲੱਗੇ ਹੋਏ ਹਨ, ਕਿਸੇ ਵੀ ਟੂਟੀ ਵਿਚ ਗਰਮ ਪਾਣੀ ਨਹੀਂ ਆਉਂਦਾ। ਇੱਥੋਂ ਤੱਕ ਕਿ ਗਰਮ ਪਾਣੀ ਵਾਲ਼ੀ ਟੂਟੀ ਹੀ ਨਹੀਂ ਲੱਗੀ ਹੋਈ। ਹਰ ਇਕ ਸਿੰਕ 'ਤੇ ਇੱਕੋ ਹੀ ਟੂਟੀ ਲੱਗੀ ਹੋਈ ਹੈ। ਅਸੀਂ ਜਦੋਂ ਛੋਟੇ ਹੁੰਦੇ ਸਕੂਲ ਜਾਂਦੇ ਸਾਂ, ਤਾਂ ਸਾਨੂੰ ਇਹ ਸਿੱਖਿਆ ਮਿਲ਼ਦੀ ਸੀ ਕਿ ਬਿਮਾਰ ਦੇ ਜੋ ਭਾਂਡੇ ਹਨ, ਉਹ ਗਰਮ ਸੁਆਹ ਨਾਲ਼ ਮਾਂਜਣੇਂ ਚਾਹੀਦੇ ਹਨ। ਪਰ ਇੱਥੇ ਹਸਪਤਾਲ਼ ਵਿਚ ਤਾਂ ਗਰਮ ਪਾਣੀ ਵੀ ਨਹੀਂ ਹੈ। ਜੋ ਮਰੀਜ਼ ਦੇ ਬਰਤਨ ਹਨ, ਉਹ ਠੰਢੇ ਪਾਣੀ ਨਾਲ਼ ਹੀ ਧੋਤੇ ਜਾਂਦੇ ਹਨ। ਸੋ ਕਦੋਂ ਆਵੇਗਾ ਸੁਧਾਰ ਹਸਪਤਾਲਾਂ ਵਿਚ? ਹਸਪਤਾਲ਼ ਬੜੇ ਬਣੀ ਜਾਂਦੇ ਹਨ। ਪਰ ਕੋਈ ਅੱਛੇ ਅਸੂਲ ਅਪਨਾਉਣ ਨੂੰ ਤਿਆਰ ਨਹੀਂ!