ਅੰਨ੍ਹੀ ਪੀਸੇ ਕੁੱਤਾ ਚੱਟੇ...!
ਕਿਸ਼ਤ 5
|
ਮਾਤਾ ਜੀ |
|
ਤਾਰਾ ਸਿੰਘ ਤਾਰਾ, ਆਧੀ ਵਾਲ਼ਾ |
ਲਓ ਜੀ! ਅੱਜ ਫਿਰ ਦਿਨ ਬੀਤ ਗਿਆ। ਅੱਜ ਫਿਰ ਮੈਂ ਤਕਰੀਬਨ
ਸੱਤ ਵਜੇ ਸਵੇਰੇ ਹੀ ਮਾਤਾ ਜੀ ਦੇ ਸਿਰ੍ਹਾਣੇਂ ਆਣ ਬੈਠਾ। ਮੈਨੂੰ ਮਾਤਾ ਜੀ ਇਸ਼ਾਰਿਆਂ ਨਾਲ਼ ਕੁਝ ਸਮਝਾ
ਰਹੇ ਸਨ। ਪਰ ਮੈਨੂੰ ਕੋਈ ਸਮਝ ਨਹੀਂ ਆ ਰਹੀ ਸੀ। ਮੈਂ ਸੋਚ ਰਿਹਾ ਸੀ ਕਿ ਇਨਸਾਨ ਕੀ ਹੁੰਦਾ ਹੈ..?
ਅਤੇ ਕੀ ਬਣ ਜਾਂਦਾ ਹੈ..? ਪ੍ਰਮਾਤਮਾਂ ਨੇ ਬੰਦੇ ਨੂੰ ਕਿੱਡੀ ਉਚੀ ਪਦਵੀ ਬਖ਼ਸ਼ੀ ਹੈ..! ਐਵੇਂ ਨਹੀਂ
ਬੰਦਾ ਅਸਮਾਨੀਂ ਉਡਿਆ ਫਿਰਦਾ..? ਐਵੇਂ ਨਹੀਂ ਜਹਾਜ ਪੂਰੇ ਪਿੰਡ ਨਾਲੋਂ ਵੀ ਵੱਧ ਭਾਰ ਚੁੱਕ ਕੇ ਰਤੀ
ਭਰ ਵੀ ਨਹੀਂ ਡੋਲਦਾ..! ਇਹ ਰੱਬ ਨੇ ਬੰਦੇ ਨੂੰ ਇਕ ਅਦੁਤੀ ਸ਼ਕਤੀ ਬਖਸ਼ੀ ਹੈ। ਤਦ ਹੀ ਬੰਦਾ ਨਿੱਤ
ਅਕਾਸ਼ ਵਿਚ ਉਡਾਰੀਆਂ ਮਾਰੀ ਜਾਂਦਾ ਹੈ...! ਅੱਜ ਮੇਰੇ ਸਾਹਮਣੇ ਹੈ, ਮਾਤਾ ਜੀ ਨੇ ਕਦੇ ਸਾਨੂੰ ਸਾਰੇ
ਟੱਬਰ ਨੂੰ ਦਬਕਾ ਮਾਰਨਾ, ਤਾਂ ਸਾਡਾ ਕਿਸੇ ਦਾ ਮੂਹਰੇ ਬੋਲਣ ਦਾ 'ਹੀਆਂ' ਨਹੀਂ ਸੀ ਪੈਂਦਾ। ਪਰ ਅੱਜ
ਮੈਨੂੰ ਇਸ਼ਾਰਿਆਂ ਨਾਲ਼ ਸਮਝਾ ਰਹੇ ਨੇ। ਮੈਂ ਕਿਹਾ, ਬੀਜੀ ਕੀ ਗੱਲ ਕਰਨੀ ਹੈ..? ਉਹਨਾਂ ਨੇ, ਜੋ ਗਲ਼
ਵਿਚ ਨਾਲ਼ੀ ਲਾਈ ਹੋਈ ਸੀ, ਉਸ ਨੂੰ ਹੱਥ ਲਾ ਕੇ ਕਿਹਾ ਕਿ ਇਹ ਨਾਲ਼ੀ ਲੁਹਾ ਦਿਓ! ਮੈਂ ਆਖਿਆ ਕਿ ਇਹ
ਨਾਲ਼ੀ ਡਾਕਟਰ ਕਹਿੰਦੇ ਹਨ ਕਿ ਨਹੀਂ ਲਾਹ ਸਕਦੇ। ਤਾਂ ਮੈਨੂੰ ਇਸ਼ਾਰਾ ਕੀਤਾ ਕਿ ਡਾਕਟਰ ਐਵੇਂ ਹੀ
ਕਹਿੰਦੇ ਹਨ। ਮੈਨੂੰ ਇੰਜ ਮਹਿਸੂਸ ਹੋਇਆ, ਜਿਵੇਂ ਉਹਨਾਂ ਨੂੰ ਕਿਸੇ ਡਾਕਟਰ 'ਤੇ ਕੋਈ ਇਤਬਾਰ ਹੀ ਨਹੀਂ
ਸੀ।
ਫਿਰ ਮੈਂ ਕੁਝ ਪਿਛਲਾ ਸਮਾਂ ਯਾਦ ਕੀਤਾ! ...ਤਕਰੀਬਨ 14 ਸਾਲ ਪਹਿਲਾਂ ਸਾਡਾ ਭਾਣਜਾ ਬਲਵਿੰਦਰ ਸਿੰਘ
ਵੀ ਇਸੇ ਹਸਪਤਾਲ਼ ਵਿਚ ਅਤੇ ਇਸੇ ਹੀ ਵਾਰਡ ਵਿਚ ਦਾਖ਼ਲ ਸੀ। ਜਿਸ ਲਈ ਅਸੀਂ ਬਰਾਬਰ ਪੈਸੇ ਤੋਲੇ। ਪਰ
ਅਰਾਮ ਨਹੀਂ ਸੀ ਆਇਆ। ਇਹ ਹਸਪਤਾਲ਼ ਵਾਲੇ ਸਾਡੇ ਕੋਲੋਂ ਹਰ ਰੋਜ਼ ਪੈਸੇ ਜਮ੍ਹਾਂ ਕਰਵਾ ਲੈਂਦੇ। ਪਰ
ਦੱਸਦੇ ਕੁਝ ਨਾ..! ਤਕਰੀਬਨ ਚਾਰ ਹਫ਼ਤੇ ਬਾਅਦ ਅਸੀਂ ਉਸ ਨੂੰ ਚੰਡੀਗੜ੍ਹ ਲੈ ਗਏ। ਚੰਡੀਗੜ੍ਹ ਡਾਕਟਰ
ਨੇ ਦੱਸਿਆ ਕਿ ਤੁਸੀਂ ਇਸ ਦੀ ਦੋ ਚਾਰ ਦਿਨ ਸੇਵਾ ਕਰ ਲਓ। ਮੈਂ ਤੁਹਾਨੂੰ ਲੁੱਟਣਾਂ ਨਹੀਂ ਚਾਹੁੰਦਾ।
ਡੀ. ਐੱਮ. ਸੀ. ਹਸਪਤਾਲ਼ ਵਾਲ਼ਿਆਂ ਨੂੰ ਤੁਹਾਨੂੰ ਦੱਸ ਦੇਣਾਂ ਚਾਹੀਦਾ ਸੀ ਕਿ ਇਸ ਨੂੰ ਅਰਾਮ ਨਹੀਂ ਆ
ਸਕਦਾ। ਪਰ ਉਹ ਤੁਹਾਨੂੰ ਪੈਸੇ ਲਈ ਕੁਝ ਦੱਸਦੇ ਨਹੀਂ..! ਵੇਖੋ ਅਸੂਲ ਸਾਡੇ ਦੇਸ਼ ਦੇ...! ਅੰਤ ਅਸੀਂ
ਉਸ ਨੂੰ ਘਰ ਲੈ ਆਏ। ਤਾਂ ਦੋ ਦਿਨ ਬਾਅਦ ਉਹ ਉਥੇ ਪਹੁੰਚ ਗਿਆ, ਜਿੱਥੇ ਹਰ ਇਕ ਨੇ ਪਹੁੰਚਣਾਂ ਹੈ।
ਬੜਾ ਸੋਹਣਾਂ, ਸੁੰਦਰ ਅਤੇ ਸੂਝਵਾਨ ਨੌਜਵਾਨ 23 ਸਾਲ ਦੀ ਉਮਰ ਵਿਚ ਜੋ ਸਾਨੂੰ ਵਿਛੋੜਾ ਦੇ ਗਿਆ।
ਮਾਤਾ ਜੀ ਮੈਨੂੰ ਇਸ਼ਾਰਾ ਕਰ ਰਹੇ ਸਨ ਕਿ ਮੇਰਾ ਮੰਜਾ ਘਰ ਲੈ ਚੱਲੋ..! ਨਾਲ਼ੇ ਅੱਖਾਂ ਭਰਦੇ ਸਨ।
ਸ਼ਾਇਦ ਉਹਨਾਂ ਨੂੰ ਸਾਡੇ ਭਾਣਜੇ ਵਾਲ਼ਾ 'ਉਹ' ਵੇਲ਼ਾ ਯਾਦ ਆ ਰਿਹਾ ਸੀ।
ਅੱਜ ਸਵੇਰ ਦੇ ਗਿਆਰਾਂ ਵੱਜ ਗਏ। ਅਜੇ ਆਪ੍ਰੇਸ਼ਨ ਕਰਨ ਲਈ ਮਾਤਾ ਜੀ ਨੂੰ ਕੋਈ ਲੈਣ ਨਾ ਆਇਆ। ਮੈਂ
ਅੱਜ ਗਿਆਰਾਂ ਵਜੇ ਪੁੱਛ ਹੀ ਲਿਆ ਕਿ ਕੀ ਅੱਜ ਆਪ੍ਰੇਸ਼ਨ ਹੋਵੇਗਾ? ਤਾਂ ਮੇਰੇ ਕਹਿਣ 'ਤੇ ਨਰਸ ਨੇ
ਟੈਲੀਫ਼ੋਨ ਕਰ ਕੇ ਪਤਾ ਕਰ ਲਿਆ। ਕਹਿਣ ਲੱਗੀ ਕਿ ਜਲਦੀ ਹੀ ਮਾਤਾ ਜੀ ਨੂੰ ਲੈਣ ਆ ਰਹੇ ਹਨ। ਹੁਣ ਬਾਰਾਂ
ਦੇ ਕਰੀਬ ਦਾ ਸਮਾਂ ਹੋ ਗਿਆ ਕਿ ਇਕ ਭਈਆ ਜਿਹਾ ਅਤੇ ਇਕ ਹੋਰ ਮੁੰਡਾ ਮਾਤਾ ਜੀ ਨੂੰ ਲੈਣ ਆ ਗਏ।
ਕਹਿਣ ਲੱਗੇ ਕਿ ਤੁਸੀਂ ਸਾਡੇ ਨਾਲ਼ ਜਾਓਗੇ? ਮੈਂ ਕਿਹਾ ਹਾਂ, ਨਾਲ਼ ਹੀ ਜਾਵਾਂਗੇ! ਮਾਤਾ ਜੀ ਨੂੰ
ਬੈੱਡ ਤੋਂ ਚੁੱਕ ਕੇ ਅਸੀਂ ਸਟਰੈਚਰ 'ਤੇ ਪਾ ਲਿਆ। ਲੈਣ ਆਏ ਲੜਕੇ ਆਖ ਰਹੇ ਸਨ ਕਿ ਜਲਦੀ ਕਰੋ, ਸਾਡੇ
ਕੋਲ਼ ਹੋਰ ਬਹੁਤ ਮਰੀਜ਼ ਹਨ। ਜਿਹੜਾ ਉਹ ਸਟਰੈਚਰ ਵਾਲਾ ਬੈੱਡ ਸੀ ਉਸ ਦੀ ਵੀ ਹਾਲਤ ਦੇਖਣਯੋਗ ਸੀ। ਉਸ
ਦੇ ਪਹੀਏ 'ਚੀਂ-ਚੀਂ' ਕਰਦੇ ਕੀਰਨੇ ਪਾ ਰਹੇ ਸਨ। ਜਦੋਂ ਉਸ ਬੈੱਡ ਨੂੰ ਰੋੜ੍ਹ ਕੇ ਲਿਜਾ ਰਹੇ ਸਾਂ,
ਤਾਂ ਇਤਨੇ ਝਟਕੇ ਲੱਗਦੇ ਸਨ ਕਿ ਮਰੀਜ਼ ਨੂੰ ਕਾਫ਼ੀ ਤਕਲੀਫ਼ ਹੁੰਦੀ ਹੋਵੇਗੀ। ਉਸ ਬੈੱਡ ਦੇ ਸਾਈਡਾਂ
ਵਾਲ਼ੇ ਪਾਈਪ ਸਨ ਉਹ ਜੰਗਾਲ ਨਾਲ਼ ਭਰਪੂਰ ਸਨ। ਮੈਂ ਹੈਰਾਨ ਸਾਂ ਕਿ ਇਹ ਅਜਿਹੇ ਹਸਪਤਾਲਾਂ ਦਾ ਹਾਲ?
ਜਿਹੜੇ ਇਸ ਤੋਂ ਹੇਠਲੀ ਕੈਟਾਗਰੀ ਵਿਚ ਆਉਂਦੇ ਹਨ, ਉਹਨਾਂ ਦਾ ਕੀ ਹਾਲ ਹੋਵੇਗਾ? ਅਸੀਂ ਲਿਫ਼ਟ ਵਿਚ
ਦੀ ਗਰਾਊਂਡ ਫ਼ਲੋਰ 'ਤੇ ਆਏ। ਜਦੋਂ ਲਿਫ਼ਟ ਵਿਚੋਂ ਬਾਹਰ ਉਤਰੇ ਤਾਂ ਜੋ ਫ਼ਲੋਰ ਸੀ, ਉਹ ਜਿਸ ਤਰ੍ਹਾਂ
ਆਪਣੇ ਡਰਾਈਵ-ਵੇਅ ਬਣੀ ਹੁੰਦੀ ਹੈ, ਉਸ ਤਰ੍ਹਾਂ ਦੀ ਸੀ। ਅੰਤ ਜਦੋਂ ਬੈੱਡ ਨੂੰ ਰੋੜ੍ਹ ਕੇ ਕੇ ਲਈ
ਜਾਂਦੇ ਸਾਂ ਤਾਂ ਬੈੱਡ ਹੇਠ-ਉਤੇ ਹੋ-ਹੋ ਕੇ ਡਿੱਗਦੀ ਸੀ। ਉਹ ਪਤਾ ਨਹੀਂ ਕਿਸ ਪਲਾਨ ਨਾਲ਼ ਬਣਾਇਆ
ਹੋਵੇਗਾ? ਜਦੋਂ ਪਹੀਏ ਹੇਠ ਉਤੇ ਹੁੰਦੇ ਤਾਂ ਮਰੀਜ਼ ਦੀ ਜਾਨ ਨੂੰ ਬਣ ਜਾਂਦੀ।
ਹੁਣ ਅਸੀਂ ਹੌਲ਼ੀ ਹੌਲ਼ੀ ਥੀਏਟਰ ਦੇ ਮੂਹਰੇ ਆ ਗਏ। ਕਹਿੰਦੇ ਇਸੇ ਥੀਏਟਰ ਵਿਚ ਹੀ ਜਾਣਾ ਹੈ। ਹੁਣ ਮੇਰਾ
ਛੋਟਾ ਭਾਈ ਮਲਕੀਤ ਸਿੰਘ, ਜੋ ਮੇਰੇ ਨਾਲ਼ ਇੰਗਲੈਂਡ ਤੋਂ ਹੀ ਗਿਆ ਸੀ, ਅਸੀਂ ਥੀਏਟਰ ਵੱਲ ਵੇਖ ਰਹੇ
ਸੀ। ਜੋ ਥੀਏਟਰ ਦੀਆਂ ਕੰਧਾਂ ਸਨ, ਉਸ ਤੋਂ ਖਲੇਪੜ ਡਿੱਗ ਰਹੇ ਸਨ। ਉਸ ਨੂੰ ਪਤਾ ਨਹੀਂ ਕਦੋਂ ਦਾ
ਰੰਗ ਕੀਤਾ ਹੋਇਆ ਸੀ? ਥੀਏਟਰ ਸਾਹਮਣੇ ਮਰੀਜ਼ਾਂ ਦੀ ਲਾਈਨ ਲੱਗੀ ਹੋਈ ਸੀ। ਜਦੋਂ ਅਸੀਂ ਲਾਈਨ ਵਿਚ
ਮਾਤਾ ਜੀ ਨੂੰ ਲਈ ਖੜ੍ਹੇ ਸਾਂ ਤਾਂ ਕਾਫ਼ੀ ਠੰਢ ਸੀ। ਮੈਂ ਘੁੱਟ ਕੇ ਕੰਬਲ਼ ਮਾਤਾ ਜੀ ਦੇ ਆਲ਼ੇ ਦੁਆਲ਼ੇ
ਲਾ ਦਿੱਤਾ। ਸਾਡੇ ਤੋਂ ਪਹਿਲਾਂ ਉਚੀ ਅਵਾਜ਼ ਵਿਚ ਕਿਸੇ ਨੇ ਕਿਹਾ ਕਿ ਕੋਈ ਨਛੱਤਰ ਕੌਰ ਹੈ...? ਸਾਡੇ
ਲਾਗੇ ਇਕ ਸਰਦਾਰ ਸੀ, ਉਹ ਬੋਲਿਆ, ਹਾਂ ਜੀ ਨਛੱਤਰ ਕੌਰ ਦੇ ਨਾਲ਼ ਮੈਂ ਹਾਂ..! ਉਚੀ ਅਵਾਜ਼ ਫਿਰ ਆਈ,
ਇਸ ਨੂੰ ਅੱਗੇ ਲੈ ਆਓ..! ਅਵਾਜ਼ਾਂ ਥੀਏਟਰ ਵਿਚ ਇਉਂ ਮਾਰਦੇ ਸਨ, ਜਿਵੇਂ ਪੁਰਾਣੇ ਸਮਿਆਂ ਵਿਚ ਕਿਸੇ
ਜੱਟ ਦਾ ਖੂਹ ਵਗਦਾ ਹੋਵੇ! ਤਾਂ ਜੋ ਕਿਆਰੇ ਮੋੜਦਾ ਹੁੰਦਾ ਸੀ, ਉਸ ਨੂੰ, ਜੋ ਖੂਹ ਹੱਕਦਾ ਹੁੰਦਾ
ਸੀ, ਉਹ ਅਵਾਜ਼ ਮਾਰ ਕੇ ਪੁੱਛਦਾ ਸੀ ਕਿ ਕਿੰਨੇ ਕਿਆਰੇ ਭਰ ਗਏ? ਕਿੰਨੇ ਰਹਿ ਗਏ? ਇਹ ਹਾਲ ਹੈ ਥੀਏਟਰ
ਵਾਲ਼ਿਆਂ ਦਾ..! ਬੜੀ ਹੈਰਾਨੀ ਦੀ ਗੱਲ ਹੈ ਕਿ ਥੀਏਟਰ ਵਿਚ ਵੀ ਜੇ ਕਿਸੇ ਦਾ ਮੋਬਾਇਲ ਫ਼ੋਨ ਖੜਕ ਪਿਆ,
ਤਾਂ ਉਹ ਫ਼ੋਨ 'ਤੇ ਗੱਲ ਕਰਨਾ ਆਪਣਾ ਅਧਿਕਾਰ ਸਮਝਦਾ ਹੈ। ਲੋਕ ਮਰੀਜ਼ਾਂ ਨੂੰ ਹਸਪਤਾਲ਼ ਵਿਚ ਇਲਾਜ ਲਈ
ਲੈ ਕੇ ਜਾਂਦੇ ਹਨ, ਨਾ ਕਿ ਹੋਰ ਬੀਮਾਰ ਕਰਨ ਵਾਸਤੇ..! ਪਰ ਥੀਏਟਰ ਵਿਚ ਜੋ ਮਰੀਜ਼ ਲਾਈਨ ਵਿਚ ਲੱਗੇ
ਹੋਏ ਹੁੰਦੇ ਹਨ, ਉਹ ਸੁਰਤ ਵਿਚ ਪਏ ਹੁੰਦੇ ਹਨ। ਜੋ ਪਹਿਲੇ ਮਰੀਜ਼ ਥੀਏਟਰ ਵਿਚ ਜਾਂਦੇ ਹਨ, ਮੁੜਦਿਆਂ
ਨੂੰ, ਉਹ ਉਹਨਾਂ ਵੱਲ ਦੇਖ ਕੇ 'ਅੱਧੇ' ਰਹਿ ਜਾਂਦੇ ਹਨ। ਮਾਤਾ ਜੀ ਇਉਂ ਹੀ ਮੈਨੂਮ ਸੁਰਤ ਵਿਚ ਇਸ਼ਾਰੇ
ਕਰ ਰਹੇ ਸਨ ਕਿ ਮੈਨੂੰ ਇੱਥੋਂ ਵਾਪਿਸ ਲੈ ਚੱਲੋ..! ਅਸੀਂ ਹੁਣ ਕਦੇ ਮਾਤਾ ਜੀ ਵੱਲ ਦੇਖਦੇ ਸੀ ਅਤੇ
ਕਦੇ ਉਹਨਾਂ ਦੀ ਬੀਮਾਰੀ ਵੱਲ..! ਪਰ ਕਰੀਏ, ਤਾਂ ਕੀ ਕਰੀਏ..?
ਖ਼ੈਰ ਸਾਨੂੰ ਅਵਾਜ਼ ਪੈ ਗਈ, ''ਚਰਨ ਕੌਰ ਨੂੰ ਲੈ ਕੇ ਆਓ...!'' ਮੈਂ ਇਸ਼ਾਰਾ ਕੀਤਾ ਕਿ ਇਹ ਹੀ ਚਰਨ
ਕੌਰ ਹੈ ਅਤੇ ਮੈਂ ਇਸ ਦਾ ਪੁੱਤਰ ਹਾਂ। ਮੈਨੂੰ ਕਹਿੰਦੇ ਕਿ ਤੁਸੀਂ ਆਪ੍ਰੇਸ਼ਨ ਦੀ 'ਕਿੱਟ' ਲਿਆਂਦੀ
ਹੈ? ਮੈਂ ਕਿਹਾ ਕਿ ਉਹ ਕੀ ਬਲਾਅ ਹੁੰਦੀ ਹੈ? ਕਹਿੰਦੇ ਦੁਆਈ...! ਜਿਸ ਨਾਲ਼ ਆਪ੍ਰੇਸ਼ਨ ਹੋਣਾਂ ਹੈ।
ਅਸੀਂ ਆਖਿਆ ਬਈ ਸਾਨੂੰ ਕੀ ਪਤਾ ਕਿ ਦੁਆਈ ਅਸੀਂ ਲਿਆਉਣੀ ਹੈ? ਕਹਿੰਦੇ ਤੁਸੀਂ ਪਹਿਲਾਂ ਦੁਆਈ ਲੈ ਕੇ
ਆਓ! ਅਸੀਂ ਆਖਿਆ ਕੁਝ ਲਿਖ ਕੇ ਵੀ ਦਓ, ਉਹਨਾਂ ਨੇ ਇਕ ਪੇਪਰ ਜਿਹੇ ਦੀ ਕੰਨੀ ਜਿਹੀ ਪਾੜੀ ਅਤੇ ਦੁਆਈ
ਲਿਖ ਦਿੱਤੀ। ਮੇਰਾ ਭਤੀਜਾ ਕਹਿਣ ਲੱਗਿਆ ਕਿ ਚਾਚਾ ਜੀ ਤੁਸੀਂ ਬੀਬੀ ਕੋਲ਼ ਰਹੋ, ਮੈਂ ਦੁਆਈ ਲੈ ਕੇ
ਆਉਂਦਾ ਹਾਂ। ਮੈਂ ਆਖਿਆ ਕਿ ਤੇਰਾ ਛੋਟਾ ਚਾਚਾ ਬੀਬੀ ਕੋਲ਼ ਹੈ, ਮੈਂ ਤੇਰੇ ਨਾਲ਼ ਚੱਲਦਾ ਹਾਂ। ਅਸੀਂ
ਕੈਮੇਸਟ ਦੇ ਕੋਲ ਚਲੇ ਗਏ। ਜੋ ਹਸਪਤਾਲ ਦੇ ਵਿਚ ਹੀ ਹੈ, ਬਿਲਕੁਲ ਥੀਏਟਰ ਦੇ ਨਾਲ਼! ਉਂਜ ਤਾਂ ਕਈ
ਦੁਕਾਨਾਂ ਹਸਪਤਾਲ਼ ਵਿਚ ਹਨ। ਪਰ ਇਹ ਬਿਲਕੁਲ ਥੀਏਟਰ ਦੇ ਨਾਲ ਹੈ! ਜੋ ਸਾਨੂੰ ਕਾਗਜ਼ ਦਾ ਟੁਕੜਾ ਜਿਹਾ
ਦਿੱਤਾ ਸੀ, ਅਸੀਂ ਉਹ ਕਾਗਜ਼ ਕੈਮੇਸਟ ਨੂੰ ਦੇ ਦਿੱਤਾ। ਉਸ ਨੇ ਸਾਨੂੰ ਨਹੀਂ ਪੁੱਛਿਆ ਕਿ ਇਹ ਦੁਆਈ
ਹਸਪਤਾਲ ਦੇ ਲੈਟਰ-ਪੈਡ 'ਤੇ ਕਿਉਂ ਨਹੀਂ ਲਿਖੀ? ਉਸ ਨੇ ਕਾਗਜ਼ ਫੜ ਕੇ ਪੁੱਛਿਆ ਕਿ ਮਰੀਜ਼ ਦੀ ਉਮਰ
ਕਿੰਨੀ ਹੈ? ਅਸੀਂ ਕਿਹਾ 86 ਸਾਲ! ਇਤਨੀ ਸੁਣ ਕੇ ਉਹ ਦੁਆਈ ਦਾ ਢੇਰ ਲਾਉਣ ਲੱਗ ਪਿਆ, ਜਿਵੇਂ ਦੁਕਾਨ
ਦੀ ਸਾਰੀ ਦੁਆਈ ਸਾਨੂੰ ਹੀ ਫੜਾ ਦੇਣੀ ਹੋਵੇ..! ਕਾਫ਼ੀ ਦੁਆਈ ਦਾ ਢੇਰ ਉਸ ਨੇ ਲਾ ਦਿੱਤਾ। ਲਾਗੇ ਇਕ
ਹੋਰ ਸਾਡੇ ਤੋਂ ਪਿੱਛੋਂ ਵਿਚਾਰਾ ਕੋਈ ਦੁਖੀ ਦੁਆਈ ਲੈਣ ਲਈ ਉਡੀਕ ਕਰ ਰਿਹਾ ਸੀ। ਅਸੀਂ ਉਸ ਵੱਲ
ਵੇਖਿਆ, ਉਹ ਵਿਚਾਰਾ ਕਹਿੰਦਾ ਇਤਨੀ ਦੁਆਈ ਕੀ ਕਰਨੀ ਹੈ? ਅਸੀਂ ਆਖਿਆ ਕਿ ਆਪ੍ਰੇਸ਼ਨ ਹੋਣਾ ਹੈ। ਉਹ
ਕਹਿੰਦਾ ਕਿ ਇਸ ਦੁਆਈ ਨਾਲ਼ ਤਾਂ ਦਸ ਬੰਦਿਆਂ ਦੇ ਆਪ੍ਰੇਸ਼ਨ ਹੋ ਸਕਦੇ ਹਨ। ਅਸੀਂ ਚੁੱਪ ਕਰ ਕੇ ਵੇਖਦੇ
ਰਹੇ। ਉਸ ਨੇ ਸਾਨੂੰ ਦੋ ਕੈਰੀਅਰ ਬੈਗ ਦੁਆਈ ਦੇ ਭਰ ਦਿੱਤੇ ਅਤੇ ਬਿੱਲ 2800 ਰੁਪਏ ਬਣਾ ਦਿੱਤਾ।
ਅਸੀਂ ਉਹ ਦੁਆਈ ਲੈ ਕੇ ਜਿਹਨਾਂ ਨੇ ਆਪ੍ਰੇਸ਼ਨ ਕਰਨਾ ਸੀ, ਉਹਨਾਂ ਨੂੰ ਫੜਾ ਦਿੱਤੀ, ਤਾਂ ਕਹਿੰਦੇ
ਲਿਆਓ ਪੇਸ਼ੈਂਟ ਨੂੰ...! ਪੇਸ਼ੈਂਟ ਨੂੰ ਤਕਰੀਬਨ ਡੇੜ੍ਹ ਘੰਟਾ ਥੀਏਟਰ ਤੋਂ ਬਾਹਰ ਬਿਨਾ ਬੇਹੋਸ਼ ਕੀਤਿਆਂ
ਪਾਈ ਰੱਖਿਆ। ਮਰੀਜ਼ ਰਾਜ਼ੀ ਹੋਣ ਦੀ ਜਗਾਹ, ਬੀਮਾਰ ਹੋ ਕੇ ਕਿਉਂ ਨਾ ਜਾਊ..? ਜਦੋਂ ਅਸੀਂ ਮਾਤਾ ਜੀ
ਨੂੰ ਅੰਦਰ ਲੈ ਗਏ, ਕਿਉਂਕਿ ਅੰਦਰ ਮੈਂ ਇਕੱਲਾ ਹੀ ਜਾ ਸਕਦਾ ਸੀ। ਬਾਕੀ ਸਾਰੇ ਮੈਂਬਰ ਬਾਹਰ ਖੜ੍ਹੇ
ਰਹੇ। ਤਾਂ ਜਦੋਂ ਜਿੱਥੇ ਆਪ੍ਰੇਸ਼ਨ ਹੋਣਾ ਸੀ, ਤਾਂ ਉਦੋਂ ਕਹਿਣ ਲੱਗੇ ਕਿ ਟੀਕਾ ਤਾਂ ਹੈ ਨਹੀਂ...?
ਫਿਰ ਮੈਨੂੰ ਕਹਿੰਦੇ ਇਹ ਟੀਕਾ ਲੈ ਕੇ ਆਓ। ਮੈਂ ਉਹ ਚਿੱਟ ਜਿਹੀ ਲੈ ਕੇ ਬਾਹਰ ਆਪਣੇ ਭਤੀਜੇ ਨੂੰ
ਫੜਾਈ ਕਿ ਹੁਣ ਆਖਦੇ ਹਨ ਕਿ ਟੀਕਾ ਲੈ ਕੇ ਆਓ! ਬੜੀ ਹੈਰਾਨੀ ਦੀ ਗੱਲ ਹੈ ਕਿ ਇਹਨਾਂ ਡਾਕਟਰਾਂ ਨੇ
ਆਪ੍ਰੇਸ਼ਨ ਕਰਨਾ ਹੈ...? ਜਿਹੜੇ ਸਾਨੂੰ ਮਰੀਜ਼ ਨੂੰ ਬੇਹੋਸ਼ ਕਰਨ ਵਾਲਾ ਟੀਕਾ ਲਿਆਉਣ ਲਈ ਹੁਣ ਆਖ ਰਹੇ
ਹਨ? ਖ਼ੈਰ, ਟੀਕਾ ਆ ਗਿਆ। ਟੀਕਾ ਫੜਾ ਕੇ ਮੈਂ ਬਾਹਰ ਆ ਗਿਆ। ਮੈਂ ਤਕਰੀਬਨ ਪੌਣਾਂ ਘੰਟਾ ਬਾਹਰ ਰਿਹਾ।
ਉਹਨਾਂ ਨੇ ਆਪਣਾ ਕੰਮ ਜੋ ਕਰਨਾ ਸੀ, ਕੀਤਾ। ਮੈਂ ਉਥੇ ਵੀਹੀ ਵਿਚ ਹੀ ਖੜ੍ਹਾ ਸੀ। ਇਕ ਉਚਾ ਲੰਮਾਂ
ਸਰਦਾਰ ਇਕ ਮਰੀਜ਼ ਕੁੜੀ ਨੂੰ ਲਿਆ ਰਹੇ ਸਨ। ਉਹ ਕਾਹਲੀ ਕਾਹਲੀ ਦੌੜ ਰਹੇ ਸਨ। ਉਹਨਾਂ ਨੇ ਬੈੱਡ ਦੇ
ਪਹੀਏ ਮੇਰੇ ਪੈਰਾਂ 'ਤੇ ਚਾੜ੍ਹ ਦਿੱਤੇ। ਮੈਂ ਫ਼ਟਾ ਫ਼ਟ ਪਿੱਛੇ ਹਟਿਆ ਤਾਂ ਮੈਨੂੰ ਕਹਿੰਦੇ, ''ਦਿਸਦਾ
ਨਹੀਂ..? ਪਰ੍ਹੇ ਹੋਜਾ...!'' ਮੈਂ ਬੜਾ ਹੈਰਾਨ ਕਿ ਉਲਟਾ ਚੋਰ ਕੋਤਵਾਲ਼ ਨੂੰ ਡਾਂਟੇ, ਵਾਲ਼ੀ ਗੱਲ
ਹੋਈ ਇਹ ਤਾਂ? ਮੈਂ ਕਿਹਾ ਬਈ ਗਲਤੀ ਤੁਹਾਡੀ ਹੈ, ਵੇਖਦੇ ਤੁਸੀਂ ਨਹੀਂ, ਆਖ ਮੈਨੂੰ ਰਹੇ ਹੋ..? ਪਰ
ਜੇ ਕਹਿਣਾਂ ਹੀ ਹੈ, ਤਾਂ ਬੋਲ ਤਾਂ ਚੰਗੀ ਤਰ੍ਹਾਂ ਪਓ..! ਤੁਸੀਂ ਹਸਪਤਾਲ ਵਿਚ ਮੁਲਾਜ਼ਮ ਹੋ, ਨਾ ਕਿ
ਪੁਲੀਸ ਥਾਣੇਂ ਵਿਚ..! ਜਦੋਂ ਮੈਂ ਇਹ ਗੱਲ ਆਖੀ ਤਾਂ ਉਹ ਕੁਝ ਚੁੱਪ ਜਿਹੇ ਕਰ ਗਏ। ਉਹਨਾਂ ਨੇ ਮੈਨੂੰ
ਤਾਂ ਕੁਝ ਨਾ ਆਖਿਆ, ਪਰ ਪਰ੍ਹੇ ਸਕਿਊਰਿਟੀ ਵਾਲਾ ਸਰਦਾਰ ਸੀ, ਉਸ ਨੂੰ ਆਖ ਗਏ ਕਿ ਔਹ ਜਿਹੜਾ ਬੰਦਾ
ਖੜ੍ਹੈ, ਉਸ ਨੂੰ ਆਖੋ ਕਿ ਕਿਤੇ ਪਾਸੇ ਹੋ ਕੇ ਖੜ੍ਹੇ..!
ਉਹ ਸਕਿਊਰਿਟੀ ਵਾਲਾ ਸਰਦਾਰ ਮੇਰੇ ਕੋਲ ਆਇਆ ਤਾਂ ਮੈਨੂੰ ਕਹਿੰਦਾ ਤੁਸੀਂ ਸਰਦਾਰ ਜੀ ਬਾਹਰ ਜਾ ਕੇ
ਖੜ੍ਹੋ..! ਮੈਂ ਕਿਹਾ ਬਈ ਆਹ ਤੁਸੀਂ ਲਿਖ ਕੇ ਲਾਇਐ ਕਿ ਹਰ ਮਰੀਜ਼ ਨਾਲ਼ ਇਕ ਬੰਦਾ ਇੱਥੇ ਰਹੇ, ਮੇਰੇ
ਮਾਤਾ ਜੀ ਅੰਦਰ ਹਨ, ਜਦੋਂ ਬਾਹਰ ਆਉਣਗੇ, ਮੈਂ ਉਹਨਾਂ ਦੇ ਨਾਲ਼ ਹੀ ਜਾਵਾਂਗਾ। ਇਕ ਗੱਲ ਹੋਰ ਪਾਠਕਾਂ
ਦੇ ਧਿਆਨ ਹਿਤ ਲਿਆਉਣੀ ਚਾਹੁੰਦਾ ਹਾਂ, ਕਿ ਕਦੇ ਆਪਣੇ ਮਰੀਜ਼ ਨੂੰ ਹਸਪਤਾਲ਼ ਵਿਚ ਇਕੱਲਾ ਨਾ ਛੱਡੋ।
ਇੰਗਲੈਂਡ ਦੇਸ਼ ਹੋਰ ਹੈ। ਪਰ ਇੰਡੀਆ, ਪੰਜਾਬ ਹੋਰ ਹੈ। ਜੇਕਰ ਤੁਸੀਂ ਮਰੀਜ਼ ਨੂੰ 'ਕੱਲਾ ਛੱਡੋਗੇ,
ਤਾਂ ਪਤਾ ਨਹੀਂ ਉਸ ਨੂੰ ਉਹ ਕੀ ਕਰ ਦੇਣ..? ਇਤਨੇ ਚਿਰ ਨੂੰ ਮਾਤਾ ਜੀ ਨੂੰ ਬਾਹਰ ਲੈ ਆਏ। ਮੈਨੂੰ
ਉਚੀ ਸਾਰੀ ਅਵਾਜ਼ ਮਾਰੀ, ਤੂੰ ਇਹਨਾਂ ਦੇ ਨਾਲ਼ ਐਂ...? ਮੈਂ ਕਿਹਾ ਕਿਹਨਾਂ ਦੇ ਨਾਲ਼..? ਕਹਿੰਦੇ, ਆਹ
ਜੋ ਮਰੀਜ਼ ਦਾ ਅਸੀਂ ਆਪ੍ਰੇਸ਼ਨ ਕੀਤੈ..? ਜਦੋਂ ਅੰਦਰੋਂ ਆਪਰੇਸ਼ਨ ਕਰ ਕੇ ਲਿਆਉਂਦੇ ਹਨ, ਤਾਂ ਤੁਸੀਂ
ਛੇਤੀ ਕੀਤੇ ਮਰੀਜ਼ ਨੂੰ ਦੂਰੋਂ ਪਹਿਚਾਣ ਨਹੀਂ ਸਕਦੇ। ਮੈਂ ਕਿਹਾ ਇਹਨਾਂ ਦਾ ਕੋਈ ਨਾਮ ਵੀ ਹੋਵੇਗਾ..?
ਤਾਂ ਫ਼ਾਈਲ ਚੁੱਕ ਕੇ ਕਹਿੰਦੇ, ਚਰਨ ਕੌਰ..! ਮੈਂ ਕਿਹਾ ਕਿ ਮੈਂ ਹੀ ਇਹਨਾਂ ਦੇ ਨਾਲ਼ ਹਾਂ। ਤੇਰੀ ਕੀ
ਰਿਸ਼ਤੇਦਾਰੀ ਹੈ..? ਮੈਂ ਕਿਹਾ ਇਹ ਮੇਰੇ ਮਾਤਾ ਜੀ ਹਨ..! ਸੁਣ ਕੇ ਕਹਿੰਦਾ, ਫੇਰ ਅੱਗੇ ਆ ਜਾਹ..!
ਮੈਂ ਸੋਚ ਰਿਹਾ ਸੀ ਕਿ ਇਹਨਾਂ ਲੋਕਾਂ ਦੀ ਬੋਲ-ਬਾਣੀ ਕਿਹੋ ਜਿਹੀ ਹੈ? ਮੈਂ ਉਹਨਾਂ ਨੂੰ 'ਤੁਸੀਂ-ਤੁਸੀਂ'
ਕਰੀ ਜਾ ਰਿਹਾ ਸਾਂ ਅਤੇ ਉਹ ਮੈਨੂੰ 'ਤੂੰ-ਤੂੰ' ਕਰ ਕੇ ਗੱਲ ਕਰਦੇ ਸਨ। ਨਾਲੇ ਮੇਰੀ ਉਮਰ ਵੀ ਉਹਨਾਂ
ਤੋਂ ਵਡੇਰੀ ਸੀ।
ਖ਼ੈਰ, ਆਪ੍ਰੇਸ਼ਨ ਹੋ ਗਿਆ। ਮਾਤਾ ਜੀ ਦੇ ਗਲ਼ ਤੋਂ ਸੱਜੇ ਪਾਸੇ ਨਾੜਾਂ ਵਿਚੋਂ ਉਹਨਾਂ ਨੇ ਸਫ਼ਾਈ ਕੀਤੀ
ਸੀ। ਜਿਸ 'ਤੇ ਆਪ੍ਰੇਸ਼ਨ ਤੋਂ ਬਾਅਦ ਟਾਂਕੇ ਨਹੀਂ ਲਾਏ ਸਨ। ਜ਼ਖ਼ਮ ਉਪਰ ਰੂੰ ਰੱਖ ਕੇ ਸਿਰਫ਼ ਪੱਟੀ ਹੀ
ਲਾ ਦਿੱਤੀ ਸੀ ਅਤੇ ਮੈਲ਼ਾ ਸਿੰਮ ਰਿਹਾ ਸੀ। ਮੈਂ ਆਖਿਆ ਬਈ ਮੈਲ਼ਾ ਸਿੰਮ ਰਿਹਾ ਹੈ..? ਕਹਿਣ ਲੱਗੇ ਕਿ
ਥੋੜ੍ਹੀ ਦੇਰ ਬਾਅਦ ਬੰਦ ਹੋ ਜਾਵੇਗਾ। ਹੁਣ ਮਾਤਾ ਜੀ ਨੂੰ ਵਾਰਡ ਵਿਚ ਵਾਪਿਸ ਲੈ ਕੇ ਜਾਣਾ ਸੀ।
ਆਪ੍ਰੇਸ਼ਨ ਤੋਂ ਬਾਅਦ ਵਾਰਡ ਵਿਚ ਲੈ ਕੇ ਜਾਣ ਦੀ ਜ਼ਿੰਮੇਵਾਰੀ ਉਹਨਾਂ ਦੀ ਹੁੰਦੀ ਹੈ, ਜੋ ਆਪ੍ਰੇਸ਼ਨ
ਕਰਦੇ ਹਨ। ਹੁਣ ਜਿਹਨਾਂ ਨੇ ਵਾਰਡ ਵਿਚ ਲੈ ਕੇ ਜਾਣਾ ਸੀ, ਉਹਨਾਂ ਵਿਚੋਂ ਇਕ ਦੀ ਡਿਊਟੀ ਖਤਮ ਹੋਣ
ਵਿਚ ਪੰਦਰਾਂ ਮਿੰਟ ਸਨ। ਉਹ ਕਹਿਣ ਲੱਗਾ ਕਿ ਮੇਰੀ ਡਿਊਟੀ ਖਤਮ ਹੋਣ ਵਾਲ਼ੀ ਹੈ, ਮੈਂ ਇਹਨਾਂ ਨੂੰ
ਵਾਰਡ ਵਿਚ ਨਹੀਂ ਲੈ ਕੇ ਜਾ ਸਕਦਾ। ਉਸ ਨੇ ਬੈੱਡ ਉਥੇ ਹੀ ਖੜ੍ਹਾ ਕਰ ਦਿੱਤਾ। ਜੋ ਉਹਨਾਂ ਦਾ
ਇੰਚਾਰਜ ਸੀ, ਉਸ ਨੇ ਕਿਹਾ ਕਿ ਤੂੰ ਵਾਰਡ ਵਿਚ ਛੱਡ ਕੇ ਘਰ ਨੂੰ ਚਲਾ ਜਾਵੀਂ। ਉਹ ਨਾ ਮੰਨਿਆਂ।
ਇਕੱਲਾ ਬੰਦਾ ਬੈੱਡ ਨਹੀਂ ਲਿਜਾ ਸਕਦਾ ਸੀ। ਉਸ ਦੇ ਪੰਦਰਾਂ ਮਿੰਟ ਘਰ ਨੂੰ ਜਾਣ ਵਿਚ ਰਹਿੰਦੇ ਸਨ।
ਉਹਨਾਂ ਵਿਚੋਂ ਸੱਤ ਮਿੰਟ ਉਹਨਾਂ ਨੇ ਬਹਿਸ ਕਰਦਿਆਂ ਲੰਘਾ ਦਿੱਤੇ। ਮੈਂ ਕਿਹਾ ਯਾਰ ਤੁਸੀਂ ਸੱਤ
ਮਿੰਟ ਐਥੇ ਬਰਬਾਦ ਕਰ ਦਿੱਤੇ, ਹੁਣ ਨੂੰ ਤਾਂ ਤੁਸੀਂ ਛੱਡ ਕੇ ਵੀ ਮੁੜ ਸਕਦੇ ਸੀ। ਪਤਾ ਨਹੀਂ ਉਸ ਦੇ
ਕੀ ਮਨ ਵਿਚ ਆਇਆ? ਉਹ ਵਾਰਡ ਵਿਚ ਬੈੱਡ ਛੱਡਣ ਤੁਰ ਪਿਆ। ਨਾਲ਼ ਨਾਲ਼ ਮੈਂ ਵੀ ਜਾ ਰਿਹਾ ਸੀ। ਜਦੋਂ ਅਸੀਂ
ਵਾਰਡ ਵਿਚ ਪਹੁੰਚੇ ਤਾਂ ਤਕਰੀਬਨ ਤਿੰਨ ਘੰਟੇ ਬਾਅਦ ਅਸੀਂ ਵਾਰਡ ਵਿਚ ਪਹੁੰਚੇ ਸਾਂ! ਜੋ ਮਾਤਾ ਜੀ
ਦਾ ਬੈੱਡ ਸੀ, ਉਹ ਉਸੀ ਤਰ੍ਹਾਂ ਹੀ ਪਿਆ ਸੀ। ਕੋਈ ਉਪਰ ਚਾਦਰ ਨਹੀਂ ਵਿਛੀ ਸੀ। ਜੋ ਕਿ ਵਾਰਡ ਦੇ
ਡਿਊਟੀਦਾਰਾਂ ਦਾ ਫ਼ਰਜ਼ ਹੁੰਦਾ ਹੈ ਕਿ ਜਦੋਂ ਮਰੀਜ਼ ਨੂੰ ਬੈੱਡ ਤੋਂ ਲੈ ਕੇ ਜਾਂਦੇ ਹਨ, ਤਾਂ ਉਹ ਬੈੱਡ
ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਬੈੱਡ ਵਿਛਾਈ ਕਰਨ! ਪਰ ਮੈਂ ਇਹ ਪੰਜਾਬ ਦੇ ਮੰਨੇ-ਪ੍ਰਮੰਨੇ ਡੀ. ਐੱਮ.
ਸੀ. ਹਸਪਤਾਲ਼ ਵਿਚ ਵੇਖਿਆ ਹੈ ਕਿ ਤਿੰਨ ਘੰਟੇ ਬਾਅਦ ਮਰੀਜ਼ ਆਇਆ ਤਾਂ ਬੈੱਡ 'ਤੇ ਵਿਛਾਈ ਨਾ ਹੋਈ ਹੋਵੇ?
ਜੋ ਬੰਦਾ ਛੱਡਣ ਆਇਆ ਸੀ, ਉਹ ਦੁਹਾਈ ਪਾਉਣ ਲੱਗ ਪਿਆ ਕਿ ਮੈਂ ਲੇਟ ਹੋ ਗਿਆ, ਮੈਂ ਘਰ ਜਾਣਾ ਹੈ।
ਖ਼ੈਰ, ਮੈਂ ਨਰਸ ਨੂੰ ਕਿਹਾ ਕਿ ਸਾਨੂੰ ਤਿੰਨ ਘੰਟੇ ਇੱਥੋਂ ਗਿਆਂ ਨੂੰ ਹੋ ਗਏ, ਤੇ ਬੈੱਡ 'ਤੇ ਵਿਛਾਈ
ਵੀ ਨਹੀਂ ਕੀਤੀ? ਉਹ ਬੜੇ ਮਿਜਾਜ ਨਾਲ਼ ਆਖਣ ਲੱਗੀ ਕਿ ਇੱਥੇ ਇਸੇ ਤਰ੍ਹਾਂ ਹੀ ਚੱਲਦਾ ਹੈ! ਮੈਂ ਕਿਹਾ
ਕਮਾਲ ਹੈ! ਮੈਂ ਆਖਣ ਲੱਗਿਆ ਕਿ ਸਾਨੂੰ ਚਾਦਰ ਕੰਬਲ਼ ਲਿਆ ਦਿਓ, ਅਸੀਂ ਆਪੇ ਹੀ ਵਿਛਾਅ ਦਿੰਦੇ ਹਾਂ।
ਉਸ ਨੇ ਚਾਦਰ ਅਤੇ ਕੰਬਲ ਸਾਨੂੰ ਲਿਆ ਦਿੱਤੇ ਅਤੇ ਅਸੀਂ ਆਪ ਹੀ ਵਿਛਾਅ ਦਿੱਤੇ। ਮਾਤਾ ਜੀ ਨੂੰ ਹੁਣ
ਬੈੱਡ ਉਪਰ ਲਿਟਾ ਦਿੱਤਾ। ਮਾਤਾ ਜੀ ਬੇਸੁਰਤ ਸਨ। ਨਰਸ ਨੇ ਆਪਣਾ ਕਾਰੋਬਾਰ ਸ਼ੁਰੂ ਕੀਤਾ, ਜੋ ਮਸ਼ੀਨ
ਮਾਤਾ ਜੀ ਦੇ ਪਹਿਲਾਂ ਲੱਗੀ ਸੀ, ਉਹ ਲਗਾ ਕੇ ਨਾਲ਼ੀਆਂ ਲਗਾ ਦਿੱਤੀਆਂ ਗਈਆਂ। ਗੁਲੂਕੋਜ਼ ਅਤੇ ਜੋ
ਦੁਆਈਆਂ ਸਨ, ਮੁੜ ਚਾਲੂ ਕਰ ਦਿੱਤੀਆਂ ਗਈਆਂ। ਹੁਣ ਅਸੀਂ ਦੋ ਪ੍ਰੀਵਾਰ ਦੇ ਮੈਂਬਰ ਮਾਤਾ ਜੀ ਦੇ ਕੋਲ਼
ਬੈਠੇ ਸਾਂ। ਇਸ ਦੌਰਾਨ ਬਾਹਰੋਂ ਦੋ ਸਕਿਊਰਿਟੀ ਵਾਲ਼ੇ ਆਏ ਅਤੇ ਸਾਨੂੰ ਆਣ ਕੇ ਕੁੱਤਿਆਂ ਵਾਂਗ ਪੈ ਗਏ।
ਅਖੇ ਐਥੇ ਇਕ ਜਣਾਂ ਹੀ ਰਹੋ ਅਤੇ ਇਕ ਬਾਹਰ ਚੱਲੋ...! ਮੈਂ ਉਹਨਾਂ ਨੂੰ ਕਿਹਾ ਬਈ ਤੁਸੀਂ ਬੋਲੋ ਤਾਂ
ਅੱਛੀ ਤਰ੍ਹਾਂ! ਅਕਸਰ ਅਸੀਂ ਹਸਪਤਾਲ਼ ਨੂੰ ਮਰੀਜ਼ ਦੇ ਇਲਾਜ਼ ਲਈ ਪੈਸੇ ਦਿੰਦੇ ਹਾਂ। ਕਹਿਣ ਲੱਗੇ ਸਾਨੂੰ
ਨਹੀਂ ਪਤਾ ਪੈਸਿਆਂ ਦਾ! ਮੈਂ ਆਖਿਆ ਕਿ ਜੇ ਕਰ ਅਸੀਂ ਮਰੀਜ਼ ਦੇ ਪੈਸੇ ਨਾ ਦੇਈਏ, ਜੇ ਹਸਪਤਾਲ਼ ਮਰੀਜ਼
ਦਾਖ਼ਲ ਨਹੀਂ ਕਰੇਗਾ, ਤਾਂ ਤੁਹਾਨੂੰ ਤਨਖਾਹ ਕਿੱਥੋਂ ਮਿਲੂਗੀ? ਪਰ ਉਹਨਾਂ ਨੇ ਸਾਡੀ ਇਕ ਨਾ ਸੁਣੀਂ।
ਇਕ ਭਈਆ ਜਿਹਾ ਲੱਗਦਾ ਸੀ। ਇਕ ਸਰਦਾਰ ਸੀ। ਪਰ ਉਸ ਦੀ ਬੋਲੀ ਬਹੁਤ ਹੀ ਘਟੀਆ ਸੀ। ਜਦੋਂ ਨਾ ਹੀ
ਬੋਲਣੋਂ ਹਟੇ ਤਾਂ ਮੈਂ ਕਹਿ ਦਿੱਤਾ, ਅਸੀਂ ਤਾਂ ਦੋ ਹੀ ਇੱਥੇ ਰਹਾਂਗੇ! ਕਰ ਲਓ, ਜੋ ਕੁਛ ਕਰਨੈਂ
ਤੁਸੀਂ! ਜਦੋਂ ਮੈਂ ਇਸ ਤਰ੍ਹਾਂ ਆਖਿਆ ਤਾਂ ਦੋਵੇਂ ਹੀ ਚਲੇ ਗਏ। ਸਾਡੇ ਨਾਲ ਦੇ ਬੈੱਡ ਵਾਲ਼ਾ ਜੋ
ਮਰੀਜ਼ ਸੀ, ਜੋ ਉਸ ਕੋਲ਼ ਨੌਜਵਾਨ ਬੈਠਾ ਸੀ, ਉਸ ਨੇ ਸਾਡੀ ਗੱਲ ਵਿਚ ਹੁੰਗਾਰਾ ਭਰਿਆ। ਕਹਿਣ ਲੱਗਾ ਕਿ
ਇਹ ਲੋਟ ਹੀ ਐਸੇ ਤਰ੍ਹਾਂ ਆਉਂਦੇ ਹਨ। ਹੁਣ ਜੋ ਵਾਰਡ ਦੀ ਸਫ਼ਾਈ ਕਰਨ ਵਾਲ਼ੇ ਦੋ ਕੁ ਨੌਜਵਾਨ ਅਤੇ
ਤਿੰਨ ਕੁ ਬੀਬੀਆਂ ਸਨ, ਉਹਨਾਂ ਨੇ ਜਦੋਂ ਵੀ ਸਫ਼ਾਈ ਕਰਨ ਆਉਣਾ ਤਾਂ ਸਾਡੇ ਕੋਲ ਆ ਜਾਣਾ। ਸਰਦਾਰ ਜੀ
ਤੁਸੀਂ ਬਾਹਰੋਂ ਆਏ ਹੋ? ਮਾਤਾ ਜੀ ਦਾ ਕੀ ਹਾਲ ਹੈ? ਹਮੇਸ਼ਾ ਹੀ ਗੱਲਾਂ ਕਰਦਿਆਂ ਕਰਦਿਆਂ ਨੇ ਕੁਝ ਨਾ
ਕੁਝ ਮੰਗ ਲੈਣਾ। ਅਸੀਂ ਹਰ ਰੋਜ਼ ਹੀ ਸੌ ਪੰਜਾਹ ਦੇ ਦੇਣੇ। ਪਰ ਫਿਰ ਮੈਨੂੰ ਪਤਾ ਲੱਗਾ ਕਿ ਉਹਨਾਂ ਨੇ
ਮੇਰੇ ਤੋਂ ਅਲੱਗ ਲੈ ਜਾਣੇ ਅਤੇ ਮੇਰੇ ਭਤੀਜੇ ਤੋਂ ਅਲੱਗ! ਮੇਰੀ ਸਿੰਘਣੀਂ ਤੋਂ ਅਲੱਗ! ਮੈਂ ਬੜਾ
ਹੈਰਾਨ ਕਿ ਇਹ ਲੋਕ ਆਪਣੀ ਡਿਊਟੀ ਕਰਦੇ ਹਨ, ਤਾਂ ਇਹਨਾਂ ਨੂੰ ਤਨਖਾਹ ਮਿਲ਼ਦੀ ਹੈ। ਇਹ ਤਾਂ ਸਾਨੂੰ
ਲੁੱਟਣ 'ਤੇ ਵਾਧੂ ਤੁਲੇ ਹੋਏ ਹਨ।
ਜਦੋਂ ਇਕ ਬੀਬੀ ਮੇਰੇ ਕੋਲ਼ ਆਈ, ਤਾਂ ਕਹਿਣ ਲੱਗੀ, ਸਰਦਾਰ ਜੀ ਲੋਹੜੀ ਹੈ, ਤੁਹਾਡੇ ਤੋਂ ਲੋਹੜੀ ਲੈਣੀ
ਹੈ। ਤੁਸੀਂ ਲੜਕੇ ਦਾ ਵਿਆਹ ਕੀਤਾ ਹੈ। ਉਹਨਾਂ ਨੂੰ ਪਤਾ ਤਾਂ ਲੱਗਿਆ ਕਿ ਮੇਰਾ ਪੁੱਤਰ ਅਤੇ ਨੂੰਹ
ਹਸਪਤਾਲ਼ ਮਾਤਾ ਜੀ ਦਾ ਪਤਾ ਲੈਣ ਆਉਂਦੇ ਰਹਿੰਦੇ ਸਨ। ਸਾਡੀ ਨੂੰਹ ਰਾਣੀ ਦੇ ਚੂੜਾ ਪਾਇਆ ਹੁੰਦਾ ਸੀ।
ਉਹਨਾਂ ਨੇ ਅੰਦਾਜ਼ਾ ਲਾ ਲਿਆ ਕਿ ਇਹ ਇਹਨਾਂ ਦੇ ਬੱਚੇ ਹਨ ਅਤੇ ਨਵੇਂ ਨਵੇਂ ਵਿਆਹੇ ਹਨ। ਮੈਂ ਇਹ ਸੋਚ
ਕੇ ਹੈਰਾਨ ਕਿ ਇਹ ਲੋਕ ਸਾਨੂੰ ਬਾਹਰਲਿਆਂ ਨੂੰ ਵੇਚ ਕੇ ਰੱਖ ਦੇਣ! ਭਾਵੇਂ ਅਸੀਂ ਵੀ ਇਸ ਦੇਸ਼ ਵਿਚੋਂ
ਹੀ ਗਏ ਹਾਂ, ਪਰ ਸਾਡੇ ਮਨ ਬਾਹਰਲੇ ਦੇਸ਼ ਵਿਚ ਆਣ ਕੇ ਕੁਝ ਬਦਲ ਗਏ ਹਨ। ਸ਼ਾਇਦ ਅਸੀਂ ਉਥੇ ਹੁੰਦੇ,
ਤਾਂ ਸ਼ਾਇਦ ਅਸੀਂ ਵੀ ਵੀ ਉਹਨਾਂ ਵਰਗੇ ਹੀ ਹੁੰਦੇ? ਹੁਣ ਮੈਂ ਸ਼ਾਮ ਨੂੰ ਇਕ ਦਿਨ ਘਰ ਨੂੰ ਜਾ ਰਿਹਾ
ਸਾਂ, ਤਾਂ ਜੋ ਲਿਫ਼ਟ ਹੈ, ਜੋ ਲੋਕ ਮਰੀਜ਼ਾਂ ਨੂੰ ਮਿਲਣ ਆਉਂਦੇ ਹਨ, ਉਹਨਾਂ ਵਾਸਤੇ ਲੱਗੀ ਹੋਈ ਹੈ।
ਇਕ ਬੰਦਾ ਹਮੇਸ਼ਾ ਹੀ ਲਿਫ਼ਟ ਚਲਾਉਣ ਵਾਸਤੇ ਰੱਖਿਆ ਹੋਇਆ ਹੈ। ਤਕਰੀਬਨ ਰਾਤ ਦੇ ਅੱਠ ਵੱਜੇ ਹੋਏ ਸਨ।
ਮੈਂ ਲਿਫ਼ਟ ਵਿਚ ਚੜ੍ਹ ਗਿਆ। ਲਿਫ਼ਟ ਚਲਾਉਣ ਵਾਲ਼ਾ 'ਕੱਲਾ ਹੀ ਲਿਫ਼ਟ ਵਿਚ ਬੈਠਾ ਸੀ। ਜਦੋਂ ਮੈਂ ਲਿਫ਼ਟ
ਵਿਚ ਵੜਿਆ ਤਾਂ ਉਹ ਲਿਫ਼ਟ ਵਿਚੋਂ ਬਾਹਰ ਆ ਕੇ ਖੜ੍ਹ ਗਿਆ। ਜਿਵੇਂ ਮੈਨੂੰ ਕੋਈ ਛੂਤ ਦੀ ਬਿਮਾਰੀ ਹੋਵੇ।
ਮੈਂ ਕੁਝ ਮਿੰਟ ਦੇਖਿਆ ਤਾਂ ਉਸ ਨੇ ਮੈਨੂੰ ਲਿਫ਼ਟ ਵਿਚ ਛੱਡਣਾ ਆਪਣਾ ਫ਼ਰਜ਼ ਹੀ ਨਾ ਸਮਝਿਆ। ਮੈਂ
ਉਡੀਕਣ ਮਗਰੋਂ ਆਖਿਆ, ਬਈ ਚਲਾ ਲਿਫ਼ਟ, ਮੈਂ ਘਰ ਨੂੰ ਜਾਣੈਂ, ਸੁਬਾਹ ਦਾ ਆਇਆ ਹੋਇਆਂ, ਭੁੱਖ ਲੱਗੀ
ਐ! ਉਹ ਇਕ ਟੁੱਕ ਕਹਿਣ ਲੱਗਾ ਕਿ ਮੈਂ 'ਕੱਲੇ ਆਦਮੀ ਲਈ ਲਿਫ਼ਟ ਨਹੀਂ ਰੱਖੀ। ਮੈਂ ਕਿਹਾ ਲਿਫ਼ਟ ਚਾਹੇ
ਇਕ ਬੰਦਾ ਹੋਵੇ, ਚਾਹੇ ਦਸ, ਲਿਫ਼ਟ ਨੂੰ ਕੀ ਫ਼ਰਕ ਪੈਂਦੈ? ਤੁਸੀਂ ਤਾਂ ਆਪਣੀ ਡਿਊਟੀ ਕਰਨੀ ਐਂ?
ਕਹਿੰਦਾ ਕਿ ਜੇ ਅਸੀਂ 'ਕੱਲੇ-'ਕੱਲੇ ਬੰਦੇ ਨੂੰ ਛੱਡੀਏ ਤਾਂ ਹਸਪਤਾਲ਼ ਕਰਜ਼ਾਈ ਹੋ ਜਾਵੇ! ਅਸੀਂ
ਹਸਪਤਾਲ਼ ਦਾ ਸੋਚਦੇ ਹਾਂ! ਉਸ ਦਾ ਮਤਲਬ ਸੀ ਕਿ ਮੈਨੂੰ ਇਹ ਦਸ-ਵੀਹ ਰੁਪਏ ਦੇ ਦੇਵੇ, ਤਾਂ ਲੈ
ਚੱਲਾਂਗਾ। ਜਦੋਂ ਉਸ ਨੇ ਕਿਹਾ ਕਿ ਅਸੀਂ ਹਸਪਤਾਲ਼ ਦਾ ਸੋਚਦੇ ਹਾਂ, ਤਾਂ ਮੈਂ ਕਿਹਾ ਕਿ ਇਹ ਜੋ ਲਿਫ਼ਟ
ਦਾ ਖਰਚ ਹੈ, ਅਸੀਂ ਦਿੰਦੇ ਹਾਂ। ਅਸੀਂ ਮਰੀਜ਼ਾਂ ਦੇ ਤੁਹਾਨੂੰ ਲੱਖਾਂ ਰੁਪਏ ਤਾਰਦੇ ਹਾਂ, ਉਹਨਾਂ
ਵਿਚ ਲਿਫ਼ਟ ਦਾ ਖਰਚਾ ਵੀ ਵਿਚ ਹੀ ਹੈ? ਬਾਕੀ ਰਹੀ ਗੱਲ, ਤੂੰ ਇੱਥੇ ਨੌਕਰੀ ਕਰਦੈਂ, ਤੂੰ ਇਸ ਤਰ੍ਹਾਂ
ਕਿਸੇ ਨੂੰ ਨਹੀਂ ਕਹਿ ਸਕਦਾ ਕਿ ਮੈਂ 'ਕੱਲਾ ਬੰਦਾ ਨਹੀਂ ਲਿਜਾ ਸਕਦਾ? ਮੈਂ ਕਿਹਾ ਕਿ ਜੇਕਰ ਤੂੰ
ਮੈਨੂੰ ਨਾ ਲੈ ਕੇ ਗਿਆ, ਤਾਂ ਮੈਂ ਤੇਰੀ ਰਿਪੋਰਟ ਕਰਾਂਗਾ। ਜਦੋਂ ਮੈਂ ਇਉਂ ਆਖਿਆ ਤਾਂ ਫ਼ਟਾ-ਫ਼ਟ
ਲਿਫ਼ਟ ਲੈ ਗਿਆ। ਉਸ ਤੋਂ ਬਾਅਦ ਮੈਂ ਹਰ ਰੋਜ਼ ਹੀ ਲਿਫ਼ਟ ਵਿਚ ਦੀ ਆਉਂਦਾ ਰਿਹਾ ਹਾਂ। ਕਦੇ ਵੀ ਉਸ ਬੰਦੇ
ਦੀ ਨਾਂਹ ਕਰਨ ਦੀ ਜੁਰਅਤ ਨਹੀਂ ਪਈ!
ਹੁਣ ਮੈਂ ਘਰ ਨੂੰ ਚਲਾ ਗਿਆ।