ਅੰਨ੍ਹੀ ਪੀਸੇ ਕੁੱਤਾ ਚੱਟੇ...!

ਕਿਸ਼ਤ 4

ਮਾਤਾ ਜੀ

ਤਾਰਾ ਸਿੰਘ ਤਾਰਾ, ਆਧੀ ਵਾਲ਼ਾ

ਅੱਜ ਉਤੋਂ ਫਿਰ ਰਾਤ ਆ ਪਈ। ਸਾਡਾ ਭਤੀਜਾ ਫਿਰ ਆ ਕੇ ਸਾਨੂੰ ਕਹਿਣ ਲੱਗਿਆ ਕਿ ਚਾਚਾ ਜੀ ਤੁਸੀਂ ਹੁਣ ਘਰ ਨੂੰ ਚੱਲੋ ਕਿਉਂਕਿ ਅਸੀਂ ਵਾਰੀਆਂ ਬੰਨ੍ਹ ਲਈਆਂ ਸਨ ਕਿ ਦਿਨ ਨੂੰ ਤੁਸੀਂ ਅਤੇ ਰਾਤ ਨੂੰ ਅਸੀਂ! ਇਉਂ ਕਰ ਕੇ ਸਮਾਂ ਲੰਘਾਇਆ ਜਾ ਰਹਿਾ ਸੀ। ਅੱਜ ਫਿਰ ਨਵਾਂ ਸਾਲ ਆ ਗਿਆ। ਨਵਾਂ ਸਾਲ 2007 ਕਾਹਦਾ ਆਇਆ? ਚੰਗੇ ਭਲਿਆਂ ਨੂੰ ਬੈਠਿਆਂ ਸੁੱਤਿਆਂ ਵਕਤ ਪਾ ਗਿਆ। ਪਰ ਜਦੋਂ ਮੈਂ ਅੱਜ ਨਵੇਂ ਸਾਲ ਚੜ੍ਹੇ ਤੋਂ ਸੋਚ ਰਿਹਾ ਸੀ ਕਿ ਜਿਸ ਤਨ ਲੱਗੀਆਂ ਸੋਈ ਜਾਣੇਂ, ਕੌਣ ਜਾਣੇ ਪੀੜ ਪਰਾਈ?
ਸੰਨ 2005 ਵਿਚ ਜਦੋਂ ਸੁਨਾਮੀਂ ਲਹਿਰਾਂ ਆਈਆਂ, ਤਾਂ ਇਕ ਲੱਖ ਉਨਾਹਟ ਹਜ਼ਾਰ ਲਾਸ਼ਾਂ ਰੋੜ੍ਹ ਕੇ ਲੈ ਗਈਆਂ, ਤਾਂ ਮੇਰੀਆਂ ਅੱਖਾਂ ਅੱਗੇ ਉਹ ਤਸਵੀਰ ਘੁੰਮ ਰਹੀ ਸੀ। ਸਾਡੇ ਤਾਂ ਮਾਤਾ ਜੀ ਸਿਰਫ਼ ਢਿੱਲੇ ਹੀ ਹਨ। ਤਦ ਵੀ ਅਸੀਂ ਇਤਨੇ ਉਦਾਸ ਹੋਏ ਬੈਠੇ ਹਾਂ। ਪਰ ਉਹ ਵੀ ਵੇਲਾ ਸੀ, ਜਦੋਂ ਸਾਰੇ ਜੱਗ 'ਤੇ ਚੀਕ ਚਿਹਾੜਾ ਪੈ ਰਿਹਾ ਸੀ। ਹੋਟਲਾਂ ਦੇ ਹੋਟਲ, ਘਰਾਂ ਦੇ ਘਰ ਬੈਠਿਆਂ ਸੁੱਤਿਆਂ ਰੁੜ੍ਹ ਗਏ! ਉੇਸ ਵੇਲੇ ਉਹਨਾਂ ਲੋਕਾਂ ਦਾ ਕੀ ਹਾਲ ਹੋਵੇਗਾ? ਪਰ ਇਹ ਗੱਲ ਅਸੀਂ ਬਾਹਰਲੇ ਲੋਕ ਹੀ ਸੋਚਦੇ ਹਾਂ। ਪਰ ਜੋ ਲੋਕ ਸਾਡੇ ਦੇਸ਼ ਵਿਚ ਰਹਿੰਦੇ ਹਨ, ਉਹ ਤਾਂ ਸ਼ਾਇਦ ਸ਼ਸ਼ੋਪੰਚ ਹੀ ਸੋਚਦੇ ਹੋਣ? 'ਕੱਲਾ ਬੈਠਾ ਸੋਚ ਰਿਹਾ ਸੀ ਕਿ ਕਦੇ ਸਾਡੇ ਦੇਸ਼ ਵਿਚ ਵੀ ਇਮਾਨਦਾਰੀ ਕਾਇਮ ਹੋਵੇਗੀ?
ਅੱਜ ਨਵੇਂ ਸਾਲ ਤੋਂ ਬਾਅਦ ਦੋ ਜਨਵਰੀ ਦਾ ਦਿਹਾੜਾ ਆਇਆ ਤਾਂ ਮਾਤਾ ਜੀ ਨੇ ਕੁਝ ਕੁ ਅੱਖਾਂ ਖੋਲ੍ਹੀਆਂ। ਅਸੀਂ ਰੱਬ ਦਾ ਲੱਖ ਲੱਖ ਸ਼ੁਕਰ ਮਨਾਇਆ, ਕਿ ਐ ਸੱਚੇ ਪਾਤਿਸ਼ਾਹ! ਤੇਰੇ ਵੀ ਚੋਜ ਨਿਆਰੇ ਹੀ ਹਨ...! ਅੱਜ ਸਵੇਰ ਨੂੰ ਜਦੋਂ ਡਾਕਟਰ ਆਇਆ ਤਾਂ ਉਹ ਮਾਤਾ ਜੀ ਨੂੰ ਚੈੱਕ ਕਰ ਰਿਹਾ ਸੀ। ਮਾਤਾ ਜੀ ਦੇ ਪੇਟ 'ਤੇ ਉਸ ਨੇ ਟੂਟੀਆਂ ਲਾਈਆਂ ਅਤੇ ਇਕ ਹੱਥ ਨਾਲ਼ ਨਬਜ਼ ਦੇਖ ਰਿਹਾ ਸੀ। ਇਸ ਦੌਰਾਨ ਉਸ ਦਾ ਮੋਬਾਇਲ ਫ਼ੋਨ ਖੜਕ ਪਿਆ। ਤੁਸੀਂ ਸੱਚ ਮੰਨਿਓਂ...! ਮਾਤਾ ਜੀ ਦੀ ਚੈੱਕ-ਅੱਪ ਵਿਚੇ ਹੀ ਛੱਡ ਕੇ ਮੋਬਾਇਲ ਫ਼ੋਨ 'ਤੇ ਗੱਲਾਂ ਕਰਨ ਲੱਗ ਪਿਆ। ਗੱਲਾਂ ਕਰਦਾ ਕਰਦਾ ਪਰ੍ਹੇ ਨੂੰ ਹੋ ਗਿਆ। ਮਾਤਾ ਜੀ ਦਾ ਪੇਟ ਨੰਗਾ ਸੀ, ਜੋ ਉਸ ਨੇ ਢਕਣਾ ਵੀ ਆਪਣਾ ਫ਼ਰਜ਼ ਨਾ ਸਮਝਿਆ। ਜਦੋਂ ਟੈਲੀਫ਼ੋਨ 'ਤੇ ਗੱਲਾਂ ਕਰਦਾ ਕਰਨੋਂ ਨਾ ਹਟਿਆ ਤਾਂ ਮੈਂ ਖ਼ੁਦ ਮਾਤਾ ਜੀ ਦਾ ਪੇਟ ਢਕਿਆ। ਮੈਂ ਉਸ ਡਾਕਟਰ ਦੀ ਉਡੀਕ ਕਰ ਰਿਹਾ ਸੀ ਕਿ ਮੋਬਾਇਲ ਫ਼ੋਨ ਤੋਂ ਹਟੂ, ਤਾਂ ਮੈਂ ਉਸ ਨੂੰ ਮਾਤਾ ਜੀ ਦੀ ਸਿਹਤ ਬਾਰੇ ਪੁੱਛਾਂ..। ਪਰ ਉਹ ਟੈਲੀਫ਼ੋਨ 'ਤੇ ਗੱਲਾਂ ਕਰਦਾ ਕਰਦਾ ਉਥੋਂ ਹੀ ਚਲਾ ਗਿਆ। ਮੈਂ ਬੜਾ ਹੈਰਾਨ ਕਿ ਇਹ ਡਾਕਟਰ ਹਨ ਜਾਂ....? ਮੈਂ ਸਾਰਾ ਦਿਨ ਉਡੀਕਦਾ ਰਿਹਾ। ਕੋਈ ਹੋਰ ਡਾਕਟਰ ਨਾ ਆਇਆ। ਉਤਨੇ ਚਿਰ ਨੂੰ ਰਾਤ ਦੇ ਤਕਰੀਬਨ ਅੱਠ ਵੱਜ ਚੁੱਕੇ ਸਨ, ਤਾਂ ਮੇਰਾ ਲੜਕਾ ਅਪਿੰਦਰ ਜੀਤ ਅਤੇ ਮੇਰੀ ਨੂੰਹ ਅਮਨਪ੍ਰੀਤ ਕੌਰ ਮੈਨੂੰ ਲੈਣ ਆਏ। ਰਾਤ ਦੀ ਡਿਊਟੀ 'ਤੇ ਲੇਡੀ ਡਾਕਟਰ ਆਈ, ਉਸ ਦਾ ਨਾਮ ਮੈਨੂੰ ਬਾਅਦ ਵਿਚ ਪਤਾ ਲੱਗਿਆ ਕਿ ਡਾਕਟਰ ਮਨਮਿੰਦਰ ਹੈ। ਨਾਮ ਬੜਾ ਸੋਹਣਾ, ਪਰ ਚਿਹਰਾ ਉਸ ਦਾ ਸਦਾ ਹੀ ਜਿਵੇਂ ਕਦੇ ਖਿੜਿਆ ਹੀ ਨਹੀਂ ਹੁੰਦਾ! ਉਹ ਕਦੇ ਕਿਸੇ ਮਰੀਜ਼ ਨਾਲ ਹੱਸ ਕੇ ਨਹੀਂ ਸੀ ਬੋਲੀ। ਰੋਜ ਇਉਂ ਲੱਗਦੀ ਸੀ ਜਿਵੇਂ ਘਰੋਂ ਲੜ ਕੇ ਆਈ ਹੁੰਦੀ ਹੈ! ਅੱਜ ਮੈਂ ਅਪਿੰਦਰ ਜੀਤ ਨੂੰ ਕਿਹਾ ਕਿ ਆਪਾਂ ਜੋ ਡਿਊਟੀ ਡਾਕਟਰ ਹੈ, ਇਸ ਨੂੰ ਪੁੱਛੀਏ ਕਿ ਅੱਜ ਕੋਈ ਡਾਕਟਰ ਕਿਉਂ ਨਹੀਂ ਆਇਆ? ਤਾਂ ਅਪਿੰਦਰ ਜੀਤ ਉਸ ਦੇ ਡੈਸਕ 'ਤੇ ਗਿਆ ਤਾਂ ਉਸ ਨਾਲ਼ ਗੱਲ ਕਰਨੀ ਚਾਹੀ। ਉਹ ਦੋ-ਤਿੰਨ ਮਿੰਟ ਕੜ੍ਹਾ ਰਿਹਾ। ਪਰ ਉਸ ਨੇ ਉਸ ਵੱਲ ਅੱਖ ਪੱਟ ਕੇ ਵੀ ਨਾ ਦੇਖਿਆ। ਤਾਂ ਅਪਿੰਦਰ ਜੀਤ ਕਹਿਣ ਲੱਗਿਆ ਕਿ ਅਸੀਂ ਤੁਹਾਡੇ ਨਾਲ਼ ਗੱਲ ਕਰਨੀ ਚਾਹੁੰਦੇ ਹਾਂ। ਜਦੋਂ ਇਸ ਤਰ੍ਹਾਂ ਆਖਿਆ ਤਾਂ ਉਸ ਨੇ ਨਾਂ ਤਾਂ ਕਿਹਾ ਕਿ ਕੀ ਗੱਲ ਕਰਨੀ ਹੈ? ਅਤੇ ਨਾ ਹੀ ਕਿਹਾ ਕਿ ਦੱਸੋ ਕੀ ਗੱਲ ਹੈ..? ਉਹ ਚੁੱਪ ਚਾਪ ਇਕ ਪੇਪਰ ਜਿਹਾ ਪੜ੍ਹੀ ਜਾ ਰਹੀ ਸੀ। ਉਸ ਨੇ ਉਸ ਪੇਪਰ ਉਪਰ ਹੀ ਨਿਗਾਹ ਟਿਕਾਈ ਰੱਖੀ ਅਤੇ ਇਤਨੇ ਨੂੰ ਉਸ ਪਾਸ ਮੈਂ ਵੀ ਚਲਾ ਗਿਆ। ਮੈਨੂੰ ਅਪਿੰਦਰ ਜੀਤ ਕਹਿਣ ਲੱਗਿਆ ਕਿ ਦੋ ਤਿੰਨ ਵਾਰੀ ਬੁਲਾ ਚੁੱਕਾ ਹਾਂ, ਪਰ ਕੋਈ ਉਤਰ ਹੀ ਨਹੀਂ ਦਿੰਦੀ! ਫਿਰ ਅਪਿੰਦਰ ਜੀਤ ਨੇ ਕਿਹਾ ਕਿ ਅਸੀਂ ਤੁਹਾਨੂੰ ਬੁਲਾ ਰਹੇ ਹਾਂ, ਤੁਸੀਂ ਕੋਈ ਹੁੰਗਾਰਾ ਹੀ ਨਹੀਂ ਦਿੰਦੇ...ਕੀ ਗੱਲ ਹੈ? ਤਾਂ ਉਸ ਨੇ ਪੇਪਰ ਤੋਂ ਨਿਗਾਹ ਫਿਰ ਵੀ ਨਹੀਂ ਹਟਾਈ। ਕਹਿਣ ਲੱਗੀ ਦੱਸੋ ਕੀ ਗੱਲ ਕਰਨੀ ਹੈ? ਅਪਿੰਦਰ ਜੀਤ ਨੇ ਉਸ ਨੂੰ ਕਿਹਾ ਕਿ ਅਸੀਂ ਤੁਹਾਨੂੰ ਬੁਲਾਉਂਦਿਆਂ ਤਿੰਨ ਮਿੰਟ ਹੋ ਗਏ...ਪਰ ਤੁਸੀਂ ਕੋਈ ਜਵਾਬ ਹੀ ਨਹੀਂ ਦਿੱਤਾ? ਕਹਿਣ ਲੱਗੀ ਜਵਾਬ ਦੇ ਤਾਂ ਰਹੀ ਹਾਂ! ਅਪਿੰਦਰ ਜੀਤ ਮੈਨੂੰ ਕਹਿੰਦਾ ਵੇਖੋ ਇਹਨਾਂ ਦੀ ਬੋਲ-ਬਾਣੀ ਕਿਹੋ ਜਿਹੀ ਹੈ...! ਤਾਂ ਕਹਿਣ ਲੱਗੀ ਸਾਡੀ ਬੋਲ ਬਾਣੀ ਨੂੰ ਕੀ ਹੋਇਆ? ਅਸੀਂ ਕਿਹਾ ਕਿ ਜੋ ਤੁਹਾਡਾ ਵਰਤਾਓ ਹੈ, ਉਹ ਬਿਲਕੁਲ ਠੀਕ ਨਹੀਂ ਹੈ..! ਕਹਿਣ ਲੱਗੀ ਤੁਸੀਂ ਸਾਡਾ ਵਰਤਾਓ ਬਦਲ ਨਹੀਂ ਸਕਦੇ..! ਅਸੀਂ ਆਖਿਆ ਬਈ ਤੁਹਾਨੂੰ ਤਨਖ਼ਾਹ ਦੇ ਬਦਲੇ ਕੰਮ ਵੀ ਕਰਨਾ ਚਾਹੀਦਾ ਹੈ। ਕਹਿਣ ਲੱਗੀ ਕਿ ਤਨਖ਼ਾਹ ਤੁਸੀਂ ਤਾਂ ਨਹੀਂ ਦਿੰਦੇ..? ਇਤਨਾ ਆਖ ਕੇ ਫਿਰ ਪੇਪਰ ਪੜ੍ਹਨ ਲੱਗ ਪਈ। ਮੈਂ ਕਿਹਾ, ਕੋਈ ਨਹੀਂ, ਅਸੀਂ ਸਵੇਰ ਨੂੰ ਤੁਹਾਡੀ ਮੈਨੇਜਮੈਂਟ ਨੂੰ ਮਿਲਾਂਗੇ। ਕਹਿੰਦੀ, ਜਿਸ ਨੂੰ ਮਰਜ਼ੀ ਐ ਮਿਲ ਲਇਓ..! ਮੈਨੂੰ ਇੰਜ ਲੱਗ ਰਿਹਾ ਸੀ ਕਿ ਜਿਵੇਂ ਕਿਸੇ ਮੈਨੇਜਮੈਂਟ ਆਫ਼ੀਸਰ ਦੀ ਕੋਈ ਰਿਸ਼ਤੇਦਾਰ ਹੋਵੇ..।
ਖ਼ੈਰ, ਅੱਜ ਵੀ ਅਸੀਂ ਘਰ ਨੂੰ ਆ ਗਏ। ਦੂਸਰੇ ਦਿਨ ਸੁਬਾਹ ਮੈਂ ਤਕਰੀਬਨ ਨੌਂ ਵਜੇ ਵਾਰਡ ਵਿਚ ਆਇਆ। ਮਾਤਾ ਜੀ ਦੀ ਸਿਹਤ ਕੁਝ ਠੀਕ ਨਹੀਂ ਸੀ। ਜੋ ਵਾਰਡ ਦਾ ਡਿਊਟੀ ਡਾਕਟਰ ਸੀ, ਅੱਜ ਹੋਰ ਸੀ, ਉਸ ਨੂੰ ਕਿਹਾ ਕਿ ਮਾਤਾ ਜੀ ਦਾ ਜੋ ਇਲਾਜ ਚੱਲ ਰਿਹਾ ਹੈ, ਅਸੀਂ ਉਸ ਤੋਂ ਖ਼ੁਸ਼ ਨਹੀਂ ਹਾਂ। ਪਰ ਉਹ ਡਾਕਟਰ ਬੜਾ ਚੰਗਾ ਬੰਦਾ ਸੀ। ਉਸ ਨੂੰ ਜੋ ਗੱਲਾਂ ਮੈਂ ਕਹੀਆਂ, ਬਹੁਤ ਹੀ ਅੱਛੀ ਤਰ੍ਹਾਂ ਸੁਣੀਆਂ ਅਤੇ ਮੈਂ ਉਸ ਨੂੰ ਰਾਤ ਵਾਲ਼ੀ ਕਹਾਣੀ ਵੀ ਦੱਸੀ। ਜਦੋਂ ਉਸ ਨੇ ਸਭ ਕੁਝ ਮੇਰੇ ਤੋਂ ਸੁਣਿਆਂ ਤਾਂ ਚੁੱਪ ਕਰ ਗਿਆ। ਉਹ ਵਿਚਾਰਾ ਕਰ ਵੀ ਕੀ ਸਕਦਾ ਸੀ? ਪਰ ਉਸ ਨੇ ਮੈਨੂੰ ਭਰੋਸਾ ਦੁਆਇਆ ਕਿ ਮੈਂ ਹੁਣੇਂ ਹੀ ਵੱਡੇ ਡਾਕਟਰ ਨਾਲ਼ ਗੱਲ ਕਰ ਕੇ ਤੁਹਾਨੂੰ ਦੱਸਦਾ ਹਾਂ। ਉਤਨੇ ਚਿਰ ਨੂੰ ਡਾਕਟਰ ਸਾਰੇ ਮਰੀਜ਼ਾਂ ਨੂੰ ਚੈੱਕ ਕਰਨ ਆ ਗਿਆ। ਚੌਥਾ ਬੈੱਡ ਮਾਤਾ ਜੀ ਦਾ ਸੀ। ਪਰ ਅੱਜ ਉਹ ਡਾਕਟਰ ਨਹੀਂ ਸੀ, ਜੋ ਮੋਬਾਇਲ ਫ਼ੋਨ 'ਤੇ ਗੱਲਾਂ ਕਰਦਾ ਕਰਦਾ ਹੀ ਪੱਤਰੇ ਵਾਚ ਗਿਆ ਸੀ। ਇਹ ਡਾਕਟਰ ਹੋਰ ਸੀ। ਜਦੋਂ ਮਾਤਾ ਜੀ ਨੂੰ ਚੈੱਕ ਕਰ ਹਟਿਆ ਤਾਂ ਮੈਂ ਆਖਿਆ, ਡਾਕਟਰ ਸਾਹਿਬ ਤੁਹਾਡੇ ਨਾਲ਼ ਇਕ ਗੱਲ ਕਰਨੀ ਹੈ। ਤਾਂ ਕਹਿੰਦਾ, ਦੱਸੋ? ਮੈਂ ਆਖਿਆ ਕਿ ਮਾਤਾ ਜੀ ਦੀ ਹਾਲਤ ਕੁਝ ਠੀਕ ਹੋ ਕੇ ਫਿਰ ਗੰਭੀਰ ਹੋ ਗਈ ਹੈ, ਕੀ ਕਾਰਨ..? ਕਹਿੰਦਾ ਕੋਈ ਫ਼ਿਕਰ ਵਾਲ਼ੀ ਗੱਲ ਨਹੀਂ, ਅਸੀਂ ਅੱਜ ਤੁਹਾਨੂੰ ਅਗਲਾ ਪ੍ਰੋਗਰਾਮ ਦੱਸਾਂਗੇ! ਮੈਂ ਉਸ ਨੂੰ ਸਾਰੀ ਰਾਤ ਵਾਲ਼ੀ ਕਹਾਣੀ ਸੁਣਾਈ ਅਤੇ ਨਾਲ਼ ਹੀ ਮੈਂ ਜੋ ਡਾਕਟਰ ਟੈਲੀਫ਼ੋਨ 'ਤੇ ਗੱਲ ਕਰਦਾ ਕਰਦਾ ਹੀ ਤਿਲ੍ਹਕ ਗਿਆ ਸੀ, ਉਹ ਗੱਲ ਦੱਸੀ ਤਾਂ ਉਹ ਮੇਰੀ ਗੱਲ ਸੁਣ ਕੇ ਕਹਿੰਦਾ ਕਿ ਮੈਂ ਉਹਨਾਂ ਨਾਲ਼ ਗੱਲ ਕਰਾਂਗਾ।
ਉਸ ਦੇ ਜਾਣ ਪਿੱਛੋਂ ਹੀ ਇਕ ਹੋਰ ਡਾਕਟਰ ਆਇਆ। ਕਹਿਣ ਲੱਗਾ ਕਿ ਮਾਤਾ ਜੀ ਦਾ ਇਕ ਹੋਰ ਆਪ੍ਰੇਸ਼ਨ ਕਰਨਾ ਪੈਣਾ ਹੈ। ਜੋ ਬਹੁਤ ਹੀ ਜ਼ਰੂਰੀ ਹੈ। ਮੈਂ ਆਖਿਆ ਕਿ ਕੋਈ ਖ਼ਤਰੇ ਵਾਲ਼ੀ ਗੱਲ ਤਾਂ ਨਹੀਂ? ਕਹਿਣ ਲੱਗਿਆ ਕਿ ਕੋਈ ਖ਼ਤਰੇ ਵਾਲ਼ੀ ਗੱਲ ਕੋਈ ਨਹੀਂ। ਕੋਈ ਬਹੁਤਾ ਵੱਡਾ ਆਪ੍ਰੇਸ਼ਨ ਨਹੀਂ ਹੈ, ਜੋ ਗਲ਼ੇ ਦੇ ਸੱਜੇ ਪਾਸੇ ਟਿਸ਼ੂ ਹਨ, ਉਹ ਹੀ ਸਾਫ਼ ਕਰਨੇ ਹਨ। ਮੈਂ ਕਿਹਾ ਕਿ ਕਦੋਂ ਕਰੋਂਗੇ? ਕਹਿੰਦਾ ਕੱਲ੍ਹ ਨੂੰ ਅਸੀਂ ਸੁਬਾਹ ਦਸ ਵਜੇ ਕਰਾਂਗੇ, ਤੁਸੀਂ ਨਾਲ਼ ਹੋਇਓ! ਮੈਂ ਆਖਿਆ ਕਿ ਅਸੀਂ ਸਾਰੇ ਬਿਲਕੁਲ ਠੀਕ ਸਮੇਂ 'ਤੇ ਇੱਥੇ ਹੀ ਹੋਵਾਂਗੇ।
ਅੱਜ ਬੁੱਧਵਾਰ ਦਾ ਦਿਨ ਸੀ। ਡਾਕਟਰ ਦੇ ਕਹੇ ਅਨੁਸਾਰ ਅਸੀਂ ਸੁਬਾਹ ਤਕਰੀਬਨ ਸਾਢੇ ਅੱਠ ਵਜੇ ਹੀ ਕੁਝ ਪ੍ਰੀਵਾਰ ਦੇ ਮੈਂਬਰ ਇਕੱਠੇ ਹੋ ਗਏ। ਹੁਣ ਦਸ ਵੱਜ ਗਏ। ਹੌਲੀ-ਹੌਲੀ ਘੜ੍ਹੀ ਆਪਣੀ ਚਾਲੇ ਤੁਰੀ ਗਈ। ਚਾਰ ਵੱਜ ਗਏ। ਕੋਈ ਪਤਾ ਨਾ ਲੱਗ ਸਕਿਆ। ਨਾ ਹੀ ਜੋ ਡਿਊਟੀ ਡਾਕਟਰ ਸੀ, ਜਿਸ ਦਾ ਨਾਮ ਮੈਂ ਪਹਿਲਾਂ ਹੀ ਦੱਸ ਆਇਆ ਹਾਂ ਕਿ ਮਨਮਿੰਦਰ ਸੀ, ਉਸ ਨੇ ਵੀ ਨਹੀਂ ਦੱਸਿਆ ਕਿ ਅੱਜ ਆਪ੍ਰੇਸ਼ਨ ਨਹੀਂ ਕਰ ਸਕਦੇ। ਚਾਰ ਤੋਂ ਬਾਅਦ ਮੈਂ ਇਕ ਨਰਸ ਨੂੰ ਪੁੱਿਛਆ ਕਿ ਅੱਜ ਸਾਨੂੰ ਸਾਰੇ ਪ੍ਰੀਵਾਰ ਨੂੰ ਸੁਬਾਹ ਦਸ ਵਜੇ ਦੱਸਿਆ ਸੀ ਕਿ ਮਾਤਾ ਜੀ ਦਾ ਆਪ੍ਰੇਸ਼ਨ ਹੋਣਾ ਹੈ। ਪਰ ਸਾਨੂੰ ਕਿਸੇ ਨੇ ਕੁਝ ਨਹੀਂ ਦੱਸਿਆ ਅਤੇ ਨਾ ਹੀ ਕੋਈ ਆਇਆ ਹੈ। ਮੈਂ ਦੋ ਵਾਰ ਡਿਊਟੀ ਡਾਕਟਰ ਨੂੰ ਪੁੱਛ ਚੁੱਕਾ ਸਾਂ। ਪਰ ਉਸ ਨੇ ਕੋਈ ਵੀ ਜਵਾਬ ਨਹੀਂ ਦਿੱਤਾ। ਉਹ ਤਾਂ ਸਾਡੇ ਨਾਲ਼ ਬੋਲਦੀ ਤੱਕ ਨਹੀਂ। ਪਤਾ ਨਹੀਂ ਉਹ ਆਪਣੇ ਫ਼ਰਜ਼ ਤੋਂ ਜਾਣੂੰ ਹੈ ਕਿ ਨਹੀਂ? ਡਾਕਟਰ ਅਤੇ ਨਰਸ ਦਾ ਕੀ ਫ਼ਰਜ਼ ਹੁੰਦਾ ਹੈ? ਇਕ ਨਰਸ ਹਿੰਦੂਆਂ ਦੀ ਕੁੜੀ ਸੀ। ਬੜੀ ਮਿੱਠੀ ਬੋਲ ਬਾਣੀ ਸੀ ਕੁੜੀ ਦੀ! ਉਸ ਨੇ ਮੇਰੀ ਗੱਲ ਬੜੇ ਧਿਆਨ ਨਾਲ਼ ਸੁਣੀ। ਆਖਣ ਲੱਗੀ, ਅੰਕਲ ਜੀ! ਮੈਂ ਹੁਣੇ ਹੀ ਪਤਾ ਕਰਕੇ ਤੁਹਾਨੂੰ ਦੱਸਦੀ ਹਾਂ। ਉਸ ਵਿਚਾਰੀ ਨੇ ਜਾ ਕੇ ਡਾਕਟਰ ਮਨਮਿੰਦਰ ਨੂੰ ਪੁੱਛਿਆ ਕਿ ਮਾਤਾ ਜੀ ਦਾ ਸਾਰਾ ਪ੍ਰੀਵਾਰ ਸੁਬਾਹ ਦਾ ਉਡੀਕ ਕਰ ਰਿਹਾ ਹੈ, ਉਹਨਾਂ ਨੂੰ ਕਿਸੇ ਨੇ ਕੁਝ ਨਹੀਂ ਦੱਸਿਆ ਕਿ ਕੀ ਪ੍ਰੋਗਰਾਮ ਹੈ? ਉਸ ਨੇ ਫ਼ਾਹਾ ਵੱਢ ਲਹਿਜੇ ਵਿਚ ਆਖ ਦਿੱਤਾ ਕਿ ਆਪ੍ਰੇਸ਼ਨ ਅੱਜ ਨਹੀਂ ਹੋਣਾ! ਕਿਉਂਕਿ ਆਡੇ ਕੋਲ ਹੋਰ ਬਹੁਤ ਪੇਸ਼ੈਂਟਸ ਹਨ, ਅਸੀਂ ਇਕੱਲੀ ਮਾਤਾ ਜੀ 'ਤੇ ਨਹੀਂ ਬੈਠੇ...! ਬੜੀ ਹੈਰਾਨੀ ਦੀ ਗੱਲ...? ਹੋਰ ਪੈਸ਼ੈਂਟਸ ਬਹੁਤ ਹਨ...! ਜੋ ਮਰੀਜ਼ ਤੁਹਾਡੇ ਕੋਲ ਦਾਖ਼ਲ ਹਨ, ਤੁਸੀਂ ਉਹਨਾਂ ਦਾ ਚੇਤਾ ਭੁਲਾ ਦਿੱਤਾ ਹੈ? ਉਂਜ ਤੁਹਾਡੇ ਡੀ. ਐੱਮ. ਸੀ. ਹਸਪਤਾਲ ਸਾਰੇ ਪੰਜਾਬ 'ਚੋਂ ਨੰਬਰ ਵੱਨ ਹੈ। ਕੀ ਅਸੂਲ ਹੈ ਇਸ ਹਸਪਤਾਲ਼ ਦੀ ਮੈਨੇਜਮੈਂਟ ਦਾ...? ਮੈਂ ਆਖਿਆ ਕੋਈ ਵੀ ਕਮੇਟੀ ਦਾ ਬੰਦਾ ਮੇਰੇ ਨਾਲ਼ ਗੱਲ ਕਰੇ, ਨਹੀਂ ਤਾਂ ਮੈਂ ਹੁਣੇ ਅਖ਼ਬਾਰਾਂ ਅਤੇ ਟੀ. ਵੀ. ਵਾਲ਼ਿਆਂ ਨੂੰ ਰਿਪੋਰਟ ਦਿਆਂਗਾ! ਮੈਂ ਉਹਨਾਂ ਨੂੰ ਆਪਣੇ ਬਾਰੇ ਦੱਸਿਆ ਕਿ ਮੈਂ ਆਪ ਖ਼ੁਦ ਲਿਖਾਰੀ ਹਾਂ। ਮੈਂ ਤੁਹਾਡੇ ਹਸਪਤਾਲ਼ ਦੀ ਉਹ 'ਮਸ਼ਹੂਰੀ' ਕਰਾਂਗਾ, ਜਿਹੜੀ ਤੁਸੀਂ ਯਾਦ ਰੱਖੋਂਗੇ...!
ਇਤਨੇ ਚਿਰ ਨੂੰ ਇਕ ਡਾਕਟਰ ਮਾਤਾ ਜੀ ਨੂੰ ਚੈੱਕ ਕਰਨ ਆ ਗਿਆ। ਮੈਂ ਉਸ ਡਾਕਟਰ ਨਾਲ਼ ਗੱਲ ਕੀਤੀ ਅਤੇ ਸਾਰੀ ਵਿਥਿਆ ਉਸ ਨੂੰ ਸੁਣਾਈ। ਉਸ ਨੇ ਮੇਰੀ ਗੱਲ ਬੜੇ ਧਿਆਨ ਨਾਲ਼ ਸੁਣੀ ਅਤੇ ਕਹਿਣ ਲੱਗਿਆ ਕਿ ਤੁਸੀਂ ਮੈਨੂੰ ਅੱਧਾ ਘੰਟਾ ਦਿਓ, ਮੈਂ ਹੁਣੇ ਹੀ ਪਤਾ ਕਰਕੇ ਦੱਸਦਾ ਹਾਂ। ਮੈਂ ਆਖਿਆ ਡਾਕਟਰ ਸਾਹਿਬ, ਤੁਸੀਂ ਅੱਧੇ ਘੰਟੇ ਨੂੰ ਕਿੱਥੇ ਆਉਣੈਂ? ਜਿਹੜੇ ਸਾਨੂੰ ਸੁਬਾਹ ਦਾ ਆਖ ਕੇ ਅਜੇ ਤੱਕ ਨਹੀਂ ਬਹੁੜੇ? ਪਰ ਉਸ ਨੇ ਆਖਿਆ ਕਿ ਮੈਂ ਕਿਤੇ ਨਹੀਂ ਚੱਲਿਆ। ਜੋ ਵਾਰਡ ਵਿਚ ਟੈਲੀਫ਼ੋਨ ਸੀ, ਉਸ ਨੇ ਉਹ ਟੈਲੀਫ਼ੋਨ ਵਰਤਿਆ। ਤਕਰੀਬਨ ਪੰਦਰਾਂ ਕੁ ਮਿੰਟ ਬਾਅਦ ਗੱਲ ਕਰ ਕੇ ਵਾਪਿਸ ਮੇਰੇ ਕੋਲ਼ ਆ ਗਿਆ। ਕਹਿਣ ਲੱਗਿਆ ਕਿ ਮਾਤਾ ਜੀ ਦਾ ਆਪ੍ਰੇਸ਼ਨ ਹੋਣਾਂ ਜ਼ਰੂਰ ਹੈ, ਪਰ ਕੱਲ੍ਹ ਨੂੰ ਹੋਵੇਗਾ। ਮੈਂ ਤੁਹਾਡੇ ਨਾਲ਼ ਇਕਰਾਰ ਕਰਦਾ ਹਾਂ। ਮੈਂ ਉਸ ਨੂੰ ਆਖਿਆ ਕਿਮ ਕਿਤਨੇ ਕੁ ਸਮੇਂ ਵਿਚ ਹੋਵੇਗਾ? ਉਹ ਕਹਿਣ ਲੱਗਿਆ ਕਿ ਦਸ ਤੋਂ ਬਾਰਾਂ ਦੇ ਵਿਚਕਾਰ। ਮੈਂ ਆਖਿਆ ਡਾਕਟਰ ਸਾਹਿਬ ਤੁਸੀਂ ਸੱਚ ਆਖ ਰਹੇ ਹੋ? ਕਹਿਣ ਲੱਗਿਆ ਕਿ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ, ਜਦੋਂ ਮੈਂ ਤੁਹਾਨੂੰ ਕਹਿ ਦਿੱਤਾ, ਤਾਂ ਜ਼ਰੂਰ ਹੋਵੇਗਾ। ਇਤਨੀ ਗੱਲ ਆਖ ਕੇ ਉਸ ਨੇ ਮਾਤਾ ਜੀ ਦੀ ਫ਼ਾਈਲ ਚੁੱਕੀ ਅਤੇ ਉਸ ਵਿਚ ਲਿਖ ਗਿਆ ਕਿ ਮਾਤਾ ਜੀ ਨੂੰ ਰਾਤ ਦੇ ਬਾਰਾਂ ਵਜੇ ਤੋਂ ਪਿੱਛੋਂ ਕੋਈ ਖਾਣਾਂ ਨਾ ਦਿੱਤਾ ਜਾਵੇ। ਲਿਖ ਵੀ ਗਿਆ ਅਤੇ ਉਂਜ ਵੀ ਨਰਸ ਨੂੰ ਆਖ ਗਿਆ ਕਿ ਖਾਣਾਂ ਨਾ ਦਿੱਤਾ ਜਾਵੇ।