ਅੰਨ੍ਹੀ ਪੀਸੇ ਕੁੱਤਾ ਚੱਟੇ...!

ਕਿਸ਼ਤ 3

ਤਾਰਾ ਸਿੰਘ ਤਾਰਾ, ਆਧੀ ਵਾਲ਼ਾ

ਮਾਤਾ ਜੀ

ਦਿਨ ਚੜ੍ਹਿਆ ਤਾਂ ਮੈਂ ਅਤੇ ਮੇਰਾ ਭਰਾ ਪੰਜਾਬ ਨੂੰ ਰਵਾਨਾਂ ਹੋ ਗਏ। ਅਸੀਂ ਤਕਰੀਬਨ ਵੀਰਵਾਰ ਸ਼ਾਮ ਨੂੰ ਲੁਧਿਆਣੇ ਡੀ. ਐੱਮ. ਸੀ ਹਸਪਤਾਲ਼ ਪਹੁੰਚ ਗਏ। ਜਿੱਥੇ ਮਾਤਾ ਜੀ ਆਪਰੇਸ਼ਨ ਤੋਂ ਬਾਅਦ ਬੇਹੋਸ਼ ਪਏ ਸਨ। ਅੰਦਰ ਦੋ ਕੁ ਪ੍ਰੀਵਾਰ ਦੇ ਮੈਂਬਰ ਮਾਤਾ ਜੀ ਦੇ ਕੋਲ ਸਨ। ਬਾਕੀ ਦੇ ਬਾਹਰ ਉਦਾਸ ਜਿਹੇ ਬੈਠੇ ਸਨ। ਇਸ ਤੋਂ ਪਹਿਲਾਂ ਜਦੋਂ ਅਸੀਂ ਗੇਟ 'ਤੇ ਪਹੁੰਚੇ, ਤਾਂ ਪਹਿਰੇਦਾਰਾਂ ਨੇ ਸਾਡੇ ਨਾਲ਼ 'ਕੱੁਿਤਆਂ' ਵਾਲ਼ਾ ਸਲੂਕ ਕੀਤਾ! ਸਲੂਕ ਇਸ ਤਰ੍ਹਾਂ ਕੀਤਾ, ਪਹਿਲਾਂ ਕਾਰਡ ਤੁਹਾਡਾ ਕਿੱਥੇ ਹੈ? ਅਸੀਂ ਆਖਿਆ ਬਈ ਕਾਰਡ ਦਾ ਤਾਂ ਸਾਨੂੰ ਪਤਾ ਹੀ ਨਹੀਂ! ਅਸੀਂ ਤਾਂ ਇੰਗਲੈਂਡ ਤੋਂ ਆਏ ਹਾਂ। ਜਦੋਂ ਅਸੀਂ ਇਸ ਤਰ੍ਹਾਂ ਆਖਿਆ ਤਾਂ ਉਹਨਾਂ ਨੇ ਇਕ ਦੂਜੇ ਨੂੰ ਇਸ਼ਾਰਾ ਕੀਤਾ। ਅਸੀਂ ਸਮਝ ਗਏ ਕਿ ਇਹ ਕੀ ਚਾਹੁੰਦੇ ਹਨ? ਖ਼ੈਰ ਅਸੀਂ ਅੰਦਰ ਚਲੇ ਗਏ। ਮਾਤਾ ਜੀ ਦਾ ਹਾਲ ਵੇਖ ਕੇ ਮਨ ਬਹੁਤ ਦੁਖੀ ਹੋਇਆ, ਕਿ ਕਿਹੜੀਆਂ ਖ਼ੁਸ਼ੀਆਂ ਵਿਚ ਛੱਡ ਕੇ ਗਏ ਸੀ...! ਪਰ ਅੱਜ ਕੀ ਬਣ ਗਿਆ? ਇਸ ਗੱਲ ਦਾ ਤਾਂ ਪਤਾ ਨਹੀਂ ਸੀ। ਸਿਆਣੇ ਆਖਦੇ ਹਨ ਕਿ ਬੀਤਿਆ ਸਮਾਂ ਸਭ ਨੇ ਵੇਖਿਆ, ਪਰ ਆਉਣ ਵਾਲ਼ਾ ਸਮਾਂ ਕਿਸੇ ਨੇ ਨਹੀਂ ਦੇਖਿਆ...!
ਮਾਤਾ ਜੀ ਦੇ ਗਲ਼ੇ ਦਾ ਆਪਰੇਸ਼ਨ ਕਰ ਕੇ ਸੰਘ ਦੇ ਹੇਠਾਂ ਇਕ ਨਾਲ਼ੀ ਜਿਹੀ ਲਾਈ ਹੋਈ ਸੀ। ਜਿਸ ਵਿਚ ਦੀ ਮਾਤਾ ਜੀ ਨੂੰ ਸਾਹ ਆਉਂਦਾ ਸੀ। ਵੇਖਦੇ ਵੇਖਦੇ ਹੀ ਚਾਰ ਘੰਟੇ ਲੰਘ ਗਏ। ਤਕਰੀਬਨ ਰਾਤ ਦੇ ਗਿਆਰਾਂ ਵੱਜ ਚੁੱਕੇ ਸਨ। ਅਸੀਂ ਵੀ ਬਹੁਤ ਥੱਕੇ ਹੋਣ ਕਾਰਨ, ਦੂਜਾ ਉਦਾਸੀ ਦਾ ਮਾਹੌਲ, ਸਭਨਾਂ ਨੇ ਆਖਿਆ ਕਿ ਤੁਸੀਂ ਕੁਝ ਰੋਟੀ ਪਾਣੀ ਛਕ ਲਓ। ਪਰ ਰੋਟੀ ਪਾਣੀ ਕਿੱਥੋਂ ਲੰਘੇ? ਅੰਤ ਫ਼ੈਸਲਾ ਹੋਇਆ ਕਿ ਮੇਰਾ ਭਤੀਜਾ ਬਲਵੰਤ ਸਿੰਘ ਅਤੇ ਇਕ ਹੋਰ ਲੜਕਾ ਮਾਤਾ ਜੀ ਦੇ ਕੋਲ ਰਾਤ ਨੂੰ ਰਹਿਣਗੇ। ਬਾਕੀ ਤੁਸੀਂ ਸਾਰੇ ਘਰਾਂ ਨੂੰ ਜਾਓ! ਮੈਂ ਅਤੇ ਮੇਰੀ ਸਿੰਘਣੀ ਅਤੇ ਸਾਡੇ ਨੂੰਹ-ਪੁੱਤਰ ਸਾਡੇ ਕੁੜਮ ਕੁੜਮਣੀ ਸਾਨੂੰ ਆਪਣੀ ਕੋਠੀ ਵਿਚ ਲੈ ਆਏ। ਆਣ ਕੇ ਕੁਝ ਅੰਨ-ਪਾਣੀ ਛਕਿਆ, ਅਰਾਮ ਕੀਤਾ ਅਤੇ ਸਵੇਰ ਨੂੰ ਸਵੱਖਤੇ ਹੀ ਹਸਪਤਾਲ ਨੂੰ ਰਵਾਨਾ ਹੋ ਗਏ। ਅੱਜ ਸ਼ੁਕਰਵਾਰ ਦਾ ਦਿਹਾੜਾ ਸੀ। ਜਦੋਂ ਅਸੀਂ ਗੇਟ 'ਤੇ ਪਹੁੰਚੇ ਤਾਂ ਉਹੋ ਹੀ ਸੁਆਲ ਸਕਿਊਰਿਟੀ ਵਾਲਿਆਂ ਨੇ ਕੀਤਾ, ਵਿਖਾਓ ਕਾਰਡ! ਦੋ ਕਾਰਡ ਹਰ ਇਕ ਮਰੀਜ਼ ਦੇ ਵਾਲੀ ਵਾਰਸਾਂ ਨੂੰ ਦਿੱਤੇ ਜਾਂਦੇ ਹਨ। ਜਿਹਨਾਂ ਵਿਚੋਂ ਇਕ ਕਾਰਡ ਜੋ ਮਰੀਜ਼ ਦੇ ਕੋਲ ਰਹਿੰਦਾ ਹੈ, ਉਸ ਕੋਲ ਹੁੰਦਾ ਹੈ। ਦੂਸਰਾ ਕਾਰਡ ਜੋ ਬੰਦਾ ਬਾਹਰ ਹੁੰਦਾ ਹੈ, ਉਸ ਕੋਲ ਹੁੰਦਾ ਹੈ। ਜਦ ਕੋਈ ਘਰੋਂ ਗੇਟ 'ਤੇ ਆਉਂਦਾ ਹੈ, ਉਸ ਕੋਲ ਕੋਈ ਵੀ ਕਾਰਡ ਨਹੀਂ ਹੁੰਦਾ। ਜਦੋਂ ਸਾਨੂੰ ਕਿਹਾ ਬਈ ਕਾਰਡ ਦਿਖਾਓ, ਤਾਂ ਅਸੀਂ ਕਿਹਾ ਅਸੀਂ ਉਪਰ ਜਾਵਾਂਗੇ, ਸਾਡਾ ਬੰਦਾ ਓੁਥੇ ਹੈ, ਕਾਰਡ ਉਸੀ ਕੋਲ਼ ਹਨ। ਅਸੀਂ ਉਸ ਤੋਂ ਕਾਰਡ ਲੈ ਕੇ ਤੁਹਾਨੂੰ ਦਿਖਾ ਦਿੰਦੇ ਹਾਂ। ਇਕ ਸਕਿਊਰਿਟੀ ਵਾਲਾ ਕਹਿੰਦਾ ਠੀਕ ਹੈ, ਜਾਓ। ਦੂਸਰਾ ਕਹਿੰਦਾ, ਨਹੀਂ, ਤੁਸੀਂ ਇੱਥੇ ਹੀ ਠਹਿਰੋ! ਉਸ ਦਾ ਮਤਲਬ ਸੀ ਕਿ 'ਬਾਹਰਲੇ' ਬੰਦੇ ਹਨ, ਸ਼ਾਇਦ ਸਾਨੂੰ ਸੌ-ਪੰਜਾਹ ਦੇ ਹੀ ਜਾਣਗੇ? ਇਕ ਗੱਲ ਹੋਰ ਵੇਖਣ ਵਿਚ ਆਈ, ਸਾਡੇ ਪਿੱਛੋਂ ਬੰਦੇ ਆਣ ਕੇ ਲੰਘੀ ਜਾਣ, ਜਦੋਂ ਅਸੀਂ ਵੇਖਿਆ ਬਈ ਔਹ ਜਿਹੜੇ ਲੰਘੇ ਜਾਂਦੇ ਹਨ, ਬਿਨਾ ਕਾਰਡ ਤੋਂ ਹੀ ਲੰਘੀ ਜਾਂਦੇ ਹਨ, ਅਸੀਂ ਕਿਉਂ ਨਹੀਂ ਜਾ ਸਕਦੇ? ਮੈਂ ਸਕਿਊਰਿਟੀ ਵਾਲੇ ਨੂੰ ਪੈ ਗਿਆ ਕਿ ਤੁਸੀਂ ਆਪਪਣੇ ਆਪ ਨੂੰ ਸਮਝਦੇ ਕੀ ਹੋ? ਅਸੀਂ ਬਿਨਾ ਕਾਰਡ ਤੋਂ ਹੀ ਜਾਵਾਂਗੇ! ਤੁਸੀਂ ਸਾਨੂੰ ਰੋਕ ਕੇ ਵਿਖਾਓ! ਜਦੋਂ ਅਸੀਂ ਤੁਰ ਪਏ, ਤਾਂ ਜਿਹੜਾ ਜ਼ਿਆਦਾ ਆਕੜਦਾ ਸੀ, ਉਸ ਦਾ ਰੰਗ ਬੱਗਾ ਪੈ ਗਿਆ। ਜਦੋਂ ਅਸੀਂ ਲੰਘ ਗਏ ਤਾਂ ਝੂਠਾ ਜਿਹਾ ਹੋਇਆ ਪਿੱਛੇ ਹੋ ਗਿਆ। ਹੁਣ ਅਸੀਂ ਅੱਜ ਫਿਰ ਵਾਰਡ ਵਿਚ ਮਾਤਾ ਜੀ ਦੇ ਕੋਲ ਬੈੱਡ ਕੋਲ ਜਾ ਕੇ ਬੈਠ ਗਏ। ਜਦੋਂ ਅਸੀਂ ਗਏ ਤਾਂ ਸਾਡਾ ਭਤੀਜਾ ਅਤੇ ਇਕ ਹੋਰ ਲੜਕਾ, ਜੋ ਰਾਤ ਮਾਤਾ ਜੀ ਦੇ ਕੋਲ ਸੀ, ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਅਰਾਮ ਕਰ ਲਓ, ਨਾਲੇ ਅੰਨ ਪਾਣੀ ਛਕ ਲਓ, ਕਿਉਂਕਿ ਲੰਗਰ ਸਾਡੇ ਕੋਲ ਸਾਡੇ ਕੁੜਮਾਂ ਨੇ ਪਕਾ ਕੇ ਭੇਜ ਦਿੱਤਾ ਸੀ। ਹੁਣ ਮੈਂ ਅਤੇ ਮੇਰੀ ਸਿੰਘਣੀ ਮਾਤਾ ਜੀ ਦੇ ਕੋਲ ਬੈਠੇ ਸਾਂ। ਅਸੀਂ ਵੇਖ ਰਹੇ ਸੀ ਕਿ ਜੋ ਕੱਲ੍ਹ ਪੱਟੀ ਸੀ ਗਲ਼ੇ ਦੀ, ਉਹ ਬਦਲੀ ਨਹੀਂ ਸੀ ਗਈ। ਅਤੇ ਪੱਟੀ ਦੇ ਵਿਚ ਦੀ ਲਹੂ ਸਿੰਮਦਾ ਸੀ। ਅਸੀਂ ਜੋ ਵਾਰਡ ਦਾ ਇੰਚਾਰਜ ਸੀ, ਉਸ ਨੂੰ ਆਖਿਆ ਬਈ ਪੱਟੀ ਤੁਸੀਂ ਰੋਜ਼ ਨਹੀਂ ਬਦਲਦੇ? ਕਹਿਣ ਲੱਗਿਆ, ਪੱਟੀ ਬਦਲਣਾ ਸਾਡਾ ਕੰਮ ਨਹੀਂ! ਜਿਹਨਾਂ ਨੇ ਆਪ੍ਰੇਸ਼ਨ ਕੀਤਾ ਹੈ, ਉਹਨਾਂ ਦਾ ਫ਼ਰਜ਼ ਹੈ! ਮੈਂ ਆਖਿਆ ਕਿ ਆਪਰੇਸ਼ਨ ਹੋਏ ਨੂੰ ਤਿੰਨ ਦਿਨ ਹੋ ਗਏ, ਉਹਨਾਂ ਦਾ ਪੱਟੀ ਬਦਲਣ ਦਾ ਅਜੇ ਸਮਾਂ ਹੀ ਨਹੀਂ ਲੱਗਿਆ?
ਮੈਨੂੰ ਜੋ ਵਾਰਡ ਦਾ ਇੰਨਚਾਰਜ ਸੀ, ਕਹਿੰਦਾ ਜੀ ਮੈਂ ਉਹਨਾਂ ਨੂੰ ਟੈਲੀਫ਼ੋਨ ਕਰ ਦਿੰਦਾ ਹਾਂ। ਮੈਂ ਕਿਹਾ, ਕਰੋ! ਉਸ ਨੇ ਟੈਲੀਫ਼ੋਨ ਕੀਤਾ। ਕਹਿੰਦੇ ਅਸੀਂ ਆ ਰਹੇ ਹਾਂ। ਪਰ ਤਿੰਨ ਘੰਟੇ ਬੀਤ ਗਏ, ਕੋਈ ਨਾ ਆਇਆ। ਮੈਂ ਫਿਰ ਕਿਹਾ ਬਈ ਤਿੰਨ ਘੰਟੇ ਬੀਤ ਗਏ, ਅਜੇ ਤੱਕ ਕੋਈ ਨਹੀਂ ਬਹੁੜਿਆ, ਕੀ ਗੱਲ ਹੈ? ਉਸ ਨੇ ਫਿਰ ਟੈਲੀਫ਼ੋਨ ਕੀਤਾ। ਤਾਂ ਤੁਸੀਂ ਸੱਚ ਮੰਨਿਓਂ! ਇਕ ਨਰਸ ਅਤੇ ਇਕ ਡਾਕਟਰ ਰਾਤ ਦੇ ਸੱਤ ਵਜੇ ਪਹੁੰਚੇ। ਜਦੋਂ ਉਹ ਆਏ ਤਾਂ ਉਹਨਾਂ ਨੇ ਪੱਟੀ ਖੋਲ੍ਹੀ। ਜ਼ਖ਼ਮ ਸਾਫ਼ ਕੀਤਾ। ਮੈਨੂੰ ਇੰਜ ਲੱਗ ਰਿਹਾ ਸੀ ਕਿ ਜਿਵੇਂ ਆਪਰੇਸ਼ਨ ਤੋਂ ਬਾਅਦ ਪਹਿਲੀ ਵਾਰੀ ਸਾਫ਼ ਕੀਤਾ ਹੋਵੇ। ਮੈਂ ਉਹਨਾਂ ਨੂੰ ਆਖਿਆ ਕਿ ਤੁਹਾਨੂੰ ਅੱਠ ਘੰਟੇ ਤੋਂ ਟੈਲੀਫ਼ੋਨ ਕਰ ਕਰ ਰਹੇ ਹਾਂ। ਤਾਂ ਜਵਾਬ ਮਿਲਿਆ ਕਿ ਸਾਡੇ ਕੋਲ ਕੰਮ ਬਹੁਤ ਸੀ। ਇਸ ਦਾ ਮਤਲਬ ਹੈ ਕਿ ਜੋ ਪਹਿਲੇ ਮਰੀਜ਼ ਹਨ, ਉਹਨਾਂ ਦੇ ਵਾਰਸਾਂ ਤੋਂ ਪੈਸੇ ਬਟੋਰ ਕੇ ਇਕ ਪਾਸੇ ਹੋ ਜਾਓ, ਨਵੇਂ ਮਰੀਜ਼ਾਂ ਨੂੰ ਬਲੀ ਦੇ ਬੱਕਰੇ ਬਣਾ ਲਓ! ਇਹ ਤਾਂ ਕੋਈ ਇਨਸਾਫ਼ ਨਾ-ਨਾ ਹੋਇਆ? ਖ਼ੈਰ, ਉਹ ਕਾਹਲੀ-ਕਾਹਲੀ ਪੱਟੀ ਕਰ ਕੇ ਉਥੋਂ ਚੱਲਦੇ ਬਣੇ। ਅਜੇ ਗਏ ਹੀ ਸੀ ਕਿ ਮਾਤਾ ਜੀ ਨੇ ਪਾਸਾ ਜਿਹਾ ਲਿਆ ਅਤੇ ਉਲਟੀ ਕਰ ਦਿੱਤੀ। ਅਸੀਂ ਸਾਫ਼ ਕੀਤੀ ਤਾਂ ਦੁਬਾਰਾ ਫਿਰ ਉਲਟੀਆਂ ਕਰਨ ਲੱਗ ਪਏ। ਅਸੀਂ ਸਿਰ ਫੜਿਆ ਹੋਇਆ ਸੀ। ਦਾਸ ਦੀ ਸਿੰਘਣੀਂ ਨਰਸ ਨੂੰ ਦੱਸਣ ਗਈ ਕਿ ਮਾਤਾ ਜੀ ਉਲਟੀਆਂ ਕਰੀ ਜਾਂਦੇ ਹਨ, ਤਾਂ ਉਹ ਗੁਰੂ ਸਵਾਰੀ ਅੱਗਿਓਂ ਬੋਲੀ ਕਿ ਤੁਸੀਂ ਸਾਫ਼ ਕਰੀ ਚੱਲੋ,! ਤਾਂ ਅਸੀਂ ਆਖਿਆ ਕਿ ਉਹ ਤਾਂ ਤੜਫ਼ ਰਹੇ ਹਨ, ਤੁਸੀਂ ਕੁਝ ਕਰੋ! ਤਾਂ ਆਖਣ ਲੱਗੀ ਕਿ ਤੁਸੀਂ ਇਹਨਾਂ ਨੂੰ ਪਾਸਾ ਨਾ ਲੈਣ ਦਿਓ। ਮੈਂ ਕਿਹਾ ਕਿ ਸਾਨੂੰ ਕੀ ਪਤਾ ਹੈ ਕਿ ਮਰੀਜ਼ ਨੂੰ ਕਿੱਧਰਲੇ ਪਾਸੇ ਨੂੰ ਕਰਨਾ ਹੈ? ਤਾਂ ਉਹ ਨਰਸ ਖ਼ਾਮੋਸ਼ ਹੋ ਗਈ। ਉਸ ਦੀ ਚੁੱਪ ਦੇਖ ਕੇ ਮੈਂ ਕਿਹਾ ਕਿ ਤੁਹਾਡਾ ਵੀ ਕੋਈ ਨਾ ਕੋਈ ਫ਼ਰਜ਼ ਬਣਦਾ ਹੋਵੇਗਾ? ਤਾਂ ਨਜ਼ਦੀਕ ਬੈੱਡ 'ਤੇ ਜੋ ਮਰੀਜ਼ ਸੀ, ਉਸ ਦਾ ਰਿਸ਼ਤੇਦਾਰ ਉਚੀ ਦੇਣੇ ਬੋਲਿਆ, ਸਰਦਾਰ ਜੀ, ਇਹਨਾਂ ਦਾ ਫ਼ਰਜ਼ ਸਿਰਫ਼ ਇਕ ਪੈਸੇ ਲੈਣਾ ਹੀ ਰਹਿ ਗਿਆ..! ਕੋਈ ਮਰੇ, ਕੋਈ ਜੀਵੇ...ਸੁਥਰਾ ਘੋਲ਼ ਪਤਾਸੇ ਪੀਵੇ..! ਜਦੋਂ ਉਸ ਬੰਦੇ ਨੇ ਉਚੀ ਅਵਾਜ਼ ਵਿਚ ਕਿਹਾ ਤਾਂ ਫਿਰ ਇਕ ਨਰਸ ਨੂੰ ਮਜਬੂਰਨ ਆਉਣਾ ਪਿਆ, ਤਾਂ ਆ ਕੇ ਮਾੜਾ ਮੋਟਾ ਜਿਹਾ 'ਹੱਥ ਠੋਕਾ' ਕਰ ਕੇ ਫਿਰ ਚਲੀ ਗਈ। ਅਸੀਂ ਉਸ ਨੂੰ ਕਿਹਾ ਕਿ ਬੈੱਡ ਦਾ ਬਿਸਤਰਾ ਗੰਦਾ ਹੋ ਗਿਆ ਹੈ, ਇਸ ਨੂੰ ਬਦਲਣਾਂ ਹੈ। ਤਾਂ ਉਹ ਭਲੀ ਬੋਲੀ, ਵੇਖਦੇ ਹਾਂ ਕਿ ਸਾਡੇ ਕੋਲ ਕੋਈ ਹੋਰ ਬਿਸਤਰਾ ਹੈ ਵੀ ਕਿ ਨਹੀਂ? ਮੈਂ ਕਿਹਾ ਕਿ ਪੰਜਾਬ 'ਚੋਂ ਇਕ ਨੰਬਰ ਹਸਪਤਾਲ਼ ਹੋਵੇ, ਇਸ ਦੇ ਚਾਰਜ ਹੋਣ ਹਰ ਰੋਜ ਦੇ ਚਾਲ਼ੀ ਹਜ਼ਾਰ ਰੁਪਏ, ਤਾਂ ਇਕ ਬਿਸਤਰਾ ਨਾ ਹੋਵੇ...? ਤਾਂ ਫਿਰ ਇਕ ਮੁੰਡੇ ਨੇ ਲਿਆ ਕੇ ਸਾਨੂੰ ਚਾਦਰ ਦਿੱਤੀ, ਤਾਂ ਅਸੀਂ ਸਾਰਿਆਂ ਨੇ ਰਲ਼ ਕੇ ਚਾਦਰ ਬਦਲੀ!