ਅੰਨ੍ਹੀ ਪੀਸੇ ਕੁੱਤਾ ਚੱਟੇ...!

ਕਿਸ਼ਤ 2
 

ਤਾਰਾ ਸਿੰਘ ਤਾਰਾ, ਆਧੀ ਵਾਲ਼ਾ

ਮਾਤਾ ਜੀ

ਅੱਜ 13 ਨਵੰਬਰ ਦਾ ਦਿਨ ਹੈ।
ਸਾਡੇ ਘਰ ਵਿਚ ਖੁਸ਼ੀਆਂ ਅਤੇ ਚਾਅਵਾਂ ਨਾਲ਼ ਹਰ ਦਿਨ ਮਨਾਇਆ ਜਾ ਰਿਹਾ ਸੀ। ਸਾਡੇ ਮਾਤਾ ਜੀ ਸਭ ਤੋਂ ਵੱਧ ਖ਼ੁਸ਼ ਨਜ਼ਰ ਆ ਰਹੇ ਸਨ। ਕਿਉਂਕਿ ਪੋਤਰੇ ਦਾ ਵਿਆਹ ਸੀ। ਸਿਆਣੇ ਕਹਿੰਦੇ ਹਨ ਕਿ ਮੂਲ ਨਾਲ਼ੋਂ ਵਿਆਜ਼ ਪਿਆਰਾ! ਖ਼ੈਰ ਉਡੀਕਾਂ ਕਰਦਿਆਂ ਨੂੰ ਇਕ ਦਸੰਬਰ ਆ ਗਿਆ। ਦਿਨ ਸ਼ੁਕਰਵਾਰ, ਜਿਸ ਦਿਨ ਕਾਕਾ ਅਪਿੰਦਰ ਜੀਤ ਸਿੰਘ ਦੀ ਕੁੜਮਾਈ ਹੋਣੀਂ ਸੀ। ਸੁਬਾਹ ਸੁਖਮਨੀ ਸਾਹਿਬ ਜੀ ਦਾ ਪਾਠ ਅਤੇ ਉਸ ਤੋਂ ਉਪਰੰਤ ਸਹਿਜ ਪਾਠ ਦੇ ਭੋਗ ਪਾਏ ਗਏ। ਭੋਗ ਤੋਂ ਬਾਅਦ ਕੀਰਤਨੀ ਜੱਥੇ ਨੇ ਕੀਰਤਨ ਕੀਤਾ ਅਤੇ ਉਸ ਤੋਂ ਬਾਅਦ ਸੰਤ ਸਿੰਘ 'ਪਾਰਸ' ਦਾ ਢਾਡੀ ਜੱਥਾ ਦਾਸ ਨੇ ਸੱਦਿਆ ਹੋਇਆ ਸੀ। ਢਾਡੀ ਜੱਥੇ ਨੇ ਤਕਰੀਬਨ ਡੇੜ੍ਹ ਘੰਟਾ ਢਾਡੀ ਵਾਰਾਂ ਬੜੇ ਜੋਸ਼ ਨਾਲ਼ ਗਾਈਆਂ। ਆਈਆਂ ਸੰਗਤਾਂ ਨੂੰ ਜਿਵੇਂ ਕੀਲ ਕੇ ਰੱਖ ਦਿੱਤਾ। ਉਪਰੰਤ ਕੁੜਮਾਈ ਦਾ ਸ਼ਗਨ ਪਿਆ। ਸਭਨਾਂ ਨੇ ਵਧਾਈਆਂ ਦਿੱਤੀਆਂ। ਖਾਸ ਤੌਰ 'ਤੇ ਪ੍ਰੋਫ਼ੈਸਰ ਹਰਜੀਤ ਸਿੰਘ 'ਅਸ਼ਕ' ਮੇਰੇ ਪ੍ਰਮ ਮਿੱਤਰ ਮੇਰੇ ਨਾਲ਼ ਵਿਆਹ 'ਤੇ ਇੰਗਲੈਂਡ ਤੋਂ ਅਤੇ ਕੁਲਦੀਪ ਸਿੰਘ ਸੰਘਾ, ਸਤਿਨਾਮ ਸਿੰਘ ਅੰਮ੍ਰਿਤਸਰ ਵਾਲ਼ੇ ਹੋਰ ਅਨੇਕਾਂ..! ਮੇਰੇ ਛੋਟੇ ਵੀਰ ਅਤੇ ਪੰਜਾਬੀ ਦੇ ਸੰਸਾਰ ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਇਸ ਵਿਆਹ 'ਤੇ ਰੁਝੇਵਿਆਂ ਕਾਰਨ ਪਹੁੰਚ ਨਹੀਂ ਸਕੇ। ਸ਼ਿਵਚਰਨ ਜੱਗੀ ਕੁੱਸਾ ਦੇ ਹੱਸਮੁੱਖ ਅਤੇ ਰਲ਼ਾਉਟੇ ਸੁਭਾਅ ਦੀ ਘਾਟ ਸਾਨੂੰ ਸਾਰੇ ਵਿਆਹ ਵਿਚ ਰੜਕਦੀ ਰਹੀ! ਮੈਨੂੰ ਅਥਾਹ ਮਾਣ ਹੈ ਕਿ ਵਿਸ਼ਵ-ਪ੍ਰਸਿੱਧ ਨਾਵਲਕਾਰ ਜੱਗੀ ਕੁੱਸਾ ਮੇਰੇ ਪ੍ਰੀਵਾਰ ਦਾ ਇਕ ਅੰਗ ਹੈ!
ਕੁੜਮਾਈ ਤੋਂ ਬਾਅਦ ਸਭਨਾਂ ਨੇ ਲੰਗਰ ਪਾਣੀ ਛਕਿਆ ਤਾਂ ਸੰਤ ਸਿੰਘ ਪਾਰਸ, ਜੋ ਢਾਡੀ, ਮੇਰੀ ਕੌਮ ਦੇ ਢਾਡੀ, ਜਿਹਨਾਂ ਨਾਲ਼ ਮੈਂ 6000 ਰੁਪਏ ਦੇਣੇ ਕੀਤੇ ਸਨ ਅਤੇ ਜੋ ਸਟੇਜ਼ 'ਤੇ ਮਾਇਆ ਹੋਵੇਗੀ, ਉਹ ਜੱਥੇ ਦੀ ਹੋਵੇਗੀ। ਮੈਂ ਉਹਨਾਂ ਨੂੰ ਵਿਦਾ ਕਰਨ ਲੱਗੇ ਨੇ ਸੱਤ ਹਜ਼ਾਰ ਰੁਪਏ ਦਿੱਤੇ ਤਾਂ ਉਹ ਬੜੇ ਖ਼ੁਸ਼ ਹੋਏ। ਕੋਈ ਬੰਦਾ ਮੇਰੇ ਨਜਦੀਕ ਖੜ੍ਹਾ ਸੀ। ਉਸ ਨੇ ਮੈਨੂੰ ਆਖਿਆ ਕਿ ਕੀਤਾ ਇਹਨਾਂ ਨਾਲ਼ ਛੇ ਹਜ਼ਾਰ ਰੁਪਏ ਤੇ ਤੁਸੀਂ ਸੱਤ ਹਜ਼ਾਰ ਕਿਉਂ ਦੇ ਰਹੇ ਹੋ? ਮੈਂ ਸੱਜਣ ਦੀ ਗੱਲ ਸੁਣ ਕੇ ਹੈਰਾਨ ਹੋਇਆ ਕਿ ਸਾਡੀ ਕੌਮ ਦੀ ਸੋਚ ਨੂੰ ਕੀ ਹੋ ਗਿਆ? ਮੈਂ ਆਖਿਆ ਕਿ ਇਹ ਸਾਡੀ ਕੌਮ ਦੇ ਢਾਡੀ ਹਨ। ਸਾਡੀ ਕੌਮ ਦੇ ਪ੍ਰਚਾਰਕ ਹਨ। ਇਕ ਹਜ਼ਾਰ ਰੁਪਏ ਇਹਨਾਂ ਲਈ ਕੋਈ ਜ਼ਿਆਦਾ ਨਹੀਂ ਹਨ। ਇਸ ਜਗਾਹ 'ਤੇ ਮੈਨੂੰ ਇੰਗਲੈਂਡ ਵਿਚ ਇਸ ਤਰ੍ਹਾਂ ਬੀਤੀ ਇਕ ਕਹਾਣੀ ਯਾਦ ਆ ਗਈ। ਦਾਸ ਨਿਊਕਾਸਲ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਟੇਜ਼ 'ਤੇ ਸੇਵਾ ਕਰ ਰਿਹਾ ਸੀ। ਕਿਸੇ ਸੱਜਣ ਦੇ ਲੜਕੇ ਦਾ ਵਿਆਹ ਸੀ। ਮੈਨੂੰ ਆਖਣ ਲੱਗੇ ਕਿ ਤਾਰਾ ਸਿੰਘ ਜੀ ਕੋਈ ਕੀਰਤਨ ਕਰਨ ਵਾਲ਼ਾ ਜੱਥਾ ਸੱਦ ਲਓ! ਮੈਂ ਕਿਹਾ ਚੰਗਾ। ਮੈਂ ਕੀਰਤਨੀ ਜੱਥਾ ਬੜੀ ਮੁਸ਼ਕਿਲ ਨਾਲ਼ ਭਾਲ਼ ਸਕਿਆ। ਉਸ ਜੱਥੇ ਨੂੰ ਸਟੇਜ਼ ਤੇ ਢਾਈ ਸੌ ਪੌਂਡ ਹੋ ਗਿਆ। ਮੈਂ ਉਸ ਸੱਜਣ ਨੂੰ ਕਿਹਾ ਬਈ ਢਾਈ ਸੌ ਪੌਂਡ ਹੋ ਗਏ ਹਨ, ਇਕਵੰਜਾ ਪੌਂਡ ਤੁਸੀਂ ਆਪਣੇ ਕੋਲੋਂ ਪਾ ਦਿਓ ਅਤੇ ਇਹਨਾਂ ਨੂੰ ਤਿੰਨ ਸੌ ਇਕ ਪੌਂਡ ਕਰਕੇ ਦੇ ਦਿੰਦੇ ਹਾਂ। ਤਾਂ ਉਸ ਸੱਜਣ ਨੇ ਇਕਵੰਜਾ ਪੌਂਡ ਤਾਂ ਕੱਢੇ। ਪਰ ਉਸ ਦਾ ਮੂੰਹ ਜਿਵੇਂ ਕੁੜੈਣ ਖਾਧੀ ਹੋਵੇ, ਇਸ ਤਰ੍ਹਾਂ ਹੋ ਗਿਆ। ਉਸ ਤੋਂ ਦੂਜੇ ਹਫ਼ਤੇ ਮੈਨੂੰ ਕਹਿਣ ਲੱਗਿਆ ਕਿ ਵਿਆਹ ਲਈ ਕੋਈ ਗਰੁੱਪ ਚਾਹੀਦਾ ਹੈ। ਮੈਂ ਗਰੁੱਪ ਦੱਸ ਦਿੱਤਾ। ਮੈਨੂੰ ਕਹਿੰਦਾ ਕਿ ਕਿੰਨੇ ਪੈਸੇ ਹਨ? ਉਸ ਗਰੁੱਪ ਨੇ 3000 ਪੌਂਡ ਮੰਗਿਆ ਤਾਂ ਕਹਿੰਦਾ ਕੋਈ ਨਹੀਂ, ਠੀਕ ਹੈ! ਨਾਲ਼ ਹੀ ਉਸ ਗਰੁੱਪ ਨੇ ਕਿਹਾ ਕਿ ਇਕ ਹਜ਼ਾਰ ਦਾ ਚੈੱਕ ਹੁਣ ਭੇਜ ਦੇਵੋ ਤੇ ਦੋ ਹਜ਼ਾਰ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਚਾਹੀਦਾ ਹੈ! ਗੱਲ ਕੀ, ਉਸ ੱਜਣ ਨੇ ਹਜ਼ਾਰ ਦਾ ਚੈੱਕ ਉਸੇ ਵੇਲ਼ੇ ਹੀ ਭੇਜ ਦਿੱਤਾ। ਮੈਂ ਸੋਚ ਰਿਹਾ ਸਾਂ ਕਿ ਸਾਡੀ ਕੌਮ ਵਿਚ ਪ੍ਰਚਾਰਕਾਂ ਦੀ ਕੀ ਕੀਮਤ ਹੈ? ਖ਼ੈਰ, ਜੇ ਪੂਰੀ ਵਾਰਤਾ ਲਿਖਾਂ ਤਾਂ ਕਾਫ਼ੀ ਸਫ਼ੇ ਭਰ ਜਾਣਗੇ!
ਕੁੜਮਾਈ ਤੋਂ ਬਾਅਦ ਤਿੰਨ ਤਾਰੀਖ਼ ਨੂੰ ਜੰਝ ਚੜ੍ਹੀ। ਬਰਾਤ ਲੁਧਿਆਣੇਂ ਢੁੱਕੀ ਸੀ। ਚਾਹ ਪਾਣੀ ਪੀ ਕੇ ਆਨੰਦ ਕਾਰਜ ਲਈ ਗਏ। ਇਕ ਹੋਰ ਗੱਲ ਵੇਖਣ ਵਿਚ ਆਈ। ਤਕਰੀਬਨ ਸਾਰੇ ਮੇਲੀ ਜਨੇਤੀ ਕੁਲ ਗਿਣਤੀ ਤਕਰੀਬਨ 600 ਹੋਵੇਗੀ। ਜਿਹਨਾਂ ਵਿਚੋਂ ਤਕਰੀਬਨ ਆਨੰਦ ਕਾਰਜ ਵੇਲੇ ਗੁਰਦੁਆਰੇ ਵਿਖੇ 60 ਕੁ ਹੀ ਰਹਿ ਗਏ। ਮੈਂ ਸੋਚ ਰਿਹਾ ਸੀ ਕਿ ਕੀ ਹੋ ਗਿਆ ਸਾਡੇ ਸਮਾਜ ਨੂੰ? ਕੋਈ ਵੇਲ਼ਾ ਸੀ, ਜਦੋਂ ਪਿੰਡਾਂ ਵਿਚ ਵਿਹੜਿਆਂ ਵਿਚ ਆਨੰਦ ਕਾਰਜ ਹੁੰਦੇ ਸੀ। ਸਾਰੇ ਮੇਲ਼ੀ, ਜਨੇਤੀ ਅਤੇ ਸਾਰੇ ਪਿੰਡ ਵਾਲ਼ੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਮਜੂਦ ਹੁੰਦੇ ਸਨ। ਸ਼ਾਇਦ ਇਸੇ ਕਰਕੇ ਸਾਡੀਆਂ ਧੀਆਂ-ਭੈਣਾਂ ਸੁਖੀ ਵਸਦੀਆਂ ਸਨ। ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਇਕ ਵਿਖਾਵਾ ਬਣ ਕੇ ਰਹਿ ਗਿਆ। ਸ਼ਾਇਦ ਇਸੇ ਕਰਕੇ ਸਾਡੀਆਂ ਧੀਆਂ-ਭੈਣਾਂ ਘਰੀਂ ਬੈਠੀਆਂ ਹਨ। ਤਦ ਹੀ ਹਰ ਘਰ ਦੁੱਖਾਂ ਦੀ ਭੱਠੀ ਵਿਚ ਧੁਖ਼ ਰਿਹਾ ਹੈ। ਜੇ ਕਰ ਅਸੀਂ ਆਪਣੀ ਜ਼ਿੰਦਗੀ ਵਿਚ ਕੁਝ ਸੁਖ ਭਾਲ਼ਦੇ ਹਾਂ, ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰੋ! ਆਪਣੇ ਗੁਰੂਆਂ ਦੇ ਦੱਸੇ ਰਸਤਿਆਂ 'ਤੇ ਚੱਲੋ! ਆਪਣੇ ਵੱਡੇ ਵਡੇਰਿਆਂ ਦੀਆਂ ਬਬਾਣੀਆਂ ਕਹਾਣੀਆਂ ਨੂੰ ਕਦੇ ਨਾ ਭੁਲਾਓ! ਤਦ ਹੀ ਅਸੀਂ ਆਪਣੀ ਜ਼ਿੰਦਗੀ ਦੇ ਦਿਨ ਖੁਸ਼ੀਆਂ ਨਾਲ਼ ਬਿਤਾ ਸਕਾਂਗੇ!
ਵਿਆਹ ਤੋਂ ਬਾਅਦ ਦਾਸ 9 ਦਸੰਬਰ 2006 ਨੂੰ ਵਾਪਿਸ ਇੰਗਲੈਂਡ ਆ ਗਿਆ ਅਤੁ ਦਾਸ ਦੀ ਪਤਨੀ ਅਤੇ ਵਿਆਹ ਵਾਲ਼ਾ ਲੜਕਾ ਅਜੇ ਪੰਜਾਬ ਹੀ ਸਨ। ਵਿਆਂਦੜ ਜੋੜੀ ਦੋ ਹਫ਼ਤੇ ਵਾਸਤੇ ਡੁਬਈ ਚਲੇ ਗਏ। ਦੋ ਹਫ਼ਤੇ ਡੁਬਈ ਰਹਿ ਕੇ ਵਾਪਿਸ ਪੰਜਾਬ ਆ ਗਏ। ਉਤਨੇ ਚਿਰ ਨੂੰ ਕ੍ਰਿਸਮਿਸ ਦੇ ਦਿਨ ਆ ਗਏ। ਕ੍ਰਿਸਮਿਸ ਤੋਂ ਬਾਅਦ ਬੌਕਸਿੰਗ-ਡੇ! 26 ਦਸੰਬਰ ਨੂੰ ਸਵੇਰ ਨੂੰ ਸੰਡਰਲੈਂਡ ਗੁਰਦੁਆਰੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿਚ ਕਵੀ ਦਰਬਾਰ ਰੱਖਿਆ ਹੋਇਆ ਸੀ। ਕਵੀ ਦਰਬਾਰ ਬਹੁਤ ਕਾਮਯਾਬ ਰਿਹਾ। ਕਵੀ ਦਰਬਾਰ ਤੋਂ ਬਾਅਦ ਦਾਸ ਸੰਡਰਲੈਂਡ ਹੀ ਆਪਣੇ ਦੋਸਤਾਂ ਮਿੱਤਰਾਂ ਨਾਲ਼ ਰਿਹਾ ਤਾਂ ਰਾਤ ਨੂੰ ਤਕਰੀਬਨ ਦਸ ਵਜੇ ਘਰ ਆਇਆ। ਘਰ ਆ ਕੇ ਅਰਾਮ ਲਈ ਲੇਟ ਗਿਆ ਕਿ ਸਵੇਰ ਨੂੰ ਕੰਮ 'ਤੇ ਜਾਣਾ ਹੈ। ਉਸੇ ਰਾਤ ਹੀ ਤਕਰੀਬਨ ਸਾਢੇ ਬਾਰਾਂ ਵਜੇ ਦਾਸ ਦੇ ਭਤੀਜੇ ਦਾ ਟੈਲੀਫ਼ੋਨ ਆ ਗਿਆ। ਟੈਲੀਫ਼ੋਨ ਖੜਕਿਆ ਤਾਂ ਮੈਂ ਪਹਿਲਾਂ ਹੀ ਆਖਿਆ ਕਿ ਸੁੱਖ ਤਾਂ ਹੈ? ਮੇਰਾ ਭਤੀਜਾ ਬਲਵੰਤ ਸਿੰਘ ਬੋਲਿਆ, ਚਾਚਾ ਜੀ, ਸੁੱਖ ਤਾਂ ਹੈ, ਪਰ ਬੀਬੀ ਜੀ ਠੀਕ ਨਹੀਂ ਹੈ! ਮੈਂ ਕਿਹਾ ਕੋਈ ਖ਼ਤਰੇ ਵਾਲ਼ੀ ਗੱਲ ਤਾਂ ਨਹੀਂ? ਇਹ ਸੁਣ ਕੇ ਉਸ ਤੋਂ ਬੋਲਿਆ ਨਹੀਂ ਗਿਆ। ਮੈਂ ਆਖਿਆ ਕਿ ਤੁਸੀਂ ਹੌਸਲਾ ਰੱਖੋ, ਦਿਨ ਚੜ੍ਹਦੇ ਨੂੰ ਮੈਂ ਆਉਣ ਦਾ ਬੰਦੋਬਸਤ ਕਰ ਲਵਾਂਗਾ। ਸੋ ਇੰਜ ਤੀਸਰਾ ਫ਼ੇਰਾ ਇਸ ਸਾਲ ਵਿਚ ਪੰਜਾਬ ਨੂੰ ਲੱਗ ਗਿਆ।

ਕਿਸ਼ਤ 1