ਅੰਨ੍ਹੀ ਪੀਸੇ ਕੁੱਤਾ ਚੱਟੇ...!
|
ਤਾਰਾ ਸਿੰਘ ਤਾਰਾ, ਆਧੀ ਵਾਲ਼ਾ |
|
ਮਾਤਾ ਜੀ |
ਪੰਜਾਬੀ ਦੇ ਸਿਰਮੌਰ ਲੇਖਕ ਸ. ਤਾਰਾ ਸਿੰਘ ਤਾਰਾ, ਆਧੀ
ਵਾਲ਼ਾ ਦੇ ਮਾਤਾ ਜੀ ਕੁਝ ਦਿਨ ਹਸਪਤਾਲ ਦਾਖਲ ਰਹਿਣ ਤੋਂ ਬਾਅਦ ਅਕਾਲ ਪੁਰਖ਼ ਦੇ ਚਰਨਾਂ ਵਿਚ ਜਾ
ਬਿਰਾਜੇ ਹਨ। ਉਹ ਕੁਝ ਸਮਾਂ ਲੁਧਿਆਣਾ ਦੇ ਡੀ. ਐੱਮ. ਸੀ. ਹਸਪਤਾਲ ਵਿਚ ਜ਼ੇਰੇ ਇਲਾਜ਼ ਰਹੇ। ਉਥੇ ਉਹਨਾਂ
ਨਾਲ਼ ਬੀਤੀਆਂ ਕੁਝ ਹਿਰਦੇਵੇਧਕ ਹੱਡਬੀਤੀਆਂ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ। ਪਾਠਕਾਂ ਦੇ ਪੱਤਰਾਂ ਦੀ
ਉਡੀਕ ਰਹੇਗੀ!
-ਸੰਪਾਦਕ
ਕਿਸ਼ਤ 1
ਭਾਵੇਂ ਅਸੀਂ ਪ੍ਰਦੇਸਾਂ ਵਿਚ ਬਹੁਤ ਵਧੀਆ ਜੀਵਨ ਗੁਜ਼ਾਰ
ਰਹੇ ਹਾਂ, ਪਰ ਫਿਰ ਵੀ ਆਪਣੀ ਜਨਮ-ਭੂਮੀ ਨੂੰ ਮਨੋਂ ਵਿਸਾਰਿਆ ਨਹੀਂ ਜਾ ਸਕਦਾ! ਇਸੇ ਤਰ੍ਹਾਂ ਹੀ ਜਦੋਂ
ਵੀ ਸਮਾਂ ਬਣੇ, ਸਮੇਂ-ਸਮੇਂ ਸਿਰ ਹਰ ਬੰਦਾ ਆਪਣੀ ਜਨਮ-ਭੂਮੀਂ ਨੂੰ ਜਾ ਸਿਜਦਾ ਕਰਦਾ ਹੈ। ਕੋਈ ਕਿਸੇ
ਰਿਸ਼ਤੇਦਾਰ, ਭਾਈ-ਭੈਣਾਂ ਨੂੰ ਮਿਲਣ ਜਾਂਦਾ ਹੈ, ਕੋਈ ਕਿਸੇ ਦੇ ਵਿਆਹ ਸ਼ਾਦੀ, ਜਾਂ ਕਿਸੇ ਹੋਰ ਸਮਾਗਮ
'ਤੇ ਇਕ ਬਹਾਨੇ ਨਾਲ਼ ਆਪਣੇ ਜਨਮ ਅਸਥਾਨ 'ਤੇ ਜਾ ਕੇ ਇਕ ਮਨ ਨੂੰ ਸਕੂਨ ਜਿਹਾ ਮਿਲ਼ਦਾ ਹੈ!
ਇਸੇ ਤਰ੍ਹਾਂ ਹੀ ਦਾਸ ਵੀ ਹਰ ਸਾਲ ਹੀ ਪੰਜਾਬ ਦੀ ਮਿੱਟੀ ਨੂੰ ਜਾ ਕੇ ਮਸਤਕ ਨੂੰ ਲਾਉਂਦਾ ਹੈ। ਕਿਸੇ
ਸਾਲ ਇਕ ਫ਼ੇਰਾ ਅਤੇ ਕਿਸੇ ਸਾਲ ਦੋ ਫ਼ੇਰੇ! ਜਦੋਂ ਵੀ ਸਬੱਬ ਬਣਿਆਂ, ਉਦੋਂ ਹੀ ਪੰਜਾਬ ਦਾ ਗੇੜਾ ਲਾ
ਕੇ ਆਉਂਦਾ ਹਾਂ। ਪਰ ਸੁਭਾਵਿਕ ਸੰਨ 2006 ਵਿਚ ਵਤਨ ਦੇ ਤਿੰਨ ਚੱਕਰ ਲੱਗ ਗਏ। ਪਹਿਲਾਂ ਮਾਰਚ 2006
ਵਿਚ ਹੋਲੇ ਮੁਹੱਲੇ 'ਤੇ ਸ੍ਰੀ ਆਨੰਦਪੁਰ ਸਾਹਿਬ ਦੇ ਦਰਸ਼ਣ ਕਰਨ ਦਾ ਮਨ ਬਣਿਆਂ ਅਤੇ ਨਾਲ਼ ਹੀ
ਆਨੰਦਪੁਰ ਸਾਹਿਬ ਵਿਖੇ ਹੋਲੇ ਮੁਹੱਲੇ 'ਤੇ ਕਵੀ ਦਰਬਾਰ ਵਿਚ ਹਿੱਸਾ ਲੈਣ ਦਾ ਮੌਕਾ ਬਣਿਆਂ। ਇਸ ਕਵੀ
ਦਰਬਾਰ ਵਿਚ ਤਕਰੀਬਨ ਇਕ ਸੌ ਤੋਂ ਵੀ ਵੱਧ ਕਵੀਆਂ ਨੇ ਹਿੱਸਾ ਲਿਆ। ਜਿਹਨਾਂ ਕਵੀਆਂ ਵਿਚ ਅਸੀਂ
ਇੰਗਲੈਂਡ ਦੇ ਦੋ ਹੀ ਕਵੀ ਸਾਂ। ਇਕ ਦਾਸ ਅਤੇ ਇਕ ਗੁਰਦੀਪ ਸਿੰਘ ਸੰਧੂ! ਹਰ ਇਕ ਕਵੀ ਨੇ ਆਪਣੀ-ਆਪਣੀ
ਕਵਿਤਾ ਸੁਣਾਈ। ਮੇਰਾ ਅਤੇ ਗੁਰਦੀਪ ਸਿੰਘ ਸੰਧੂ ਦਾ ਬਾਹਰਵਾਂ-ਤੇਹਰ੍ਹਵਾਂ ਨੰਬਰ ਸੀ। ਖ਼ੈਰ, ਸਾਡੀਆਂ
ਕਵਿਤਾਵਾਂ ਸੁਣ ਕੇ ਸਾਰਿਆਂ ਨੇ ਇਹ ਆਖਿਆ ਕਿ ਬਾਹਰਲੇ ਕਵੀਆਂ ਨੇ ਮਾਂ ਬੋਲੀ ਪੰਜਾਬੀ ਦੀ ਸੇਵਾ ਤਨੋਂ
ਮਨੋਂ ਕੀਤੀ ਹੈ। ਖ਼ੈਰ, ਸਾਡੀਆਂ ਕਵਿਤਾਵਾਂ ਨੂੰ ਬੜਾ ਮਾਣ ਮਿਲਿਆ।
ਦੂਸਰਾ ਫ਼ੇਰਾ ਦਾਸ ਦੇ ਲੜਕੇ ਦਾ ਵਿਆਹ ਪੰਜਾਬ ਵਿਚ 3 ਦਸੰਬਰ 2006 ਨੂੰ ਨੀਯਤ ਕੀਤਾ ਗਿਆ। ਅਸੀਂ
ਸਾਰਾ ਪ੍ਰੀਵਾਰ 12 ਨਵੰਬਰ 2006 ਨੂੰ ਨਿਊਕਾਸਲ ਤੋਂ ਜਹਾਜ ਚੜ੍ਹ ਕੇ ਦਿੱਲੀ ਨੂੰ ਰਵਾਨਾ ਹੋ ਗਏ।
ਜਦੋਂ ਦਿੱਲੀ ਏਅਰਪੋਰਟ 'ਤੇ ਉਤਰੇ ਤਾਂ ਜਿੱਥੇ ਇੰਮੀਗਰੇਸ਼ਨ ਚੈੱਕ ਹੋਣੀ ਸੀ। ਜਦ ਅਸੀਂ ਲਾਈਨ ਵਿਚ
ਖੜ੍ਹੇ ਸਾਂ, ਤਾਂ ਇੰਮੀਗਰੇਸ਼ਨ ਆਫ਼ੀਸਰ ਭੁੱਖੇ ਬਘਿਅੜ੍ਹਾਂ ਵਾਂਗ ਸਭ ਵੱਲ ਦੇਖਣ! ਖ਼ੈਰ, ਲਾਈਨ ਵਿਚ
ਖੜ੍ਹ-ਖੜ੍ਹ ਕੇ ਅਸੀਂ ਵੀ ਜਦੋਂ ਇੰਮੀਗਰੇਸ਼ਨ ਕਾਊਂਟਰ 'ਤੇ ਪਹੁੰਚ ਗਏ। ਜਦੋਂ ਇੰਮੀਗਰੇਸ਼ਨ ਆਫ਼ੀਸਰ
ਪਾਸਪੋਰਟ ਕਦੇ ਪੁੱਠਾ ਅਤੇ ਕਦੇ ਸਿੱਧਾ ਕਰਦਾ ਸੀ, ਤਾਂ ਮੈਨੂੰ ਦੇਖ ਕੇ ਹਾਸਾ ਆ ਰਿਹਾ ਸੀ। ਬਾਅਦ
ਵਿਚ ਜਦੋਂ ਮੋਹਰ ਲਾਉਂਦਾ ਸੀ, ਤਾਂ ਪਾਸਪੋਰਟ ਚੁੱਕ ਕੇ ਮਾਰਦਾ ਸੀ। ਸਾਡੇ ਤੋਂ ਪਹਿਲਾਂ ਨੰਬਰ ਇਕ
ਅੰਗਰੇਜ਼ ਔਰਤ ਦਾ ਸੀ। ਜਦੋਂ ਅੰਗਰੇਜ਼ ਔਰਤ ਦਾ ਪਾਸਪੋਰਟ ਪੁੱਠਾ-ਸਿੱਧਾ ਕਰ ਰਿਹਾ ਸੀ ਤਾਂ ਉਹ ਔਰਤ
ਗੰਭੀਰ ਖੜ੍ਹੀ ਰਹੀ ਅਤੇ ਵੇਖੀ ਜਾ ਰਹੀ ਸੀ, ਕਿ ਇਹ ਕਰ ਕੀ ਰਿਹਾ ਹੈ? ਅੰਤ ਅੰਗਰੇਜ਼ ਔਰਤ ਦੇ
ਪਾਸਪੋਰਟ 'ਤੇ ਮੋਹਰ ਲਗਾ ਕੇ ਪਾਸਪੋਰਟ ਚੁੱਕ ਕੇ ਮਾਰਿਆ ਤਾਂ ਉਹ ਔਰਤ ਚੁੱਪ ਨਾ ਰਹਿ ਸਕੀ। ਕਹਿਣ
ਲੱਗੀ ਕਿ ਤੁਹਾਨੂੰ ਕਿਸੇ ਨੇ ਇਹ ਸਬਕ ਨਹੀਂ ਸਿਖਾਇਆ ਕਿ ਕਿਸੇ ਇਨਸਾਨ ਨਾਲ਼ ਕਿਸ ਤਰ੍ਹਾਂ ਵਰਤਾਓ
ਕਰਨਾ ਹੈ? ਨਾ ਤੁਸੀਂ ਕਿਸੇ ਨੂੰ 'ਥੈਂਕਸ' ਕਹਿੰਦੇ ਹੋ ਅਤੇ ਨਾ ਕਿਸੇ ਨੂੰ 'ਹੈਲੋ' ਆਖਦੇ ਹੋ?
ਤੁਹਾਡਾ ਜੋ ਘਟੀਆ ਵਰਤਾਓ ਵੇਖ ਕੇ ਮੈਨੂੰ ਸ਼ਰਮ ਆਉਂਦੀ ਹੈ। ਉਹ ਔਰਤ ਹੋਰ ਪਤਾ ਨਹੀਂ ਕੀ-ਕੀ ਕੁਝ ਕਹਿ
ਗਈ। ਪਰ ਉਸ ਤੋਂ ਮਗਰੋਂ ਸਾਡੀ ਵਾਰੀ ਸੀ। ਪਰ ਹੁਣ ਸਾਡਾ ਰਸਤਾ ਉਹ ਅੰਗਰੇਜ਼ ਔਰਤ ਸੌਖਾ ਕਰ ਗਈ। ਉਸ
ਇੰਮੀਗਰੇਸ਼ਨ ਵਾਲ਼ੇ ਨੇ ਘਬਰਾਏ ਹੋਏ ਨੇ ਫ਼ਟਾ ਫ਼ਟ ਸਾਡੇ ਪਾਸਪੋਰਟਾਂ 'ਤੇ ਮੋਹਰਾਂ ਲਾ ਦਿੱਤੀਆਂ। ਅਸੀਂ
ਆਪਣਾ ਸਮਾਨ ਲਿਆ ਅਤੇ ਬਾਹਰ ਆ ਗਏ।
ਅੱਗੇ ਸਾਨੂੰ ਸਾਡੇ ਕੁਝ ਰਿਸ਼ਤੇਦਾਰ ਦੋ ਗੱਡੀਆਂ ਵਿਚ ਲੈਣ ਆਏ ਹੋਏ ਸਨ। ਉਹਨਾਂ ਨੇ ਸਾਨੂੰ ਸਤਿ ਸ੍ਰੀ
ਅਕਾਲ ਬੁਲਾ ਕੇ ਫ਼ਟਾ ਫ਼ਟ ਸਮਾਨ ਵਾਲ਼ੀਆਂ ਰੇੜ੍ਹੀਆਂ ਸਾਡੇ ਕੋਲੋਂ ਫੜ ਲਈਆਂ ਅਤੇ ਗੱਡੀਆਂ ਕੋਲ਼ ਪਹੁੰਚ
ਕੇ ਸਮਾਨ ਗੱਡੀਆਂ ਵਿਚ ਰੱਖਣ ਲੱਗੇ, ਤਾਂ ਦੋ ਭਈਏ ਜਿਹੇ ਆ ਗਏ, ''ਸਰਦਾਰ ਜੀ ਸਮਾਨ ਹਮ ਰੱਖੇਗਾ...!''
ਅਸੀਂ ਉਹਨਾਂ ਨੂੰ ਕਹੀਏ ਕਿ ਅਸੀਂ ਇਤਨੇ ਸਾਰੇ ਬੰਦੇ ਹਾਂ, ਤੁਸੀਂ ਰਹਿਣ ਦਿਓ! ਪਰ ਉਹ ਕਿੱਥੇ ਪਿੱਛੇ
ਹਟਣ? ਖ਼ੈਰ ਸਮਾਨ ਨੂੰ ਉਹਨਾਂ ਨੇ ਵੀ ਮਾੜਾ ਜਿਹਾ ਹੱਥ ਹੁੱਥ ਲਾ ਦਿੱਤਾ ਅਤੇ ਬਾਅਦ ਵਿਚ ਕਹਿੰਦੇ,
''ਸਰਦਾਰ ਜੀ ਕੁਝ ਸੇਵਾ ਕਰਦੋ..!'' ਮੇਰੇ ਕੋਲ਼ ਸਕਾਚ ਪੌਂਡ ਦਾ ਨੋਟ ਸੀ। ਮੈਂ ਦਿੱਤਾ ਤਾਂ ਉਸ ਨੇ
ਦੇਖ ਕੇ ਫ਼ਟਾ-ਫ਼ਟ ਮੋੜ ਕੇ ਮੈਨੂੰ ਫ਼ੜਾ ਦਿੱਤਾ। ਕਹਿੰਦਾ ਅਖੇ ਮੈਂ ਤਾਂ ਪੰਜ ਸੌ ਪੌਂਡ ਸ਼ਗਨ ਦੇ ਲੈਣੇ
ਹਨ। ਤੁਸੀਂ ਸਰਦਾਰ ਜੀ ਪੌਂਡ ਵਾਰਨਾ ਕਰਦੇ ਜਾਂਦੇ? ਇਹ ਗੱਲ ਕਹੀ ਤਾਂ ਮੈਂ ਡਾਂਟ ਦਿੱਤਾ ਕਿ 'ਵਾਰਨਾਂ'
ਪਤਾ ਕਿਸ ਤੋਂ ਦੀ ਕਹੀਦਾ ਹੈ? ਜਦੋਂ ਮੈਂ ਉਸ ਨੂੰ ਘੂਰ ਕੇ ਜ਼ਰਾ ਦੇਖਿਆ ਤਾਂ ਉਹ ਤੁਰ ਗਏ ਅਤੇ ਕਹਿਣ
ਲੱਗੇ ਸਰਦਾਰ ਜੀ ਸਾਡਾ ਇਹ ਮਤਲਬ ਨਹੀਂ ਹੈ। ਖ਼ੈਰ ਉਹਨਾਂ ਨੇ ਸਾਡੇ ਤੋਂ ਮਸਾਂ ਜਾਨ ਛੁਡਾਈ। ਪਰ ਮੈਂ
ਸੋਚ ਰਿਹਾ ਸੀ ਕਿ ਇਹ ਉਹਨਾਂ ਦਾ ਕਸੂਰ ਨਹੀਂ ਹੈ। ਇਹ ਸਾਡਾ ਕਸੂਰ ਹੈ। ਸਾਡੇ ਲੋਕ ਏਅਰਪੋਰਟ ਤੋਂ
ਬਾਹਰ ਖ਼ੁਦ ਇਹ ਕੰਮ ਕਰਦੇ ਹਨ। ਜੋ ਸਾਡੇ ਲਈ ਨੁਕਸਾਨਦਾਇਕ ਹੈ!
ਹੁਣ ਅਸੀਂ ਗੱਡੀਆਂ ਵਿਚ ਬੈਠ ਕੇ ਪੰਜਾਬ ਨੂੰ ਚਾਲੇ ਪਾ ਦਿੱਤੇ। ਗੱਡੀਆਂ ਦੋਵੈਂ ਹੀ ਨਾਲ਼ੋ-ਨਾਲ਼ ਸੀ।
ਥੋੜ੍ਹੀ ਦੇਰ ਚੱਲ ਕੇ ਅਸੀਂ ਇਕ ਢਾਬੇ 'ਤੇ ਰੁਕ ਗਏ। ਉਥੇ ਨਾਸ਼ਤਾ ਕਰ ਕੇ ਅਜੇ ਉਥੋਂ ਚੱਲੇ ਹੀ ਸੀ
ਕਿ ਅੱਗੇ ਪੁਲ਼ਸ ਨਾਕਾ ਸੀ। ਸਾਡੀਆਂ ਗੱਡੀਆਂ ਦੋਵੇਂ ਹੀ ਘੇਰ ਲਈਆਂ। ਜਦੋਂ ਗੱਡੀਆਂ ਖੜ੍ਹੀਆਂ ਕੀਤੀਆਂ
ਤਾਂ ਕਹਿਣ ਲੱਗੇ, ਪੇਪਰ ਕੱਢੋ! ਤਾਂ ਡਰਾਈਵਰ ਪੇਪਰ ਨਾ ਕੱਢਣ। ਮੈਂ ਕਿਹਾ ਬਈ ਤੁਸੀਂ ਪੇਪਰ ਦਿਖਾ
ਦਿਓ! ਡਰਾਈਵਰ ਕਹਿਣ ਲੱਗੇ ਕਿ ਇਹਨਾਂ ਨੇ ਪੇਪਰ ਲੈ ਕੇ ਪਰ੍ਹੇ ਹੋ ਜਾਣਾ ਹੈ ਅਤੇ ਆਪਣਾ ਅੱਧੀ
ਦਿਹਾੜੀ ਛੁਟਕਾਰਾ ਨਹੀਂ ਹੋਣਾਂ! ਦਾਸ ਦੇ ਕੁੜਮ ਸਾਹਿਬ, ਜੋ ਚੰਗੇ ਪੜ੍ਹੇ ਲਿਖੇ ਇਨਸਾਨ ਹਨ, ਉਹਨਾਂ
ਨੇ ਉਹਨਾਂ ਨਾਲ਼ ਗੱਲ ਕੀਤੀ। ਦੋ ਹਜ਼ਾਰ ਰੁਪਏ ਵਿਚ ਫ਼ੈਸਲਾ ਹੋ ਗਿਆ। ਜਦੋਂ ਦੋ ਹਜ਼ਾਰ ਰੁਪਏ ਦੇ ਦਿੱਤੇ
ਤਾਂ ਜਿਹੜੇ ਪੇਪਰ 'ਘਟਦੇ' ਸੀ, ਉਹ ਬਿਨਾਂ ਵੇਖਿਆਂ ਦੇ ਹੀ 'ਪੂਰੇ' ਹੋ ਗਏ। ਮੈਂ ਸੋਚ ਰਿਹਾ ਸੀ ਕਿ
ਉਂਜ ਕਾਂਗਰਸ ਨੇ ਗੱਦੀ 'ਤੇ ਬਹਿੰਦਿਆਂ ਹੀ ਜੋਰ ਲਾਇਆ ਕਿ ਭਰਿਸ਼ਟਾਚਾਰੀ ਬੰਦ ਹੋਵੇ। ਪਰ ਇਹ ਤਾਂ
ਅੱਗੇ ਤੋਂ ਵੀ ਵੱਧ ਹੈ! ਅੰਨ੍ਹੀਂ ਨੂੰ ਬੋਲ਼ਾ ਘੜ੍ਹੀਸੀ ਜਾਂਦਾ, ਵਾਲ਼ੀ ਗੱਲ ਹੈ!
ਸਾਨੂੰ ਪਿੰਡ ਪਹੁੰਚਦਿਆਂ ਕਰਦਿਆਂ ਨੂੰ ਤਕਰੀਬਨ ਰਾਤ ਦੇ ਛੇ ਵੱਜ ਗਏ।
ਘਰ ਪਹੁੰਚ ਕੇ ਕੁਝ ਸੁਖ ਦਾ ਸਾਹ ਆਇਆ...।