ਨਾਨਕ ਵੀਰਾ ਜਨਮ ਦਿਨ ਮੁਬਾਰਿਕ
|
ਸ਼ਿੰਦਰ ਮਾਹਲ |
ਮੇਰੇ ਲਾਡੇ ਵੀਰਾ ਨਾਨਕ !
''ਜਨਮ ਦਿਨ ਮੁਬਾਰਕ''
ਐਤਕਾਂ ਤੇਰੇ ਜਨਮ ਦਿਨ ਤੇ
ਤੈਨੂੰ ਯਾਦ ਕਰਦਿਆਂ .....
ਸੱਚੀਂ ਅੱਖੋਂ ਨੀਰ ਵਹਿ ਤੁਰਿਐ
ਤੇ ਲੱਗਿਐ ਕਿ ਸੁਲਤਾਨਪੁਰੋਂ ਹੁਣ,
ਤੇਰਾ ਨਨਕਾਣਾ ਹੋਰ ਵੀ ਦੁਰਾਡਾ ਹੋ ਗਿਐ .....
ਸਮੇਂ ਦੇ ਹਾਕਮ ਪਾਪ ਦੀ ਜੰਜ ਨੂੰ
ਕਾਬਲੋਂ ਨਹੀਂ, ਇਸਲਾਮਾਬਾਦੋਂ
ਹੁਣ ਨਵੇਂ ਹੁਕਮ ਚਾੜ੍ਹ ਦਿੱਤੇ ਨੇ
ਕੀ ਨਨਕਾਣੇ, ਕੀ ਚੂਹੜਕਾਣੇ
ਕੂੜੀ ਹੈਂਕੜ ਪੂਰੇ ਰੋਹਬ ਨਾਲ
ਹੁੱਬਕੇ ਐਲਾਨ ਕਰਦੀ ਹੈ ...
ਕਿ ਸ਼ਰਮ (ਨਿਆਂ) ਤੇ ਧਰਮ ਲਈ
ਵਾਕਈ ਹੁਣ ਕੋਈ ਥਾਂ ਨਹੀਂ ਬਚੀ
ਜ਼ੋਰੀਂ ਦਾਨ ਮੰਗਣ ਵਾਲ਼ਿਆਂ ਨੇ
ਮੁਨਸਿਫ਼ਾਂ ਨੂੰ ਵੀ ਨਹੀਂ ਬਖ਼ਸ਼ਿਆ
ਬੇ-ਦਰਦੀਆਂ ਧੂਹ ਕੇ ਕੈਦ 'ਚ ਡੱਕ ਦਿੱਤੈ
ਫ਼ਰਕ ਸਿਰਫ਼ ਏਨਾ ਹੈ ....
ਕਿ ਉਹਨਾਂ ਨੂੰ ਚੱਕੀ ਪੀਹਣੀਂ ਮਾਫ਼ ਹੈ
ਪਰ ਦੇਹੀ ਨਾਲੋਂ ਮਾਨਸਿਕ ਤਸ਼ੱਦਦ ਕਾਰਨ
ਉਨ੍ਹਾਂ ਦੀ ਰੂਹ 'ਚ ਅਸਹਿ ਕੁਰਲਾਹਟ ਹੈ
ਦਿਲ ਚੀਰਵੀਆਂ, ਅਣਸੁਣੀਆਂ ਪੁਕਾਰਾਂ
ਪਰ ਸ਼ਾਇਦ ਉਹ ਵੀ ਤਾਂ ਕਦੇ
ਖ਼ੁਦਾ ਨੂੰ ਜ਼ਰੂਰ ਭੁੱਲ ਬੈਠੇ ਹੋਣਗੇ
ਜੋ ਮਨੁੱਖਤਾ ਤੇ ਹੁੰਦੇ ਕਹਿਰ ਨੂੰ ਵੇਖ
ਅੱਖਾਂ ਮੀਟੀ ਬੈਠੇ ਰਹੇ .....
ਆਪਣੇ ਨਿੱਘੇ ਨਿੱਘੇ ਆਹਲਣਿਆਂ ਵਿੱਚ
...ਤੇ ਹੁਣ ਹਾਕਮ ਨੇ ਉਨ੍ਹੀਂ ਸਿਰੀਂ ਹੀ
ਸੁਆਹ ਪਾ ਦਿੱਤੀ .....
ਪਿਆਰੇ ਵੀਰਨਾ !
ਤੇਰੇ ਵੇਲੇ ਦੇ ਤੇ ਹੁਣ ਦੇ ਐਮਨਾਬਾਦ 'ਚ
ਅਜੇ ਕੁੱਝ ਵੀ ਤਾਂ ਨਹੀਂ ਬਦਲਿਆ !
'ਰਾਜੇ ਸ਼ੀਂਹ, ਮੁਕੱਦਮ ਕੁੱਤੇ'
ਲ਼ਾਲੋ ਉਂਜ ਦਾ ਉਂਜ ਈ ਗ਼ਰੀਬ, ਲਾਚਾਰ
ਤੇ ਭਾਗੋ ਦਾ 'ਤੇਜ' ਅੱਗੇ ਨਾਲੋਂ ਵੀ ਤੇਜ਼ !
ਚਾਹੁੰਦੀ ਤਾਂ ਬਹੁਤ ਸੀ ਤੇਰੀ ਭੈਣ ਨਾਨਕੀ ਵੀ
ਸਹੇਲੀਆਂ ਸੰਗ ਨਨਕਾਣੇ ਆਉਂਦੀ
ਚਾਅ ਨਾਲ ਆਪਣਾ ਪੇਕਾ ਘਰ ਦਿਖਾਉਂਦੀ
ਪਰ ਕੀ ਕਰਾਂ ..... ਡਰ ਗਈ ਹਾਂ
ਤੇਰੀਆਂ ਉਦਾਸੀਆਂ ਨਾਲੋਂ ਵੀ
ਡਰਾਉਣੇ ਤੇ ਭਿਆਨਕ ਸਫ਼ਰ ਤੋਂ ....
ਵੀਰਾ ਮਾਫ਼ ਕਰੀਂ ਇਸ ਵਾਰੀ...
ਜਦ ਤੱਕ ਮਨੁੱਖਤਾ ਦੇ ਵੈਰੀ
ਬੈਠੇ ਰਹਿਣਗੇ ਘਾਤ ਲਗਾ
ਬਰਮੀਆਂ 'ਚ...ਵਰਦੀਆਂ 'ਚ....
ਆਪਣੀ ਹਿੰਡ ਪੁਗਾਉਣ ਲਈ
ਮੇਰੇ ਵਰਗੀਆਂ ਲੱਖਾਂ ਲਾਚਾਰ ਭੈਣਾਂ ਦੇ
ਅੱਖੋਂ ਨੀਰ ਵਹਿੰਦਾ ਹੀ ਰਹੇਗਾ....
ਉਹ ਨੀਰ ਵਗਾਉਂਦੀਆਂ ਹੀ ਰਹਿਣਗੀਆਂ ....
ਮੇਰੇ ਲਾਡਲੇ ਵੀਰਾ ਨਾਨਕ !
ਮੈਨੂੰ ਮੁਆਫ਼ ਕਰੀਂ,
ਤੈਨੂੰ ''ਜਨਮ ਦਿਨ ਮੁਬਾਰਕ''