ਯਾਦਾਂ ਦੇ ਝਰੋਖੇ 'ਚੋਂ
ਨਿਹਾਇਤ ਹੀ ਸ਼ਰੀਫ ਮੁੰਡਾ : ਮਲਕੀਤ ਸਿੰਘ
|
ਸ਼ਿੰਦਰ ਮਾਹਲ |
ਅੱਸੀਵਿਆਂ
ਦੇ ਅਰੰਭ ਦਾ ਸਿਆਲ। ਲਾਇਲਪੁਰ ਖਾਲਸਾ ਕਾਲਜ ਦੀਆਂ ਸਰਗਰਮੀਆਂ ਅੱਗੇ ਨਾਲੋਂ ਵੀ ਤੇਜ਼। ਖੇਡ ਮੈਦਾਨ
ਸਰਗਰਮ, ਓਪਨ ਏਅਰ ਥਿਏਟਰ ਸਰਗਰਮ, ਕੈਂਟੀਨ, ਹੋਸਟਲ, ਗੱਲ ਕੀ ਸਾਰਾ ਮਾਹੌਲ ਹੀ ਸਰਗਰਮ। ਓਪਨ ਏਅਰ
ਥਿਏਟਰ ਸਵੇਰ ਤੋਂ ਹੀ ਕਾਕੂ ਦੇ ਢੋਲ ਦੇ ਡੱਗੇ ਅਤੇ ਗੱਭਰੂਆਂ ਦੇ ਪੱਬਾਂ ਨਾਲ ਹੀ ਨੱਚਣ ਲੱਗ ਪੈਂਦਾ।
ਕਦੇ ਕਦੇ ਭੰਗੜੇ ਦੇ ਕੋਚ ਪ੍ਰੋ. ਇੰਦਰਜੀਤ ਸਿੰਘ ਵੀ ਖੁਦ ਨਾਲ ਨੱਚਣ ਲੱਗ ਪੈਂਦੇ। ਕਦੋਂ ਦਿਨ
ਚੜ੍ਹਦਾ ਤੇ ਕਦੋਂ ਰਾਤ ਪੈ ਜਾਂਦੀ। ਕਦੋਂ ਪੜ੍ਹਾਈ ਦਾ ਸਮਾਂ ਮੂੱਕ ਜਾਂਦਾ, ਕਦੋਂ ਅਸੀਂ ਤਿਆਰ ਹੋ
ਫੁੱਟਬਾਲ ਦੀ ਗਰਾਊਂਡ 'ਚ ਹੁੰਦੇ ਤੇ ਕਦੋਂ ਨਹਾ ਧੌ ਕੇ ਸ਼ਾਮ ਨੂੰ ਹੋਸਲ 'ਚ ਇੱਕ ਦੂਜੇ ਨਾਲ ਹਾਸਾ
ਮਖੌਲ ਕਰਦੇ, ਢਾਣੀਆਂ ਲਾ ਬੈਠਦੇ। ਰਾਤ ਨੂੰ ਮੈੱਸ ਵਿੱਚ ਜਾ ਇੱਕ ਦੂਜੇ ਦਾ ਘਿਓ ਚੁਰਾ ਕੇ ਖੁਸ਼ੀ
ਖੁਸ਼ੀ ਖਾਂਦੇ। ਬਿਗਾਨੀ ਤੇ ਉਹ ਵੀ ਚੋਰੀ ਦੀ ਚੀਜ਼ ਦਾ ਮਜ਼ਾ ਹੀ ਵੱਖਰਾ ਹੁੰਦਾ। ਸਾਡੇ ਘਿਓ ਤੇ
ਪਿੰਨੀਆਂ ਨਾਲ ਅਗਲੇ ਕਿਹੜਾ ਘੱਟ ਕਰਦੇ ਸਨ।
ਮਹੌਲ ਇੱਦਾਂ ਕਿ ਸਾਰਾ ਪਿੰਡ ਪਰਿਵਾਰ ਭੁੱਲ ਜਾਂਦੇ ਕਿਉਂਕਿ ਕਾਲਜ ਦੇ ਮਿੱਤਰ ਦੋਸਤ ਹੀ ਪਰਿਵਾਰ ਬਣ
ਗਿਆ ਸੀ। ਵੇਟ ਲਿਫਟਿੰਗ , ਰੈਸਲਿੰਗ, ਕਬੱਡੀ, ਹਾਕੀ, ਫੁੱਟਬਾਲ, ਅਥਲੈਟਿਕਸ, ਭੰਗੜਾ, ਫੁੱਟਬਾਲ,
ਬੌਕਸਿੰਗ ਵਾਲੇ ਸਾਰੇ ਖਿਡਾਰੀਆਂ ਦਾ ਗੂੜ੍ਹਾ ਆਪਸੀ ਪਿਆਰ ਸਵਰਗੀ ਹੁਲਾਰਾ ਦਿੰਦਾ। ਨਵੰਬਰ ਦਿਸੰਬਰ
ਬੁਤ ਰੁਝੇਵਿਆਂ ਭਰੇ ਮਹੀਨੇ ਹੁੰਦੇ। ਕਦੇ ਕਦੇ ਵੱਖ ਵੱਖ ਖੇਡਾਂ ਦੇ ਕੈਂਪ ਲੱਗਦੇ, ਬਾਹਰੋਂ ਆਏ
ਖਿਡਾਰੀਆਂ ਨਾਲ ਨਵੀਂ ਸਾਂਝ ਪੈਂਦੀ। ਇਹ ਮਹੀਨੇ ਮੇਲੇ ਵਾਂਗ ਲੰਘਦੇ। ਐਮ. ਏ. ਦੀਆਂ ਜਮਾਤਾਂ ਵਾਲਿਆ
ਦੀ ਆਪਣੀ ਹੀ ਦੁਨੀਆਂ ਹੁੰਦੀ। ਉਹ ਬਾਕੀ ਕਾਲਜ ਨਾਲੋਂ ਨਿਆਰੇ ਹੀ ਰਹਿੰਦੇ। ਪੜ੍ਹਾਈ ਦੇ ਬੋਝ ਦੇ
ਨਾਲ ਨਾਲ ਖੇਡਾਂ ਵਿੱਚ ਸਰਗਰਮੀ ਕਾਰਨ ਥਕੇਵਾਂ ਹੋਣਾ ਤੇ ਇਕੱਲਿਆਂ ਰਹਿਣ ਦੀ ਰੁਚੀ ਦਾ ਵਧਣਾ ਕੋਈ
ਅਨੋਖੀ ਗੱਲ ਨਹੀਂ ਹੁੰਦੀ।
ਕਾਲਜ ਦੀ ਫੁੱਟਬਾਲ ਟੀਮ ਦਾ ਕੈਪਟਨ ਹੋਣ ਦੇ ਨਾਲ ਨਾਲ ਭੰਗੜੇ ਦਾ ਸ਼ੌਕ ਵੀ ਟਿਕਣ ਨਹੀਂ ਸੀ ਦਿੰਦਾ।
ਦੋਂਹ ਬੇੜੀਆਂ 'ਚ ਪੈਰ ਰੱਖਣਾ ਬਹੁਤ ਹੀ ਮੁਸ਼ਕਿਲ ਹੁੰਦਾ। ਸਵੇਰੇ ਭੰਗੜੇ ਦੀ ਪ੍ਰੈਕਟਿਸ ਕਰਨੀ ਫਿਰ
ਪੜ੍ਹਕੇ ਸ਼ਾਮ ਨੂੰ ਫੁੱਟਬਾਲ ਦੀ। ਬੰਗੇ ਕਾਲਜ ਤੋਂ ਰੈਸਲਿੰਗ ਤੇ ਵੇਟ ਲਿਫਟਿੰਗ ਦੇ ਕੋਚ ਸੰਘਵਾਲ
ਵਾਲੇ ਸ. ਜਗੀਰ ਸਿੰਘ ਦੀ ਪ੍ਰੇਰਨਾ ਖਾਲਸਾ ਕਾਲਜ ਜਲੰਧਰ ਲੈ ਆਈ ਸੀ। ਇੱਥੇ ਆਕੇ ਬੰਗਾ ਮੇਰੇ ਨਾਮ
ਨਾਲ ਜੁੜ ਗਿਆ। ਕੋਚ ਸ. ਤਰਲੋਚਨ ਸਿੰਘ ਸੰਘਾ ਤੇ ਸਾਰੇ ਟੀਮ ਖਿਡਾਰੀ ਬੰਗਾ ਹੀ ਸੱਦਣ ਲੱਗ ਪਏ।
ਹ੍ਹੇਰਾਂ ਵਾਲਾ ਵਿਜੇ ਜੋ ਮੇਰੇ ਖਿਆਲ 'ਚ ਬਾਅਦ 'ਚ ਵਿਜੇ ਧੰਮੀ ਗੀਤਕਾਰ ਵਜੋਂ ਮਸ਼ਹੂਰ ਹੋਇਆ ਸਾਡਾ
ਗੋਲ ਕੀਪਰ ਹੁੰਦਾ ਸੀ ਪਰ ਔਂਦਾ ਉਹ ਲੰਂਗੇ ਡੰਗ ਹੀ ਹੁੰਦਾ ਸੀ। ਮੈਂ ਜਦ ਵੀ ਪਿੰਡ ਆਇਆ ਹੁੰਦਾ ਤਾਂ
ਬੰਗੇ ਕਾਲਜ ਦੇ ਹੀ ਪੁਰਾਣੇ ਖਿਡਾਰੀਆ ਨਾਲ ਪ੍ਰੈਕਟਿਸ ਕਰ ਲੈਂਦਾ। ਬੰਗਾ ਕਾਲਜ ਦਾ ਸਾਲਾਨਾ ਯੂਥ
ਫੈਸਟੀਵਲ ਆਗਿਆ ਸੀ। ਸਟੇਜ ਤੇ ਬੋਲਣਾ ਸ਼ੌਕ ਤੇ ਤਜਰਬਾ ਪਹਿਲਾਂ ਹੀ ਕਾਫੀ ਸੀ। ਛੂੱਟੀਆਂ ਵੇਲੇ ਵਿਹਲੇ
ਹੁੰਦਿਆਂ ਸਾਹਿਤ ਪੜ੍ਹਨ ਦੇ ਨਾਲ ਗੌਣ ਪਾਣੀ ਦਾ ਵੀ ਸ਼ੌਕ ਸੀ।
ਫਿਰ ਕੀ ਸੀ ਉੱਚੇ ਲਧਾਣੇ ਦਾ ਮੇਰਾ ਹਮ-ਜਮਾਤੀ ਜੁਗਿੰਦਰ ਬੈਂਜੋ ਬਹੁਤ ਹੀ ਵਧੀਆਂ ਵਜਾ ਲੈਂਦਾ ਸੀ
ਤੇ ਅਸੀਂ ਕਲਾਸ ਵਿੱਚ ਵੀ ਚੰਗਾ ਠੁੱਕ ਬੰਨ੍ਹ ਲੈਂਦੇ ਸਾਂ। ਇੱਕ ਦਿਨ ਬੱਸ ਅੱਡੇ ਤੇ ਮਿਲੇ ਤੇ ਫੈਸਲਾ
ਹੋ ਗਿਆ ਕਿ ਅਸਾਂ ਦੋਨਾਂ ਲਾਇਲਪੁਰ ਖਾਲਸਾ ਕਾਲਜ ਵਲੌਂ ਲੋਕ ਗੀਤ ਮੁਕਾਬਲੇ ਲਈ ਟੀਮ ਦਾਖਲ ਕਰ ਦੇਣੀਂ
ਹੈ ਤੇ ਪ੍ਰੈਕਟਿਸ ਸ਼ੁਰੂ ਹੋ ਗਈ। ਝਿੱਕੇ ਵਾਲੇ ਸੱਤੇ ਹਲਵਾਈ ਦੀ ਦੁਕਾਨ ਤੇ ਇੱਕ ਦੋਸਤ ਦੇ ਚੁਬਾਰੇ
'ਚ ਕੀਤੀ ਪੈਕਟਿਸ ਰੰਗ ਲੈ ਸ਼ਾਈ। ਸਾਡੀ ਟੀਮ ਪਹਿਲੇ ਨੰਬਰ ਤੇ ਆ ਗਈ। ਸ਼ਮਸ਼ੇਰ ਸਿੰਘ ਸੰਧੂ, ਜੋ ਕਿ
ਬੰਗੇ ਹੀ ਪੰਜਾਬੀ ਦੇ ਪ੍ਰੋਫੈਸਰ ਸਨ, ਇਸ ਮੁਕਾਬਲੇ ਦੇ ਤਿੰਨਾਂ 'ਚੋਂ ਇੱਕ ਜੱਜ ਵੀ ਸਨ। ਸਾਡੀ
ਪੇਸ਼ਕਾਰੀ ਤੋਂ ਪ੍ਰਭਾਵਿਤ ਹੋਏ ਬਿਨਾਂ ਨਾ ਰਹਿ ਸਕੇ। ਮੁੱਕਦੀ ਗੱਲ ਕਿ ਲਾਇਲਪੁਰ ਖਾਲਸਾ ਕਾਲਜ ਦੇ
ਸਾਲਾਨਾ ਮੈਗਜ਼ੀਨ ਵਿੱਚ ਗੁਰੁ ਨਾਨਕ ਦੇਵ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਤੋਂ ਟਰੌਫੀ ਲੈਂਦਿਆਂ ਦੀ
ਸਾਡੀ ਪੂਰੀ ਫੋਟੋ ਪੂਰੇ ਸਫੇ ਤੇ ਛਪੀ ਤਾਂ ਕਾਲਜ 'ਚ ਸਾਡੀ ਗਾਇਕੀ ਦੀ ਧੁੰਮ ਪੈ ਗਈ। ਭੰਗੜੇ ਅਤੇ
ਫੁੱਟਬਾਲ ਵਾਲੇ ਸਾਰੇ ਕਹਿਣ ਕਿ ਮੋਢਿਆਂ ਤੇ ਚੁੱਕ ਕੇ ਕਾਲਜ 'ਚ ਗੇੜੀ ਦੇਣੀ ਹੈ। ਬੜੇ ਪਿੰਡੀਆਂ
ਜੋਗੀ ਚੁੱਕਣ 'ਚ ਸੱਭ ਤੋਂ ਮੋਹਰੇ ਸੀ। ਖੈਰ ਬਚਾਅ ਹੋ ਗਿਆ।
ਇੱਕ ਦਿਨ ਜਦੋਂ ਫੁੱਟਬਾਲ ਦੀ ਪ੍ਰੈਕਟਿਸ ਕਰਨ ਲਈ ਗਰਾਊਂਡ ਵੱਲ੍ਹ ਨੂੰ ਜਾ ਰਹੇ ਸਾਂ ਤਾਂ ਸਾਹਮਣਿਓਂ
ਔਂਦੇ ਹਲਕੇ ਗੁਲਾਬੀ ਜਹੇ ਕਮੀਜ਼ ਪਜਾਮੇ 'ਚ ਫੱਬਦੇ ਇੱਕ ਕਹਿਰੇ ਜਹੇ ਸਰੀਰ ਦੇ ਮੰਡੇ ਨੇ ਆਪਣੇ
ਸਾਥੀਆਂ ਨਾਲੋਂ ਨਿੱਖੜ ਕੇ ਬਹੁਤ ਹੀ ਪਿਆਰ ਨਾਲ ਸਤਿ ਸ੍ਰੀ ਅਲਾਕ ਬੁਲਾਈ। ਮੈਂ ਇਹਨੂੰ ਕਾਲਜ ਦੇ
ਇੱਕ ਫੰਕਸ਼ਨ ਤੇ ਗੌਂਦਿਆਂ ਸੁਣਿਆ ਸੀ । ''ਬੰਗਾ ਭਾਅਜੀ ਮੇਰਾ ਨਾਮ ਮਲਕੀਤ ਹੈ ਤੇ ਮੈਨੂੰ ਨੀਂ ਪਤਾ
ਸੀ ਕਿ ਤੁਸੀ ਗਾ ਵੀ ਲੈਂਦੇ ਹੋ! ਮੈਂ ਤਾਂ ਸੋਚਿਆ ਤੁਸੀ ਸਿਰਫ ਫੁੱਟਬਾਲ ਹੀ ਖੇਡਦੇ ਤੇ ਭੰਗੜਾ
ਪੌਂਦੇ ਹੋ '' ਮੁੰਡੇ ਦੇ ਬੋਲਾਂ 'ਚ ਹੈਰਾਨੀ ਭਰੇ ਨਿੱਘ ਦਾ ਹੁਲਾਸ ਸੀ। ਇਹ ਮੇਰੀ ਤੇ ਮਲਕੀਤ ਦੀ
ਆਹਵੋਂ ਸਾਹਵੇਂ ਹੋਈ ਪਹਿਲੀ ਮੁਲਾਕਾਤ ਸੀ। ਫੋਲੜੀਵਾਲ ਵਾਲਾ ਭਰਪੂਰ ਵਾਕਰ ਤੇ ਹੁਸੈਨਪੁਰੀਆ ਭੰਗੜੇ
ਦਾ ਖੜੱਪਾ ਸੱਪ ਅੰਗਰੇਜ਼ ਮੈਨੂੰ ਮਲਕੀਤ ਬਾਰੇ ਦੱਸ ਚੁੱਕੇ ਸਨ। ''ਜੇ ਤੁਸੀ ਚਾਹੋਂ ਤਾਂ ਮੇਰੇ ਨਾਲ
ਮਿਲ ਕੇ ਟੀਮ ਬਣਾਓ, ਆਪਾਂ ਫੈਸਟੀਵਲਾਂ ਤੇ ਜਾਇਆ ਕਰਾਂਗੇ''। ''ਚੱਲ ਦੇਖ ਲੈਂਦੇ ਆਂ'' ਕਹਿ ਮੈਂ
ਬਾਕੀਆਂ ਨਾਲ ਫੁੱਟਬਾਲ ਦੀ ਪ੍ਰੈਕਟਿਸ ਲਈ ਗਰਾਊਂਡ ਵੱਲ੍ਹ ਨੂੰ ਹੋ ਤੁਰੇ।
ਦੂਜੇ ਦਿਨ ਹੀ ਮਲਕੀਤ ਲੱਭ ਕੇ ਹੋਸਟਲ ਦੇ ਕਮਰੇ 'ਚ ਆਗਿਆ ਜੋ ਕਿ ਪਛਿਲੀ ਕਤਾਰ ਵਿੱਚ ਸੀ। ਇਹ
ਹੋਸਟਲ ਸਿਰਫ ਖਿਡਾਰੀਆਂ ਲਈ ਹੀ ਹੁੰਦਾ ਸੀ। ਪਹਿਲੀ ਕਤਾਰ ਵਾਲੇ ਕਮਰਿਆਂ 'ਚ ਪੁਰਾਣੇ ਖਿਡਾਰੀ ਸਨ।
ਇਹਨਾਂ ਵਿੱਚ ਹੀ ਮਲਕੀਤ ਦੇ ਕਿਸੇ ਦੋਸਤ ਦਾ ਕਮਰਾ ਸੀ ਜਾਂ ਰਿਆਜ਼ ਲਈ ਹੀ ਮਿਲਿਆ ਹੋਇਆ ਸੀ। ਇੱਥੇ
ਹੀ ਉਹ ਆਪਣੇ ਸਾਥੀਆਂ ਨਾਲ ਰਿਆਜ਼ ਕਰਿਆ ਕਰਦਾ ਸੀ। ਚਾਨੀਆਂ ਦਾ ਉਹਦਾ ਮੁਰੀਦ ਦੋਸਤ ਉਹਦੇ ਹਮੇਸ਼ਾ
ਨਾਲ ਹੁੰਦਾ। ਹੁਣ ਮੇਰੀ ਕਲਾਸ ਵਾਲਿਆਂ ਨੂੰ ਮੇਰੇ ਭੁਸ ਦਾ ਪਤਾ ਲੱਗ ਚੁੱਕਾ ਸੀ। ਮੇਰੀ ਕਲਾਸ ਦੀਆਂ
ਕੜੀਆਂ ਨੇ ਹੁਣ ਤੱਕ ਮਲਕੀਤ ਦੇ ਨਾਮ ਨਾਲ 'ਸ਼ਰੀਫ ਮੁੰਡਾ' ਜੋੜ ਦਿੱਤਾ ਸੀ। ਕਈ ਵਾਰ ਕਲਾਸ ਨੇ ਰਲਕੇ
ਸਾਡਾ ਗੌਣ ਸੁਣਨ ਦਾ ਪ੍ਰੋਗਰਾਮ ਬਣਾਇਆ ਪਰ ਮੌਕਾ ਨਾ ਆਇਆ। ਹੁਣ ਅਸੀਂ ਔਖੇ ਸੌਖੇ ਹੋ ਕੇ ਸਮਾਂ
ਕੱਢਕੇ ਰੀਹਰਸਲ ਕਰਦੇ। ਮੇਰੇ ਲਈ ਸਮੇਂ ਦੀ ਸਦਾ ਘਾਟ ਰਹਿੰਦੀ। ਸਾਡੀ ਮੈੱਸ ਵਿੱਚ ਤੰਦੂਰ ਤੇ ਰੋਟੀਆਂ
ਲਾਹੁਣ ਵਾਲ ਸੱਜਣ ਸਾਡਾ ਢੋਲਕ ਮਾਸਟਰ ਹੁੰਦਾ ਸੀ। ਮਲਕੀਤ ਦਿੱਖ ਤੋਂ ਹੀ ਨਹੀਂ ਉਹ ਵਾਕਈ ਨਿਹਾਇਤ
ਹੀ ਸ਼ਰੀਫ ਸੀ ਤੇ ਗੌਣ ਨਾਲ ਉਹਦਾ ਲਗਾਵ ਲੋਹੜੇ ਦਾ ਸੀ। ਉਹ ਅਕਸਰ ਕਮੀਜ਼ ਪਜਾਮੇ ਨਾਲ ਚਿੱਟੇ ਕੱਪੜੇ
ਦੇ ਬੂਟ ਪਹਿਨਦਾ, ਹੱਥ 'ਚ ਉਹਦੇ ਇੱਕੋ ਕਾਪੀ ਹੁੰਦੀ। ਮੈਂ ਕਦੇ ਦੇਖਣ ਦੀ ਕੋਸ਼ਿਸ਼ ਨੀਂ ਕੀਤੀ ਇਸ 'ਚ
ਕੀ ਲਿਖਆ ਹੁੰਦਾ। ਹੁਣ ਮੈਨੂੰ ਪਤਾ ਲੱਗਾ ਕਿ ਉਹ ਲਿਖ ਵੀ ਲੈਂਦਾ ਸੀ। ਮੈਨੂੰ ਉਹਦਾ ਹਾਲੇ ਵੀ ਇੱਕ
ਗੀਤ ਬਹੁਤ ਯਾਦ ਆਉਂਦਾ ਹੈ ਜੋ ਸ਼ਾਇਦ ਉਸ ਅਜੇ ਤਾਈਂ ਵੀ ਰਿਕਾਰਡ ਨਹੀਂ ਕਰਾਇਆ। ਉਹ ਸੀ, ''ਪੈਂਦੀ
ਨਿੰਮੀ ਨਿੰਮੀ ਭੂਰ ਗਿਆ ਸੱਜਣ ਨੀਂ ਦੂਰ...... ਅੱਗ ਬਾਲਕੇ ਧੂੰਏਂ ਦੇ ਪੱਜ ਰੋਵੇ ਕਿ ਯਾਦ ਆਵੇ
ਸੱਜਣਾਂ ਦੀ ''
ਇੱਕ ਵਾਰ ਉਹ ਮੈਨੂੰ ਫਿਲੋਰ ਤੋਂ ਨੂਰਮਹਿਲ ਜਾਣ ਵਾਲੀ ਬੱਸ 'ਚ ਮਿਲਿਆ। ਉਦੋਂ ਉਹ ਇੰਗਲੈਂਡ ਦੇ
ਚੱਕਰ 'ਚ ਬਿਲਗੇ ਜਾ ਰਿਹਾ ਸੀ ਪਰ ਕਹਿੰਦਾ ਮੈਂ ਗੁਰਨਾਮ ਗਾਮੀ ਦੇ ਪਿੰਡ ਗੀਤ ਲੈਣ ਚੱਲਿਆ ਹਾਂ।
ਵੈਸੇ ਵੀ ਉਹਨੀ ਦਿਨੀ ਜਾਂ ਹੁਣ ਵੀ ਬਾਹਰ ਆੁਣ ਵਾਲੇ ਦੱਸਦੇ ਥੋਹੜੀ ਆ। ਫਿਰ ਦਿਨ ਆ ਗਿਆ ਪਰਖ ਦਾ।
ਅਸੀਂ ਪੂਰੀ ਤਿਆਰੀ 'ਚ ਫਗਵਾੜੇ ਯੂਥ ਫੈਟੀਵਲ ਤੇ ਗਏ ਟੀਮ ਲੈਕੇ, ਪਰ ਜਾਕੇ ਪਤਾ ਲੱਗਾ ਕਿ ਉੱਥੇ
ਟੀਮ ਮੁਕਾਬਲਿਆਂ ਦੀ ਬਜਾਏ ਵਿਅਕਤੀਗਤ ਮੁਕਾਬਲੇ ਹੀ ਸਨ। ਫੈਸਲੇ ਮੁਤਾਬਿਕ ਮਲਕੀਤ ਨੇ ਕਾਲਜ ਦੀ
ਪ੍ਰਤੀਨਿੱਧਤਾ ਕਰਨੀ ਸੀ ਤੇ ਮੈਂ ਇੱਕ ਗੈਸਟ ਆਈਟਮ ਜਿਸਦੀ ਅਸਾਂ ਤਿਆਰੀ ਕੀਤੀ ਹੀ ਹੋਈ ਸੀ। ਭਾਵੇਂ
ਮੇਰਾ ਅਭਿਆਸ ਦੀ ਸਖਤ ਘਾਟ ਕਾਰਨ ਪੂਰੀ ਤਿਆਰੀ ਨਾ ਵੀ ਹੁੰਦੀ ਪਰ ਮਲੀਕਤ ਦੇ ਦਿਲ 'ਚ ਕਦਰ ਜ਼ਰੂਰ
ਸੀ।
ਇਹ ਕਦਰ ਮੇਰੇ ਇੰਗਲੈਂਡ ਆਉਣ ਤੱਕ ਵੀ ਰਹੀ ਤੇ ਕਾਲਜ ਲਾਇਬ੍ਰੇਰੀ ਸਾਹਮਣੇ ਇਕੱਠਿਆਂ ਦੀ ਫੋਟੋ ਮੈਂ
ਬੜਾ ਚਿਰ ਸਾਂਭ ਕੇ ਰੱਖਣ ਦੇ ਨਾਲ ਨਾਲ ਮਲਕੀਤ ਨੂੰ ਯਾਦ ਰੱਖਿਆ। ਮੈਂ ਇੱਕ ਕਹਾਣੀ 'ਚ ਉਸਦਾ ਜ਼ਿਕਰ
ਵੀ ਕੀਤਾ। ਇੱਕ ਵਾਰ ਅਚਾਨਕ ਲੈੱਸਟਰ 'ਚ ਨਾਰਬਰੋ ਰੋਡ ਤੇ ਖੜੀ ਵੈਨ 'ਚ ਉਹਦੇ ਬੈਠੇ ਹੋਣ ਦਾ ਝਾਉਲਾ
ਪਿਆ ਤਾਂ ਹੈਰਾਨੀ ਤੇ ਖੁਸ਼ੀ ਦੀ ਹੱਦ ਨਾ ਰਹੀ ਕਿ ਇਹ ਤਾਂ ਓਹੀ ਸੀ। ਉਦੋਂ ਉਹ 'ਏਕਤਾ ਗਰੁੱਪ' ਨਾਲ
ਗਾਉਂਦਾ ਹੁੰਦਾ ਸੀ। ਮੈਂ ਜ਼ਰੂਰੀ ਕੰਮ ਡਰਬੀ ਜਾਣਾ ਸੀ ਤੇ ਉਹ ਮੈਨੂੰ ਵਿਆਹ ਵਾਲੇ ਹਾਲ ਦਾ ਪਤਾ ਦੇ
ਕੇ ਚਲਾ ਗਿਆ। ਸ਼ਾਮ ਨੂੰ ਮੈਂ ਹਾਲ 'ਚ ਪਹੁੰਚਿਆ ਤਾਂ ਪਤਾ ਲੱਗਦਿਆਂ ਸਾਰ ਹੀ ਉਹ ਮੇਰੀ ਹਾਜ਼ਰੀ ਦੀ
ਅਨਾਉਂਸਮੈਂਟ ਕਰ ਕੇ ਮੈਨੂੰ ਜੱਫੀ ਪਾਕੇ ਸਟੇਜ ਤੇ ਲੈ ਗਿਆਂ। ਇਹ ਸਾਡੇ ਦੋਹਾਂ ਲਈ ਬਹੁਤ ਹੀ ਖੁਸ਼ੀ
ਦਾ ਦਿਨ ਸੀ।
ਇਸਤੋਂ ਬਾਅਦ ਸਾਡਾ ਮਿਲਣੀਆਂ ਦਾ ਘੱਟ ਪਰ ਫੋਨ ਤੇ ਗੱਲਬਾਤ ਦਾ ਸਿਲਸਿਲਾ ਵਧ ਗਿਆ। ਮੇਰੇ ਲਈ ਉਹ ''ਤੂੰਬੀ
ਮਾਸਟਰ ਜੀ'' ਤੇ ਮੈਂ ਉਸ ਲਈ ''ਬੰਗਾ ਫੁੱਟਬਾਲਰ ਸਾਹਬ'' ਹੁੰਦਾ। ਉਹ ਮੈਨੂੰ ਹੱਸਦਾ ਹੱਸਦਾ ਦੱਸਦਾ
ਕਿ ਕੋਟਾਂ ਨੂੰ ਬਟਣ ਲਾਉਣੇ ਕਿੰਨੇ ਔਖੇ ਲੱਗਦੇ ਹਨ ਤੇ ਮੈਂ ਉਹਨੂੰ ''ਦੜ ਵੱਟ ਜ਼ਮਾਨਾ ਕੱਟ'' ਨਾਲ
ਦ੍ਰਿੜ ਕਰਦਾ। ਇੱਕ ਵਾਰ ਮੈਂ ਇੱਕ ਦੋਸਤ ਨਾਲ ਉਹਦੇ ਯੂਨਿਟ ਰੋਡ ਵਾਲੇ ਘਰ ਮਿਲਣ ਗਿਆ ਤਾਂ ਉਹ ਪਹਿਲਾਂ
ਵਾਲੇ ਪਿਆਰ ਨਾਲ ਪੇਸ਼ ਆਇਆ। ਫਿਰ ਸਾਡੇ ਰੁਝੇਵੇਂ ਵਧਣ ਨਾਲ ਮੁਲਾਕਾਤਾਂ ਘਟ ਗਈਆਂ। ਮੈਂ ਆਪਣੇ ਇੱਕ
ਦੋਸਤ ਦੇ ਲੜਕੇ ਦੇ ਪਹਿਲੇ ਜਨਮ ਦਿਨ ਤੇ ਬਹੁਤ ਹੀ ਮਾਣ ਨਾਲ ਮਲਕੀਤ ਨੂੰ ਬੁੱਕ ਕਰਾਇਆ। ਪ੍ਰੋਗਰਾਮ
ਐਤਵਾਰ ਦਾ ਸੀ। ਮੈਂ ਮਲਕੀਤ ਨੂੰ ਸ਼ਾਮ ਨੂੰ ਆ ਜਾਣ ਲਈ ਸੱਦਾ ਦੇ ਦਿੱਤਾ। ਪਰ ਇੱਕ ਦਿਨ ਪਹਿਲਾਂ ਉਸਨੇ
ਨੌਟੀਗਮ ਪ੍ਰੋਗਰਾਮ ਹੋਣ ਕਰਕੇ ਮਜ਼ਬੂਰੀ ਜ਼ਾਹਰ ਕੀਤੀ ਜੋ ਮੈਂ ਸਮਝ ਸਕਦਾ ਸੀ। ਦੂਜੇ ਦਿਨ ਮੈਂ
ਪ੍ਰੋਗਰਾਮ ਤੋਂ ਪਹਿਲਾਂ ਦੀ ਤਿਆਰੀ ਦੌਰਾਨ ਸੁਭਾਵਿਕ ਹੀ ਢੋਲਕ ਵਾਲੇ ਨੂੰ ਨੌਟੀਗਮ ਦੇ ਪ੍ਰੋਗਰਾਮ
ਬਾਰੇ ਪੁੱਛ ਲਿਆ ਜੋ ਪਤਾ ਲੱਗਾ ਕਿ ਕੈਂਸਲ ਹੋ ਗਿਆ ਸੀ। ਪਰ ਜਦ ਮਲਕੀਤ ਨੂੰ ਪੁੱਛਿਆ ਤਾਂ ਉਹ ਆਪਣੇ
ਹੀ ਜਾਣੇ ਪਛਾਣੇ ਅੰਦਾਜ਼ 'ਚ ਬੋਲਆ, ''ਬੰਗਾ ਭਾਅਜੀ! ਤੇਰੇ ਵੀਰ ਨੇ ਧੰਨ ਧੰਨ ਕਰਾ'ਤੀ''। ਸ਼ਾਇਦ ਉਹ
ਮੇਰੇ ਕੋਲ ਨਾ ਆ ਸਕਣ ਦੇ ਕਾਰਨ ਨਾਲ ਇਨਸਾਫ ਕਰਨ ਦੀ ਕੋਸ਼ਿਸ਼ ਕਰ ਗਿਆ ਸੀ। ਉਸ ਦਿਨ ਤੋਂ ਬਾਅਦ ਅਸੀਂ
ਬਹੁਤ ਘਟ ਗਏ, ਹਟ ਗਏ ਜਾਂ ਦਰਅਸਲ ਆਪਣੇ ਆਪਣੇ ਰੁਝੇਵਿਆਂ 'ਚ ਜ਼ਿਆਦਾ ਹੀ ਮਸਰੂਫ ਹੋ ਗਏ।
ਪਰ ਦਿਲਾਂ ਵਿੱਚ ਪਹਿਲਾਂ ਤੋਂ ਵੱਸਿਆ ਪਿਆਰ ਕਦੇ ਖਤਮ ਨਹੀਂ ਹੁੰਦਾ, ਮੱਠਾ ਭਾਵੇਂ ਪੈ ਜਾਵੇ। ਬਾਅਦ
'ਚ ਅਸੀਂ ਜਿੱਥੇ ਵੀ ਜਦੋਂ ਵੀ ਮਿਲੇ ਪਿਆਰ 'ਚ ਕੋਈ ਕਮੀ ਨਾ ਹੁੰਦੀ। ਅਸੀਂ ਜਿੱਥੇ ਵੀ ਮਿਲਦੇ ਕਾਲਜ
ਦੇ ਉਹ ਪਹਿਲੇ ਦਿਨਾਂ ਦੇ ਤਪਾਕ ਨਾਲ ਹੀ ਮਿਲਦੇ ਹਾਂ। ਓਸੇ ਪਿਆਰ ਨਾਲ ਜੱਫੀ ਪਾਕੇ। ਉਸ ਕਦੇ ਕੋਈ
ਨਵਾਂ ਗਾਣਾ ਰਿਕਾਰਡ ਕਰਾਉਣਾ ਹੁੰਦਾ ਤਾਂ ਉਹ ਕਈ ਵਾਰ ਮੈਨੂੰ ਗੁਣਗੁਣਾ ਕੇ ਸੁਣਾਉਂਦਾ। ਇਹ ਮੇਰੇ
ਲਈ ਬਹੁਤ ਮਾਣ ਵਾਲੀ ਗੱਲ ਸੀ। ਇਹਦੇ ਵਿੱਚ ਸ਼ਾਇਦ ਕਾਲਜ ਦੇ ਪੀਤੇ ਪਾਣੀ ਦੀ ਲੱਜ਼ਤ ਘੁਲੀ ਹੁੰਦੀ।
ਮਲਕੀਤ ਨੂੰ ਆਪਣੇ ਘਰ ਦੀ ਹਾਲਤ ਨੂੰ ਸੁਧਾਰਨ ਦੀ ਹਮੇਸ਼ਾ ਫਿਕਰ ਹੁੰਦੀ। ਆਪਣੇ ਭਰਾ ਹਰਵਿੰਦਰ ਨੂੰ
ਗਾਇਕੀ ਵਿੱਚ ਸਥਾਪਤ ਕਰਨ ਤੋਂ ਲੈ ਕੇ ਭੈਣ ਦੇ ਵਿਆਹ ਦੀ ਗੱਲ ਵਰਗੀ ਜ਼ਿੰਮੇਵਾਰੀ ਅਤੇ ਫਿਕਰ ਵੀ ਉਹ
ਮੇਰੇ ਨਾਲ ਬਿਨਾ ਝਿਜਕ ਸਾਂਝੇ ਕਰ ਲੈਂਦਾ। ਇਹਦੇ 'ਚ ਕੋਈ ਸ਼ੱਕ ਨਹੀਂ ਗਾਇਕੀ ਦੇ ਖੇਤਰ 'ਚ ਸਥਾਪਿਤ
ਹੋ ਅਤੇ ਆਪਣੇ ਆਪ ਨੂੰ ਰੱਖ ਸਕਣਾ ਬਹੁਤ ਹੀ ਮੁਸ਼ਕਿਲ ਹੈ। ਖਾਸ ਕਰ ਅੱਜ ਦੇ ਦੌਰ 'ਚ।ਉਹ ਪੁਰਾਣੇ
ਦੋਸਤਾਂ ਨੂੰ ਔਖੇ ਵੇਲੇ ਵੀ ਯਾਦ ਰੱਣ ਦੇ ਨਾਲ ਨਾਲ ਪੂਰੀ ਹਮਦਰਦੀ ਰੱਖਦਾ ਹੈ। ਉਸਦਾ ਕਹਿਣਾ ਹੈ ਕਿ
ਦੋਸਤਾਂ ਦਾ ਕੰਮ ਹੀ ਔਖੇ ਵੇਲੇ ਮੱਦਦ ਕਰਨੀ ਹੈ।
ਮਲਕੀਤ ਨੇ ਜਿੱਥੇ ਆਪਣੀ ਦਿੱਖ ਨੂੰ ਸੰਭਾਲੀ ਰੱਖਆ ਉੱਥੇ ਆਪਣੀ ਗਾਇਕੀ ਅਤੇ ਜ਼ਮੀਰ ਨੂੰ ਵੀ। ਪਰ ਇਹ
ਗੱਲ ਮੌਜੂਦਾ ਸਮਿਆਂ ਦੇ ਮੀਡੀਏ ਵਿੱਚ ਵੜੀਆਂ ਕੁੱਝ ਕਾਲੀਆਂ ਭੇਡਾਂ ਨੂੰ ਘੱਟ ਹੀ ਹਜ਼ਮ ਹੁੰਦੀ ਹੈ।
ਉਹਨਾਂ ਨੇ ਨਿਰਾ-ਅਧਾਰ ਖਬਰਾਂ ਨੂੰ ਮਸਾਲਾ ਲਾ ਕੇ ਸਹੀ ਨੂੰ ਅੱਡੀਆਂ ਤੱਕ ਜ਼ੋਰ ਲਗਾ ਕੇ, ਗਲਤ ਪੇਸ਼
ਕਰਕੇ ਆਪਣੀਆਂ ਜੇਬ੍ਹਾਂ ਭਰਨੀਆਂ ਹੁੰਦੀਆਂ ਹਨ। ਆਪਣੀ ਹਾਉਮੈਂ ਅਤੇ ਲਾਲਚ ਨੂੰ ਪੱਠੇ ਪਾਉਣ ਲਈ ਉਹ
ਹਰ ਹੱਥ ਕੰਡਾ ਵਰਤਣ ਲਈ ਸਦਾ ਤਿਆਰ ਰਹਿੰਦੇ ਹਨ। ਮੇਰੀ ਇਸ ਗੱਲ ਦੀ ਪ੍ਰੋੜਤਾ ਲਈ ਤੁਹਾਨੂੰ ਅਨੇਕਾਂ
ਮਿਸਾਲਾਂ ਮਿਲ ਜਾਗੀਆਂ। ਆਪਣੇ ਆਪ ਨੂੰ ਸਮਾਜ ਦੇ ਮੁਦਈ ਸਮਝਣ ਤੇ ਪੇਸ਼ ਕਰਨ ਵਾਲੇ ਅੰਦਰੋਂ ਕਿੰਨੇ
ਖੋਖਲੇ ਹੁੰਦੇ ਹਨ ਇਹ ਲੋਕਾਂ ਨੂੰ ਸਧਾਰਨ ਅੱਖ ਨਾਲ ਘੱਟ ਹੀ ਦਿਸਦੇ ਹਨ। ਉਹਨਾਂ ਦੇ ਅੰਦਰਲਾ, ਉਹਨਾਂ
ਦੀ ਆਪਣੀ ਜ਼ਮੀਰ ਨੂੰ ਲੱਗਿਆ ਸ਼ੁਹਰਤ ਅਤੇ ਲਾਲਚ ਦਾ ਘੁਣ ਕਦੇ ਕਿਸੇ ਨੂੰ ਨਹੀਂ ਦਿਸਦਾ। ਦੂਜੀ ਗੱਲ
ਲੋਕਾਂ ਦੇ ਸਿਰ ਵੀ ਮੜ੍ਹੀ ਜਾ ਸਕਦੀ ਹੈ ਕਿ ਬਿਨਾਂ ਤਹੀਕਾਤ ਕੀਤਿਆਂ, ਸੱਚਾਈ ਜਾਣਿਆਂ ਸੁਣੀ ਸੁਣਾਈ
ਗੱਲ ਨੂੰ ਤੂਲ ਦੇਣ ਤੋਂ ਇਹ ਲੋਕ ਕਦੇ ਗੁਰੇਜ਼ ਨਹੀਂ ਕਰਦੇ। ਉਹ ਕਦੇ ਵੀ ਅਸਲੀਅਤ ਜਾਨਣ ਦਦਿ ਕਦੇ
ਕੋਸ਼ਿਸ਼ ਨੀਂ ਕਰਦੇ ਅਤੇ ਨਾ ਹੀ ਬਦਲੀਆਂ ਪ੍ਰਸਥਿਤੀਆਂ ਵਿੱਚ ਡੂੰਘਾ ਉੱਤਰਨ ਦੀ। ਮਲਕੀਤ ਦੇ ਸੰਪਰਕ
ਨੰਬਰ ਆਮ ਤੌਰ ਤੇ ਅਖਬਾਰਾਂ ਰਸਾਲਿਆ ਵਿੱਚ ਉਪਲੱਬਧ ਹੁੰਦੇ ਹਨ ਪਰ ਕਿਸੇ ਮੀਡੀਏ ਵਾਲੇ ਨੇ ਮਲਕੀਤ
ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਸਗੋਂ ਇੱਕ ਦੂਜੇ ਤੋਂ ਅੱਗੇ ਹੋ ਕੇ ਉਸਨੂੰ ਰੱਜ ਕੇ
ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਪਰ ''ਕੂੜ ਨਿਖੁੱਟੇ ਨਾਨਕਾ, ਓੜਕ ਸੱਚ ਰਹੀ'' ਦੇ ਵਾਕ ਅਨੁਸਾਰ
ਸੱਚਾਈ ਸਾਹਮਣੇ ਆ ਕੇ ਹੀ ਰਹੇਗੀ। ਦੂਜਿਆਂ ਉੱਤੇ ਸੁੱਟਿਆ ਗੰਦ ਉਹਨਾਂ ਉੱਤੇ ਹੀ ਮੁੜ ਆ ਡਿੱਗਣਾ
ਹੈ। ਮਲਕੀਤ ਇਸ ਔਖੀ ਘੜੀ ਆਏ ਤੂਫਾਨ ਨੂੰ ਚੀਰ ਕੇ ਸਹੀ ਸਲਾਮਤ, ਬੇ-ਲਾਗ ਬਾਹਰ ਨਿੱਕਲ ਕੇ ਸੱਚਾਈ
ਸਾਬਿਤ ਕਰਕੇ ਪਹਿਲਾਂ ਨਾਲੋਂ ਵੀ ਜ਼ਿਆਦਾ ਸੁਹਿਰਦਤਾ ਤੇ ਪਾਰਦਰਸ਼ਤਾ ਨਾਲ ਪੰਜਾਬੀਆਂ ਦੀ ਨੁਮਾਇੰਦਗੀ
ਕਰਦਾ ਹੀ ਰਹੇਗਾ।
(ਲੇਖਕ ਹਰ ਸ਼ਨੀਵਾਰ ਸਵੇਰ, ਰਾਜ ਰੇਡੀਓ, ਸਕਾਈ ਚੈਨਲ 0141 ਤੋਂ 'ਚਲਦੇ ਮਾਮਲੇ' ਪ੍ਰੋਗਰਾਮ ਪੇਸ਼
ਕਰਦਾ ਹੈ)