ਪਿੰਡ ਦੀ ਯਾਦ
ਸ਼ਿੰਦਰ ਮਾਹਲ
ਲਾਭ ਸਿੰਘ ਸੰਧੂ ਕੀ ਜਾਣੇ
ਕਿ ਪਰਦੇਸੀਆਂ ਨੂੰ
ਜੋ ਸੁਆਦ
ਨੀਲੇ ਅਸਮਾਨ ਥੱਲੇ ਸੌਂਦੇ
ਮਿੱਟੀ ਦੇ ਸਾਦੇ ਕੋਠਿਆਂ ਵਾਲੇ
ਪਿੰਡਾਂ ਦੀਆਂ ਗਲ੍ਹੀਆਂ 'ਚ
ਘੁੰਮਕੇ, ਵਿਚਰ ਕੇ ਆਉਂਦੈ
ਉਹ ਨਾਇਗਰਾ ਫਾਲ
ਯੁਸੈਮਟੀ ਪਾਰਕ
ਮਨਹਟਨ ਜਾਂ
ਬਕਿੰਘਮ ਪੈਲੇਸ
ਘੁੰਮਕੇ, ਦੇਖ ਵੀ
ਨਹੀਂ ਆਉਂਦਾ
ਕਿੰਨਾ ਨਿੱਘ ਸੀ
ਕੱਚੇ ਕੋਠਿਆਂ ਦੇ
ਕੱਚੇ ਚੁੱਲ੍ਹਿਆਂ 'ਚ
ਕਪਾਹ ਦੀਆਂ ਛਿਟੀਆਂ ਦੀ
ਤੇ ਪਾਥੀਆਂ ਦੀ ਅੱਗ ਦਾ
ਕਿੱਥੇ ਹੈ ਉਹ ਨਜ਼ਾਰਾ?
ਜੋ ਚਾਨਣੀਆਂ ਰਾਤਾਂ 'ਚ
ਖੇਤਾਂ ਜਾਂ ਪਿੰਡ ਦੀਆਂ
ਗਲੀ੍ਹਆਂ 'ਚ ਖੇਡ ਕੇ ਆਉਂਦਾ ਸੀ
------- 0 -------
_1.jpg)
ਬਠਿੰਡਾ ਜ਼ਿਲੇ ਦਾ ਯਾਦਗਾਰੀ ਪਿੰਗ ਬਹਿਮਣ ਦਿਵਾਨਾ ਜਿੱਥੇ (ਮੇਰੇ ਪਿੱਛੇ ਖੜ੍ਹਾ) ਲਾਭ ਸਿੰਘ ਸੰਧੂ
ਬੱਚਿਆਂ ਨੂੰ ਜ਼ਿੰਦਗੀ ਪੜ੍ਹਾਉਂਦਾ ਅਤੇ ਅਰਥ ਕਰਕੇ ਦੱਸਦਾ ਹੈ। ਪਿੰਡ ਦੀ ਇਹ ਫੇਰੀ ਸਮੁੱਚੇ ਪੰਜਾਬ
ਦੀ ਯਾਤਰਾ ਸੀ। ਥਾਂ ਥਾਂ ਸਾਦਗੀ, ਮੌਲਿਕਤਾ, ਨਿੱਘ, ਯਾਦਾਂ ਅਤੇ ਕਪਾਹ ਦੀਆਂ ਛਿਟੀਆਂ ਦੇ ਢੇਰ ਸਨ
ਤੇ ਹਰ ਬੂਹੇ ਤੇ 'ਆ ਜਾਓ ਲੰਘ ਆਓ ਦੇ ਸੰਕੇਤ'।
..... ਤਸਵੀਰ ਤੇ ਮੌਕਾ ਪ੍ਰਦਾਨ: ਜਨਮੇਜਾ ਜੌਹਲ
ਨਵਾਂ ਸਾਲ
ਨਵੇਂ ਸਾਲ !
ਤੇਰੇ ਵਲੋਂ ਆਈ
ਪੌਣ ਦੀ ਮਿਠਾਸ ਨੇ
ਜਦ ਬੂਹੇ ਆ
ਝਾਂਜਰ ਛਣਕਾਈ
ਮਨ ਤਨ ਰੁੱਤਾਂ ਮੌਲ਼ੀਆਂ
ਰੂਹ ਭੱਜੀ ਨੰਗੇ ਪੈਰੀਂ
ਬੂਹੇ ਕਰਨ ਸੁਆਗਤ ਆਈ
ਜਿੰਦ ਨੇ ਚੋਅ ਕੇ
ਤੇਲ ਦਿਲੇ ਦਾ
ਪੌਣ ਨੂੰ ਧਾਹ
ਗਲਵੱਕੜੀ ਪਾਈ
ਸ਼ਾਲਾ! ਸਦਾ ਤੂੰ
ਏਦਾਂ ਈ ਆਈਂ
ਮਹਿਕਾਂ, ਚਾਨਣ
ਖੁਸ਼ੀਆਂ, ਖੇੜੇ
ਕੁੱਛੜ ਚੁੱਕ ਤੂੰ
ਨਾਲ ਲਿਆਈਂ
ਤੈਨੂੰ ਆਖਾਂ
ਚਾਅ ਮੁਬਾਰਕ
ਤੈਨੂੰ ਆਖਾਂ
ਜਿੰਦ ਮੁਬਾਰਕ !
---- 0 ---