ਵਨਪੰਥ ਦਾ ਸੁਨੇਹਾ ਦਿਲਾਂ ਤੇ ਛਾਪ ਛੱਡ ਗਿਆ
ਯੂਥ ਦੀ ਪੇਸ਼ਕਾਰੀ ਦੀ ਹਰ ਪਾਸਿਓਂ ਸ਼ਲਾਘਾ
ਸਿੱਖ ਸੰਗਠਨਾਂ ਵਲੋਂ ਨਾ ਮਾਤਰ ਸਹਿਯੋਗ
ਸੁਖਮਿੰਦਰ ਸਿੰਘ ਹੰਸਰਾ
25 ਸਾਲ ਪਹਿਲਾਂ ਸਿੱਖ ਕੌਮ ਨਾਲ ਵਾਪਰੇ ਦੁਖਾਂਤ ਨੂੰ ਦੁਨੀਆਂ ਦੇ ਕੋਨੇ ਕੋਨੇ ਵਿੱਚ ਬੜੀ ਸ਼ਰਧਾ ਅਤੇ
ਜੋਸ਼ ਦੇ ਨਾਲ ਮਨਾਇਆ ਗਿਆ। ਨਵੰਬਰ 1984 ਵਿੱਚ ਜਿਸ ਢੰਗ ਨਾਲ ਦਿੱਲੀ ਦੀ ਹਿੱਕ ਤੇ ਜ਼ੁਲਮ ਦਾ ਤਾਂਡਵ
ਨੱਚਿਆ, ਉਹ ਘਿਨਾਉਣਾ ਅਤੇ ਖੌਫਨਾਕ ਸੀ। ਸਿੱਖ ਕੌਮ ਦੀ ਨਸਲਕੁਸ਼ੀ ਕਰਨ ਦੇ ਮਨਸੂਬੇ ਘੜ ਕੇ ਨਿਕਲੀ
ਦਰਿੰਦਿਆਂ ਦੀ ਟੀਮ ਨੇ ਹਰ ਉਹ ਜ਼ੁਲਮ ਢਾਹੁਣ ਦੀ ਕੋਸ਼ਿਸ਼ ਕੀਤੀ, ਜੋ ਇੱਕ ਮਨੁੱਖ ਦੂਸਰੇ ਮਨੁੱਖ ਤੇ
ਕਰ ਸਕਦਾ ਹੈ। ਸਿੱਖ ਕੌਮ ਹਾਲੋ ਬੇਹਾਲ ਹੋਈ, ਸੰਸਾਰ ਦੇ ਲੋਕਾਂ ਦੇ ਮੂੰਹ ਵੱਲ ਵੇਖ ਰਹੀ ਹੈ ਕਿ ਕਦੋਂ
ਸਿੱਖਾਂ ਉਪਰ ਹੋਏ ਜ਼ੁਲਮ ਨੂੰ ਸਵਿਕਾਰ ਕੀਤਾ ਜਾਵੇ ਅਤੇ ਕਦੋਂ ਸੰਸਾਰਕ ਮੰਚ ਤੇ ਸਿੱਖਾਂ ਨੂੰ ਇਨਸਾਫ
ਮਿਲਣ ਦੀ ਗੱਲ ਤੁਰੇਗੀ।
ਭਾਰਤ ਸਰਕਾਰ ਦੇ ਏਜੰਟਾਂ ਵਲੋਂ ਸਿੱਖਾਂ ਵਿੱਚ ਇਹ ਸੋਚ ਪੈਦਾ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ
ਕਿ ਸਾਨੂੰ ਸਭ ਕੁੱਝ ਭੁੱਲ ਜਾਣਾ ਚਾਹੀਦਾ ਹੈ। ਕਈ ਵੀਜ਼ਿਆਂ ਦੀ ਓੜ ਵਿੱਚ ਸਭ ਕੁੱਝ ਭੁੱਲਣ ਦੀ ਦੌੜ
ਵਿੱਚ ਵੀ ਸ਼ਾਮਲ ਹਨ। ਪਰ ਬੀਤੇ ਐਤਵਾਰ ਨੂੰ ਵਨ ਪੰਥ ਨਾਮੀ ਸਮਾਗਮ ਦੀ ਤਰਤੀਬ ਅਤੇ ਦਰਸ਼ਕਾਂ ਦੀ ਭੀੜ
ਨੂੰ ਵੇਖ ਕੇ ਇਹ ਵਿਚਾਰ ਜਰੂਰ ਕਰਨੇ ਬਣਦੇ ਹਨ ਕਿ ਭਾਰਤ ਦੀ ਸਰਕਾਰੀ ਪ੍ਰਾਪੇਗੰਡਾ ਮਸ਼ੀਨਰੀ ਕਿਸ
ਕਦਰ ਫੇਲ ਹੋ ਰਹੀ ਹੈ।
ਸੈਂਕੜੇ ਵਲੰਟੀਅਰ, ਜੋ ਹਾਈ ਸਕੂਲ, ਕਾਲਜਾਂ ਅਤੇ ਯੂਨੀਵਰਸਿਟੀ ਦੇ ਵਿਦਿਆਰਥੀ ਸਨ, ਨੇ ਵਨ ਪੰਥ ਨੂੰ
ਨਿਵੇਕਲੀ ਤਰਤੀਬ ਦੇ ਕੇ ਸੰਸਾਰ ਦੇ ਲੋਕਾਂ ਨੂੰ ਦੱਸ ਦਿੱਤਾ ਕਿ ਜਿਹੜੇ 1984 ਵਿੱਚ ਅਜੇ ਜੰਮੇ ਵੀ
ਨਹੀਂ ਸੀ ਉਹ ਵੀ ਇਸ ਹਕੀਕਤ ਨੂੰ ਗ੍ਰਹਿਣ ਕਰ ਚੁੱਕੇ ਹਨ।
ਸਾਕੇ ਨਾ ਕਦੇ ਭੁੱਲਾਏ ਜਾ ਸਕਦੇ ਹਨ ਅਤੇ ਨਾਂ ਹੀ ਭੁੱਲਣ ਯੋਗ ਹੁੰਦੇ ਹਨ। ਭੁੱਲ ਜਾਣਾ ਤਾਂ ਰੁਲ੍ਹ
ਜਾਣਾ ਹੁੰਦਾ ਹੈ। ''ਨਾਨਕ ਨਿਰਮਲ ਪੰਥ ਚਲਾਇਆ" ਵੱਲ ਜਦੋਂ ਧਿਆਨ ਕਰੀਏ ਤਾਂ ਸਪੱਸ਼ਟ ਹੋ ਜਾਵੇਗਾ ਕਿ
ਸਿੱਖ ਪੰਥ ਰੁਲ੍ਹਣ ਲਈ ਨਹੀਂ ਸਗੋਂ ਜ਼ਾਲਮਾਨਾ ਬਿਰਤੀਆਂ ਵਾਲੇ ਹੁਕਮਰਾਨਾਂ ਨੂੰ ਰੋਲਣ ਲਈ ਪੈਦਾ
ਹੋਇਆ ਸੀ। ਨਾਨਕ ਦੇ ਚਲਾਏ ਪੰਥ ਨੇ ਭਾਰਤ ਦੇ ਲੋਕਾਂ ਦੇ ਮਨ੍ਹਾਂ ਅੰਦਰ ਘਰ ਕਰ ਚੁੱਕੀ ਕਮਜ਼ੌਰੀ ਨੂੰ
ਖਤਮ ਕੀਤਾ, ਮੁਗਲਾਂ ਨੂੰ ਰੋਲ ਕੇ ਰੱਖ ਦਿੱਤਾ, ਗੋਰਿਆਂ ਨੂੰ ਭਾਰਤ ਚੋਂ ਨਿਕਲਣ ਲਈ ਮਜਬੂਰ ਕਰ
ਦਿੱਤਾ ਅਤੇ ਹੁਣ ਅਗਰ ਦਿੱਲੀ ਦੇ ਹੁਕਮਰਾਨ ਸੋਚੀ ਬੈਠੇ ਹੋਣ ਕਿ ਉਹ ਸਿੱਖਾਂ ਨੂੰ ਗੁਲਾਮ ਬਣਾ ਕੇ
ਰੱਖ ਸਕਣਗੇ ਤਾਂ ਇਹ ਉਨ੍ਹਾਂ ਦੀ ਇਤਹਾਸਕ ਭੁੱਲ ਹੋਵੇਗੀ।
15 ਨਵੰਬਰ 2009, ਦਿਨ ਐਤਵਾਰ ਨੂੰ ਬਾਅਦ ਦੁਪਹਿਰ 2 ਵਜ੍ਹੇ ਚੌਪਈ ਸਾਹਿਬ ਦੇ ਕੀਰਤਨ ਨਾਲ ਵਨ ਪੰਥ
ਦਾ ਆਗਾਜ਼ ਹੋਇਆ। ਬੱਚੇ ਦਿਲਬਰ ਸਿੰਘ ਅਤੇ ਨਵਰੂਪ ਕੌਰ ਨੇ ''ਭੀੜ ਪਵੇ ਜਦ ਕੌਮ ਤੇ ਤਾਂ ਸੂਰੇ ਜੰਮਦੇ''
ਗੀਤ ਗਾ ਕੇ ਮਹੌਲ ਨੂੰ ਇਤਹਾਸਕ ਪਾਣ ਚਾੜ ਦਿੱਤੀ। 1200 ਦੇ ਕਰੀਬ ਲੱਗੀਆਂ ਕੁਰਸੀਆਂ ਤੇ ਸਹਿਜੇ
ਸਹਿਜੇ ਸਰੀਰ ਸੁਸੌਭਿੱਤ ਹੋਣ ਲੱਗੇ ਅਤੇ ਚਾਂਦਨੀ ਕੰਨਵੈਂਸ਼ਨ ਸੈਂਟਰ ਇੱਕ ਮਨੁੱਖੀ ਸਮੁੰਦਰ ਦਾ ਰੂਪ
ਧਾਰਨ ਕਰ ਗਿਆ। ਕਾਲੀਆਂ ਟੀ ਸ਼ਰਟਾਂ ਵਿੱਚ ਸੈਂਕੜੇ ਵਲੰਟੀਅਰਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ,
ਕਿਉਂਕਿ ਬਾਹਰ ਦਰਸ਼ਕਾਂ ਦੀਆਂ ਵਹੀਰਾਂ ਠੱਲਣ ਦਾ ਨਾਮ ਨਹੀਂ ਸਨ ਲੈ ਰਹੀਆਂ ਅਤੇ ਅੰਦਰ ਹਾਲ ਦੇ ਖੱਲਾਂ
ਖੂੰਜੇ ਨੱਕੋ ਨੱਕ ਭਰ ਚੁੱਕੇ ਸਨ।
ਕੁਰਸੀਆਂ ਹੋਰ ਮੰਗਵਾਈਆਂ ਗਈਆਂ, ਪਰ ਇਕੱਠ ਨੂੰ ਸੰਭਾਲਣ ਮੁਸ਼ਕਲ ਹੋ ਗਿਆ।
ਮਿਸੀਸਾਗਾ ਗੁਰਦੁਆਰਾ ਸਾਹਿਬ ਦੇ ਖਾਲਸਾ ਸਕੂਲ ਦੇ ਬੱਚਿਆਂ ਨੇ ਪ੍ਰੋ ਮੋਹਣ ਸਿੰਘ ਦੀ ਕਲਮ ਚੋਂ
ਉੱਕਰੀ ਸਿੱਖੀ ਦੀ ਤਸਵੀਰ ''ਓ ਕਿਹੜਾ ਬੂਟਾ ਹੈ'' ਗਾਇਣ ਕਰਕੇ ਖਾਲਸੇ ਦੇ ਰੰਗ ਨੂੰ ਹੋਰ ਗੂੜਾ ਕਰ
ਦਿੱਤਾ। ਬੱਚਿਆਂ ਦੀ ਇਸ ਟੀਮ ਵਿੱਚ ਜਬਰਦਸਤ ਜਾਬਤਾ ਵੇਖਣ ਨੂੰ ਮਿਲਿਆ, ਜੋ ਖਾਲਸੇ ਦੇ ਮੁੱਢਲੇ ਗੁਣਾਂ
ਚੋਂ ਇੱਕ ਹੈ। ਨੌਜੁਆਨ ਹੀਰਾ ਸਿੰਘ ਨੇ ''ਬਿਸਰਿ ਨਾਹੀ ਪੂਰਣ ਗੁਣਤਾਸਿ'' ਸ਼ਬਦ ਨੂੰ ਨਵੀਨ ਧੁੰਨਾਂ
ਵਿੱਚ ਗਾਇਣ ਕੀਤਾ ਅਤੇ ਨਾਲ ਹੀ ਇਸਦਾ ਉਲੱਥਾ ਕਾਵਿ ਰੂਪ ਵਿੱਚ ਅੰਗਰੇਜ਼ੀ ਵਿੱਚ ਗਾਇਆ।
ਨੌਜੁਆਨ ਗਾਇਕਾ ਸਲੀਨਾ ਢਿਲੋਂ ਨੇ ਬੜੀ ਸੁਰੀਲੀ ਆਵਾਜ਼ ਵਿੱਚ ਪ੍ਰਮਾਤਮਾ ਨਾਲ ਪਿਆਰ ਅਤੇ ਏਕਤਾ ਨੂੰ
ਸਮਰਪਿਤ ਗੀਤ ਸੁਣਾਇਆ। ਢਿਲੋਂ ਦਾ ਗਾਉਣ ਦਾ ਅੰਦਾਜ਼, ਕਿਸੇ ਤਕੜੀ ਮਿਹਨਤ ਨਾਲ ਭਿੱਜਿਆ ਹੋਇਆ ਸੀ ਅਤੇ
ਇਉਂ ਮਹਿਸੂਸ ਹੁੰਦਾ ਸੀ ਕਿ ਕੋਈ ਸਿੱਖੀ ਹੋਈ ਗਾਇਕਾ ਦੀ ਰਿਕਾਰਡਿੰਗ ਚੱਲ ਰਹੀ ਹੋਵੇ।
ਵਨ ਪੰਥ ਦਾ ਮਨੋਰਥ ਸਮੇਂ ਦਾ ਹਾਣੀ ਹੋਣਾ ਹੈ। ਯੂਥ, ਗੁਰਦੁਆਰਿਆਂ ਦੇ ਗੈਰ ਸੰਵਿਧਾਨਿਕ ਪ੍ਰਬੰਧ
ਤੋਂ ਕਿਨਾਰਾ ਕਰਕੇ ਆਪਣੀਆਂ ਭਾਵਨਾਵਾਂ ਦੀ ਖੁਦ ਪੂਰਤੀ ਕਰਨ ਦੇ ਰਾਹ ਤੇ ਤੁਰ ਪਏ ਹਨ। ਉਹ ਸਾਡੇ
ਕੰਮ ਕਰਨ ਦੇ ਤਰੀਕੇ, ਸਲੀਕੇ ਅਤੇ ਰਵਈਏ ਤੋਂ ਇਨਕਾਰੀ ਹਨ। ਯੂਥ ਸਾਡੇ ਕੱਚਘਰੜ ਵਿਚਾਰਾਂ ਨਾਲ
ਮੁਸਤਫਿੱਕ ਨਹੀਂ ਹਨ। ਉਨ੍ਹਾਂ ਨੇ ਅੰਕਲ ਵਰਗ ਨੂੰ ਸੁਨੇਹਾ ਦਿੱਤਾ ਹੈ ਕਿ ਗੁਰੂ ਨੇ ਇੱਕ ਪੰਥ
ਚਲਾਇਆ ਸੀ ਅਤੇ ਅਸੀਂ ਹਰ ਇੱਕ ਨੇ ਆਪੋ ਆਪਣਾ ਪੰਥ ਚਲਾਇਆ ਹੋਇਆ ਹੈ।
ਪ੍ਰਸਿੱਧ ਲਿਖਾਰੀ ਮੱਖਣ ਬਰਾੜ ਨੇ ਇਨਾਂ ਬੱਚਿਆਂ ਦੀ ਰੱਜ ਕੇ ਸਿਫਤ ਕੀਤੀ ਅਤੇ ਟੋਟਕੇ ਸੁਣਾ ਕੇ
ਉਨ੍ਹਾਂ ਹਾਜ਼ਰੀ ਲੁਆਈ।
9 ਨਵੰਬਰ 1938 ਨੂੰ ਜੀਊਜ਼ ਨੂੰ ਨਾਜ਼ੀ ਵਲੋਂ ਆਖਰੀ ਹੱਲਾ ਬੋਲ ਕੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ
ਜਿਸ ਨੂੰ ''ਕ੍ਰਿਸਟਲਨਾਕ'' ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਮੌਕੇ ''ਸਿੱਖ ਕ੍ਰਿਸਟਲਨਾਕ
1984'' ਨਾਮੀ ਡਾਕੂਮੈਂਟਰੀ ਫਿਲਮ ਵਿਖਾਈ ਗਈ, ਜਿਸ ਨੂੰ ਡੇਢ ਹਜ਼ਾਰ ਦਰਸ਼ਕਾਂ ਨੇ ਸਾਹ ਧੂਹ ਕੇ
ਵੇਖਿਆ। ਇਸ ਵਿੱਚ ਸਿੱਖਾਂ ਉਪਰ ਢਾਹੇ ਗਏ ਜ਼ੁਲਮਾਂ ਦੀ ਵੀਡੀਓਗਰਾਫੀ ਕੀਤੀ ਹੋਈ ਸੀ।
ਵਨ ਪੰਥ ਸਮਾਗਮ ਨੂੰ ਕੰਪਿਊਟਰ ਰਾਹੀਂ ਤਰਤੀਬ ਦਿੱਤੀ ਗਈ ਸੀ। ਕੋਈ ਵੀ ਸਟੇਜ ਸਕੱਤਰ ਨਹੀਂ ਸੀ ਜਿਹੜਾ
ਇਸ ਸਮਾਗਮ ਨੂੰ ਕਿਸੇ ਵਿਅਕਤੀ ਵਿਸ਼ੇਸ਼ ਨਾਲ ਜੋੜਦਾ। ਦੋ ਵੱਡੀਆਂ ਸਕਰੀਨਾਂ ਉਪਰ ਫਿਲਮਾਂ ਅਤੇ
ਵਿਚਕਾਰ ਵਿੱਚ ਸਟੇਜ ਉਪਰ ਅਦਾਕਾਰੀ ਕੀਤੀ ਜਾਂਦੀ ਸੀ।
ਗੁਰੂਪੰਥ ਦੇ ਸੇਵਾਦਾਰ ਗੁਰਪ੍ਰੀਤ ਸਿੰਘ ਨੇ ਇਸ ਮੌਕੇ ਜਬਰਦਸਤ ਕਵਿਤਾ ਪੇਸ਼ ਕੀਤੀ।
ਇਸ ਸਮਾਗਮ ਨੂੰ ਸਮਝਣ ਲਈ ਕੌਮੀ ਪਿਆਰ ਦੀ ਪਿਆਸ ਦਾ ਹੋਣਾ ਲਾਜ਼ਮੀ ਸੀ। ਕਿਉਂਕਿ ਇਥੇ ਪੇਸ਼ਾਵਰ
ਕਲਾਕਾਰ ਨਹੀਂ ਬਲਕਿ ਇਥੇ ਜਜ਼ਬਾਤਾਂ ਦੀ ਤਾਰ ਨਾਲ ਛੇੜੇ ਜਾ ਰਹੇ ਸਨ। ਇਥੇ ਅੱਜ ਉਹ ਵਿਰਲਾਪਮਈ ਰਾਗ
ਛੇੜੇ ਜਾ ਰਹੇ ਸਨ ਜਿੰਨਾਂ ਨੂੰ ਕਿਤੇ ਤੱਤੀ ਤਵੀ ਤੇ ਬੈਠ ਕੇ ਗੁਰੂ ਅਰਜਨ ਸਾਹਿਬ ਜੀ ਨੇ ਛੇੜਿਆ ਸੀ
ਅਤੇ ਕਿਤੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਨੇ ਦਿੱਲੀ ਦੀ ਕਤਲਗਾਹ ਵਿੱਚ ਹਿੰਦੂ ਧਰਮ ਦੀ
ਰਾਖੀ ਕਰਦਿਆਂ ਆਪਣੀ ਸ਼ਾਹਰਗ ਦਾ ਖੂਨ ਡੋਲ੍ਹ ਕੇ ਮੁਗਲਾਂ ਦੀਆਂ ਅੱਖਾਂ ਉਪਰ ਹੰਕਾਰੀ ਦੀ ਪੱਟੀ
ਲਾਹੁਣ ਲਈ ਛੇੜਿਆ ਸੀ। ''ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ'' ਭਾਵ ਇਸ ਸਮਾਗਮ
ਵਿੱਚ ਕੀਤੀ ਗਾਈ ਪੇਸ਼ਕਾਰੀ, ਕੌਮੀ ਦੁਖਾਂਤ, ਕੌਮੀ ਇਤਹਾਸ ਅਤੇ ਕੌਮੀ ਜਜ਼ਬਾਤਾਂ ਦਾ ਗੁਲਦਸਤਾ ਸਨ।
ਪ੍ਰਣਾਵਤ ਸਿੰਘ ਅਤੇ ਪਰਾਨੀਤ ਕੌਰ ਨੇ ਜੋਸ਼ਮਈ ਕਵਿਤਾ ''ਇੰਦਰਾ ਫਿਲਟਰ ਵਾਂਗਰ ਸਿੰਘਾਂ ਨੇ ਛਾਣ
ਤੀ'' ਗਾ ਕੇ ਮਹੌਲ ਨੂੰ ਮੁੜ ਸੋਬਰ ਕਰਨ ਦੀ ਕੋਸ਼ਿਸ਼ ਕੀਤੀ। ਇਨਾਂ ਬੱਚਿਆਂ ਦੀ ਦੂਸਰੀ ਕਵਿਤਾ, ਪੰਥ
ਲਈ ਸੰਦੇਸ਼ ਸੀ ਜਿਸ ਦੇ ਬੋਲ ਸਨ: ਪੰਥ ਖਾਲਸਾ ਸਾਡਾ ਪ੍ਰੀਵਾਰ, ਸਾਡਾ ਇਸਦੇ ਨਾਲ ਪਿਆਰ''।
ਕਿਸੇ ਸਕੱਤਰ ਦੀ ਲੋੜ ਨਾ ਮਹਿਸੂਸ ਹੁੰਦਿਆਂ ਸਮਾਗਮ ਦੀ ਅਗਲੀ ਅਦਾਕਾਰੀ ਗੁਰੂਕੁਲ ਆਰਟਸ ਅਕਾਦਮੀ ਦੇ
ਕਲਾਕਾਰਾਂ ਵਲੋਂ ਕੀਤੀ ਗਈ। ਦਾਸ (ਸੁਖਮਿੰਦਰ ਸਿੰਘ ਹੰਸਰਾ) ਦੇ ਗਾਏ ਗੀਤ ''ਮਾਏ ਨੀ ਮਾਏ ਮੈਨੂੰ
ਰਾਤਾਂ ਨੂੰ ਖੁਆਬਾਂ ਵਿੱਚ ਦਿੱਲੀ ਦਾ ਸਾਕਾ ਯਾਦ ਆਵੇ'' ਨਾਲ ਗੁਰੂਕੁਲ ਆਰਟਸ ਦੇ ਕਲਾਕਾਰਾਂ ਨੇ
ਜਬਰਦਸਤ ਕੋਰੀਓਗਰਾਫੀ ਕੀਤੀ, ਜਿਸ ਨਾਲ ਦਰਸ਼ਕਾਂ ਦੀਆਂ ਅੱਖਾਂ ਚੋਂ ਕੌਮੀ ਦਰਦ ਦੇ ਹੰਝੂਆਂ ਦੀ ਝੜੀ
ਲੱਗ ਗਈ। ਇਸ ਮੌਕੇ ਕਈ ਦਰਸ਼ਕਾਂ ਨੂੰ ਸਟੇਜ ਤੋਂ ਅੱਖਾਂ ਫੇਰਨ ਲਈ ਮਜਬੂਰ ਹੁੰਦਿਆਂ ਵੇਖਿਆ ਗਿਆ। ਇਸ
ਆਈਟਮ ਵਿੱਚ ਬੜੇ ਮਿਆਰੀ ਢੰਗ ਨਾਲ ਕੌਮ ਦੇ ਜਜ਼ਬਾਤਾਂ ਨੂੰ ਬੱਬੂ ਮਾਨ ਦੀ ਨਵੀਂ ਬਹੁਚਰਚਿਤ ਸੀ ਡੀ
ਦੇ ਗੀਤਾਂ ਨਾਲ ਟੁੰਬਿਆਂ ਗਿਆ। ''ਜਿਹੜੇ ਕੌਮ ਲਈ ਮਰਦੇ ਉਨ੍ਹਾਂ ਨੂੰ ਦੱਸੋ ਯਾਦ ਕੌਣ ਕਰਦਾ' ਗੀਤ
ਨੇ ਦਰਸ਼ਕਾਂ ਦੇ ਧਿਆਨ ਨੂੰ ਹੋਰ ਗੰਭੀਰਤਾ ਨਾਲ ਮੰਚ ਵੱਲ ਖਿੱਚਿਆ। ਉਪਰੰਤ ''ਇੱਕ ਬਾਬਾ ਨਾਨਕ ਸੀ''
ਗੀਤ ਉਪਰ ਬੱਚਿਆਂ ਵਲੋਂ ਕੀਤੀ ਗਈ ਐਕਟਿੰਗ ਨੇ ਦਰਸ਼ਕਾਂ ਦੇ ਮਨ੍ਹਾਂ ਦੀਆਂ ਤਰੰਗਾਂ ਨੂੰ ਛੂਹ ਲਿਆ।
ਬੜੀ ਗੰਭੀਰ ਬੈਠੇ ਦਰਸ਼ਕਾਂ ਨੇ ਇੱਕ ਦਮ ਤਾਲੀਆਂ ਮਾਰ ਕੇ ਬੱਚਿਆਂ ਦੀ ਕਲਾ ਨੂੰ?ਸਵਿਕਾਰ ਕੀਤਾ। ਇਸ
ਮੌਕੇ ਦਰਸ਼ਕਾਂ ਦੇ ਜਜ਼ਬਾਤ ਕਦੇ ਅੱਖਾਂ ਦੇ ਹੰਝੂਆਂ ਰਾਹੀਂ ਅਤੇ ਕਦੇ ਤਾਲੀਆਂ ਰਾਹੀਂ ਪ੍ਰਗਟ ਹੋ ਰਹੇ
ਸਨ। ਅਖੀਰ ਵਿੱਚ ਗੁਰੂਕੁਲ ਆਰਟਸ ਦਾ ਨਾਇਕ ਸਟੇਜ ਤੇ ਬਹੁੜਿਆ ਜਿਸ ਨੇ ਬੱਬੂ ਮਾਨ ਦਾ ਗੀਤ ''ਮਰਨੋਂ
ਮੂਲ ਨਾ ਡਰਦੇ ਜਿਹੜੇ ਮੌਤ ਦੇ ਵਪਾਰੀ ਨੇ'' ਵਿੱਚ ਸਿੱਖ ਕੌਮ ਦੀ ਬਹਾਦਰੀ ਦੇ ਗੁਣਾਂ ਨੂੰ ਉਜਾਗਰ
ਕੀਤਾ। 10-12 ਮਿੰਟ ਦੀ ਇਸ ਅਦਾਕਾਰੀ ਨੇ ਡੇਢ ਹਜ਼ਾਰ ਤੋਂ ਵੱਧ ਹਾਜ਼ਰ ਦਰਸ਼ਕਾਂ ਦੇ ਮਨ੍ਹਾਂ ਅੰਦਰਲੀਆਂ
ਭਾਵਨਾਵਾਂ ਨੂੰ ਇੱਕ ਸਾਜ ਮੁਹਈਆ ਕਰਵਾ ਦਿੱਤਾ ਜਿਸ ਰਾਹੀਂ ਹਰ ਮਨ੍ਹ ਅੰਦਰ ਕੌਮੀ ਰਾਗ ਛਿੜ ਪਿਆ।
ਇੱਕ ਹੋਰ ਫਿਲਮ ਜਿਸ ਵਿੱਚ ਦਿੱਲੀ ਦੇ ਸਾਕੇ ਦਾ ਦਿਲ ਕੰਬਾਊ ਦ੍ਰਿਸ਼ ਸੀ, ਨੇ ਦਰਸ਼ਕਾਂ ਦਾ ਧਿਆਨ ਐਧਰ
ਓਧਰ ਨਹੀਂ ਜਾਣ ਦਿੱਤਾ। ਉਪਰੰਤ ਡਾ ਉਂਕਾਰ ਸਿੰਘ ਹੋਰਾਂ ਨੇ ਇਤਹਾਸਿਕ ਗਜ਼ਲ ਸੁਣਾਈ।
ਅਮਨਦੀਪ ਕੌਰ ਨੇ ਬੜੇ ਜਜ਼ਬਾਤੀ ਲਹਿਜ਼ੇ ਵਿੱਚ ਪੰਥ ਦੇ ਇਤਹਾਸ, ਇੰਦਰਾ ਦੀ ਮੌਤ, ਰਾਜੀਵ ਗਾਂਧੀ ਵਲੋਂ
ਗੁੰਡਿਆਂ ਨੂੰ ਸੰਬੋਧਨ ਅਤੇ ਦਿੱਲੀ ਵਿੱਚ ਸਿੱਖ ਕੌਮ ਦੇ ਘਾਣ ਦੀ ਦਾਸਤਾਨ ਨੂੰ ਕਵਿਤਾ ਦੇ ਰੂਪ
ਵਿੱਚ ਗਾਇਣ ਕੀਤਾ। ਅਮਨਦੀਪ ਕੌਰ ਦੀ ਕਵਿਤਾ ਦੇ ਅਲਫਾਜ਼, ਸਿੱਖ ਕੌਮ ਦੇ ਸੀਨੇ ਵਿੱਚ ਲੱਗੇ ਅੱਲ੍ਹੇ
ਜ਼ਖ਼ਮਾਂ ਦੀ ਦਾਸਤਾਨ ਨੂੰ ਬਾਖੂਬੀ ਨਾਲ ਪੇਸ਼ ਕਰ ਰਹੇ ਸੀ।
ਸੁਖਦੇਵ ਸਿੰਘ ਨਾਮੀ ਨੌਜੁਆਨ ਨੇ ਬੜੇ ਸਹਿਜ ਵਿੱਚ ਰਹਿੰਦਿਆਂ ਕਲਾਤਾਮਿਕ ਅੰਦਾਜ਼ ਵਿੱਚ ਦੱਸਿਆ ਕਿ
ਜਦੋਂ ਮੈਂ ਦਸਤਾਰ ਸਜਾਉਂਦਾ ਹਾਂ ਤਾਂ ਮੈਂ ਯਾਦ ਕਰਦਾ ਹਾਂ। ਸੁਖਦੇਵ ਸਿੰਘ ਦੀ ਇਸ ਕਵਿਤਾ ਦਾ
ਸਿਰਲੇਖ ਹੀ ਇਹ ਸੀ ਕਿ ''ਵਿੱਨ ਆਈ ਟਾਈ ਮਾਈ ਦਸਤਾਰ, ਆਈ ਰੀਮੈਂਬਰ''। ਉਸਦੀ ਕਵਿਤਾ ਦਾ ਇੱਕ ਵਰਸ
ਕਹਿ ਰਿਹਾ ਸੀ ਕਿ ''ਜਦੋਂ ਮੈਂ ਜੂੜਾ ਕਰਦਾ ਹਾਂ ਮੈਂ ਵਾਲ ਨਹੀਂ ਬੰਨਦਾ ਮੈਂ ਆਪਣੀ ਯਾਦਾਂ ਨੂੰ
ਸੰਭਾਲਦਾ ਹਾਂ"।
ਉਪਰੰਤ ਫਿਰ ਅਮਨਦੀਪ ਕੌਰ ਨੇ ਸਟੇਜ ਤੇ ਆ ਕੇ ਸਿੱਖ ਕੌਮ ਨੂੰ ਸੰਬੋਧਨ ਕਰਦਿਆਂ ਇੱਕ ਗੀਤ ਪੇਸ਼ ਕੀਤਾ
''ਧੱਕੇ ਚੜ ਗਈ ਸਿੰਘੋ ਅੱਜ ਹੈ ਕੌਮ ਗਦਾਰਾਂ ਦੇ" ਜਿਸ ਨੂੰ ਦਰਸ਼ਕਾਂ ਨੇ ਬੜੇ ਧਿਆਨ ਨਾਲ ਸੁਣਿਆ।
ਇਸ ਸਮਾਗਮ ਵਿੱਚ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਮੁਕੰਮਲ ਤਕਰੀਰ ਵਿਖਾਈ ਗਈ ਜਿਹੜੀ ਅਣਖੀਲਾ
ਪੰਜਾਬ ਟੀ ਵੀ ਦੀ ਵਰ੍ਹੇ ਗੰਢ ਤੇ 10 ਅਪਰੈਲ 1995 ਵਿੱਚ ਡਿਕਸੀ ਰੋਡ ਗੁਰਦੁਆਰਾ ਸਾਹਿਬ ਵਿਖੇ ਏ
ਵਨ ਵੀਡੀਓ ਦੇ ਸਹਿਯੋਗ ਨਾਲ ਰਿਕਾਰਡ ਕੀਤੀ ਗਈ ਸੀ। ਇਸ ਤਕਰੀਰ ਵਿੱਚ ਸ਼ਹੀਦ ਜਸਵੰਤ ਸਿੰਘ ਖਾਲੜਾ,
ਸਾਨੂੰ ਪ੍ਰੇਰਨਾ ਦੇ ਰਹੇ ਸੀ ਕਿ ਗੁਰੂ ਕੋਲੋਂ ਦੁੱਧ, ਪੁੱਤ ਅਤੇ ਜਾਇਦਾਦਾਂ ਮੰਗਣ ਤੋਂ ਬਿਨ੍ਹਾਂ
ਇੱਕ ਹੋਰ ਬੜੀ ਕੀਮਤੀ ਦਾਤ ਹੈ ਜਿਸ ਨੂੰ ਮੰਗ ਲਿਆ ਕਰੋ, ਉਹ ਹੈ ਸ਼ਹਾਦਤ ਦੀ ਦਾਤ।
ਇਸ ਫਿਲਮ ਦੇ ਨਾਲ ਹੀ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਸਪੁੱਤਰੀ ਬੀਬੀ ਨਵਕਿਰਨ ਕੌਰ ਖਾਲੜਾ ਦੀ
ਇੰਟਰਵਿਉ ਵਿਖਾਈ ਸੀ ਜਿਸ ਵਿਚ ਉਸਨੇ ਨਿਧੱੜਕ ਹੋ ਕੇ ਕਿਹਾ ਕਿ ਜੋ ਕੁੱਝ ਮੇਰੇ ਪਿਤਾ ਜੀ ਨੇ ਸ਼ੁਰੂ
ਕੀਤਾ ਸੀ, ਉਹ ਸੰਘਰਸ਼ ਨੂੰ ਜਾਰੀ ਰੱਖਾਂਗੇ।
ਗੁਰਪ੍ਰੀਤ ਸਿੰਘ ਚਾਨਾ ਅਤੇ ਜਸਵਿੰਦਰ ਕੌਰ ਦੀਆਂ ਅਦਾਕਾਰੀਆਂ ਤੋਂ ਬਾਅਦ, ਇੱਕ ਨਿੱਗਰ ਅਤੇ ਅਡੋਲ
ਆਵਾਜ਼ ਲੈ ਕੇ ਨੌਜੁਆਨ ਗਾਇਕ ਦੀਪ ਜੰਡੂ ਨੇ ਇੱਕ ਗੀਤ ਪੇਸ਼ ਕੀਤਾ ਜਿਸਦੇ ਬੋਲ ''ਔਖੇ ਵੇਲੇ ਪਿੱਠ
ਨੀਂ ਵਿਖਾਉਂਦਾ ਖਾਲਸਾ"। ਦੀਪ ਜੰਡੂ ਦੀ ਬੇਬਾਕ ਆਵਾਜ਼ ਨੇ ਹਾਲ ਗੁੰਜਾ ਦਿੱਤਾ। ਹਿੱਕ ਦੇ ਜ਼ੋਰ ਨਾਲ
ਖਾਲਸੇ ਦੇ ਜਜ਼ਬਾਤਾਂ ਨੂੰ ਜੰਡੂ ਦੇ ਗੀਤ ਵਿੱਚ ਬਾਖੂਬੀ ਨਾਲ ਉਘਾੜਿਆ ਗਿਆ ਹੈ।
ਜਸਦੀਪ ਸਿੰਘ ਨੇ ''ਵੇਅਰ ਆਈ ਕੰਮ ਫਰਾਮ" ਨਾਮੀ ਕਵਿਤਾ ਗਾ ਕੇ ਸਿੱਖ ਸਮਾਜ ਅੰਦਰ ਪਨਪ ਰਹੀਆਂ
ਅਲਾਮਤਾਂ ਤੇ ਚੋਟ ਮਾਰੀ। ਪ੍ਰੀਤ ਮਨੀ ਨੇ ਦੇਵ ਥਰੀਕਿਆਂ ਵਾਲੇ ਦਾ ਲਿਖਿਆ ਅਤੇ ਕੁਲਦੀਪ ਮਾਣਕ ਦਾ
ਗਾਇਆ ਗੀਤ ''ਭਾਈ ਮਤੀ ਦਾਸ ਗੁਰੂ ਦਾ ਪਿਆਰਾ" ਗਾਇਣ ਕੀਤਾ ਅਤੇ ਦੂਸਰਾ ਗੀਤ ''1984 ਦੀ ਗੱਲ ਮੈਂ
ਸੁਣਾਵਾਂ" ਗੀਤ ਗਾ ਕੇ ਉਨ੍ਹਾਂ ਨੇ ਆਪਣੀ ਹਾਜ਼ਰੀ ਲੁਆਈ। ਰੈਪਰ਼ ''ਹੰਬਲ ਦਾ ਪੋਇਟ" ਨੇ ਸ਼ਹੀਦਾਂ
ਨੂੰ ਸ਼ਰਧਾਂਜ਼ਲੀਆਂ ਅਰਪਿਤ ਕੀਤੀਆਂ।
ਅਖੀਰ ਵਿੱਚ ਪੰਥ ਦੀ ਚੜਦੀ ਕਲਾ ਅਤੇ ਪੰਥਕ ਏਕਤਾ ਲਈ ਦੋ ਬੱਚੀਆਂ ਨੇ ਅਰਦਾਸ ਕਰਕੇ ਸਮਾਗਮ ਦੀ
ਸੰਪੂਰਨਤਾ ਕੀਤੀ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕਨਵੀਨਰ ਗੁਰਮੀਤ ਸਿੰਘ ਗਰੇਵਾਲ ਨੇ ਇਸ ਸਮਾਗਮ ਨੂੰ?ਵੇਖਣ ਤੋਂ
ਬਾਅਦ ਬੇਹੱਦ ਪ੍ਰਸੰਨਤਾ ਵਿੱਚ ਕਿਹਾ ਕਿ ਨੌਜੁਆਨਾਂ ਨੇ ਇਸ ਸਮਾਗਮ ਨੂੰ ਤਰਤੀਬ ਦੇ ਕੇ ਦੁਨੀਆਂ ਦੇ
ਲੋਕਾਂ ਨੂੰ ਸੁਨੇਹਾ ਦਿੱਤਾ ਹੈ ਕਿ ਸਿੱਖ ਕਿਸੇ ਵੀ ਉਮਰ ਦਾ ਹੋਵੇ, ਉਸ ਅੰਦਰ ਕੌਮੀ ਪਿਆਰ ਦਾ
ਸਮੁੰਦਰ ਇਉਂ ਹੀ?ਛੱਲਾਂ ਮਾਰਦਾ ਰਹੇਗਾ। ਸਿੱਖ ਕੌਮ ਦੇ ਦੋਖੀਆਂ ਨੂੰ ਜਾਣ ਲੈਣਾ ਚਾਹੀਦਾ ਹੈ ਕਿ
ਸਿੱਖ 1984 ਦੇ ਸਿੱਖਾਂ ਉਪਰ ਹੋਏ ਜ਼ੁਲਮਾਂ ਨੂੰ ਕਦੇ ਵੀ ਭੁੱਲਣ ਨੂੰ?ਤਿਆਰ ਨਹੀਂ ਹੈ।
ਅਫਸੋਸ ਹੈ ਕਿ ਬੱਚਿਆਂ ਨੇ 12 ਹਜ਼ਾਰ ਡਾਲਰ ਦੀ ਲਾਗਤ ਨਾਲ ਕਰਵਾਏ ਗਏ ਇਹ ਸਮਾਗਮ ਨੂੰ?ਬੱਚਿਆਂ ਨੇ
ਖੁਦ ਚੰਦਾ ਇਕੱਠਾ ਕਰਕੇ ਸੰਪੂਰਨ ਕੀਤਾ ਜਦੋਂ ਕਿ ਸਿੱਖੀ ਅਦਾਰਿਆਂ, ਗੁਰਦੁਆਰਿਆਂ, ਸੰਗਠਨਾਂ ਜਾਂ
ਪੰਥਕ ਜਥੇਬੰਦੀਆਂ ਨੇ ਨਾ ਮਾਤਰ ਸਹਿਯੋਗ ਦੇ ਕੇ ਯੂਥ ਪ੍ਰਤੀ ਸੁਹਿਰਦਤਾ ਦਾ ਪੋਲ ਖੋਲ ਦਿੱਤਾ ਹੈ।
ਯੂਥ ਨੂੰ?ਕਹਿਣ ਨੂੰ ਕੌਮ ਦੇ ਆਗੂ ਮਜ਼ਬੂਤ ਬਣਾਉਣ ਦਾ ਢੌਂਗ ਰਚਦੇ ਹਨ ਪਰ ਯੂਥ ਹਮੇਸ਼ਾਂ ''ਅੰਕਲਾਂ"
ਹੱਥੋਂ ਨਿਰਾਸ਼ ਹੀ ਹੋਏ ਹਨ। ਕੁੱਝ ਵਿਅਕਤੀਗਤ ਅੰਕਲਾਂ?ਨੇ ਹਮੇਸ਼ਾ ਯੂਥ ਦੀ ਮਦਦ ਵੀ ਕੀਤੀ ਹੈ।