ਸਲਾਮ

ਸੁਖਬੀਰ ਸਿੰਘ ਸੰਧੂ ਪੈਰਿਸ

ਚੜ੍ਹਿਆ ਦਿੱਨ ਜਵਾਨੀ ਵਰਗਾ, ਢਲ ਜਾਵੇ ਤਰਕਾਲਾਂ ਨੂੰ।
ਜਿੰਦਗੀ ਜੇ ਹੈ ਪਿਆਰ ਭਰੀ,ਤਾਂ ਸਲਾਮ ਚੜ੍ਹਦਿਆਂ ਸਾਲਾਂ ਨੂੰੰ।

ਕੋਈ ਰੱਬ ਦੇ ਘਰੇ ਧਿਆਉਦਾ ਏ।
ਕੋਈ ਰਿਸ਼ਤਿਆਂ ਵਿੱਚ ਮਨਾਉਦਾ ਏ।
ਕੋਈ ਪੀ ਉਡਾਰੀਆਂ ਲਾਉਦਾ ਏ।
ਇਹ ਉਲਝੇ ਤਾਣੇ ਪੇਟੇ ਦੇ, ਸਭ ਵੱਖੋ ਵੱਖ ਖਿਆਲਾਂ ਨੂੰ।
ਜਿੰਦਗੀ ਜੇ ਹੈ ਪਿਆਰ ਭਰੀ ਤਾਂ ਸਲਾਮ ਚੜ੍ਹਦਿਆਂ ਸਾਲਾਂ ਨੂੰ।

ਕਈ ਪਿਆਰ ਆਪਣੇ ਦੇ ਸੰਗ ਹੁੰਦੇ।
ਕਈ ਜ੍ਹੇਲੀ ਤਾਲਿਆਂ ਬੰਦ ਹੁੰਦੇ।
ਕਈ ਇੱਕਲੇ ਹੀ ਮਸਤ ਮਲੰਗ ਹੁੰਦੇ।
ਕੁਝ ਡੁੱਬ ਜਾਦੇਂ ਵਿੱਚ ਫਿਕਰਾਂ ਦੇ,ਜਿਵੇਂ ਪਏ ਸੀ ਝੰਗ ਸਿਆਲਾਂ ਨੂੰ।
ਜਿੰਦਗੀ ਜੇ ਹੈ ਪਿਆਰ ਭਰੀ, ਤਾਂ ਸਲਾਮ ਚੜ੍ਹਦਿਆਂ ਸਾਲਾਂ ਨੂੰ।

ਕੋਈ ਮਹਿੰਗੇ ਢਾਬੀਂ ਵੜਦੇ ਆ।
ਕਿਤੇ ਭੁੱਖ ਮਰੀ ਨਾਲ ਮਰਦੇ ਆ।
ਕੋਈ ਬਿਨ੍ਹਾਂ ਛੱਤ ਤੋਂ ਠਰਦੇ ਆ।
ਕਿਵੇਂ ਸੜਕਾਂ ਤੇ ਦਿੱਨ ਕੱਟਦੇ ਨੇ, ਪੁਛੋઠਨੰਗ ਧੜੱਗੇ ਬਾਲਾਂ ਨੂੰ।
ਜਿੰਦਗੀ ਜੇ ਹੈ ਪਿਆਰ ਭਰੀ, ਤਾਂ ਸਲਾਮ ਚੜ੍ਹਦਿਆਂ ਸਾਲਾਂ ਨੂੰ।

ਅੱਜ ਬਰਫਾਂ ਵਿੱਚ ਪਹਾੜਾਂ ਦੇ।
ਕਿਤੇ ਜੰਗਲਾਂ ਵਿੱਚ ਕਿਤੇ ਉਜਾੜਾਂ ਦੇ।
ਕੋਈ ਅਕਾਸ਼ ਵਿੱਚ ਕੋਈ ਪਤਾਲਾਂ ਦੇ।
ਇਹ ਮੌਤ ਦੇ ਬੱਦਲ ਘੁੰਮਦੇ ਨੇ, ਹੱਥ ਫੜ ਬਰੂਦੀ ਨਾਲਾਂ ਨੂੰ।
ਜਿੰਦਗੀ ਜੇ ਹੈ ਪਿਆਰ ਭਰੀ ਤਾਂ ਸਲਾਮ ਚੜ੍ਹਦਿਆਂ ਸਾਲਾਂ ਨੂੰ।

ਚਿੱਟਾ ਲਹੁ ਜਦੋਂ ਵਗਦਾ ਏ।
ਫਿਰ ਤੂੰਬਾ ਵਖਰਾ ਵਜਦਾ ਏ।
ਜਗ ਸੁੰਨਾ ਸੁੰਨਾ ਲਗਦਾ ਏ।
ਕੀ *ਸੁਖਵੀਰ* ਤੂੰ ਸਮਝੇ ਗਾ,ਜੱਗ ਚੱਕਰਵਿਉ ਦੀਆਂ ਚਾਲਾਂ ਨੂੰ।
ਚੜ੍ਹਿਆ ਦਿੱਨ ਜਵਾਨੀ ਵਰਗਾ, ਢਲ ਜਾਵੇ ਤਰਕਾਲਾਂ ਨੂੰ ।
ਜਿੰਦਗੀ ਜੇ ਹੈ ਪਿਆਰ ਭਰੀ, ਤਾਂ ਸਲਾਮ ਚੜਦਿਆਂ ਸਾਲਾਂ ਨੂੰ।