ਵੇਟਿੰਗ ਰੂਮ
ਬਲਜੀਤ ਘੁਮੰਣ
ਸੱਤ ਅੱਠ ਕੁਰਸੀਆਂ ਵਾਲਾ ਛੋਟਾ ਜਿਹਾ ਕਮਰਾ। ਕਮਰੇ ਦੇ
ਏਨ ਵਿਚਕਾਰ ਇਕ ਥੱਮ। ਅੰਦਰ ਆਉਣ ਵਾਲੇ ਦਰਵਾਜੇ ਦੇ ਉਤਲੇ ਬੰਨੇ ਟੇਲੀਵੀਜ਼ਨ ਹੈ ਜੋ ਹਮੇਸ਼ਾ ਹੀ ਚਲੱਦਾ
ਰਹਿੰਦਾ ਹੈ। ਕਮਰੇ ਦੇ ਇਕ ਬੰਨੇ ਹਸਪਤਾਲ ਦੇ ਡੀਏਲੇਸਿਸ ਯੁਨੀਟ ਨੂੰ ਖੁੱਲਦਾ ਦਰਵਾਜ਼ਾ ਤੇ ਦੂਜੇ
ਬੰਨੇ ਗੁਸਲਖਾਨੇ ਦਾ ਦਰਵਾਜਾ ਹੈ। ਇਕ ਨੁੱਕਰ ਵਿਚ ਕੋਟ ਟੰਗਣ ਲਈ ਬਣੀ ਅਲਮਾਰੀ ਜਿਸ ਵਿਚ ਪੰਜ ਛੇ
ਹੈਂਗਰ ਲਟਕਦੇ ਰਹਿੰਦੇ ਹਨ।
ਇਹ ਹਸਪਾਤਲ ਦੇ ਡੀਏਲੇਸਿਸ ਯੁਨੀਟ ਦਾ ਵੈਟਿੰਗ ਰੂਮ ਹੈ।
ਹਫਤੇ ਵਿਚ ਤਿਨ ਦਿਨ ਮੇਰੀ ਦੁਪਹਿਰ ਦਾ ਕੂਝ ਸਮਾਂ ਏਥੇ ਇੰਤਜਾਰ ਕਰਦਿਆਂ ਗੁਜੱਰ ਜਾੰਦਾ ਹੈ। ਪਿਛਲੇ
ਇਕ ਸਾਲ ਤੋਂ ਕਈ ਲੋਕਾਂ ਨੂੰ ਏਥੇ ਮਿਲਿਆ ਤੇ ਕਈ ਲੋਕ ਆਏ ਤੇ ਗਏ। ਕਈ ਨਰਸਾਂ ਦੀ ਮੁਸਕਰਾਹਟ ਵੇਖੀ
ਤੇ ਕਈ ਡਾੱਕਟਰਾਂ ਦੀ ਨੱਠ ਭੱਜ ਤੇ ਕਈ ਮਰੀਜਾ ਦੇ ਬੱਦਲਦੇ ਹਾਵ ਭਾਵ ਵੇਖੇ। ਕਈ ਮਰੀਜਾਂ ਦੀ ਦਲੇਰੀ
ਅੱਗੇ ਸਿਰ ਝੁਕਿਆ। ਇਸ ਤਿਨ ਦਰਵਾਜਿਆਂ ਵਾਲੇ ਉਡੀਕ ਘਰ ਵਿਚ ਮੈ ਇਨਸਾਨ ਦੀ ਜੂਰਤ ਨੂੰ ਵੇਖਿਆ ਹੈ।
ਮੈਂ ਆਪਣੇ ਮਰੀਜ਼ ਨੂੰ ਲੈਣ ਜਾ ਫਿਰ ਡਾਕਟਰ ਨਾਲ ਗਲਬਾਤ ਦੇ ਸਿਲਸਿਲੇ ਵਿਚ ਹਸਪਤਾਲ ਆਉਦਾ ਹਾਂ। ਏਥੇ
ਹੀ ਮੈਨੂੰ ਜ਼ਾਮੀਕਾ ਦੇਸ਼ ਦੀ ਬੀਬੀ ਖਾਨ ਮਿਲੀ ਤੇ ਏਥੇ ਹੀ ਮੈਨੂੰ ਫੀਲੀਪਿਨ ਦੇਸ਼ ਦਾ ਮਾਰਕ ਮਿਲਿਆ।
ਬੀਬੀ ਖਾਨ ਨੂੰ ਡੀਏਲੇਸਿਸ (ਖੂਨ ਸਾਫ) ਕਰਵਾਂਉਂਦਿਆ ਸੱਤ ਸਾਲ ਹੋ ਗਏ ਹਨ।ਮਾਰਕ ਸਾਰਾ ਦਿਨ ਵੇਟਿੰਗ
ਰੂਮ ਵਿਚ ਬੈਠਾ ਟੈਲੀਵੀਜ਼ਨ ਵੇਖਦਾ ਤੇ ਦੁਪਿਹਿਰ ਦੀ ਰੋਟੀ ਵੇਲੇ ਆਪਣੇ ਗੂੜੇ ਨੀਲੇ ਰੰਗ ਦੇ ਰੋਟੀ
ਵਾਲੇ ਡੱਬੇ ਵਿਚੋਂ ਖਾਣ ਦਾ ਸਮਾਨ ਕੱਡ ਚੱਪੜ-ਚੱਪੜ ਕਰ ਖਾਣ ਲੱਗ ਜਾੰਦਾ। ਮੈਨੂੰ ਉਸ ਦੀ ਇਹ ਆਵਾਜ
ਕਰ ਰੋਟੀ ਖਾਣ ਦੀ ਆਦਤ ਤੋ ਘ੍ਰਿਣਾ ਆਉਂਦੀ।
ਕੀ ਏਸ ਆਦਮੀ ਨੂੰ ਕੋਈ ਤਮੀਜ ਨਹੀਂ ?
ਇਹ ਉਸ ਦੇ ਘਰ ਦਾ ਰੋਟੀ ਖਾਣ ਵਾਲਾ ਕਮਰਾ ਨਹੀਂ ਸਗੋਂ ਹਸਪਤਾਲ ਦਾ ਵੇਟਿੰਗ ਰੂਮ ਹੈ। ਮਾਰਕ ਨੂੰ
ਕਿਸੇ ਦੀ ਪਰਵਾਹ ਨਹੀਂ ਹੈ। ਉਹ ਸੱਬ ਨੂੰ ''ਹੈਲੋ'' ਆਖਦਾ ਤੇ ਚਪੜ ਚਪੜ ਕਰ ਖਾਈ ਜਾਂਦਾ। ਕਈ ਵਾਰੀ
ਚੌਲਾ ਦੇ ਦਾਣੇ ਕੁਰਸੀ ਅਤੇ ਫਰਸ਼ ਤੇ ਵੀ ਡੇਗ ਦਿੰਦਾ ਪਰ ਉਹ ਹਮੇਸ਼ਾਂ ਇਹਨਾਂ ਡਿਗਿਆ ਦਾਣਿਆ ਨੂੰ
ਸਾਫ ਕਰ ਦਿੰਦਾ।
ਮੇਰੇ ਨਾਲ ਵੀ ਮਾਰਕ ਕਈ ਵਾਰ ਗੱਲ ਬਾਤ ਵਿਚ ਪੈ ਚੁਕਾ ਹੈ। ਮੇਰੇ ਤੋਂ ਕਈ ਕੁਝ ਪੁਛਦਾ
''ਮਰੀਜ ਤੇਰਾ ਕੀ ਲੱਗਦਾ ਹੈ ?''
''ਕਿਨੇ ਚਿਰ ਤੋਂ ਗੁਰਦੇ ਖਰਾਬ ਹਨ ?''
''ਬੱਲਡ ਪਰੈਸ਼ਰ ਸੀ ਜਾਂ ਸ਼ੁਗਰ ?''
''ਕਿਡਨੀ ਵੈਟਿੰਗ ਲਿਸਟ ਵਿਚ ਨਾਂ ਪਾਇਆ ?''
ਵਗੈਰਾ, ਵਗੈਰਾ।
ਤੇ ਮੈ ਹਰ ਵਾਰੀ ਬੜੀ ਸੰਜੀਦਗੀ ਨਾਲ ਉਸ ਦੇ ਹਰ ਸਵਾਲ ਦਾ ਜੁਵਾਬ ਦੇ ਦਿੰਦਾ ਹਾਂ।
''ਮੈ ਮਰੀਜ ਦਾ ਬੇਟਾ ਹਾਂ''
''ਗੁਰਦੇ ਕੁਝ ਸਾਲਾ ਤੋਂ ਖਰਾਬ ਹਨ''
''ਸ਼ੁਗਰ ਤਾ ਨਹੀਂ ਪਰ ਬਲੱਡ ਪਰੈਸ਼ਰ ਹੈ''
''ਹਾ, ਕਿਡਨੀ ਵੈਟਿੰਗ ਲਿਸਟ ਵਿਚ ਨਾਂ ਪਾ ਦਿਤਾ ਹੈ''
ਵਗੈਰਾ, ਵਗੈਰਾ।
ਮੈਂ ਮਾਰਕ ਨੂੰ ਉਸ ਦੇ ਵੈਟਿੰਗ ਰੂਮ ਵਿਚ ਬੈਠਣ ਦਾ ਕਾਰਣ ਕਦੇ ਨਹੀਂ ਪੁੱਛਦਾ। ਮੈਨੂੰ ਉਹਦੇ ਚੌਲਾਂ
ਨਾਲ ਭਰੇ ਮੁੰਹ੍ਹ ਚੋਂ ਨਿਕਲੇ ਬੋਲ ਚੰਗੇ ਨਾ ਲੱਗਦੇ। ਮੈ ਹਮੇਸ਼ਾ ਮਾਰਕ ਤੋਂ ਦੂਰ ਬੈਠਣ ਦਾ ਯਤਨ
ਕਰਦਾ ਤੇ ਟੀ.ਵੀ. ਵਿਚ ਮਗਨ ਹੌਣ ਦੀ ਕੌਸ਼ਿਸ਼ ਕਰਦਾ।
ਮਾਰਕ ਦੇ ਚੱਪੜ ਚੱਪੜ ਖੱਾਣਾ ਖਾਣ ਦੀ ਆਦਤ ਤੋਂ ਮੇਰੀ ਨਫਰਤ ਵਧਦੀ ਗਈ।
ਬੀਬੀ ਖਾਨ ਨਾਲ ਗਲਬਾਤ ਕਰਨਾ ਮੈਨੂੰ ਬੜਾ ਚੰਗਾ ਲਗਦਾ। ਉਸ ਨੂੰ ਵੇਖ ਮੈਨੂੰ ਆਪਣੀ ਦੂਨੀਆ ਛੱਡ ਚੁਕੀ
ਨਾਨੀ ਦੀ ਯਾਦ ਆ ਜਾੰਦੀ॥ ਬੀਬੀ ਖਾਨ ਨੂੰ ਮੇਰੇ ਨਾਲ ਗੱਲ੍ਹਾ ਮਾਰਨ ਦਾ ਸਵਾਦ ਆਉਂਦਾ ਤੇ ਮੈਨੂੰ ਉਸ
ਦੀਆਂ ਗੱਲ੍ਹ ਸੁਣਨਦਾ। ਬੀਬੀ ਖਾਨ ਸਤਾਰਾਂ ਭੈਣ ਭਰਾ ਸਨ ਤੇ ਉਸ ਦੇ ਪਿਤਾ ਦਾ ਜ਼ਾਮੀਕਾ ਦੇਸ਼ ਵਿਚ
ਆਪਣਾ ਫਾਰਮ ਸੀ ਅਤੇ ਉਸ ਦੇ ਵਡੇ ਵਡੇਰੇ ਭਾਰਤ ਤੋਂ ਆਏ ਸਨ। ਮੈਨੂੰ ਉਸ ਦੀਆ ਗੱਲ੍ਹਾਂ ਤੋਂ ਇੰਝ
ਲੱਗਦਾ ਕਿ ਜ਼ਮੀਕਾ ਦੇ ਪਿੰਡਾਂ ਵਿਚ ਤੇ ਆਪਣੇ ਪੰਜਾਬ ਦੇ ਪਿੰਡਾਂ ਵਿਚ ਕੋਈ ਬਹੁੱਤਾ ਫਰਕ ਨਹੀਂ।
ਬੀਬੀ ਖਾਨ ਟੈਰਾਂ ਵਾਲੀ ਕੁਰਸੀ ਤੇ ਬੈਠੀ ਰਹਿੰਦੀ ਕਿਉਂਕਿ ਉਸ ਦੀਆਂ ਲੱਤਾਂ ਕਮਜੌਰ ਹੋ ਚੁਕੀਆਂ ਸਨ
ਤੇ ਚੰਗੀ ਤਰਾਂ ਤੁਰ ਨਹੀਂ ਸੀ ਸਕਦੀ।
ਸਮਾਂ ਬੀਤਦਾ ਗਿਆ। ਮੇਰਾ, ਮਾਰਕ ਦਾ ਤੇ ਬੀਬੀ ਖਾਨ ਦਾ ਵੈਟਿੰਗ ਰੂਮ ਵਿਚ ਇੰਤਜਾਰ ਚਲਦਾ ਰਿਹਾ।
ਇਕ ਦਿਨ ਮੈ ਵੇਟਿੰਗ ਰੂਮ ਵਿਚ ਆਇਆ ਤੇ ਮਾਰਕ ਨੇ ਆਪਣੀਆ ਮੋਟੀਆਂ ਅੇਨਕਾਂ ਵਿਚੋਂ ਦੀ ਮੇਰੇ ਵੱਲ
ਵੇਖ ਸਿਰ ਹਿਲਾਇਆ ਤੇ ਮੈਂ ਵੀ ਸਿਰ ਹਿਲਾ ਬੁਲਾਂ ਤੇ ਹਲਕੀ ਜਿਹੀ ਮੁਸਕਾਨ ਲਿਆ ਉਸ ਦਾ ਜੁਵਾਬ ਦਿਤਾ।
ਮੈਂ ਕਾਹਲੀ ਨਾਲ ਡੀਏਲੇਸਿਸ ਯੁਨੀਟ ਦਾ ਦਰਵਾਜਾ ਖੋਲ ਆਪਣੇ ਮਰੀਜ ਦਾ ਪਤਾ ਲੈਣ ਅੰਦਰ ਚਲਾ ਗਿਆ।ਡੀਏਲੇਸਿਸ
ਯੁਨੀਟ ਵਿਚ ਮਸ਼ੀਨਾ ਦੀ ਧੱਕ ਧੱਕ ਦੀ ਅਵਾਜ ਗੂੰਜ਼ ਰਹੀ ਸੀ, ਨਰਸਾਂ ਏਧਰ ਉਧਰ ਜਾ ਰਹੀਆ ਸਨ, ਡਾਕਟਰ
ਰਿਪੋਟਾਂ ਲਿਖ ਰਹੇ ਸਨ ਤੇ ਕਦੇ ਕਦੇ ਨਰਸਾਂ ਦੇ ਹਾਸੇ ਦੀ ਗੂੰਜ਼ ਉਭੱਰਦੀ। ਮਾਰੀਜ਼ ਆਪਣੀ-ਆਪਣੀ ਕੁਰਸੀ
ਤੇ ਲੰਮੇ ਪਏ ਡੀਏਲੇਸਿਸ ਦਾ ਸਮਾਂ ਖਤਮ ਹੌਣ ਦਾ ਇੰਤਜਾਰ ਕਰ ਰਹੇ ਸਨ।
ਮੈਂ ਮਰੀਜ ਦਾ ਪਤਾ ਕਰ ਵੇਟਿੰਗ ਰੂਮ ਵਿਚ ਵਾਪਿਸ ਪੰਹੁਚ ਗਿਆ ਤੇ ਆਪਣੀ ਕੁਰਸੀ ਤੇ ਜਾ ਡੇਰੀ ਹੋਇਆ।
ਮਾਰਕ ਹੌਲੀ ਜਣੀ ਉਠ ਮੇਰੇ ਨਾਲ ਦੀ ਕੁਰਸੀ ਤੇ ਆਣ ਬੇਠਾ ਤੇ ਬੋਲਿਆ
''ਬੀਬੀ ਖਾਨ ਹੈਵ ਪਾਸਟ ਆਵੇ'' (ਬੀਬੀ ਖਾਨ ਦਾ ਦਿਹਾਂਤ ਹੋ ਗਿਆ ਹੈ)
ਮੈਨੂੰ ਇਹ ਸੁਣ ਬਹੁਤ ਉਦਾਸੀ ਹੋਈ ਤੇ ਬੀਬੀ ਖਾਨ ਦੀ ਆਤਮਾ ਲਈ ਮਨ ਹੀ ਮਨ ਅਰਦਾਸ ਕੀਤੀ। ਬੀਬੀ ਖਾਨ
ਦਿਲ ਦਾ ਦੌਰਾ ਪੇਣ ਕਰਨ ਦੁਨੀਆ ਤੋਂ ਚਲੇ ਗਈ।
ਫਿਰ ਇਕ ਦਿਨ ਨਰਸ ਤੋਂ ਮਾਰਕ ਬਾਰੇ ਪਤਾ ਲਗਾ ਕੇ ਮਾਰਕ ਦੀ ਘਰਵਾਲੀ ਏਸ ਹਸਪਤਾਲ ਦੀ ਮਾਰੀਜ ਹੈ ਅਤੇ
ਮਾਰਕ ਆਪਣੀ ਘਰਵਾਲੀ ਨੂੰ ਪਿਛਲੇ ਸਤਾ ਸਾਲਾ ਤੋਂ ਬਿਨਾਂ ਨਾਗਾ ਡੀਏਲੇਸਿਸ ਦੇ ਇਲਾਜ ਲਈ ਲੈ ਕੇ
ਆਉਂਦਾ ਹੈ। ਘਰ ਵਿਚ ਸਾਰਾ ਕੰਮ ਕਰਦਾ, ਰੋਟੀ ਬਣਾਉਦਾ ਤੇ ਪੂਰੀ ਲੱਗਨ ਨਾਲ ਘਰਵਾਲੀ ਦਾ ਖਿਆਲ ਰਖਦਾ।
ਮਾਰਕ ਕਦੇ ਵੀ ਡੋਲਿਆ ਨਹੀਂ ਤੇ ਆਪਣੀ ਕਮਜੌਰ ਘਰਵਾਲੀ ਦੀ ਇਕੋ ਇਕ ਹੌਸਲੇ ਦੀ ਡੋਰ ਹੈ। ਮਾਰਕ ਦੀ
ਲਗਨ ਤੇ ਦਲੇਰੀ ਦੀ ਕਹਾਣੀ ਡੀਏਲੇਸਿਸ ਯੁਨੀਟ ਦਾ ਹਰ ਬਸ਼ੀੰਦਾ ਜਾਣਦਾ ਸੀ, ਸਿਰਫ ਮੈਨੂੰ ਛੱਡ ਕੇ।
ਮਾਰਕ ਦੀ ਘਰਵਾਲੀ ਨੂੰ ਅੰਗਰੇਜ਼ੀ ਨਹੀਂ ਸੀ ਆਉਂਦੀ ਤੇ ਮਾਰਕ ਸਾਰਾ ਦਿਨ ਵੇਟਿੰਗ ਰੂਮ ਵਿਚ ਬੈਠਾ
ਰਹਿੰਦਾ ਤਾ ਜੋ ਉਸ ਦੀ ਘਰਵਾਲੀ ਘਬਰਾਵੇ ਨਾ। ਉਸ ਦੀ ਘਰਵਾਲੀ ਨੂੰ ਇਕਲਤਾ ਦਾ ਅਹਿਸਾਸ ਨਾ ਹੋਵੇ।
ਮਾਰਕ ਨੇ ਆਪਣੇ ਜੀਵਨ ਦੇ ਪਿਛਲੇ ਸੱਤ ਸਾਲ ਆਪਣੀ ਘਰਵਾਲੀ ਦੀ ਸੇਵਾ ਵਿਚ ਲਾ ਦਿਤੇ ਸਨ।
ਮੈਂ ਹੁਣ ਵੀ ਵੈਟਿੰਗ ਰੂਮ ਵਿਚ ਜਾਂਦਾ ਹਾਂ। ਮਾਰਕ ਹੁਣ ਵੀ ਚੱਪੜ ਚੱਪੜ ਕਰ ਖਾਣਾ ਖਾੰਦਾ ਹੈ। ਹੁਣ
ਮੈਨੂੰ ਮਾਰਕ ਚੰਗਾ ਲਗਦਾ ਹੈ। ਮੈਨੂੰ ਹੁਣ ਮਾਰਕ ਦੇ ਚਪੜ ਚਪੜ ਖਾਣਾ ਖਾਣ ਤੋਂ ਨਫਰਤ ਨਹੀਂ ਹੁੰਦੀ।
ਹੁਣ ਤਾ ਮੈਂ ਵੀ ਆਪਣੀ ਰੋਟੀ ਵੇਟਿੰਗ ਰੂਮ ਵਿਚ ਨਾਲ ਲੇ ਆਉਂਦਾ ਹਾ। ਰੋਟੀ ਖਾਣ ਲਗਿਆ ਮੇਰੇ ਤੋਂ
ਵੀ ਕਈ ਵਾਰ ਖਾਣਾ ਫਰਸ਼ ਤੇ ਡਿਗ ਜਾਂਦਾ ਹੈ ਤੇ ਮੈ ਵੀ ਮਾਰਕ ਵਾਂਗ ਫਰਸ਼ ਦੀ ਸਫਾਈ ਕਰ ਦਿੰਦਾ ਹਾਂ।
ਮੈਂ ਮਾਰਕ ਦੀ ਹਿਮਤ ਤੋ ਬਹੁਤ ਪ੍ਰਭਾਵਿਤ ਹਾਂ। ਹੁਣ ਮੈ ਵੀ ਵੈਟਿੰਗ ਰੂਮ ਵਿਚ ਮਾਰਕ ਦੇ ਨਾਲ ਬੈਠ
ਕੇ ਚੱਪੜ ਚੱਪੜ ਕਰ ਖਾਣਾ ਖਾਂਦਾ ਹਾ।