ਮੇਰਾ ਵੀ ਇੱਕ ਯਾਰ ਹੁੰਦਾ ਸੀ

ਗੁਰਸ਼ਰਨ ਸਿੰਘ ਕਸੇਲ

ਜਗਜੀਤ ਸਿੰਘ ਅੱਜ ਜਦੋਂ ਦੁਪਹਿਰ ਵਾਲੀ ਸ਼ਿਫਟ ਕੰਮ ਤੇ ਆਇਆ ਤਾਂ ਕਾਫੀ ਪ੍ਰੇਸ਼ਾਨ ਲੱਗਦਾ ਸੀ । ਮੈਂ ਉਸਦੇ ਕੋਲ ਜਾ ਕੇ ਪੁੱਛਿਆ, ਜਗਜੀਤ ਸਿੰਘਾਂ ਕੀ ਗੱਲ ਹੈ ਅੱਜ ਕੁੱਝ ਪ੍ਰੇਸ਼ਾਨ ਜਿਹਾ ਲੱਗਦਾ । ਉਹ ਅੱਗੋਂ ਕੁੱਝ ਨਾ ਬੋਲਿਆ, ਫਿਰ ਮੈਂ ਵੀ ਆਪਣੇ ਕੰਮ ਦੀ ਤਿਆਰੀ ਵਾਸਤੇ ਆਪਣੇ ਜੋਬ ਸਟੇਸ਼ਨ ਤੇ ਆਪਣਾ ਬੈਗ ਰੱਖਣ ਚਲਾ ਗਿਆ। ਮੈਂ ਸੋਚਿਆ ਹੋ ਸਕਦਾ ਹੈ ਇਸ ਦੀ ਕੋਈ ਘਰੇਲੂ ਪ੍ਰੇਸ਼ਾਨੀ ਹੋਵੇਗੀ ਜੋ ਇਹ ਮੈਂਨੂੰ ਦੱਸਣੀ ਨਹੀਂ ਚਾਹੁੰਦਾ । ਜਦੋਂ ਲੰਚ ਬਰੇਕ ਵਿੱਚ ਬੈਠੇ ਤਾਂ ਫਿਰ ਆਪ ਹੀ ਮੇਰੇ ਕੋਲ ਆ ਕੇ ਆਖਣ ਲੱਗਾ, ਯਾਰ ਕੋਈ ਖਾਸ ਗੱਲ ਨਹੀਂ ਹੈ, ਇਵੇਂ ਹੀ ਮਨ ਜਿਹਾ ਖਰਾਬ ਹੋ ਗਿਆ ਸੀ । ਅੱਜ ਸਵੇਰੇ ਚਾਹ ਪੀ ਕੇ ਜਰਾ ਕੁ ਜਰਨੈਲ ਸਿੰਘ ਵੱਲ ਗਿਆ ਸਾਂ। ਉਥੇ ਬੈਠਿਆ ਹੀ ਉਸਦੇ ਯਾਰ ਮਲਕੀਤ ਸਿੰਘ ਦੀ ਕੋਈ ਚੰਗੀ ਗੱਲ ਚਲ ਪਈ ਤਾਂ ਉਹ ਖੁਸ਼ ਹੋਣ ਦੀ ਬਜਾਏ ਸਗੋਂ ਅੰਦਰੋਂ ਈਰਖਾ ਦਾ ਭਰਿਆ ਹੋਇਆ ਦਿਸਿਆ। ਉਂਝ ਜਿਥੇ ਵੀ ਚਾਰ ਜਾਣੇ ਬੈਠੇ ਹੋਣ ਆਖੇਗਾ, ''ਅਸੀਂ 20-25 ਸਾਲਾਂ ਦੇ ਯਾਰ ਹਾਂ", ਪਰ ਉਸਦੀ ਕਮਾਈ ਜਾਂ ਉਸਦੇ ਬੱਚਿਆਂ ਦੀ ਚੰਗੀ ਭੜ੍ਹਾਈ ਬਾਰੇ ਸੁਣਕੇ ਕਦੀ ਖੁਸ਼ ਨਹੀਂ ਹੁੰਦਾ, ... ਸਗੋਂ ਈਰਖਾ ਕਰਦਾ ਹੈ। ਪਿੱਛਲੇ ਸਾਲ ਮਲਕੀਤ ਸਿੰਘ ਦੀ ਵੱਡੀ ਲੜਕੀ ਯੂਨੀਵਰਸਿਟੀ ਵਿੱਚੋਂ ਚੰਗੀ ਪੁਜੀਸ਼ਨ ਤੇ ਆਈ ਸੀ ਤਾਂ ਵੀ ਇਹ ਬਹੁਤ ਸੜੂ-ਭਜੂ ਕਰਦਾ ਸੀ । ਇਸ ਤਰਾ੍ਹਂ ਦੀ ਸੋਚ ਰੱਖਣ ਵਾਲੇ ਯਾਰੀ ਦੋਸਤੀ ਕੀ ਜਾਨਣ । ਇਸ ਤਰਾ੍ਹਂ ਦੇ ਲੋਕਾਂ ਬਾਰੇ ਗੁਰਬਾਣੀ ਵਿੱਚ ਵੀ ਆਉਂਦਾ ਕਿ " ਦਿਲਹੁ ਮੁਹਬਤਿ ਜਿੰਨ૲, ਸੇਈ ਸਚਿਆ ॥ ਜਿਨ૲ ਮਨਿ ਹੋਰੁ ਮੁਖਿ ਹੋਰੁ, ਸਿ ਕਾਂਢੇ ਕਚਿਆ" ਤੇਨੂੰ ਤਾਂ ਪਤਾ ਵਾ ਮੇਰੇ ਤੇ ਮਨਜੀਤ ਸਿੰਘ ਦੀ ਦੋਸਤੀ ਦਾ । ਬਸ !... ਉਹ ਦੀਆਂ ਗੱਲਾਂ ਸੁਣਕੇ ਮੈਂਨੂੰ ਆਪਣੇ ਯਾਰ ਮਨਜੀਤ ਸਿੰਘ ਯਾਦ ਆ ਗਿਆ । ਸਾਡੇ ਵਿੱਚ ਤਾਂ ਈਰਖਾ ਨਾਂ ਦੀ ਕੋਈ ਚੀਜ਼ ਹੀ ਨਹੀਂ ਸੀ।
ਫਿਰ ਜਗਜੀਤ ਸਿੰਘ ਆਪਣੇ ਬੀਤੇ ਦਿਨਾਂ ਦੀਆਂ ਯਾਦਾ ਵਿੱਚ ਚਲਾ ਗਿਆ । ਜਗਜੀਤ ਸਿੰਘ ਅਤੇ ਮਨਜੀਤ ਸਿੰਘ ਦੋਵੇਂ ਤੀਸਰੀ ਜਮਾਤ ਤੋਂ ਹੀ ਇਕੱਠੇ ਪੜ੍ਹਦੇ ਸਨ। ਉਸ ਵੇਲੇ ਉਂਝ ਤਾਂ ਜਮਾਤ ਵਿੱਚ ਕਈ ਹੋਰ ਦੋਸਤ ਵੀ ਬਣੇ ਸਨ ਪਰ ਸਮਾਂ ਪਾ ਕੇ ਇਨਾ੍ਹਂ ਦੀ ਦੋਸਤੀ ਗੂੜ੍ਹੀ ਹੁੰਦੀ ਗਈ। ਪ੍ਰਾਇਮਰੀ ਸਕੂਲ ਪੜ੍ਹਦਿਆਂ ਕਈ ਵਾਰ ਇਕ ਦੂਜੇ ਦੇ ਘਰ ਰਾਤ ਵੀ ਰਹਿ ਪੈਂਦੇ ਸਨ । ਇਨਾ੍ਹਂ ਦਾ ਪਿੰਡ ਤੇ ਭਾਵੇਂ ਇਕੋ ਹੀ ਸੀ ਪਰ ਜਗਜੀਤ ਸਿੰਘ ਦਾ ਘਰ ਖੇਤਾ ਵਿੱਚ ਸੀ ਇਸ ਕਰਕੇ ਦੂਸਰੇ ਪਿੰਡ ਵਾਲਾ ਹਿਸਾਬ ਹੀ ਸੀ। ਉਂਝ ਵੀ ਇਨਾ੍ਹਂ ਦੋਵਾਂ ਪ੍ਰੀਵਾਰਾਂ ਦੇ ਸੰਬੰਧ ਵੀ ਆਪਸ ਵਿੱਚ ਚੰਗੇ ਸਨ ।
ਜਗਜੀਤ ਸਿੰਘ ਨੂੰ ਹਾਲੀ ਵੀ ਚੰਗੀ ਤਰਾ੍ਹਂ ਯਾਦ ਹੈ ਜਦੋਂ ਉਹ ਸਕੂਲ ਦੇ ਮੁੰਡਿਆਂ ਨਾਲ ਇਕ ਦੂਜੇ ਦੀ ਖਾਤਰ ਲੜਦੇ ਹੁੰਦੇ ਸਨ । ਕਈ ਵਾਰ ਆਪਸ ਵਿੱਚ ਵੀ ਰੁਸ ਪੈਂਦੇ ਪਰ ਕੁਝ ਦਿਨਾਂ ਪਿੱਛੋਂ ਫਿਰ ਬੋਲ ਪੈਂਦੇ। ਪ੍ਰਾਇਮਰੀ ਸਕੂਲ ਤੋਂ ਅੱਗੇ ਫਿਰ ਉਹ ਹਾਈ ਸਕੂਲ ਵਿੱਚ ਦਾਖਲ ਹੋ ਗਏ। ਉਥੇ ਵੀ ਹਮੇਸ਼ਾਂ ਇਕ ਦੂਸਰੇ ਦੇ ਕੰਮ ਆਉਂਦੇ ਸਨ। ਅਜੇ ਵੀ ਉਹ ਦਿਨ ਕੱਲ੍ਹ ਦੇ ਜਾਪਦੇ ਹਨ ਜਦੋਂ ਨਾਂਵੀ ਵਿੱਚ ਪੜ੍ਹਦੇ ਘਰੋਂ ਮੋਟਰ ਸਾਈਕਲ ਲੈਕੇ ਅੰਮ੍ਰਿਤਸਰ ਫਿਲਮ ਵੇਖਣ ਗਏ ਸਨ ਅਤੇ ਕੋਲ ਡਰਾਵੀਰ ਲਾਈਸੰਸ ਵੀ ਨਹੀਂ ਸੀ, ਇਸ ਕਰਕੇ ਲਾਰਿੰਸ ਰੋੜ ਦੇ ਚੌਕ ਵਿੱਚ ਖੜੇ ਸਿਪਾਹੀ ਨੂੰ ਵੇਖਕੇ ਡਰਦੇ ਸਨ ਕਿ ਕਿਤੇ ਲਾਈਸੰਸ ਨਾਂ ਪੁੱਛ ਲਵੇ ।
ਇਹਨਾਂ ਦੋਵਾਂ ਵਿੱਚ ਸਕੂਲ ਟਾਇਮ ਦੀਆਂ ਕਈ ਹਾਸੇ ਮਖੋਲ ਵਾਲੀਆਂ ਯਾਦਾ ਸਨ; ਪਤਾ ਨਹੀਂ ਉਹਨਾਂ ਨੂੰ ਯਾਦਾ ਆਖਾ ਜਾਂ ਕੁੱਤਪੁਣੇ ਜੋ ਸਿਰਫ ਇਹ ਦੋਵੇ ਹੀ ਆਪਸ ਵਿੱਚ ਯਾਦ ਕਰਕੇ ਹੱਸਦੇ ਹੁੰਦੇ ਸਨ । ਸਮਾ ਆਪਣੀ ਰਫਤਾਰ ਨਾਲ ਬੀਤਦਾ ਗਿਆ, ਜਗਜੀਤ ਸਿੰਘ ਕਾਲਜ ਤੋਂ ਵਿੱਚੋਂ ਹੱਟਕੇ ਅਮਰੀਕਾ ਚੱਲਾ ਗਿਆ । ਉਹ ਵਿਛੋੜੇ ਵਾਲਾ ਦਿਨ ਅੱਜੇ ਵੀ ਜਗਜੀਤ ਸਿੰਘ ਦੀਆਂ ਅੱਖਾਂ ਸਾਹਮਣੇ ਉਂਝ ਹੀ ਹੈ, ਜਦੋਂ ਅੰਮ੍ਰਿਤਸਰ ਸਟੇਸ਼ਨ ਤੇ ਗੱਡੀ ਦੇ ਚਲਣ ਸਮੇਂ ਮਨਜੀਤ ਸਿੰਘ ਦੀਆਂ ਅੱਖਾਂ ਵਿੱਚ ਅਥਰੂ ਸਨ । ਕੁਝ ਸਾਲ ਅਮਰੀਕਾ ਰਹਿ ਕੇ ਜਗਜੀਤ ਸਿੰਘ ਫਿਰ ਪਿੰਡ ਆ ਗਿਆ । ਤਕਰੀਬਨ ਹਰ ਰੋਜ ਦੋਵੇ ਦੋਸਤ ਇਕ ਦੂਜੇ ਨੂੰ ਜ਼ਰੂਰ ਮਿਲਦੇ । ਵਾਹੀ-ਖੇਤੀ ਕਰਨ ਵਿੱਚ ਵੀ ਇਕ ਦੂਜੇ ਦੀ ਹਰ ਤਰਾ੍ਹਂ ਨਾਲ ਮਦੱਦ ਕਰਦੇ । ਦੋਵਾਂ ਵਿੱਚ ਕਦੀ ਵੀ ਕਿਸੇ ਕਿਸਮ ਦੀ ਈਰਖਾ ਜਾਂ ਦਗਾਫਰੇਬੀ ਵਾਲੀ ਕੋਈ ਗੱਲ ਨਹੀਂ ਸੀ।
ਇਕ ਵਾਰੀ ਜਗਜੀਤ ਸਿੰਘ, ਮਨਜੀਤ ਸਿੰਘ ਅਤੇ ਇਹਨਾਂ ਦਾ ਇਕ ਹੋਰ ਸਾਥੀ ਕੁਲਬੀਰ ਸਿੰਘ ਨੈਨੀਤਾਲ ਘੁੰਮਣ-ਫਿਰਨ ਲਈੇ ਗਏ। ਮਨਜੀਤ ਸਿੰਘ ਤੇ ਕੁਲਬੀਰ ਸਿੰਘ ਪੀਣ ਦੇ ਸ਼ੁਕੀਨ ਹੋਣ ਕਰਕੇ ਪਿੰਡੋਂ ਹੀ ਘਰ ਦੀ ਕੱਢੀ ਦੀ ਇਕ ਬੋਤਲ ਨਾਲ ਲੈ ਆਏ। ਜਦੋਂ ਅੰਮ੍ਰਿਤਸਰ ਸਟੇਸ਼ਨ ਦੇ ਸਾਹਮਣੇ ਆ ਕੇ ਚਾਹ ਪੀਣ ਲੱਗੇ ਤਾਂ ਮਨਜੀਤ ਸਿੰਘ ਤੇ ਕੁਲਬੀਰ ਸਿੰਘ ਚਾਹ ਵਾਲੇ ਦੇ ਲਾਗੇ ਹੀ ਖਲੋ ਗਏ ਤੇ ਜਗਜੀਤ ਸਿੰਘ ਪਿੱਛੇ ਜਾ ਕੇ ਦੁਕਾਨ ਵਿੱਚ ਬੈਠ ਗਿਆ। ਕੁਝ ਚਿਰ ਬੈਠ ਕੇ ਜਗਜੀਤ ਸਿੰਘ ਫਿਰ ਚਾਹ ਵਾਲੇ ਕੋਲ ਆਇਆ ਤਾਂ ਉਸਨੇ ਵੇਖਿਆ ਕਿ ਉਹ ਦੋਵੇ ਜਾਣੇ ਬੈਗ ਵਿੱਚ ਰੱਖੀ ਬੋਤਲ ਵਿੱਚ ਥੋੜਾ ਜਿਹਾ ਚਾਹ ਪਤੀ ਵਾਲਾ ਪਾਣੀ ਪਾ ਰਹੇ ਸਨ। ਇਹ ਵੇਖਕੇ ਜਗਜੀਤ ਸਿੰਘ ਨੇ ਪੁੱਛਿਆ, ''ਉਏ ਇਹ ਕੀ ਕਰ ਰਹੇ ਜੇ", ਅੱਗੋਂ ਕੁਲਬੀਰ ਸਿੰਘ ਬੋਲਿਆ, ..''ਉਏ, ਇਹ ਬੋਤਲ ਅਸੀਂ ਪਿੰਡੋ ਲੈਕੇ ਆਏ ਸੀ, ਗੱਡੀ ਵਿੱਚ ਪੁਲਸ ਵਾਲੇ ਦੇਸੀ ਨਾਂ ਸਮਝਣ ਇਸ ਕਰਕੇ ਥੋੜਾ ਜਿਹਾ ਚਾਹ ਪੱਤੀ ਵਾਲਾ ਪਾਣੀ ਪਾ ਕੇ ਰੱਮ ਵਰਗਾ ਰੰਗ ਕਰ ਦਿੱਤਾ ਹੈ, ਪਰ ਤੂੰ ਹੁਣ ਸਾਨੂੰ ਗੁਸੇ ਨਾ ਹੋਵੀ"।
ਗੱਡੀ ਦੇ ਤੁਰਨ ਦਾ ਟਾਇਮ ਸ਼ਾਮ ਦਾ ਸੀ । ਜਦੋਂ ਗੱਡੀ ਤੁਰੀ ਫਿਰ ਉਹ ਦੋਵੇ ਵੀ ਬੈਗ ਦੀ ਜਿਪ ਖੋਲੂ ਕੇ ਨਿਕਾ-ਨਿਕਾ ਪੜਦੇ ਨਾਲ ਪੈਗ ਲਾਈ ਗਏ । ਸਿਰਫ ਇਕ ਦੋ ਪੈਗ ਕੋਲ ਆਏ ਟਿਕਟ ਵੇਖਣ ਵਾਲੇ ਨੂੰ ਹੀ ਦਿੱਤੇ ਬਾਕੀ ਦੋਵੇ ਆਪ ਪੀ ਕੇ ਡਕਾਰ ਮਾਰਦੇ ਸੌ ਗਏ।
ਜਗਜੀਤ ਸਿੰਘ ਸ਼ਰਾਬ ਨਹੀਂ ਸੀ ਪੀਂਦਾ ਤੇ ਨਾਂ ਹੀ ਕੋਈ ਅਜਿਹਾ ਗੈਰ ਕਾਨੂੰਨੀ ਕੰਮ ਚਾਹੁੰਦਾ ਸੀ ਜਿਸ ਕਾਰਨ ਰਸਤੇ ਵਿੱਚ ਕੋਈ ਪਰੇਸ਼ਾਨੀ ਹੋਵੇ। ਉਸਨੇ ਦੱਸਿਆ, ਸਾਡਾ ਇਹ ਟੂਰ ਬਹੁਤ ਵਧੀਆ ਰਿਹਾ ਸੀ ਅਤੇ ਅੱਜ ਵੀ ਉਸ ਟੂਰ ਦੇ ਸੀਨ ਯਾਦ ਆਉਂਦੇ ਹਨ ।
ਪੰਜਾਬ ਦੇ ਲੋਕਾਂ ਨੇ ਜੋ ਸੰਤਾਪ ਤਕਰੀਬਨ 83-84 ਤੋਂ ਲੈਕੇ 96-97 ਤੀਕਰ ਆਪਣੇ ਪਿੰਡੇ ਤੇ ਕਿਸੇ ਨਾ ਕਿਸੇ ਰੂਪ ਵਿੱਚ ਹੰਢਾਇਆ ਹੈ, ਉਨਾ੍ਹਂ ਦਿਨਾਂ ਵਿੱਚ ਵੀ ਇਕ ਦੂਜੇ ਨਾਲ ਤਨੋਂ-ਮਨੋ ਸਾਥੀ ਬਣਕੇ ਰਹੇ। ਉਸ ਸਮੇਂ ਤਾਂ ਕਈਆਂ ਦੇ ਸਕੇ ਭੈਣ ਭਰਾ ਵੀ ਸਾਥ ਛੱਡ ਜਾਂਦੇ ਸਨ। ਖਾੜਕੂਵਾਦ ਦੇ ਨਾਂਅ ਹੇਠ ਕਈ ਲੁਟੇਰੇ ਤੁਰੇ ਫਿਰਦੇ ਸਨ । ਜਗਜੀਤ ਸਿੰਘ ਉਸ ਦਿਨ ਨੂੰ ਬਹੁਤ ਯਾਦ ਕਰਦਾ ਹੈ ਜਦੋਂ ਉਹ ਕੁਝ ਦਿਨ ਪਹਿਲਾਂ ਆਪਣੇ ਖੇਤਾਂ ਵਾਲੇ ਘਰਾਂ ਤੋਂ ਉ੍ਰਠਕੇ ਸ਼ਹਿਰ ਚੱਲੇ ਗਏ ਸਨ; ਕਿਉਕਿ ਲਾਗਲੇ ਘਰਾਂ ਵਾਲਿਆਂ ਦੇ ਘਰ ਲੁਟੇਰੇ ਆ ਕੇ ਰਹਿਣ ਲੱਗ ਪਏ ਸਨ ਅਤੇ ਉਹਨਾਂ ਦੇ ਮੁੰਡੇ ਵੀ ਡਰ ਕੇ ਲੁਟੇਰਿਆਂ ਦਾ ਸਾਥ ਦੇਣ ਲੱਗ ਪਏ ਸਨ । ਲਾਗਲੇ ਘਰਾਂ ਵਾਲੇ ਖਾੜਕੂ ਨਾਂਅ ਹੇਠ ਫਿਰ ਰਹੇ ਲੁਟੇਰਿਆਂ ਨੂੰ ਜਗਜੀਤ ਸਿੰਘ ਦੇ ਉਲਟ ਗਲਤ ਗੱਲਾਂ ਦੱਸਕੇ ਉਨਾ੍ਹਂ ਦੇ ਕੰਨ ਭਰਦੇ ਸਨ। ਉਹ ਚਾਹੁੰਦੇ ਸਨ ਕੇ ਲੁਟੇਰੇ ਇਸ ਦੇ ਘਰ ਵੀ ਸਾਡੇ ਘਰ ਵਾਂਗੂ ਹੀ ਆ ਜਾ ਸਕਣ। ਪਰ ਜਗਜੀਤ ਸਿੰਂਘ ਅਜਿਹੇ ਲੁਟੇਰਿਆਂ ਦੀ ਅਸਲੀਅਤ ਬਾਰੇ ਚੰਗੀ ਤਰਾ੍ਹਂ ਜਾਣੂ ਸੀ; ਕਿਉਂਕਿ ਬਹੁਤੇ ਲੁਟੇਰੇ ਤਾਂ ਆਸ-ਪਾਸ ਵਾਲੇ ਪਿੰਡਾ ਦੇ ਹੀ ਸਨ। ਇਨਾ੍ਹਂ ਪਿੰਡਾ ਦੀਆਂ ਜਮੀਨਾ ਵਿੱਚ ਤਾਂ ਜਗਜੀਤ ਸਿੰਘ ਹੋਰੀ ਹਮੇਸ਼ਾਂ ਹੀ ਬਦੂਕਾਂ ਲੈਕੇ ਸ਼ਿਕਾਰ ਖੇਡਦੇ ਰਹੇ ਸਨ । ਇਸੇ ਕਰਕੇ ਲੁਟੇਰੇ ਉਸਦੇ ਘਰ ਸਿੱਧੇ ਆਉਣ ਤੋਂ ਕੰਨੀ ਵੀ ਕਤਰਾਉਂਦੇ ਸਨ ।
ਉਸ ਸਮੇਂ ਦੇ ਮਹੋਲ ਨੂੰ ਦੇਖਦੇ ਹੋਏ ਜਗਜੀਤ ਸਿੰਘ ਦਾ ਪ੍ਰਵਾਰ ਅੰਮ੍ਰਿਤਸਰ ਚਲਾ ਗਿਆ ਪਰ ਰੋਜ ਸਵੇਰੇ ਖੇਤਾਂ ਨੂੰ ਆ ਜਾਂਦੇ ਨਾਲੇ ਦੁੱਧ ਵਗੈਰਾ ਲੈ ਜਾਂਦੇ । ਪਿੰਡ ਦੇ ਕਈ ਲੋਕਾਂ ਨੂੰ ਸ਼ੱਕ ਪੈ ਗਿਆ ਕਿ ਹੋ ਸਕਦਾ ਹੈ ਕਿ ਇਹਨਾਂ ਤੋਂ ਵੀ ਲੁਟੇਰਿਆਂ ਨੇ ਪੈਸੇ ਮੰਗੇ ਹੋਣ ਜਾਂ ਕੋਈ ਧਮਕੀ ਦਿੱਤੀ ਹੋਵੇ ਪਰ ਮੈਂਨੂੰ ਜਗਜੀਤ ਸਿੰਘ ਨੇ ਦੱਸਿਆ ਕਿ ਇਸ ਤਰਾ੍ਹਂ ਦੀ ਕੋਈ ਗੱਲ ਨਹੀਂ ਸੀ । ਉਸ ਸਮੇਂ ਦੇ ਮਾਹੋਲ ਨੂੰ ਮੰਦੇ ਨਜ਼ਰ ਰੱਖਦਿਆਂ ਸੁਰੱਖਿਆ ਵਰਤਣੀ ਜ਼ਰੂਰੀ ਸੀ। ਇਕ ਦਿਨ ਖੇਤਾਂ ਵਿੱਚ ਹਨੇਰਾ ਹੋ ਗਿਆ, ਪਿੰਡ ਦੇ ਰਾਹ ਵਿੱਚ ਆਉਂਦਿਆਂ ਜਗਜੀਤ ਸਿੰਘ ਹੁਰਾਂ ਦੇ ਨਾਲ ਕਾਫੀ ਚੰਗੇ ਸਬੰਧਾਂ ਵਾਲੇ ਲੱਖਵਿੰਦਰ ਸਿੰਘ ਦਾ ਘਰ ਸੀ, ਜਿਥੇ ਜਗਜੀਤ ਸਿੰਘ ਹੁਰਾਂ ਦੀ ਸਾਰੀ ਫੈਮਲੀ ਤਕਰੀਬਨ ਆਊਂਦੀ ਜਾਂਦੀ ਰੁੱਕਦੀ ਸੀ । ਉਸ ਦਿਨ ਜਗਜੀਤ ਸਿੰਘ ਨੇ ਸੋਚਿਆ ਕਿ ਅੱਜ ਰਾਤ ਅੰਮ੍ਰਿਤਸਰ ਜਾਣ ਦੀ ਬਜਾਏ ਇਥੇ ਹੀ ਰਹਿ ਪੈਂਦੇ ਹਾ । ਜਦੋਂ ਘਰ ਵਾਲਿਆਂ ਨਾਲ ਗੱਲ ਕੀਤੀ ਤਾਂ ਉਹ ਕਹਿੰਦੇ, ''ਤੁਸੀਂ ਅੰਬਰਸਰ ਹੀ ਚਲੇ ਜਾਵੋ," । ਲੱਖਵਿੰਦਰ ਸਿੰਘ ਵੱਲੋਂ, ਜਗਜੀਤ ਸਿੰਘ ਨੂੰ ਇਸ ਤਰਾ੍ਹਂ ਦੇ ਜਵਾਬ ਦੀ ਆਸ ਨਹੀਂ ਸੀ। ਉਹ ਉਠਕੇ ਤੁਰ ਪਿਆ, ਤੇ ਆਖਣ ਲੱਗਾ ਮੈਂ ਆਪਣੇ ਖੇਤਾਂ ਵਾਲੇ ਘਰ ਹੀ ਅੱਜ ਦੀ ਰਾਤ ਰਵਾਂਗਾ ! ਇਹ ਸੁਣਕੇ ਉਥੇ ਲਾਗੇ ਹੀ ਬੈਠਾ ਨਿਹਾਲ ਸਿੰਘ ਜੋ ਲੱਖਵਿੰਦਰ ਸਿੰਘ ਦੇ ਘਰ ਕਿਸੇ ਕੰਮ ਆਇਆ ਸੀ, ਬੋਲ ਪਿਆ, ''ਤੂੰ... ਕਿਉਂ ਨਹੀਂ ਆਪਣੇ ਯਾਰ ਮਨਜੀਤ ਸਿੰਹੁ ਵੱਲ ਚਲਾ ਜਾਂਦਾ, ਸੁਣ ... ਅੱਜ ਨਾਲੇ ਤੇਰੇ ਕੋਲ ਕੋਈ ਹਥਿਆਰ ਵੀ ਨਹੀਂ ਹੈ, ਤੂੰ ਤਾਂ ਜਾਣਦਾ ਹੀ ਹੈ ਕਿ ਮਹੋਲ ਠੀਕ ਨਹੀਂ ਹੈ"। ਇਹ ਸਾਰੇ ਜਾਣੇ ਜਾਣਦੇ ਸਨ ਕਿ ਜਗਜੀਤ ਸਿੰਘ ਕਦੀ ਵੀ ਬੰਦੂਕ ਜਾਂ ਰੀਵਾਲਵਰ ਤੋਂ ਬਗੈਰ ਖਾਲੀ ਹੱਥ ਘਰ ਨਹੀਂ ਹੁੰਦਾ। ਜਗਜੀਤ ਸਿੰਘ ਦਾ ਭਾਂਵੇ ਕਿ ਕਿਸੇ ਨਾਲ ਵੀ ਵੈਰ ਨਹੀਂ ਸੀ ਪਰ ਖੇਤਾ ਵਿੱਚ ਰਹਿਣ ਅਤੇ ਸ਼ਿਕਾਰ ਖੇਡਣ ਤੇ ਹਥਿਆਰ ਰੱਖਣ ਦਾ ਸ਼ੌਕ ਹੋਣ ਕਰਕੇ ਉਸ ਕੋਲ ਲਾਈਸੰਸੀੇ ਦੂਨਾਲੀ ਜਾਂ ਰਾਈਫਲ ਤੇ ਰੀਵਾਲਵਰ ਹੁੰਦਾ ਹੀ ਸੀ।
ਨਿਹਾਲ ਸਿੰਘ ਦੀ ਗੱਲ ਸੁਣਕੇ ਜਗਜੀਤ ਸਿੰਘ ਪਿੰਡ ਨੂੰ ਤੁਰ ਪਿਆ । ਉਸਨੇ ਮਨਜੀਤ ਸਿੰਘ ਦੇ ਘਰ ਅੱਗੇ ਜਾ ਕੇ ਵਾਜ ਮਾਰੀ ਮਨਜੀਤ ਸਿੰਘ ਬਹਾਰ ਆਇਆ ਤੇ ਨਾਲ ਹੀ ਉਸਦਾ ਛੋਟਾ ਭਰਾ ਬਿਟੂ ਵੀ ਸੀ । ਓਨੀ ਦਿਨੀ ਮਨਜੀਤ ਸਿੰਘ ਹੋਰਾਂ ਦੇ ਸਕਿਆਂ ਵਿੱਚੋਂ ਇਕ ਦੇ ਘਰ ਲੁਟੇਰਿਆਂ ਨੇ ਬਿਨਾਂ ਵਜ੍ਹਾ ਹੀ ਗੋਲੀਆਂ ਮਾਰੀਆਂ ਸਨ ਤੇ ਉਹ ਵੀ ਖੇਤਾਂ ਤੋਂ ਊਠਕੇ ਸ਼ਹਿਰ ਚਲੇ ਗਏ ਸਨ ਪਰ ਉਹਨਾਂ ਦੀ ਨੂੰਹ ਤੇ ਬੱਚੇ ਇਹਨਾਂ ਦੇ ਘਰ ਸਨ । ਜਗਜੀਤ ਸਿੰਘ ਨੇ ਮਨਜੀਤ ਸਿੰਘ ਨੂੰ ਆਖਿਆ, ''ਅੱਜ ਦੀ ਰਾਤ ਮੈਂ ਤੁਹਾਡੇ ਘਰ ਰਹਿਣਾ ਹੈ"। ਮਨਜੀਤ ਸਿੰਘ ਤਾਂ ਖੁਸ਼ ਸੀ ਪਰ ਲਾਗੇ ਖਲੋਤੇ ਮਨਜੀਤ ਸਿੰਘ ਦੇ ਭਰਾਂ ਬਿਟੂ ਨੇ ਇਹ ਗੱਲ ਸੁਣਕੇ ਆਖਿਆ, ''ਸਾਡੇ ਘਰ ਆਕੇ ਰਾਤ ਨੂੰ ਜੇ ਕਿਸੇ ਨੇ ਬੂਹਾ ਖੋਲਣ ਵਾਸਤੇ ਅਵਾਜ ਮਾਰੀ ਤਾਂ ਮੈਂ ਬੁਹਾ ਖੋਲ੍ਹ ਦੇਣਾ ਜੇ"। ਇਹ ਸੁਣਕੇ ਜਗਜੀਤ ਸਿੰਘ ਨੇ ਕਿਹਾ, ''ਜੇ ਇਸ ਤਰਾ੍ਹਂ ਦੀ ਗੱਲ ਹੈ, ਤਾਂ ਫਿਰ ਤੁਸੀਂ ਸ਼ਮਸ਼ੇਰ ਸਿੰਘ ਦੀ ਘਰਵਾਲੀ ਅਤੇ ਉਸਦੇ ਬੱਚਿਆਂ ਨੂੰ ਆਪਣੇ ਘਰ ਕਿਉਂ ਰੱਖਿਆ ਜੇ, ਉਨਾ੍ਹਂ ਤਾਂ ਸੁਰੱਖਿਤ ਥਾਂ ਸਮਝ ਕੇ ਤੁਹਾਡੇ ਕੋਲ ਰਾਤ ਵਾਸਤ ਭੇਜੇ ਹਨ" । ...ਫਿਰ ਜਗਜੀਤ ਸਿੰਘ ਨੇ ਮਨਜੀਤ ਸਿੰਘ ਨੂੰ ਕਿਹਾ, '' ਵੇਖ ਮਨਜੀਤ, ਮੈਂ ਕਿਸੇ ਲੁਟੇਰੇ ਦੇ ਰੱਥੋਂ ਆਪਣੀਆਂ ਬਾਹਾਂ ਪਿੱਛੇ ਬੰਨਾ੍ਹਂ ਕੇ ਮਰਨਾ ਨਹੀਂ ਚਾਹੁੰਦਾ, ਲੜਕੇ ਮਰਨਾ ਮਨਜੂਰ ਹੈ। ਜੇ ਲੁਟੇਰਿਆਂ ਦੇ ਆਇਆ ਤੁਸੀਂ ਆਪਣੇ ਘਰ ਦਾ ਬੂਹਾ ਖੋਲ੍ਹ ਦੇਣਾ ਹੈ ਤਾਂ ਫਿਰ ਮੈਂ ਇਥੇ ਨਹੀਂ ਰਹਿਣਾ"। ਜਗਜੀਤ ਸਿੰਘ ਦੀ ਇਹ ਗੱਲ ਸੁਣਕੇ ਮਨਜੀਤ ਸਿੰਘ ਆਖਿਆ, ''ਤੂੰ ਛੱਡ ਪਰਾਂ ਏਨੂੰ ! ..ਐਵੇ ਫਿਕਰ ਨਾ ਕਰ, ਆ ਆਪਾਂ ਦੋਵੇਂ ਚੁਬਾਰੇ ਵਿੱਚ ਸੌਉਂਦੇ ਹਾਂ ਅਤੇ ਆਹ ਲੈ ਬਦੂਕ ..! ਜੇ ਕੋਈ ਆਵੇ ਤਾਂ ਲਿਹਾਜ ਨਾ ਰੱਖੀ, ...ਵੇਖੀ ਜਾਵੂ ਜੋ ਹੋਓ" ! ਤੇ ਫਿਰ ਉਸਨੇ ਆਪਣੀ ਦੁਨਾਲੀ ਅਤੇ ਕਾਰਤੂਸਾਂ ਦੀ ਭਰੀ ਬੈਲਟ ਜਗਜੀਤ ਸਿੰਘ ਦੀ ਮੰਜੀ 'ਤੇ ਰੱਖ ਦਿੱਤੀ ਸੀ। ਭਾਂਵੇ ਇਸ ਵਾਕਿਆ ਹੋਏ ਨੂੰ ਕਈ ਵਰ੍ਹੇ ਬੀਤ ਗਏ ਹਨ ਪਰ ਜਗਜੀਤ ਸਿੰਘ ਹਾਲੀ ਵੀ ਬੜੇ ਮਾਣ ਨਾਲ ਆਪਣੇ ਯਾਰ ਵੱਲੋਂ ਕਹੇ ਇਹਨਾ ਸ਼ਬਦਾਂ ਨੂੰ ਦੱਸਦਾ ਹੈ ।
ਜਗਜੀਤ ਸਿੰਘ ਵੀ ਤਾਂ ਉਸਦੀ ਇਜ਼ਤ ਜਾਂ ਬੇਇਜ਼ਤੀ ਨੂੰ ਆਪਣੀ ਇਜਤ ਜਾਂ ਬੇਇਜਤੀ ਸਮਝਦਾ ਸੀ। ਇਕ ਵਾਰੀ ਪਿੰਡ ਦੇ ਹੀ ਇਕ ਪ੍ਰੀਵਾਰ ਨਾਲ ਜਦੋਂ ਮਨਜੀਤ ਸਿੰਘ ਦਾ ਝਗੜਾ ਹੋਇਆ ਸੀ ਉਸ ਝਗੜੇ ਵਿੱਚ ਮਨਜੀਤ ਸਿੰਘ ਦਾ ਭਾਂਵੇ ਕੋਈ ਕਸੂਰ ਨਹੀਂ ਸੀ ਪਰ ਮਨਜੀਤ ਸਿੰਘ ਦੇ ਘਰ ਦਿਆਂ ਨੇ, ਸਗੋਂ ਇਸ ਨੂੰ ਹੀ ਗੁਸੇ ਹੋਏ ਸਨ ਤਾਂ ਮਨਜੀਤ ਸਿੰਘ ਇਸ ਗੁਸੇ ਦੇ ਮਾਰੇ, ਬਿਨਾ ਕੁਝ ਖਾਦੇ ਸਾਰੀ ਰਾਤ ਸ਼ਰਾਬ ਪੀਵੀ ਗਿਆ ਸੀ । ਜਿਸ ਨਾਲ ਉਸ ਦੀ ਸੇਹਤ ਬਹੁਤ ਖਰਾਬ ਹੋ ਗਈ ਸੀ। ਜਦੋਂ ਉਸਨੂੰ ਅੰਮ੍ਰਿਤਸਰ ਇਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਤਾਂ ਉਹਨਾਂ ਦੱਸਿਆ ਕਿ ਉਸਨੂੰ ਸ਼ੂਗਰ ਹੋ ਗਈ ਹੈ। ਇਹ ਬੀਮਾਰੀ ਹੀ ਕੁਝ ਸਾਲ ਬਾਦ ਉਸਦੀ ਮੌਤ ਦਾ ਕਾਰਨ ਬਣੀ ।
ਪਹਿਲੇ ਬਣੇ ਪ੍ਰੋਗ੍ਰਾਮ ਅਨੁਸਾਰ ਜਗਜੀਤ ਸਿੰਘ ਜਦੋਂ ਉਸਦੇ ਘਰ ਸਵੇਰੇ ਸ਼ਹਿਰ ਜਾਣ ਵਾਸਤੇ ਆਇਆ ਤਾਂ ਘਰੋਂ ਉਸਦੀ ਮਾਤਾ ਨੇ ਦੱਸਿਆਂ ਕਿ ''ਮਨਜੀਤ ਤਾਂ ਰਾਤ ਦਾ ਹੀ ਅੰਬਰਸਰ ਹਸਪਤਾਲ ਹੈ ''। ਇਹ ਸੁਣਕੇ ਜਗਜੀਤ ਸਿੰਘ ਨੂੰ ਇੰਜ਼ ਮਹਿਸੂਸ ਹੋਇਆ ਜਿਵੇਂ ਉਸਦੇ ਦੇ ਪੈਰਾਂ ਹੇਠੋਂ ਜਮੀਨ ਨਿਕਲ ਗਈ ਹੋਵੇ। ਤੁਸੀਂ ਰਾਤੀ ਫੋਨ ਕਿਉਂ ਨਹੀਂ ਕੀਤਾ, ਜਗਜੀਤ ਸਿੰਘ ਨੇ ਉਸਦੀ ਮਾਤਾ ਨੂੰ ਕਿਹਾ, '' ਹਫੜ-ਦਫੜੀ ਵਿੱਚ ਕੂਝ ਸਮਝ ਨਹੀਂ ਸੀ ਆਈ" ।
ਜਗਜੀਤ ਸਿੰਘ ਉਥੋਂ ਮੋਟਰ ਸਾਈਕਲ ਤੇ ਸਿੱਧਾ ਹੀ ਉਸ ਹਸਪਤਾਲ ਗਿਆ ਜਿਥੇ ਮਨਜੀਤ ਸਿੰਘ ਦਾਖਲ ਸੀ। ਉਸ ਸਮੇਂ ਮਨਜੀਤ ਸਿੰਘ ਕੁਝ ਨੀਮ-ਬਹੋਸ਼ੀ ਵਿੱਚ ਸੀ ਅਤੇ ਨੱਕ ਰਾਹੀ ਨਾਲੀ ਲਾ ਕੇ ਡਾਕਟਰ ਉਸਦੇ ਅੰਦਰੋਂ ਹਰਿਆ ਜਿਹਾ ਜਹਿਰੀਲਾਂ ਮਾਦਾ ਕੱਢਣ ਦੀ ਕੋਸਿਸ ਕਰ ਰਹੇ ਸਨ । ਲਾਗੇ ਬੈਠੀ ਉਸਦੀ ਪਤਨੀ ਤੋਂ ਇਸ ਘਟਣਾ ਬਾਰੇ ਪੁੱਛਣ ਤੇ ਉਸਨੇ ਦੱਸਿਆ ਕਿ ''ਰਾਤੀ ਇਹਨਾ ਦੀ ਉਸ ਸ਼ਰਾਰਤੀ ਅਜੈਬ ਸਿੰਘ ਨਾਲ ਲੜਾਈ ਹੋ ਗਈ ਸੀ, ਕਿਉਂਕਿ ਉਹ ਕੋਈ ਝੂਠੀ ਗੱਲ ਇਨਾ੍ਹਂ ਦੇ ਸਿਰ ਮੜ ਰਿਹਾ ਸੀ। ਉਸਦੇ ਸਾਰੇ ਘਰ ਵਾਲੇ ਇਕੱਠੇ ਹੋਕੇ ਸਾਡੇ ਘਰ ਵੱਲ ਆ ਗਏ । ਅੱਗੋ ਇਹਨਾਂ ਬੰਦੂਕ ਕੱਢ ਲਈ ਜਿਸ ਕਰਕੇ ਉਹ ਪਿੱਛੇ ਹੱਟ ਗਏ। ਇਸ ਲੜਾਈ ਵਿੱਚ ਭਾਂਵੇ ਇਨ੍ਹਾਂ ਦਾ ਕੋਈ ਦੋਸ਼ ਨਹੀਂ ਸੀ ਪਰ ਫਿਰ ਵੀ ਸਾਰੇ ਘਰ ਵਾਲੇ ਇਨ੍ਹਾਂ ਦੇ ਦਵਾਲੇ ਹੋ ਗਏ। ਇਸ ਗੁਸੇ ਵਿੱਚ ਇਹਨਾਂ ਹੋਰ ਸ਼ਰਾਬ ਪੀ ਲਈ ਤੇ ਤੜਕ ਸਾਰ ਢਿੱਡ ਵਿੱਚ ਬਹੁਤ ਪੀੜ ਹੋਣ ਕਾਰਨ ਇਥੇ ਲਿਉਣਾ ਪਿਆ"।
ਅਗਲੇ ਦਿਨ ਜਦੋਂ ਜਗਜੀਤ ਸਿੰਘ ਫਿਰ ਹਸਪਤਾਲ ਆਪਣੇ ਜਿਗਰੀ ਯਾਰ ਨੂੰ ਮਿਲਣ ਗਿਆ ਤਾਂ ਉਸ ਸਮੇਂ ਮਨਜੀਤ ਸਿੰਘ ਦੀ ਹਾਲਤ ਕੁਝ ਠੀਕ ਸੀ, ਅਤੇ ਹੋਸ਼ ਵਿੱਚ ਸੀ । ਜਗਜੀਤ ਸਿੰਘ ਨੇ ਬੜੇ ਭਰਵੇ ਮਨ ਨਾਲ ਆਖਿਆ, .. ''ਉਏ ਤੂੰ ਮੈਂਨੂੰ ਉਦੋਂ ਰਾਤ ਕਿਊਂ ਫੋਨ ਨਹੀਂ ਕੀਤਾ, ਜਦੋਂ ਉਹ ਕੰਜਰ ਤੇਰੇ ਨਾਲ ਲੜਨ ਲਈ ਘਰ ਵੱਲ ਆ ਰਹੇ ਸਨ । ਕੀ ਤੈਨੂੰ ਮੇਰੇ 'ਤੇ ਯਕੀਨ ਨਹੀਂ ਸੀ। ਉਹ ਅੱਗੋਂ ਬੋਲਿਆ, '' ... ਉਏ ਯਾਰ ... ਤੂੰ ਇਹ ਕੀ ਆਖ ਰਿਹਾ ਏ, ਮੈਂਨੂੰ ਤਾਂ ਕੁਝ ਸਮਝ ਨਹੀਂ ਸੀ ਆ ਰਹੀ, ਨਾਲੇ ਇਹ ਮੇਰੇ ਘਰਦਿਆਂ ਨੇ ਹੀ ਮੈਂਨੂੰ ਕਮਲ ਪਾਇਆ ਹੋਇਆ ਸੀ, ...ਨਹੀਂ ਤਾਂ ਮੈਂ ਉਹਨਾਂ ਦੀ ਮਾਂ.. ਤਾਂ ਇਕੱਲਾ ਹੀ..ਦੇਂਦਾਂ" । ਪਰ ਮੇਰੇ ਘਰਦਿਆਂ ਨੇ ਹੀ ਮੇਰੀ ਬੇਇਜਤੀ ਕਰਵਾਈ ਹੈ । ਮਨਜੀਤ, ਹੁਣ ਗੱਲ ਸੁਣ ਮੇਰੀ, ਇਹ ਜੋ ਹੋ ਗਿਆ ਹੈ ਉਹ ਤਾਂ ਹੋ ਗਿਆ, ਹੌਸਲਾ ਰੱਖ, ਹੁਣ ਇਹ ਦੱਸ ਕਿ ਤੇਰਾ ਮਨ ਕਿਵੇਂ ਖੁਸ਼ ਹੋਓ, ਜੇ ਤੂੰ ਆਖੇ ਤਾਂ ਉਸ ਕੰਜਰ ਨੂੰ ਪਿੰਡ ਦੇ ਸਾਹਮਣੇ ਉਸਦੇ ਸਿਰ ਵਿੱਚ ਛਿਤੱਰ ਮਾਰੀਏ ... ਜਾ ਕਹੇ ਤਾਂ ਸਿੱਧਾ ਪਾਰ ਹੀ ਬੁਲਾ ਦਈਏ । ਜਿਵੇਂ ਤੇਰਾ ਮਨ ਖੁਸ਼ ਹੁੰਦਾ ਹੈ ਕਰ ਦੇਂਦੇ ਹਾਂ; ਪਰ ਤੂੰ ਹੁਣ ਸ਼ਰਾਬ ਨਾ ਪੀਵੀ। ਡਾ. ਨੇ ਆਖਿਆ ਹੈ ਕਿ ਇਹ ਹੁਣ ਤੇਰੇ ਵਾਸਤੇ ਜਹਿਰ ਦੇ ਬਰਾਬਰ ਹੈ। ਮੈਂਨੂੰ ਤੇਰੀ ਜਿੰਦਗੀ ਤੇ ਖੁਸ਼ੀ ਚਾਹੀਦੀ ਹੈ" । ਇਹ ਸੁਣਕੇ ਮਨਜੀਤ ਸਿੰਘ ਕੁਝ ਨਾ ਬੋਲਿਆ ।
ਕੁਝ ਚਿਰ ਹਸਪਤਾਲ ਵਿੱਚ ਰਹਿਣ ਪਿੱਛੋਂ ਮਨਜੀਤ ਸਿੰਘ ਘਰ ਆ ਗਿਆ, ਪਰ ਬਆਦ ਵਿੱਚ ਫਿਰ ਸ਼ਰਾਬ ਪੀਣ ਲੱਗ ਪਿਆ।
ਜ਼ਗਜੀਤ ਸਿੰਘ ਕੁਝ ਸਮਾਂ ਬਾਅਦ ਫਿਰ ਅਮਰੀਕਾ ਆ ਗਿਆ। ਜਦੋਂ ਵੀ ਅਮਰੀਕਾ ਤੋਂ ਅੰਮ੍ਰਿਤਸਰ ਜਾਂਦਾ ਸੱਭ ਤੋਂ ਪਹਿਲਾਂ ਉਸਨੂੰ ਮਿਲਣ ਦੀ ਤਾਂਘ ਹੁੰਦੀ। ਉਹ ਵੀ ਉਹਨੂੰ ਮਿਲਕੇ ਬਹੁਤ ਖੁਸ਼ ਹੁੰਦਾ । ਜਗਜੀਤ ਸਿੰਘ ਦੇ ਪਿੱਛੋਂ ਪਿੰਡ ਜਾਂ ਹੋਰ ਵਾਕਫਕਾਰਾਂ ਵਿੱਚ ਕੀ ਕੁਝ ਵਾਪਰਿਆ ਸਾਰਾ ਦੱਸਦਾ। ਦੋਵੇ ਇੱਕਠੇ ਬਜਾਰ ਜਾਂਦੇ, ਫਿਰਦੇ ਤੁਰਦੇ ਤੇ ਪੁਰਾਣੀਆਂ ਯਾਦਾ ਯਾਦ ਕਰਦੇ । ਜਿੰਨੇ ਦਿਨ ਮਨਜੀਤ ਸਿੰਘ, ਜਗਜੀਤ ਸਿੰਘ ਦੇ ਨਾਲ ਰਹਿੰਦਾ, ਉਹਨੇ ਦਿਨ ਮਨਜੀਤ ਸਿੰਘ ਸ਼ਰਾਬ ਨਾਂ ਪੀਦਾ ਜਾਂ ਬਹੁਤ ਘੱਟ ਪੀਂਦਾ। ਜਗਜੀਤ ਸਿੰਘ ਹਮੇਸ਼ਾ ਹੀ ਉਸਨੂੰ ਸ਼ਰਾਬ ਨਾ ਪੀਣ ਦਾ ਵਾਸਤਾ ਪਾਉਂਦਾ ,ਪਰ ਉਹ ਆਖਦਾ , ''ਉਏ ਯਾਰ ਕੀ ਕਰਾਂ,... ਹੁਣ ਇਹ ਮੇਰੀ ਮਜ਼ਬੂਰੀ ਬਣ ਗਈ ਆ"।
ਜਗਜੀਤ ਸਿੰਘ ਦੱਸਦਾ, ਮੇਰੇ ਯਾਰ ਨੇ ਕਦੀ ਵੀ ਕਿਸੇ ਚੀਜ ਦਾ ਲਾਲਚ ਨਹੀਂ ਸੀ ਕੀਤਾ। ਮੈਂ ਅਮਰੀਕਾ ਤੋਂ ਆਪਣਾ ਕੋਈ ਵੀ ਕੰਮ ਹੋਵੇ ਦੱਸਣਾ, ਉਸਨੇ ਜਿਨੀ ਛੇਤੀ ਹੋਵੇ ਕਰਨਾ। ਭਾਂਵੇ ਕਿਸੇ ਕੋਲੋ ਪੈਸੇ ਲੈਣੇ ਹੋਣ ਜਾਂ ਜਮੀਨ ਦੇ ਕਾਗਜ ਪਤਰ ਦਾ ਕੰਮ ਹੋਵੇ।
ਅਮਰੀਕਾ ਬੈਠੇ ਨੂੰ ਸਵੇਰੇ ਇਕ ਦਿਨ ਪੰਜਾਬ ਤੋਂ ਫੋਨ ਆਇਆ ਕਿ ਤੇਰਾ ਯਾਰ ਮਨਜੀਤ ਸਿੰਘ ਤੇਥੋ ਹਮੇਸ਼ਾਂ ਲਈ ਵਿਛੱੜ ਗਿਆ ਹੈ। ਮੇਰੇ ਵਾਸਤੇ ਇਹ ਖ਼ਬਰ ਸੁਣਨੀ ਬਹੁਤ ਔਂਖੀ ਸੀ। ਉਸਦੇ ਜਾਣ ਨਾਲ ਹੀ ਮੇਰੀ ਜਿੰਦਗੀ ਵਿੱਚੋੇਂ ਦੋਸਤੀ ਲਫਜ਼ ਹੀ ਖਤਮ ਹੋ ਗਿਆ । ਹੋਵੇ ਵੀ ਕਿਉਂ ਨਾਂ, ਸਾਰੇ ਸਾਕ ਸਬੰਧੀ ਹੋਣ ਦੇ ਬਾਵਜ਼ੂਦ ਵੀ ਮੈਂ ਆਪਣੇ ਦਿਲ ਦੀ ਹਰ ਗੱਲ ਜਿਸ ਤਰਾ੍ਹਂ ਉਸ ਨਾਲ ਸਾਂਝੀ ਕਰ ਸਕਦਾ ਸੀ, ਉਹ ਕਿਸੇ ਹੋਰਨ ਨਾਲ ਨਹੀਂ ਕਰ ਸਕਦਾ । ਅੱਜ ਜਦੋਂ ਲੋਕਾਂ ਨੂੰ ਵੇਖਦਾ ਹਾਂ ਕਿ ਮੂੰਹ ਤੇ ਕਿਵੇਂ ਦੋਸਤੀ ਦੇ ਦਾਵੇ ਕਰਦੇ ਹਨ ਪਰ ਦਿੱਲੋ ਇਹੀ ਸੋਚਦੇ ਹੁੰਦੇ ਹਨ ਕਿ ਇਹ ਮੇਰੇ ਨਾਲੋਂ ਜਾਂ ਮੇਰੇ ਪੀ੍ਰਵਾਰ ਨਾਲੋਂ ਕਿਤੇ ਅੱਗੇ ਨਾ ਲੱਘ ਜਾਵੇ ।
ਮੇਰੇ ਯਾਰ ਦੇ ਦੁਨੀਆਂ ਤੋਂ ਜਾਣ ਪਿੱਛੋਂ ਤਾਂ ਪੰਜਾਬ ਜਾਣ ਨੂੰ ਹੀ ਦਿਲ ਨਹੀਂ ਕਰਦਾ । ਜਦੋਂ ਕਦੀ ਜਾਂਵਾਂ ਵੀ ਤਾਂ ਉਥੇ 'ਵੱਗ ਵਿੱਚੋਂ ਗਵਾਚੀ ਗਾਂ ਵਾਗਰ' ਤੁਰ-ਫਿਰਕੇ ਵਾਪਸ ਆ ਜਾਈਦਾ । ਹੁਣ ਤਾਂ ਵਾਕਿਆ ਹੀ ਉਵੇਂ ਲੱਗਦਾ ਹੈ ਜਿਵੇਂ ਤੂੰ ਉਸ ਗਾਣੇ ਦੇ ਬੋਲ ਬੋਲਦਾ ਹੁੰਦਾ ਵਾਂ, '' ਯਾਰਾਂ ਨਾਲ ਬਹਾਰਾਂ ਮੇਲੇ ਮਿਤਰਾਂ ਦੇ" ਤੂੰ ਤਾਂ ਇਸ ਭਾਵਨਾ ਨੂੰ ਚੰਗੀ ਤਰਾ੍ਹਂ ਸਮਝਦਾ, ਤੈਂਨੂੰ ਕੀ ਦੱਸਾਂ ! ਉਸਦੀ ਆਈ ਆਖਰੀ ਚਿੱਠੀ ਮੈਂ ਅਜੇ ਵੀ ਆਪਣੇ ਕੋਲ ਸਾਭ ਕੇ ਰੱਖੀ ਆ !