ਕਾਲ਼ ਸਦਾ ਨਾਲ਼

ਕੁਲਦੀਪ ਸਿੰਘ ਬਾਸੀ, ਅਮਰੀਕਾ

''ਵਲਾਇਥਮ ਪੁੱਤਰ, ਮੇਰੀ ਹੁਣ ਕੁੱਝ ਘੰਟਿਆ ਦੀ ਹੀ ਜ਼ਿੰਦਗੀ ਹੈ। ਤੂੰ ਆਪਣੇ ਤਾਇਆ ਅਤੇ ਤਾਈ ਨੂੰ ਜਲਦੀ ਸੱਦ ਕੇ ਲੈ ਆ। ਮੈਂ ਉਹਨਾਂ ਨੂੰ ਤੇਰੀ ਪੜ੍ਹਾਈ, ਪਰਵਰਿਸ਼ ਆਦਿ ਦਾ ਖਰਚਾ, ਆਪਣੇ ਹੱਥ ਨਾਲ਼, ਤੇਰੇ ਸਾਹਮਣੇ ਦੇਣਾ ਚਾਹੁੰਦੀ ਹਾਂ। ਅਗਲੇ ਸਾਲ ਤੂੰ ਦਸਵੀਂ ਜਮਾਤ ਪਾਸ ਕਰ ਲਵੇਂਗਾ। ਪੜ੍ਹਾਈ ਬੰਦ ਨਾ ਕਰੀਂ।" ਵਲਾਇਥਮ ਦੀ ਮਾਂ ਨੇ ਅਪਣੇ ਸਾਹ ਮੁੱਕਦੇ ਵੇਖ ਆਖਿਆ।
'' ਮਾਂ, ਮੈਂ ਤੈਨੂੰ ਹੁਣੇ ਚੰਗੇ ਡਾਕਟਰ ਕੋਲ਼ ਲੈ ਕੇ ਚਲਦਾ ਹਾਂ। ਜੋ ਪੈਸਾ ਤੂੰ ਤਾਇਆ ਜੀ ਨੂੰ ਦੇਵੇਂਗੀ ਮੈਂ ਤੇਰੇ ਇਲਾਜ ਤੇ ਹੀ ਖਰਚਣਾ ਚਾਹੁੰਦਾ ਹਾਂ। ਤੂੰ ਠੀਕ ਹੋ ਜਾਏਂ ਇਸ ਤੋਂ ਵੱਡੀ ਮੇਰੇ ਲਈ ਕੋਈ ਗੱਲ ਨਹੀਂ। ਉਹ ਪੈਸਾ ਕਿੱਥੇ ਰੱਖਿਆ ਹੈ, ਛੇਤੀ ਦੱਸ।" ਵਲਾਇਥਮ ਮਾਤ-ਪਿਆਰ ਵਿੱਚ ਅਪਣਾ ਸੰਤੁਲਨ ਖੋ ਬੈਠਾ ਅਤੇ ਰੋਣ ਲਗ ਪਿਆ।
'' ਰੋ ਨਾ ਬੇਟਾ। ਪੈਸਾ ਮੇਰੇ ਸੂਟਕੇਸ ਵਿੱਚ ਪਿਆ ਹੈ ਅਤੇ ਬਾਕੀ ਬੈਂਕ ਵਿੱਚ ਹੈ। ਪਰ ਆਪਣੀ ਪੜ੍ਹਾਈ ਤੇ ਹੀ ਖਰਚੀਂ।"
ਵਲਾਇਥਮ ਨੇ ਤਾਇਆ ਤਾਈ ਬੁਲਾਏ। ਤਾਏ ਨੇ ਟੈਕਸੀ ਸੱਦੀ ਅਤੇ ਭਾਬੀ ਨੂੰ ਹਸਪਤਾਲ਼ ਭਰਤੀ ਕਰਵਾ ਦਿੱਤਾ। ਇੱਕ ਦੋ ਡਾਕਟਰਾਂ ਕੋਲ਼ ਜਾ ਕੇ ਦਾਨ ਦੱਖਣਾ ਵੀ ਕਰ ਆਏ। ਇਲਾਜ ਚਲਦਾ ਰਿਹਾ। ਪੈਸਾ ਮੁੱਕਦਾ ਗਿਆ। ਮਾਂ ਵੀ ਮੁੱਕ ਗਈ। ਮਾਂ ਦਾ ਸੰਸਕਾਰ ਤਾਏ ਦੇ ਪੈਸੇ ਨਾਲ਼ ਕੀਤਾ। ਦਸਵੀਂ ਜਮਾਤ ਵਿੱਚ ਪੜ੍ਹਨ ਵਾਲ਼ਾ ਵਲਾਇਥਮ, ਉਮਰ ਨਾਲ਼ੋਂ ਪਹਿਲਾਂ ਹੀ ਜੁਆਨ ਹੋ ਗਿਆ। ਉਮਰ ਨਾਲ਼ੋਂ ਕਿਤੇ ਵੱਡਾ ਲੱਗਣ ਲਗ ਪਿਆ। ਦਸਵੀਂ ਪਾਸ ਕਰਨ ਤੋਂ ਬਾਦ ਪਾਨ ਦੀ ਦੁਕਾਨ ਖੋਹਲ ਲੀਤੀ। ਘੱਟ ਪੜ੍ਹੇ ਹੋਣ ਕਾਰਨ ਸਿਫਾਰਸ਼ ਤੋਂ ਬਗੈਰ ਨੌਕਰੀ ਵਾਰੇ ਸੋਚਿਆ ਵੀ ਨਹੀਂ ਸੀ ਜਾ ਸਕਦਾ। ਦੁਕਾਨ ਵੀ ਕੋਈ ਵੱਡੀ ਨਹੀਂ ਸੀ। ਇੱਕ ਵੱਡੇ ਰੇਸਟੋਰੈਂਟ ਦੇ ਮਾਲਕ ਅੱਗੇ ਅਰਦਾਸ ਕਰਕੇ, ਇੱਕ ਪਾਸੇ ਛੋਟਾ ਜਿਹਾ ਬੇਕਾਰ ਪਿਆ ਖੋਖਾ ਕਰਾਏ ਤੇ ਲੈ ਲਿਆ। ਅਮੀਰ ਲੋਗ ਓਥੇ, ਅੰਨ ਪਾਣੀ ਕਰਨ ਤੋਂ ਬਾਦ, ਪਾਨ-ਸੁਪਾਰੀ ਦਾ ਜ਼ਾਇਕਾ ਵੀ ਚੱਖਣ ਲਗ ਪਏ। ਦੁਕਾਨ ਤੇ ਭੀੜ ਹੋਣ ਲਗ ਪਈ ਜਿਵੇਂ ਅਜੇਹੀ ਦੁਕਾਨ ਦੀ ਓਥੇ ਸਖ਼ਤ ਲੋੜ ਸੀ। ਦੁਕਾਨ ਬਹੁੱਤ ਵਧੀਆ ਖੱਟੀ ਦੇਣ ਲੱਗੀ। ਪੰਦਰਾ ਘੰਟੇ ਹਰਰੋਜ਼, ਖਰਚਾ ਘੱਟ, ਖੱਟੀ ਜ਼ਿਆਦਾ ਹੋਣ ਲੱਗੀ।

ਸ਼ਾਮੀਂ ਸਕੂਲੋਂ ਵਾਪਸ ਆਉਂਦੀਆਂ, ਮਿਨਾਕਸ਼ੀ ਅਤੇ ਉਸ ਦੀ ਛੋਟੀ ਭੈਣ, ਵਲਾਇਥਮ ਦੀ ਦੁਕਾਨ ਤੇ ਜ਼ਰੂਰ ਰੁਕਦੀਆਂ। ਅਪਣੇ ਪਿਉ ਲਈ ਸਪੈਸ਼ਲ ਪਾਨ ਲਗਵਾ ਕੇ ਲੈ ਜਾਂਦੀਆਂ। ਉਹਨਾ ਦਾ ਪਿਉ ਇਲਾਕੇ ਵਿੱਚ ਸ਼ਰੀਫ , ਮਸ਼ਹੂਰ, ਉੱਚ ਪਦਵੀ ਵਾਲਾ ਸਰਕਾਰੀ ਅਫਸਰ ਮੰਨਿਆਂ ਜਾਂਦਾ ਸੀ। ਮਿਨਾਕਸ਼ੀ ਥੋੜ੍ਹੇ ਚੰਚਲ ਸੁਭਾ ਦੀ ਹੋਣ ਕਾਰਨ , ਕਦੇ ਕਦਾਈਂ, ਵਲਾਇਥਮ ਨਾਲ਼, ਹਾਸਾ ਮਜ਼ਾਕ ਵੀ ਕਰ ਜਾਂਦੀ। ਸਾਲ ਇਉਂ ਹੀ ਬੀਤਦੇ ਗਏ।
ਦਿਨ ਦੂਣੀ ਰਾਤ ਚੌਗਣੀ ਤਰੱਕੀ ਕਰਨ ਵਾਲ਼ਾ, ਵਲਾਇਥਮ, ਹੁਣ ਪੂਰੇ ਰੇਸਟੋਰੈਂਟ ਦਾ ਹੀ ਮਾਲਕ ਬਣ ਬੈਠਾ। ਰੈਸਟੋਰੈਂਟ ਦਾ ਮਾਲਕ, ਬਿਮਾਰੀ ਕਾਰਨ, ਅਪਣਾ ਬਿਜ਼ਨਸ, ਮਿਹਨਤੀ ਮੁੰਡੇ ਨੂੰ ਹੀ ਵੇਚ ਗਿਆ। ਕੁੱਝ ਹੋਰ ਸਾਲਾਂ ਵਿੱਚ ਹੀ ਉਹ ਵਲਾਇਥਮ ਸੇਠ ਆਖਿਆ ਜਾਣ ਲੱਗਾ। ਰਹਿਣ ਲਈ ਕੀਮਤੀ ਬੰਗਲਾ, ਮੋਟਰ ਸਾਇਕਲ ਆਦਿ ਸਭ ਕੁੱਝ ਲੈ ਲਿਆ। ਕਈ ਸੰਸਥਾਵਾਂ ਨੂੰ ਦਾਨ ਵੀ ਦੇਣ ਲੱਗਾ। ਅਮੀਰੀ ਅਤੇ ਨਿੱਮ੍ਰਤਾ ਦੀ ਮੂਰਤ, ਵਲਾਇਥਮ, ਹੁਣ ਪੂਰੇ ਸ਼ਹਿਰ ਵਿੱਚ, ਇਜ਼ਤ ਪਾ ਗਿਆ। ਕੀ ਪੁਲਿਸ, ਕੀ ਸਰਕਾਰੀ ਅਫਸਰ, ਬੈਂਕ ਆਦਿ ਹਰ ਥਾਂ ਉਸ ਦਾ ਨਾ ਚੱਲਣ ਲਗ ਪਿਆ।

ਕੁੜੀਆਂ ਵਾਲਿਆ ਦੇ ਸੁਨੇਹੇ ਵੀ ਆਉਣ ਲਗ ਪਏ। ਸੇਠ ਵਿਆਹ ਬਾਰੇ ਵੀ ਸੋਚਣ ਲਗ ਪਿਆ। ਮਿਨਾਕਸੀ, ਜਿਸ ਨੂੰ ਉਹ ਦਿਲੋਂ ਚਾਹੁਣ ਲਗ ਪਿਆ, ਵਿਆਹੁਣ ਯੋਗ ਹੋ ਗਈ। ਸੇਠ ਰਿਸ਼ਤੇ ਦੀ ਗੱਲ ਮਿਨਾਕਸ਼ੀ ਤੋਂ ਸਿਵਾਏ ਹੋਰ ਕਿਸੇ ਨਾਲ਼ ਕਰਨ ਲਈ ਤਿਆਰ ਨਾ ਹੁੰਦਾ। ਮਿਨਾਕਸ਼ੀ ਵੱਲ ਉਸਦਾ ਪੂਰਾ ਧਿਆਨ ਰਹਿੰਦਾ। ਕਈ ਦਿਨਾਂ ਤੋਂ ਕੁੜੀਆਂ ਪਾਨ ਖਰੀਦਣ ਨਹੀਂ ਸਨ ਆ ਰਹੀਆਂ। ਹਫਤਾ ਦਸ ਦਿਨ ਦੀ ਮਾਯੂਸੀ ਤੋਂ ਬਾਦ ਇੱਕ ਦਿਨ ਕੁੜੀਆਂ ਦਿੱਸ ਪੱਈਆਂ ਪਰ ਪਹਿਲਾਂ ਵਾਂਗ ਪਾਨ ਲੈਣ ਲਈ ਨਾ ਰੁਕੀਆਂ। ਉਤਸੁਕਤਾ ਕਾਬੂ ਤੋਂ ਬਾਹਰ ਹੋ ਗਈ। ਉਸਨੇ ਜਾ ਕੇ ਉਹਨਾਂ ਨੂੰ ਰੋਕ ਲਿਆ ਅਤੇ ਕਿਹਾ।
'' ਮਿਨਾਕਸ਼ੀ, ਲੈ ਫੜ ਇਹ ਪੈਕਟ। ਤੇਰੇ ਪਾਪਾ ਵਾਸਤੇ, ਪਾਨ ਵਾਲ਼ੇ ਮੁੰਡੇ ਤੋਂ ਪੈਕ ਕਰਵਾ ਕੇ ਲਿਆਇਆ ਹਾਂ। ਤੂੰ ਅੱਜ ਖਰੀਦਣਾਂ ਭੁੱਲ ਗਈ ਏਂ।"
'' ਨਹੀਂ, ਮੈਂ ਨਹੀਂ ਲੈਣੇ। ਮੇਰੇ ਪਾਪਾ ਤਾਂ ਹੁਣ ਇਸ ਦੁਨੀਆਂ ਵਿੱਚ ਨਹੀਂ ਰਹੇ।" ਆਖ ਕੇ ਉਹ ਰੋਣ ਲਗ ਪਈ। ਨਾਲ਼ ਹੀ ਛੋਟੀ ਭੈਣ ਵੀ ਹੰਝੂ ਕੇਰਨ ਲਗ ਪਈ।
'' ਮੈਨੂੰ ਬਹੁੱਤ ਅਫਸੋਸ ਹੈ। ਮੈਨੂੰ ਕਤੱਈ ਨਹੀਂ ਸੀ ਪਤਾ ਇਸ ਭੈੜੀ ਖ਼ਬਰ ਦਾ।" ਵਲਾਇਥਮ ਵੀ ਉਦਾਸ ਹੋ ਗਿਆ।
ਮਿਨਾਕਸ਼ੀ ਨੂੰ ਉਹ ਪਿਆਰ ਤਾਂ ਕਰਨ ਲਗ ਪਿਆ ਪਰ ਮੂੰਹੋਂ ਬੋਲਣ ਦੀ ਹਿੰਮਤ ਉਸ ਵਿੱਚ ਨਹੀਂ ਸੀ। ਇੱਕ ਤਾਂ ਕੁੜੀ ਵੱਡੇ ਅਫਸਰ ਦੀ ਧੀ ਸੀ, ਪਿਆਰ ਦਾ ਇਜ਼ਹਾਰ ਕਰਨ ਨਾਲ਼ ਪਾਸਾ ਪੁੱਠਾ ਵੀ ਪੈ ਸਕਦਾ ਸੀ। ਇੱਜ਼ਤ ਦਾ ਵੀ ਬਚਾ ਕਰਨਾ ਜ਼ਰੂਰੀ ਸੀ। ਦੂਜੇ ਉਹ ਬਹੁੱਤ ਚੰਗੇ ਸਕੂਲ ਦੀ ਵਿਦਿਆਰਥਣ ਸੀ। ਅੰਗਰੇਜੀ ਜ਼ਿਆਦਾ ਬੋਲਦੀ ਸੀ ਅਤੇ ਆਪਣੀ ਦੇਸੀ ਬੋਲੀ ਘੱਟ। ਉਸਨੂੰ ਆਪਣੀ ਪਹੁੰਚ ਤੋਂ ਬਾਹਰ ਲਗਦੀ ਸੀ।

ਇੱਕ ਦਿਨ ਕੁੜੀਆਂ ਦੀ ਮਾਂ ਨੇ ਉਹਨਾਂ ਨੂੰ ਆਪਣੇ ਕੋਲ਼ ਬੁਲਾ ਕੇ ਆਖਿਆ,'' ਆਪ ਦੇ ਪਿਤਾ ਦੀ ਮੌਤ ਤੋਂ ਬਾਦ ਪੈਸੇ ਦੀ ਤੰਗੀ ਹੋ ਗਈ ਹੈ ਅਤੇ ਵਧਦੀ ਹੀ ਜਾਏਗੀ। ਕੁੱਝ ਮਹੀਨਿਆ ਵਿੱਚ ਮਿਨਾਕਸ਼ੀ ਹਾਇਰ ਸੈਕੰਡਰੀ ਪਾਸ ਕਰ ਜਾਏਗੀ। ਮੈਂ ਉੱਚ ਪੜ੍ਹਾਈ ਦਾ ਖ਼ਰਚਾ ਦੇਣ ਤੋਂ ਅਸਮ੍ਰੱਥ ਹਾਂ। ਵਿਆਹ ਹੀ ਕਰਨਾ ਉਚਿੱਤ ਹੋਵੇਗਾ।"
'' ਪਰ ਮਾਂ, ਮੈਂ ਤਾਂ ਉੱਚ ਵਿਦਿਆ ਪਾਉਣਾ ਚਾਹੁੰਦੀ ਹਾਂ। ਪਿਤਾ ਜੀ ਦਾ ਵੀ ਇਹੋ ਸੁਪਨਾ ਸੀ। ਅਜੇ ਉਮਰ ਵੀ ਤਾਂ -- !" ਮਿਨਾਕਸ਼ੀ ਪੀੜਿਤ ਆਵਾਜ਼ ਵਿੱਚ ਬੋਲੀ।
'' ਬੇਟੀ ਹਾਲਾਤ ਬਦਲ ਗਏ ਹਨ। ਤੇਰੀ ਉਮਰ ਦੀ ਕੁੜੀਆਂ ਦੇ, ਪਹਿਲਾਂ ਤਾਂ, ਵਿਆਹ ਕਰ ਦੇਣ ਦਾ ਰਿਵਾਜ ਸੀ। ਤੇਰੇ ਲਈ, ਵਰ ਦੀ ਭਾਲ਼ ਜਲਦੀ ਕਰ ਦੇਣੀ ਹੀ ਠੀਕ ਹੈ। ਮੈਂ ਜਾਣ ਪਹਿਚਾਣਾ ਨੂੰ ਸੁਨੇਹੇ ਘੱਲ ਦਿੱਤੇ ਹਨ। ਕੋਈ ਨਾ ਕੋਈ ਮੁੰਡੇ ਦੀ ਦੱਸ ਪਾਵੇਗਾ ਹੀ।"

ਗੱਲ, ਉਡਦੀ ਉਡਦੀ, ਬਹੁਤ ਜਾਣ ਪਹਿਚਾਣਾ ਤੱਕ ਅੱਪੜ ਗਈ। ਵਲਾਇਥਮ ਦੇ ਤਾਇਆ ਜੀ ਨੇ, ਪਤਾ ਲਗਦਿਆਂ, ਅਪਣੇ ਭਤੀਜੇ, ਲਈ ਹੱਥ ਮੰਗ ਲਿਆ। ਇੱਕੀ ਸਾਲਾ,ਵਲਾਇਥਮ, ਭਾਵੇਂ ਘੱਟ ਪੜ੍ਹਿਆ ਹੋਇਆ ਹੀ ਸੀ ਪਰ ਅਮੀਰ ਅਤੇ ਮਸ਼ਹੂਰ ਬਣ ਚੁੱਕਾ ਸੀ। ਕੁੜੀ ਦੀ ਮਾਂ ਨੇ, ਕੁੜੀ ਦੀ ਇੱਛਾ ਦੇ ਵਿਰੁੱਧ, ਉਸ ਨੂੰ ਡਾਂਟ ਡਪਟ ਕੇ, ਉਸਦਾ ਵਲਾਇਥਮ ਨਾਲ਼ ਵਿਆਹ ਪੱਕਾ ਕਰ ਦਿੱਤਾ। ਧੀਆਂ ਦੀ ਮੰਨਜ਼ੂਰੀ ਜ਼ਰੂਰੀ ਨਹੀਂ ਸਮਝੀ ਜਾਂਦੀ। ਆਖ਼ਿਰ ਮਾਂ ਨੇ ਛੇਤੀ ਹੀ ਅਪਣਾ ਬੋਝ ਹਲਕਾ ਕਰ ਲਿਆ। ਮਿਨਾਕਸ਼ੀ ਸਸੁਰਾਲ ਪਹੁੰਚ ਗਈ। ਹੌਲ਼ੀ ਹੌਲ਼ੀ ਘਰ ਦਾ ਕੰਮ ਕਾਰ ਵੀ ਸਿੱਖ ਲਿਆ। ਇੱਕ ਬੇਟੀ ਦੀ ਮਾਂ ਵੀ ਬਣ ਗਈ। ਵਲਾਇਥਮ ਨੂੰ ਉਸ ਦੀਆਂ ਆਦਤਾਂ ਬਹੁੱਤ ਚੰਗੀਆਂ ਲੱਗੀਆਂ, ਉਸਦਾ ਇਕੱਲਾਪਣ ਖਤਮ ਹੋ ਗਿਆ। ਘਰ ਸਵਰਗ ਬਣ ਗਿਆ। ਫੇਰ ਇੱਕ ਦਿਨ ਮਿਨਾਕਸ਼ੀ ਨੇ ਇੱਕ ਸੁਆਲ ਪਾਇਆ।
'' ਵਲਾਇਥਮ, ਜੇ ਤੂੰ ਬੁਰਾ ਨਾ ਮਨਾਏ ਤਾਂ ਇੱਕ ਗੱਲ ਦੀ ਆਗਿਆ ਚਾਹੀਦੀ ਹੈ।" ਉਹ ਬੋਲੀ।
'' ਹਰ ਚੀਜ਼ ਹਾਜ਼ਰ ਕਰਦਾਂਗਾ। ਬੋਲ।"
'' ਮੈਂ ਅੱਗੇ ਪੜ੍ਹਨਾ ਚਾਹੁੰਦੀ ਹਾਂ। ਕਾਲਜ ਵਿੱਚ ਦਾਖ਼ਲਾ ਲੈਣਾ ਚਾਹੁੰਦੀ ਹਾਂ।"

ਵਲਾਇਥਮ ਥੋੜੀ ਸੋਚਾਂ ਵਿੱਚ ਪੈ ਗਿਆ। ਪਰ ਛੇਤੀ ਪਤਨੀ ਪਿਆਰ ਪ੍ਰਬਲ ਹੋ ਗਿਆ ਅਤੇ ਮੁਸਕੁਰਾ ਕੇ ਬੋਲਿਆ,'' ਬਿਲਕੁਲ ਠੀਕ। ਤੂੰ ਪੜ੍ਹਾਈ ਵਿੱਚ ਹੋਸ਼ਿਆਰ ਏਂ, ਉੱਚ ਵਿਦਿਆ ਲੈਣੀ ਹੀ ਠੀਕ ਹੈ। ਅਪਣੇ ਬਿਜ਼ਨਸ ਵਿੱਚ ਵੀ ਲਾਭ ਹੋਏਗਾ, ਊਚੀ ਪੜ੍ਹਾਈ ਦਾ। ਆਪਣੇ ਕੋਲ਼ ਪੈਸੇ ਦੀ ਕਮੀ ਨਹੀਂ ਇਸ ਲਈ ਖਰਚੇ ਦਾ ਵੀ ਡਰ ਨਹੀਂ। ਧੀ ਲਈ ਬੇਬੀ ਸਿੱਟਰ ਰੱਖ ਦਿਆਂਗੇ। ਤੂੰ ਕਿਸੇ ਤੋਂ ਪੁੱਛ ਪੁਛਾ ਕੇ ਕੋਈ ਚੰਗੀ ਕੁੜੀ ਰੱਖ ਲੈ।" ਉਸ ਨੇ ਮੰਨਜ਼ੂਰੀ ਦੇ ਦਿੱਤੀ।

ਮਿਨਾਕਸ਼ੀ ਜਮਾਤਾਂ ਪੂਰੀਆਂ ਕਰਦੀ ਗਈ ਅਤੇ ਉਹਨਾ ਦੀ ਧੀ ਵੱਡੀ ਹੁੰਦੀ ਗਈ। ਅੰਤ ਇਨਫਰਮੇਸ਼ਨ ਟੈਕਨੌਲੋਜੀ ਦੀ ਮਾਸਟਰ ਦੀ ਡਿਗਰੀ ਲੈ ਕੇ ਮਿਨਾਕਸ਼ੀ ਨੇ ਚੰਗੀ ਨੌਕਰੀ ਵੀ ਲੈ ਲਈ। ਧੀ ਵੀ ਛੇ ਕੁ ਸਾਲ ਤੋਂ ਵਧ ਹੋ ਗਈ ਸੀ ਅਤੇ ਨਿੱਤ ਕੌਨਵੈਂਟ ਵਿੱਚ ਪੜ੍ਹਨ ਜਾਂਦੀ। ਵਲਾਇਥਮ ਦੀ ਨਿੱਗਰ ਮਾਲੀ ਹਾਲਤ ਕਾਰਨ ਉਸਦੀ ਅਪਣੀ ਵਿਦਿਅਕ ਘਾਟ ਛੁਪੀ ਰਹੀ।

ਅਚਾਨਕ ਇੱਕ ਦਿਨ ਮਿਨਾਕਸ਼ੀ ਨੇ ਇੱਕ ਖਬਰ ਸੁਣਾਈ। ਵਲਾਇਥਮ ਨੂੰ ਚਿੱਤ ਚੇਤਾ ਵੀ ਨਹੀਂ ਸੀ ਕਿ ਅਜੇਹਾ ਵੀ ਹੋ ਜਾਏਗਾ।
'' ਮੇਰੀ ਕੰਪਨੀ ਵਾਲ਼ੇ ਮੈਨੂੰ ਅਮਰੀਕਾ ਵਿੱਚ ਭੇਜ ਰਹੇ ਨੇ। ਤਿੰਨ ਸਾਲ ਦੀ ਡਿਉਟੀ ਹੈ, ਓਥੇ। ਪੈਸੇ ਬਹੁੱਤ ਜ਼ਿਆਦਾ ਮਿਲਣਗੇ। ਤੁਸੀਂ ਵੀ ਕੁੱਝ ਮਹੀਨਿਆਂ ਬਾਦ ਆ ਜਾਣਾ। ਬੇਟੀ ਨੂੰ ਕੁੱਝ ਸਮੇ ਲਈ ਅਪਣੀ ਮਾਂ ਕੋਲ਼ ਛੱਡ ਜਾਵਾਂਗੀ। ਅਜੇਹੇ ਸੁਨਿਹਰੀ ਮੌਕੇ ਘੱਟ ਹੀ ਮਿਲਦੇ ਹਨ। ਸਮੇ ਨਾਲ਼, ਓਥੇ ਪੱਕਿਆਂ ਰਹਿਣ ਦਾ ਵੀ, ਮੌਕਾ ਹੱਥ ਆ ਜਾਏਗਾ।" ਉਸ ਨੇ ਅਮਰੀਕਾ ਜਾਣ ਦੀ ਮੰਨਜ਼ੂਰੀ ਮੰਗੀ।
'' ਮੈਨੂੰ ਕੋਈ ਇਤਰਾਜ਼ ਤਾਂ ਨਹੀਂ ਪਰ ਮੈਂ ਸਿਰਫ ਦਸਵੀਂ ਪਾਸ ਕੀਤੀ ਹੈ। ਅੰਗ੍ਰੇਜ਼ੀ ਠੀਕ ਬੋਲ ਨਹੀਂ ਸਕਦਾ। ਓਥੇ ਜਾ ਕੇ ਕੀ ਕਰਾਂਗਾ। ਅਪਣਾ ਤਾਂ ਅਪਣੇ ਦੇਸ਼ ਵਿੱਚ ਵੀ ਚੰਗਾ ਬਿਜ਼ਨਸ ਚਲ ਰਿਹਾ ਹੈ। ਇਥੋਂ ਦਾ ਕਾਰੋਬਾਰ ਠੱਪ ਕਰਨਾ ਵੀ ਸਿਆਣਪ ਨਹੀਂ। ਅਪਣੀ ਧੀ ਨੂੰ ਅਪਣੇ ਕੋਲ਼ ਹੀ ਰੱਖਣਾ ਸਹੀ ਗੱਲ ਹੈ। ਤੂੰ ਜ਼ਰਾ ਹੋਰ ਸੋਚ ਲੈ। ਐਥੇ ਧੀ ਵੀ ਅਪਣੇ ਕੋਲ ਰਹਿ ਕੇ ਪੜ੍ਹ ਰਹੀ ਹੈ।" ਵਲਾਇਥਮ ਨੇ ਸੋਚਕੇ ਸਲਾਹ ਦਿੱਤੀ।
'' ਅਮਰੀਕਾ ਵਿੱਚ ਆਪਦਾ ਤਜੱਰੁਬਾ ਕੰਮ ਆਏਗਾ। ਓਥੇ ਤਾਂ ਘੱਟ ਪੜ੍ਹੇ ਹੋਏ ਵੀ ਕਈ ਕਿਸਮ ਦੇ ਬਿਜ਼ਨਸ ਕਰ ਲੈਂਦੇ ਹਨ। ਜਿੰਨੀ ਦੇਰ ਚੰਗਾ ਆਹਰ ਨਾ ਲੱਭੇ ਮੇਰੀ ਤੁਨਖਾਹ ਵਿੱਚ ਗੁਜ਼ਾਰਾ ਹੋ ਹੀ ਜਾਏਗਾ।" ਮਿਨਾਕਸ਼ੀ ਨੇ ਜ਼ਿੱਦ ਕੀਤੀ।
''ਠੀਕ ਹੈ। ਤੂੰ ਚਲੀ ਜਾ। ਫੇਰ ਮੈਂ ਵੀ ਆ ਕੇ ਵੇਖਾਂਗਾ। ਮੈਂ ਵੀ ਪਾਸਪੋਰਟ ਬਣਵਾ ਲੈਂਦਾ ਹਾਂ। ਵਿਸਾ ਤਾਂ ਮਿਲ ਹੀ ਜਾਵੇਗਾ। ਓਥੇ ਕੰਮ ਭਾਵੇਂ ਨਾ ਮਿਲੇ।" ਜੁਆਬ ਰੁਖਾ ਜਿਹਾ ਹੀ ਸੀ।

ਮਿਨਾਕਸ਼ੀ ਅਮਰੀਕਾ ਆ ਗਈ। ਉਸਨੇ ਕੁੱਝ ਮਹੀਨਿਆਂ ਬਾਦ ਵਲਾਇਥਮ ਅਤੇ ਧੀ ਨੂੰ ਵੀ ਸੱਦ ਲਿਆ। ਧੀ ਨੂੰ ਸਕੂਲ ਵਿੱਚ ਪੜ੍ਹਨੇ ਪਾ ਦਿੱਤਾ। ਕਾਰ ਤੇ ਛੱਡ ਆਉਂਦੀ ਅਤੇ ਵਾਪਸ ਦਫਤਰੋਂ ਆਉਂਦੀ ਵਾਪਸ ਲੈ ਵੀ ਆਉਂਦੀ। ਕਦੇ ਕਦੇ ਸਕੂਲ ਵਿੱਚ ਧੀ ਨੂੰ ਬੇਬੀ ਸਿਟਰ ਕੋਲ ਵੀ ਰੁਕਣਾ ਪੈਂਦਾ। ਲੇਟ ਮੀਟਿੰਗ ਕਾਰਨ ਲੇਟ ਹੋ ਜਾਂਦੀ। ਵਲਾਇਥਮ ਘਰ ਬੈਠਾ ਦੁਖੀ ਹੁੰਦਾ ਰਹਿੰਦਾ। ਉਸਦਾ ਦਿਲ ਬਿਲਕੁਲ ਨਾ ਲਗਦਾ।

'' ਆਪ ਕਾਰ ਦਾ ਲਾਈਸੈਂਸ ਤਾਂ ਲੈ ਹੀ ਲਵੋ। ਧੀ ਨੂੰ ਸਕੂਲੇ ਛੱਡਣ ਅਤੇ ਉਥੋਂ ਵਾਪਸ ਲਿਆਉਣ ਦਾ ਕੰਮ ਤਾਂ ਕਰ ਹੀ ਸਕਦੇ ਹੋ। ਮੈਂ ਤੁਹਾਨੂੰ ਕੱਪੜੇ ਧੋਣ ਅਤੇ ਸੁਕਾਉਣ ਦੀ ਮਸ਼ੀਨਾ ਦਾ ਹਿਸਾਬ ਵੀ ਸਮਝਾ ਹੀ ਦੇਂਦੀ ਹਾਂ ਤਾਂ ਜੋ ਤੁਸੀਂ ਇਸ ਵਿੱਚ ਵੀ ਮੇਰੀ ਮਦਦ ਕਰ ਸਕੋ। ਵੇਹਲੇ ਬਹਿ ਕੇ ਦੁਖੀ ਹੋਣ ਨਾਲੋਂ ਤਾਂ ਕੁੱਝ ਹੱਥ ਨਾਲ਼ ਕੰਮ ਕਰਨਾ ਠੀਕ ਰਹੇਗਾ। ਐਥੇ ਇਹ ਕੰਮ ਸਭੇ ਕਰਦੇ ਹਨ।" ਮਿਨਾਕਸੀ ਨੇ ਇੱਕ ਦਿਨ ਦਿਲ ਦੀ ਗੱਲ ਬਾਹਰ ਕੱਢੀ।
ਵਲਾਇਥਮ ਜੋ ਨੌਕਰਾਂ ਤੋਂ ਕੰਮ ਕਰਵਾਉਣ ਦਾ ਹੀ ਆਦੀ ਹੋ ਚੁਕਾ ਸੀ, ਕੁੱਝ ਝਿਜਕਿਆ। ਉਸਦੀ ਉਦਾਸੀ ਵਧਦੀ ਹੀ ਗਈ। ਅਪਣੇ ਦੇਸ਼ ਵਿੱਚ ਐਨੀ ਇੱਜ਼ਤ ਮਾਣ ਵਾਲਾ ਇਨਸਾਨ ਭਲਾਂ ਕਿਵੇਂ, ਖੁਸ਼ੀ ਨਾਲ, ਕਰ ਸਕਦਾ ਹੈ, ਇਹੋ ਜਿਹੇ ਕੰਮ। ਕੱਪੜੇ ਧੋਣੇ, ਭਾਂਡੇ ਮਾਂਜਣੇ, ਰਸੋਈ ਆਦਿ ਦਾ ਕੰਮ ਕਰਨਾ, ਉਸ ਨੂੰ ਅਪਣੀ, ਦੇਸ਼ ਵਿੱਚ ਕਮਾਈ ਹੋਈ ਇੱਜ਼ਤ ਆਬਰੁ ਉੱਤੇ ਜਾਣ ਬੁੱਝ ਕੇ ਚਿੱਕੜ ਸੁਟਵਾਉਣ ਦੇ ਬਰਾਬਰ ਲਗਦਾ। ਉਹ ਦੁਖੀ ਹੁੰਦਾ, ਇਹ ਸੋਚਕੇ। ਮਾਨਸਿਕ ਅਵਸਥਾ ਵਿਗੜਦੀ ਹੀ ਗਈ। ਅਮਰੀਕਾ ਦਾ ਜੀਵਨ ਉਸ ਦੀ ਇਛਾ ਦੇ ਅਨੁਕੂਲ ਨਹੀਂ ਸੀ। ਸਮਾਂ ਤਾਂ ਲੰਘਦਾ ਹੀ ਜਾਂਦਾ ਹੈ।
'' ਤੂੰ ਦੋ ਵੇਰ ਫੇਹਲ ਹੋ ਚੁੱਕਾ ਏਂ। ਇਸ ਵੇਰ ਧਿਆਨ ਨਾਲ਼ ਉੱਤਰ ਲਿੱਖੀਂ। ਡਰਾਈਵਰਜ਼ ਲਰਨਰ ਟੈਸਟ ਅੱਜ ਜ਼ਰੂਰ ਪਾਸ ਕਰ ਲਵੀਂ। ਤੀਹ ਸਫਿਆਂ ਦੀ ਕਿਤਾਬ ਵੀ ਯਾਦ ਨਹੀਂ ਰੱਖ ਸਕਦਾ! " ਮਿਨਾਕਸ਼ੀ ਤਲਖ਼ਾਈ ਨਾਲ਼ ਆਖਕੇ ਵਲਾਇਥਮ ਨੂੰ ਟੈਸਟ ਦਵਾਉਣ ਲੈ ਤੁਰੀ। ਰਸਤੇ ਵਿੱਚ ਕੋਈ ਖਾਸ ਗੱਲ ਬਾਤ ਨਹੀਂ ਹੋਈ। ਵਲਾਇਥਮ ਪਾਸ ਹੋ ਗਿਆ। ਰੋਡ ਟੈਸਟ ਵਿੱਚ ਇੱਕ ਦੋ ਵਾਰ ਫੇਹਲ ਹੋ ਕੇ ਆਖਿਰ ਲਾਈਸੈਂਸ ਲੈਣ ਵਿੱਚ ਕਾਮਯਾਬ ਹੋ ਗਿਆ।
'' ਮੈਂ ਲਿਖਤੀ ਟੈਸਟ ਵੀ ਪਹਿਲੀ ਵਾਰ ਹੀ ਪਾਸ ਕਰ ਲਿਆ ਸੀ ਅਤੇ ਰੋਡ ਟੈਸਟ ਵੀ। ਤੈਨੂੰ ਲਾਈਸੈਂਸ ਲੈਣ ਵਿੱਚ ਐਨੀਂ ਤਕਲੀਫ ਕਿਉਂ ਹੋਈ?" ਪਤਨੀ ਨੇ ਪਤੀ ਨੂੰ ਨਿਹੋਰਾ ਮਾਰਿਆ।
'' ਮੇਰੀ ਇੱਕ ਮੁਸੀਬਤ ਅੰਗ੍ਰੇਜ਼ੀ ਨਾ ਬੋਲ ਸੱਕਣਾ ਹੈ। ਪੂਰੀ ਗੱਲ ਪੱਲੇ ਨਹੀਂ ਪੈਂਦੀ। ਇਸ ਕਰਕੇ ਵੀ ਟੈਸਟ ਪਾਸ ਕਰਨ ਵਿੱਚ ਔਖਿਆਈ ਆਈ ਹੈ। ਮੈਨੂੰ ਐਥੇ ਬਿਲਕੁਲ ਠੀਕ ਨਹੀਂ ਲਗਦਾ। ਵਾਪਸ ਚਲੇ ਜਾਣਾ ਹੀ ਠੀਕ ਹੈ।" ਉਹ ਚਿੜਚਿੜੀ ਆਵਾਜ਼ ਵਿੱਚ ਬੋਲਿਆ।
'' ਤੂੰ ਚਲਾ ਜਾ। ਮੈਂ ਤਾਂ ਨਹੀਂ ਜਾਣਾ। ਸਾਰੀ ਦੁਨੀਆਂ ਅਮਰੀਕਾ ਵੱਲ ਭੱਜੀ ਆਉਂਦੀ ਹੈ। ਤੈਨੂੰ ਸੋਖਾ ਹੀ ਐਥੇ ਪਹੁੰਚਾ ਦਿੱਤਾ। ਹਿੰਗ ਲਗੀ ਨਾ ਫਟਕੜੀ। ਪੱਲਿਓਂ ਲੱਖਾਂ ਖਰਚ ਕੇ ਆਉਂਦਾ ਤਾਂ ਕਦੇ ਵਾਪਸ ਜਾਣ ਦੀ ਕਹਾਣੀ ਨਾ ਪਾਉਂਦਾ।" ਪਤਨੀ ਨੇ ਚੁਭਵੀਂ ਗੱਲ ਆਖੀ।

ਹੁਣ ਵਲਾਇਥਮ ਘਰ ਦੇ ਕਈ ਕੰਮ ਕਰਨ ਲਗ ਪਿਆ। ਧੀ ਨੂੰ ਸਕੂਲ, ਪਾਰਕ, ਬਾਜ਼ਾਰ ਆਦਿ ਲੈ ਕੇ ਜਾਂਦਾ। ਕੱਪੜੇ ਧੋਂਦਾ, ਪ੍ਰੈਸ ਵੀ ਕਰਦਾ। ਥੋੜ੍ਹਾ ਬਹੁੱਤ ਅਖ਼ਬਾਰ ਵੀ ਪੜ੍ਹ ਛੱਡਦਾ।
ਇੱਕ ਦਿਨ ਮਿਨਾਕਸ਼ੀ ਨੇ ਆਖਿਆ,'' ਮੈਂ ਸਾਊਥ ਇੰਨਡੀਅਨ ਰੈਸਟੋਰੈਂਟ ਵਾਲਿਆਂ ਨਾਲ਼ ਗੱਲ ਕੀਤੀ ਸੀ। ਉਹ ਕਹਿੰਦੇ ਨੇ ਕੇ ਤੈਨੂੰ ਕੁੱਝ ਘੰਟਿਆਂ ਦਾ ਕੰਮ ਦੇ ਦੇਣਗੇ। ਘਰ ਬੈਠਣ ਨਾਲੋਂ ਚਾਰ ਪੈਸੇ ਹੀ ਕਮਾ ਲਏਂਗਾ ਤਾਂ ਕੀ ਹਰਜ਼ ਹੈ।"
'' ਕੋਈ ਹਰਜ਼ ਨਹੀਂ। ਕੱਲ੍ਹ਼ ਤੋਂ ਸ਼ੁਰੂ ਕਰ ਦਿਆਂਗਾ।" ਉਸ ਨੇ ਸੰਖੇਪ ਜਿਹਾ ਉੱਤਰ ਦੇ ਕੇ ਬੁਲ੍ਹ ਸੀ ਲਏ।
ਹੁਣ ਉਹ ਡੋਸੇ ਤਲਣ ਲਗ ਪਿਆ। ਸੋਚ ਰਿਹਾ ਸੀ ਕਿ ਪਤਨੀ ਨੂੰ ਐਨਾਂ ਪਿਆਰ ਕਿਉਂ ਕਰਨ ਲਗ ਪਿਆ। ਜੇਕਰ ਇਹ ਘੱਟ ਪੜ੍ਹੀ ਹੀ ਰਹਿ ਜਾਂਦੀ ਤਾਂ ਵੀ ਅਪਣੇ ਦੇਸ਼ ਵਿੱਚ ਚੰਗੀ ਜਿੰਦਗੀ ਵਤੀਤ ਕਰ ਲੈਂਦੇ। ਗ਼ਲਤੀ ਤੇ ਨਹੀਂ ਹੋ ਗਈ। ਪੜ੍ਹਾਈ ਨੇ ਲਗਦਾ ਇਸ ਔਰਤ ਦਾ ਸੁਭਾ ਹੀ ਬਦਲ ਦਿੱਤਾ ਹੈ। ਹੁਣ ਪਹਿਲਾਂ ਵਾਂਗ ਇੱਜ਼ਤ ਵੀ ਨਹੀਂ ਕਰਦੀ। ਕਦੇ ਇਕੱਠੇ ਬਹਿ ਕੇ ਗੱਲਾਂ ਵੀ ਨਹੀਂ ਕਰ ਸਕਦੇ। ਦਫਤਰ ਦੇ ਸਾਥੀਆਂ ਨਾਲ਼ ਇਹ ਜ਼ਿਆਦਾ ਹੀ ਸਮਾਂ ਬਿਤਾਉਣ ਲਗ ਪਈ ਹੈ। ਤਲਾਕ ਤੱਕ ਗੱਲ ਨਾ ਪਹੁੰਚ ਜਾਵੇ। ਐਨੇ ਪੜ੍ਹੇ ਲਿੱਖੇ ਦੋਸਤਾਂ ਨੂੰ ਵੀ ਕੁੱਝ ਸੋਚਣਾ ਤੇ ਚਾਹੀਦਾ ਹੈ!

''ਮਿਨਾਕਸ਼ੀ, ਜੇਕਰ ਤੂੰ ਸ਼ਾਮੀ ਸਿੱਧੀ ਘਰ ਆ ਜਾਇਆ ਕਰੇਂ ਤਾਂ ਜ਼ਿਆਦਾ ਠੀਕ ਰਹੇਗਾ। ਨਿੱਤ ਦਫਤਰ ਦੀਆਂ ਪਾਰਟੀਆਂ ਵਿੱਚ ਜਾਣਾ ਠੀਕ ਨਹੀਂ। ਮੈਨੂੰ ਅਤੇ ਵਿਚਾਰੀ ਧੀ ਦੋਨਾ ਨੂੰ ਅੱਧੀ ਰਾਤ ਤੱਕ ਸੁੱਕਣੇ ਪਾਈ ਰੱਖਦੀ ਏਂ। ਸਮੇ ਸਿਰ, ਜੇਕਰ ਮੈਨੂੰ ਨਹੀਂ ਤਾਂ ਘੱਟੋ ਘੱਟ ਧੀ ਨੂੰ ਤਾਂ, ਖਾਣਾ ਮਿਲਣਾ ਚਾਹੀਦਾ ਹੈ।" ਵਲਾਇਥਮ ਨੇ ਦਿਲ ਦੀ ਹਵਾੜ ਕੱਢੀ
'' ਤੂੰ ਕਿਸ ਮਰਜ਼ ਦੀ ਦਵਾ ਏਂ? ਕੁੜੀ ਨੂੰ ਸਮੇਂ ਸਿਰ ਰੋਟੀ ਵੀ ਨਹੀਂ ਖੁਆ ਸਕਦਾ!" ਉਹ ਤੁਰੰਤ ਬੋਲੀ।
'' ਤੇਰਾ ਮਤਲਬ ਹੁਣ ਮੈਂ ਰੋਟੀ ਵੀ ---- ।"
'' ਹਾਂ।" ਉਹ ਖਰਵੀ ਆਵਾਜ਼ ਵਿੱਚ ਬੋਲੀ।

ਉਹ ਸੋਚਾਂ ਵਿੱਚ ਪੈ ਗਿਆ।--- ਆਪ ਨਹੀਂ ਪੜ੍ਹਿਆ ਵੱਡੀ ਗ਼ਲਤੀ ਹੋ ਗਈ। ਦੂਜੀ ਗ਼ਲਤੀ ਪਤਨੀ ਨੂੰ ਅਮਰੀਕਾ ਭੇਜਣਾ ਅਤੇ ਤੀਜੀ ਗ਼ਲਤੀ ਆਪ ਅਮਰੀਕਾ ਆਉਣਾ ਜਿਸ ਦੇ ਮੈਂ ਕਤੱਈ ਕਾਬਲ ਨਹੀਂ। ਆਪ ਵੀ ਪੜ੍ਹ ਲੈਂਦਾ ਸ਼ਾਇਦ ਅਜੇਹੇ ਵਾਤਾਵਰਣ ਵਿੱਚ ਫਿੱਟ ਹੋ ਜਾਂਦਾ।
ਹਜ਼ਾਰਾਂ ਸੁਆਲਾਂ-ਜੁਆਬਾਂ ਦਾ ਦਿਮਾਗ ਭਰਿਆ ਰਹਿੰਦਾ। ਦਿਮਾਗ਼ੀ ਸ਼ਸੋਪੰਜ ਨਾਲ ਦੁਖੀ ਰਹਿਣ ਲੱਗਾ। ਉਹ ਹੁਣ ਕਦੇ ਕਦੇ ਅਜੀਬ ਅਜੀਬ ਹਰਕਤਾਂ ਕਰਦਾ। ਕਦੇ ਉੱਚੀ ਉੱਚੀ ਹਸਦਾ ਅਤੇ ਕਦੇ ਧੀ ਨੂੰ ਗੋਦ ਲੈ ਕੇ ਰੋਂਦਾ। ਵਹੁੱਟੀ ਨੂੰ ਵੀ ਕਿਸੇ ਗੱਲ ਦਾ ਜੁਆਬ ਨਾ ਦਿੰਦਾ। ਗੁਸੈਲਾ, ਚਿੜਚਿੜਾ ਸੁਭਾ ਹੋ ਗਿਆ। ਡਰ ਪੈ ਗਿਆ ਕਿਤੇ ਦਿਮਾਗ਼ੀ ਸੰਤੁਲਨ ਹੀ ਨਾ ਖੋ ਬੈਠੇ। ਮਿਨਾਕਸ਼ੀ ਨੇ ਦੋਸਤਾਂ ਮਿੱਤਰਾਂ ਤੋਂ ਸਲਾਹ ਲੈ ਕੇ ਇੱਕ ਫੈਸਲਾ ਲਿਆ।
'' ਮੈਂ ਤੈਨੂੰ ਹਸਪਤਾਲ ਦਾਖਲ ਕਰਵਾਉਣਾ ਚਾਹੁੰਦੀ ਹਾਂ। ਲਗਦਾ ਤੈਨੂੰ ਬਹੁੱਤ ਜ਼ਿਆਦਾ ਡਿੱਪ੍ਰੈਸ਼ਨ ਹੋ ਗਈ ਹੈ। ਦਿਮਾਗ਼ ਅਤੇ ਸਿਹਤ ਦੇ ਰੋਗ ਹੀ ਨਾ ਫੜ ਲੈਣ। ਖਾਹਮਖਾਹ ਊਲ ਜਲੂਲ ਬੋਲੀ ਜਾਂਦਾ ਏਂ। ਮੈਂ ਤੈਨੂੰ ਅਪਣੇ ਨਾਲ਼ ਕਿਸੇ ਪਾਰਟੀ ਵਿੱਚ ਤਾਂ ਲੈ ਜਾ ਹੀ ਨਹੀਂ ਸਕਦੀ। ਅੰਗ੍ਰੇਜ਼ੀ ਤੂੰ ਬੋਲ ਨਹੀਂ ਸਕਦਾ ਨਹੀਂ ਤਾਂ ਗੱਲਾਂ ਨਾਲ਼ ਹੀ ਦਿਲ ਬਹਿਲ ਜਾਂਦਾ। ਸਮੱਸਿਆ ਹੀ ਖੜ੍ਹੀ ਕਰ ਲਈ, ਤੈਨੂੰ ਐਥੇ ਬੁਲਾ ਕੇ।"
'' ਮੈਂ ਭਾਰਤ ਅਪਣੇ ਵਤਨ ਹੀ ਜਾਣਾ ਪਸੰਦ ਕਰਾਗਾ। ਧੀ ਮੇਰੇ ਨਾਲ਼ ਜਾਏਗੀ। ਤੂੰ ਆਵੀਂ ਜਦੋਂ ਦਿਲ ਕਰੇ।" ਉਹ ਗੁਸੇ ਵਿੱਚ ਬੋਲਿਆ।
'' ਧੀ ਨਹੀਂ ਜਾਏਗੀ। ਤੂੰ ਭਾਵੇਂ ਹੁਣੇ ਚਲਾ ਜਾ।" ਵਹੁਟੀ ਬੋਲੀ।
'' ਕੀ ਬਕਦੀ ਏਂ। ਤੇਰੀ ਹਰ ਗੱਲ ਮੰਨਣੀ ਮੈਂ ਜ਼ਰੂਰੀ ਨਹੀਂ ਸਮਝਦਾ। ਟਿਕਟਾਂ ਦਾ ਇੰਤਜ਼ਾਮ ਕਰ ਹੁਣੇ ਹੀ।"
'' ਮੇਰੇ ਕੋਲ ਨਹੀਂ ਹੁੰਦਾ। ਅਪਣੀ ਕਮਾਈ ਚੋਂ ਖਰੀਦ ਲੈ ਅਪਣੀ ਟਿਕਟ।"
'' ਬਦਤਮੀਜ਼।" ਵਲਾਇਥਮ ਦਾ ਗੁੱਸਾ ਬੇਕਾਬੂ ਹੋ ਗਿਆ। ਉਸਨੇ ਗਾਲ਼-ਗਲੌਜ ਵਿਚਕਾਰ ਹੀ ਮਿਨਾਕਸ਼ੀ ਤੇ ਹੱਥ ਚੁੱਕਿਆ। ਮਿਨਾਕਸ਼ੀ ਨੇ ਪੁਲਿਸ ਬੁਲਾਈ। ਵਲਾਇਥਮ ਨੂੰ ਪਹਿਲਾਂ ਪੁਲਿਸ ਚੌਕੀ ਲੈ ਜਾਇਆ ਗਿਆ ਅਤੇ ਫੇਰ ਵਿਚਾਰੇ ਨੂੰ ਹੌਸਪਿਟਲ ਦੀ ਹਵਾ ਖਾਣੀ ਪਈ। ਡਿੱਪ੍ਰੈਸ਼ਨ ਦਾ ਇਲਾਜ ਸ਼ੁਰੂ ਹੋ ਗਿਆ। ਹੁਣ ਪਤਨੀ ਅਤੇ ਧੀ ਨਾਲ਼ ਸ਼ਾਮੀ ਹੀ ਮੁਲਾਕਾਤ ਹੁੰਦੀ।
ਇੱਕ ਦਿਨ ਮਿਨਾਕਸ਼ੀ ਦੀ ਦੋਸਤ ਅਪਣੇ ਪਤੀ ਨਾਲ਼ ਵਲਾਇਥਮ ਨੂੰ ਮਿਲਣ ਆਈ। ਉਸਨੇ ਗੱਲਾਂ ਕਰਦਿਆਂ ਆਖਿਆ,'' ਮੈਂ ਕੱਲ੍ਹ ਮਿਨਾਕਸ਼ੀ ਨੂੰ ਇੱਕ ਪਾਰਟੀ ਵਿੱਚ ਮਿਲੀ ਸੀ। ਉਹ ਅਤੇ ਉਸ ਨਾਲ਼ ਕੰਮ ਕਰਦਾ ਮੁੰਡਾ, ਰਾਓ, ਇਕੱਠੇ ਹੀ ਆਏ ਸਨ। ਉਸੇ ਨੇ ਮੈਨੂੰ ਤੁਹਾਡੇ ਵਾਰੇ ਦੱਸਿਆ ਸੀ। ਆਪ ਦੀ ਹੁਣ ਤਬਿਅਤ ਕਿਸ ਤਰ੍ਹਾਂ ਹੈ। ਹੁਣ ਤੇ ਕੁੱਝ ਠੀਕ ਹੀ ਲਗਦੇ ਹੋ। ਡਾਕਟਰ ਕੀ ਕਹਿੰਦਾ ਹੈ, ਕਦੋਂ ਤੱਕ ਘਰ ਭੇਜ ਦੇਣੇਗੇ।"
'' ਡਾਕਟਰ ਇੱਕ ਦੋ ਦਿਨਾ ਵਿੱਚ ਘਰ ਭੇਜ ਦੇਣਗੇ ਪਰ ਮੇਰੀ ਵਹੁਟੀ ਨੇ ਮੇਰੀ ਇੰਡੀਆ ਦੀ ਟਿਕਟ ਲੈ ਲਈ ਹੈ। ਮੈਂ ਵੀ ਸੋਚ ਲਿਆ ਹੈ ਕਿ ਜਾ ਕੇ ਅਪਣਾ ਕਾਰੋ ਬਾਰ ਵੇਖਾਂ। ਕੰਮ ਨਿਗਰਾਨੀ ਤੋਂ ਬਿਨਾ ਮੱਠਾ ਪੈ ਜਾਂਦਾ ਹੈ। ਅਜੇ ਧੀ ਨੂੰ ਮੇਰੇ ਨਾਲ਼ ਨਹੀਂ ਭੇਜਣਾ ਚਾਹੁੰਦੀ। ਮੈਂ ਤੇ ਲੈ ਜਾਣਾ ਚਾਹੁੰਦਾ ਹਾਂ। ਦੇਸ਼ ਜਾ ਕੇ ਸਭ ਠੀਕ ਹੋ ਜਾਵੇਗਾ।" ਉਹ ਮੁਸਕੁਰਾ ਕੇ ਬੋਲਿਆ।
'' ਆਪਦੀ ਧੀ ਵਧੀਆ ਸਕੂਲ ਵਿੱਚ ਪੜ੍ਹਦੀ ਹੈ। ਉਸ ਨੂੰ ਐਥੇ ਹੀ ਰਹਿਣ ਦੇਣਾ ਠੀਕ ਹੋਵੇਗਾ।" ਦੋਸਤ ਨੇ ਵੀ ਸਲਾਹ ਦਿੱਤੀ।
'' ਭੈਣ ਜੀ , ਤੁਹਾਨੂੰ ਕੁੱਝ ਐਦਾਂ ਨਹੀਂ ਲਗ ਰਿਹਾ ਕਿ ਮਿਨਾਕਸ਼ੀ, ਰਾਓ ਨਾਲ਼ ਕੁੱਝ ਜ਼ਿਆਦਾ ਹੀ ਘੁਲ਼ ਮਿਲ ਗਈ ਹੈ। ਮੈਂ ਉਸਨੂੰ ਕਈ ਵੇਰ ਸਮਝਾਇਆ ਵੀ ਹੈ। ਆਪ ਵੀ ਥੋੜ੍ਹੀ ਮਿਹਰਬਾਨੀ ਕਰਨਾ, ਸਮਝਾਉਣ ਦੀ ਕਿਰਪਾ ਕਰਨਾ। ਸ਼ਾਇਦ ਗੱਡੀ ਲੀਹ ਤੇ ਆ ਜਾਏ। ਮੈਨੂੰ ਉਹਦਾ ਵਤੀਰਾ ਪਸੰਦ ਨਹੀਂ। ਮੈਨੂੰ ਜ਼ਬਰੀ ਵਾਪਸ ਦੇਸ਼ ਵੀ ਭੇਜ ਰਹੀ ਹੈ। ਗ਼ਲਤੀ ਮੈਥੋਂ ਹੀ ਹੋ ਗਈ। ਇਸਨੂੰ ਉੱਚ ਵਿਦਿਆ ਲਈ ਖਰਚਾ ਨਹੀਂ ਸੀ ਦੇਣਾ ਚਾਹੀਦਾ, ਜਿਸਦਾ ਇਸਨੂੰ ਬਹੁੱਤ ਘੁਮੰਡ ਹੋ ਗਿਆ ਹੈ। ਖ਼ੈਰ----। ਪਲੀਜ਼, ਮੇਰੀ ਇਹ ਚਿੱਠੀ ਮੇਲ ਕਰ ਦੇਣਾ। ਚਾਚਿਆਂ ਨੂੰ ਅਪਣੀ ਵਾਪਸੀ ਦਾ ਪ੍ਰੋਗ੍ਰਾਮ ਲਿਖ ਭੇਜ ਰਿਹਾ ਹਾਂ।"
'' ਅਪਣੀ ਪਤਨੀ ਤੇ ਸ਼ੱਕ ਕਰਨਾ ਠੀਕ ਨਹੀਂ। ਮੰਨਿਆ ਤੁਸੀਂ ਘੱਟ ਪੜ੍ਹੇ ਹੋਏ ਹੋ ਪਰ ਜੀਵਨ ਵਿੱਚ ਸਿਰਫ ਪੜ੍ਹਾਈ ਤਾਂ ਸਾਰੇ ਕੰਮ ਨਹੀਂ ਸੁਆਰਦੀ। ਅਮਰੀਕਾ ਵਿੱਚ ਤਾਂ ਘੱਟ ਪੜ੍ਹੇ ਹੋਏ ਵੀ, ਕਿੰਨੇ ਹੀ, ਉੱਨਤ ਬਿਜ਼ਨਸ ਚਲਾ ਰਹੇ ਹਨ। ਤੁਹਾਨੂੰ ਤੇ ਤਜੱਰੁਬਾ ਵੀ ਹੈ। ਹਿੰਮਤ ਹਾਰਨ ਦੀ ਜ਼ਰੂਰਤ ਨਹੀਂ। ਕਮਜ਼ੋਰੀ ਅਤੇ ਨੀਵੇਂਪਣ ਦੀ ਭਾਵਨਾ ਤੋਂ ਬਚਣਾ ਬਹੁੱਤ ਜ਼ਰੂਰੀ ਹੈ। ਆਪ ਲਗਦਾ ਹੈ, ਸ਼ੱਕ ਦੇ ਅਧਾਰ ਤੇ ਹੀ, ਉਦਾਸੀ ਵਿੱਚ ਡੁੱਬਦੇ ਜਾ ਰਹੇ ਹੋ। ਹਰ ਰਾਤ ਸਵੇਰੇ ਨੂੰ ਜਨਮ ਦਿੰਦੀ ਹੈ।" ਦੋਸਤ ਕੁੱਝ ਇਸਤਰ੍ਹਾਂ ਬੋਲੀ ਜਿਵੇਂ ਮਿਨਾਕਸ਼ੀ ਤੋਂ ਘਰੇਲੂ ਗੱਲਾਂ ਦੀ ਪੂਰੀ ਜਾਣਕਾਰੀ ਲੈਂਦੀ ਰਹੀ ਹੋਵੇ। ਵਲਾਇਥਮ ਨੇ ਹਸ ਕੇ ਮਹਿਮਾਨਾਂ ਨੂੰ ਵਿਦਾ ਕੀਤਾ।

ਮਿਨਾਕਸ਼ੀ, ਪਹਿਲਾਂ ਵਾਂਗ ਹੀ, ਸ਼ਾਮੀਂ ਕੰਮ ਤੋਂ ਬਾਦ ਮਿਲਣ ਆਈ। ਧੀ, ਜੋ ਹਮੇਸ਼ਾ ਨਾਲ਼ ਹੀ ਆਉਂਦੀ ਸੀ, ਰੋਕਣ ਤੋਂ ਵੀ ਬੇਬੀ-ਸਿੱਟਰ ਕੋਲ਼ ਨਾ ਰੁਕਦੀ, ਅੱਜ ਨਾਲ਼ ਨਹੀਂ ਸੀ।
'' ਵਲਾਇਥਮ, ਅੱਜ ਡਾਕਟਰ ਕਹਿੰਦਾ ਸੀ ਕਿ ਹੁਣ ਤੂੰ ਕਾਫੀ ਠੀਕ ਹੋ ਗਿਆ ਏਂ ਅਤੇ ਕੱਲ੍ਹ ਸਵੇਰੇ ਤੈਨੂੰ ਛੁੱਟੀ ਮਿਲ ਜਾਵੇਗੀ। ਤੇਰੀ ਇੰਡੀਆ ਜਾਣ ਦੀ ਟਿਕਟ ਪਰਸੋਂ ਦੀ ਪੱਕੀ ਕਰਵਾ ਦਿੱਤੀ ਹੈ। ਸਾਮਾਨ ਕੱਲ੍ਹ ਤੂੰ ਆਪੇ ਪੈਕ ਕਰ ਲਵੀਂ। ਤੂੰ ਇੰਡੀਆ ਜਾ ਕੇ ਪੂਰਾ ਠੀਕ ਹੋ ਜਾਵੇਂਗਾ।" ਮਿਨਾਕਸ਼ੀ ਨੇ ਹਮਦਰਦੀ ਜਿਤਾਈ।
'' ਮੈਨੂੰ ਪਤਾ ਹੈ ਕੱਲ੍ਹ ਜ਼ਰੂਰ ਛੁੱਟੀ ਮਿਲ ਜਾਵੇਗੀ। ਅੱਜ ਬੇਟੀ ਕਿਉਂ ਨਹੀਂ ਆਈ?" ਉਸਨੇ ਹੈਰਾਨ ਹੋ ਕੇ ਪੁੱਛਿਆ। ਅੱਖਾਂ ਵਿੱਚੋਂ ਰੋਹ ਦੀ ਤਰੰਗ ਕੱਢੀ।
'' ਕੱਲ੍ਹ ਘਰ ਚਲਾ ਹੀ ਜਾਏਂਗਾ। ਉਥੇ ਹੀ ਮਿਲ ਲਵੀਂ।"
'' ਠੀਕ!"
'' ਮੈਂ ਕੱਲ੍ਹ ਆਵਾਂਗੀ।"

ਘਰ ਪਹੁੰਚਕੇ ਧੀ ਨੂੰ ਖਾਣ ਲਈ ਦਿੱਤਾ ਅਤੇ ਬੇਬੀ-ਸਿੱਟਰ ਨੂੰ ਰਵਾਨਾਂ ਕੀਤਾ। ਧੀ ਨੂੰ ਸੌਣ ਲਈ ਆਖਿਆ ਜਿਵੇਂ ਬੱਝੀ ਰੂਟੀਨ ਸੀ।
ਫੋਨ ਖੜਕਿਆ। ਉਸ ਨੇ ਆਈ ਡੀ ਪੜ੍ਹੀ ਅਤੇ ਫੋਨ ਚੁੱਕਿਆ।
'' ਹੈਲੋ ਡਿਅਰ। ਮੈਂ ਠੀਕ ਹਾਂ। ਮੈਂ ਹੁਣੇ ਤੈਨੂੰ ਵਾਪਸ ਫੋਨ ਘੁਮਾਉਂਦੀ ਹਾਂ। ਬੇਟੀ ਨੂੰ ਸੁਲ਼ਾ ਰਹੀ ਹਾਂ।"
'' ਮਾਂ, ਪਾਪਾ ਦਾ ਫੋਨ ਸੀ? ਤੂੰ ਅੱਜ ਮੈਨੂੰ ਪਾਪਾ ਕੋਲ਼ ਕਿਉਂ ਨਹੀਂ ਲੈ ਕੇ ਗਈ? ਮੇਰੀ ਗੱਲ ਕਿਉਂ ਨਹੀਂ ਕਰਵਾਈ?" ਕੁੜੀ ਨੇ ਅੱਖਾਂ ਬੰਦ ਕਰ ਲਈਆਂ ਅਤੇ ਰੋਣ ਲਗ ਪਈ।
'' ਪਾਪਾ ਦਾ ਫੋਨ ਹੁੰਦਾ ਤਾਂ ਤੇਰੀ ਗੱਲ ਜ਼ਰੂਰ ਕਰਵਾਉਂਦੀ। ਤੇਰੇ ਰਾਓ ਅੰਕਲ ਦਾ ਫੋਨ ਸੀ। ਤੇਰੇ ਪਾਪਾ ਕੱਲ੍ਹ ਘਰ ਆ ਜਾਣਗੇ ਦਿਲ ਖੋਹਲਕੇ ਪਿਆਰ ਕਰ ਲਵੀਂ।"
''ਮੈਨੂੰ ਰਾਓ ਅੰਕਲ ਬਿਲਕੁਲ ਚੰਗੇ ਨਹੀਂ ਲਗਦੇ। ਮੈਂ ਕੱਲ੍ਹ ਸਕੂਲ ਨਹੀਂ ਜਾਵਾਂਗੀ।" ਧੀ ਬੋਲੀ। ਉਦਾਸ ਹੋ ਕੇ ਰਜ਼ਾਈ ਵਿੱਚ ਮੂੰਹ ਦੇ ਕੇ ਲੇਟ ਗਈ।

ਅਗਲੇ ਦਿਨ ਸਵੇਰੇ ਸਵੇਰੇ ਹੀ ਫੋਨ ਦੀ ਘੰਟੀ ਖੜਕੀ। ਮਿਨਾਕਸ਼ੀ ਨੇ ਫੋਨ ਚੁੱਕਿਆ। ਧੀ ਵੀ ਜਗ ਗਈ। ਸ਼ਾਇਦ ਸਾਰੀ ਰਾਤ ਹੀ ਨਹੀਂ ਸੁੱਤੀ। ਖਬਰ ਸੁਣਕੇ ਮਿਨਾਕਸ਼ੀ ਤ੍ਰਬਕ ਉੱਠੀ।
'' ਮਾਂ, ਡੈਡੀ ਦਾ ਫੋਨ ਸੀ? ਮੇਰੀ ਗੱਲ ਕਿਉਂ ਨਹੀਂ ਕਰਵਾਈ? ਮੈਂ ਸਾਰੀ ਰਾਤ ਡੈਡੀ ਨੂੰ ਯਾਦ ਕਰਦੀ ਰਹੀ। ਮੈਨੂੰ ਬਿਲਕੁਲ ਨੀਂਦਰ ਨਹੀਂ ਆਈ। ਮਾਂ ਤੂੰ ਬਹੁੱਤ ਭੈੜੀ ਏਂ।" ਧੀ ਰੋਣ ਲਗ ਪਈ।
'' ਬੇਟੀ ਮੈਨੂੰ ਵੀ ਠੀਕ ਨਹੀਂ ਲਗ ਰਿਹਾ। ਤੇਰੇ ਡੈਡੀ ਹੁਣ ਸਾਨੂੰ ਕਦੇ ਨਹੀਂ ਮਿਲ ਸਕਦੇ। ਉਸ ਨੇ ਪੱਖੇ ਨਾਲ ਲਟਕ ਕੇ ਰਾਤੀਂ ਅਪਣੀ ਜਾਨ ਲੈ ਲਈ ਹੈ। ਪੁਲਿਸ ਦਾ ਫੋਨ ਸੀ।" ਮਿਨਾਕਸ਼ੀ ਦਾ ਰੰਗ ਉਡ ਗਿਆ। ਉਹ ਧੀ ਨੂੰ ਫੜਕੇ ਗੋਦ ਵਿੱਚ ਲੈਣ ਲੱਗੀ।
'' ਮਾਂ, ਮੈਂ ਡੈਡੀ ਨੂੰ ਕਦੇ ਨਹੀਂ ਮਿਲ ਸਕਾਂਗੀ।" ਧੀ ਸਿਕੀਆ ਭਰਨ ਲੱਗੀ। ਮਾਂ ਦੀ ਗੋਦ ਵਿੱਚ ਡਿਗ ਪਈ। ਹੰਝੂਆਂ ਦੀ ਝੜੀ ਲਗ ਪਈ।
ਮਾਂ ਦਾ ਲਾਡ ਵੀ ਧੀ ਨੂੰ ਚੁੱਪ ਕਰਵਾਉਣ ਵਿੱਚ ਅਸਫਲ ਰਿਹਾ।