ਕੁੱਕੜ ਖੇਹ
ਸੁਖਜੀਤ ਥਾਂਦੀ
ਇਸ ਰੋਡ ਉਤੇ ਹਮੇਸ਼ਾਂ ਐਤਵਾਰ ਵਾਲੇ ਦਿਨ 10 ਕੁ ਵਜੇ ਤੋਂ
ਲੈਕੇ 2 ਕੁ ਵਜੇ ਤੱਕ ਆਮ ਦਿਨਾਂ ਨਾਲੋਂ ਕਾਰਾਂ ਮੋਟਰਾਂ ਦਾ ਟਰੈਫਿਕ ਵੀ ਬਹੁਤ ਹੁੰਦਾ ਹੈ 'ਤੇ ਰੋਡ
ਦੇ ਦੋਵੇਂ ਪਾਸੇ ਫੁੱਟਪਾਥ ਉੱਤੇ ਪੈਦਲ ਤੁਰਨ ਵਾਲਿਆਂ ਦੀ ਤਾਦਾਦ ਵੀ ਆਮ ਦਿਨਾਂ ਨਾਲੋਂ ਜ਼ਿਆਦਾ
ਹੁੰਦੀ ਹੈ। ਬੇਸ਼ਕ ਸ਼ਹਿਰ ਦੇ ਹੋਰ ਕਈ ਇਲਾਕੇ ਹਫਤੇ ਦੇ ਛੇ ਦਿਨ, ਸੋਮਵਾਰ ਤੋਂ ਲੈਕੇ ਸ਼ਨਿਚਰਵਾਰ ਤੱਕ
ਜ਼ਿੰਦਗੀ ਦੀ ਰਫਤਾਰ ਨਾਲ ਕਦਮ ਮੇਲਕੇ ਤੁਰਦੇ ਤੁਰਦੇ ਜਿਵੇਂ ਸਾਹੋ ਸਾਹੀ ਹੋਏ ਪਏ ਹੁੰਦੇ ਹਨ। ਪਰ
ਐਤਵਾਰ ਹੀ ਅਜਿਹਾ ਦਿਨ ਹੁੰਦਾ ਹੈ ਜਦੋਂ ਲਗਦਾ ਹੈ ਕਿ ਕਾਮੇ ਮਨੁੱਖਾਂ ਵਾਂਗ ਹਫਤੇ ਭਰ ਦੀਆਂ ਥੱਕੀਆਂ
ਸੜਕਾਂ ਵੀ ਅਰਾਮ ਕਰ ਰਹੀਆਂ ਹੋਣ। ਪਰ ਇਸ ਸੜਕ ਤੇ ਸਗੋਂ ਐਤਵਾਰ ਵਾਲੇ ਦਿਨ ਹੀ ਜ਼ਿਆਦਾ ਗਹਿਮਾ-ਗਹਿਮੀ
ਹੁੰਦੀ ਹੈ। ਇਸ ਦਿਨ ਇਹ ਰੋਡ ਸਗੋਂ ਆਮ ਦਿਨਾਂ ਨਾਲੋਂ ਜ਼ਿਆਦਾ ਰੰਗਮਈ ਹੋਈ ਪਈ ਹੁੰਦੀ ਹੈ। ਇਸਦਾ ਵੀ
ਇਕ ਖਾਸ ਕਾਰਨ ਹੈ।
ਭਾਵੇਂ 35 ਕੁ ਸਾਲ ਪਹਿਲਾਂ ਇਹ ਇਲਾਕਾ ਵੀ ਸ਼ਹਿਰ ਦੇ ਬਾਕੀ ਇਲਾਕਿਆਂ ਵਰਗਾ ਸੀ। ਪਰ ਜਦੋਂ ਆਪਣੀ
ਧਰਤੀ ਤੋਂ ਦੂਰ, ਹੋਰ ਜ਼ਿਆਦਾ ਚੰਗੀ ਜ਼ਿੰਦਗੀ ਦੀ ਭਾਲ ਵਿਚ ਆਏ ਪੰਜਾਬੀ ਸਿੱਖਾਂ ਨੇ ਆਪਣੀ ਰੂਹਾਨੀ
ਭੁੱਖ ਪੂਰੀ ਕਰਨ ਲਈ ਅਤੇ ਆਪਣੀਆਂ ਸਮਾਜੀ ਲੋੜਾਂ ਦੀ ਪੂਰਤੀ ਲਈ ਇਸ ਸੜਕ 'ਤੇ ਆਪਣਾ ਧਾਰਮਿਕ ਕੇਂਦਰ
ਗੁਰਦੁਆਰਾ ਸਾਹਿਬ ਬਣਾਇਆ ਸੀ, ਉਦੋਂ ਤੋਂ ਹੌਲੀ ਹੌਲੀ ਇਸ ਇਲਾਕੇ ਦਾ ਮੁਹਾਂਦਰਾ ਬਦਲ ਜਿਹਾ ਗਿਆ
ਸੀ। ਹੁਣ ਹਰੇਕ ਐਤਵਾਰ ਨੂੰ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਖੱਟੀਆਂ, ਨੀਲੀਆਂ, ਕਾਲੀਆਂ,
ਚਿੱਟੀਆਂ ਪੱਗਾਂ ਅਤੇ ਰੰਗ ਬਰੰਗੇ ਚੁੰਨੀਆਂ ਦੁੱਪਟੇ ਧਾਰਮਿਕ ਸ਼ਰਧਾ 'ਚ ਗੜੂੰਦ ਹੋਏ ਲਹਿਰਾਉਂਦੇ ਹਨ।
ਪਰ ਇਹਨਾਂ ਤੋਂ ਵੀ ਪਹਿਲਾਂ ਗੁਰਦੁਆਰਾ ਸਾਹਿਬ ਦੀ ਬਿਲਡਿੰਗ 'ਤੇ ਲੱਗਾ ਕੇਸਰੀ ਨਿਸ਼ਾਨ ਸਾਹਿਬ ਤਾਂ
ਦੂਰੋਂ ਹੀ ਖਾਲਸੇ ਦੀ ਇਬਾਦਤਗਾਹ ਦੀ ਹੋਂਦ ਦੀ ਹਾਮੀ ਭਰ ਦਿੰਦਾ ਹੈ।
ਪਰ ਅੱਜ ਇਥੇ ਪਿਛਲੇ ਐਤਵਾਰਾਂ ਨਾਲੋਂ ਤਾਂ ਬਹੁਤ ਜ਼ਿਆਦਾ ਟਰੈਫਿਕ ਹੋਈ ਪਈ ਏ। ਸਗੋਂ ਟਰੈਫਿਕ ਤਾਂ
ਰੁਕਿਆਂ ਹੀ ਪਿਆ ਹੈ। ..ਹੈਂ! ਔਹ ਕੀ.? ਗੁਰਦੁਆਰਾ ਸਾਹਿਬ ਦੇ ਉਤੇ ਨਿਸ਼ਾਨ ਸਾਹਿਬ ਤੋਂ ਜ਼ਰਾ ਜਿੰਨੀ
ਹੀ ਉਚਾਈ 'ਤੇ ਦੋ ਹੈਲੀਕਾਪਟਰ ਉੱਡ ਰਹੇ ਨੇ! ਜਰੂਰ ਕੋਈ ਮਾੜੀ ਘਟਨਾ ਘਟੀ ਹੋਵੇਗੀ ਨਹੀਂ ਤਾਂ
ਗੁਰਦੁਆਰੇ ਹੈਲੀਕਾਪਟਰਾਂ ਦਾ ਕੀ ਕੰਮ! ਜਰਾ ਚੰਗੀ ਤਰਾਂ ਨਿਗਾਹ ਮਾਰੀਏ ਤਾਂ ਪਛਾਣ ਸਕਦੇ ਹਾਂ ਇਹ
ਤਾਂ ਪੁਲੀਸ ਦੇ ਹੈਲੀਕਾਪਟਰ ਨੇ! ਲਓ ਆਹ ਪੁਲਿਸ ਤੇ ਐਂਬੂਲੈਂਸ ਦੀਆਂ ਗੱਡੀਆਂ ਵੀ ਸਾਇਰਨ
ਵਜਾਉਂਦੀਆਂ ਆ ਗਈਆਂ! ਟਰੈਫਿਕ ਵਿਚ ਫਸੇ ਕਾਰਾਂ ਮੋਟਰਾਂ ਵਾਲੇ ਪਹਿਲਾਂ ਹੀ ਪ੍ਰੇਸ਼ਾਨ ਹੋਏ ਪਏ ਨੇ,
ਪਰ ਫਿਰ ਵੀ ਬੁੜ ਬੁੜ ਕਰਦੇ ਹੋਏ ਆਪਣੀਆਂ ਕਾਰਾਂ ਅਗਾਂਹ ਪਿਛਾਂਹ ਕਰ ਰਹੇ ਹਨ। ਕੋਈ ਕੋਈ ਜਣਾ ਕਾਰ
ਫੁੱਟਪਾਥ 'ਤੇ ਚੜ੍ਹਾ ਰਿਹਾ ਏ, ਤਾਂ ਜੋ ਪੁਲਿਸ ਜਾਂ ਐਂਬੂਲੈਂਸ ਵਾਲਿਆਂ ਦੀਆਂ ਕਾਰਾਂ ਆਸਾਨੀ ਨਾਲ
ਅਤੇ ਜਲਦੀ ਨਾਲ ਲੰਘ ਸਕਣ। ਆਓ.. ਆਓ.. ਜਰਾ ਥੋੜ੍ਹਾ ਅੱਗੇ ਜਾਕੇ ਦੇਖੀਏ ਹੈਂਅ! ਇਹ ਕੀ
ਗੁਰਦੁਆਰੇ ਦੇ ਮੁੱਖਦੁਆਰ ਦੇ ਸਾਹਮਣੇ ਤਕਰੀਬਨ ਪੰਜਾਹ ਸੱਠ ਪੁਲੀਸ ਅਫਸਰ ਤਾਂ ਪਹਿਲਾਂ ਹੀ ਖੜੇ ਹਨ।
ਗੁਰਦੁਆਰੇ ਮੱਥਾ ਟੇਕਣ ਆਈਆਂ ਸੰਗਤਾਂ ਕਾਹਲੀ ਕਾਹਲੀ ਵਾਹੋ-ਦਾਹੀ ਗੁਰੂਘਰ ਤੋਂ ਬਾਹਰ ਨੂੰ ਆ ਰਹੀਆਂ
ਹਨ। ਇਹਨਾਂ ਵਿਚ ਕੁੱਝ ਛੋਟੀ ਉਮਰ ਦੇ ਬੱਚੇ ਵੀ ਹਨ। ਉਹਨਾਂ ਵਿਚੋਂ ਕੁੱਝ ਤਾਂ ਰੋ ਵੀ ਰਹੇ ਹਨ।
ਜਿਹੜੇ ਬੱਚੇ ਨਹੀਂ ਵੀ ਰੋ ਰਹੇ ਉਹਨਾਂ ਦੇ ਖੌਫ ਨਾਲ ਭਿੱਜੇ ਚਿਹਰੇ ਦੇਖ ਕੇ ਤੁਸੀਂ ਅਸਾਨੀ ਨਾਲ
ਅੰਦਾਜ਼ਾ ਲਗਾ ਸਕਦੇ ਹੋ ਕਿ ਅੰਦਰ ਜਰੂਰ ਹੀ ਕੋਈ ਐਸੀ ਘਟਨਾ ਘਟੀ ਹੈ, ਜੋ ਇਸ ਪਵਿੱਤਰ ਸਥਾਨ ਤੇ
ਬਿਲਕੁਲ ਕਿਆਸੀ ਨਹੀਂ ਜਾ ਸਕਦੀ ਸੀ। ਹੈਂਅ ਆਹ ਤਾਂ ਸਾਹਮਣੇ ਦੇਖ ਕੇ ਵੀ ਯਕੀਨ ਨਹੀਂ ਆ ਰਿਹਾ।
ਅੱਠ ਦੱਸ ਪੁਲਿਸ ਅਫਸਰ ਪੰਜ ਜਣਿਆਂ ਨੂੰ ਆਪਣੇ ਨਾਲ ਹੱਥਕੜੀਆਂ ਲਾਈ ਦਰਬਾਰ ਸਾਹਿਬ ਵਿਚੋਂ ਬਾਹਰ ਲਈ
ਆ ਰਹੇ ਨੇ। ਜਿਹਨਾਂ ਵਿਚੋਂ ਦੋ ਜਣੇ ਮੋਨੇ ਹਨ 'ਤੇ ਤਿੰਨ ਪੱਗਾਂ ਵਾਲੇ ਭਾਵੇਂ ਦੋ ਜਣਿਆਂ ਦੀਆਂ
ਪੱਗਾਂ ਲਹਿ ਵੀ ਗਈਆਂ ਨੇ 'ਤੇ ਕੇਸ ਉਹਨਾਂ ਦੇ ਖਿਲਰੇ ਹੋਏ ਹਨ, ਪਰ ਫਿਰ ਵੀ ਉਹਨਾਂ ਨੇ ਪੱਗਾਂ
ਪਿੱਠ ਪਿੱਛੇ ਕੜੀ ਲੱਗੇ ਹੱਥਾਂ ਵਿਚ ਫੜੀਆਂ ਹੋਈਆਂ ਹਨ। ਉਹ ਇਹਨਾਂ ਨੂੰ ਉਥੇ ਹੀ ਛੱਡਣਾ ਨਹੀਂ
ਚਾਹੁੰਦੇ ਹੋਣਗੇ। ਸ਼ਾਇਦ ਗੁਆਚ ਜਾਣ ਦੇ ਡਰੋਂ। ਵਾਹਿਗੁਰੂ.. ਵਾਹਿਗੁਰੂਉਹਨਾਂ ਨੂੰ ਦਰਬਾਰ ਸਾਹਿਬ
ਵਿਚੋਂ ਗ੍ਰਿਫ਼ਤਾਰ ਕਰਕੇ ਲਿਆਉਣ ਵਾਲੇ ਪੁਲੀਸ ਵਾਲਿਆਂ ਨੇ ਤਾਂ ਜੁੱਤੀਆਂ ਵੀ ਨਹੀਂ ਲਾਹੀਆਂ ਹੋਈਆਂ,
ਇਸ ਤਰਾਂ ਹੀ ਗੁਰੂ ਸਾਹਿਬ ਦੀ ਹਜ਼ੂਰੀ ਵਿਚ ਚਲੇ ਗਏ ਸੀ! ਪੁਲਿਸ ਵਾਲਿਆਂ ਦੇ ਪਿੱਛੇ ਪੈਰਾਮੈਡਿਕ
ਵਾਲੇ ਜਿਹੜੇ ਹੁਣੇ ਹੀ ਥੋੜ੍ਹੀ ਦੇਰ ਪਹਿਲਾਂ ਆਏ ਸੀ ਦੋ ਸਟਰੇਚਰ ਚੁੱਕੀ ਐਂਬੂਲੈਂਸ ਵੱਲ ਨੂੰ ਕਾਹਲੇ
ਕਦਮੀ ਜਾ ਰਹੇ ਹਨ। ਸਟਰੇਚਰਾਂ 'ਤੇ ਪਏ ਜ਼ਖਮੀਆਂ ਦੇ ਕਪੜੇ ਪਾਟੇ ਹੋਏ ਹਨ। ਸਿਰ ਅਤੇ ਚਿਹਰੇ 'ਤੇ
ਲੱਗੇ ਫੱਟਾਂ ਵਿਚੋਂ ਨਿਕਲ ਰਿਹਾ ਲਹੂ ਅਤੇ ਗ੍ਰਿਫਤਾਰ ਕੀਤੇ ਬੰਦਿਆਂ ਤੋਂ ਸਾਫ ਜ਼ਾਹਿਰ ਹੈ ਕਿ ਅੰਦਰ
ਜਰੂਰ ਘਮਸਾਣ ਦੀ ਲੜਾਈ ਹੋਈ ਹੈ। ਪਹਿਲਾਂ ਤਾਂ ਦਰਵਾਜ਼ੇ ਤੋਂ ਨਿਕਲਣ ਲੱਗੇ ਲੋਕ ਪਿੱਛੇ ਨੂੰ ਦਰਬਾਰ
ਸਾਹਿਬ ਵੱਲ ਨੂੰ ਮੂੰਹ ਕਰਕੇ ਸ਼ਰਧਾ ਪੂਰਵਕ ਸਿਰ ਝੁਕਾ ਕੇ ਜਾਂਦੇ ਸਨ। ਪਰ ਅੱਜ ਕਿਸੇ ਕੋਲ ਇਹ ਕੁਝ
ਕਰਨ ਦੀ ਵੇਹਲ ਹੀ ਨਹੀਂ ਸੀ। ਇਕ ਖੌਫ਼, ਇਕ ਉਦਾਸੀ, ਇਕ ਚਿੰਤਾ, ਹਰ ਕਿਸੇ ਦੇ ਚਿਹਰੇ ਤੋਂ ਝਲਕ ਰਹੀ
ਸੀ। ਇਕ ਬਜ਼ੁਰਗ ਜੋ ਖੂੰਡੀ ਦੇ ਆਸਰੇ ਨਾਲ ਤੁਰ ਕੇ ਬਾਹਰ ਨੂੰ ਆ ਰਿਹਾ ਏ ਉਸਦੇ ਚਿਹਰੇ ਦੇ ਹਾਵ ਭਾਵ
ਤਾਂ ਬੇਸ਼ਕ ਉਸਦੇ ਦੁੱਧ ਚਿੱਟੇ ਪ੍ਰਕਾਸ਼ ਕੀਤੇ ਦਾਹੜੇ ਨੇ ਢੱਕੇ ਹੋਏ ਹਨ, ਪਰ ਰਤਾ ਧਿਆਨ ਨਾਲ ਦੇਖੀਏ
ਤਾਂ ਉਸਦੀਆਂ ਅੱਖਾਂ ਵਿਚ ਤੈਰ ਰਿਹਾ ਪਾਣੀ ਉਸਨੇ ਬੜੇ ਜਜ਼ਬੇ ਨਾਲ ਡੁੱਲਣ ਤੋਂ ਰੋਕਿਆ ਹੋਇਆ ਹੈ, ਪਰ
ਉਸਦੀ ਰੂਹ ਜ਼ਰੂਰ ਰੋ ਰਹੀ ਹੋਵੇਗੀ
* * *
-
* * *
ਸਵੇਰ ਦੇ 10 ਕੁ ਵੱਜ ਚੁਕੇ ਨੇ। ਕਰਤਾਰ ਸਿੰਘ ਨੇ ਨਹਾ ਧੋ ਕੇ ਪੱਗ ਬੰਨ ਲਈ ਹੈ। ਚਾਹ ਦੀਆਂ ਆਖਰੀ
ਘੁੱਟਾਂ ਪੀਕੇ ਉਸਨੇ ਕਮਰੇ ਵਿਚ ਬੈਠਿਆਂ ਹੀ ਆਪਣੇ ਪੋਤੇ 'ਤੇ ਪੋਤਰੀ ਨੂੰ ਅਵਾਜ਼ ਮਾਰੀ।
'ਪੁੱਤਰ ਜਲਦੀ ਤਿਆਰ ਹੋ ਜਾਓ, ਚੱਲੀਏ ਗੁਰਦੁਆਰੇ ਨੂੰ, ਮੇਰੇ ਸ਼ੇਰ'।
ਬੱਚੇ ਪਿਛਲੇ ਕਮਰੇ ਵਿਚ ਬੈਠੇ ਟੀਵੀ ਉਤੇ ਕੋਈ ਬੱਚਿਆਂ ਵਾਲਾ ਪ੍ਰੋਗਰਾਮ ਦੇਖ ਰਹੇ ਹਨ। ਪਹਿਲਾਂ
ਤਾਂ ਹਰੇਕ ਐਤਵਾਰ ਜਦੋਂ ਉਹਨਾ ਦਾ ਦਾਦਾ ਜੀ ਤਿਆਰ ਹੁੰਦਾ ਸੀ ਉਦੋਂ ਤੀਕਰ ਉਹ ਵੀ ਨਹਾ ਧੋ ਕੇ ਤਿਆਰ
ਹੋ ਚੁੱਕੇ ਹੁੰਦੇ ਸਨ।
ਬਾਪੂ ਕਰਤਾਰ ਸਿੰਘ ਦਾ ਸਾਰਾ ਪਰਿਵਾਰ ਜਿਸ ਵਿਚ ਉਸਦਾ ਪੁੱਤਰ ਹਰਮੀਤ ਸਿੰਘ, ਨੂੰਹ ਗੁਰਜੋਤ ਕੌਰ, 7
ਕੁ ਸਾਲ ਦੀ ਪੋਤਰੀ ਜੱਸੀ ਅਤੇ 6 ਕੁ ਸਾਲ ਦਾ ਪੋਤਰਾ ਗੁਰਨੂਰ ਇਸ ਠੰਡੇ ਮੌਸਮਾਂ ਦੇ ਮੁਲਕ ਵਿਚ ਬੜੇ
ਨਿੱਘ ਇਤਫਾਕ ਨਾਲ ਰਹਿ ਰਹੇ ਹਨ। ਇਹ ਨਿੱਘ ਇਥੇ ਹਰੇਕ ਪਰਿਵਾਰ ਦੇ ਨਸੀਬ ਵਿਚ ਨਹੀਂ ਹੁੰਦਾ। ਪਰ ਉਹ
ਇਹ ਨਿੱਘ ਕਰਤਾਰ ਸਿੰਘ ਦੀ ਨੂੰਹ ਗੁਰਜੋਤ ਕੌਰ ਦੇ ਸਾਊ 'ਤੇ ਸੁਚੱਜੇ ਸੁਭਾਅ ਕਾਰਨ ਮਾਣ ਰਹੇ ਹਨ।
ਇਹ ਬਾਪੂ ਕਰਤਾਰ ਸਿੰਘ ਹੀ ਕਹਿੰਦਾ ਹੁੰਦੈ। ਕਈ ਵਾਰ ਆਪਣੇ ਜਾਨਣ ਵਾਲਿਆਂ ਨੂੰ, 'ਤੇ ਆਪਣੇ
ਰਿਸ਼ਤੇਦਾਰਾਂ ਵਿਚ ਬੈਠਿਆਂ ਵੀ। ਉਂਝ ਜੱਸੀ 'ਤੇ ਗੁਰੀ ਦੀ ਦਾਦੀ ਚੰਨਣ ਕੌਰ ਵੀ ਜਦੋਂ ਜਿਉਂਦੀ ਸੀ
ਇਹੀ ਕਹਿੰਦੀ ਸੀ। ਉਸਨੂੰ ਹੋਰ ਕਈ ਬੁੜੀਆਂ ਵਾਂਗਰ ਆਪਣੀ ਨੂੰਹ ਨੂੰ ਨਿੰਦਦੀ ਕਿਸੇ ਨੇ ਸੁਣਿਆਂ ਨਹੀਂ
ਸੀ।
ਪਿਛਲੇ ਵਰ੍ਹੇ ਵਿਚਾਰੀ ਚੰਨਣ ਕੌਰ ਹਾਰਟ ਅਟੈਕ ਦੀ ਸ਼ਿਕਾਰ ਹੋਕੇ ਗੁਰਪੁਰੀ ਜਾ ਬਿਰਾਜੀ ਸੀ। ਦੇਖਣ
ਸੁਣਨ ਵਾਲਿਆਂ ਨੂੰ ਬੜੀ ਹੈਰਾਨੀ ਹੋਈ ਸੀ ਕਿ ਕਦੇ ਜਿਸਨੂੰ ਫਲੂਅ ਵੀ ਨਹੀਂ ਸੀ ਹੋਇਆ, ਉਹਨੂੰ ਹਾਰਟ
ਅਟੈਕ! ਚੰਨਣ ਕੌਰ ਦੀਆਂ ਹਾਨਣਾਂ ਮਾਈਆਂ ਜਿਹਨਾਂ ਦੀ ਕੋਈ ਨਾ ਕੋਈ ਚੂਲ ਢਿੱਲੀ ਹੀ ਰਹਿੰਦੀ ਹੈ ਸਗੋਂ
ਉਸਨੂੰ ਛੇੜਦੀਆਂ ਰਹਿੰਦੀਆਂ ਸਨ,
'ਚੰਨਣ ਕੌਰੇ ਤੈਨੂੰ ਕਰਤਾਰ ਸੁੰਹ ਨੇ ਪਤਾ ਨਹੀਂ ਕੀ ਸੰਜੀਵਨੀ ਬੂਟੀ ਖੁਵਾਈ ਏ ਨੀ ਤੂੰ ਤਾਂ ਹਾਲੇ
ਵੀ ਮੁਟਿਆਰ ਪਈ ਆਂ।
'ਨੀ ਸ਼ਰਮ ਕਰੋ, ਬੁੱਢੀਆਂ ਹੋਕੇ ਵੀ ਜਵਾਨ ਰੰਨਾਂ ਆਲੇ ਮਖੌਲ ਕਰਨ ਡਈਆਂ'। 'ਭਾਈ ਗੁਰੂ ਦੇ ਭਾਣੇ 'ਚ
ਰਹਿ ਕੇ ਕਿਸੇ ਦਾ ਬੁਰਾ ਨਾ ਸੋਚੋ ਰੂਹ ਖੁਸ਼ ਰਖੋ, ਬਸ ਇਹੀ ਸੰਜੀਵਨੀ ਆ'। ਮਖੌਲ ਕਰਨ ਵਾਲੀਆਂ
ਬੁੜੀਆਂ ਨੂੰ ਉਹ ਕਹਿੰਦੀ।
ਇਹ ਹੈ ਵੀ ਸੱਚ ਹੀ ਸੀ। ਕਰਤਾਰ ਸਿੰਘ ਅਤੇ ਬੀਬੀ ਚੰਨਣ ਕੌਰ ਭਾਵੇਂ ਸੱਠਵਿਆਂ ਦੇ ਅੱਧ ਜਿਹੇ 'ਚ ਇਸ
ਮੁਲਕ ਵਿਚ ਆ ਗਏ ਸੀ। ਉਹਨਾਂ ਕੰਮ ਵੀ ਬਥੇਰਾ ਕੀਤਾ ਪਰ ਦੋਹਾਂ ਜੀਆਂ ਦਾ ਰਹਿਣ ਸਹਿਣ ਅਤੇ ਜੀਵਨ
ਬਸਰ ਦੇ ਤੌਰ ਤਰੀਕੇ ਅਜਿਹੇ ਸਨ ਕਿ ਉਹਨਾਂ ਨੇ ਇਥੋਂ ਦੀ ਨੱਠ ਭੱਜ ਵਾਲੀ ਜ਼ਿੰਦਗੀ ਨੂੰ ਆਪਣੇ ਆਪ ਤੇ
ਅਤੇ ਆਪਣੇ ਬੱਚਿਆਂ ਤੇ ਕਦੇ ਭਾਰੂ ਨਹੀਂ ਪੈਣ ਦਿਤਾ ਸੀ। ਭਾਵੇਂ ਉਹਨਾਂ ਨੇ ਅੰਮ੍ਰਿਤ ਤਾਂ ਨਹੀਂ ਸੀ
ਛਕਿਆ ਪਰ ਨੇਮ ਨਾਲ ਗੁਰੂਘਰ ਜਾਣਾ ਉਹਨਾਂ ਦੀ ਜ਼ਿੰਦਗੀ ਦਾ ਇਕ ਹਿੱਸਾ ਹੀ ਕਹਿ ਸਕਦੇਂ ਹਾਂ। ਗੁਰਘਰ
ਸੇਵਾ ਕਰਨੀ ਉਹਨਾਂ ਭਾਵੇਂ ਹੱਕ ਅਤੇ ਫਰਜ਼ ਸਮਝਿਆ ਸੀ ਪਰ ਕਿਸੇ ਪ੍ਰਬੰਧਕੀ ਕੰਮ ਵਿਚ ਕਦੇ ਦਖਲ
ਅੰਦਾਜ਼ੀ ਕਰਨੀ ਜਿਵੇਂ ਕਦੇ ਉਹਨਾਂ ਨੇ ਜ਼ਰੂਰੀ ਹੀ ਨਹੀਂ ਸੀ ਸਮਝੀ। ਇਹ ਗੁਰੂਘਰ ਦਾ ਪ੍ਰੇਮ ਹੀ ਸੀ
ਕਿ ਚਾਰ ਕੁ ਸਾਲ ਪਹਿਲਾਂ ਬਾਪੂ ਕਰਤਾਰ ਸਿੰਘ ਦੇ ਪੁੱਤਰ ਹਰਮੀਤ ਨੇ ਦੇਸੀ ਵਸੋਂ ਤੋਂ ਦੂਰ ਗੋਰਿਆਂ
ਦੇ ਇਲਾਕੇ ਵਿਚ ਘਰ ਲੈਣ ਦਾ ਵਿਚਾਰ ਬਾਪੂ ਨੂੰ ਦੱਸਿਆ ਸੀ ਤਾਂ ਬੇਬੇ ਬਾਪੂ ਨੇ ਹਾਮੀ ਨਹੀਂ ਸੀ ਭਰੀ।
ਉਹਨਾ ਦਾ ਵਿਚਾਰ ਸੀ ਕਿ ਬੱਚੇ ਆਪਣੇ ਲੋਕਾਂ ਤੋਂ ਦੂਰ ਰਹਿਕੇ ਆਪਣੇ ਕਲਚਰ ਤੋਂ ਕੋਰੇ ਹੀ ਰਹਿ ਜਾਣਗੇ।
ਉਹਨਾ ਦੇ ਗੁਰੂਘਰ ਦੇ ਪ੍ਰੇਮ ਤੋਂ ਬੇਮੁੱਖ ਹੋਣ ਦੀ ਵੀ ਚਿੰਤਾ ਸੀ ਬੇਬੇ ਬਾਪੂ ਨੂੰ। ਹਰਮੀਤ ਨੂੰ
ਆਪਣਾ ਇਹ ਵਿਚਾਰ ਵਿਚੇ ਹੀ ਛੱਡਣਾ ਪਿਆ ਕਿਉਂਕਿ ਗੁਰਜੋਤ ਦੀ ਵੋਟ ਵੀ ਬੇਬੇ ਬਾਪੂ ਦੇ ਹੱਕ ਵਿਚ
ਭੁਗਤ ਗਈ ਸੀ। ਨੂੰਹ ਨੂੰ ਬੁਜ਼ਰਗ ਸੱਸ ਸੌਹਰੇ ਦੀ ਚਿੰਤਾ ਜੱਚ ਗਈ ਸੀ। ਭਾਵੇਂ ਉਹ ਇਥੇ ਦੀ ਹੀ
ਜੰਮਪਲ ਸੀ ਪਰ ਸੋਚ ਉਸਦੀ ਦੇਸੀ ਸੰਸਕਾਰਾਂ ਵਾਲੀ ਸੀ। ਫਿਰ ਵੀ ਘਰ ਤਾਂ ਉਹਨਾਂ ਨੇ ਬਦਲ ਹੀ ਲਿਆ
ਸੀ, ਕਿਉਂਕਿ ਪਰਿਵਾਰ ਦੀ ਜਰੂਰਤ ਸੀ ਵੱਡੇ 'ਤੇ ਖੁੱਲੇ ਘਰ ਦੀ। ਪਰ ਲਿਆ ਗੁਰਦੁਆਰੇ ਦੇ ਨੇੜੇ।
ਪਹਿਲਾਂ ਜਿਥੇ ਘਰ ਤੋਂ ਬੇਬੇ ਬਾਪੂ ਨੂੰ ਤੁਰਕੇ 10 ਮਿੰਟ ਲਗਦੇ ਸਨ, ਹੁਣ ਤਕਰੀਬਨ 20 ਮਿੰਟ ਲਗਦੇ
ਹੋਣਗੇ ਪਰ ਬੱਸਾਂ ਦੀ ਸਹੂਲਤ ਵੀ ਕਾਫੀ ਸੀ।
ਪਿਛਲੇ ਦੋ ਕੁ ਸਾਲ ਤੋਂ ਬਾਪੂ ਕਰਤਾਰ ਸਿੰਘ ਬੱਚਿਆਂ ਨੂੰ ਗੁਰਦੁਆਰੇ ਵਿਚ ਸ਼ਾਮ ਨੂੰ ਸੰਗੀਤ ਵਿਦਿਆ
ਦੀਆਂ ਕਲਾਸਾਂ ਵਿਚ ਹਫਤੇ ਵਿਚ ਦੋ ਵਾਰ ਅਤੇ ਇਕ ਦਿਨ ਪੰਜਾਬੀ ਸਿਖਾਉਣ ਵਾਲੀ ਕਲਾਸ ਲਈ ਵੀ ਲੈਕੇ
ਜਾਂਦਾ। ਕਰਤਾਰ ਸਿੰਘ ਦਾ ਵਿਚਾਰ ਸੀ ਕਿ ਅਗਰ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਚੰਗੇ ਸੰਗੀਤ ਦੀ
ਚੇਟਕ ਲੱਗ ਜਾਵੇ ਤਾਂ ਉਹ ਵੱਡੇ ਹੋਕੇ ਭੈੜੇ 'ਤੇ ਬੇਸੁਰੇ ਨੰਗੇ ਮਿਊਜ਼ਿਕ ਨੂੰ ਨਹੀਂ ਪਰਵਾਨ ਕਰਨਗੇ।
ਜਿਸ ਤੋਂ ਅੱਜਕਲ੍ਹ ਬਹੁਤੇ ਲੋਕ ਖਾਸ ਪਰੇਸ਼ਾਨ ਹੋਏ ਪਏ ਹਨ। ਟੀਵੀ ਉਤੇ ਇਹਨਾਂ ਬੇਸੁਰਿਆਂ ਨੇ ਲੁੱਚ-ਪੌ
ਦੀ ਹੱਦ ਮੁਕਾਈ ਪਈ ਏ। ਇਸ ਸਾਰੇ ਦਾ ਕਾਰਨ ਕਰਤਾਰ ਸਿੰਘ ਜਾਂ ਉਸ ਵਰਗੇ ਇਹ ਹੀ ਮੰਨਦੇ ਹਨ, ਕਿ ਲੋਕਾਂ
ਨੂੰ ਚੰਗਾ ਸੰਗੀਤ ਸੁਣਨ ਦਾ ਕੰਨ ਰਸ ਹੀ ਨਹੀਂ ਰਿਹਾ, ਜਾਂ ਉਹਨਾਂ ਨੂੰ ਹੁਣ ਪਤਾ ਹੀ ਨਹੀਂ ਕਿ ਚੰਗਾ
ਤੇ ਸੁਰੀਲਾ ਗਾਣਾ ਕੀ ਹੁੰਦਾ ਏ। ਇਸੇ ਲਈ ਉਹ ਬੱਚਿਆਂ ਨੂੰ ਗੁਰਦੁਆਰੇ ਸੰਗੀਤ ਕਲਾਸਾਂ ਵਿਚ ਲੈਕੇ
ਆਉਂਦਾ ਸੀ। ਬੱਚੇ ਪਹਿਲਾਂ ਪਹਿਲਾਂ ਤਾਂ ਆਨਾ ਕਾਨੀ ਜਿਹੇ ਕਰਦੇ ਸੀ, ਪਰ ਹੁਣ ਤਾਂ ਉਹ ਆਪਣੇ ਦਾਦੇ
ਤੋਂ ਵੀ ਪਹਿਲਾਂ ਤਿਆਰ ਹੁੰਦੇ ਸਨ ਮਿਊਜ਼ਿਕ ਕਲਾਸ ਵਿਚ ਜਾਣ ਵਾਸਤੇ। ਕਰਤਾਰ ਸਿੰਘ ਖੁਸ਼ ਸੀ ਕਿ ਉਸਦੇ
ਪਰਿਵਾਰ ਦਾ ਭਵਿੱਖ ਇਸ ਮੁਲਕ ਵਿਚ ਆਪਣੇ ਸੱਭਿਆਚਾਰ ਦੀ ਗੂੜ੍ਹ ਗੁੜ੍ਹਤੀ ਲੈ ਰਿਹਾ ਹੈ। ਉਹ ਤਾਂ ਸਗੋਂ
ਹੋਰ ਲੋਕਾਂ ਨੂੰ ਵੀ ਪ੍ਰੇਰਿਤ ਕਰਦਾ ਸੀ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਗੁਰੂਘਰਾਂ ਵਿਚ ਲਿਆਂਦਾ
ਜਾਵੇ ਕਿਉਂਕਿ ਪ੍ਰਦੇਸ ਵਿਚ ਆਪਣੇ ਬੱਚਿਆਂ ਨੂੰ ਆਪਣੇ ਨਾਲ ਜੋੜਨ ਦਾ ਇਸਤੋਂ ਵਧੀਆ ਪਲੇਟਫਾਰਮ ਕੋਈ
ਹੋਰ ਨਹੀਂ।
ਪਰ ਇਹ ਕੀ ਅੱਜ ਤਾਂ ਬੱਚੇ ਤਿਆਰ ਹੀ ਨਹੀਂ ਹੋਏ! ਹਾਲੇ ਰਾਤੀਂ ਤਾਂ ਚੰਗੇ ਭਲੇ ਸਨ! ਬਿਮਾਰ ਹੋਣ
ਵਾਲੀ ਤਾਂ ਕੋਈ ਗੱਲ ਨਹੀਂ। ਮੌਸਮ ਵੀ ਹੁਣ ਚੰਗਾ ਆ ਗਿਆ ਏ। ਸਗੋਂ ਜੱਸੀ ਤੇ ਗੁਰੀ ਨੇ ਗੁਰਦੁਆਰੇ
ਜਾਣ ਲਈ ਕਦੇ ਠੰਡ ਜਾਂ ਮੀਂਹ ਦੀ ਪਰਵਾਹ ਵੀ ਕਦੇ ਨਹੀਂ ਸੀ ਕੀਤੀ। ਜੇ ਕਿਤੇ ਉਹ ਤੁਰਕੇ ਜਾਣ ਤਾਂ
ਆਪਣੇ ਦਾਦੇ ਤੋਂ ਵੀ ਮੂਹਰੇ ਮੂਹਰੇ ਦੌੜੇ ਜਾਂਦੇ ਹੁੰਦੇ ਨੇ।
'ਗੁਰਜੋਤ ਪੁੱਤਰ ਨਿਆਣੇ ਠੀਕ ਤਾਂ ਹੈਗੇਆ? ਕਰਤਾਰ ਸਿੰਘ ਨੇ ਆਪਣੀ ਨੂੰਹ ਨੂੰ ਪੁੱਛਿਆ ਜੋ ਚਾਹ ਵਾਲਾ
ਖਾਲੀ ਕੱਪ ਚੁੱਕਣ ਆਈ ਸੀ।
'ਡੈਡ ਹੈਗੇ ਤਾਂ ਚੰਗੇ ਭਲੇ ਨੇ ਗੁਰਦੁਆਰੇ ਜਾਣ ਨੂੰ ਨਹੀਂ ਮੰਨਦੇ, ਕਹਿੰਦੇ ਸਾਨੂੰ ਡਰ ਲਗਦਾ'।
ਗੁਰਜੋਤ ਨੇ ਥੋੜਾ ਮੁਸਕਰਾ ਕੇ ਕਿਹਾ।
'ਹੈਂਅ ਗੁਰਦੁਆਰੇ ਜਾਣ ਤੋਂ ਡਰ ਲਗਦਾ'? ਬਾਪੂ ਨੇ ਹੈਰਾਨ ਹੋਕੇ ਪੁੱਛਿਆ।
ਕਰਤਾਰ ਸਿੰਘ 5 ਕੁ ਹਫਤੇ ਇੰਡੀਆ ਰਹਿਕੇ ਹਾਲੇ ਕੱਲ੍ਹ ਤਰਕਾਲੀਂ ਹੀ ਵਾਪਸ ਆਇਆ ਸੀ। ਇਹਨਾਂ ਪੰਜਾਂ
ਹਫਤਿਆਂ 'ਚ ਬੱਚਿਆਂ ਵਿਚ ਐਡਾ ਬਦਲਾਅ!
ਉਸਨੂੰ ਆਪਣੀ ਵਰ੍ਹਿਆਂ ਦੀ ਕੀਤੀ ਮਿਹਨਤ ਖੁਸਦੀ ਜਾਪੀ।
'ਡੈਡ ਤੁਸੀਂ ਇਥੇ ਹੈ ਨਹੀਂ ਸੀ। ਦੋ ਵੀਕਾਂ ਹੋਈਆਂ ਐਤਵਾਰ ਨੂੰ ਅਸੀਂ ਗੁਰਦੁਆਰੇ ਗਏ ਸੀ ਤਾਂ ਉਥੇ
ਦਰਬਾਰ ਸਾਹਿਬ ਵਿਚ ਹੀ ਲੜਾਈ ਹੋ ਪਈ। ਬਸ ਉੱਦਣ ਦੇ ਹੀ ਇਹ ਮੁੜਕੇ ਗੁਰਦੁਆਰੇ ਨਹੀਂ ਗਏ। ਮਿਊਜ਼ਿਕ
ਦੀ ਕਲਾਸ ਲਈ ਵੀ ਨਹੀਂ। ਇਹਨਾਂ ਦੇ ਡੈਡ ਨੇ ਵੀ ਬਥੇਰਾ ਜ਼ੋਰ ਲਾਇਆ ਕਿ ਉਥੇ ਕਿਹੜਾ ਰੋਜ਼ ਲੜਾਈ ਹੁੰਦੀ
ਆ, ਪਰ ਮੰਨਦੇ ਈ ਨਹੀਂ'। ਗੁਰਜੋਤ ਨੇ ਬੱਚਿਆਂ ਦੇ ਇਨਕਾਰ ਦਾ ਰਹੱਸ ਖੋਲਦਿਆਂ ਕਿਹਾ।
'ਗੁਰੀ ਪੁੱਤਰ ਇਧਰ ਆਓ ਮੇਰੇ ਕੋਲ, ਮੇਰਾ ਸ਼ੇਰ'। ਕਰਤਾਰ ਸਿੰਘ ਨੇ ਆਪਣੇ ਪੋਤਰੇ ਨੂੰ ਅਵਾਜ਼ ਮਾਰੀ।
ਗੁਰੀ 'ਤੇ ਜੱਸੀ ਦੋਵੇਂ ਆਪਣੇ ਦਾਦੇ ਦੇ ਕੋਲ ਸੋਫੇ ਉਤੇ ਬਹਿ ਗਏ।
'ਕੀ ਗੱਲ ਬੇਟਾ ਗੁਰਦੁਆਰੇ ਕਿਓਂ ਨਹੀਂ ਜਾਣਾ'?
ਗੁਰਨੂਰ ਦੇ ਮੋਢੇ ਉਤੇ ਹੱਥ ਰੱਖਦਿਆਂ ਕਰਤਾਰ ਸਿੰਘ ਨੇ ਪੁੱਛਿਆ।
'ਦਾਦਾ ਜੀ ਅਸੀਂ ਨਹੀਂ ਜਾਣਾ ਉਥੇ ਫਾਇਟ ਕਰਦੇ ਨੇ'। 'ਮੈਨੂੰ ਡਰ ਲਗਦਾ'। 'ਆਹ ਦੇਖੋ-ਦੇਖੋ ਜੱਸੀ
ਦੇ ਸਿਰ ਵਿਚ ਸੱਟ ਵੀ ਲੱਗੀ ਆ'। ਗੁਰੀ ਨੇ ਆਪਣੀ ਤੋਤਲੀ ਜਿਹੀ ਅਵਾਜ਼ ਵਿਚ ਜੱਸੀ ਦੇ ਸਿਰ ਵੱਲ ਹੱਥ
ਕਰਦਿਆਂ ਕਿਹਾ।
'ਲਿਆ ਮੈਨੂੰ ਦਿਖਾ ਮੇਰਾ ਪੁੱਤ' ਜੱਸੀ ਦਾ ਸਿਰ ਪਲੋਸਦੇ ਹੋਏ ਕਰਤਾਰ ਸਿੰਘ ਨੇ ਜੱਸੀ ਦੇ ਚਿਹਰੇ ਤੇ
ਨਿਗਾਹ ਮਾਰੀ ਤਾਂ ਉਸਦੇ ਮੱਥੇ ਦੇ ਉਤੇ ਸੱਚਮੁੱਚ ਨਿੱਕਾ ਜਿਹਾ ਨਿਸ਼ਾਨ ਹਾਲੇ ਵੀ ਸੀ।
'ਇਥੇ ਕੀ ਲੱਗਾ ਬੇਟਾ'? ਕਰਤਾਰ ਸਿੰਘ ਨੇ ਗੁਰਜੋਤ ਤੋਂ ਪੁੱਛਿਆ ਜੋ ਰਸੋਈ ਵਿਚੋਂ ਵਾਪਸ ਆਕੇ ਉਹਨਾਂ
ਦੇ ਸਾਹਮਣੇ ਹੀ ਸੋਫੇ 'ਤੇ ਬਹਿ ਗਈ ਸੀ।
'ਡੈਡ ਉਸ ਸੰਨਡੇਅ ਉਥੇ ਗੁਰਦੁਆਰੇ ਕੋਈ ਕਾਨਫਰੰਸ ਸੀ। ਇਕ ਬਜ਼ੁਰਗ ਜਿਹਾ ਸਿੰਘ ਸਪੀਚ ਕਰ ਰਿਹਾ ਸੀ।
ਸੰਗਤ ਵਿਚ ਬੈਠੇ ਇਕ ਬੰਦੇ ਨੇ ਆਪਣੀ ਕ੍ਰਿਪਾਨ ਕੱਢ ਕੇ ਲੈਕਚਰ ਕਰਨ ਵਾਲੇ ਦੇ ਮਾਰਨ ਦੀ ਕੋਸ਼ਿਸ਼ ਕੀਤੀ
ਤਾਂ ਹਫੜਾ ਦਫੜੀ ਜਿਹੀ ਮੱਚ ਗਈ। ਸੰਗਤ ਵਿਚ ਬੈਠੇ ਨਿਆਣੇ 'ਤੇ ਤੀਵੀਆਂ ਕਾਹਲੀ ਕਾਹਲੀ ਦਰਬਾਰ
ਸਾਹਿਬ ਵਿਚੋਂ ਨਿਕਲਣ ਲਈ ਇਕ ਦੂਜੇ ਤੋਂ ਮੂਹਰੇ ਭਾਜੜਾਂ ਜਿਹੀਆਂ ਪਾ ਰਹੇ ਸੀ ਜੱਸੀ ਵਿਚਾਰੀ ਦੌੜੀ
ਜਾਂਦੀ ਦਰਵਾਜੇ ਵਿਚ ਲੱਗੀ। ਤਾਂ ਪੈ ਗਿਆ ਇਹ ਨਿਸ਼ਾਨ'।
'ਵਾਹਿਗੁਰੂ ਵਾਹਿਗੁਰੂ, ਹੈਂਅ ਗੱਲ ਇਥੇ ਤੱਕ ਪਹੁੰਚ ਗਈ ਕਿ ਦਰਬਾਰ ਸਾਹਿਬ 'ਚ ਹੀ ਛਿੱਤਰੋ-ਛਿੱਤਰੀ
ਹੋਣ ਲੱਗ ਪਏ'। ਕਰਤਾਰ ਸਿੰਘ ਹੈਰਾਨ ਪਰੇਸ਼ਾਨ ਹੋਇਆ ਪਿਆ ਸੀ।
ਭਾਵੇਂ ਕਰਤਾਰ ਨੂੰ ਪਤਾ ਸੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵਿਚ ਥੋੜ੍ਹੀ
ਬਹੁਤੀ ਤੂੰ-ਤੂੰ ਮੈਂ-ਮੈਂ ਤਾਂ ਹੁੰਦੀ ਹੀ ਰਹਿੰਦੀ ਏ। ਪਰ ਉਹ ਬੇਵਕੂਫ ਗੱਲ ਨੂੰ ਇਥੇ ਤੱਕ ਪਹੁੰਚਾ
ਦੇਣਗੇ, ਉਸਦੇ ਚਿੱਤ ਚੇਤੇ ਵੀ ਨਹੀਂ ਸੀ।
'ਦਾਦਾ ਜੀ ਉਹ ਜਿਹੜਾ ਅੰਕਲ ਆਪਾਂ ਨੂੰ ਕਈ ਵਾਰ ਕਾਰ 'ਚ ਲਿਫਟ ਵੀ ਦਿੰਦਾ ਹੁੰਦਾ। ਉਹਨੇ ਹਨਾਂ ਇਕ
ਬੰਦੇ ਨੂੰ ਨਾਲੇ ਗੰਦੀਆਂ ਗਾਲਾ੍ਹਂ ਵੀ ਕੱਢੀਆਂ ਸੀ ਨਾਲੇ ਉਹਦੀ ਪੱਗ ਵੀ ਲਾਹਤੀ ਸੀ। ਗੁਰੀ ਨੇ
ਲੜਾਈ ਦੀ ਹੋਰ ਵਧੇਰੇ ਜਾਣਕਾਰੀ ਆਪਣੇ ਦਾਦੇ ਨੂੰ ਦੇਣੀ ਜ਼ਰੂਰੀ ਸਮਝੀ ਸੀ।
ਹੈਂਅ ਕੌਣ ਅਵਤਾਰ ਸਿੰਓਂ! ਕਰਤਾਰ ਸਿੰਘ ਨੇ ਹੈਰਾਨ ਹੋਏ ਨੇ ਕਿਹਾ।
ਅਵਤਾਰ ਸਿੰਘ ਹੀ ਉਹਨਾ ਨੂੰ ਅਕਸਰ ਮਿਊਜ਼ਿਕ ਦੀ ਕਲਾਸ ਤੋਂ ਬਾਅਦ ਘਰ ਤੱਕ ਛੱਡ ਦਿੰਦਾ ਹੁੰਦਾ ਸੀ।
ਉਸਦਾ ਮੁੰਡਾ ਵੀ ਗੁਰਦੁਆਰੇ ਕੀਰਤਨ ਸਿੱਖਣ ਜਾਂਦਾ ਸੀ। ਅਵਤਾਰ ਸਿੰਘ ਨੇ 10 ਸਾਲ ਕੁ ਪਹਿਲਾਂ
ਅੰਮ੍ਰਿਤ ਛੱਕ ਲਿਆ ਸੀ। ਉਹ ਕਈ ਵਾਰ ਕਰਤਾਰ ਸਿੰਘ ਨੂੰ ਛੇੜਦਾ ਰਹਿੰਦਾ
'ਤਾਇਆ ਸੇਵਾ ਤਾਂ ਤੂੰ ਗੁਰੂਘਰ ਬਥੇਰੀ ਕਰਦੈਂ, ਹੁਣ ਅੰਮ੍ਰਿਤ ਛੱਕ ਕੇ ਗੁਰੂ ਦੇ ਲੜ ਵੀ ਲੱਗਜਾ
ਬੇਗੁਰਿਆਂ ਦੀ ਅੱਗੇ ਕੋਈ ਬਾਂਹ ਨਹੀਂ ਫੜਦਾ'।
'ਬੰਦੇ ਦੇ ਕੀ ਵੱਸ ਐ, ਆਪੇ ਗੁਰੂ ਜਦੋਂ ਕ੍ਰਿਪਾ ਕਰਦੂ ਤਾਂ ਛੱਕ ਲਵਾਂਗੇ ਭਾਈ ਅਵਤਾਰ ਸਿੰਘ ਜੀ'।
ਅੱਗੋਂ ਕਰਤਾਰ ਸਿੰਘ ਹੱਸ ਕੇ ਕਹਿੰਦਾ
ਤੱਤੇ ਜਿਹੇ ਸੁਭਾਅ ਦਾ ਅਵਤਾਰ ਸਿੰਘ ਕਿਸੇ ਨਾ ਕਿਸੇ ਗੱਲੋਂ ਕਈਆਂ ਨਾਲ ਉਲਝਿਆ ਰਹਿੰਦਾ ਸੀ। ਪਰ
ਕਰਤਾਰ ਸਿੰਘ ਕਿਉਂਕਿ ਕਿਸੇ ਧੜੇ ਦਾ ਕਦੇ ਕੋਈ ਪੱਖ ਹੀ ਨਹੀਂ ਲੈਂਦਾ ਸੀ, ਸੋ ਉਹਦੇ ਨਾਲ ਤਾਂ ਸਾਰੇ
ਹੀ ਹੱਸ ਕੇ ਬੋਲਦੇ ਸਨ।
'ਅੱਛਾ ਇਹਨਾਂ ਕਲਯੁਗੀਆਂ ਨੂੰ ਗੁਰੂ ਦੀ ਹਾਜ਼ਰੀ ਦੀ ਵੀ ਕੋਈ ਸ਼ਰਮ ਨਹੀਂ। ਗੰਦੀਆਂ ਗਾਲਾਂ ਤਾਂ ਕੋਈ
ਘਰ 'ਚ ਬਜ਼ੁਰਗਾਂ ਜਾਂ ਬੱਚਿਆਂ ਦੇ ਸਾਹਮਣੇ ਨਹੀਂ ਕੱਢਦਾ ਇਹ ਤਾਂ ਜਗਦੀ ਜੋਤ ਗੁਰੂ ਜੀ ਦੇ ਸਾਹਮਣੇ
ਹੀ.। ਕਰਤਾਰ ਸਿੰਘ ਨੂੰ ਚੇਤਾ ਆਇਆ ਕਿ ਅਵਤਾਰ ਸਿੰਘ ਕਈ ਵਾਰ ਗੁਰੂ ਘਰ ਦੀ ਮਰਿਆਦਾ ਬਾਰੇ ਕਿੰਨਾਂ
ਲੈਕਚਰ ਦਿੰਦਾ ਹੁੰਦਾ ਏ। ਪਰ ਗੁਰੂ ਦੇ ਸਾਹਮਣੇ ਗਾਲ੍ਹਾਂ ਕੱਢਦੇ ਨੂੰ ਅਤੇ ਕਿਸੇ ਦੀ ਪੱਗ ਲਾਹ ਕੇ
ਗੁਰੂ ਦੇ ਸਾਹਮਣੇ ਕਿਸੇ ਦਾ ਸਿਰ ਨੰਗਾ ਕਰਦੇ ਨੂੰ ਉਸਨੂੰ ਆਪਣੇ ਗੁਰੂ ਦੀ ਹੋਂਦ ਦਾ ਖਿਆਲ ਹੀ ਨਹੀਂ
ਰਿਹਾ।
'ਡੈਡ ਇਹ ਸਾਰਾ ਜੂਤ ਪਤਾਨ ਵਖਰੇ ਵੱਖਰੇ ਧੜਿਆਂ ਵਲੋਂ ਗੁਰਦੁਆਰੇ 'ਤੇ ਆਪਣੀ ਚੌਧਰ ਕਾਇਮ ਰੱਖਣ ਲਈ
ਹੀ ਹੁੰਦਾ, ਬਈ ਮੈਂ ਤਾਂ ਕਹਿੰਦਾ ਕਿ ਹਰੇਕ ਗੁਰਦੁਆਰੇ ਵਿਚ ਭਲਵਾਨਾਂ ਦੇ ਘੁਲਣ ਵਾਲਾ ਅਖਾੜਾ
ਬਣਾਉਣਾ ਚਾਹੀਦਾ। ਉਥੇ ਪ੍ਰਧਾਨਗੀ ਦੇ ਚਾਹਵਾਨ ਸੱਜਣਾ ਨੂੰ ਆਪਸ ਵਿਚ ਘੁਲ੍ਹਾ ਦੇਣਾ ਚਾਹੀਦਾ। ਜਿਹੜਾ
ਜਿੱਤ ਜਾਵੇ ਉਹਨੂੰ ਪ੍ਰਧਾਨ ਬਣਾ ਦਿਓ। ਫਿਰ ਆਹ ਬਾਬੇ ਦੇ ਸਾਹਮਣੇ ਇਕ ਦੂਜੇ ਨੂੰ ਗਾਲ੍ਹਾਂ ਕੱਢ ਕੇ
ਜਾਂ ਇਕ ਦੂਜੇ ਦੀਆਂ ਪੱਗਾਂ ਲਾਹ ਕੇ ਗੁਰੂ ਸਾਹਿਬ ਦੀ ਬੇਅਦਬੀ ਤਾਂ ਨਾ ਕਰਨਗੇ। ਇਸ ਤਰਾਂ ਤਾਂ ਇਹ
ਨਵੀਂ ਜਨਰੇਸ਼ਨ ਦੇ ਦਿਲਾਂ ਵਿਚੋਂ ਧਰਮ ਦਾ ਸਤਿਕਾਰ ਤੇ ਸ਼ਰਧਾ ਘਟਾਈ ਜਾਂਦੇ ਨੇ'। ਹਰਮੀਤ ਨੇ ਕਮਰੇ
'ਚ ਆਕੇ ਸੋਫੇ 'ਤੇ ਬੈਠਦਿਆਂ ਕਿਹਾ।
ਉਹ ਹੁਣੇ ਹੀ ਸੌਂ ਕੇ ਉਠਿਆ ਸੀ। ਵੀਕਐਂਡ ਜੇ ਕੋਈ ਜਰੂਰੀ ਕੰਮ ਨਾ ਹੋਵੇ ਤਾਂ ਉਹ ਦੇਰ ਨਾਲ ਹੀ
ਬਿਸਤਰੇ 'ਚੋਂ ਨਿਕਲਦਾ ਹੁੰਦਾ।
'ਸਤਿਕਾਰ 'ਤੇ ਸ਼ਰਧਾ ਘਟਾਈ ਕੀ ਜਾਂਦੇ ਨੇ ਇਹਨਾਂ ਤਾਂ ਘਟਾ ਈ ਸੁੱਟੀ' ਗੁਰਜੋਤ ਨੇ ਚਾਹ ਦਾ ਕੱਪ
ਹਰਮੀਤ ਨੂੰ ਫੜਾਉਂਦਿਆਂ ਕਿਹਾ।
'ਗੱਲ ਤਾਂ ਤੇਰੀ ਠੀਕ ਈ ਏ ਪੁੱਤ, ਆ ਦੇਖ ਈ ਲਿਆ, ਸਾਡੀ ਵਰ੍ਹਿਆਂ ਦੀ ਮਿਹਨਤ ਸੀ, ਤਾਂਹੀ ਨਿਆਣੇ
ਗੁਰਦੁਆਰੇ ਜਾਣੋ ਕਦੇ ਇਨਕਾਰੀ ਨਹੀਂ ਸੀ ਹੋਏ। ਆਹ ਦੇਖ ਲੈ ਇਹਨਾਂ ਦੀ 'ਕੁੱਕੜ ਖੇਹ' ਨੇ ਬੱਚਿਆਂ
ਦੇ ਮਨ ਕਿਵੇਂ ਮੋੜ ਸੁੱਟੇ ਨੇ। ਮਹਾਰਾਜ ਹੀ ਸੁਮੱਤ ਬਖਸ਼ੂ ਇਹਨਾਂ ਨੂੰ।
'ਡੈਡ ਤੁਹਾਨੂੰ ਹਾਸੇ ਵਾਲੀ ਗੱਲ ਦੱਸਾਂ, ਮੇਰੇ ਨਾਲ ਜਿਹੜਾ ਆਪਣੇ ਪੁਰਾਣੇ ਗੁਆਂਢੀ ਕਰਮ ਸਿੰਘ ਦਾ
ਮੁੰਡਾ ਕੰਮ ਕਰਦਾ ਆ ਨਾ, ਪਰਸੋਂ ਉਹ ਦੱਸਦਾ ਸੀ ਕਿ ਉਸਦੀ ਮੰਮੀ ਪਹਿਲਾਂ ਤਾਂ ਜਦੋਂ ਉਹ ਕਿਤੇ
ਵੀਕਐਂਡ ਨੂੰ ਪੱਬ ਕਲੱਬ ਲਈ ਜਾਂਦਾ ਹੁੰਦਾ ਉਦੋਂ ਟੋਕਾ ਟਾਕੀ ਕਰਦੀ ਰਹਿੰਦੀ ਸੀ, ਕਿ ਦੇਖੀਂ ਪੁੱਤ
ਬਾਹਰ ਪੱਬਾਂ 'ਚ ਲੜਾਈਆਂ ਬਹੁਤ ਹੁੰਦੀਆਂ ਦੇਖੀਂ ਕਿਤੇ ਸਿਰ ਮੂੰਹ ਨਾ ਭੰਨਾ ਕੇ ਆਵੀਂ। 'ਕਹਿੰਦਾ
ਹੁਣ ਤਾਂ ਜਿੱਦਣ ਦੀ ਗੁਰਦੁਆਰੇ ਲੜਾਈ ਹੋਈ ਆ ਮੈਨੂੰ ਉਹ ਸੰਡੇ ਗੁਰਦੁਆਰੇ ਜਾਂਦੇ ਨੂੰ ਵੀ ਕਹਿੰਦੀ
ਆ ਦੇਖੀਂ ਪੁੱਤ ਧਿਆਨ ਨਾਲ ਜਾਈਂ ਗੁਰੂ ਮਹਾਰਾਜ ਰੱਖਿਆ ਕਰੇ ਤੇਰੀ, 'ਸੁਖ ਸਬੀਲੀ ਘਰ ਨੂੰ ਲਿਆਵੇ
ਤੈਨੂੰ'।
ਹਰਮੀਤ ਗੱਲ ਸੁਣਾ ਕੇ ਆਪ ਹੀ ਉੱਚੀ ਉੱਚੀ ਹੱਸਿਆ, ਪਰ ਕਰਤਾਰ ਸਿੰਘ ਸਿਰਫ ਥੋੜ੍ਹਾ ਮੁਸਕਰਾਇਆ। ਉਸਦੀ
ਮੁਸਕੁਰਾਹਟ ਵਿਚ ਚਿੰਤਾ ਤੇ ਗ਼ਮ ਸਾਫ ਝਲਕਦੇ ਸਨ।
'ਡੈਡ ਐਂਵੇਂ ਉਦਾਸ ਨਾ ਹੋਵੋ ਹੋਰ ਟਾਊਨਾਂ ਦੇ ਕਈ ਗੁਰਦੁਆਰਿਆਂ ਵਿਚ ਲੜਾਈਆਂ ਤਾਂ ਅੱਗੇ ਵੀ
ਹੁੰਦੀਆਂ ਨੇ ਆਪਣੇ ਪਹਿਲੀ ਵਾਰ ਹੋਈ ਕਰਕੇ ਹੋਰ ਤਰਾਂ ਅਜੀਬ ਜਿਹਾ ਲੱਗ ਰਿਹਾ। ਹੌਲੀ ਹੌਲੀ ਆਦਤ ਹੋ
ਜਾਵੇਗੀ'। ਹਰਮੀਤ ਨੇ ਟੀਵੀ ਦਾ ਚੈਨਲ ਬਦਲਦਿਆਂ ਕਿਹਾ।
ਕਰਤਾਰ ਸਿੰਘ ਨੂੰ ਉਸਦੇ ਕਹੇ ਦੀ ਸਮਝ ਨਹੀਂ ਸੀ ਲੱਗੀ ਕਿ ਉਹ ਉਸਨੂੰ ਧੀਰਜ ਦੇ ਰਿਹਾ ਸੀ ਜਾਂ
ਵਿਅੰਗ ਕੱਸ ਰਿਹਾ ਸੀ।
**********************